Saturday 19 May 2012

ਐਂਬੂਲੈਂਸ 'ਚ ਮਰੀਜਾਂ ਦੀ ਜਗ੍ਹਾ ਢੋਏ ਜਾਂਦੇ ਹਨ ਟਾਇਰ

ਪੰਜਾਬ 'ਚ ਸਿਹਤ ਸਹੂਲਤਾਵਾਂ ਦਾ ਢਾਂਚਾ ਅੱਜ ਵੀ ਸਹੀ ਨਹੀਂ ਹੈ। ਇਸ ਦੀ ਇੱਕ ਉਦਾਹਰਣ ਸ਼੍ਰੀ ਮੁਕਤਸਰ ਸਾਹਿਬ ਦੇ ਬਸ ਸਟੈਂਡ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ 108 ਐਂਬੂਲੈਂਸ ਦਾ ਚਾਲਕ ਨਿੱਜੀ ਕੰਮਾਂ ਲਈ ਇਸ ਦੀ ਵਰਤੋਂ ਕਰਦਾ ਦੇਖਿਆ ਗਿਆ। ਉਸ ਨੇ ਇਸ 'ਚ ਮਰੀਜਾਂ ਦੀ ਜਗ੍ਹਾਂ 'ਤੇ ਟਾਇਰ ਰੱਖੇ ਹੋਏ ਸਨ। ਮਿਲੀ ਜਾਣਕਾਰੀ ਅਨੁਸਾਰ 108 ਐਂਬੂਲੈਂਸ ਦਾ ਚਾਲਕ ਦਲ ਜਿਸ 'ਚ 2 ਨੌਜਵਾਨ ਸ਼ਾਮਲ ਸਨ, ਇਹ ਪੂਰੇ ਬਾਜ਼ਾਰ 'ਚ ਇਹ ਕੰਮ ਕਰਦੇ ਦੇਖੇ ਗਏ।
ਜਦੋਂ ਲੋਕਾਂ ਨੇ ਉਨ੍ਹਾਂ ਦੇ ਇਸ ਨਾਜਾਇਜ ਕੰਮ ਦੀਆਂ ਤਸਵੀਰਾਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਉਹ ਲੋਕਾਂ ਦੇ ਖਿਲਾਫ ਹੋ ਗਏ। ਉਨ੍ਹਾਂ ਦੀ ਇਸ ਹਰਕਤ ਨੂੰ ਦੇਖ ਕੇ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਨੂੰ ਲੋਕਾਂ ਨੇ ਇਹ ਕੰਮ ਕਰਨ ਲਈ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਸੁਣਾਈਆਂ। ਇਸ ਦੌਰਾਨ ਲੋਕਾਂ ਦੀ ਭੀੜ ਨੂੰ ਦੇਖ ਕੇ ਇਨ੍ਹਾਂ ਨੇ ਉੱਥੇ ਇੱਕ ਪਲ ਵੀ ਰੁਕਣਾ ਸਹੀ ਨਹੀਂ ਸਮਝਿਆ ਅਤੇ ਮੌਕਾ ਬਚਾ ਕੇ ਲੋਕਾਂ ਤੋਂ ਬਚ ਕੇ ਨਿਕਲ ਗਏ।

ਗਰਲ ਫ੍ਰੈਂਡਾਂ ਨੂੰ ਐਸ਼ ਕਰਵਾਉਣ ਲਈ ਬਣੇ ਲੁਟੇਰੇ

ਅੰਮ੍ਰਿਤਸਰ ਪੁਲਿਸ ਦੇ ਸੀ. ਆਈ. ਈ. ਸਟਾਫ ਨੇ ਆਪਣੀ ਗਰਲ ਫ੍ਰੈਂਡ  ਨੂੰ ਐਸ਼ ਕਰਵਾਉਣ ਲਈ ਲੁਟੇਰੇ  ਬਣੇ 2 ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਕਮਿਸ਼ਨਰ ਆਰ. ਪੀ. ਮਿੱਤਲ ਨੇ ਦੱਸਿਆ ਕਿ ਦੋਵੇਂ ਲੁਟੇਰੇ ਗਿਆਰਵੀਂ ਅਤੇ ਬਾਰਵੀਂ ਜਮਾਤ  ਦੇ ਵਿਦਿਆਰਥੀ ਹਨ ਅਤੇ ਆਪਣੀ ਗਰਲ ਫ੍ਰੈਂਡਾਂ ਨੂੰ ਐਸ਼ ਕਰਵਾਉਣ ਲਈ ਲੁੱਟ-ਖਸੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।
ਪੁਲਿਸ ਨੇ ਦੋਸ਼ੀਆਂ ਕੋਲੋਂ 4 ਲੱਖ ਕੀਮਤ ਦੇ ਗਹਿਣਿਆਂ  ਦੇ ਨਾਲ ਵਿਦੇਸ਼ੀ ਨਗਦੀ ਵੀ ਬਰਾਮਦ ਕੀਤੀ ਹੈ
ਇਹ ਦੋਵੇਂ ਮਿਲ ਕੇ ਹੁਣ ਅੰਮ੍ਰਿਤਸਰ ਅਤੇ ਇਸਦੇ ਨੇੜੇ ਤੇੜੇ ਦੇ ਇਲਾਕਿਆਂ ਵਿੱਚ 46 ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਇਨ੍ਹਾਂ ਦੋਹਾਂ ਦੇ ਨਿਸ਼ਾਨਿਆਂ 'ਤੇ ਸਥਾਨਕ ਲੋਕਾਂ ਦੇ ਨਾਲ-ਨਾਲ ਵਿਦੇਸ਼ ਤੋਂ ਆਉਣ ਵਾਲੇ ਲੋਕ ਵੀ ਹੁੰਦੇ ਸਨ ਜਿਨ੍ਹਾਂ ਤੋਂ ਇਹ ਦੋਵੇਂ ਲੁਟੇਰੇ ਨਗਦੀ ਅਤੇ ਗਹਿਣੇ ਖੋਹ ਲੈਂਦੇ ਸਨ।
ਚੰਡੀਗੜ੍ਹ, 18 ਮਈ -ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਆਜ਼ਾਦੀ ਘੁਲਾਟੀਏ ਸ਼ਹੀਦ ਮਦਨ ਲਾਲ ਢੀਂਗਰਾ ਦੇ ਅੰਮ੍ਰਿਤਸਰ ਦੇ ਕੱਟੜਾ ਸ਼ੇਰ ਸਿੰਘ ਵਿਖੇ ਸਥਿਤ ਜੱਦੀ ਘਰ ਨੂੰ ਉਸਦੇ ਭਤੀਜੇ ਸਵ. ਮੁਕੰਦ ਲਾਲ ਢੀਂਗਰੇ ਦੇ ਪਰਿਵਾਰ ਵੱਲੋਂ ਕਿਸੇ ਨੂੰ ਵੇਚਣ 'ਤੇ ਰੋਕ ਲਗਾਉਣ ਦਾ ਹੁਕਮ ਸੁਣਾਇਆ ਹੈ। ਵਕੀਲ ਐਚ. ਸੀ. ਅਰੋੜਾ ਵੱਲੋਂ ਜਨਹਿੱਤ ਪਟੀਸ਼ਨ ਰਾਹੀਂ ਮੰਗ ਕੀਤੀ ਗਈ ਸੀ ਕਿ ਢੀਂਗਰਾ ਦੇ ਘਰ ਨੂੰ ਸਾਂਭਣਯੋਗ ਸਮਾਰਕ ਘੋਸ਼ਿਤ ਕਰਕੇ ਉਸਦੇ ਵਾਰਸਾਂ ਨੂੰ ਇਸ ਨੂੰ ਵੇਚਣ ਤੋਂ ਰੋਕਿਆ ਜਾਵੇ। ਅੱਜ ਮੁਕੱਦਮੇ ਨੇ ਉਦੋਂ ਨਾਟਕੀ ਮੋੜ ਕੱਟਿਆ ਜਦੋਂ ਸਵ. ਮੁਕੰਦ ਲਾਲ ਦੀ ਪਤਨੀ ਬਿਮਲਾ ਢੀਂਗਰਾ, ਪੁੱਤਰ ਸਮਸ਼ੇਰ ਢੀਂਗਰਾ ਅਤੇ ਬਿਕਰਮ ਢੀਂਗਰਾ ਅਤੇ ਧੀ ਰੀਤੂ ਢੀਂਗਰਾ ਨੇ ਇਕ ਅਰਜ਼ੀ ਦਾਇਰ ਕਰਕੇ ਇਸ ਰਿੱਟ ਵਿਚ ਧਿਰ ਬਣਨ ਦੀ ਮੰਗ ਕੀਤੀ। ਜਿਸ ਨੂੰ ਐਕਟਿੰਗ ਚੀਫ਼ ਜਸਟਿਸ ਐਮ. ਐਮ. ਕੁਮਾਰ ਅਤੇ ਆਲੋਕ ਸਿੰਘ ਦੇ ਬੈਂਚ ਨੇ ਮਨਜ਼ੂਰ ਕਰਦੇ ਹੋਏ ਉਨ੍ਹਾਂ ਨੂੰ ਸੁਣਵਾਈ ਦੀ ਅਗਲੀ ਮਿਤੀ 26 ਜੁਲਾਈ ਤੱਕ ਮਕਾਨ ਨੂੰ ਵੇਚਣ ਤੋਂ ਰੋਕਿਆ ਹੈ।
ਰੋਮ, 18 ਮਈ -ਕੇਰਲ ਪੁਲਿਸ ਵੱਲੋਂ ਦੋ ਇਤਾਲਵੀ ਨਾਗਰਿਕਾਂ ਖਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 302 ਦੇ ਤਹਿਤ ਅਦਾਲਤ ਵਿਚ ਦੋਸ਼ ਪੱਤਰ ਦਾਇਰ ਕਰਨ ਦਾ ਵਿਰੋਧ ਕਰਦਿਆਂ ਅੱਜ ਇਟਲੀ ਸਰਕਾਰ ਨੇ ਭਾਰਤ ਵਿਚਲੇ ਆਪਣੇ ਰਾਜਦੂਤ ਨੂੰ ਵਾਪਸ ਆਪਣੇ ਦੇਸ਼ ਬੁਲਾ ਲਿਆ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਦੋਵਾਂ ਇਤਾਲਵੀ ਜਲ ਸੈਨਿਕਾਂ ਨੇ ਫਰਵਰੀ 2012 ਨੂੰ ਕੇਰਲ ਰਾਜ ਨਾਲ ਸਬੰਧਤ 6 ਭਾਰਤੀ ਮੁਛੇਰਿਆਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਭਾਰਤੀ ਕਾਨੂੰਨ ਮੁਤਾਬਿਕ ਇਨ੍ਹਾਂ ਦੋਵਾਂ ਇਤਾਲਵੀ ਸੈਨਿਕਾਂ ਨੂੰ ਉਮਰ ਕੈਦ ਤੋਂ ਲੈ ਕੇ ਮੌਤ ਤੱਕ ਦੀ ਸਜਾ ਹੋ ਸਕਦੀ ਹੈ।


ਚੰਡੀਗੜ੍ਹ, 18 ਮਈ - ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਤੇ ਹਸਪਤਾਲ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਹੋਣ ਬਾਰੇ ਅੱਜ ਉਸ ਵੇਲੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਜਦੋਂ ਇਸ ਕਾਲਜ ਤੇ ਹਸਪਤਾਲ ਨੂੰ ਚਲਾ ਰਹੇ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਟਰੱਸਟ ਨੇ ਸੂਚਨਾ ਕਮਿਸ਼ਨ ਪੰਜਾਬ ਦੀ ਅਦਾਲਤ ਵਿਚ ਤੱਥ ਪੇਸ਼ ਕਰਦਿਆਂ ਇਹ ਸਪੱਸ਼ਟ ਤੌਰ 'ਤੇ ਆਖ ਦਿੱਤਾ ਕਿ ਉਪਰੋਕਤ ਕਾਲਜ ਸ਼੍ਰੋਮਣੀ ਕਮੇਟੀ ਅਧੀਨ ਨਹੀਂ ਹੈ ਅਤੇ ਨਾ ਹੀ ਇਹ ਕਾਲਜ ਸ਼੍ਰੋਮਣੀ ਕਮੇਟੀ ਵੱਲੋਂ ਚਲਾਇਆ ਜਾ ਰਿਹਾ ਹੈ, ਜਦ ਕਿ ਮੁੱਖ ਸੂਚਨਾ ਕਮਿਸ਼ਨਰ ਪੰਜਾਬ ਨੇ ਇਸ ਮਾਮਲੇ ਸੰਬੰਧੀ ਸੁਣਾਏ ਆਪਣੇ ਫੈਸਲੇ ਵਿਚ ਉਪਰੋਕਤ ਮੈਡੀਕਲ ਕਾਲਜ ਨੂੰ ਸ਼੍ਰੋਮਣੀ ਕਮੇਟੀ ਦਾ ਹੀ ਇਕ ਹਿੱਸਾ ਕਰਾਰ ਦਿੰਦਿਆਂ ਇਸ ਕਾਲਜ ਨੂੰ ਚਲਾਉਣ ਵਾਲੇ ਟਰੱਸਟ ਨੂੰ ਸੂਚਨਾ ਅਧਿਕਾਰ ਐਕਟ ਦੇ ਘੇਰੇ ਅਧੀਨ ਲੈਣ ਦਾ ਐਲਾਨ ਕਰ ਦਿੱਤਾ ਹੈ।
ਸੂਚਨਾ ਕਮਿਸ਼ਨ ਦੀ ਅਦਾਲਤ ਵਿਚ ਪਹੁੰਚੇ ਇਸ ਮਾਮਲੇ ਅਨੁਸਾਰ ਹਰਿਆਣੇ ਦੇ ਰਹਿਣ ਵਾਲੇ ਡਾ. ਸੰਦੀਪ ਕੁਮਾਰ ਗੁਪਤਾ ਨਾਮ ਦੇ ਵਿਅਕਤੀ ਨੇ ਸੂਚਨਾ ਅਧਿਕਾਰ ਤਹਿਤ ਉਪਰੋਕਤ ਮੈਡੀਕਲ ਕਾਲਜ ਤੋਂ ਜਾਣਕਾਰੀਆਂ ਮੰਗੀਆਂ ਸਨ ਅਤੇ ਡਾ. ਗੁਪਤਾ ਦਾ ਕਹਿਣਾ ਸੀ ਕਿ ਇਹ ਮੈਡੀਕਲ ਕਾਲਜ ਸ਼੍ਰੋਮਣੀ ਕਮੇਟੀ ਦਾ ਇਕ ਹਿੱਸਾ ਹੈ, ਜੋ ਕਿ ਸਿੱਖ ਗੁਰਦੁਆਰਾ ਐਕਟ 1925 ਦੀ ਰਚਨਾ ਹੈ। ਪਰ ਇਸ ਕਾਲਜ ਨੂੰ ਚਲਾ ਰਹੇ ਗੁਰੂ ਰਾਮਦਾਸ ਚੈਰੀਟੇਬਲ ਟਰੱਸਟ ਨੇ ਇਹ ਕਹਿੰਦਿਆਂ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਇਸ ਟਰੱਸਟ ਨੂੰ ਨਾ ਤਾਂ ਸਰਕਾਰ ਨੇ ਕਦੇ ਵਿੱਤੀ ਮੱਦਦ ਦਿੱਤੀ ਹੈ ਤੇ ਨਾ ਹੀ ਇਹ ਸ਼੍ਰੋਮਣੀ ਕਮੇਟੀ ਅਧੀਨ ਆਉਂਦਾ ਹੈ। ਟਰੱਸਟ ਦਾ ਇਹ ਵੀ ਕਹਿਣਾ ਸੀ ਕਿ ਕਾਲਜ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਚਲਾਇਆ ਨਹੀਂ ਜਾ ਰਿਹਾ ਅਤੇ
ਚੰਡੀਗੜ੍ਹ, 18 ਮਈ -ਪੰਜਾਬ ਵਿਚ ਇਸ ਸਾਲ ਦੇ ਪਹਿਲੇ 4 ਮਹੀਨਿਆਂ ਵਿਚ ਸ਼ਰਾਬ ਪੀ ਕੇ ਵਾਹਨ ਚਲਾ ਰਹੇ ਵਿਅਕਤੀਆਂ ਦੇ ਸਿਰਫ਼ 346 ਚਲਾਨ ਕੀਤੇ ਗਏ ਹਨ, ਜਦ ਕਿ ਚੰਡੀਗੜ੍ਹ ਵਿਚ ਇਸ ਸਮੇਂ ਦੌਰਾਨ 1886 ਵਿਅਕਤੀਆਂ ਨੂੰ ਅਦਾਲਤ ਵੱਲੋਂ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ ਵਿਚ ਸਜ਼ਾ ਸੁਣਾਈ ਗਈ ਹੈ। ਸਾਲ 2011 ਵਿਚ ਪੰਜਾਬ ਵਿਚ 1888 ਅਤੇ ਚੰਡੀਗੜ੍ਹ ਵਿਚ 4679 ਵਿਅਕਤੀ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਫੜੇ ਗਏ ਸਨ। ਇਨ੍ਹਾਂ ਅੰਕੜਿਆਂ ਤੋਂ ਅਜਿਹਾ ਲੱਗ ਰਿਹਾ ਹੈ ਕਿ ਪੰਜਾਬ ਵਿਚ ਜਾਂ ਤਾਂ ਲੋਕਾਂ ਨੇ ਸ਼ਰਾਬ ਪੀਣੀ ਛੱਡ ਦਿੱਤੀ ਹੈ ਜਾਂ ਪੰਜਾਬ ਪੁਲਿਸ ਸ਼ਰਾਬੀ ਡਰਾਈਵਰਾਂ ਦਾ ਚਲਾਨ ਨਹੀਂ ਕਰ ਰਹੀ ਹੈ। ਪੰਜਾਬ ਵਿਚ ਵਾਹਨਾਂ ਦੇ ਸ਼ੀਸ਼ਿਆਂ 'ਤੇ ਕਾਲੀਆਂ ਫ਼ਿਲਮਾਂ ਨੂੰ ਉਤਾਰਨ ਲਈ ਵੀ ਢਿੱਲਾ-ਮੱਠਾ ਕੰਮ ਚੱਲ ਰਿਹਾ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਐੇਸ.ਐਸ.ਪੀ. ਅਤੇ ਪੁਲਿਸ ਕਮਿਸ਼ਨਰਾਂ ਨੂੰ 28 ਮਈ ਤੱਕ ਇਹ ਹਲਫ਼ਨਾਮਾ ਦਾਇਰ ਕਰਨ ਲਈ ਕਿਹਾ ਹੈ ਕਿ ਸਟੇਟ ਹਾਈਵੇਅ, ਨੈਸ਼ਨਲ ਹਾਈਵੇਅ, ਨਗਰਪਾਲਿਕਾ, ਨਗਰ ਨਿਗਮਾਂ ਅਤੇ ਸ਼ਹਿਰਾਂ ਦੀ ਹੱਦ ਵਿਚਲੀਆਂ ਸੜਕਾਂ ਦੇ ਕਿਨਾਰਿਆਂ 'ਤੇ ਗੱਡੀਆਂ ਖੜ੍ਹੀਆਂ ਕਰਨ ਤੋਂ ਰੋਕਣ ਲਈ ਕੀ ਕਦਮ ਚੁੱਕੇ ਗਏ ਹਨ। ਕੀ ਸ਼ਰਾਬੀ ਡਰਾਈਵਰਾਂ ਨੂੰ ਚਲਾਨ ਕੱਟਣ ਤੋਂ ਇਲਾਵਾ ਸਜ਼ਾ ਦੇਣ ਲਈ ਜੁਡੀਸ਼ੀਅਲ ਮੈਜਿਸਟਰੇਟਾਂ ਨੂੰ ਪੁਲਿਸ ਵੱਲੋਂ ਬੇਨਤੀ ਕੀਤੀ ਗਈ ਹੈ ਕਿ ਨਹੀਂ। ਮਾਨਯੋਗ ਜਸਟਿਸ ਰਾਜੀਵ ਭੱਲਾ ਨੇ ਵਿਕਰਮ ਸ਼ਾਰਦਾ ਦੀ ਰਿੱਟ 'ਤੇ ਸੁਣਵਾਈ ਦੌਰਾਨ ਚੰਡੀਗੜ੍ਹ ਪ੍ਰਸ਼ਾਸਨ ਨੂੰ ਹਰੇਕ ਟ੍ਰੈਫਿਕ ਲਾਈਟਸ 'ਤੇ ਫ਼ਲੈਸ਼ ਸਹਿਤ ਰਾਤ ਨੂੰ ਵੇਖਣ ਵਾਲੇ ਕੈਮਰੇ ਲਗਾਉਣ ਲਈ ਕਿਹਾ ਹੈ। ਬੈਂਚ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵੱਲੋਂ ਸੀਟ ਬੈਲਟਾਂ ਲਾਉਣ, ਡਰਾਈਵਿੰਗ ਦੌਰਾਨ ਮੋਬਾਈਲ ਦੀ ਵਰਤੋਂ ਰੋਕਣ, ਹੈਲਮਟ ਪਾਉਣ, ਤੇਜ਼ ਸਪੀਡ ਅਤੇ ਗ਼ਲਤ ਪਾਸੇ ਡਰਾਈਵਿੰਗ ਨੂੰ ਰੋਕਣ ਸਬੰਧੀ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਮੰਗੀ ਹੈ।
ਨਵੀਂ ਦਿੱਲੀ, 18 ਮਈ -ਇਨ੍ਹਾਂ ਦੋਸ਼ਾਂ ਕਿ ਲਾਭਪਾਤਰੀਆਂ ਤਕ ਸਬਸਿਡੀ ਨਹੀਂ ਪਹੁੰਚ ਰਹੀ ਸਰਕਾਰ ਨੇ ਅੱਜ ਕਿਹਾ ਕਿ ਉਸ ਦਾ ਕਿਸਾਨਾਂ ਨੂੰ ਸਿੱਧੇ ਤੌਰ 'ਤੇ ਸਬਸਿਡੀ ਦੇਣ ਦਾ ਇਰਾਦਾ ਹੈ ਅਤੇ ਇਹ ਪ੍ਰਾਜੈਕਟ ਜੂਨ ਦੇ ਅਖੀਰ ਵਿਚ ਲਾਗੂ ਹੋ ਜਾਵੇਗਾ ਜਿਸ ਤਹਿਤ ਫੁੱਟਕਲ ਵਿਕਰੇਤਾ ਪੱਧਰ 'ਤੇ ਸਬਸਿਡੀ ਦਿੱਤੀ ਜਾਵੇਗੀ। ਥੋੜੇ ਸਮੇਂ ਦੇ ਨੋਟਿਸ ਵਾਲੇ ਸਵਾਲ ਦਾ ਜਵਾਬ ਦਿੰਦਿਆਂ ਰਸਾਇਣ ਅਤੇ ਖਾਦਾਂ ਬਾਰੇ ਰਾਜ ਮੰਤਰੀ ਸ੍ਰੀਕਾਂਤ ਜੇਨਾ ਨੇ ਕਿਹਾ ਕਿ ਅਸੀਂ ਫ਼ੈਸਲਾ ਕੀਤਾ ਹੈ ਕਿ ਜੂਨ ਤੋਂ ਸਬਸਿਡੀ ਦੇਣੀ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਵਾਰ ਜਦੋਂ ਫੁੱਟਕਲ ਵਿਕਰੇਤਾ ਸਟਾਕ ਪ੍ਰਾਪਤ ਕਰ ਲੈਣਗੇ ਤਾਂ ਲਾਭਪਾਤਰੀ ਕਿਸਾਨਾਂ ਦੀ ਪਛਾਣ ਕਰਨ ਪਿੱਛੋਂ ਸਬਸਿਡੀ ਜਾਰੀ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮੁੱਖ ਪ੍ਰਾਜੈਕਟ 'ਤੇ ਕੰਮ ਚਲ ਰਿਹਾ ਹੈ ਅਤੇ ਜੂਨ ਦੇ ਅਖੀਰ ਵਿਚ ਇਸ ਨੂੰ ਸਾਰੇ ਦੇਸ਼ ਵਿਚ ਲਾਗੂ ਹੋ ਜਾਣ ਦੀ ਆਸ ਹੈ। ਉਨ੍ਹਾਂ ਕਿਹਾ ਕਿ ਨੰਦਨ ਨਿਲੇਕਨੀ ਦੀ ਅਗਵਾਈ ਵਿਚ ਕਮੇਟੀ ਨੇ ਸਬਸਿਡੀ ਲਈ ਇਕ ਯੋਜਨਾ ਤਿਆਰ ਕੀਤੀ ਹੈ। ਵਿਤ ਮੰਤਰੀ ਪ੍ਰਣਾਬ ਮੁਖਰਜੀ ਨੇ ਬਜਟ ਭਾਸ਼ਣ ਦੌਰਾਨ ਐਲਾਨ ਕੀਤਾ ਸੀ ਕਿ ਕਿਸਾਨਾਂ ਨੂੰ ਸਿੱਧੀ ਸਬਸਿਡੀ ਦਿੱਤੀ ਜਾਵੇਗੀ। ਸ੍ਰੀ ਜੇਨਾ ਨੇ ਸੂਬਾ ਸਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਇਹ ਗੱਲ ਯਕੀਨੀ ਬਣਾਉਣ ਕਿ ਖਾਦਾਂ ਦੀ ਕਾਲਾਬਾਜ਼ਾਰੀ ਨਾ ਹੋਵੇ ਅਤੇ ਉਨ੍ਹਾਂ ਗੁਜਰਾਤ ਅਤੇ ਉੱਤਰ ਪ੍ਰਦੇਸ਼ ਸਰਕਾਰਾਂ ਨੂੰ ਖਾਦਾਂ ਤੋਂ ਕਰ ਅਤੇ ਵੈਟ ਚੁੱਕਣ ਲਈ ਕਿਹਾ ਹੈ। ਸਮਾਜਵਾਦੀ ਪਾਰਟੀ ਦੇ ਨਰੇਸ਼ ਅਗਰਵਾਲ ਦੇ ਸਵਾਲ ਦਾ ਜਵਾਬ ਦਿੰਦਿਆਂ ਸ੍ਰੀ ਜੇਨਾ ਨੇ ਕਿਹਾ ਕਿ ਸਬਸਿਡੀ ਕਾਫੀ ਹੈ ਅਤੇ 2011-12 ਵਿਚ 90 ਹਜ਼ਾਰ ਕਰੋੜ ਰੁਪਏ ਦੀ ਸਬਸਿਡੀ ਦਿੱਤੀ ਗਈ ਸੀ ਪਰ ਭਾਰਤ ਖਾਦਾਂ ਦੀ ਕੱਚੀ ਸਮੱਗਰੀ ਵੱਡੀ ਮਾਤਰਾ ਵਿਚ ਦਰਾਮਦ ਕਰਦਾ ਹੈ ਇਸ ਲਈ ਕੀਮਤਾਂ ਅੰਤਰਰਾਸ਼ਟਰੀ ਬਾਜ਼ਾਰ ਦੀਆਂ ਦਰਾਂ 'ਤੇ ਆਧਾਰਤ ਹੁੰਦੀਆਂ ਹਨ।
ਚੰਡੀਗੜ੍ਹ, 18 ਮਈ  - ਪੰਜਾਬ ਸਰਕਾਰ ਨੇ ਸੂਬੇ ਵਿਚ ਡਿਪੂ ਹੋਲਡਰਾਂ ਦੀ ਚੱਲ ਰਹੀ ਹੜਤਾਲ ਦੇ ਮੱਦੇਨਜ਼ਰ ਆਪਣੇ ਵਿਸ਼ੇਸ਼ ਪ੍ਰੋਗਰਾਮ ਆਟਾ ਦਾਲ ਸਕੀਮ ਰਾਹੀਂ ਕਣਕ ਤੇ ਦਾਲ ਵੰਡਣ ਦੀ ਜ਼ਿੰਮੇਂਵਾਰੀ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ ਨੂੰ ਸੌਂਪਣ ਦਾ ਫ਼ੈਸਲਾ ਕੀਤਾ ਹੈ। ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਅੱਜ ਇੱਥੇ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਇਸ ਸਬੰਧ ਵਿਚ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਸਕੱਤਰ ਅਤੇ ਵਿੱਤ ਕਮਿਸ਼ਨਰ (ਸਹਿਕਾਰਤਾ) ਨੂੰ ਵਿਸਥਾਰ ਵਿਚ ਹਦਾਇਤਾਂ ਪਹਿਲਾਂ ਹੀ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਤਾਂ ਜੋ ਸੂਬੇ ਦੀਆਂ 3500 ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ ਦੇ ਨੈਟਵਰਕ ਰਾਹੀਂ ਯੋਗ ਲਾਭਪਾਤਰੀਆਂ ਨੂੰ ਬਿਨਾ ਕਿਸੇ ਦਿੱਕਤ ਤੋਂ ਕਣਕ ਤੇ ਦਾਲ ਦੀ ਸਪਲਾਈ ਯਕੀਨੀ ਬਣਾਈ ਜਾ ਸਕੇ। ਇਸੇ ਤਰ੍ਹਾਂ ਬੁਲਾਰੇ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਡਿਪੂ ਹੋਲਡਰਾਂ ਨੂੰ ਜਨਤਕ ਹਿੱਤਾਂ ਦੇ ਮੱਦੇਨਜ਼ਰ ਹੜਤਾਲ ਤੁਰੰਤ ਵਾਪਸ ਲੈਣ ਦੀ ਅਪੀਲ ਕੀਤੀ, ਕਿਉਂਕਿ ਸਰਕਾਰ ਲੋੜਵੰਦਾਂ ਨੂੰ ਆਟਾ ਦਾਲ ਸਕੀਮ ਤਹਿਤ ਰਾਸ਼ਨ ਵੰਡਣ ਨੂੰ ਯਕੀਨੀ ਬਣਾਉਣ ਲਈ ਪੂਰਣ ਤੌਰ 'ਤੇ ਵਚਨਬੱਧ ਹੈ। ਵਰਨਣਯੋਗ ਹੈ ਕਿ ਡਿਪੂ ਹੋਲਡਰਾਂ ਦੀ ਹੜਤਾਲ ਕਾਰਨ ਆਟਾ ਦਾਲ ਸਕੀਮ ਹੇਠ ਲਾਭਪਾਤਰੀਆਂ ਨੂੰ ਖਾਦ ਪਦਾਰਥਾਂ ਦੀ ਵੰਡ ਦੇ ਕੰਮ ਵਿਚ ਇੱਕ ਤਰ੍ਹਾਂ ਨਾਲ ਖੜੋਤ ਆ ਗਈ ਸੀ ਅਤੇ ਸਰਕਾਰ ਨੂੰ ਲਗਾਤਾਰ ਇਸ ਸਬੰਧੀ ਸ਼ਿਕਾਇਤਾਂ ਮਿਲ ਰਹੀਆਂ ਹਨ।
ਸਾਹਨੇਵਾਲ/ਕੁਹਾੜਾ 18 ਮਈ  - ਅੱਜ ਤੜਕੇ ਪਿੰਡ ਜੰਡਿਆਲੀ ਦੀ ਦਾਣਾ ਮੰਡੀ ਵਿਖੇ ਚੋਰੀ ਦਾ ਸਰੀਆ ਵੇਚਣ ਤੋਂ ਬਾਅਦ ਪੈਸੇ ਵੰਡਣ ਸਮੇਂ ਤਿੰਨ ਪ੍ਰਵਾਸੀ ਨੌਜਵਾਨਾਂ ਵਿਚ ਹੋਏ ਮਾਮੂਲੀ ਤਕਰਾਰ ਨੇ ਖ਼ੂਨੀ ਰੂਪ ਧਾਰਨ ਕਰ ਲਿਆ ਅਤੇ ਇਸ ਤਕਰਾਰ ਵਿਚ ਇਕ ਨੌਜਵਾਨ ਨੇ ਆਪਣੇ ਹੀ ਦੋ ਸਾਥੀਆਂ ਦਾ ਕਤਲ ਕਰ ਦਿੱਤਾ। ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਿੰਡ ਜੰਡਿਆਲੀ ਵਿਖੇ ਹੋਏ ਦੋਹਰੇ ਕਤਲ ਕਾਂਡ ਦੀ ਜਾਣਕਾਰੀ ਮਿਲਦਿਆਂ ਹੀ ਅਸ਼ੀਸ਼ ਚੌਧਰੀ ਡਿਪਟੀ ਕਮਿਸ਼ਨਰ ਪੁਲਿਸ, ਸ਼ੁਸ਼ੀਲ ਕੁਮਾਰ ਏ. ਡੀ. ਸੀ. ਪੀ-4 ਲੁਧਿਆਣਾ, ਜਸਵਿੰਦਰ ਸਿੰਘ ਏ. ਸੀ. ਪੀ ਸਾਹਨੇਵਾਲ, ਕੁਲਵੰਤ ਸਿੰਘ ਥਾਣਾ ਮੁਖੀ ਸਾਹਨੇਵਾਲ ਅਤੇ ਬਲਵੀਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪੁੱਜ ਗਏ। ਜਾਣਕਾਰੀ ਅਨੁਸਾਰ ਅੱਜ ਤੜਕੇ 4 ਵਜੇ ਦੇ ਕਰੀਬ ਤਿੰਨ ਪ੍ਰਵਾਸੀ ਪਿੰਡ ਜੰਡਿਆਲੀ ਦੇ ਵਸਨੀਕ ਲਖਵੀਰ ਸਿੰਘ ਦੇ ਘਰ ਲੈਂਟਰ ਦਾ ਸਰੀਆ ਬੰਨ੍ਹ ਕੇ ਵਿਹਲੇ ਹੋ ਗਏ ਸਨ, ਜਿੰਨ੍ਹਾਂ ਨੂੰ 4 ਵਜੇ ਦੇ ਕਰੀਬ ਲਖਵੀਰ ਸਿੰਘ ਉਨ੍ਹਾਂ ਦੀ ਝੁੱਗੀ ਵਿਚ ਛੱਡ ਕੇ ਵਾਪਸ ਆਪਣੇ ਘਰ ਚਲਾ ਗਿਆ। ਜਦੋਂ ਲਖਵੀਰ ਸਿੰਘ ਤਿੰਨੇ ਪ੍ਰਵਾਸੀਆਂ ਨੂੰ ਛੱਡ ਕੇ ਵਾਪਸ ਆਇਆ ਤਾਂ ਬੀਤੇ ਦਿਨ ਚੋਰੀ ਦਾ ਸਰੀਆ ਵੇਚਣ ਤੋਂ ਬਾਅਦ ਚੰਦਰ ਮਹੰਤੋਂ, ਦਿਨੇਸ਼ ਮਹੰਤੋ ਤੇ ਨੌਸ਼ਾਦ ਨੇ ਆਪਸ ਵਿਚ ਹਿਸਾਬ ਨਹੀਂ ਕੀਤਾ। ਤਿੰਨੇ ਪ੍ਰਵਾਸੀ ਚੋਰੀ ਦੇ ਸਰੀਏ ਦਾ ਹਿਸਾਬ ਕਰਦੇ ਹੋਏ ਆਪਸ ਵਿਚ ਲੜਾਈ ਕਰਨ ਲੱਗ ਪਏ। ਤਿੰਨ੍ਹਾਂ ਵਿਚ ਤਕਰਾਰ ਏਨਾ ਵੱਧ ਗਿਆ ਕਿ ਨੌਸ਼ਾਦ ਨੇ ਦਿਨੇਸ਼ ਦੇ ਢਿੱਡ ਵਿਚ ਚਾਕੂ ਮਾਰ ਦਿੱਤਾ ਅਤੇ ਚੰਦਰ ਮਹੰਤੋ ਨੇ ਨੌਸ਼ਾਦ ਦੇ ਢਿੱਡ ਵਿਚ ਸਰੀਆ ਮਾਰ ਦਿੱਤਾ। ਖ਼ੂਨੀ ਲੜਾਈ ਵਿਚ ਦਿਨੇਸ਼ ਮਹੰਤੋ (24) ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਗੰਭੀਰ ਰੂਪ ਵਿਚ ਜ਼ਖ਼ਮੀਂ ਨੌਸ਼ਾਦ (23) ਦੀ ਹਸਪਤਾਲ ਜਾਂਦੇ ਸਮੇਂ ਮੌਤ ਹੋ ਗਈ। ਪੁਲਿਸ ਨੇ ਵਿਜੇ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਭਾਗਪੁਰ ਸੁਰੱਖਿਆ ਗਾਰਡ ਐਕਮੇ ਟਾਊਨਸ਼ਿਪ ਦੇ ਬਿਆਨ 'ਤੇ ਆਪਣੇ ਸਾਥੀਆਂ ਦਾ ਕਤਲ ਕਰਨ ਵਾਲੇ ਚੰਦਰ ਮਹੰਤੋ ਦੇ ਖਿਲਾਫ਼ ਧਾਰਾ-302 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਲੁਧਿਆਣਾ, 18 ਮਈ-ਲੁਧਿਆਣਾ ਪੁਲਿਸ ਨੇ ਅੱਜ ਦੇਰ ਰਾਤ ਪਿੰਡ ਜੰਡਿਆਲੀ ਵਿਚ ਹੋਏ ਦੋਹਰੇ ਕਤਲ ਕਾਂਡ ਦੇ ਮਾਮਲੇ ਵਿਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਦੀ ਸ਼ਨਾਖਤ ਚੰਦਰ ਮੋਹੰਤੋ ਵਜੋਂ ਕੀਤੀ ਗਈ ਹੈ ਅਤੇ ਇਹ ਕਥਿਤ ਦੋਸ਼ੀ ਮ੍ਰਿਤਕ ਦਿਨੇਸ਼ ਅਤੇ ਨਿਸ਼ਾਦ ਦੇ ਨਾਲ ਹੀ ਕੰਪਨੀ ਵਿਚ ਕੰਮ ਕਰਦਾ ਸੀ ਅਤੇ ਇਥੋਂ ਇਹ ਸਮਾਨ ਚੋਰੀ ਕਰਕੇ ਵੇਚਦੇ ਸਨ। ਝਗੜੇ ਦੌਰਾਨ ਦਿਨੇਸ਼ ਅਤੇ ਨਿਸ਼ਾਦ ਦੀ ਮੌਤ ਹੋ ਗਈ।
ਨਵੀਂ ਦਿੱਲੀ, 18 ਮਈ -ਸਾਬਕਾ ਲੋਕ ਸਭਾ ਸਪੀਕਰ ਪੀ. ਏ. ਸੰਗਮਾ ਨੂੰ ਰਾਸ਼ਟਰਪਤੀ ਪਦ ਲਈ ਭਾਵੇਂ ਬੀਜੂ ਜਨਤਾ ਦਲ ਅਤੇ ਅੰਨਾ. ਡੀ. ਐਮ. ਕੇ. ਪਾਰਟੀਆਂ ਦਾ ਸਮਰਥਨ ਹਾਸਿਲ ਹੈ ਪ੍ਰੰਤੂ ਉਨ੍ਹਾਂ ਦੀ ਆਪਣੀ ਨੈਸ਼ਨਲ ਕਾਂਗਰਸ ਪਾਰਟੀ ਵਲੋਂ ਇਸ ਮਾਮਲੇ 'ਚ ਉਨ੍ਹਾਂ ਨੂੰ ਸਮਰਥਨ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸੰਗਮਾ ਨੇ ਨੈਸ਼ਨਲ ਕਾਂਗਰਸ ਪਾਰਟੀ ਦੇ ਮੁਖੀ ਸ੍ਰੀ ਸ਼ਰਦ ਪਵਾਰ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਤੋਂ ਬਾਅਦ ਸੰਗਮਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਯੂ. ਪੀ. ਏ. ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ ਅਤੇ ਇਸ ਲਈ ਅਸੀਂ ਇਸ ਮਾਮਲੇ 'ਚ ਉਨ੍ਹਾਂ ਤੋਂ ਵੱਖ ਹੋ ਕੇ ਕੋਈ ਫੈਸਲਾ ਨਹੀਂ ਕਰ ਸਕਦੇ। ਜ਼ਿਕਰਯੋਗ ਹੈ ਕਿ ਬੀਤੇ ਦਿਨੀ ਬੀਜੂ ਜਨਤਾ ਦਲ ਦੇ ਮੁਖੀ ਨਵੀਨ ਪਟਨਾਇਕ ਅਤੇ ਅੰਨਾ. ਡੀ. ਐਮ. ਕੇ. ਦੇ ਮੁਖੀ ਜੈਲਲਿਤਾ ਨੇ ਸੰਗਮਾ ਨੂੰ ਰਾਸ਼ਟਰਪਤੀ ਪਦ ਲਈ ਸਮਰਥਨ ਦੇਣ ਦਾ ਐਲਾਨ ਕੀਤਾ ਸੀ।
ਨਵੀਂ ਦਿੱਲੀ, 18 ਮਈ -ਡਾਕਟਰਾਂ ਦੇ ਪਿੰਡਾਂ ਵਿਚ ਸੇਵਾ ਲਈ ਨਾ ਜਾਣ ਦੇ ਰੁਝਾਨ 'ਤੇ ਚਿੰਤਾ ਜ਼ਾਹਿਰ ਕਰਦੇ ਹੋਏ ਸਰਕਾਰ ਨੇ ਅੱਜ ਕਿਹਾ ਕਿ ਇਸ ਤਰ੍ਹਾਂ ਦੀ ਨੀਤੀ ਬਣਾਈ ਜਾ ਰਹੀ ਹੈ ਜਿਸ ਤਹਿਤ ਹਰੇਕ ਐਮ. ਬੀ. ਬੀ. ਐਸ. ਡਾਕਟਰ ਨੂੰ ਲਾਜ਼ਮੀ ਤੌਰ 'ਤੇ ਇਕ ਸਾਲ ਪਿੰਡਾਂ ਵਿਚ ਸੇਵਾ ਨਿਭਾਉਣੀ ਪਵੇਗੀ। ਲੋਕ ਸਭਾ 'ਚ ਪ੍ਰਸ਼ਨ ਕਾਲ ਦੌਰਾਨ ਪੀ ਐਲ. ਪੂਨੀਆ ਦੇ ਪੂਰਕ ਪ੍ਰਸ਼ਨ ਦਾ ਜਵਾਬ ਦਿੰਦਿਆਂ ਸਿਹਤ ਤੇ ਪਰਿਵਾਰ ਕਲਿਆਣ ਮੰਤਰੀ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਪਿੰਡਾਂ ਵਿਚ ਡਾਕਟਰਾਂ ਨੂੰ ਭੇਜਣ ਦੀ ਸਮੱਸਿਆ ਦਾ ਸਾਬਕਾ ਮੰਤਰੀਆਂ ਨੂੰ ਵੀ ਸਾਹਮਣਾ ਕਰਨਾ ਪਿਆ ਹੈ। 2009-10 ਵਿਚ ਸਰਕਾਰ ਨੇ ਨਿਯਮ ਵਿਚ ਤਬਦੀਲੀ ਕਰਦੇ ਹੋਏ ਕਿਹਾ ਸੀ ਕਿ ਤਿੰਨ ਸਾਲ ਤੱਕ ਪਿੰਡਾਂ ਵਿਚ ਸੇਵਾ ਦੇਣ ਵਾਲੇ ਡਾਕਟਰਾਂ ਨੂੰ ਐਮ. ਡੀ. ਡਿਪਲੋਮੇ ਵਿਚ 50 ਫ਼ੀਸਦੀ ਰਾਖਵਾਂਕਰਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਨਵੇਂ ਐਮ. ਬੀ. ਬੀ. ਐਸ. ਡਾਕਟਰਾਂ ਨੂੰ ਪਿੰਡਾਂ ਵਿਚ ਇਕ ਸਾਲ ਦੇ ਸੇਵਾ ਦੇਣ 'ਤੇ ਐਮ. ਡੀ. ਵਿਚ 10 ਫ਼ੀਸਦੀ ਅੰਕ , ਦੋ ਸਾਲ ਦੇ ਸੇਵਾ 'ਤੇ 20 ਤੇ ਤਿੰਨ ਸਾਲ ਦੀ ਸੇਵਾ ਦੇਣ ਵਾਲੇ ਡਾਕਟਰਾਂ ਨੂੰ 30 ਫ਼ੀਸਦੀ ਅੰਕ ਦੇਣ ਦੀ ਵਿਵਸਥਾ ਕੀਤੀ ਗਈ ਸੀ। ਸ੍ਰੀ ਆਜ਼ਾਦ ਨੇ ਕਿਹਾ ਕਿ ਇੰਨੀਆਂ ਰਿਆਇਤਾਂ ਦੇਣ ਦੇ ਬਾਵਜੂਦ ਅਫਸੋਸ ਦੀ ਗੱਲ ਇਹ ਹੈ ਕਿ ਡਾਕਟਰਾਂ ਨੇ ਪਿੰਡਾਂ ਵਿਚ ਨਾ ਜਾਣ ਦਾ ਪ੍ਰਣ ਕੀਤਾ ਹੋਇਆ ਹੈ ਅਤੇ ਡਾਕਟਰ ਅਜਿਹੀ ਸੇਵਾ ਲਈ ਅੱਗੇ ਨਹੀਂ ਆ ਰਹੇ।
ਪਟਿਆਲਾ ਦੇ ਅੱਠ ਮੈਡੀਕਲ ਸਟੋਰਾਂ ਦੇ ਲਾਇਸੈਂਸ ਰੱਦ
ਨਵੀਂ ਦਿੱਲੀ, 18 ਮਈ - ਕੇਂਦਰ ਸਰਕਾਰ ਨੇ ਮੈਡੀਕਲ ਸਟੋਰਾਂ 'ਤੇ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਵਿਰੁੱਧ ਸਖਤ ਕਾਰਵਾਈ ਕਰਦਿਆਂ ਅੱਜ ਨੇਤਾ ਜੀ ਸੁਭਾਸ਼ ਚੰਦਰ ਨੈਸ਼ਨਲ ਇੰਸੀਟਿਊਟ ਆਫ ਸਪੋਰਟਸ ਪਟਿਆਲਾ ਦੇ ਨੇੜਲੇ ਅੱਠ ਮੈਡੀਕਲ ਸਟੋਰਾਂ ਦੇ ਲਾਇਸੈਂਸ ਰੱਦ ਕਰ ਦਿੱਤੇ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਗੁਲਾਮ ਨਬੀ ਅਜ਼ਾਦ ਨੇ ਅੱਜ ਲੋਕ ਸਭਾ 'ਚ ਸਵਾਲਾਂ ਦਾ ਉੱਤਰ ਦਿੰਦਿਆਂ ਕਿਹਾ ਕਿ ਭਾਰਤੀ ਡਰੱਗ ਐਕਟ 1945 ਦੀ ਉਲੰਘਣਾ ਕਰਨ ਦੇ ਦੋਸ਼ 'ਚ ਨੇਤਾ ਜੀ ਸੁਭਾਸ਼ ਚੰਦਰ ਨੈਸ਼ਨਲ ਇੰਸੀਟਿਊਟ ਆਫ ਸਪੋਰਟਸ ਪਟਿਆਲਾ ਦੇ ਨੇੜਲੇ ਅੱਠ ਮੈਡੀਕਲ ਸਟੋਰਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ। ਜਿਨ੍ਹਾਂ ਮੈਡੀਕਲ ਸਟੋਰਾਂ ਦੇ ਲਾਇਸੈਂਸ ਨੂੰ ਰੱਦ ਕੀਤੇ ਗਏ ਹਨ ਉਨ੍ਹਾਂ ਵਿਚ ਅਜੈ ਮੈਡੀਕਲ ਸਟੋਰ, ਹਰਜੀਤ ਮੈਡੀਕਲ ਸਟੋਰ, ਗਰਗ ਮੈਡੀਕਲ ਸਟੋਰ, ਮਾਡਰਨ ਮੈਡੀਕਲ ਹਾਲ, ਹਿੰਦ ਮੈਡੀਕਲ ਸਟੋਰ, ਚੀਫ ਮੈਡੀਕਲ ਸਟੋਰ, ਵੀ ਵੀ ਕੈਮਿਸਟ ਅਤੇ ਜੈ ਮਾਂ ਮੈਡੀਕਲ ਸਟੋਰ ਦਾ ਨਾਂਅ ਸ਼ਾਮਿਲ ਹੈ।