Friday 10 August 2012


ਸਾਬਕਾ ਏਅਰ ਹੋਸਟਸ ਖੁਦਕੁਸ਼ੀ ਕੇਸ
ਗੋਪਾਲ ਕਾਂਡਾ ਦੀ ਜ਼ਮਾਨਤ ਅਰਜ਼ੀ
ਰੱਦ-ਗ੍ਰਿਫ਼ਤਾਰੀ ਲਈ ਛਾਪੇ
ਨਵੀਂ ਦਿੱਲੀ, 9 ਅਗਸਤ -ਸਾਬਕਾ ਏਅਰ ਹੋਸਟਸ ਗੀਤਿਕਾ ਸ਼ਰਮਾ ਵੱਲੋਂ ਕੀਤੀ ਖੁਦਕੁਸ਼ੀ ਦੇ ਮਾਮਲੇ ਵਿਚ ਦਿੱਲੀ ਦੀ ਇਕ ਅਦਾਲਤ ਨੇ ਹਰਿਆਣਾ ਦੇ ਸਾਬਕਾ ਮੰਤਰੀ ਗੋਪਾਲ ਕਾਂਡਾ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਜਦਕਿ ਇਸ ਮਾਮਲੇ ਵਿਚ ਗ੍ਰਿਫ਼ਤਾਰ ਉਸ ਦੀ ਸਹਿਯੋਗੀ ਅਰੁਣਾ ਚੱਢਾ ਨੂੰ ਦੋ ਦਿਨਾ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ। ਪੁਲਿਸ ਵੱਲੋਂ ਇਹ ਪੱਖ ਰੱਖਣ ਕਿ ਗੀਤਿਕਾ ਦੇ ਖੁਦਕੁਸ਼ੀ ਨੋਟ ਵਿਚ ਕਾਂਡਾ ਤੇ ਚੱਢਾ ਦਾ ਨਾਂਅ ਹੋਣ ਕਾਰਨ ਉਸ ਕੋਲੋਂ ਪੁੱਛਗਿੱਛ ਕਰਨੀ ਹੈ, ਐਡੀਸ਼ਨਲ ਚੀਫ਼ ਮੈਟਰੋਪਾਲੀਟਨ ਮੈਜਿਸਟਰੇਟ ਦਵੇਂਦਰ ਕੁਮਾਰ ਜੰਗਾਲਾ ਨੇ ਅਰੁਣਾ ਚੱਢਾ ਨੂੰ 11 ਅਗਸਤ ਤੱਕ ਪੁਲਿਸ ਰਿਮਾਂਡ 'ਤੇ ਭੇਜਣ ਦੇ ਹੁਕਮ ਸੁਣਾਏ।
ਗ੍ਰਿਫ਼ਤਾਰੀ ਲਈ ਛਾਪੇ
ਦਿੱਲੀ ਪੁਲਿਸ ਵੱਲੋਂ ਫਰਾਰ ਹੋਏ ਹਰਿਆਣਾ ਦੇ ਸਾਬਕਾ ਮੰਤਰੀ ਗੋਪਾਲ ਕਾਂਡਾ ਦੇ ਦਿੱਲੀ ਅਤੇ ਹਰਿਆਣਾ ਸਥਿਤ ਰਿਹਾਇਸ਼, ਹੋਟਲ ਅਤੇ ਹੋਰ ਦਫ਼ਤਰਾਂ ਵਿਚ ਛਾਪੇਮਾਰੀ ਕੀਤੀ। ਪੁਲਿਸ ਵੱਲੋਂ ਗੋਪਾਲ ਕਾਂਡਾ ਦੇ ਗੁੜਗਾਓਂ, ਫਰੀਦਾਬਾਦ, ਅਤੇ ਦਿੱਲੀ ਸਥਿਤ ਰਿਹਾਇਸ਼ ਤੇ ਦਫ਼ਤਰਾਂ ਵਿਚ ਛਾਪੇਮਾਰੀ ਕੀਤੀ ਗਈ। ਪੁਲਿਸ ਨੇ ਕਾਂਡਾ ਦੇ ਪਰਸ਼ੂਰਾਮ ਚੌਕ ਨੇੜੇ ਦਫ਼ਤਰ, ਰਾਨੀਆ ਰੋਡ 'ਤੇ ਸਥਿਤ ਰਿਹਾਇਸ਼ ਤੇ ਹੋਰਨੀਂ ਥਾਈਂ ਛਾਪੇਮਾਰੀ ਕੀਤੀ ਗਈ। ਗ੍ਰਿਫ਼ਤਾਰੀ ਡਰੋਂ ਭੱਜੇ ਕਾਂਡਾ ਦੀ ਸਹਿਯੋਗੀ ਅਰੁਣਾ ਚੱਢਾ ਨੂੰ ਪੁਲਿਸ ਨੇ ਬੁੱਧਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਪੁਲਿਸ ਅਧਿਕਾਰੀ ਪੀ.ਕਰੁਣਾਕਰਨ ਨੇ ਦੱਸਿਆ ਕਿ ਅੱਜ ਚੱਢਾ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਜ਼ਿਕਰਯੋਗ ਹੈ ਕਿ ਗੀਤਿਕਾ ਦੇ ਭਰਾ ਗੌਰਵ ਸ਼ਰਮਾ ਨੇ ਦੋਸ਼ ਲਾਇਆ ਕਿ ਕਾਂਡਾ ਤੇ ਚੱਢਾ ਵੱਲੋਂ ਉਸ ਦੀ ਭੈਣ ਨੂੰ ਮਾਨਸਿਕ ਤੌਰ 'ਤੇ ਪਰੇਸ਼ਾਨ ਕੀਤਾ ਜਾਂਦਾ ਰਿਹਾ। ਪੁਲਿਸ ਵੱਲੋਂ ਕਾਂਡਾ ਨੂੰ ਗ੍ਰਿਫ਼ਤਾਰ ਕਰਨ ਲਈ ਕਈ ਟੀਮਾਂ ਬਣਾਈਆਂ ਹਨ ਜਿਨ੍ਹਾਂ ਵੱਲੋਂ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਨੇ ਬੁੱਧਵਾਰ ਨੂੰ ਵੀ ਕਾਂਡਾ ਦੇ ਫਾਰਮ ਹਾਊਸ, ਹੋਟਲ ਤੇ ਦਫ਼ਤਰਾਂ ਵਿਚ ਛਾਪੇਮਾਰੀ ਕੀਤੀ ਸੀ। ਪੁਲਿਸ ਨੇ ਗੁੜਗਾਓਂ ਸਥਿਤ ਸ਼ੁਸ਼ਾਕ ਰੋਡ 'ਤੇ ਸਥਿਤ ਕਾਂਡਾ ਦੇ ਹੋਟਲ ਪਾਰਕ ਪਲਾਜ਼ਾ ਵਿਚ ਵੀ ਛਾਪੇਮਾਰੀ ਕੀਤੀ।
ਸਿਰਸਾ 'ਚ ਛਾਪੇ

ਸਿਰਸਾ, (ਭੁਪਿੰਦਰ ਪੰਨੀਵਾਲੀਆ)-ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਗੋਪਾਲ ਕਾਂਡਾ ਦੀ ਗ੍ਰਿਫ਼ਤਾਰੀ ਲਈ ਦਿੱਲੀ ਪੁਲਿਸ ਨੇ ਲੰਘੀ ਅੱਧੀ ਰਾਤ ਸਾਬਕਾ ਮੰਤਰੀ ਦੇ ਵੱਖ-ਵੱਖ ਟਿਕਾਣਿਆਂ 'ਤੇ ਛਾਪੇ ਮਾਰੇ ਪਰ ਕਾਂਡਾ ਹੱਥ ਨਹੀਂ ਆਇਆ । ਦਿੱਲੀ ਦੇ ਥਾਣਾ ਅਸ਼ੋਕ ਵਿਹਾਰ ਦੇ ਪੁਲਿਸ ਇੰਸਪੈਕਟਰ ਸਤਪਾਲ ਯਾਦਵ ਦੀ ਅਗਵਾਈ ਵਿੱਚ ਸਿਰਸਾ ਦੇ ਸਿਟੀ ਥਾਣੇ ਪੁੱਜੀ ਬਾਅਦ 'ਚ ਸਾਬਕਾ ਮੰਤਰੀ ਦੇ ਨਿਵਾਸ 'ਤੇ ਗਈ ਪਰ ਉਸ ਦੇ ਨਿਵਾਸ 'ਤੇ ਜਿੰਦਰਾ ਲੱਗਾ ਹੋਣ ਕਾਰਨ ਦਿੱਲੀ ਪੁਲਿਸ ਮੁੜ ਆਈ। ਬਾਅਦ ਵਿੱਚ ਪੁਲਿਸ ਨੇ ਗੋਪਾਲ ਕਾਂਡਾ ਦੇ ਨਿੱਜੀ ਦਫ਼ਤਰ ਪੁੱਜੀ ਜਿਥੇ ਮੌਜੂਦ ਕਰਮਚਾਰੀਆਂ ਤੋਂ ਪੁੱਛਗਿੱਛ ਕੀਤੀ। ਇਸ ਉਪਰੰਤ ਪੁਲਿਸ ਐਮ. ਡੀ. ਕੇ. ਸਕੂਲ ਪੁੱਜੀ ਜਿਥੇ ਕਰਮਚਾਰੀਆਂ ਤੋਂ ਪੁੱਛਗਿਛ ਕੀਤੀ । ਗੀਤਿਕਾ ਸ਼ਰਮਾ ਸਿਰਸਾ ਵਿਖੇ ਸਥਿਤ ਐਮ. ਡੀ. ਕੇ. ਸਕੂਲ ਦੀ ਟਰਸੱਟੀ ਵੀ ਸੀ। ਗੋਪਾਲ ਕਾਂਡਾ ਸਾਲ 2009 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਤੌਰ ਆਜ਼ਾਦ ਉਮੀਦਵਾਰ ਵੱਜੋਂ ਇਨੈਲੋ ਦੇ ਉਮੀਦਵਾਰ ਸ੍ਰੀ ਜੈਨ ਤੋਂ ਕਰੀਬ 6469 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਸਨ।
ਲੁਧਿਆਣਾ, 9 ਅਗਸਤ -ਥਾਣਾ ਡਿਵੀਜ਼ਨ ਨੰਬਰ 2 ਦੇ ਘੇਰੇ ਅੰਦਰ ਪੈਂਦੇ ਇਲਾਕੇ ਫੀਲਡ ਗੰਜ ਦੇ ਕੂਚਾ ਨੰਬਰ 7 ਵਿਚ ਅੱਜ ਸਵੇਰੇ ਗਰਭਵਤੀ ਪਤਨੀ ਦਾ ਕਤਲ ਕਰਨ ਉਪਰੰਤ ਪਤੀ ਵੱਲੋਂ ਖੁਦਕਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਸ਼ਨਾਖਤ ਹਿਮਾਂਸ਼ੂ (27) ਪੁੱਤਰ ਸ੍ਰੀ ਹੰਸ ਰਾਜ ਅਰੋੜਾ ਤੇ ਉਸਦੀ ਪਤਨੀ ਲਲਿਤਾ ਉਰਫ਼ ਪੂਜਾ (22) ਵਜੋਂ ਕੀਤੀ ਗਈ ਹੈ। ਪੂਜਾ ਨਾਭਾ ਦੀ ਰਹਿਣ ਵਾਲੀ ਤੇ 14 ਮਹੀਨੇ ਪਹਿਲਾਂ ਉਸਦਾ ਵਿਆਹ ਹਿਮਾਂਸ਼ੂ ਨਾਲ ਹੋਇਆ ਸੀ। ਹਿਮਾਂਸ਼ੂ ਅੱਜ ਸਵੇਰੇ ਬਾਥਰੂਮ ਜਾਣ ਲਈ 4 ਵਜੇ ਉਠਿਆ ਸੀ ਤੇ ਉਸ ਤੋਂ ਬਾਅਦ ਉਹ ਕਮਰੇ ਵਿਚ ਚਲਾ ਗਿਆ ਤੇ ਬਾਹਰ ਨਹੀਂ ਆਇਆ। ਅੱਜ ਸਵੇਰੇ ਜਦੋਂ 11 ਵਜੇ ਤੱਕ ਹਿਮਾਂਸ਼ੂ ਤੇ ਉਸ ਦੀ ਪਤਨੀ ਪੂਜਾ ਜਦੋਂ ਕਮਰੇ ਵਿਚੋਂ ਬਾਹਰ ਨਾ ਆਏ ਤਾਂ ਉਸਦੇ ਪਿਤਾ ਸ੍ਰੀ ਅਰੋੜਾ ਨੇ ਉਨ੍ਹਾਂ ਦੇ ਕਮਰੇ ਦਾ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ ਪਰ ਜਦੋਂ ਉਨ੍ਹਾਂ ਨੇ ਦਰਵਾਜ਼ਾ ਨਾ ਖੋਲ੍ਹਿਆ ਤਾਂ ਸ੍ਰੀ ਅਰੋੜਾ ਨੇ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਥਾਣਾ ਡਿਵੀਜ਼ਨ ਨੰਬਰ 2 ਦੇ ਐਸ. ਐਚ. ਓ. ਇੰਸਪੈਕਟਰ ਗੁਰਪ੍ਰੀਤ ਸਿੰਘ ਮੌਕੇ 'ਤੇ ਪਹੁੰਚੇ ਤੇ ਉਨ੍ਹਾਂ ਦੇ ਨਾਲ ਆਏ ਪੁਲਿਸ ਮੁਲਾਜ਼ਮ ਜਦੋਂ ਦਰਵਾਜ਼ਾ ਤੋੜ ਕੇ ਅੰਦਰ ਗਏ ਤਾਂ ਉਨ੍ਹਾਂ ਦੇਖਿਆ ਕਿ ਪੂਜਾ ਦੀ ਲਾਸ਼ ਬੈੱਡ 'ਤੇ ਪਈ ਹੈ ਜਦਕਿ ਹਿਮਾਂਸ਼ੂ ਦੀ ਲਾਸ਼ ਖੂਨ ਨਾਲ ਲੱਥਪੱਥ ਜ਼ਮੀਨ 'ਤੇ ਪਈ ਸੀ। ਦੋਵਾਂ ਦੇ ਗਲੇ 'ਤੇ ਚਾਕੂ ਨਾਲ ਕੀਤੇ ਜ਼ਖਮਾਂ ਦੇ ਨਿਸ਼ਾਨ ਸਨ। ਡੀ. ਸੀ. ਪੀ. ਸ: ਗੁਰਪ੍ਰੀਤ ਸਿੰਘ ਤੂਰ, ਏ. ਡੀ. ਸੀ. ਪੀ. (ਅਪਰਾਧ) ਸ: ਹਰਜਿੰਦਰ ਸਿੰਘ ਤੇ ਏ. ਸੀ. ਪੀ. ਰਮਨੀਸ਼ ਚੌਧਰੀ ਮੌਕੇ 'ਤੇ ਪਹੁੰਚੇ।
ਮੰਡੀ ਗੋਬਿੰਦਗੜ੍ਹ, 9 ਅਗਸਤ -ਮੰਡੀ ਗੋਬਿੰਦਗੜ੍ਹ ਥਾਣੇ 'ਚ ਤਾਇਨਾਤ ਸਹਾਇਕ ਥਾਣੇਦਾਰ ਸੁਖਮਿੰਦਰ ਸਿੰਘ ਵੱਲੋਂ ਮਾਨਸਿਕ ਤੇ ਦਿਮਾਗ਼ੀ ਤਣਾਅ ਦੇ ਕਾਰਨ ਆਪਣੀ ਸਰਵਿਸ ਰਿਵਾਲਵਰ ਨਾਲ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਹੈ। ਸੁਖਮਿੰਦਰ ਸਿੰਘ ਸੁੱਖੀ ਪੁੱਤਰ ਬੂਟਾ ਸਿੰਘ ਨਿਵਾਸੀ ਪਿੰਡ ਤਲਵੰਡੀ ਰਾਏ, ਥਾਣਾ ਰਾਏਕੋਟ, ਜ਼ਿਲ੍ਹਾ ਲੁਧਿਆਣਾ ਮੰਡੀ ਗੋਬਿੰਦਗੜ੍ਹ ਪੁਲਿਸ ਥਾਣੇ ਵਿਚ ਸਹਾਇਕ ਥਾਣੇਦਾਰ ਵਜੋਂ ਡਿਊਟੀ ਨਿਭਾ ਰਿਹਾ ਸੀ। ਬੀਤੀ 7-8 ਅਗਸਤ ਦੀ ਦਰਮਿਆਨੀ ਰਾਤ ਨੂੰ ਜਦੋਂ ਉਹ ਸਥਾਨਕ ਪੁਲਿਸ ਕਾਲੋਨੀ ਸਥਿਤ ਆਪਣੇ ਸਰਕਾਰੀ ਕੁਆਟਰ ਨੰਬਰ 23 ਵਿਚ ਇਕੱਲਾ ਸੀ ਤਾਂ ਉਸ ਨੇ ਆਪਣੀ ਸਰਵਿਸ ਰਿਵਾਲਵਰ ਨਾਲ ਗੋਲੀ ਮਾਰ ਲਈ। ਜਿਸ ਕਾਰਨ ਸੁਖਮਿੰਦਰ ਸਿੰਘ ਦੀ ਘਟਨਾ ਵਾਲੀ ਥਾਂ 'ਤੇ ਹੀ ਮੌਤ ਹੋ ਗਈ। ਮੰਡੀ ਗੋਬਿੰਦਗੜ੍ਹ ਪੁਲਿਸ ਨੇ 174 ਅਧੀਨ ਸੁਖਮਿੰਦਰ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਹੈ।
ਬਾਲਾਸੋਰ (ਓਡੀਸ਼ਾ), 9 ਅਗਸਤ -ਭਾਰਤ ਨੇ ਆਪਣੀ ਮਿਜ਼ਾਈਲ ਸਮਰੱਥਾ ਵਧਾਉਂਦਿਆਂ ਮੱਧਮ ਦੂਰੀ ਦੀ ਪ੍ਰਮਾਣੂ ਸ਼ਕਤੀ ਵਾਲੀ ਅਗਨੀ-2 ਮਿਜ਼ਾਈਲ ਦਾ ਅੱਜ ਓਡੀਸ਼ਾ ਦੇ ਵੀਲ੍ਹਰ ਟਾਪੂ ਤੋਂ ਸਫਲਤਾਪੂਰਵਕ ਤਜ਼ਰਬਾ ਕੀਤਾ ਜੋ ਕਿ 2000 ਕਿਲੋਮੀਟਰ ਦੀ ਦੂਰੀ ਤੱਕ ਮਾਰ ਕਰ ਸਕਦੀ ਹੈ। ਰੱਖਿਆ ਸੂਤਰਾਂ ਅਨੁਸਾਰ ਸਤ੍ਹਾ ਤੋਂ ਸਤ੍ਹਾ 'ਤੇ ਮਾਰ ਕਰਨ ਵਾਲੀ ਇਸ ਮਿਜ਼ਾਈਲ ਦਾ ਤਜ਼ਰਬਾ 'ਇੰਟੈਗਰੇਟਿਡ ਟੈਸਟ ਰੇਜ਼' (ਆਈ. ਟੀ. ਆਰ.) ਤੋਂ ਸਵੇਰ ਦੇ 8 ਵੱਜ ਕੇ 48 ਮਿੰਟ 'ਤੇ ਮੋਬਾਈਲ ਲਾਂਚਰ ਰਾਹੀਂ ਕੀਤਾ ਗਿਆ। ਇਸ ਤਜ਼ਰਬੇ ਨੂੰ ਪੂਰੀ ਤਰ੍ਹਾਂ ਸਫਲ ਦੱਸਦਿਆਂ ਆਈ. ਟੀ. ਆਰ. ਦੇ ਨਿਰਦੇਸ਼ਕ ਐੱਮ. ਵੀ. ਕੇ. ਵੀ. ਪ੍ਰਸਾਦ ਨੇ ਕਿਹਾ 'ਇਸ ਸਵਦੇਸ਼ੀ ਮਿਜ਼ਾਈਲ ਦੇ ਤਜ਼ਰਬੇ ਦੌਰਾਨ ਮਿਸ਼ਨ ਦੇ ਸਾਰੇ ਮਾਪਦੰਡਾਂ ਨੂੰ ਪੂਰਾ ਕੀਤਾ ਗਿਆ।' ਇੰਟਰਮੀਡਿਅਟ ਰੇਜ਼ ਬੈਲਿਸਟਿਕ ਮਿਜ਼ਾਈਲ (ਆਈ. ਆਰ. ਬੀ. ਐੱਮ.) ਅਗਨੀ-2 ਨੂੰ ਸੇਵਾ 'ਚ ਪਹਿਲਾਂ ਹੀ ਸ਼ਾਮਿਲ ਕਰ ਲਿਆ ਗਿਆ ਹੈ ਅਤੇ ਅੱਜ ਦਾ ਤਜ਼ਰਬਾ ਫ਼ੌਜ ਦੀ ਰਣਨੀਤਕ ਬਲ ਕਮਾਨ (ਐੱਸ. ਐੱਫ. ਸੀ.) ਨੇ ਕੀਤਾ, ਜਦੋਂ ਕਿ ਇਸ ਦੇ ਲਈ ਸਾਜੋ ਸਾਮਾਨ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਨੇ ਮੁਹੱਈਆ ਕਰਵਾਇਆ। ਇਹ ਮਿਜ਼ਾਈਲ 20 ਮੀਟਰ ਲੰਮੀ, 17 ਟਨ ਭਾਰੀ ਅਤੇ 1000 ਕਿਲੋਗ੍ਰਾਮ ਭਾਰ 2000 ਕਿਲੋਮੀਟਰ ਦੀ ਦੂਰੀ ਤੱਕ ਲੈ ਜਾਣ ਦੇ ਸਮਰੱਥ ਹੈ। ਇਹ ਮਿਜ਼ਾਈਲ ਉੱਨਤ ਪ੍ਰਣਾਲੀ ਪ੍ਰਯੋਗਸ਼ਾਲਾ ਨੇ ਡੀ. ਆਰ. ਡੀ. ਓ. ਦੀਆਂ ਹੋਰ ਪ੍ਰਯੋਗਸ਼ਾਲਾਵਾਂ ਦੇ ਨਾਲ ਮਿਲ ਕੇ ਬਣਾਈ ਹੈ ਅਤੇ ਭਾਰਤ ਡਾਇਆਨੈਮਿਕਸ ਲਿਮਟਿਡ ਹੈਦਰਾਬਾਦ ਨੇ ਇਸ ਵਿਚ ਸਹਿਯੋਗ ਦਿੱਤਾ ਹੈ।
ਨਵੀਂ ਦਿੱਲੀ, 9 ਅਗਸਤ-ਜੰਮੂ ਤੇ ਕਸ਼ਮੀਰ ਵਿਚ ਫ਼ੌਜ ਦੀ ਇਕ ਯੂਨਿਟ ਵਿਚ ਟਕਰਾਅ ਦੀ ਇਕ ਹੋਰ ਘਟਨਾ ਸਾਹਮਣੇ ਆਈ ਹੈ ਜਿਸ ਨੂੰ ਲੈ ਕੇ ਪ੍ਰੇਸ਼ਾਨ ਰੱਖਿਆ ਮੰਤਰੀ ਏ. ਕੇ. ਐਂਟਨੀ ਨੇ ਮਾਮਲੇ ਦੀ ਫ਼ੌਜ ਮੁਖੀ ਤੋਂ ਵਿਸਥਾਰ ਪੂਰਵਕ ਰਿਪੋਰਟ ਮੰਗੀ ਹੈ ਜਦਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਮਾਮਲੇ ਨੂੰ ਮਾਮੂਲੀ ਦੱਸਿਆ ਹੈ। ਸੂਤਰਾਂ ਨੇ ਦੱਸਿਆ ਕਿ ਕਲ੍ਹ ਜੰਮੂ ਤੇ ਕਸ਼ਮੀਰ ਦੇ ਸਾਂਬਾ ਸੈਕਟਰ ਵਿਚ ਇਕ ਸੈਨਿਕ ਵਲੋਂ ਖੁਦਕੁਸ਼ੀ ਕੀਤੇ ਜਾਣ ਪਿੱਛੋਂ ਘੋੜ ਸਵਾਰ ਫ਼ੌਜ ਦੀ 16 ਯੂਨਿਟ ਦੇ ਜਵਾਨ ਅਤੇ ਅਧਿਕਾਰੀਆਂ 'ਚ ਕਥਿਤ ਰੂਪ 'ਚ ਮੂੰਹ ਜ਼ੁਬਾਨੀ ਟਕਰਾਅ ਹੋ ਗਿਆ। ਇਹ ਟਕਰਾਅ ਇਸ ਯੂਨਿਟ ਦੇ ਤਿਰੂਵਨੰਤਪੁਰਮ ਦੇ ਇਕ ਸੈਨਿਕ ਅਰੁਨ ਵੀ ਵਲੋਂ ਖੁਦਕੁਸ਼ੀ ਕਰਨ ਪਿੱਛੋਂ ਸਾਹਮਣੇ ਆਇਆ। ਉਸ ਦੀ ਮੌਤ ਕੋਰਟ ਆਫ ਇਨਕੁਆਰੀ ਦਾ ਹੁਕਮ ਦਿੱਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਇਸ ਜਵਾਨ ਨੇ ਘਰ ਕਿਸੇ ਕੰਮ ਲਈ ਛੁੱਟੀ ਦੀ ਮੰਗ ਕੀਤੀ ਸੀ ਪਰ ਉਸ ਨੂੰ ਛੁੱਟੀ ਨਾ ਦਿੱਤੀ ਗਈ। ਉਸ ਦੀ ਮੌਤ ਪਿੱਛੋਂ ਉਸ ਦੇ ਸਾਥੀ ਸੈਨਿਕਾਂ ਨੇ ਅਧਿਕਾਰੀਆਂ ਵਿਰੁੱਧ ਰੋਸ ਜ਼ਾਹਿਰ ਕੀਤਾ ਅਤੇ ਉਨ੍ਹਾਂ ਦੇ ਘਰਾਂ ਨੂੰ ਘੇਰਾ ਪਾ ਲਿਆ। ਘਟਨਾ ਤੋਂ ਪ੍ਰੇਸ਼ਾਨ ਰੱਖਿਆ ਮੰਤਰੀ ਏ. ਕੇ. ਐਂਟਨੀ ਨੇ ਸੈਨਾ ਮੁਖੀ ਜਨਰਲ ਬਿਕਰਮ ਸਿੰਘ ਤੋਂ ਵਿਸਥਾਰ ਪੂਰਵਕ ਰਿਪੋਰਟ ਮੰਗੀ ਹੈ। ਇਹ ਮਾਮਲਾ ਅੱਜ ਸੰਸਦ ਵਿਚ ਵੀ ਉੱਠਿਆ ਜਿਥੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਮਾਮਲੇ ਨੂੰ ਸ਼ਾਂਤ ਕਰਨ ਕਰਨ ਦਾ ਯਤਨ ਕਰਦਿਆਂ ਕਿ ਇਹ ਮਾਮੂਲੀ ਘਟਨਾ ਹੈ ਅਤੇ ਇਸ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਸਦਨ ਨੂੰ ਬੇਨਤੀ ਕਰਦੇ ਹਨ ਕਿ ਇਸ ਮੁੱਦੇ 'ਤੇ ਚਰਚਾ ਨਾ ਕੀਤੀ ਜਾਵੇ, ਇਹ ਬਹੁਤ ਛੋਟੀ ਘਟਨਾ ਹੈ। ਇਹ ਸਾਡੀਆਂ ਹਥਿਆਰਬੰਦ ਸੈਨਾਵਾਂ ਦੇ ਮਨੋਬਲ ਲਈ ਠੀਕ ਨਹੀਂ। ਸੂਤਰਾਂ ਨੇ ਦੱਸਿਆ ਕਿ ਇਸ ਘਟਨਾ ਕਾਰਨ ਯੂਨਿਟ ਵਿਚ ਤਣਾਅ ਪਾਇਆ ਜਾ ਰਿਹਾ ਹੈ ਅਤੇ ਤਣਾਅ ਨੂੰ ਜ਼ਿਆਦਾ ਵਧਣ ਤੋਂ ਰੋਕਣ ਲਈ ਹੋਰ ਸੈਨਿਕਾਂ ਨੂੰ ਮੌਕੇ 'ਤੇ ਭੇਜਿਆ ਗਿਆ ਹੈ।
ਨਵੀਂ ਦਿੱਲੀ, 9 ਅਗਸਤ -ਵੀਰਵਾਰ ਨੂੰ ਰਾਜ ਸਭਾ ਵਿਚ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਦੇ ਬਿਆਨ 'ਤੇ ਰਾਜ ਸਭਾ ਮੈਂਬਰ ਜਯਾ ਬਚਨ ਭੜਕ ਗਈ ਤੇ ਸਾਰਾ ਵਿਰੋਧੀ ਧਿਰ ਵੀ ਜਯਾ ਨਾਲ ਹੋ ਗਿਆ। ਵਿਰੋਧੀ ਧਿਰ ਦੇ ਹੰਗਾਮੇ ਦੇ ਚਲਦਿਆਂ ਸ਼ਿੰਦੇ ਨੂੰ ਮੁਆਫ਼ੀ ਮੰਗਦੇ ਹੋਏ ਸ਼ਬਦ ਵਾਪਸ ਲੈਣੇ ਪਏ। ਸ੍ਰੀ ਸ਼ਿੰਦੇ ਜਦੋਂ ਆਸਾਮ ਹਿੰਸਾ 'ਤੇ ਇਕ ਲਿਖਤੀ ਰਿਪੋਰਟ ਰਾਹੀਂ ਜਵਾਬ ਦੇ ਰਹੇ ਸਨ ਤਾਂ ਉਸੇ ਵੇਲੇ ਜਯਾ ਬਚਨ ਨੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਸਰਕਾਰ ਦੱਸੇ ਕਿ ਹਿੰਸਾ ਰੋਕਣ ਲਈ ਹੁਣ ਤੱਕ ਕੀ ਕਦਮ ਚੁੱਕੇ ਹਨ? ਜਯਾ ਦੇ ਇਤਰਾਜ਼ 'ਤੇ ਗ੍ਰਹਿ ਮੰਤਰੀ ਸ਼ਿੰਦੇ ਨੇ ਕਿਹਾ ਕਿ ਮੇਰੀ ਭੈਣ ਇਹ ਗੰਭੀਰ ਵਿਸ਼ਾ ਹੈ। ਇਹ ਫਿਲਮ ਦਾ ਵਿਸ਼ਾ ਨਹੀਂ ਹੈ। ਸ਼ਿੰਦੇ ਦੇ ਇਹ ਕਹਿੰਦੇ ਹੀ ਵਿਰੋਧੀ ਧਿਰ ਦੇ ਮੈਂਬਰ ਭੜਕ ਉਠੇ। ਹੰਗਾਮੇ ਦੌਰਾਨ ਸ਼ਿੰਦੇ ਨੂੰ ਮੁਆਫੀ ਮੰਗਣੀ ਪਈ ਤੇ ਆਪਣੇ ਸ਼ਬਦ ਵਾਪਸ ਲੈਣੇ ਪਏ।
ਵਿਸਕਾਂਸਿਨ ਗੁਰਦੁਆਰਾ ਮੁੜ ਸੰਗਤਾਂ ਲਈ ਖੋਲ੍ਹਿਆ
ਪੁਲਿਸ ਨੇ ਪ੍ਰਬੰਧ ਮੈਨੇਜਮੈਂਟ ਨੂੰ ਸੌਂਪਿਆ
ਵਾਸ਼ਿੰਗਟਨ, 9 ਅਗਸਤ -ਪਿਛਲੇ ਦਿਨੀਂ ਵਿਸਕਾਂਸਿਨ ਦੇ ਗੁਰਦੁਆਰਾ 'ਸਿੱਖ ਟੈਂਪਲ' ਵਿਖੇ ਵਾਪਰੀ ਦਰਦਨਾਕ ਤ੍ਰਾਸਦੀ ਉਪਰੰਤ ਅੱਜ ਗੁਰਦੁਆਰਾ ਸਾਹਿਬ ਮੁੜ ਸੰਗਤਾਂ ਲਈ ਖੋਲ੍ਹ ਦਿੱਤਾ ਗਿਆ। ਸਥਾਨਕ ਪੁਲਿਸ ਨੇ ਅੱਜ ਸਵੇਰੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸਥਾਨਕ ਪ੍ਰਬੰਧਕ ਕਮੇਟੀ ਦੇ ਹਵਾਲੇ ਕਰ ਦਿੱਤਾ, ਜਿਸ ਨੇ ਗੁਰਦੁਆਰਾ ਸਾਹਿਬ ਦੀ ਸਫਾਈ ਕਰਵਾਉਣੀ ਸ਼ੁਰੂ ਕਰ ਦਿੱਤੀ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਜਗਅਜੀਤ ਸਿੰਘ ਸੰਧੂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਨੂੰ ਸੰਗਤਾਂ ਲਈ ਖੋਲ੍ਹ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ 5 ਅਗਸਤ ਨੂੰ ਇੱਕ ਹਮਲਾਵਰ ਨੇ ਗੁਰਦੁਆਰਾ ਸਾਹਿਬ ਵਿਖੇ ਇਕੱਤਰ ਹੋਈਆਂ ਸੰਗਤਾਂ 'ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਸੀ ਜਿਸ ਵਿਚ ਹਮਲਾਵਰ ਸਮੇਤ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਸੀ।
ਮੁੰਬਈ, 9 ਅਗਸਤ -26/11 ਮੁੰਬਈ ਹਮਲੇ ਦੇ ਦੋਸ਼ 'ਚ ਮੁੰਬਈ ਦੀ ਆਰਥਰ ਰੌਡ ਜ਼ੇਲ੍ਹ 'ਚ ਬੰਦ ਅੱਤਵਾਦੀ ਅਜ਼ਮਲ ਕਸਾਬ ਦੀ ਅੱਜ ਅਬੂ ਜ਼ਿੰਦਾਲ ਨਾਲ ਆਹਮੋ-ਸਾਹਮਣੇ ਮੁਲਾਕਾਤ ਹੋਈ। ਮਹਾਰਾਸ਼ਟਰ ਸਰਕਾਰ ਵਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਮੁੰਬਈ ਪੁਲਿਸ ਦੀ ਕ੍ਰਾਇਮ ਬਰਾਂਚ ਟੀਮ ਅਬੂ ਜ਼ਿੰਦਾਲ ਨੂੰ 2008 ਤੋਂ ਜੇਲ੍ਹ 'ਚ ਕੈਦ ਅਜਮਲ ਕਸਾਬ ਦੇ ਕੋਲ ਲੈ ਕੇ ਗਈ। ਇਹ ਮੁਲਾਕਾਤ ਕਰੀਬ ਡੇਢ ਘੰਟੇ ਤੱਕ ਚੱਲੀ। ਇਸ ਮੁਲਾਕਾਤ ਦੌਰਾਨ ਪਾਕਿਸਤਾਨੀ ਮੂਲ ਦੇ ਅੱਤਵਾਦੀ ਅਜ਼ਮਲ ਕਸਾਬ ਨੇ ਅਬੂ ਜ਼ਿੰਦਾਲ ਨੂੰ ਮੁੰਬਈ ਹਮਲੇ ਦਾ ਮੁੱਖ ਸਾਜਿਸ਼ਕਾਰ ਮੰਨਿਆ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਸਾਬ ਪੁਲਿਸ ਨੂੰ ਦੱਸ ਚੁੱਕਿਆ ਸੀ ਕਿ ਇਸ ਹਮਲੇ 'ਚ ਸ਼ਾਮਿਲ ਅੱਤਵਾਦੀਆਂ ਨੂੰ ਜ਼ਿੰਦਾਲ ਨੇ ਹਿੰਦੀ ਭਾਸ਼ਾ ਸਿਖਾਈ ਸੀ। ਇਸ ਤੋਂ ਇਲਾਵਾ ਜ਼ਿੰਦਾਲ ਵੀ ਇਹ ਮੰਨ ਚੁੱਕਿਆ ਹੈ ਕਿ ਉਹ ਮੁੰਬਈ ਹਮਲਿਆਂ ਲਈ ਇਕ ਹੋਰ ਦੋਸ਼ੀ ਡੇਵਿਡ ਹੇਡਲੀ ਨੂੰ ਵੀ ਮਿਲ ਚੁੱਕਿਆ ਹੈ। ਕਸਾਬ ਵਲੋਂ ਜ਼ਿੰਦਾਲ ਨੂੰ ਮੁੰਬਈ ਹਮਲੇ ਦਾ ਮੁੱਖ ਸਾਜਿਸ਼ਕਰਤਾ ਮੰਨਣ ਤੋਂ ਬਾਅਦ ਹੁਣ ਭਾਰਤ ਦਾ ਉਹ ਦਾਅਵਾ ਹੋਰ ਮਜ਼ਬੂਤ ਹੋ ਗਿਆ ਹੈ ਜਿਸ 'ਚ ਉਨ੍ਹਾਂ ਇਸ ਹਮਲੇ ਦੀ ਪਾਕਿਸਤਾਨ 'ਚ ਯੋਜਨਾ ਬਣਨ ਦੀ ਗੱਲ ਆਖੀ ਸੀ।
ਫਿਜ਼ਾ ਦੇ ਘਰੋਂ 92 ਲੱਖ ਨਗਦ ਤੇ ਡੇਢ
ਕਿੱਲੋ ਸੋਨੇ ਦੇ ਗਹਿਣੇ ਬਰਾਮਦ
ਨੇੜਲੇ ਲੋਕਾਂ ਤੋਂ ਪੁਛਗਿੱਛ ਜਾਰੀ *ਮੌਤ ਤੋਂ ਪਹਿਲਾਂ ਦਾ ਆਖਰੀ ਵੀਡੀਓ ਜਾਰੀ
ਅਜੀਤਗੜ੍ਹ, 9 ਅਗਸਤ -ਹਰਿਆਣਾ ਦੇ ਸਾਬਕਾ ਉਪ ਮੁੱਖ ਮੰਤਰੀ ਚੰਦਰ ਮੋਹਨ ਦੀ ਸਾਬਕਾ ਪਤਨੀ ਅਨੁਰਾਧਾ ਬਾਲੀ ਉਰਫ ਫਿਜ਼ਾ ਦੀ ਮੌਤ ਸਬੰਧੀ ਪੁਲਿਸ ਵੱਲੋਂ ਕੀਤੀ ਜਾ ਰਹੀ ਜਾਂਚ ਦੌਰਾਨ ਅਜੇ ਤੱਕ ਉਸਦੀ ਹੱਤਿਆ ਜਾਂ ਆਤਮ ਹੱਤਿਆ ਸਬੰਧੀ ਕੋਈ ਤੱਥ ਸਾਹਮਣੇ ਨਹੀਂ ਆਇਆ, ਪਰ ਫਿਜ਼ਾ ਦੇ ਘਰ ਦੀ ਲਈ ਤਲਾਸ਼ੀ ਦੌਰਾਨ 92 ਲੱਖ 86 ਹਜ਼ਾਰ 160 ਰੁਪਏ ਨਗਦ ਅਤੇ ਇਕ ਕਿੱਲੋ 429 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ ਹੈ। ਬੇਸ਼ੱਕ ਫਿਜ਼ਾ ਦੀ ਮੌਤ ਸਬੰਧੀ ਲੋਕਾਂ ਵਿਚ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ, ਪਰ ਉਸਦੇ ਪਰਿਵਾਰ ਦੇ ਮੈਂਬਰਾਂ ਨੇ ਅਜੇ ਤੱਕ ਉਸਦੇ ਕਤਲ ਹੋਣ ਦੀ ਸ਼ੰਕਾ ਸਬੰਧੀ ਕੋਈ ਲਿਖਤੀ ਸ਼ਿਕਾਇਤ ਨਹੀਂ ਕੀਤੀ। ਇਸ ਸਬੰਧ ਵਿਚ ਜ਼ਿਲ੍ਹਾ ਪੁਲਿਸ ਮੁਖੀ ਸ: ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਫਿਜ਼ਾ ਦੇ ਨਾਲ ਰਾਬਤਾ ਰੱਖਣ ਵਾਲੇ ਲੋਕਾਂ ਤੋਂ ਪੁਛਗਿੱਛ ਕੀਤੀ ਜਾ ਰਹੀ ਹੈ। ਐਸ. ਐਸ. ਪੀ. ਭੁੱਲਰ ਨੇ ਦੱਸਿਆ ਕਿ ਡੇਰਾ ਬੱਸੀ ਵਿਖੇ ਫਾਈਵ ਸਟਾਰ ਨਾਂਅ ਦੀ ਸਕਿਊਰਟੀ ਏਜੰਸੀ ਚਲਾ ਰਹੇ ਬਲਵਿੰਦਰ ਸਿੰਘ ਤੋਂ ਵੀ ਪੁੱਛ-ਗਿੱਛ ਕੀਤੀ ਗਈ ਹੈ ਕਿਉਂਕਿ ਉਸ ਨੇ ਅਖ਼ਬਾਰਾਂ ਵਿਚ ਫਿਜ਼ਾ ਸੰਬੰਧੀ ਬਿਆਨ ਦਿੱਤਾ ਸੀ। ਉਧਰ ਇਹ ਚਰਚਾ ਜ਼ੋਰਾਂ 'ਤੇ ਹੈ ਕਿ ਇਸ ਮਾਮਲੇ ਵਿਚ ਕੁਝ ਪੱਤਰਕਾਰਾਂ ਅਤੇ ਹਰਿਆਣਾ ਦੇ ਕੁਝ ਪੁਲਿਸ ਅਧਿਕਾਰੀਆਂ ਅਤੇ ਨੇਤਾਵਾਂ ਦੇ ਨਾਂਅ ਵੀ ਸਾਹਮਣੇ ਆ ਰਹੇ ਹਨ, ਪਰ ਅਜਿਹੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਜਾਂਚ ਵਿਚ ਅਜੇ ਤੱਕ ਸ਼ਾਮਿਲ ਨਹੀਂ ਕੀਤਾ ਗਿਆ। ਅੱਜ ਡਿਊਟੀ ਮੈਜਿਸਟ੍ਰੇਟ ਦੀ ਹਾਜ਼ਰੀ ਵਿਚ ਫਿਜ਼ਾ ਦੀ ਭੈਣ ਨੂੰ ਮੌਕੇ 'ਤੇ ਬੁਲਾਕੇ ਉਸ ਦੇ ਘਰ ਦੀ ਤਲਾਸ਼ੀ ਦੌਰਾਨ ਅਲਮਾਰੀਆਂ ਤੋੜੀਆਂ ਗਈਆਂ ਜਿਨ੍ਹਾਂ ਵਿਚੋਂ ਇਹ ਰਾਸ਼ੀ ਅਤੇ ਸੋਨੇ ਦੇ ਗਹਿਣੇ ਬਰਾਮਦ ਹੋਏ ਹਨ। ਪੁਲਿਸ ਵੱਲੋਂ ਨਗਦੀ ਗਿਣਨ ਲਈ ਇਕ ਬੈਂਕ ਤੋਂ ਮਸ਼ੀਨ ਵੀ ਮੰਗਵਾਈ ਗਈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਫਿਜ਼ਾ ਦੀ ਆਖਰੀ ਵੀਡੀਓ ਵਿਚ ਬੀਤੀ 1 ਅਗਸਤ ਦੀ ਸ਼ਾਮ 5.46 ਮਿੰਟ 'ਤੇ ਉਹ ਅਜੀਤ ਹੁੱਡਾ ਨਾਂਅ ਦੇ ਵਕੀਲ ਨਾਲ ਚੰਡੀਗੜ੍ਹ ਦੇ ਰਾਜਸ਼੍ਰੀ ਹੋਟਲ ਵਿਚ ਜਾਂਦੀ ਹੋਈ ਦਿਖਾਈ ਦੇ ਰਹੀ ਹੈ ਅਤੇ ਫਿਜ਼ਾ ਦੇ ਉਹੀ ਕੱਪੜੇ ਪਹਿਨੇ ਹੋਏ ਹਨ ਜਿਨ੍ਹਾਂ ਵਿਚ ਉਸਦੀ ਲਾਸ਼ ਬਰਾਮਦ ਹੋਈ ਸੀ। ਵੀਡੀਓ ਵਿਚ ਫਿਜ਼ਾ ਸ਼ਾਮ 6.43 'ਤੇ ਵਾਪਸ ਆਉਂਦੀ ਹੈ। ਜਦਕਿ 6.47 ਮਿੰਟ 'ਤੇ ਵਕੀਲ ਬਾਹਰ ਆਉਂਦਾ ਹੈ। ਉਸਦੇ ਹੱਥ ਵਿਚ ਪੋਲੀਥੀਨ ਦਾ ਲਿਫਾਫਾ ਜਿਸ ਵਿਚ ਖਾਣੇ ਦਾ ਸਮਾਨ ਸੀ ਜੋ ਕਿ ਪੁਲਿਸ ਨੇ ਜਾਂਚ ਲਈ ਲੈਬ ਵਿਚ ਭੇਜਿਆ ਹੋਇਆ ਹੈ।
 
ਮੁੱਖ ਮੰਤਰੀ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ
ਪੰਜ-ਪੰਜ ਲੱਖ ਰੁਪਏ ਦੇਣ ਦਾ ਐਲਾਨ
ਵਿਸਕਾਸਨ ਗੁਰਦੁਆਰਾ ਵਿਖੇ ਸ਼ੋਕ ਸਭਾ 'ਚ ਕੀਤੀ ਸ਼ਮੂਲੀਅਤ

ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ, ਪੰਜਾਬ ਵਿਧਾਨ ਸਭਾ ਦੇ ਸਪੀਕਰ ਸ: ਚਰਨਜੀਤ ਸਿੰਘ ਅਟਵਾਲ, ਕੈਬਨਿਟ ਮੰਤਰੀ ਸ: ਸੁਰਜੀਤ ਸਿੰਘ ਰੱਖੜਾ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਤੇ ਹੋਰ ਅਮਰੀਕਾ ਦੇ ਸ਼ਹਿਰ ਵਿਸਕਾਸਨ ਵਿਖੇ ਓਕ ਕਰਿਕ ਗੁਰਦੁਆਰਾ ਦੇ ਗੋਲੀ ਕਾਂਡ ਵਿਚ ਮਾਰੇ ਗਏ ਸਿੱ
ਸ਼ਿਕਾਗੋ/ ਚੰਡੀਗੜ੍ਹ, 9 ਅਗਸਤ -ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਜੋ ਇਨ੍ਹਾਂ ਦਿਨਾਂ ਵਿਚ ਅਮਰੀਕਾ ਦੇ ਦੌਰੇ 'ਤੇ ਹਨ ਵੱਲੋਂ ਅੱਜ ਅਮਰੀਕਾ ਸਥਿਤ ਭਾਰਤ ਦੀ ਰਾਜਦੂਤ ਸ੍ਰੀਮਤੀ ਨਿਰੂਪਮਾ ਰਾਓ ਨੂੰ ਲੈ ਕੇ ਓਕ ਕਰਿਕ ਗੁਰਦੁਆਰਾ ਵਿਖੇ ਗੋਲੀ ਕਾਂਡ ਵਿਚ ਮਾਰੇ ਗਏ ਗੁਰਦੁਆਰੇ ਦੇ ਪ੍ਰਧਾਨ ਸਤਵੰਤ ਸਿੰਘ ਕਾਲੇਕੇ ਅਤੇ ਦੋ ਹੋਰ ਸ਼ਰਧਾਲੂਆਂ ਸੁਬੇਗ ਸਿੰਘ ਖੱਟੜਾ ਅਤੇ ਬੀਬੀ ਪਰਮਜੀਤ ਕੌਰ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਐਲਾਨ ਕੀਤਾ ਕਿ ਰਾਜ ਸਰਕਾਰ ਮਰਨ ਵਾਲੇ ਸ਼ਰਧਾਲੂਆਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਐਕਸਗ੍ਰੇਸ਼ੀਆ ਗਰਾਂਟ ਦੇਣ ਤੋਂ ਇਲਾਵਾ ਅਗਰ ਉਨ੍ਹਾਂ ਦਾ ਕੋਈ ਬੱਚਾ ਪੰਜਾਬ ਦੇ ਸਕੂਲ, ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਪੜ੍ਹਨਾ ਚਾਹਵੇਗਾ, ਉਸ ਦਾ ਵੀ ਸਾਰਾ ਖਰਚਾ ਦੇਵੇਗੀ। ਮੁੱਖ ਮੰਤਰੀ ਨੇ ਫਰਾਈਡਾਟ ਜਨਰਲ ਹਸਪਤਾਲ ਮਿਲਵਾਕੀ ਵਿਖੇ ਜ਼ਖ਼ਮੀ ਪੁਲਿਸ ਅਧਿਕਾਰੀ ਲੈਫ. ਮਰਸੀ ਨਾਲ ਵੀ ਮੁਲਾਕਾਤ ਕੀਤੀ । ਉਹ ਹਸਪਤਾਲ ਵਿਚ ਜ਼ਖਮੀ ਦੂਸਰੇ ਦੋ ਹੋਰ ਸਿੱਖ ਸ਼ਰਧਾਲੂਆਂ ਨੂੰ ਵੀ ਮਿਲੇ। ਮੁੱਖ ਮੰਤਰੀ ਨੇ ਵਿਸਕਾਸਨ ਬਰੁਕਫੀਲਡ ਗੁਰਦੁਆਰਾ ਸਾਹਿਬ ਵਿਖੇ ਮਾਰੇ ਗਏ ਸਿੱਖ ਸ਼ਰਧਾਲੂਆਂ ਦੀ ਯਾਦ ਵਿਚ ਰੱਖੀ ਗਈ ਅੰਤਿਮ ਅਰਦਾਸ ਵਿਚ ਵੀ ਸ਼ਮੂਲੀਅਤ ਕੀਤੀ। ਅਮਰੀਕਾ ਆਪਣੇ ਮਾਰੇ ਗਏ ਰਿਸ਼ਤੇਦਾਰਾਂ ਦੀਆਂ ਅੰਤਿਮ ਰਸਮਾਂ ਵਿਚ ਸ਼ਾਮਲ ਹੋਣ ਲਈ ਜਾਣ ਵਾਲੇ ਕੁਝ ਰਿਸ਼ਤੇਦਾਰਾਂ ਲਈ ਵੀ ਰਾਜ ਸਰਕਾਰ ਵੱਲੋਂ ਭਾਰਤ ਸਥਿਤ ਸਫਾਰਤਖਾਨੇ ਨਾਲ ਉਨ੍ਹਾਂ ਨੂੰ ਵੀਜ਼ੇ ਦਿਵਾਉਣ ਦਾ ਮਾਮਲਾ ਉਠਾਇਆ ਹੈ।
1
ਪੰਜਾਬ ਦੀ 62.51 ਫੀਸਦੀ ਵਸੋਂ ਪਿੰਡਾਂ ਤੇ
37.49 ਫੀਸਦੀ ਸ਼ਹਿਰੀ ਖੇਤਰਾਂ 'ਚ
* ਲੁਧਿਆਣਾ, ਅਜੀਤਗੜ੍ਹ, ਅੰਮ੍ਰਿਤਸਰ ਤੇ ਜਲੰਧਰ 'ਚ ਪੰਜਾਬ ਦੀ ਅੱਧੀ ਤੋਂ ਵੱਧ ਸ਼ਹਿਰੀ ਵਸੋਂ  * ਤਰਨ ਤਾਰਨ ਜ਼ਿਲ੍ਹੇ 'ਚ ਕੇਵਲ 12.63 ਫੀਸਦੀ ਸ਼ਹਿਰੀ ਵਸੋਂ
ਚੰਡੀਗੜ੍ਹ, 9 ਅਗਸਤ -ਪੰਜਾਬ ਦੇ ਜਨਗਣਨਾ ਵਿਭਾਗ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪੰਜਾਬ ਦੇ 4 ਜ਼ਿਲ੍ਹਿਆਂ ਲੁਧਿਆਣਾ, ਅਜੀਤਗੜ੍ਹ, ਅੰਮ੍ਰਿਤਸਰ ਅਤੇ ਜਲੰਧਰ ਵਿਚ ਪੰਜਾਬ ਦੀ ਅੱਧੇ ਤੋਂ ਵੱਧ ਸ਼ਹਿਰੀ ਵਸੋਂ ਹੈ। ਲੁਧਿਆਣਾ ਵਿਚ ਸਭ ਤੋਂ ਵੱਧ ਸ਼ਹਿਰੀ ਵਸੋਂ ਹੈ ਅਤੇ ਪੰਜਾਬ ਦੀ ਕੋਈ 19.86 ਫੀਸਦੀ ਸ਼ਹਿਰੀ ਵਸੋਂ ਕੇਵਲ ਲੁਧਿਆਣਾ ਵਿਚ ਹੈ, ਜਦੋਂਕਿ ਅਜੀਤਗੜ੍ਹ ਦੂਜੇ ਅਤੇ ਅੰਮ੍ਰਿਤਸਰ ਤੀਸਰੇ ਸਥਾਨ 'ਤੇ ਆਉਂਦਾ ਹੈ। ਤਰਨਤਾਰਨ ਜ਼ਿਲ੍ਹਾ ਜਿੱਥੇ ਕਰੀਬ 12.63 ਫੀਸਦੀ ਸ਼ਹਿਰੀ ਵਸੋਂ ਹੈ ਰਾਜ ਵਿਚੋਂ ਸਭ ਤੋਂ ਘੱਟ ਸ਼ਹਿਰੀ ਵਸੋਂ ਵਾਲਾ ਜ਼ਿਲ੍ਹਾ ਹੈ, ਪ੍ਰੰਤੂ ਇਹ ਜ਼ਿਲ੍ਹਾ ਵੀ ਬਿਹਾਰ ਦੀ ਕੁੱਲ ਸ਼ਹਿਰੀ ਵਸੋਂ ਜੋ ਕਿ 11.30 ਫੀਸਦੀ ਹੈ ਨਾਲੋਂ ਵੱਧ ਸ਼ਹਿਰੀਕਰਨ ਵਾਲਾ ਜ਼ਿਲ੍ਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇਥੇ ਸ੍ਰੀਮਤੀ ਸੀਮਾ ਜੈਨ ਆਈ.ਏ.ਐਸ., ਡਾਇਰੈਕਟਰ ਸੈਂਸਰ ਪੰਜਾਬ ਨੇ ਦੱਸਿਆ ਕਿ ਸਾਲ 2001 ਤੋਂ ਸਾਲ 2011 ਦੌਰਾਨ ਪੰਜਾਬ ਵਿਚ ਸ਼ਹਿਰੀ ਵਸੋਂ ਦੀ ਵਾਧਾ ਦਰ 25.72 ਫੀਸਦੀ ਸੀ, ਜੋ ਕਿ ਰਾਜ ਦੀ ਵਾਧਾ ਦਰ ਨਾਲੋਂ 2 ਗੁਣਾ ਹੈ। ਦਿਹਾਤੀ ਖੇਤਰਾਂ ਵਿਚ ਵਸੋਂ ਦੀ ਦਰ 7.58 ਫੀਸਦੀ ਸੀ। ਬਠਿੰਡਾ ਜ਼ਿਲ੍ਹੇ ਵਿਚ ਸ਼ਹਿਰੀ ਵਸੋਂ 35.99 ਫੀਸਦੀ ਅਤੇ ਗੁਰਦਾਸਪੁਰ ਜ਼ਿਲ੍ਹੇ ਵਿਚ 28.50 ਫੀਸਦੀ ਸੀ। ਮਗਰਲੇ 10 ਸਾਲਾਂ ਦੌਰਾਨ ਪੰਜਾਬ ਵਿਚ ਸ਼ਹਿਰਾਂ ਦੀ ਗਿਣਤੀ ਵੀ 157 ਤੋਂ ਵੱਧ ਕੇ 217 ਹੋ ਗਈ। ਉਨ੍ਹਾਂ ਦੱਸਿਆ ਕਿ ਪੰਜਾਬ ਦੀ ਕੋਈ 74.24 ਫੀਸਦੀ ਸ਼ਹਿਰੀ ਵਸੋਂ ਕਲਾਸ-1 ਅਤੇ ਕਲਾਸ-2 ਦੇ ਸ਼ਹਿਰਾਂ ਵਿਚ ਰਹਿ ਰਹੀ ਹੈ।