Sunday 9 December 2012

ਬਿਹਾਰੀ ਨੌਜਵਾਨ ਨੇ 14 ਸਾਲਾ ਕੁੜੀ ਭਜਾਈ,

 ਕੀਤਾ ਬਲਾਤਕਾਰ

ਬਿਹਾਰੀ ਨੌਜਵਾਨ ਨੇ 14 ਸਾਲਾ ਕੁੜੀ ਭਜਾਈ, ਕੀਤਾ ਬਲਾਤਕਾਰ (ਵੀਡੀਓ ਵੀ ਦੇਖੋ)
ਮੋਗਾ- ਜ਼ਿਲਾ ਪੁਲਸ ਸੁਪਰਡੈਂਟ ਮੋਗਾ ਸੁਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਬੀਤੀ 6 ਦਸੰਬਰ ਨੂੰ ਮੋਗਾ ਨੇੜੇ ਪਿੰਡ ਸਿੰਘਾਵਾਲਾ ਨਿਵਾਸੀ ਬਲਵਿੰਦਰ ਸਿੰਘ ਦੀ 14 ਸਾਲਾ ਨਾਬਾਲਗ ਲੜਕੀ ਜੋ ਪ੍ਰਵਾਸੀ ਮਜ਼ਦੂਰ ਦੇ ਝਾਂਸੇ 'ਚ ਆ ਕੇ ਘਰੋਂ ਗਈ ਸੀ, ਨੂੰ ਥਾਣਾ ਚੜਿੱਕ ਦੇ ਮੁਖੀ ਇੰਸਪੈਕਟਰ ਦੀਪਕ ਸਿੰਘ ਵਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਬੁਘੀਪੁਰ ਚੌਕ ਮੋਗਾ ਤੋਂ ਬਰਾਮਦ ਕਰ ਲਿਆ ਹੈ  ਜਦੋਂਕਿ ਉਕਤ ਲੜਕੀ ਨੂੰ ਵਰਗਲਾ ਕੇ ਲਿਜਾਣ ਵਾਲਾ ਪ੍ਰਵਾਸੀ ਮਜ਼ਦੂਰ ਅਰਜੁਨ ਭਈਆ ਚੋਰੀ ਕੀਤਾ ਮੋਟਰਸਾਈਕਲ ਛੱਡ ਕੇ ਫਰਾਰ ਹੋਣ 'ਚ ਸਫਲ ਰਿਹਾ ਜਿਸ ਨੂੰ ਪੁਲਸ ਨੇ ਕਬਜ਼ੇ 'ਚ ਲੈ ਲਿਆ ਅਤੇ ਪੁਲਸ ਅਰਜੁਨ ਭਈਆ ਦੀ ਭਾਲ ਕਰ ਰਹੀ ਹੈ।
 ਕੀ ਸੀ ਮਾਮਲਾ
ਮੋਗਾ ਨੇੜੇ ਪਿੰਡ ਸਿੰਘਾਵਾਲਾ ਨਿਵਾਸੀ ਬਲਵਿੰਦਰ ਸਿੰਘ ਦੀ 14 ਸਾਲਾ ਨਾਬਾਲਗ ਲੜਕੀ ਨੂੰ ਉਸ ਦੇ ਘਰ ਨੇੜੇ ਰਹਿੰਦਾ ਪ੍ਰਵਾਸੀ ਮਜ਼ਦੂਰ ਅਰਜੁਨ ਭਈਆ 6 ਦਸੰਬਰ ਦੀ ਸਵੇਰ ਵਰਗਲਾ ਕੇ ਲੈ ਗਿਆ ਸੀ। ਅਰਜੁਨ ਭਈਆ  ਸੁਰਮੁਖ ਸਿੰਘ ਕੋਲ ਪਿਛਲੇ 5-6 ਸਾਲ ਤੋਂ ਕੰਮ ਕਰ ਰਿਹਾ ਸੀ ਅਤੇ ਉਹ ਫਰਾਰ ਹੁੰਦੇ ਸਮੇਂ ਉਸ ਦਾ ਮੋਟਰਸਾਈਕਲ ਵੀ ਚੋਰੀ ਕਰਕੇ ਲੈ ਗਿਆ। ਜਦੋਂ ਪਰਿਵਾਰਕ ਮੈਂਬਰ ਸਵੇਰੇ ਉਠੇ ਤਾਂ ਦੇਖਿਆ ਕਿ ਉਨ੍ਹਾਂ ਦੀ ਲੜਕੀ ਘਰ 'ਚ ਨਹੀਂ ਹੈ। ਉਨ੍ਹਾਂ ਨੇ ਉਸ ਦੀ ਕਾਫੀ ਭਾਲ ਕੀਤੀ ਪਰ ਪਤਾ ਲੱਗਾ ਕਿ ਅਰਜੁਨ ਭਈਆ ਉਸ ਨੂੰ ਵਰਗਲਾ ਕੇ ਲੈ ਗਿਆ ਹੈ। ਇਸ ਉਪਰੰਤ ਬਲਵਿੰਦਰ ਸਿੰਘ ਵਲੋਂ ਥਾਣਾ ਚੜਿੱਕ ਨੂੰ ਸੂਚਿਤ ਕੀਤਾ ਗਿਆ।
ਕਿਵੇਂ ਮਿਲਿਆ ਸੁਰਾਗ
ਜ਼ਿਲਾ ਪੁਲਸ ਸੁਪਰਡੈਂਟ ਮੋਗਾ ਸੁਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਮੈਂ ਉਕਤ ਸਾਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਥਾਣਾ ਚੜਿੱਕ ਦੇ ਮੁਖੀ ਇੰਸਪੈਕਟਰ ਦੀਪਕ ਸਿੰਘ ਨੂੰ ਲੜਕੀ ਦਾ ਪਤਾ ਲਗਾਉਣ ਅਤੇ ਪ੍ਰਵਾਸੀ ਮਜ਼ਦੂਰ ਨੂੰ ਕਾਬੂ ਕਰਨ ਦਾ ਹੁਕਮ ਦਿੱਤਾ। ਇੰਸਪੈਕਟਰ ਦੀਪਕ ਸਿੰਘ ਨੇ ਤਲਾਸ਼ ਸ਼ੁਰੂ ਕੀਤੀ ਤਾਂ ਉਸ ਨੂੰ ਸੁਰਾਗ ਮਿਲਿਆ ਕਿ ਕਥਿਤ ਦੋਸ਼ੀ ਬੁਘੀਪੁਰ ਚੌਕ 'ਚ ਲੜਕੀ ਸਣੇ ਖੜ੍ਹਾ ਹੈ ਅਤੇ ਬੱਸ ਦਾ ਇੰਤਜ਼ਾਰ ਕਰ ਰਿਹਾ ਹੈ, ਜਿਸ 'ਤੇ ਉਨ੍ਹਾਂ ਨੇ ਸਹਾਇਕ ਥਾਣੇਦਾਰ ਜਸਵੀਰ ਸਿੰਘ, ਹਵਲਦਾਰ ਜਗਸੀਰ ਸਿੰਘ, ਹਵਲਦਾਰ ਸੁਖਦੇਵ ਸਿੰਘ ਸਣੇ ਦੱਸੀ ਜਗ੍ਹਾ ਕੋਲ ਪੁੱਜੇ ਤਾਂ ਅਰਜੁਨ ਭਈਆ ਪੁਲਸ ਪਾਰਟੀ ਨੂੰ ਦੇਖ ਫਰਾਰ ਹੋ ਗਿਆ ਅਤੇ ਮੋਟਰਸਾਈਕਲ ਉਥੇ ਹੀ ਛੱਡ ਗਿਆ ਜੋ ਉਸ ਨੇ ਸੁਰਮੁਖ ਸਿੰਘ ਦੇ ਘਰੋਂ ਚੋਰੀ ਕੀਤਾ ਸੀ। ਪੁਲਸ ਪਾਰਟੀ ਨੇ ਲੜਕੀ ਨੂੰ ਬਰਾਮਦ ਕਰਨ ਤੋਂ ਇਲਾਵਾ ਮੋਟਰਸਾਈਕਲ ਕਬਜ਼ੇ 'ਚ ਲੈ ਲਿਆ।
ਇਸ ਸੰਬੰਧ 'ਚ ਜਦੋਂ ਥਾਣਾ ਚੜਿੱਕ ਦੇ ਥਾਣਾ ਮੁਖੀ ਦੀਪਕ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਜ਼ਿਲਾ ਪੁਲਸ ਸੁਪਰਡੈਂਟ ਦੇ ਹੁਕਮਾਂ 'ਤੇ ਹੀ ਲੜਕੀ ਨੂੰ ਤਲਾਸ਼ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ। ਉਨ੍ਹਾਂ ਕਿਹਾ ਕਿ ਲੜਕੀ ਨੇ ਆਪਣੇ ਬਿਆਨ 'ਚ ਦੱਸਿਆ ਕਿ ਉਸ ਨੂੰ ਡਰਾ-ਧਮਕਾ ਕੇ ਉਸ ਨਾਲ ਸ਼ਰੀਰਕ ਸੰਬੰਧ ਬਣਾਏ ਗਏ। ਲੜਕੀ ਦਾ ਮੈਡੀਕਲ ਕਰਾਉਣ ਤੋਂ ਬਾਅਦ ਉਸ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਗਿਆ। ਲੜਕੀ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲੜਕੀ ਉਨ੍ਹਾਂ ਨੂੰ ਮਿਲ ਗਈ ਹੈ ਅਤੇ ਉਹ ਚਾਹੁੰਦੇ ਹਨ ਕਿ ਦੋਸ਼ੀ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ। ਪੁਲਸ ਨੇ ਦੱਸਿਆ ਕਿ ਅਰਜੁਨ ਦੀ ਤਲਾਸ਼ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਸ ਦੇ ਸਾਥੀਆਂ ਤੋਂ ਪੁੱਛਗਿੱਛ ਜਾਰੀ ਹੈ। ਉਮੀਦ ਹੈ ਕਿ ਛੇਤੀ ਹੀ ਉਹ ਕਾਬੂ ਆ ਜਾਏਗਾ।  


ਕੈਨੇਡਾ ਨੇ ਨਾਰਵੇ ਨੂੰ 46-36 ਨਾਲ ਹਰਾਇਆ

ਕੈਨੇਡਾ ਨੇ ਨਾਰਵੇ ਨੂੰ 46-36 ਨਾਲ ਹਰਾਇਆ (ਵੀਡੀਓ ਵੀ ਦੇਖੋ)

ਮਹਿਲਾ ਵਰਗ: ਭਾਰਤ ਨੇ ਕੈਨੇਡਾ ਨੂੰ 62-16 ਅਤੇ ਮਲੇਸ਼ੀਆ ਨੇ ਇੰਗਲੈਂਡ ਨੂੰ 38-29 ਨਾਲ ਹਰਾਇਆ
ਫਾਜ਼ਿਲਕਾ- ਇਥੋਂ ਦੇ ਐਮ. ਆਰ. ਸਰਕਾਰੀ ਕਾਲਜ ਦੇ ਸਟੇਡੀਅਮ ਵਿਖੇ ਅੱਜ 40 ਹਜ਼ਾਰ ਤੋਂ ਦਰਸ਼ਕਾਂ ਦੇ ਸਾਹਮਣੇ ਤੀਸਰੇ ਵਿਸ਼ਵ ਕੱਪ ਕਬੱਡੀ 2012 ਦੇ ਤਿੰਨ ਲੀਗ ਮੈਚ ਖੇਡੇ ਗਏ। ਭਾਰਤੀ ਮਹਿਲਾ ਕਬੱਡੀ ਟੀਮ ਨੇ ਆਪਣੇ ਦੂਜੇ ਲੀਗ ਵਿੱਚ ਮੈਚ ਕੈਨੇਡਾ ਨੂੰ 62-16 ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਨਾਲ ਪੂਲ ‘ਏ’ ਵਿੱਚ ਚੋਟੀ ‘ਤੇ ਰਹਿੰਦਿਆਂ ਸੈਮੀ ਫਾਈਨਲ ਵਿੱਚ ਸ਼ਾਨ ਨਾਲ ਦਾਖਲਾ ਪਾਇਆ। ਇਸ ਪੂਲ ਵਿੱਚ ਕੈਨੇਡਾ ਦੀ ਦੂਜੀ ਹਾਰ ਕਾਰਨ ਡੈਨਮਾਰਕ ਦੀ ਟੀਮ ਵੀ ਸਿੱਧੇ ਤੌਰ ‘ਤੇ ਸੈਮੀ ਫਾਈਨਲ ਵਿੱਚ ਪਹੁੰਚ ਗਈ। ਮਹਿਲਾ ਵਰਗ ਦੇ ਇਕ ਹੋਰ ਮੈਚ ਵਿੱਚ ਮਲੇਸ਼ੀਆ ਨੇ ਇੰਗਲੈਂਡ ਨੂੰ 38-29 ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਨਾਲ ਸੈਮੀ ਫਾਈਨਲ ਦਾ ਦਾਅਵਾ ਮਜ਼ਬੂਤ ਕੀਤਾ ਜਦੋਂ ਕਿ ਪੁਰਸ਼ ਵਰਗ ਦੇ ਖੇਡੇ ਗਏ ਇਕਲੌਤੇ ਮੈਚ ਵਿੱਚ ਕੈਨੇਡਾ ਨੇ ਨਾਰਵੇ ਨੂੰ 46-36 ਨਾਲ ਹਰਾ ਕੇ ਸੈਮੀ ਫਾਈਨਲ ਵੱਲ ਹੋਰ ਕਦਮ ਵਧਾਏ।
ਅੱਜ ਦੇ ਮੁਕਾਬਲਿਆਂ ਦੇ ਮੁੱਖ ਮਹਿਮਾਨ ਵਜੋਂ ਪੁੱਜੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਭਾਰਤ ਤੇ ਕੈਨੇਡ ਦੀਆਂ ਮਹਿਲਾ ਟੀਮਾਂ ਨਾਲ ਜਾਣ ਪਛਾਣ ਕੀਤੀ। ਇਸ ਮੌਕੇ ਕੈਨੇਡਾ ਤੋਂ ਸਾਬਕਾ ਸੰਸਦ ਮੈਂਬਰ ਮਿਸ ਰੂਬੀ ਢੱਲਾ, ਪੰਜਾਬ ਦੇ ਜੰਗਲਾਤ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ, ਸਿੱਖਿਆ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਤੇ ਸੰਸਦ ਮੈਂਬਰ ਸ. ਸ਼ੇਰ ਸਿੰਘ ਘੁਬਾਇਆ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ।

ਮਾਈਨਿੰਗ ਦੇ ਮਾਮਲੇ ‘ਚ ਪ੍ਰਧਾਨ ਮੰਤਰੀ ਦਖਲ ਦੇਵੇ : ਬਾਦਲ

ਮਾਈਨਿੰਗ ਦੇ ਮਾਮਲੇ 'ਚ ਪ੍ਰਧਾਨ ਮੰਤਰੀ ਦਖਲ ਦੇਵੇ : ਬਾਦਲ

ਚੰਡੀਗੜ੍ਹ- ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਨਿੱਜੀ ਦਖਲ ਦੇਣ ਦੀ ਮੰਗ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 95 ਮਾਈਨਿੰਗ ਪ੍ਰਾਜੈਕਟਾਂ ਦੀ ਜਲਦੀ ਦੇਣ ਮਨਜ਼ੂਰੀ ਲਈ ਅੱਜ ਉਨ੍ਹਾਂ ਨੂੰ ਲਟਕ ਰਹੇ ਮੁੱਦਿਆਂ ‘ਤੇ ਕੇਂਦਰੀ ਵਾਤਾਵਰਣ ਮੰਤਰਾਲੇ ਵਲੋਂ ਤੇਜੀ ਨਾਲ ਧਿਆਨ ਦਵਾਉਣ ਦੀ ਮੰਗ ਕੀਤੀ ਹੈ।
ਪ੍ਰਧਾਨ ਮੰਤਰੀ ਨੂੰ ਭੇਜੀ ਇਕ ਚਿੱਠੀ ‘ਚ ਬਾਦਲ ਨੇ ਕਿਹਾ ਕਿ ਵਾਤਾਵਰਣ ਮੰਤਾਰਾਲੇ ਤੋਂ ਮਨਜ਼ੂਰੀ ਨਾ ਮਿਲਣ ਕਾਰਨ ਸੂਬੇ ‘ਚ ਨਾ ਸਿਰਫ ਨਿਰਮਾਣ ਸਮੱਗਰੀ ਦੀ ਭਾਰੀ ਕਮੀ ਪੈਦਾ ਹੋ ਗਈ ਹੈ ਬਲਕਿ ਕਾਨੂੰਨ ਵਿਵਸਥਾ ਦੀ ਸਮੱਸਿਆ ਵੀ ਖੜੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਰੇਤਾ ਅਤੇ ਇੱਟਾਂ ਵਰਗੀ ਨਿਰਮਾਣ ਸਮੱਗਰੀ ਮੁਹੱਈਆ ਕਰਵਾਉਣ ਦੇ ਮਾਮਲੇ ‘ਚ ਔਖੇ ਹਾਲਾਤਾਂ ‘ਚੋਂ ਲੰਘ ਰਿਹਾ ਹੈ ਅਤੇ ਸੂਬੇ ‘ਚ ਹੋ ਰਹੀਆਂ ਉਸਾਰੀਆਂ ਦੀ ਗਤੀਵਿਧੀ ‘ਤੇ ਮਾੜਾ ਅਸਰ ਪੈ ਰਿਹਾ ਹੈ ਅਤੇ ਇਸਦਾ ਕਾਰਨ ਹੈ ਵਾਤਾਵਰਣ ਅਤੇ ਜੰਗਲਾਤ ਮੰਤਰਾਲੇ ‘ਚ ਮਾਮਲੇ ਲਟਕੇ ਰਹਿਣਾ। ਸਰਕਾਰੀ ਚਿੱਠੀ ਲਿਖਦੇ ਹੋਏ ਮੁੱਖ ਮੰਤਰੀ ਨੇ ਅਪੀਲ ਕੀਤੀ ਹੈ ਕਿ ਵਾਤਾਵਰਣ ਮੰਤਰਾਲੇ ਦੀ ਮੁਲਾਕਣ ਕਮੇਟੀ ਵਲੋਂ 95 ਮਾਈਨਿੰਗ ਪ੍ਰਾਜੈਕਟਾਂ ਦੀ ਲੜੀ-ਏ ਤਹਿਤ ਵਾਤਾਵਰਣ ਸੰਬੰਧੀ ਮਨਜ਼ੂਰੀ ਦੇਣ ਦੇ ਮਾਮਲੇ ‘ਤੇ ਵਿਚਾਰ ਕੀਤਾ ਜਾਵੇ। ਸੂਬਾ ਸਰਕਾਰ ਨੇ ਇਸ ਸਾਲ ਜੂਨ ‘ਚ ਇਸਦੇ ਸੰਬੰਧ ‘ਚ ਬਿੱਲ ਭੇਜਿਆ ਸੀ।
ਇਸ ਦੌਰਾਨ ਮੁੱਖ ਮੰਤਰੀ ਨੇ ਕੇਂਦਰੀ ਵਾਤਾਵਰਣ ਮੰਤਰੀ ਜੈਅੰਥੀ ਨਟਰਾਜਨ ਨੂੰ ਵੀ ਚਿੱਠੀ ਲਿਖੀ ਹੈ ਅਤੇ 3 ਦਸੰਬਰ ਨੂੰ ਮੁਲਾਕਾਤ ਦੇ ਦੌਰਾਨ ਉਨ੍ਹਾਂ ਵਲੋਂ ਦਿੱਤੇ ਗਏ ਭਰੌਸੇ ਦਾ ਮੁੱਦਾ ਉਠਾਇਆ ਹੈ। ਨਟਰਾਜਨ ਨੇ ਮੁਲਾਕਾਤ ਦੌਰਾਨ ਪ੍ਰਾਜੈਕਟਾਂ ਨੂੰ ਵਾਤਾਵਰਣ ਸੰਬੰਧੀ ਮਨਜ਼ੂਰੀ ‘ਤੇ ਤੁਰੰਤ ਕਾਰਵਾਈ ਦਾ ਭਰੌਸਾ ਦਿੱਤਾ ਸੀ।

90 ਫੀਸਦੀ ਭਾਰਤੀ ਮੂਰਖ ਹਨ : ਕਾਟਜੂ

90 ਫੀਸਦੀ ਭਾਰਤੀ ਮੂਰਖ  ਹਨ : ਕਾਟਜੂ

ਨਵੀਂ ਦਿੱਲੀ- ਭਾਰਤੀ ਪ੍ਰੈਸ ਪਰਿਸ਼ਦ ਦੇ ਮੁਖੀ ਜਸਟਿਸ ਮਾਰਕੰਡੇ ਕਾਟਜੂ ਨੇ ਕਿਹਾ ਹੈ ਕਿ 90 ਫੀਸਦੀ ਭਾਰਤੀ ਬੇਫਕੁਫ ਹੁੰਦੇ ਹਨ ਜੋ ਧਰਮ ਦੇ ਨਾਮ ‘ਤੇ ਆਸਾਨੀ ਨਾਲ ਮੂਰਖ ਬਣ ਜਾਂਦੇ ਹਨ। ਸੂਤਰਾਂ ਦੇ ਮੁਤਾਬਕ ਜਸਟਿਸ ਕਾਟਜੂ ਨੇ ਇਕ ਸੈਮੀਨਾਰ ਦੌਰਾਨ ਕਿਹਾ ਕਿ 90 ਫੀਸਦੀ ਭਾਰਤੀ ਬੇਵਕੂਫ ਹੁੰਦੇ ਹਨ ਅਤੇ ਉਨ੍ਹਾਂ ਦੇ ਸਿਰ ‘ਚ ਦਿਮਾਗ ਨਹੀਂ ਹੁੰਦਾ।
ਜਸਟਿਸ ਕਾਟਜੂ ਨੇ ਕਿਹਾ ਕਿ ਸਿਰਫ 2 ਹਜ਼ਾਰ ਰੁਪਏ ਦੇ ਕੇ ਦਿੱਲੀ ‘ਚ ਸੰਪਰਦਾਇਕ ਦੰਗੇ ਭੜਕਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਦੰਗੇ ਭੜਕਾਉਣ ਦੇ ਲਈ ਕਿਸੇ ਧਾਰਮਿਕ ਸਥਾਨ ‘ਤੇ ਛੋਟੀ ਜਿਹੀ ਸ਼ਰਾਰਤ ਦੀ ਜ਼ਰੂਰਤ ਹੁੰਦੀ ਹੈ, ਉਸਦੇ ਬਾਅਦ ਲੋਕ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਲੋਕ ਅਜਿਹੀਆਂ ਗੱਲਾਂ ਨੂੰ ਲੈ ਕੇ ਆਪਸ ‘ਚ ਲੜਨਾ ਸ਼ੁਰੂ ਕਰ ਦਿੰਦੇ ਹਨ ਪਰ ਉਹ ਇਹ ਨਹੀਂ ਸੋਚਦੇ ਕਿ ਪਿੱਛੇ ਮੁੱਦਾ ਕੀ ਹੈ।
ਉਨ੍ਹਾਂ ਕਿਹਾ ਕਿ 1857 ਤੋਂ ਪਹਿਲਾਂ ਦੇਸ਼ ‘ਚ ਸੰਪਰਦਾਇਕਤਾ ਨਹੀਂ ਸੀ ਪਰ ਹੁਣ ਹਾਲਾਤ ਹੋਰ ਹਨ ਅਤੇ 80 ਫੀਸਦੀ ਹਿੰਦੂ ਅਤੇ ਮੁਸਲਮਾਨ ਸੰਪਰਦਾਇਕ ਹਨ। ਕਾਟਜੂ ਨੇ ਇਹ ਵੀ ਕਿਹਾ ਕਿ ਪਿਛਲੇ 150 ਸਾਲਾਂ ਤੋਂ ਭਾਰਤੀ ਅੱਗੇ ਵਧਣ ਦੀ ਬਜਾਇ ਪਿੱਛੇ ਹੋਇਆ ਹੈ ਕਿਉਂਕਿ ਅੰਗਰੇਜਾਂ ਨੇ ਲਗਾਤਾਰ ਸੰਪਰਦਾਇਕਤਾ ਦਾ ਜ਼ਹਿਰ ਘੋਲਿਆ ਹੈ। ਉਨ੍ਹਾਂ ਕਿਹਾ ਕਿ ਅੰਗਰੇਜਾਂ ਦੀ ਨੀਤੀ ਸਾਫ ਸੀ ਕਿ ਭਾਰਤ ‘ਚ ਰਾਜ ਕਰਨ ਦਾ ਇਕੋ-ਇਕ ਰਸਕਾ ਹੈ ਕਿ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਆਪਸ ‘ਚ ਲੜਾਇਆ ਜਾਵੇ।
ਜਸਟਿਸ ਕਾਟਜੂ ਨੇ ਕਿਹਾ ਕਿ ਉਹ ਇਲ ਗੱਲਾਂ ਇਸ ਲਈ ਕਹਿ ਰਹੇ ਹਨ ਤਾਂ ਕਿ ਲੋਕਾਂ ਨੂੰ ਸੰਪਰਦਾਇਕਤਾ ਬਾਰੇ ਪਤਾ ਲੱਗ ਸਕੇ ਅਤੇ ਉਹ ਇਹ ਮੂਰਖਤਾ ਨਾ ਕਰਨ।

ਮਨਮੋਹਨ ਨੇ ਮੋਦੀ ਨੂੰ ਪੁੱਛਿਆ- ਗੁਜਰਾਤ 18ਵੇਂ ਨੰਬਰ ‘ਤੇ ਕਿਉਂ?

ਮਨਮੋਹਨ ਨੇ ਮੋਦੀ ਨੂੰ ਪੁੱਛਿਆ- ਗੁਜਰਾਤ 18ਵੇਂ ਨੰਬਰ 'ਤੇ ਕਿਉਂ?

ਅਹਿਮਦਾਬਾਦ- ਗੁਜਰਾਤ ‘ਚ ਇਕ ਚੋਣ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਮਨਮੋਹਨ ਸਿੰਘ ਨੇ ਨਰਿੰਦਰ ਮੋਦੀ ‘ਤੇ ਜੰਮ ਕੇ ਨਿਸ਼ਾਨੇ ਲਗਾਏ। ਹੁਣ ਤੱਕ ਕਾਂਗਰਸ ਸੰਪਰਦਾਇਕਤਾ’ਤੇ ਬੋਲਣ ਤੋਂ ਪਰਹੇਜ਼ ਕਰ ਰਹੀ ਸੀ ਪਰ ਪ੍ਰਧਾਨ ਮੰਤਰੀ ਨੇ ਇਸ ਚੁੱਪੀ ਨੂੰ ਤੋੜਦੇ ਹੋਏ ਕਿਹਾ ਕਿ ਵਿਰੋਧੀ ਸਮਾਜ ਨੂੰ ਵੰਡਣ ਵਾਲੀ ਰਾਜਨੀਤੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਘੱਟ ਗਿਣਤੀ ਖੁਦ ਨੂੰ ਪ੍ਰਦੇਸ਼ ‘ਚ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਗੁਜਰਾਤ ਦੇ ਵਾਸੰਦਾ ‘ਚ ਮਨਮੋਹਨ ਸਿੰਘ ਨੇ ਕਿਹਾ ਕਿ ਭਾਜਪਾ ਪ੍ਰਦੇਸ਼ ‘ਚ ਵਿਕਾਸ ਦੀ ਗੱਲ ਕਰਦੀ ਹੈ ਪਰ ਵਿਕਾਸ ਦਾ ਫਾਇਦਾ ਕਿਸ ਨੂੰ ਮਿਲ ਰਿਹਾ ਹੈ। ਜੇਕਰ ਵਿਕਾਸ ਦਾ ਫਾਇਦਾ ਹਰ ਸਮੁਦਾਏ ਨੂੰ ਨਹੀਂ ਮਿਲ ਰਿਹਾ ਤਾਂ ਅਜਿਹੇ ਵਿਕਾਸ ਦਾ ਕੀ ਮਤਲਬ? ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਾਸ ਦਾ ਹਿੱਸਾ ਘੱਟ ਗਿਣਤੀਆਂ, ਅਨੁਸੂਚਿਤ ਜਾਤੀਆਂ ਅਤੇ ਆਦੀਵਾਸੀਆਂ ਨੂੰ ਨਹੀਂ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਦੇਸ਼ ਦੇ ਆਦੀਵਾਸੀ ਅੱਜ ਵੀ ਸਮਾਜ ਦੀ ਮੁੱਖ ਧਾਰਾ ਤੋਂ ਬਾਹਰ ਹਨ।
ਮਨਮੋਹਨ ਸਿੰਘ ਨੇ ਪੁੱਛਿਆ ਕਿ ਜੇਕਰ ਪ੍ਰਦੇਸ਼ ‘ਚ ਵਿਕਾਸ ਹੋਇਆ ਹੈ ਤਾਂ ਲੋਕਾਂ ਨੂੰ ਪੀਣ ਲਈ ਪਾਣੀ ਕਿਉਂ ਨਹੀਂ ਮਿਲ ਰਿਹਾ ਹੈ। ਪ੍ਰਦੇਸ਼ ਦੇ ਕਈ ਖੇਤਰਾਂ ‘ਚ ਪੀਣ ਵਾਲੇ ਪਾਣੀ ਦੀ ਕਮੀ ਹੈ। ਮਨੁੱਖੀ ਵਿਕਾਸ ਸੂਚਕਾਂਕ ‘ਚ ਗੁਜਰਾਤ 18ਵੇਂ ਨੰਬਰ ‘ਤੇ ਕਿਉਂ ਹੈ? ਪ੍ਰਦੇਸ਼ ਦੀਆਂ 51 ਫੀਸਦੀ ਮਹਿਲਾਵਾਂ  ਭੁੱਖਮਰੀ ‘ਚ ਕਿਉਂ ਹਨ। ਬੱਚਿਆਂ ‘ਚ ਭੁੱਖਮਰੀ ਦੀ ਸਮੱਸਿਆ ਵੀ ਗੰਭੀਰ ਹੈ। ਪ੍ਰਦੇਸ਼ ਸਰਕਾਰ ਇਨ੍ਹਾਂ ਸਮੱਸਿਆਵਾਂ ‘ਤੇ ਕਿਉਂ ਨਹੀਂ ਧਿਆਨ ਦਿੰਦੀ। ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਫਾਇਦਾ ਪ੍ਰਦੇਸ਼ ‘ਚ ਲੋੜਵੰਦ ਲੋਕਾਂ ਨੂੰ ਨਹੀਂ ਮਿਲ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਲਤ ਇਹ ਹਨ ਕਿ ਕੇਂਦਰ ਸਰਕਾਰ ਵਲੋਂਦਿੱਤੀ ਗਈ ਰਕਮ ਪ੍ਰਦੇਸ਼ ਸਰਕਾਰ ਵਿਕਾਸ ਦੀਆਂ ਯੋਜਨਾਵਾਂ ‘ਤੇ ਖਰਚ ਨਹੀਂ ਕਰ ਪਾ ਰਹੀ ਹੈ।
ਮਨਮੋਹਨ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਤੁਸੀਂ ਸਮਾਜ ਨੂੰ ਵੰਡਣ ਵਾਲੀਆਂ ਪਾਰਟੀਆਂ ਨੂੰ ਵੋਟ ਨਾ ਦਿਓ। ਕਾਂਗਰਸ ਨੂੰ ਸੱਤਾ ‘ਚ ਲਿਆਓਗੇ ਤਾਂ ਉਹ ਸਾਰੇ ਲੋਕਾਂ ਲਈ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਗਾਂਧੀ, ਜਵਾਹਰ ਲਾਲ ਨਹਿਰੂ, ਸਰਦਾਰ ਪਟੇਲ ਅਤੇ ਇੰਦਰਾ ਗਾਂਧੀ ਜਿਹੇ ਮਹਾਨ ਨੇਤਾਵਾਂ ਦੀ ਪਾਰਟੀ ਰਹੀ ਹੈ। ਕਾਂਗਰਸ ਦੇਸ਼ ਨੂੰ ਵੰਡਣ ਵਾਲੀ ਰਾਜਨੀਤੀ ਨਹੀਂ ਕਰਦੀ। ਵਿਰੋਧੀ ਦੇਸ਼ ਨੂੰ ਵੰਡਣ ਵਾਲੀ ਰਾਜਨੀਤੀ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਪੁੱਛਿਆ ਕਿ ਕੀ ਵਿਰੋਧੀਆਂ ਦੀ ਰਾਜਨੀਤੀ ਨਾਲ ਦੇਸ਼ ਇਕਜੁੱਟ ਰਹੇਗਾ?

ਕਪਤਾਨੀ ਛੱਡਣ ਦਾ ਸਵਾਲ ਹੀ ਨਹੀਂ : ਧੋਨੀ

ਕਪਤਾਨੀ ਛੱਡਣ ਦਾ ਸਵਾਲ ਹੀ ਨਹੀਂ : ਧੋਨੀ

ਕੋਲਕਾਤਾ- ਇੰਗਲੈਂਡ ਦੇ ਵਿਰੁੱਧ ਘਰੇਲੂ ਜ਼ਮੀਨ ‘ਤੇ ਲਗਾਤਾਰ ਦੂਜੀ ਹਾਰ ਤੋਂ ਬਾਅਦ ਆਲੋਚਕਾਂ ਦੇ ਨਿਸ਼ਾਨੇ ‘ਤੇ ਆਏ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਕਿਹਾ ਕਿ ਇਸ ਸਮੇਂ ਟੀਮ ਦੀ ਕਪਤਾਨੀ ਛੱਡਣਾ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਧੋਨੀ ਨੇ ਕਿਹਾ ਕਿ, ”ਇਸ ਸਮੇਂ ਮੇਰੇ ਲਈ ਸਭ ਤੋਂ ਆਸਾਨ ਚੀਜ਼ ਇਹ ਹੈ ਕਿ ਮੈਂ ਕਪਤਾਨੀ ਛੱਡ ਦੇਵਾਂ ਪਰ ਜੇਕਰ ਮੈਂ ਕਪਤਾਨੀ ਛੱਡਦਾ ਹਾਂ ਤਾਂ ਇਹ ਮੇਰੇ ਲਈ ਜ਼ਿੰਮੇਵਾਰੀਆਂ ਤੋਂ ਭੱਜਣਾ ਹੋਵੇਗਾ। ਇਸ ਲਈ ਅਜੇ ਕਪਤਾਨੀ ਛੱਡਣਾ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਪਰ ਕਪਤਾਨੀ ਨੂੰ ਲੈ ਕੇ ਆਖਰੀ ਫੈਸਲਾ ਬੀ. ਸੀ. ਸੀ. ਆਈ. ਨੇ ਕਰਨਾ ਹੈ। ਘਰੇਲੂ ਜ਼ਮੀਨ ‘ਤੇ ਇੰਗਲੈਂਡ ਹੱਥੋਂ ਟੈਸਟ ਲੜੀ ‘ਚ ਲਗਾਤਾਰ ਦੂਜੀ ਹਾਰ ਤੋਂ ਬਾਅਦ ਧੋਨੀ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਵਿਰੋਧੀ ਟੀਮ ਦੇ ਗੇਂਦਬਾਜ਼ਾਂ ਦੇ ਸਾਹਮਣੇ ਵੱਡਾ ਸਕੋਰ ਨਹੀਂ ਬਣਾਇਆ, ਜਿਸ ਦੇ ਕਾਰਨ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਧੋਨੀ ਨੇ ਕਿਹਾ, ”ਸਾਡੇ ਬੱਲੇਬਾਜ਼ਾਂ ਨੂੰ ਵੱਡਾ ਸਕੋਰ ਬਣਾਉਣਾ ਚਾਹੀਦਾ ਸੀ ਤਾਂ ਕਿ ਅਸੀਂ ਆਪਣੇ ਗੇਂਦਬਾਜ਼ਾਂ ਨੂੰ ਬਚਾਅ ਕਰਨ ਯੋਗ ਸਕੋਰ ਦੇ ਸਕੀਏ। ਅਸੀਂ ਲਗਾਤਾਰ 300 ਦਾ ਸਕੋਰ ਨਹੀਂ ਬਣਾਇਆ। ਇਸ ਵਿਕਟ ‘ਤੇ ਸਾਨੂੰ 450 ਤੋਂ ਵੱਧ ਦਾ ਸਕੋਰ ਬਣਾਉਣਾ ਚਾਹੀਦਾ ਸੀ” ਧੋਨੀ ਨੇ ਕਿਹਾ ਕਿ ਦੂਜੀ ਪਾਰੀ ‘ਚ ਸਾਡੇ ਬੱਲੇਬਾਜ਼ਾਂ ਨੇ ਵਧੀਆ ਸ਼ੁਰੂਆਤ ਕੀਤੀ ਸੀ ਪਰ ਇਸ ਤੋਂ ਬਾਅਦ ਉਹ ਵੱਡਾ ਸਕੋਰ ਨਹੀਂ ਬਣਾ ਸਕੇ। ਸਾਡੀ ਟੀਮ ਲਗਾਤਾਰ ਡਿੱਗਦੀ ਗਈ ਅਤੇ ਅਸੀਂ ਉਸ ਨੂੰ ਰੋਕ ਨਹੀਂ ਸਕੇ। ਲੜੀ ‘ਚ 1-2 ਨਾਲ ਪਿਛੜ ਚੁੱਕੀ ਭਾਰਤੀ ਟੀਮ ਦੇ ਕਪਤਾਨ ਨੇ ਹਾਲਾਂਕਿ ਚੌਥੇ ਅਤੇ ਆਖਰੀ ਟੈਸਟ ਮੈਚ ‘ਚ ਜਿੱਤ ਦਾ ਭਰੋਸਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਨਾਗਪੁਰ ਟੈਸਟ ‘ਚ ਸਾਡੇ ਕੋਲ ਲੜੀ ਡਰਾਅ ਕਰਨ ਦਾ ਮੌਕਾ ਹੈ। ਆਖਰੀ ਟੈਸਟ ਮੈਚ ਲਈ ਹੁਣ ਸਾਰਿਆਂ ਨੂੰ ਕਮਰ ਕੱਸਣੀ ਹੋਵੇਗੀ। ਟੀਮ ਦੇ ਬੱਲੇਬਾਜ਼ਾਂ ਤੋਂ ਲੈ ਕੇ ਗੇਂਦਬਾਜ਼ਾਂ ਨੂੰ ਬਿਹਤਰੀਨ ਪ੍ਰਦਰਸ਼ਨ ਕਰਨਾ ਹੋਵੇਗਾ।
ਧੋਨੀ ਨੇ ਇੰਗਲੈਂਡ ਦੇ ਖਿਡਾਰੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ, ”ਇੰਗਲਿਸ਼ ਖਿਡਾਰੀਆਂ ਦਾ ਪ੍ਰਦਰਸ਼ਨ ਬਿਹਤਰੀਨ ਸੀ। ਉਨ੍ਹਾਂ ਨੇ ਸਹੀ ਦਿਸ਼ਾ ‘ਚ ਗੇਂਦਬਾਜ਼ੀ ਕੀਤੀ ਅਤੇ ਉਨ੍ਹਾਂ ਦੀ ਫੀਲਡਿੰਗ ਵੀ ਕਮਾਲ ਦੀ ਸੀ। ਉਨ੍ਹਾਂ ਨੇ ਵਧੀਆ ਖੇਡਿਆ ਪਰ ਸਾਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਸੀ, ਜਿਸ ‘ਚ ਅਸੀਂ ਨਾਕਾਮ ਰਹੇ।”

ਏ. ਐੱਸ. ਆਈ. ਦੇ ਪਰਿਵਾਰ ਨੂੰ ਹੌਂਸਲਾ ਦੇਣ ਪਹੁੰਚੇ ਬਾਦਲਏ. ਐੱਸ. ਆਈ. ਦੇ ਪਰਿਵਾਰ ਨੂੰ ਹੌਂਸਲਾ ਦੇਣ ਪਹੁੰਚੇ ਬਾਦਲ (ਵੀਡੀਓ ਦੇਖੋ)

ਅੰਮ੍ਰਿਤਸਰ—ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਮ੍ਰਿਤਕ ਏ. ਐੱਸ. ਆਈ. ਰਵਿੰਦਰ ਪਾਲ ਦੇ ਪਰਿਵਾਰ ਵਾਲਿਆਂ ਨਾਲ ਦੁੱਖ ਸਾਂਝਾ ਕਰਨ ਲਈ ਉਨ੍ਹਾਂ ਦੇ ਘਰ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਇਸ ਪਰਿਵਾਰ ਨੂੰ ਹਰ ਸੰਭਵ ਮਦਦ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਇਕ ਦੁਖਦਾਈ ਘਟਨਾ ਹੈ ਅਤੇ ਉਨ੍ਹਾਂ ਨੂੰ ਵੀ ਇਸ ਘਟਨਾ ਦੇ ਵਾਪਰਨ ਦਾ ਪਰਿਵਾਰ ਵਾਲਿਆਂ ਜਿੰਨਾ ਹੀ ਦੁੱਖ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮ੍ਰਿਤਕ ਦੇ ਪਰਿਵਾਰ ਨਾਲ ਪੂਰੀ ਹਮਦਰਦੀ ਹੈ ਅਤੇ ਉਹ ਇਸ ਪਰਿਵਾਰ ਦੀ ਰੱਖਿਆ ਕਰਨਗੇ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਲੋਕ ਇਸ ਘਟਨਾ ਨੂੰ ਰਾਜਨੀਤਿਕ ਮਾਮਲਾ ਨਾ ਬਣਾਉਣ। ਸ਼੍ਰੀ ਬਾਦਲ ਨੇ ਕਿਹਾ ਕਿ ਇਸ ਘਟਨਾ ਦੇ ਦੋਸ਼ੀਆਂ ਦੀ ਪੁਲਸ ਜਾਂਚ ਕਰ ਰਹੀ ਹੈ ਅਤੇ ਇਸ ਦੇ ਨਾਲ ਇਸ ਦੀ ਵੀ ਜਾਂਚ ਕੀਤੀ ਜਾਵੇਗੀ ਕਿ ਦੋਸ਼ੀ ਕੋਲ ਹਥਿਆਰ ਦਾ ਲਾਈਸੈਂਸ ਕਿਵੇਂ ਆਇਆ। ਬਾਦਲ ਨੇ ਦੱਸਿਆ ਕਿ ਰਾਜਨੀਤੀ ‘ਚ ਇਸ ਘਟਨਾ ਦੇ ਦੋਸ਼ੀ ਨੂੰ ਕੋਈ ਨਹੀਂ ਜਾਣਦਾ ਕਿਉਂਕਿ ਉਹ ਪਾਰਟੀ ‘ਚ ਅਜੇ ਨਵਾਂ ਹੀ ਆਇਆ ਸੀ। ਸ਼੍ਰੀ ਬਾਦਲ ਦੇ ਇੱਥੇ ਪਹੁੰਚਣ ‘ਤੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਸਮਾਜ ‘ਚ ਕੁੜੀਆਂ ਦੀ ਸੁਰੱਖਿਆ ਸੰਬੰਧੀ ਕਈ ਸਵਾਲ ਵੀ ਕੀਤੇ।
ਇਸ ਮਾਮਲੇ ‘ਚ ਇਲਾਕੇ ਦੇ ਲੋਕਾਂ ‘ਚ ਵੀ ਗੁੱਸਾ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਨੂੰ ਚਾਹੀਦਾ ਹੈ ਕਿ ਉਹ ਜਿਸ ਵਿਅਕਤੀ ਨੂੰ ਵੀ ਪਾਰਟੀ ‘ਚ ਸ਼ਾਮਲ ਕਰਦੀ ਹੈ, ਪਹਿਲਾਂ ਉਸ ਦੀ ਚੰਗੀ ਤਰ੍ਹਾਂ ਜਾਂਚ-ਪੜਤਾਲ ਕਰੇ। ਜ਼ਿਕਰਯੋਗ ਹੈ ਕਿ ਅਕਾਲੀ ਨੇਤਾ ਰਾਣਾ ਨੇ  ਏ. ਐੱਸ. ਆਈ. ਰਵਿੰਦਰ ਪਾਲ ਦੀ ਬਜ਼ਾਰ ‘ਚ ਸ਼ਰੇਆਮ ਗੋਲੀਆਂ ਚਲਾ ਕੇ ਹੱਤਿਆ ਕਰ ਦਿੱਤੀ ਸੀ, ਜਿਸ ਕਾਰਨ ਪੂਰੇ ਇਲਾਕੇ ‘ਚ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ।

ਸੋਨੀਆ ਗਾਂਧੀ 66 ਸਾਲ ਦੀ ਹੋਈ

ਸੋਨੀਆ ਗਾਂਧੀ 66 ਸਾਲ ਦੀ ਹੋਈ

ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਐਤਵਾਰ ਨੂੰ 66 ਸਾਲ ਦੀ ਹੋ ਗਈ। ਉਨ੍ਹਾਂ ਨੂੰ ਵਧਾਈ ਦੇਣ ਲਈ ਵੱਡੀ ਗਿਣਤੀ ‘ਚ ਪਾਰਟੀ ਦੇ ਸਮਰਥਕ ਉਨ੍ਹਾਂ ਦੇ ਅਧਿਕਾਰਤ ਘਰ 10 ਜਨਪਥ ਦੇ ਬਾਹਰ ਜਮ੍ਹਾ ਹੋ ਗਏ। ਢੋਲ ਵਜਾ ਕੇ ਅਤੇ ਪਟਾਖੇ ਛੱਡ ਕੇ ਕਾਂਗਰਸ ਵਰਕਰਾਂ ਨੇ ਇਸ ਮੌਕੇ ‘ਤੇ ਮਿਠਾਈਆਂ ਵੰਡੀਆਂ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਨਾਲ-ਨਾਲ ਕੇਂਦਰੀ ਮੰਤਰੀਆਂ ਅਤੇ ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਸੋਨੀਆ ਗਾਂਧੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਕਾਂਗਰਸ ਕਾਰਜਕਾਰੀ ਕਮੇਟੀ ਦੇ ਮੈਂਬਰਾਂ ਅਤੇ ਸੁਸ਼ੀਲ ਕੁਮਾਰ ਸ਼ਿੰਦੇ, ਬੇਨੀ ਪ੍ਰਸਾਦ ਵਰਮਾ, ਗੁਲਾਮ ਨਬੀ ਆਜ਼ਾਦ, ਕਪਿਲ ਸਿੱਬਲ, ਜਨਾਰਦਨ ਦਿਵੇਦੀ ਅਤੇ ਮੋਤੀਲਾਲ ਵੋਰਾ ਸਣੇ ਕੇਂਦਰੀ ਨੇਤਾ ਸੋਨੀਆ ਗਾਂਧੀ ਨੂੰ ਵਧਾਈ ਦੇਣ ਲਈ ਸ਼ਨੀਵਾਰ ਸ਼ਾਮ ਉਨ੍ਹਾਂ ਦੇ ਘਰ ਗਏ। ਸੂਤਰਾਂ ਨੇ ਦੱਸਿਆ ਕਿ ਸੋਨੀਆ ਗਾਂਧੀ ਦੇ ਐਤਵਾਰ ਨੂੰ ਕੁਝ ਰੁਝੇਵੇਂ ਹਨ, ਇਸ ਕਾਰਨ ਉਨ੍ਹਾਂ ਨੇ ਸ਼ਨੀਵਾਰ ਹੀ ਉਨ੍ਹਾਂ ਨੇਤਾਵਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਸ਼ੁਭਕਾਮਨਾਵਾਂ ਲਈਆਂ। ਹਰਿਆਣਾ ਦੇ ਮੁੱਖ ਮੰਤਰੀ ਭੂਪਿੰਦਰ ਸਿੰਘ ਹੁੱਡਾ ਅਤੇ ਆਂਧਰਾ ਪ੍ਰਦੇਸ਼ ਦੇ ਕਿਰਨ ਕੁਮਾਰ ਰੈੱਡੀ ਸਣੇ ਕਈ ਮੁੱਖ ਮੰਤਰੀਆਂ ਅਤੇ ਰਾਜ ਕਾਂਗਰਸ ਨੇਤਾਵਾਂ ਨੇ ਉਨ੍ਹਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਹਨ।