Monday 23 April 2012


ਸੂਬਾ ਸਰਕਾਰ ਲੋਕਾਂ ਦੇ ਸਰਬਪੱਖੀ ਵਿਕਾਸ
ਲਈ ਵਚਨਬੱਧ-ਮਜੀਠੀਆ

ਗੁ: ਸ੍ਰੀ ਦਮਦਮਾ ਸਾਹਿਬ ਵਿਖੇ ਕਰਵਾਏ ਗਏ ਧੰਨਵਾਦ ਸਮਾਗਮ ਦੌਰਾਨ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ (ਹੇਠਾਂ) ਹਾਜ਼ਰ ਲੋਕਾਂ ਦਾ ਵਿਸ਼ਾਲ ਇਕੱਠ। ਤਸਵੀਰਾਂ : ਐਮ.ਐਸ. ਘੁੰਮਣ ਹਾਜ਼ਰ ਲੋਕਾਂ ਦਾ ਵਿਸ਼ਾਲ ਇਕੱਠ।
ਬਟਾਲਾ/ਸ੍ਰੀ ਹਰਗੋਬਿੰਦਪੁਰ, 23 ਅਪ੍ਰੈਲ - ਕੈਬਨਿਟ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਦੀ ਰਹਿਨਮਾਈ ਹੇਠ ਮੁੱਖ ਸੰਸਦੀ ਸਕੱਤਰ ਅਤੇ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਦੇਸ ਰਾਜ ਧੁੱਗਾ ਵਲੋਂ ਗੁ: ਸ੍ਰੀ ਦਮਦਮਾ ਸਾਹਿਬ ਵਿਖੇ ਹਲਕੇ ਦੇ ਵੋਟਰਾਂ ਦਾ ਧੰਨਵਾਦ ਕਰਨ ਲਈ ਸਮਾਗਮ ਕਰਵਾਇਆ ਗਿਆ। ਸਮਾਗਮ ਤੋਂ ਪਹਿਲਾਂ ਸ: ਬਿਕਰਮ ਸਿੰਘ ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਲੋਕਾਂ ਦੇ ਸਰਬਪੱਖੀ ਵਿਕਾਸ ਕਰਨ ਲਈ ਵਚਨਬੱਧ ਹੈ ਅਤੇ ਲੋਕਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਨੂੰ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਵਿਚਲੀ ਕਾਂਗਰਸ ਸਰਕਾਰ ਨੇ ਹਮੇਸ਼ਾ ਪੰਜਾਬ ਨਾਲ ਪੈਰ-ਪੈਰ 'ਤੇ ਵਿਤਕਰਾ ਕੀਤਾ ਹੈ ਅਤੇ ਪੰਜਾਬ ਸੂਬੇ ਨੂੰ ਅਣਗੌਲਿਆਂ ਕਰਕੇ ਗੁਆਂਢੀ ਰਾਜਾਂ ਨੂੰ ਵੱਡੀਆਂ-ਵੱਡੀਆਂ ਵਿਸ਼ੇਸ਼ ਰਿਆਇਤਾਂ ਦਿੱਤੀਆਂ ਹਨ। ਕਾਂਗਰਸ ਦੀਆਂ ਲੋਕ ਵਿਰੋਧੀ ਨੀਤੀਆਂ ਕਰਕੇ ਹੀ ਪੰਜਾਬ ਦੇ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਮੂੰਹ ਨਹੀਂ ਲਾਇਆ। ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਖਜ਼ਾਨਾ ਖਾਲੀ ਹੋਣ ਸਬੰਧੀ ਕਾਂਗਰਸ ਵੱਲੋਂ ਫੈਲਾਈਆਂ ਜਾ ਰਹੀਆਂ ਅਫਵਾਹਾਂ ਨਿਰਆਧਾਰ ਹਨ। ਅਕਾਲੀ-ਭਾਜਪਾ ਸਰਕਾਰ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਵੱਡੇ ਉਪਰਾਲੇ ਕਰ ਰਹੀ ਹੈ ਅਤੇ ਸੂਬਾ ਸਰਕਾਰ ਸੂਰਜੀ ਊਰਜਾ ਰਾਹੀਂ ਬਿਜਲੀ ਪੈਦਾ ਕਰਨ ਲਈ ਯਤਨਸ਼ੀਲ ਹੈ। ਉਪਰੰਤ ਸਮਾਗਮ ਵਿਚ ਵੱਡੀ ਗਿਣਤੀ 'ਚ ਪਹੁੰਚੇ ਸਮੂਹ ਅਕਾਲੀ ਵਰਕਰਾਂ ਦਾ ਉਨ੍ਹਾਂ ਧੰਨਵਾਦ ਕੀਤਾ। ਇਸ ਮੌਕੇ ਸ੍ਰੀ ਦੇਸ ਰਾਜ ਸਿੰਘ ਧੁੱਗਾ ਨੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਅਤੇ ਸ: ਬਿਕਰਮ ਸਿੰਘ ਮਜੀਠੀਆ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਬਾਠ, ਸ: ਸੁਰਿੰਦਰ ਸਿੰਘ ਭੁਲੇਵਾਲ ਰਾਠਾ ਵਿਧਾਇਕ ਗੜ੍ਹਸ਼ੰਕਰ, ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ, ਕੁਲਬੀਰ ਸਿੰਘ ਪੱਡਾ ਮੀਡੀਆ ਸਲਾਹਕਾਰ, ਤਰਲੋਕ ਸਿੰਘ ਬਾਠ ਚੇਅਰਮੈਨ, ਕਸ਼ਮੀਰ ਸਿੰਘ ਬਰਿਆਰ, ਜਰਨੈਲ ਸਿੰਘ ਮਾਹਲ, ਜਥੇ: ਗੁਰਿੰਦਰਪਾਲ ਸਿੰਘ ਗੋਰਾ, ਜਥੇ: ਕੁਲਵੰਤ ਸਿੰਘ ਚੀਮਾ, ਚੇਅਰਮੈਨ ਮਲਕੀਤ ਸਿੰਘ ਮਧਰਾ, ਚੇਅਰਮੈਨ ਦਰਸ਼ਨ ਸਿੰਘ ਔਲਖ, ਮਾ: ਮਨਜੀਤ ਸਿੰਘ ਕੀੜੀ, ਪ੍ਰਧਾਨ ਪਿਆਰਾ ਸਿੰਘ ਟਾਂਡਾ, ਪ੍ਰਧਾਨ ਸੁਲੱਖਣ ਸਿੰਘ, ਮਾ: ਪ੍ਰੀਤਮ ਸਿੰਘ ਬੋਲੇਵਾਲ, ਮੇਜਰ ਸਿੰਘ ਤਲਵੰਡੀ, ਰਘਬੀਰ ਸਿੰਘ ਬਾਜਵਾ ਵਕਲ, ਕੇਵਲ ਸਿੰਘ ਰਿਆੜ, ਤੇਜਿੰਦਰ ਸਿੰਘ ਸ਼ਾਹ, ਗੁਲਜ਼ਾਰ ਸਿੰਘ ਔਲਖ, ਪ੍ਰਧਾਨ ਨਿਸ਼ਾਨ ਸਿੰਘ ਡੈਮ, ਬ੍ਰਿਜ ਮੋਹਣ ਮੱਪੀ, ਬੱਬੂ ਕਾਹਲੋਂ, ਨਵਦੀਪ ਸਿੰਘ ਪੰਨੂੰ, ਪ੍ਰਧਾਨ ਬਾਵਾ ਹਰਜੀਤ ਸਿੰਘ ਭੱਲਾ, ਚੇਅਰਮੈਨ ਪਰਮਿੰਦਰ ਸਿੰਘ ਪੱਡਾ, ਹਰਦਿਆਲ ਸਿੰਘ ਭਾਮ, ਹਰਦੇਵ ਸਿੰਘ ਪੱਡਾ, ਮਨਜੀਤ ਸਿੰਘ ਮੋਕਲ, ਮਨੋਹਰ ਸਿੰਘ ਸੈਣੀ, ਮਨਜੀਤ ਸਿੰਘ ਵਾੜੇ, ਸਿਕੰਦਰ ਸਿੰਘ ਭੱਟੀਵਾਲ, ਮਾ: ਕੇਵਲ ਸਿੰਘ ਭੱਟੀਵਾਲ, ਗੁਰਭੇਜ ਸਿੰਘ ਪੰਨੂੰ, ਡਾ: ਜਗਬੀਰ ਸਿੰਘ ਧਰਮਸੋਤ, ਗੁਰਤਿੰਦਰਪਾਲ ਸਿੰਘ ਮਾਂਟੂ, ਗੁਰਸ਼ਰਨ ਸਿੰਘ ਮਾਨ, ਪ੍ਰਧਾਨ ਸਤਨਾਮ ਸਿੰਘ, ਗੁਰਪ੍ਰੀਤ ਸਿੰਘ ਸੰਧੂ, ਸਰੂਪ ਸਿੰਘ ਚੌੜੇ, ਹਰਵਿੰਦਰ ਸਿੰਘ ਕਾਹਲੋਂ, ਪ੍ਰਭਜੀਤ ਸਿੰਘ ਅੱਤੇਪੁਰ, ਲਖਵਿੰਦਰ ਸਿੰਘ ਸ਼ਕਾਲਾ, ਕਾਬਲ ਸਿੰਘ ਅੱਤੇਪੁਰ, ਜਥੇ: ਮਹਿੰਦਰ ਸਿੰਘ, ਮਾ: ਕਸ਼ਮੀਰ ਸਿੰਘ, ਮਾ: ਦਰਸ਼ਨ ਸਿੰਘ ਅੱਤੇਪੁਰ, ਜਥੇ: ਟਹਿਲ ਸਿੰਘ ਕੰਡੀਲਾ, ਅਮਰਜੀਤ ਸਿੰਘ ਖੁਜਾਲਾ, ਸੁਖਦੇਵ ਸਿੰਘ ਖੁਜਾਲਾ, ਅਜਮੇਰ ਸਿੰਘ ਛੈਲੋਵਾਲ, ਬਲਰਾਜ ਸਿੰਘ, ਬਾਬਾ ਚੈਨ ਸਿੰਘ, ਤਰਸੇਮ ਸਿੰਘ ਲੱਡੂ, ਸੰਤੋਖ ਸਿੰਘ ਖੁਜਾਲਾ, ਮਾ: ਗੋਪਾਲ ਸਿੰਘ ਭਰਥ, ਪ੍ਰਧਾਨ ਹਰਵਿੰਦਰ ਸਿੰਘ ਰਾਣਾ, ਸਵਿੰਦਰ ਸਿੰਘ ਸੰਧਵਾਂ, ਬੱਬੀ ਸੰਧਵਾਂ, ਹਰਜਿੰਦਰ ਸਿੰਘ, ਸੁਖਜਿੰਦਰ ਸਿੰਘ ਭਾਮ, ਬਲਦੇਵ ਸਿੰਘ ਅੱਤੇਪੁਰ, ਕੁਲਵੰਤ ਸਿੰਘ ਰਿਆੜ, ਤਰਸੇਮ ਸਿੰਘ ਊਧਨਵਾਲ, ਡਾ: ਰਵਿੰਦਰ ਸਿੰਘ, ਹਰਵਿੰਦਰ ਸਿੰਘ ਰਾਣਾ ਸੰਧਵਾਂ, ਸਵਿੰਦਰ ਸਿੰਘ ਸੰਧਵਾਂ, ਹਰਜਿੰਦਰ ਸਿੰਘ ਦਕੋਹਾ, ਸੁਖਜਿੰਦਰ ਦਕੋਹਾ, ਅਜੈਬ ਸਿੰਘ ਪੰਜਗਰਾਈਆਂ, ਜਤਿੰਦਰ ਸਿੰਘ ਲੱਧਾ ਮੁੰਡਾ, ਜੈਲਦਾਰ ਸੁਖਜਿੰਦਰ ਸਿੰਘ ਬੋਹਜਾ, ਨਵਦੀਪ ਸਿੰਘ ਬੋਹਜਾ, ਗੁਰਬਿੰਦਰ ਸਿੰਘ ਬੱਬੀ, ਸਿਕੰਦਰ ਸਿੰਘ ਭੱਟੀਵਾਲ, ਸੁਖਦੇਵ ਮੱਲੋਵਾਲੀ, ਹਰਦੀਪ ਸਿੰਘ ਬੇਦੀ, ਮਨਜੀਤ ਸਿੰਘ ਬਰਿਆਰ ਤੇ ਮੰਤਰੀ ਮਜੀਠੀਆ ਦੇ ਨਾਲ ਚੇਅਰਮੈਨ ਪੱਪੂ ਜੈਂਤੀਪੁਰ ਅਤੇ ਹਲਕੇ ਦੇ ਪੰਚ-ਸਰਪੰਚ ਆਦਿ ਹਾਜ਼ਰ ਸਨ।
ਪੰਜਾਬ ਦੇ ਨਿਗਮਾਂ ਅਤੇ ਬੋਰਡਾਂ ਦੇ ਪੁਨਰਗਠਨ ਲਈ ਸਰਗਰਮੀਆਂ ਸ਼ੁਰੂ
ਸੰਗਰੂਰ, 23 ਅਪ੍ਰੈਲ - ਪੰਜਾਬ ਦੇ ਮਹੱਤਵਪੂਰਨ ਨਿਗਮਾਂ ਅਤੇ ਬੋਰਡਾਂ ਦੇ ਪੁਨਰਗਠਨ ਲਈ ਸਰਗਰਮੀਆਂ ਸ਼ੁਰੂ ਹੋ ਗਈਆਂ ਹਨ। ਰਾਜ ਦੇ 33 ਦੇ ਕਰੀਬ ਬੋਰਡਾਂ ਅਤੇ ਨਿਗਮਾਂ ਦੇ ਚੇਅਰਮੈਨਾਂ, ਉਪ ਚੇਅਰਮੈਨਾਂ ਅਤੇ ਮੈਂਬਰਾਂ 'ਚੋਂ ਕੁਝ ਨੂੰ ਛੱਡ ਕੇ ਬਾਕੀਆਂ ਵਿਚ ਵੱਡੀ ਪੱਧਰ 'ਤੇ ਰੱਦੋ-ਬਦਲ ਕੀਤੀ ਜਾਣੀ ਹੈ। ਇਸ ਸੰਬੰਧੀ ਅਕਾਲੀ-ਭਾਜਪਾ ਦੇ ਸੀਨੀਅਰ ਆਗੂਆਂ ਵਿਚਕਾਰ ਵਿਚਾਰ ਵਟਾਂਦਰਾ ਆਰੰਭ ਹੋ ਚੁੱਕਾ ਹੈ। ਜਿਨ੍ਹਾਂ ਨਿਗਮਾਂ ਜਾਂ ਬੋਰਡਾਂ ਦਾ ਪੁਨਰਗਠਨ ਕੀਤੇ ਜਾਣ ਦੀ ਸੰਭਾਵਨਾ ਹੈ ਉਨ੍ਹਾਂ ਵਿਚ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਜਿਸ ਵਿਚ ਇਕ ਚੇਅਰਮੈਨ ਅਤੇ 9 ਜਾਂ 10 ਮੈਂਬਰ ਹੋਣਗੇ, ਪੰਜਾਬ ਪ੍ਰਵਾਸੀ ਮਜ਼ਦੂਰ ਭਲਾਈ ਬੋਰਡ, ਪੰਜਾਬ ਗਊ ਭਲਾਈ ਬੋਰਡ, ਪੰਜਾਬ ਐਗਰੋ ਫੂਡ ਗਰੇਨ ਕਾਰਪੋਰੇਸ਼ਨ, ਬੈਕਫਿੰਕੋ, ਪਨਸਪ, ਮਾਰਕਫੈਡ, ਪੰਜਾਬ ਊਰਜਾ ਵਿਕਾਸ ਏਜੰਸੀ, ਪੰਜਾਬ ਰਾਜ ਸਾਬਕਾ ਫੌਜੀ ਕਾਰਪੋਰੇਸ਼ਨ, ਪੰਜਾਬ ਵਿੱਤ ਨਿਗਮ, ਪੰਜਾਬ ਰਾਜ ਜੰਗਲਾਤ ਵਿਕਾਸ ਨਿਗਮ, ਪੰਜਾਬ ਸਿਹਤ ਸਿਸਟਮਜ਼ ਨਿਗਮ, ਪੀ.ਐਸ.ਆਈ ਈ.ਸੀ, ਪੰਜਾਬ ਸੂਚਨਾ ਅਤੇ ਤਕਨੀਕ ਕਾਰਪੋਰੇਸ਼ਨ, ਪੁੱਡਾ, ਪੰਜਾਬ ਰਾਜ ਸਨਅਤੀ ਵਿਕਾਸ ਨਿਗਮ, ਪੰਜਾਬ ਖਾਦੀ ਅਤੇ ਪੇਂਡੂ ਉਦਯੋਗ ਬੋਰਡ, ਪੰਜਾਬ ਮੰਡੀ ਬੋਰਡ, ਪੰਜਾਬ ਰਾਜ ਯੋਜਨਾਬੰਦੀ ਬੋਰਡ, ਪੀ.ਆਰ.ਟੀ.ਸੀ, ਪੰਜਾਬ ਅਨੁਸੂਚਿਤ ਜਾਤੀ ਭਵਨ ਵਿਕਾਸ ਤੇ ਵਿੱਤ ਨਿਗਮ, ਪਨਸੀਡ, ਪੰਜਾਬ ਰਾਜ ਸਮਾਜ ਭਲਾਈ ਸਲਾਹਕਾਰ ਬੋਰਡ, ਪੰਜਾਬ ਛੋਟੀਆਂ ਸਨਅਤੀ ਇਕਾਈਆਂ ਵਿਕਾਸ ਬੋਰਡ, ਪੰਜਾਬ ਦਰਮਿਆਨੀ ਸਨਅਤ ਵਿਕਾਸ ਬੋਰਡ, ਪੰਜਾਬ ਵਪਾਰੀ ਬੋਰਡ, ਪੰਜਾਬ ਲਘੂ ਵਪਾਰੀ ਬੋਰਡ, ਪੰਜਾਬ ਸੈਰ-ਸਪਾਟਾ ਵਿਕਾਸ ਨਿਗਮ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ, ਪੰਜਾਬ ਡੇਅਰੀ ਵਿਕਾਸ ਬੋਰਡ, ਪੰਜਾਬ ਰਾਜ ਕਨਵੇਅਰ ਅਤੇ ਗੋਦਾਮ ਨਿਗਮ, ਪੰਜਾਬ ਰਾਜ ਯੁਵਕ ਵਿਕਾਸ ਬੋਰਡ, ਪਾਵਰਕਾਮ, ਪਨਕੋਫੈਡ, ਲੇਬਰਫੈਡ, ਪੰਜਾਬ ਮੁਲਾਜ਼ਮ ਬੋਰਡ ਆਦਿ ਸ਼ਾਮਿਲ ਹਨ। ਇਨ੍ਹਾਂ ਬੋਰਡਾਂ ਜਾਂ ਨਿਗਮਾਂ ਦੇ ਚੇਅਰਮੈਨਾਂ, ਉਪ ਚੇਅਰਮੈਨਾਂ ਅਤੇ ਮੈਂਬਰਾਂ ਤੋਂ ਅਸਤੀਫੇ ਲੈ ਲਏ ਜਾਣਗੇ ਤਾਂ ਜੋ ਪੁਨਰਗਠਨ ਲਈ ਰਾਹ ਪੱਧਰਾ ਹੋ ਸਕੇ। ਜਿਨ੍ਹਾਂ ਵਿਚ 70 ਤੋਂ ਵੱਧ ਆਗੂਆਂ ਨੂੰ ਜਗ੍ਹਾ ਮਿਲ ਸਕੇਗੀ। ਇਸ ਤੋਂ ਇਲਾਵਾ ਇੰਪਵਰੂਮੈਂਟ ਟਰੱਸਟਾਂ ਅਤੇ 147 ਮਾਰਕੀਟ ਕਮੇਟੀਆਂ ਦੇ ਵੀ ਪੁਨਰਗਠਨ ਲਈ ਸਰਗਰਮੀਆਂ ਸ਼ੁਰੂ ਹੋ ਗਈਆਂ ਹਨ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਅਤੇ ਮੈਂਬਰ ਪਾਰਲੀਮੈਂਟ ਸੁਖਦੇਵ ਸਿੰਘ ਢੀਂਡਸਾ ਨੇ ਮੁੱਖ ਮੰਤਰੀ ਸ ਪ੍ਰਕਾਸ਼ ਸਿੰਘ ਬਾਦਲ ਨਾਲ ਹੋਈ ਮੁਲਾਕਾਤ ਦੌਰਾਨ ਜ਼ਿਲ੍ਹਾ ਸੰਗਰੂਰ ਅਤੇ ਜ਼ਿਲ੍ਹਾ ਬਰਨਾਲਾ ਲਈ ਚੇਅਰਮੈਨੀਆਂ ਅਤੇ ਮਹੱਤਵਪੂਰਨ ਮੈਂਬਰਾਂ ਦਾ ਢੁੱਕਵਾਂ ਹਿੱਸਾ ਦੇਣ ਲਈ ਬੇਨਤੀ ਕਰ ਦਿੱਤੀ ਹੈ।
ਉਦਯੋਗਿਕ ਇਮਾਰਤ ਹਾਦਸਾ
 ਮ੍ਰਿਤਕਾਂ ਦੀ ਗਿਣਤੀ 23 ਤੱਕ ਪੁੱਜੀ

ਮਲਬੇ 'ਚੋਂ ਇਕ ਮਜ਼ਦੂਰ ਦੀ ਲਾਸ਼ ਬਾਹਰ ਕੱਢਦੇ ਹੋਏ ਰਾਹਤ
ਕਰਮੀ।
ਗ੍ਰਿਫਤਾਰ ਠੇਕੇਦਾਰਾਂ ਨੂੰ ਅਦਾਲਤ ਵਿਚ ਪੇਸ਼ ਕਰਨ ਲਈ ਲੈ ਕੇ ਜਾਂਦੇ
ਪੁਲਿਸ ਮੁਲਾਜ਼ਮ।
ਜਲੰਧਰ, 23 ਅਪ੍ਰੈਲ - ਸਥਾਨਕ ਫੋਕਲ ਪੁਆਇੰਟ ਵਿਖੇ ਉਦਯੋਗਿਕ ਇਮਾਰਤ ਹਾਦਸੇ ਦੌਰਾਨ ਦੋ ਹੋਰ ਲਾਸ਼ਾਂ ਬਰਾਮਦ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ 23 ਤੱਕ ਜਾ ਪੁੱਜੀ ਹੈ। ਇਸ ਦੌਰਾਨ ਪੁਲਿਸ ਨੇ ਡਿੱਗਣ ਵਾਲੀ ਇਮਾਰਤ ਦੇ ਨਾਲ ਉਸਾਰੀ ਅਧੀਨ ਇਮਾਰਤ ਦੇ ਠੇਕੇਦਾਰ ਅਤੇ ਉਸਦੇ ਦੋ ਹੋਰ ਸਹਿਯੋਗੀਆਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਪ੍ਰਸ਼ਾਸਨ ਵਲੋਂ ਮੁਹੱਈਆ ਕਰਵਾਈ ਗਈ ਜਾਣਕਾਰੀ ਅਨੁਸਾਰ ਇਸ ਮਾਮਲੇ ਵਿਚ ਫੈਕਟਰੀ ਮਾਲਕ ਅਤੇ ਇਮਾਰਤ ਨੂੰ ਉਸਾਰਨ ਵਾਲੇ ਠੇਕੇਦਾਰ ਸਰਵਣ ਸਿੰਘ ਤੋਂ ਬਾਅਦ ਉਕਤ ਇਮਾਰਤ ਦੇ ਨਾਲ ਹੀ ਉਸਾਰੀ ਅਧੀਨ ਇਮਾਰਤ ਦੇ ਠੇਕੇਦਾਰ ਰਾਮ ਸਿੰਘ ਅਤੇ ਉਸਦੇ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਠੇਕੇਦਾਰਾਂ ਨੇ ਨਵੀਂ ਇਮਾਰਤ ਦੀ ਉਸਾਰੀ ਲਈ ਡੂੰਘੀਆਂ ਨੀਹਾਂ ਪੁੱਟ ਕੇ ਪਿੱਲਰ ਖੜ੍ਹੇ ਕੀਤੇ ਸਨ। ਪੁਲਿਸ ਅਨੁਸਾਰ ਮੁੱਢਲੀਆਂ ਜਾਂਚ ਰਿਪੋਰਟਾਂ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਹਾਦਸਾ ਗ੍ਰਸਤ ਇਮਾਰਤ ਦੇ ਡਿੱਗਣ ਲਈ ਨੇੜੇ ਹੀ ਉਸਾਰੀ ਜਾ ਰਹੀ ਇਮਾਰਤ ਦੀ ਪੁੱਟੀ ਗਈ ਡੂੰਘੀ ਨੀਂਹ ਜਿੰਮੇਵਾਰ ਬਣੀ ਹੈ। ਪੁਲਿਸ ਨੇ ਨਵੀਂ ਉਸਾਰੀ ਜਾ ਰਹੀ ਇਮਾਰਤ ਦੇ ਠੇਕੇਦਾਰ ਰਾਮ ਸਿੰਘ ਪੁੱਤਰ ਨਰਾਇਣ ਸਿੰਘ ਵਾਸੀ ਮੁਹੱਲਾ ਸੰਤੋਖਪੁਰਾ ਨੂੰ ਲੰਮਾ ਪਿੰਡ ਚੌਕ, ਇਸਦੇ ਹਿੱਸੇਦਾਰ ਹੰਸ ਰਾਜ ਪੁੱਤਰ ਰਾਵਲ ਰਾਮ ਵਾਸੀ ਮੁਹੱਲਾ ਸੰਤੋਖਪੁਰਾ ਨੂੰ ਕਿਸ਼ਨਪੁਰਾ ਚੌਕ ਅਤੇ ਜੇ. ਸੀ. ਬੀ. ਅਪ੍ਰੇਟਰ ਜਗਦੀਸ਼ ਪੁੱਤਰ ਸ਼ਮਸ਼ੇਰ ਚੰਦ ਵਾਸੀ ਸੁਲੜਾਂ ਕੁੱਲੀਆਂ ਥਾਣਾ ਸਦਰ ਪਠਾਨਕੋਟ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੌਰਾਨ ਗ੍ਰਿਫਤਾਰ ਕੀਤੇ ਗਏ ਠੇਕੇਦਰਾਂ ਨੂੰ ਪੁਲਿਸ ਨੇ ਅਦਾਲਤ 'ਚ ਪੇਸ਼ ਕੀਤਾ ਜਿਨ੍ਹਾਂ ਨੂੰ ਡਿਊਟੀ ਮੈਜਿਸਟ੍ਰੇਟ ਅਜੀਤਪਾਲ ਸਿੰਘ ਨੇ 24 ਅਪ੍ਰੈਲ ਤੱਕ ਲਈ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਇਸ ਤਰ੍ਹਾਂ ਇਸ ਹਾਦਸੇ ਦੇ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਗਿਣਤੀ ਵੀ 5 ਤੱਕ ਜਾ ਪੁੱਜੀ ਹੈ। ਦੂਜੇ ਪਾਸੇ ਬੀਤੇ ਹਫਤੇ ਭਰ ਤੋਂ ਚੱਲ ਰਹੇ ਰਾਹਤ ਕੰਮ ਅੱਜ ਵੀ ਸਾਰਾ ਦਿਨ ਜਾਰੀ ਰਹੇ। ਐਨ. ਡੀ. ਆਰ. ਐਫ਼., ਫੌਜ ਅਤੇ ਡੇਰਾ ਸਿਰਸਾ ਨਾਲ ਸਬੰਧਿਤ ਰਾਹਤ ਕਰਮੀਆਂ ਨੇ ਭਾਰੀ ਡਿੱਚ ਮਸ਼ੀਨਾਂ ਦੀ ਮਦਦ ਨਾਲ ਰਾਹਤ ਕਾਰਜ ਚਲਾਉਂਦੇ ਹੋਏ ਦੋ ਹੋਰ ਲਾਸ਼ਾਂ ਬਰਾਮਦ ਕਰਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਵਿਖੇ ਭੇਜੀਆਂ ਹਨ। ਐਨ. ਡੀ. ਆਰ. ਐਫ਼ ਦੇ ਅਧਿਕਾਰੀ ਸ੍ਰੀ ਵਰਮਾ ਨੇ ਦੱਸਿਆ ਕਿ ਮਲਬਾ ਹਟਾਉਣ ਦਾ ਕੰਮ ਲਗਭਗ 80 ਫੀਸਦੀ ਤੱਕ ਮੁਕੰਮਲ ਕੀਤਾ ਜਾ ਚੁੱਕਾ ਹੈ ਅਤੇ ਰਹਿੰਦਾ ਕੰਮ ਅਗਲੇ 24 ਘੰਟਿਆਂ ਅੰਦਰ ਮੁਕੰਮਲ ਹੋ ਜਾਣ ਦੀ ਆਸ ਹੈ। ਇਸ ਦੌਰਾਨ ਅੱਜ ਬਾਹਰ ਕੱਢੀਆਂ ਗਈਆਂ ਲਾਸ਼ਾਂ ਦੀ ਪਛਾਣ ਭਗਵਾਨ ਦਾਸ ਅਤੇ ਮੰਟੂ ਵਜੋਂ ਕੀਤੀ ਗਈ ਹੈ। ਐਨ. ਡੀ. ਆਰ. ਐਫ਼. ਦੇ ਅਧਿਕਾਰਕ ਸੂਤਰਾਂ ਅਨੁਸਾਰ ਹੁਣ ਤੱਕ ਚਲਾਏ ਜਾ ਰਹੇ ਰਾਹਤ ਕਾਰਜਾਂ ਦੌਰਾਨ ਐਨ. ਡੀ. ਆਰ. ਐਫ਼ ਦੀ ਟੀਮ ਨੇ 19 ਲਾਸ਼ਾਂ ਬਰਾਮਦ ਕੀਤੀਆਂ ਹਨ ਜਦ ਕਿ 12 ਵਿਅਕਤੀਆਂ ਨੂੰ ਜਿਉਂਦੇ ਬਾਹਰ ਕੱਢਣ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਦੌਰਾਨ ਫੌਜ ਦੀ ਰਾਹਤ ਕਾਰਜਾਂ ਵਿਚ ਜੁਟੀ ਟੀਮ ਨੇ 4 ਲਾਸ਼ਾਂ ਬਰਾਮਦ ਕੀਤੀਆਂ ਅਤੇ 2 ਵਿਅਕਤੀਆਂ ਨੂੰ ਜਿਉਂਦੇ ਬਾਹਰ ਕੱਢਣ ਵਿਚ ਕਾਮਯਾਬੀ ਹਾਸਲ ਕੀਤੀ ਹੈ।
ਪੈਨਸ਼ਨ ਲਈ ਕਰਮਚਾਰੀ ਦੀ ਸੇਵਾ ਉਸ ਦੇ
ਨਿਯੁਕਤ ਹੋਣ ਦੇ ਦਿਨ ਤੋਂ ਗਿਣੀ ਜਾਵੇ- ਹਾਈਕੋਰਟ
ਚੰਡੀਗੜ੍ਹ, 23 ਅਪ੍ਰੈਲ - ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਿਟਸ ਸੂਰੀਆ ਕਾਂਤ ਨੇ ਇੱਕ ਅਹਿਮ ਫੈਸਲਾ ਦਿੰਦੇ ਹੋਏ ਕਿਹਾ ਕਿ ਕਿਸੇ ਕਰਮਚਾਰੀ ਨੂੰ ਪੈਨਸ਼ਨੀ ਫਾਇਦੇ ਦੇਣ ਲਈ ਉਸਦੀ ਨੌਕਰੀ ਦੇ ਦਿਨਾਂ ਦੀ ਗਿਣਤੀ ਉਸ ਦੇ ਨੌਕਰੀ 'ਤੇ ਨਿਯੁਕਤ ਹੋਣ ਦੇ ਦਿਨ ਤੋਂ ਕੀਤੀ ਜਾਵੇ ਨਾ ਕਿ ਉਸ ਦਿਨ ਤੋਂ ਜਦੋਂ ਤੋਂ ਉਸ ਨੇ ਪ੍ਰਾਵੀਡੈਂਟ ਫੰਡ ਕਟਵਾਉਣਾ ਸ਼ੁਰੂ ਕੀਤਾ। ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ 'ਚੋਂ ਮਕੈਨਿਕ ਅਤੇ ਇੰਸਪੈਕਟਰ ਦੇ ਅਹੁਦਿਆ ਤੋਂ ਸੇਵਾ-ਮੁਕਤ ਕਰਮਚਾਰੀਆਂ ਨੇ ਰਿੱਟ ਦਾਇਰ ਕਰਕੇ ਮੰਗ ਕੀਤੀ ਸੀ ਕਿ ਉਹਨਾਂ ਦੀ ਪੈਨਸ਼ਨ ਨਿਯਤ ਕਰਨ ਵੇਲੇ ਉਹਨਾਂ ਵੱਲੋਂ ਆਰਜੀ ਤੌਰ 'ਤੇ ਕੀਤੀ ਇੱਕ ਸਾਲ ਦੀ ਨੌਕਰੀ ਦੇ ਸਮੇਂ ਨੂੰ ਵੀ ਨੌਕਰੀ ਦੇ ਹਿੱਸੇ ਵਜੋਂ ਗਿਣਿਆ ਜਾਵੇ। ਉਹਨਾਂ ਕਿਹਾ ਕਿ ਕਰਮਚਾਰੀ ਨੂੰ ਇੱਕ ਸਾਲ ਦੀ ਨੌਕਰੀ ਪੂਰੀ ਹੋਣ ਤੋਂ ਪਹਿਲਾ ਪ੍ਰਾਵੀਡੈਂਟ ਫੰਡ ਕਟਵਾਉਣ ਲਈ ਕਿਹਾ ਹੀ ਨਹੀਂ ਗਿਆ ਸੀ ਇਸ ਲਈ ਉਹ ਕਸੂਰਵਾਰ ਨਹੀਂ ਠਹਿਰਾਇਆ ਜਾ ਸਕਦਾ। ਭਾਵੇਂ ਕਿ ਕਰਮਚਾਰੀ ਨੂੰ ਉਸ ਸਮੇਂ ਦੇ ਆਪਣੇ ਹਿੱਸੇ ਦੇ ਯੋਗਦਾਨ ਦੀ ਰਾਸ਼ੀ ਵਿਆਜ ਸਮੇਤ ਜੋ ਕਾਰਪੋਰੇਸ਼ਨ ਵੱਲੋਂ ਮਿਥਿਆ ਜਾਉਗਾ ਜਮ੍ਹਾਂ ਕਰਵਾਉਣੀ ਪਵੇਗੀ।
ਸ਼ਰਧਾਲੂਆਂ ਦੀ ਜੀਪ ਪਲਟੀ, ਇੱਕ ਬੱਚੇ ਦੀ ਮੌਤ-18 ਜ਼ਖ਼ਮੀ

ਜੀਪ ਪਲਟਣ ਨਾਲ ਜ਼ਖ਼ਮੀ ਹੋਏ ਵਿਅਕਤੀ ਸਿਵਲ ਹਸਪਤਾਲ
ਹੁਸ਼ਿਆਰਪੁਰ ਵਿਖੇ ਜ਼ੇਰੇ ਇਲਾਜ਼।
ਹੁਸ਼ਿਆਰਪੁਰ, 23 ਅਪ੍ਰੈਲ - ਮਾਤਾ ਚਿੰਤਪੁਰਨੀ ਅਤੇ ਜਵਾਲਾ ਜੀ ਤੋਂ ਦਰਸ਼ਨ ਕਰਕੇ ਵਾਪਸ ਆ ਰਹੇ ਸ਼ਰਧਾਲੂਆਂ ਦੀ ਮਹਿੰਦਰਾ-207 ਨੰਬਰ ਪੀ.ਬੀ.29 ਐਚ 6229 ਦੇ ਬੇਕਾਬੂ ਹੋ ਕੇ ਚੌਹਾਲ ਨਜ਼ਦੀਕ ਪਲਟ ਜਾਣ ਕਾਰਨ ਇੱਕ ਬੱਚੇ ਦੀ ਮੌਤ ਹੋ ਜਾਣ ਅਤੇ 18 ਵਿਅਕਤੀਆਂ ਦੇ ਗੰਭੀਰ ਜ਼ਖ਼ਮੀ ਹੋ ਜਾਣ ਦੀ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਮੋਗਾ ਤੋਂ ਸੰਗਤਾਂ ਮਾਤਾ ਚਿੰਤਪੁਰਨੀ ਅਤੇ ਜਵਾਲਾ ਜੀ ਦੇ ਦਰਸ਼ਨ ਕਰਕੇ ਆ ਰਹੀਆਂ ਸਨ ਅਤੇ ਚੌਹਾਲ ਨਜ਼ਦੀਕ ਤੇਜ਼ ਉਤਰਾਈ ਹੋਣ ਕਾਰਨ ਗੱਡੀ ਦੀ ਮੇਨ ਸ਼ਾਫਟ ਟੁੱਟ ਜਾਣ ਕਾਰਨ ਗੱਡੀ ਬੇਕਾਬੂ ਹੋ ਕੇ ਪਲਟ ਗਈ। ਜਿਸ ਕਾਰਨ ਗੱਡੀ 'ਚ ਸਵਾਰ ਇੱਕ ਬੱਚੇ ਪਵਨ ਪੁੱਤਰ ਰਣਜੀਤ ਵਾਸੀ ਮੋਗਾ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਗੁਰਪ੍ਰੀਤ ਪੁਰੀ, ਨਵਪ੍ਰੀਤ ਪੁਰੀ, ਹਰਪ੍ਰੀਤ ਕੌਰ, ਉਂਕਾਰ ਪੁਰੀ, ਅਮਰਜੀਤ ਕੌਰ, ਸੁਰਜੀਤ ਕੌਰ, ਰਿੰਪੀ , ਸਰਬਜੀਤ, ਕੁਲਦੀਪ ਸਿੰਘ, ਸੁਖਦੇਵ ਸਿੰਘ, ਹਰਪ੍ਰੀਤ ਸਿੰਘ, ਰਣਜੀਤ ਸਿੰਘ, ਬਲਜੀਤ ਕੌਰ, ਮਹਿੰਦਰ ਕੌਰ, ਚਰਨਜੀਤ ਕੌਰ, ਮਮਤਾ ਰਾਣੀ, ਅਨੰਦ ਕਿਸੋਰ, ਸ਼ਿਵ ਦਿਆਲ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਜ਼ਖ਼ਮੀ ਹਾਲਤ 'ਚ 108 ਐਂਬੂਲੈਂਸ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਗੰਭੀਰ ਜ਼ਖ਼ਮੀਆਂ ਨੂੰ ਪੀ.ਜੀ.ਆਈ. ਚੰਡੀਗੜ੍ਹ ਲਈ ਭੇਜ ਦਿੱਤਾ ਗਿਆ ਹੈ।
ਪੈਸੇ ਦੀ ਹੋੜ ਨੇ ਲੋਕ ਨਾਚਾਂ ਦੇ ਅਸਲੀ ਸਰੂਪ
ਨੂੰ ਵਿਗਾੜ ਕੇ ਰੱਖ ਦਿੱਤੈ- ਰੁਪਾਲੀ

ਅਦਾਕਾਰਾ ਰੁਪਾਲੀ ਆਪਣੇ ਵੱਖ-ਵੱਖ ਦਿਲਕਸ਼ ਅੰਦਾਜ਼ 'ਚ।
ਚੰਡੀਗੜ੍ਹ, 23 ਅਪ੍ਰੈਲ - 'ਪੰਜਾਬ ਦੇ ਜ਼ੋਸ਼ੀਲੇ ਲੋਕ ਨਾਚਾਂ ਦਾ ਕੋਈ ਸਾਨੀ ਨਹੀਂ ਪਰ ਪੈਸੇ ਦੀ ਹੋੜ ਨੇ ਸਾਡੇ ਲੋਕ ਨਾਚਾਂ ਦੇ ਅਸਲੀ ਸਰੂਪ ਨੂੰ ਵਿਗਾੜ ਕੇ ਰੱਖ ਦਿੱਤਾ ਹੈ। ਇਹ ਗੱਲ ਅੱਜ ਇਥੇ ਲੋਕ ਨਾਚਾਂ ਪ੍ਰਤੀ ਚੰਗੀ ਮੁਹਾਰਤ ਰੱਖਣ ਵਾਲੀ ਅਦਾਕਾਰਾ ਰੁਪਾਲੀ ਵੱਲੋਂ ਸਾਂਝੀ ਕੀਤੀ ਗਈ। ਚੰਡੀਗੜ੍ਹ ਵਿਖੇ ਪਿਤਾ ਰਾਜ ਕੁਮਾਰ ਤੇ ਮਾਤਾ ਪਰਮਿੰਦਰ ਕੌਰ ਦੇ ਘਰ ਜਨਮੀ ਅਦਾਕਾਰਾ ਰੁਪਾਲੀ ਨੇ ਇਕ ਸਵਾਲ ਦੇ ਜੁਆਬ ਵਿਚ ਕਿਹਾ ਕਿ ਅਭਿਨੇਤਰੀ ਮੋਨਿਕਾ ਬੇਦੀ ਦੇ ਨਾਲ ਪੰਜਾਬੀ ਫ਼ਿਲਮ 'ਸਿਰ-ਫਿਰੇ' ਵਿਚ ਜਿਥੇ ਉਸ (ਰੁਪਾਲੀ) ਨੂੰ ਬਹੁਤ ਚੰਗਾ ਲੱਗਿਐ ਉਥੇ ਨਸ਼ਿਆਂ ਦੇ ਖਿਲਾਫ਼ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕਰਨ ਲਈ ਬਣੀ ਫ਼ਿਲਮ 'ਨਸ਼ਿਆਂ ਸਾਡਾ ਪੱਟਤਾ ਪੰਜਾਬ' 'ਚ ਵੀ ਅਭਿਨੈ ਕਰਕੇ ਸਕੂਨ ਮਿਲਿਐ। ਅਭਿਨੈ ਖੇਤਰ ਦੇ ਨਾਲ-ਨਾਲ ਮਾਡਲਿੰਗ ਖੇਤਰ 'ਚ ਕੰਮ ਕਰਕੇ ਵੀ ਉਹ ਖ਼ੁਸ਼ ਹੈ। ਉਨ੍ਹਾਂ ਕਿਹਾ ਕਿ ਕਲਾਸੀਕਲ ਨ੍ਰਿਤ ਪ੍ਰਤੀ ਵੀ ਉਸ ਨੇ ਤਾਲੀਮ ਲਈ ਹੈ ਜੋ ਉਸ ਦੇ ਅਭਿਨੈ ਖੇਤਰ 'ਚ ਚੇਹਰੇ ਦੇ ਹਾਵ-ਭਾਵ ਲਈ ਵੀ ਸਾਰਥਕ ਬਣੀ ਹੈ। ਪੰਜਾਬੀ ਸਿਨੇਮਾ ਹੁਣ ਬਿਨਾਂ ਸ਼ੱਕ ਇਕ ਸਨਮਾਨਯੋਗ ਸਥਿਤੀ ਵਿਚ ਆ ਗਿਆ ਤੇ ਚੰਗੇ ਫ਼ਿਲਮਸਾਜ਼ ਪੰਜਾਬੀ ਫ਼ਿਲਮ ਉਦਯੋਗ ਵਿਚ ਉਤਸ਼ਾਹ ਨਾਲ ਜੁੜ ਰਹੇ ਹਨ।
ਮਿੱਟੀ ਦੀ ਢਿੱਗ ਥੱਲੇ ਆਉਣ ਨਾਲ ਔਰਤ ਦੀ ਮੌਤ
ਭਵਾਨੀਗੜ੍ਹ, 23 ਅਪ੍ਰੈਲ - ਪਿੰਡ ਬਖਤੜਾ ਵਿਖੇ ਮਿੱਟੀ ਦੀ ਢਿੱਗ ਹੇਠਾਂ ਇਕ ਔਰਤ ਦੇ ਦਬ ਜਾਣ ਨਾਲ ਉਸ ਦੀ ਮੌਤ ਹੋ ਗਈ। ਪੁਲਿਸ ਵੱਲੋਂ ਮ੍ਰਿਤਕਾਂ ਦੇ ਪਤੀ ਦੇ ਬਿਆਨਾਂ ਦੇ ਆਧਾਰ 'ਤੇ ਠੇਕੇਦਾਰ ਵਿਰੁੱਧ ਮੁਕੱਦਮਾ ਦਰਜ਼ ਕੀਤਾ ਗਿਆ ਹੈ। ਪਿੰਡ ਥੂਹੀ ਵਾਸੀ ਹੰਸਾ ਸਿੰਘ ਪੁੱਤਰ ਤੇਜਾ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਗੁਰਮੇਲ ਕੌਰ ਅਤੇ ਪਿੰਡ ਦੀਆਂ ਤਿੰਨ ਹੋਰ ਔਰਤਾਂ ਕੇਸਰ ਕੌਰ ਪਤਨੀ ਸਤਿਗੁਰ ਸਿੰਘ, ਸੋਧਾ ਕੌਰ ਪਤਨੀ ਸੱਜਣ ਸਿੰਘ ਅਤੇ ਅਮਰਜੀਤ ਕੌਰ ਪਤਨੀ ਜਨਕ ਸਿੰਘ ਪਿਛਲੇ ਕਰੀਬ ਡੇਢ ਮਹੀਨੇ ਤੋਂ ਰਾਜਪੁਰਾ ਤੋਂ ਧੂਰੀ ਨੂੰ ਨਿਕਲ ਰਹੀ ਬਿਜਲੀ ਸਪਲਾਈ ਦੀ ਲਾਈਨ 'ਤੇ ਚੱਲ ਰਹੇ ਕੰਮ ਤਹਿਤ ਠੇਕੇਦਾਰ ਲੋਚਨ ਸਿੰਘ ਦੇ ਅਧੀਨ ਮਜ਼ਦੂਰੀ ਕਰਦੀਆਂ ਸਨ ਅਤੇ ਬੀਤੇ ਦਿਨ ਉਕਤ ਤਿੰਨੋਂ ਔਰਤਾਂ ਪਿੰਡ ਬਖਤੜਾਂ ਵਿਖੇ ਦੇ ਇੱਕ ਖੇਤਾਂ ਵਿਚ ਬਿਜਲੀ ਸਪਲਾਈ ਦੀ ਲਾਈਨ ਲਈ ਪੁੱਟੇ 10-10 ਫੁੱਟ ਡੂੰਘੇ ਚਾਰ ਖੱਡਿਆਂ ਵਿਚੋਂ ਮਿੱਟੀ ਕੱਢ ਰਹੀਆਂ ਸਨ, ਤਾਂ ਉਨ੍ਹਾਂ 'ਤੇ ਅਚਾਨਕ ਮਿੱਟੀ ਦੀ ਢਿੱਗ ਡਿੱਗ ਜਾਣ ਕਾਰਨ ਔਰਤਾਂ ਮਿੱਟੀ ਹੇਠ ਦਬ ਗਈਆਂ। ਉਸ ਵੱਲੋਂ ਰੌਲਾ ਪਾਉਣ 'ਤੇ ਠੇਕੇਦਾਰ ਆਪਣੇ ਬਾਕੀ ਸਾਥੀਆਂ ਸਮੇਤ ਇਥੇ ਪਹੁੰਚਿਆਂ ਅਤੇ ਉਕਤ ਔਰਤਾਂ ਨੂੰ ਮਿੱਟੀ ਹੇਠੋਂ ਕੱਢ ਕੇ ਨਾਭਾ ਦੇ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ ਜਿਥੇ ਉਸ ਦੀ ਪਤਨੀ ਗੁਰਮੇਲ ਕੌਰ ਦੀ ਇਲਾਜ ਅਧੀਨ ਹੀ ਮੌਤ ਹੋ ਗਈ ਅਤੇ ਬਾਕੀ ਔਰਤਾਂ ਜ਼ਖ਼ਮੀ ਹੋ ਗਈਆਂ। ਸਥਾਨਕ ਪੁਲਿਸ ਨੇ ਹੰਸਾ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਉਕਤ ਠੇਕੇਦਾਰ ਵਿਰੁੱਧ ਧਾਰਾ 304 ਏ ਅਧੀਨ ਮੁਕੱਦਮਾਂ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਸ਼੍ਰੋਮਣੀ ਕਮੇਟੀ ਪ੍ਰਧਾਨ ਅਮਰੀਕਾ ਰਵਾਨਾ
ਅੰਮ੍ਰਿਤਸਰ, 23 ਅਪ੍ਰੈਲ - ਫ਼ਰਾਂਸ ਸਮੇਤ ਕੁਝ ਹੋਰ ਮੁਲਕਾਂ 'ਚ ਸਿੱਖਾਂ ਦੇ ਦਸਤਾਰ ਪਹਿਣਨ 'ਤੇ ਲਗਾਈ ਪਾਬੰਦੀ ਨੂੰ ਹਟਾਉਣ ਤੇ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੀ ਮੰਗ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇ: ਅਵਤਾਰ ਸਿੰਘ ਵੱਖ-ਵੱਖ ਮੁਲਕਾਂ 'ਚ ਵੱਸਦੇ ਸਿੱਖਾਂ ਦੀਆਂ ਧਾਰਮਿਕ ਜਥੇਬੰਦੀਆਂ ਦੇ ਨਾਲ ਅਮਰੀਕਾ ਵਿਖੇ ਯੂ. ਐੱਨ. ਓ. ਨੂੰ ਮਿਲਣਗੇ। ਇਸ ਸਬੰਧ 'ਚ ਉਹ 4 ਰੋਜ਼ਾ ਵਿਦੇਸ਼ ਦੌਰੇ 'ਤੇ ਰਵਾਨਾ ਹੋ ਗਏ। ਇਹ ਜਾਣਕਾਰੀ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਸ: ਦਿਲਜੀਤ ਸਿੰਘ ਬੇਦੀ ਨੇ ਦਿੱਤੀ। ਸਿੱਖਾਂ ਨੂੰ ਦਸਤਾਰ ਪਹਿਣਨ ਦੀ ਆਗਿਆ ਦੇਣ ਦੀ ਮੰਗ ਨੂੰ ਲੈ ਕੇ ਸੰਘਰਸ਼ਸ਼ੀਲ ਯੂਨਾਈਡ ਸਿੱਖਜ਼ ਜਥੇਬੰਦੀ ਫ਼ਰਾਂਸ ਵੱਲੋਂ ਸਿੱਖਾਂ ਦੀ ਧਾਰਮਿਕ ਅਜ਼ਾਦੀ ਸਬੰਧੀ ਜਾਗਰੂਕ ਕਰਨ ਲਈ 24 ਅਪ੍ਰੈਲ ਨੂੰ ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿਖੇ ਇਕ ਸਮਾਗਮ ਰੱਖਿਆ ਗਿਆ। ਜਿਸ 'ਚ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਸ਼ਾਮਿਲ ਹੋਣਗੇ।
ਰਿਸ਼ਵਤ ਲੈਣ ਗਿਆ ਸ਼ਰਾਬੀ ਪੁਲਿਸ ਮੁਲਾਜ਼ਮ ਪਿੰਡ ਵਾਸੀਆਂ ਵੱਲੋਂ ਕਾਬੂ

ਪਿੰਡ ਸਰਸਪੁਰ ਵਿਖੇ ਸ਼ਰਾਬੀ ਹੌਲਦਾਰ ਨਰਿੰਦਰ ਕੁਮਾਰ ਬਾਰੇ
ਜਾਣਕਾਰੀ ਦਿੰਦੇ ਹੋਏ ਹੈਪੀ ਅਤੇ ਹੋਰ।
ਗੁਰਦਾਸਪੁਰ, 23 ਅਪ੍ਰੈਲ - ਪਿੰਡ ਨਬੀਪੁਰ ਵਿਖੇ ਅੱਜ ਕਰੀਬ 11.45 ਵਜੇ ਸ਼ਰਾਬ ਨਾਲ ਰੱਜੇ ਰਿਸ਼ਵਤ ਲੈਣ ਗਏ ਇੱਕ ਪੁਲਿਸ ਮੁਲਾਜ਼ਮ ਤੋਂ ਤੰਗ ਆ ਕੇ ਪਿੰਡ ਵਾਸੀਆਂ ਨੇ ਉਸ ਨੂੰ ਕਾਬੂ ਕਰਕੇ ਘਰ 'ਚ ਬੰਦ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹੈਪੀ ਪੁੱਤਰ ਸਤਪਾਲ ਨੇ ਦੱਸਿਆ ਕਿ ਨਰਿੰਦਰ ਕੁਮਾਰ ਪੁੱਤਰ ਸੂਰਤ ਸਿੰਘ ਵਾਸੀ ਪਿੰਡ ਸਰਸਪੁਰ ਜੋ ਕਿ ਮੌਜੂਦਾ ਸਮੇਂ ਪੁਲਿਸ ਲਾਈਨ ਗੁਰਦਾਸਪੁਰ ਵਿਖੇ ਹੌਲਦਾਰ ਤਾਇਨਾਤ ਹੈ। ਪਿਛਲੇ ਇੱਕ ਮਹੀਨੇ ਤੋਂ ਉਨ੍ਹਾਂ ਦੇ ਘਰ ਇਹ ਮੁਲਾਜ਼ਮ ਰਿਸ਼ਵਤ ਲੈਣ ਆ ਰਿਹਾ ਸੀ। ਹੈਪੀ ਨੇ ਦੱਸਿਆ ਕਿ ਉਸ ਦੀ ਮਾਤਾ ਕਿਸੇ ਕੇਸ ਵਿਚ ਸਜ਼ਾ ਕੱਟ ਰਹੀ ਹੈ ਅਤੇ ਇਹ ਮੁਲਾਜ਼ਮ ਉਸ ਦੀ ਮਾਤਾ ਨੂੰ ਜੇਲ੍ਹ 'ਚੋਂ ਛੁਡਵਾਉਣ ਲਈ ਰਿਸ਼ਵਤ ਮੰਗਦਾ ਸੀ ਅਤੇ ਅੱਜ ਫਿਰ ਸ਼ਰਾਬੀ ਹਾਲਤ 'ਚ ਘਰ ਆਇਆ ਤਾਂ ਉਸ ਕੋਲੋਂ ਤੰਗ ਆ ਕੇ ਪਰਿਵਾਰਕ ਮੈਂਬਰਾਂ ਤੇ ਹੋਰ ਪਿੰਡ ਵਾਸੀਆਂ ਨੇ ਉਸ ਨੂੰ ਫੜ ਕੇ ਕਮਰੇ ਵਿਚ ਡੱਕ ਦਿੱਤਾ। ਪਰਿਵਾਰਕ ਮੈਂਬਰਾਂ ਨੇ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਅਤੇ ਨਰਿੰਦਰ ਕੁਮਾਰ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।
2026 'ਸਿੱਖਿਆ ਮਿੱਤਰ' ਠੇਕੇ 'ਤੇ ਭਰਤੀ ਕਰਨ ਦਾ ਫ਼ੈਸਲਾ
ਪਟਿਆਲਾ, 23 ਅਪ੍ਰੈਲ - ਪੰਜਾਬ ਸਰਕਾਰ ਨੇ ਜ਼ਿਲ੍ਹਾ ਪੱਧਰ 'ਤੇ 2026 ਈ. ਜੀ. ਐਸ. ਵਲੰਟੀਅਰ ਠੇਕੇ 'ਤੇ ਭਰਤੀ ਕਰਨ ਦਾ ਫ਼ੈਸਲਾ ਕੀਤਾ ਹੈ। ਸਰਕਾਰ ਨੇ ਇਨ੍ਹਾਂ ਨੂੰ 'ਸਿੱਖਿਆ ਮਿੱਤਰ' ਦਾ ਨਾਂਅ ਦਿੱਤਾ ਹੈ ਜੋ ਰਾਜ ਦੇ ਪ੍ਰਾਇਮਰੀ ਸਕੂਲਾਂ ਵਿਚ 2 ਵਰ੍ਹਿਆਂ ਲਈ ਠੇਕੇ 'ਤੇ ਰੱਖੇ ਜਾਣਗੇ। ਸਰਕਾਰੀ ਬੁਲਾਰੇ ਦਾ ਕਹਿਣਾ ਹੈ ਕਿ ਰਾਜ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ (ਪ੍ਰਾਇਮਰੀ) ਵਿਚ ਜ਼ਿਲ੍ਹਾ ਪੱਧਰ 'ਤੇ 2026 ਈ.ਜੀ.ਐਸ. ਵਲੰਟੀਅਰ ਭਰਤੀ ਕੀਤੇ ਜਾਣਗੇ ਪਰ ਸ਼ਰਤ ਇਹ ਹੈ ਕਿ ਸਰਕਾਰ ਵੱਲੋਂ ਸੈਸ਼ਨ 2009 ਤੋਂ 2011 ਤੱਕ ਦੋ ਵਰ੍ਹਿਆਂ ਲਈ ਈ.ਟੀ.ਟੀ. ਕੋਰਸ ਵਿਚ ਜਿਨ੍ਹਾਂ ਉਮੀਦਵਾਰਾਂ ਨੇ ਦਾਖਲਾ ਲਿਆ ਸੀ ਨੂੰ ਹੀ ਦੋ ਵਰ੍ਹਿਆਂ ਲਈ ਬਤੌਰ ਸਿੱਖਿਆ ਮਿੱਤਰ ਰਾਜ ਦੇ ਪ੍ਰਾਇਮਰੀ ਸਕੂਲਾਂ ਵਿਚ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਇਨ੍ਹਾਂ ਨੂੰ ਵੀ 3500 ਰੁਪਏ ਮਹੀਨਾ ਉੱਕਾ ਪੁੱਕਾ ਦਿੱਤਾ ਜਾਵੇਗਾ। ਇਨ੍ਹਾਂ ਦੀ ਕੌਂਸਲਿੰਗ 27 ਤੇ 28 ਅਪ੍ਰੈਲ ਨੂੰ ਜ਼ਿਲ੍ਹਾ ਪੱਧਰ 'ਤੇ ਉਮੀਦਵਾਰਾਂ ਦੀ ਇੱਛਾ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦੇ ਦਫ਼ਤਰ ਵਿਚ ਹੋਵੇਗੀ। ਬੁਲਾਰੇ ਦਾ ਕਹਿਣਾ ਹੈ ਕਿ ਡਾਈਟ ਦੇ 2009 ਤੇ 2011 ਦੇ ਬੈਚ ਦੇ ਉਮੀਦਵਾਰਾਂ ਨੂੰ ਉਨ੍ਹਾਂ ਵੱਲੋਂ ਕੀਤੇ ਕੋਰਸ ਸਬੰਧੀ ਸਬੂਤ ਮੌਕੇ 'ਤੇ ਪੇਸ਼ ਕਰਨੇ ਪੈਣਗੇ। ਬੁਲਾਰੇ ਨੇ ਸਪਸ਼ਟ ਕੀਤਾ ਹੈ ਕਿ ਇਨ੍ਹਾਂ ਉਮੀਦਵਾਰਾਂ ਨੂੰ ਪਿੰਡ ਜਾਂ ਕਲਸਟਰ ਵਿਚ ਬਤੌਰ ਸਿੱਖਿਆ ਮਿੱਤਰ ਨਿਯੁਕਤ ਕੀਤਾ ਜਾਣਾ ਹੈ ਜੇ ਇੱਕੋ ਪਿੰਡ ਦੇ ਇੱਕ ਤੋਂ ਵੱਧ ਉਮੀਦਵਾਰ ਹੋਣਗੇ ਤਾਂ +2 ਦੀ ਮੈਰਿਟ ਅਨੁਸਾਰ ਕਾਰਵਾਈ ਹੋਵੇਗੀ। ਇਹ ਵੀ ਛੋਟ ਦਿੱਤੀ ਗਈ ਹੈ ਕਿ ਈ.ਜੀ.ਐਸ. ਵਲੰਟੀਅਰ ਦੀ ਈ.ਟੀ.ਟੀ. ਕੋਰਸ ਵਿਚ ਕੰਪਾਰਟਮੈਂਟ ਹੈ ਜਾਂ ਕਿਸੇ ਸਮੈਸਟਰ ਵਿਚੋਂ ਫ਼ੇਲ੍ਹ ਹੈ ਉਸ ਨੂੰ ਵੀ ਸਿੱਖਿਆ ਮਿੱਤਰ ਲਈ ਵਿਚਾਰਿਆ ਜਾਵੇਗਾ ਪਰ ਉਸ ਨੂੰ ਦੋ ਵਰ੍ਹਿਆਂ ਵਿਚ ਈ.ਟੀ.ਈ. ਕੋਰਸ ਹਰ ਹਾਲਤ ਵਿਚ ਪਾਸ ਕਰਨਾ ਹੋਵੇਗਾ। ਇਹ ਵੀ ਕਿਹਾ ਗਿਆ ਹੈ ਕਿ ਉਮੀਦਵਾਰ ਵੱਲੋਂ ਨਿਯੁਕਤੀ ਤੋਂ ਬਾਅਦ ਦੋ ਵਰ੍ਹਿਆਂ ਵਿਚ ਪੀ.ਐਸ.ਟੀ.ਈ.ਟੀ.-1 ਟੈੱਸਟ ਪਾਸ ਕਰਨਾ ਹੋਵੇਗਾ।
ਤਿੰਨ ਦਰਜਨ ਕੇਸਾਂ 'ਚ ਲੁੜੀਂਦਾ
ਲੁਟੇਰਾ ਸਾਥੀ ਸਮੇਤ ਕਾਬੂ

ਤਰਨ ਤਾਰਨ ਵਿਖੇ ਫੜ੍ਹੇ ਗਏ ਲੁਟੇਰਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ. ਮਨਮਿੰਦਰ ਸਿੰਘ ਤੇ ਐੱਸ.ਪੀ. ਮਨਮੋਹਨ ਸਿੰਘ ਅਤੇ (ਸੱਜੇ) ਫੜੇ ਗਏ ਲੁਟੇਰੇ ।
ਤਰਨ ਤਾਰਨ, 23 ਅਪ੍ਰੈਲ - ਬੀਤੀ 4 ਅਪ੍ਰੈਲ ਨੂੰ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦੇ ਗ੍ਰੰਥੀ ਭਾਈ ਸੁਖਚੈਨ ਸਿੰਘ ਨੂੰ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਓੜੀ ਦੇ ਸਾਹਮਣੇ ਮੋਟਰਸਾਈਕਲ ਚੋਰੀ ਕਰਦੇ ਲੁਟੇਰਿਆਂ ਨੂੰ ਰੋਕਣ 'ਤੇ ਗ੍ਰੰਥੀ ਦੀ ਗੋਲੀਆਂ ਮਾਰ ਕੇ ਹੱਤਿਆਂ ਕਰਨ ਵਾਲੇ ਲੁਟੇਰੇ ਅਤੇ ਘੱਟੋ ਘੱਟ ਤਿੰਨ ਦਰਜ਼ਨ ਫੌਜਦਾਰੀ ਕੇਸਾਂ ਵਿਚ ਲੋੜੀਂਦੇ ਮੁੱਖ ਦੋਸ਼ੀ ਬਲਰਾਜ ਸਿੰਘ ਉਰਫ ਰਾਜੂ ਪੁੱਤਰ ਗੁਰਮੇਜ ਸਿੰਘ ਵਾਸੀ ਖਾਰਾ ਨੂੰ ਪੁਲਿਸ ਨੇ ਬੀਤੀ ਰਾਤ ਮੁੱਠਭੇੜ ਤੋਂ ਬਾਅਦ ਉਸਦੇ ਸਾਥੀ ਸਮੇਤ ਗ੍ਰਿਫ਼ਤਾਰ ਕਰ ਲਿਆ। ਇਸ ਸਬੰਧੀ ਐੱਸ. ਐੱਸ. ਪੀ. ਮਨਮਿੰਦਰ ਸਿੰਘ ਨੇ ਦੱਸਿਆ ਕਿ 4 ਅਪ੍ਰੈਲ ਨੂੰ ਜਿੰਨਾਂ ਦੋ ਲੁਟੇਰਿਆਂ ਨੇ ਗ੍ਰੰਥੀ ਸੁਖਚੈਨ ਸਿੰਘ ਦੀ ਹੱਤਿਆ ਕੀਤੀ ਸੀ ਦਾ ਸਕੈੱਚ ਮੌਕੇ ਦੇ ਗਵਾਹਾਂ ਪਾਸੋਂ ਪੁੱਛਗਿੱਛ ਕਰਕੇ ਤਿਆਰ ਕੀਤਾ ਸੀ ਅਤੇ ਇਸ ਸਕੈੱਚ ਦੀ ਸ਼ਕਲ ਬਲਰਾਜ ਸਿੰਘ ਉਰਫ ਰਾਜੂ ਨਾਲ ਮਿਲਦੀ ਸੀ। ਉਸ ਦਿਨ ਤੋਂ ਹੀ ਪੁਲਿਸ ਨੇ ਰਾਜੂ ਜੋ ਬਾਰਡਰ ਰੇਂਜ ਨਾਲ ਸਬੰਧੀ ਕਰੀਬ 40 ਕੇਸਾਂ ਵਿਚ ਪੁਲਿਸ ਨੂੰ ਲੋੜੀਂਦਾ ਸੀ ਅਤੇ ਬੀਤੇ ਦਿਨੀਂ ਅੰਮ੍ਰਿਤਸਰ ਦੀ ਅਦਾਲਤ ਵਿਚ ਪੇਸ਼ੀ ਦੌਰਾਨ ਬਖਸ਼ੀ ਖਾਨੇ ਦੀ ਕੰਧ ਤੋੜ ਕੇ ਫਰਾਰ ਹੋ ਗਿਆ ਸੀ ਦੀ ਭਾਲ ਲਈ ਤਰਨ ਤਾਰਨ ਜ਼ਿਲ੍ਹੇ ਦੀ ਪੁਲਿਸ ਸਿਰਤੋੜ ਯਤਨ ਕਰ ਰਹੀ ਸੀ। ਬੀਤੇ ਮਿਲੀ ਸੂਚਨਾ ਦੇ ਆਧਾਰ 'ਤੇ ਪਿੰਡ ਕੱਕਾ ਕੰਡਿਆਲਾ ਦੇ ਨਜ਼ਦੀਕ ਰੇਲਵੇ ਫਾਟਕ 'ਤੇ ਲਗਾਏ ਨਾਕੇ ਦੌਰਾਨ ਐੱਸ. ਐੱਚ. ਓ. ਗੁਰਚਰਨ ਸਿੰਘ ਨੇ ਚਾਰ ਪੈਦਲ ਨੌਜਵਾਨਾਂ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ 'ਚੋਂ ਬਲਰਾਜ ਸਿੰਘ ਰਾਜੂ ਨੇ ਤੁਰੰਤ ਆਪਣੀ ਡੱਬ ਵਿਚੋਂ ਰਿਵਾਲਵਰ ਕੱਢ ਕੇ ਪੁਲਿਸ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ 'ਤੇ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ। ਬਲਰਾਜ ਸਿੰਘ ਦੇ ਪੈਰ ਵਿਚ ਗੋਲੀ ਲੱਗਣ ਜਾਣ ਕਾਰਨ ਪੁਲਿਸ ਨੇ ਉਸਨੂੰ ਅਤੇ ਉਸਦੇ ਸਾਥੀ ਰਣਜੀਤ ਸਿੰਘ ਰਾਣਾ ਪੁੱਤਰ ਨਰਿੰਦਰ ਸਿੰਘ ਵਾਸੀ ਗੰਗਾ ਸਿੰਘ ਨਗਰ ਨੂੰ ਦਬੋਚ ਲਿਆ, ਜਦ ਕਿ ਉਸ ਦੇ ਦੋ ਸਾਥੀ ਬਲਜਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਖਾਰਾ ਅਤੇ ਘੁੱਲਾ ਪੁੱਤਰ ਸਵਿੰਦਰ ਸਿੰਘ ਸ਼ਿੰਦੂ ਜੋ ਪਿੰਡ ਰਟੌਲ ਦੇ ਸਰਪੰਚ ਬਲਜੀਤ ਸਿੰਘ ਦਾ ਭਤੀਜਾ ਹੈ, ਆਪਣੇ ਹਥਿਆਰਾਂ ਨਾਲ ਮੌਕੇ ਤੋਂ ਫਰਾਰ ਹੋ ਗਏ। ਫੜ੍ਹੇ ਗਏ ਲੁਟੇਰਿਆਂ ਪਾਸੋਂ ਦੋ ਰਿਵਾਲਵਰ ਅਤੇ ਜਿੰਦਾ ਕਾਰਤੂਸਾਂ ਸਮੇਤ ਚੱਲੇ ਹੋਏ ਕਾਰਤੂਸ ਵੀ ਬਰਾਮਦ ਕਰ ਲਏ ਗਏ ਹਨ ਅਤੇ ਸਾਰੇ ਦੋਸ਼ੀਆਂ ਵਿਰੁੱਧ ਥਾਣਾ ਸਿਟੀ ਵਿਖੇ ਮੁਕੱਦਮਾ ਨੰਬਰ 129 ਮਿਤੀ 21/4/12 ਅਨੁਸਾਰ ਇਰਾਤਾ ਕਤਲ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
3 ਕਰੋੜ 75 ਲੱਖ ਦੀ ਹੈਰੋਇਨ ਸਮੇਤ ਇਕ ਕਾਬੂ

ਪੱਤਰਕਾਰਾਂ ਨੂੰ ਜਾਣਕਾਰੀ ਦੇਣ ਸਮੇਂ
 ਜਤਿੰਦਰ ਸਿੰਘ ਬੈਨੀਪਾਲ ਐਸ. ਪੀ. ਡੀ.।
ਫ਼ਿਰੋਜ਼ਪੁਰ, 23 ਅਪ੍ਰੈਲ - ਸੀਨੀਅਰ ਪੁਲਿਸ ਕਪਤਾਨ ਸ: ਹਰਦਿਆਲ ਸਿੰਘ ਮਾਨ ਵੱਲੋਂ ਨਸ਼ਾ ਤਸਕਰਾਂ ਖਿਲਾਫ਼ ਛੇੜੀ ਵਿਸ਼ੇਸ਼ ਮੁਹਿੰਮ ਅਧੀਨ ਨਾਰਕੋਟਿਕ ਸੈਲ ਵੱਲੋਂ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ ਸਾਢੇ 700 ਗ੍ਰਾਮ ਹੈਰੋਇਨ ਬਰਾਮਦ ਕਰਨ ਦੀ ਖ਼ਬਰ ਹੈ। ਪੁਲਿਸ ਕਪਤਾਨ ਡਿਟੈਕਟਿਵ ਜਤਿੰਦਰ ਸਿੰਘ ਬੈਨੀਪਾਲ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਨਾਰਕੋਟਿਕ ਸੈਲ ਵੱਲੋਂ ਇੰਸਪੈਕਟਰ ਜਸਪਾਲ ਸਿੰਘ ਦੀ ਅਗਵਾਈ ਹੇਠ ਦੁਲਚੀ ਕੇ ਰੋਡ 'ਤੇ ਨਾਕਾਬੰਦੀ ਕੀਤੀ ਹੋਈ ਸੀ, ਜਿਸ ਦੌਰਾਨ ਹੀਰੋ ਹਾਂਡਾ ਮੋਟਰਸਾਇਕਲ 'ਤੇ ਸਵਾਰ ਇਕ ਸ਼ੱਕੀ ਵਿਅਕਤੀ ਨੂੰ ਰੋਕਿਆ ਗਿਆ। ਜਿਸ ਦੀ ਪਛਾਣ ਸਤਨਾਮ ਸਿੰਘ ਉਰਫ਼ ਸੱਤਾ ਵਾਸੀ ਪਿੰਡ ਪੱਲਾ ਮੇਘਾ ਵਜੋਂ ਹੋਈ ਹੈ, ਉਸ ਦੀ ਤਲਾਸ਼ੀ ਲਏ ਜਾਣ 'ਤੇ ਉਸ ਕੋਲੋਂ 750 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ, ਜਿਸ ਦੀ ਅੰਤਰਰਾਸ਼ਟਰੀ ਮੰਡੀ 'ਚ ਕੀਮਤ 3 ਕਰੋੜ 75 ਲੱਖ ਰੁਪਏ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਪਾਸੋਂ ਪੁੱਛਗਿੱਛ ਜਾਰੀ ਹੈ। ਦੋਸ਼ੀ ਖਿਲਾਫ਼ ਪੁਲਿਸ ਥਾਣਾ ਸਿਟੀ ਅੰਦਰ ਐਨ. ਡੀ. ਪੀ. ਐਸ. ਐਕਟ ਅਧੀਨ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਸਾਬਕਾ ਜੱਜਾਂ, ਕਾਨੂੰਨੀ ਮਾਹਿਰਾਂ ਤੇ ਮਨੁੱਖੀ
ਅਧਿਕਾਰ ਆਗੂਆਂ ਵੱਲੋਂ ਫਾਂਸੀ ਅਣ-ਮਨੁੱਖੀ ਵਰਤਾਰਾ ਕਰਾਰ

ਕਿਸਾਨ ਭਵਨ ਚੰਡੀਗੜ੍ਹ ਵਿਖੇ ਫਾਂਸੀ ਦੀ ਸਜ਼ਾ ਬਾਰੇ ਹੋਏ ਸੈਮੀਨਾਰ ਦੌਰਾਨ ਹਾਜ਼ਰ ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਕੁਲਦੀਪ ਸਿੰਘ, ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਜੱਜ ਜਸਟਿਸ ਅਜੀਤ ਸਿੰਘ ਬੈਂਸ, ਭਾਰਤੀ ਕਿਸਾਨ ਯੂਨੀਅਨ ਦੇ ਪਸ਼ੌਰਾ ਸਿੰਘ ਸਿੱਧੂਪੁਰ ਅਤੇ ਹੋਰ।
ਚੰਡੀਗੜ੍ਹ, 23 ਅਪ੍ਰੈਲ )- ਸੁਪਰੀਮ ਕੋਰਟ ਤੇ ਹਾਈਕੋਰਟ ਦੇ ਸਾਬਕਾ ਜੱਜਾਂ, ਮਨੁੱਖੀ ਅਧਿਕਾਰ ਆਗੂਆਂ ਅਤੇ ਕਾਨੂੰਨੀ ਮਾਹਿਰਾਂ ਨੇ ਫਾਂਸੀ ਦੀ ਸਜ਼ਾ ਨੂੰ ਅਣਮਨੁੱਖੀ ਤੇ ਕੁਦਰਤੀ ਇਨਸਾਫ ਤੋਂ ਉਲਟ ਵਰਤਾਰਾ ਕਰਾਰ ਦਿੰਦੇ ਹੋਏ ਇਹ ਸਜ਼ਾ ਤੁਰੰਤ ਖ਼ਤਮ ਕੀਤੇ ਜਾਣ ਦੀ ਮੰਗ ਕੀਤੀ ਹੈ। ਅੱਜ ਕਿਸਾਨ ਭਵਨ 'ਚ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਅਤੇ ਇੰਟਰਨੈਸ਼ਲਿਸਟ ਡੈਮੋਕ੍ਰੇਟਿਕ ਪਾਰਟੀ ਵੱਲੋਂ 'ਫਾਂਸੀ: ਸਜ਼ਾ ਜਾਂ ਕਾਨੂੰਨੀ ਹੱਤਿਆ' ਵਿਸ਼ੇ 'ਤੇ ਕਰਾਏ ਸੈਮੀਨਾਰ ਵਿਚ ਇਹ ਨੁਕਤਾ ਉਭਰਕੇ ਸਾਹਮਣੇ ਆਇਆ ਕਿ ਮੌਤ-ਦੰਡ ਹਕੀਕਤ ਵਿਚ ਰਾਜਨੀਤਕ ਕਤਲ ਹੈ। ਸੈਮੀਨਾਰ 'ਚ ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਕੁਲਦੀਪ ਸਿੰਘ ਨੇ ਕਿਹਾ ਕਿ ਅੱਜ ਦੇ ਹਾਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਫਾਂਸੀ ਦੀ ਸਜ਼ਾ ਕਾਨੂੰਨ ਦੀ ਕਿਤਾਬ ਵਿੱਚੋਂ ਖਾਰਜ ਕਰ ਦਿੱਤੇ ਜਾਣ ਦੀ ਅਹਿਮ ਲੋੜ ਹੈ। ਉਨ੍ਹਾਂ ਕਿਹਾ ਕਿ ਦੁਨੀਆਂ ਭਰ ਵਿਚ ਇਹ ਲਹਿਰ ਜ਼ੋਰ ਫੜ ਰਹੀ ਹੈ, ਇਸ ਲਈ ਹੁਣ ਫਾਂਸੀ ਦੀ ਸਜ਼ਾ ਜ਼ਿਆਦਾ ਦੇਰ ਰੱਖੀ ਨਹੀਂ ਜਾ ਸਕੇਗੀ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਜੱਜ ਜਸਟਿਸ ਅਜੀਤ ਸਿੰਘ ਬੈਂਸ ਨੇ ਕਿਹਾ ਕਿ ਕੋਈ ਵੀ ਵਿਅਕਤੀ ਜਾਤੀ ਤੌਰ 'ਤੇ ਅਪਰਾਧੀ ਨਹੀਂ ਹੁੰਦਾ ਜਦਕਿ ਕੋਈ ਹਾਲਾਤ ਅਜਿਹੇ ਬਣਦੇ ਹਨ ਜੋ ਵਿਅਕਤੀ ਨੂੰ ਅਪਰਾਧੀ ਬਣਨ ਵੱਲ ਧੱਕ ਦਿੰਦੇ ਹਨ। ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਪ੍ਰੋ: ਬਾਵਾ ਸਿੰਘ ਨੇ ਕਿਹਾ ਕਿ ਬਲਬੰਤ ਸਿੰਘ ਰਾਜੋਆਣਾ ਦਾ ਕੇਸ ਘੱਟ ਗਿਣਤੀ ਨਾਲ ਹੋਈ ਬੇਇਨਸਾਫ਼ੀ ਦੀ ਮਾਨਸਿਕਤਾ ਦੇ ਪ੍ਰਗਟਾਵੇ ਦੇ ਰੂਪ ਵਿਚ ਸ਼ਾਹਮਣੇ ਆਇਆ ਹੈ। ਸੀ ਪੀ ਆਈ (ਐਮ ਐਲ) ਲਿਬਰੇਸ਼ਨ ਦੇ ਆਗੂ ਕਮਲਜੀਤ ਸਿੰਘ ਨੇ ਕਿਹਾ ਕਿ ਫਾਂਸੀ ਦੀ ਸਜ਼ਾ ਬਾਰੇ ਉਦਾਰ ਪਹੁੰਚ ਅਪਣਾਉਣ ਦੀ ਲੋੜ ਹੈ, ਸਰਕਾਰੀ ਦਮਨ ਵਿਰੋਧੀ ਲਹਿਰ ਦੇ ਮੁਖੀ ਅਤੇ ਸਾਬਕਾ ਵਿਧਾਇਕ ਇੰਦਰਜੀਤ ਸਿੰਘ ਜੇਜੀ ਨੇ ਕਿਹਾ ਕਿ ਇਨਸਾਫ ਸਭ ਲਈ ਬਰਾਬਰ ਹੋਣਾ ਚਾਹੀਦਾ ਹੈ ਜਦਕਿ ਘੱਟ ਗਿਣਤੀਆਂ ਸਮੇਤ ਬਹੁਤ ਸਾਰੇ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ। ਇੰਟਰਨੈਸ਼ਨਲਿਸਟ ਡੈਮੋਕ੍ਰੇਟਿਕ ਪਾਰਟੀ (ਆਈ ਡੀ ਪੀ) ਦੇ ਪ੍ਰਧਾਨ ਆਈ.ਡੀ. ਖਜੂਰੀਆ ਨੇ ਕਿਹਾ ਕਿ 21ਵੀਂ ਸਦੀ ਵਿੱਚ ਜਦੋਂ ਅਸੀ ਜਾਨਵਰਾਂ ਦੇ ਅਧਿਕਾਰਾਂ ਬਾਰੇ ਵੀ ਸੋਚ ਰਹੇ ਹਾਂ ਤਾਂ ਮਨੁੱਖ ਨੂੰ ਫਾਂਸੀ ਦੇਣ ਦਾ ਤਰੀਕਾ ਕਿਸੇ ਵੀ ਤਰ੍ਹਾਂ ਵਾਜਿਬ ਨਹੀਂ ਕਿਹਾ ਜਾ ਸਕਦਾ। ਪੰਜਾਬ ਮੰਚ ਦੇ ਬੁਲਾਰੇ ਮਾਲਵਿੰਦਰ ਸਿੰਘ ਮਾਲੀ ਨੇ ਕਿਹਾ ਕਿ ਫਾਂਸੀ ਦੀ ਸਜ਼ਾ ਸਮੇਤ ਸਾਰੇ ਤਾਨਾਸ਼ਾਹ ਕਿਸਮ ਦੇ ਕਾਲੇ ਕਾਨੂੰਨਾਂ 'ਤੇ ਨਜਰਸ਼ਾਨੀ ਕਰਨ ਦੀ ਜ਼ਰੂਰਤ ਹੈ। ਪ੍ਰਧਾਨਗੀ ਭਾਸ਼ਣ ਵਿੱਚ ਪਸ਼ੌਰਾ ਸਿੰਘ ਸਿੱਧੂਪੁਰ ਨੇ ਕਿਹਾ ਕਿ ਸਾਨੂੰ ਫਾਂਸੀ ਦੀ ਸਜ਼ਾ 'ਤੇ ਅੰਦੋਲਨ ਚਲਾਉਣ ਦੀ ਜ਼ਰੂਰਤ ਹੈ। ਸੈਮੀਨਾਰ ਵਿਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਉਹ ਵਿਧਾਨ ਸਭਾ ਵਿਚ ਸੂਬੇ ਅੰਦਰ ਫਾਂਸੀ ਦੀ ਸਜ਼ਾ ਨਾ ਦੇਣ ਦਾ ਮਤਾ ਪਾਸ ਕਰਕੇ ਮੁਲਕ ਅੰਦਰ ਮੌਤ ਦੀ ਸਜ਼ਾ ਖਤਮ ਕਰਾਉਣ ਦੀ ਮੁਹਿੰਮ ਦੀ ਸ਼ੁਰੂਆਤ ਕਰੇ। ਸੈਮੀਨਾਰ ਨੂੰ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ, ਐਡਵੋਕੇਟ ਅਮਰ ਸਿੰਘ ਚਹਿਲ, ਲਾਲ ਸਿੰਘ, ਕ੍ਰਿਸ਼ਨ ਕੱਕੜ, ਮੇਹਰ ਸਿੰਘ ਥੇੜੀ ਆਦਿ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ।
ਬਾਬਾ ਧੰਨਾ ਸਿੰਘ ਬੜੂੰਦੀ ਧਰਮ ਪ੍ਰਚਾਰ ਲਈ ਵਿਦੇਸ਼ ਰਵਾਨਾ

ਨਾਨਕਸਰ ਠਾਠ ਬੜੂੰਦੀ ਦੇ ਸੰਚਾਲਕ ਬਾਬਾ ਧੰਨਾ ਸਿੰਘ ਬੜੂੰਦੀ ਵਿਦੇਸ਼ ਰਵਾਨਾ ਹੋਣ ਸਮੇਂ ਭਾਈ ਗੁਰਮੇਲ ਸਿੰਘ ਨੀਲੂ ਅਤੇ ਹੋਰਨਾਂ ਸੇਵਾਦਾਰਾਂ ਨਾਲ।
ਜਗਰਾਉਂ/ਲੋਹਟਬੱਦੀ, 23 ਅਪ੍ਰੈਲ - ਸੰਤ ਈਸ਼ਰ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਦੇ ਨਾਨਕੇ ਨਗਰ ਪਿੰਡ ਬੜੂੰਦੀ ਸਥਿਤ ਸੰਤ ਜਗੀਰ ਸਿੰਘ ਦੇ ਤਪ ਅਸਥਾਨ ਨਾਨਕਸਰ ਠਾਠ ਦੇ ਸੰਚਾਲਕ ਬਾਬਾ ਧੰਨਾ ਸਿੰਘ ਬੜੂੰਦੀ ਧਰਮ ਪ੍ਰਚਾਰ ਲਈ ਵਿਦੇਸ਼ ਚਲੇ ਗਏ ਹਨ। ਉਹ ਇੰਗਲੈਂਡ ਅਤੇ ਅਮਰੀਕਾ ਤੋਂ ਬਾਅਦ ਟੋਰਾਂਟੋ (ਕੈਨੇਡਾ) ਜਾਣਗੇ, ਜਿਥੇ ਗੁ: ਨਾਨਕਸਰ ਕੈਨੇਡੀ ਰੋਡ ਵਿਖੇ 26 ਜੂਨ ਨੂੰ ਬਾਬਾ ਜਗੀਰ ਸਿੰਘ ਦੀ ਦੂਜੀ ਬਰਸੀ ਸਬੰਧੀ ਸਮਾਗਮ ਕਰਵਾਏ ਜਾਣਗੇ। ਜ਼ਿਕਰਯੋਗ ਹੈ ਕਿ 26 ਜੂਨ, 2010 ਨੂੰ ਬਾਬਾ ਜਗੀਰ ਸਿੰਘ ਨੇ ਮਿਸੀਸਾਗਾ (ਟੋਰਾਂਟੋ) ਵਿਖੇ ਹੀ ਸੱਚਖੰਡ ਪਿਆਨਾ ਕੀਤਾ ਸੀ। ਵਿਦੇਸ਼ ਰਵਾਨਾ ਹੋਣ ਤੋਂ ਪਹਿਲਾਂ ਬਾਬਾ ਧੰਨਾ ਸਿੰਘ ਬੜੂੰਦੀ ਵੱਲੋਂ ਨਾਨਕਸਰ ਠਾਠ ਸਥਿਤ ਭੋਰਾ ਸਾਹਿਬ ਵਿਖੇ ਬਾਬਾ ਈਸ਼ਰ ਸਿੰਘ ਦੀ 2013 'ਚ ਮਨਾਈ ਜਾਣ ਵਾਲੀ ਜਨਮ ਸ਼ਤਾਬਦੀ ਨੂੰ ਸਮਰਪਿਤ 13 ਸਹਿਜ ਤੁਕ-ਤੁਕ ਵਾਲੇ ਪਾਠ ਪ੍ਰਕਾਸ਼ ਕਰਵਾਏ, ਜਿੰਨ੍ਹਾਂ ਦੇ ਭੋਗ 10 ਜੁਲਾਈ ਨੂੰ ਉਨ੍ਹਾਂ ਦੇ ਵਿਦੇਸ਼ ਤੋਂ ਪਰਤਣ ਸਮੇਂ ਪਾਏ ਜਾਣਗੇ। ਉਨ੍ਹਾਂ ਨਾਲ ਭਾਈ ਗੁਰਮੇਲ ਸਿੰਘ ਨੀਲੂ ਵੀ ਵਿਦੇਸ਼ ਗਏ ਹਨ।
ਸਿੱਖ ਫੈਡਰੇਸ਼ਨ ਵੱਲੋਂ ਸੰਗਰੂਰ 'ਚ ਰੈਲੀ 12 ਨੂੰ
ਜਲੰਧਰ, 23 ਅਪ੍ਰੈਲ -ਸਿੱਖ ਸਟੂਡੈਂਟਸ ਫੈਡਰੇਸ਼ਨ ਨੇ 12 ਮਈ ਨੂੰ ਸੰਗਰੂਰ ਵਿਖੇ ਰੈਲੀ ਕਰਨ ਦਾ ਫੈਸਲਾ ਕੀਤਾ। ਰੈਲੀ ਵਿਚ ਪੰਜਾਬ ਅਤੇ ਸਿੱਖ ਪੰਥ ਦੇ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਮਸਲਿਆਂ ਨੂੰ ਹੱਲ ਕਰਨ ਲਈ ਜਮਹੂਰੀ ਢੰਗ ਨਾਲ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਰੈਲੀ ਦੀ ਤਿਆਰੀ ਲਈ ਜ਼ਿਲ੍ਹਾ ਵਾਰ ਮੀਟਿੰਗਾਂ ਦਾ ਸਿਲਸਿਲਾ ਆਰੰਭ ਕਰ ਦਿੱਤਾ ਗਿਆ ਹੈ। ਫੈਡਰੇਸ਼ਨ ਦੇ ਪ੍ਰਧਾਨ ਸ: ਕੁਲਵੰਤ ਸਿੰਘ ਕੰਵਲ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਸੰਘਰਸ਼ ਦਾ ਧੁਰਾ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਦੀ ਪ੍ਰਾਪਤੀ ਹੋਵੇਗਾ। ਕੇਂਦਰ ਸਰਕਾਰ ਦੀ ਬਦਨੀਤੀ ਕਾਰਨ ਪੰਜਾਬ ਤੋਂ ਖੋਹੇ ਪੰਜਾਬੀ ਬੋਲਦੇ ਇਲਾਕੇ ਵਾਪਸ ਕਰਵਾਉਣ, ਪੰਜਾਬ ਦੇ ਪਿੰਡ ਉਜਾੜ ਕੇ ਪੰਜਾਬ ਦੀ ਰਾਜਧਾਨੀ ਲਈ ਵਸਾਇਆ ਚੰਡੀਗੜ੍ਹ ਪੰਜਾਬ ਹਵਾਲੇ ਕਰਨ ਅਤੇ ਦਰਿਆਈ ਪਾਣੀਆਂ ਸਬੰਧੀ ਬਣਦਾ ਹੱਕ ਪ੍ਰਾਪਤ ਕਰਨ ਅਤੇ ਕਾਲੀ ਸੂਚੀ ਦਾ ਖਾਤਮਾ ਕਰਵਾਉਣਾ ਆਦਿ ਸੰਘਰਸ਼ ਦੇ ਮੁੱਖ ਮੁੱਦੇ ਹੋਣਗੇ।
ਉਨ੍ਹਾਂ ਕਿਹਾ ਕਿ ਫਰਾਂਸ ਵਿਚ ਦਸਤਾਰ ਦਾ ਮਸਲਾ ਹੱਲ ਕਰਵਾਉਣ ਅਤੇ ਦਿੱਲੀ, ਕਾਨਪੁਰ, ਬਕਾਰੋ ਤੇ ਦੇਸ਼ ਦੇ ਹੋਰ ਥਾਵਾਂ 'ਤੇ ਹੋਏ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਕਟਹਿਰੇ ਵਿਚ ਖੜ੍ਹਾ ਕਰਕੇ ਸਜ਼ਾਵਾਂ ਦਿਵਾਉਣਾ ਵੀ ਸੰਘਰਸ਼ ਦੇ ਮੁੱਦਿਆਂ ਵਿਚ ਸ਼ਾਮਿਲ ਹੈ। ਫੈਡਰੇਸ਼ਨ ਪ੍ਰਧਾਨ ਨੇ ਸਪੱਸ਼ਟ ਕੀਤਾ ਕਿ ਜਿਥੇ ਫੈਡਰੇਸ਼ਨ ਦਾ ਸੰਘਰਸ਼ ਕੇਂਦਰ ਦੀ ਸਰਕਾਰ ਦੇ ਖਿਲਾਫ ਹੋਵੇਗਾ, ਉਥੇ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਜਾਵੇਗੀ ਕਿ ਉਹ ਪੰਜਾਬੀ ਸੂਬੇ ਦੇ ਮੋਰਚੇ ਵਿਚ ਕੁਰਬਾਨੀਆਂ ਕਰਨ ਵਾਲੇ, ਐਮਰਜੈਂਸੀ ਵਿਚ ਜੇਲ੍ਹਾਂ ਕੱਟਣ ਵਾਲੇ ਅਤੇ ਧਰਮ ਯੁੱਧ ਮੋਰਚੇ ਤੇ ਸਿੱਖ ਸੰਘਰਸ਼ ਵਿਚ ਕੁਰਬਾਨੀਆਂ ਕਰਨ ਵਾਲੇ ਪਰਿਵਾਰਾਂ ਜਾਂ ਉਨ੍ਹਾਂ ਦੇ ਵਾਰਸਾਂ ਨੂੰ ਸੁਤੰਤਰਤਾ ਸੰਗਰਾਮੀਆਂ ਵਾਲੀਆਂ ਸਹੂਲਤਾਂ ਦੇਵੇ। ਉਨ੍ਹਾਂ ਆਖਿਆ ਕਿ ਪੰਜਾਬ ਅਤੇ ਪੰਥਕ ਹੱਕਾਂ ਲਈ ਸੰਘਰਸ਼ ਕਰਨ ਵਾਸਤੇ ਫੈਡਰੇਸ਼ਨ ਦੀ ਮਜ਼ਬੂਤੀ ਅਤਿ ਜ਼ਰੂਰੀ ਹੈ। ਇਸ ਮੌਕੇ ਉਨ੍ਹਾਂ ਨਾਲ ਫੈਡਰੇਸ਼ਨ ਦੇ ਜਨਰਲ ਸਕੱਤਰ ਤਰਲੋਚਨ ਸਿੰਘ ਰਾਓ ਮਾਜਰਾ, ਦਲਬੀਰ ਸਿੰਘ ਬਾਠ ਅੰਮ੍ਰਿਤਸਰ, ਤੇਜਿੰਦਰ ਸਿੰਘ, ਦਿਲਬਾਗ ਸਿੰਘ, ਗੁਰਲਾਲ ਸਿੰਘ ਤੇ ਮਲਕੀਤ ਸਿੰਘ ਹਾਜ਼ਰ ਸਨ।
ਕੁਰੂਕਸ਼ੇਤਰ ਯੂਨੀਵਰਸਿਟੀ 'ਚ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂਅ '
ਤੇ ਚੇਅਰ ਸਥਾਪਿਤ ਕਰਨ ਲਈ ਹੁੱਡਾ ਦਾ ਸਨਮਾ

ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦਾ ਸਨਮਾਨ ਕਰਦੇ ਹੋਏ ਜਗਦੇਵ ਸਿੰਘ ਜੱਸੋਵਾਲ, ਕ੍ਰਿਸ਼ਨ ਕੁਮਾਰ ਬਾਵਾ, ਗੁਰਕੀਰਤ ਸਿੰਘ ਕੋਟਲੀ ਅਤੇ ਹੋਰ।
ਲੁਧਿਆਣਾ, 23 ਅਪ੍ਰੈਲ-ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਸ੍ਰੀ ਭੁਪਿੰਦਰ ਸਿੰਘ ਹੁੱਡਾ ਮੁੱਖ ਮੰਤਰੀ ਹਰਿਆਣਾ ਨੂੰ ਬਾਬਾ ਬੰਦਾ ਸਿੰਘ ਬਹਾਦਰ ਦਾ ਚਿੱਤਰ, ਸ਼ਾਲ ਅਤੇ ਕਿਤਾਬਾਂ ਦਾ ਸੈੱਟ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸਨਮਾਨ ਦੀ ਰਸਮ ਜਗਦੇਵ ਸਿੰਘ ਜੱਸੋਵਾਲ ਮੁੱਖ ਸਰਪ੍ਰਸਤ ਅੰਤਰਰਾਸ਼ਟਰੀ ਫਾਊਂਡੇਸ਼ਨ, ਗੁਰਕੀਰਤ ਸਿੰਘ ਕੋਟਲੀ ਵਿਧਾਇਕ ਖੰਨਾ, ਕ੍ਰਿਸ਼ਨ ਕੁਮਾਰ ਬਾਵਾ ਪ੍ਰਧਾਨ ਅੰਤਰਰਾਸ਼ਟਰੀ ਫਾਊਂਡੇਸ਼ਨ, ਸੰਧਿਆ ਬਾਵਾ ਪ੍ਰਧਾਨ ਬੈਰਾਗੀ ਮਹਾਂ ਮੰਡਲ ਹਰਿਆਣਾ, ਹਰਦਿਆਲ ਸਿੰਘ ਅਮਨ ਜਨ: ਸਕੱਤਰ ਫਾਊਂਡੇਸ਼ਨ, ਐਡਵੋਕੇਟ ਬੂਟਾ ਸਿੰਘ ਬੈਰਾਗੀ ਕਨਵੀਨਰ ਫਾਊਂਡੇਸ਼ਨ ਅਤੇ ਦਰਸ਼ਨ ਸਿੰਘ ਗਿੱਲ ਨੇ ਅਦਾ ਕੀਤੀ। ਇਸ ਸਮੇਂ ਕੁਰੂਕਸ਼ੇਤਰ ਯੂਂਨੀਵਰਸਿਟੀ ਵਿਚ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਂਅ 'ਤੇ ਚੇਅਰ ਸਥਾਪਿਤ ਕਰਨ ਲਈ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਹੁੱਡਾ ਦਾ ਧੰਨਵਾਦ ਅਤੇ ਸਨਮਾਨ ਕੀਤਾ ਗਿਆ। ਫਾਊਂਡੇਸ਼ਨ ਵੱਲੋਂ ਉਨ੍ਹਾਂ ਨੂੰ ਸਰਹੰਦ ਫਤਿਹ ਦਿਵਸ ਦੇ ਪਵਿੱਤਰ ਇਤਿਹਾਸਕ ਦਿਹਾੜੇ 12 ਮਈ ਪਿੰਡ ਰਕਬਾ ਨੇੜੇ ਮੁੱਲਾਂਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਵਿਖੇ ਆਉਣ ਲਈ ਵੀ ਸੱਦਾ ਪੱਤਰ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਵਰੁਨ ਮਹਿਤਾ, ਭੁਪਿੰਦਰ ਸਿੰਘ ਭਿੰਦਾ ਆਦਿ ਵੀ ਹਾਜ਼ਰ ਸਨ।
ਪਾਕਿ 'ਚ ਸੁੱਕ ਰਿਹਾ ਹੈ ਹਿੰਦੂਆਂ ਦਾ ਪਵਿੱਤਰ ਸਰੋਵਰ
ਇਸਲਾਮਾਬਾਦ, 23 ਅਪ੍ਰੈਲ -ਪਾਕਿਸਤਾਨ 'ਚ ਹਿੰਦੂਆਂ ਦੇ 900 ਸਾਲਾ ਪੁਰਾਣੇ ਇਕ ਮੰਦਰ 'ਚ ਸਥਿਤ ਪਵਿੱਤਰ ਸਰੋਵਰ ਸੁੱਕਣ ਦੀ ਕਗਾਰ ਤੇ ਹੈ ਕਿਉਂਕਿ ਮੰਦਰ ਨਾਲ ਲੱਗਦੇ ਇਕ ਸੀਮਿੰਟ ਕਾਰਖਾਨੇ ਦੁਆਰਾ ਟਿਊੱਬਵੈਲ ਦੇ ਜ਼ਰੀਏ ਸਰੋਵਰ 'ਚੋਂ ਪਾਣੀ ਖਿੱਚਿਆ ਜਾ ਰਿਹਾ ਹੈ। ਪਾਕਿਸਤਾਨ ਦੇ ਪੰਜਾਬ ਸੂਬੇ 'ਚ ਸਥਿਤ ਕਟਾਸਰਾਜ ਮੰਦਰ ਨੂੰ ਇਸ ਦੇ ਸਰੋਵਰ ਕਾਰਨ ਪਵਿੱਤਰ ਮੰਨਿਆ ਜਾਂਦਾ ਹੈ। ਹਿੰਦੂ ਧਰਮ ਸ਼ਾਸਤਰ ਦੇ ਅਨੁਸਾਰ ਇਹ ਸਰੋਵਰ ਭਗਵਾਨ ਸ਼ਿਵ ਦੇ ਹੰਝੂਆਂ ਨਾਲ ਹੋਂਦ 'ਚ ਆਇਆ ਸੀ। ਇਹ ਵੀ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਪਾਡਵਾਂ ਨੇ 14 ਸਾਲਾ ਦੇ ਬਨਵਾਸ ਦੌਰਾਨ ਇਸ ਮੰਦਰ 'ਚ ਚਾਰ ਸਾਲ ਬਿਤਾਏ ਸਨ। ਪਾਕਿਸਤਾਨ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਰਮੇਸ਼ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਕਟਾਸਰਾਜ ਮੰਦਰ ਦੇ ਸਰੋਵਰ ਨੂੰ ਸੁੱਕਣ ਤੋਂ ਬਚਾਉਣ ਲਈ ਜਲਦ ਹੀ ਉੱਚਿਤ ਕਦਮ ਉਠਾਉਣੇ ਚਾਹੀਦੇ ਹਨ।
ਹਿਜ਼ਬੁਲ ਮੁਜਾਹਦੀਨ ਦੇ ਪਨਾਹਗਾਰ ਕਾਬੂ
ਸ੍ਰੀਨਗਰ, 23 ਅਪ੍ਰੈਲ -ਸਥਾਨਕ ਪੁਲਿਸ ਨੇ ਅੱਤਵਾਦੀ ਜਥੇਬੰਦੀ ਹਿਜ਼ਬੁਲ ਮੁਜਾਹਦੀਨ ਨੂੰ ਪਨਾਹ ਦੇਣ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਬੁਲਾਰੇ ਤੋਂ ਮਿਲੀ ਜਾਣਕਾਰੀ ਅਨੁਸਾਰ ਖਾਸ ਸੂਚਨਾ ਦੇ ਆਧਾਰ 'ਤੇ ਕੁੱਪਵਾੜਾ ਜ਼ਿਲ੍ਹੇ ਵਿਚ ਹੰਦਵਾੜਾ ਇਲਾਕੇ ਵਿਚੋਂ ਮਸੂਦ ਅਹਿਮਦ ਗਿਲਾਨੀ ਅਤੇ ਜ਼ਹੂਰ ਅਹਿਮਦ ਡਾਰ ਨਾਮੀ ਦੋ ਵਿਅਕਤੀਆਂ ਨੂੰ ਪੁਲਿਸ ਕਾਬੂ ਕੀਤਾ ਹੈ। ਇਨ੍ਹਾਂ ਦੋਵਾਂ 'ਤੇ ਦੋਸ਼ ਹੈ ਕਿ ਇਹ ਹਿਜ਼ਬੁਲ ਮੁਜਾਹਦੀਨ ਜਥੇਬੰਦੀ ਦੇ ਅੱਤਵਾਦੀਆਂ ਨੂੰ ਜਿਥੇ ਪਨਾਹ ਦਿੰਦੇ ਸਨ, ਉਥੇ ਉਨ੍ਹਾਂ ਲਈ ਆਰਥਿਕ 'ਵਸੀਲੇ' ਵੀ ਪੈਦਾ ਕਰਦੇ ਸਨ। ਇਨ੍ਹਾਂ ਦੇ ਕਬਜ਼ੇ ਵਿਚੋਂ 45 ਹਜ਼ਾਰ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਗਈ ਹੈ, ਜੋ ਸਮਝਿਆ ਜਾਂਦਾ ਹੈ ਕਿ ਇਨ੍ਹਾਂ ਨੇ ਸ੍ਰੀਨਗਰ ਤੇ ਬਾਂਦੀਪੋਰਾ ਇਲਾਕਿਆਂ ਵਿਚ ਅੱਤਵਾਦੀਆਂ ਨੂੰ ਮੁਹੱਈਆ ਕਰਵਾਉਣੀ ਸੀ। ਪੁਲਿਸ ਨੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸੂਬੇ ਦਾ ਕਿਸਾਨ ਮੰਡੀਆਂ 'ਚ ਰੁਲਣ ਲਈ ਹੋ ਰਿਹੈ ਮਜਬੂਰ-ਸਿੰਗਲਾ

ਲਹਿਰਾਗਾਗਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੈਂਬਰ
ਪਾਰਲੀਮੈਂਟ ਸ੍ਰੀ ਵਿਜੈਇੰਦਰ ਸਿੰਗਲਾ।
ਲਹਿਰਾਗਾਗਾਗਾ, 23 ਅਪ੍ਰੈਲ - ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਅੱਜ ਸੂਬੇ ਦਾ ਕਿਸਾਨ ਪਿਛਲੇ 10 ਦਿਨਾਂ ਤੋਂ ਅਨਾਜ ਮੰਡੀਆਂ ਅੰਦਰ ਰੁਲ ਰਿਹਾ ਹੈ। ਕਿਸੇ ਵੀ ਮੰਡੀ ਅੰਦਰ ਅਜੇ ਤੱਕ ਪੂਰਾ ਵਾਰਦਾਨਾ ਨਹੀਂ ਪਹੁੰਚਿਆ ਜਿਸ ਕਰ ਕੇ ਕਿਸਾਨ ਸੜਕਾਂ ਤੇ ਧਰਨੇ ਲਾਉਣ ਲਈ ਮਜਬੂਰ ਹੋ ਰਹੇ ਹਨ। ਇਸ ਗੱਲ ਦਾ ਪ੍ਰਗਟਾਵਾ ਮੈਂਬਰ ਪਾਰਲੀਮੈਂਟ ਵਿਜੈਇੰਦਰ ਸਿੰਗਲਾ ਨੇ ਇਥੇ ਆੜਤੀ ਆਗੂ ਇੰਦਰਜੀਤ ਸਿੰਘ ਬੇਦੀ ਦੀ ਦੁਕਾਨ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੰਡੀਆਂ ਅੰਦਰ ਕਣਕ ਦੀ ਖਰੀਦ ਕਰ ਰਹੀਆਂ ਏਜੰਸੀਆਂ ਕੋਲ ਕਣਕ 'ਚ ਸਿੱਲ੍ਹ ਚੈਕ ਕਰਨ ਲਈ ਸਿਰਫ ਇਕ ਇਕ ਹੀ ਮਾਉਚਰ ਮੀਟਰ ਹੈ ਜੋ ਕਣਕ ਦੀ ਇਕੋ ਢੇਰੀ ਦੀ ਵੱਖੋ-ਵੱਖਰੀ ਰੀਡਿੰਗ ਦੇ ਰਿਹਾ ਹੈ। ਸ੍ਰੀ ਸਿੰਗਲਾ ਨੇ ਕਿਹਾ ਕਿ ਆੜਤੀਆਂ ਨੂੰ ਖੁਦ ਆਪਣੇ ਕੋਲੋਂ ਕਿਰਾਇਆ ਦੇ ਕੇ ਗੁਦਾਮਾਂ ਵਿਚੋਂ ਬਾਰਦਾਨਾ ਲੈ ਕੇ ਆਉਣਾ ਪੈ ਰਿਹਾ ਹੈ ਜਦੋਂ ਕਿ ਆੜਤੀਆਂ ਨੂੰ ਮੰਡੀਆਂ ਵਿਚ ਹੀ ਬਾਰਦਾਨਾ ਮਿਲਣਾ ਚਾਹੀਦਾ ਹੈ। ਸ੍ਰੀ ਸਿੰਗਲਾ ਨੇ ਲਹਿਰਾਗਾਗਾ ਵਿਖੇ ਅੰਡਰ ਬ੍ਰਿਜ ਦੀ ਲੋਕਾਂ ਵਲੋਂ ਰੱਖੀ ਮੰਗ ਸੰਬੰਧੀ ਕਿਹਾ ਕਿ ਜੇਕਰ ਸਰਕਾਰ ਪੰਜਾਹ ਪ੍ਰਤੀਸ਼ਤ ਖਰਚਾ ਭਰਨ ਲਈ ਤਿਆਰ ਹੈ ਤਾਂ ਮੈਂ ਇਸ ਦੀ ਤੁਰੰਤ ਮਨਜੂਰੀ ਲਿਆ ਦਿਆਂਗਾ। ਇਸ ਮੌਕੇ ਭੂਸ਼ਨ ਗੋਇਲ, ਸੋਮਨਾਥ ਸਿੰਗਲਾ, ਇੰਦਰਜੀਤ ਸਿੰਘ ਬੇਦੀ, ਤੇਲੂ ਰਾਮ ਗਰਗ, ਅਮਰਨਾਥ ਕੋਕੀ, ਗੁਰਲਾਲ ਸਿੰਘ, ਰਵਿੰਦਰ ਰਿੰਕੂ, ਗੁਰਨਾਮ ਸਿੰਘ ਫੋਜੀ, ਸ਼ਾਮ ਲਾਲ ਜਲੂਰ ਵੀ ਮੌਜੂਦ ਸਨ।
ਥਾਣਾ ਇੰਚਾਰਜ ਨੇ ਕੀਤੀ ਮੋਹਤਬਰਾਂ ਨਾਲ ਮੀਟਿੰਗ

ਥਾਣਾ ਧਰਮਗੜ੍ਹ ਵਿਖੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਥਾਣਾ ਮੁਖੀ ਗੁਲਜਾਰ ਸਿੰਘ
ਅਤੇ ਹਾਜਰ ਪਤਵੰਤੇ।
ਧਰਮਗੜ੍ਹ, 23 ਅਪ੍ਰੈਲ -ਥਾਣਾ ਧਰਮਗੜ੍ਹ ਵਿਖੇ ਨਵੇਂ ਆਏ ਐਸ.ਐਚ.ਓ. ਗੁਲਜਾਰ ਸਿੰਘ ਨੇ ਥਾਣੇ ਅਧੀਨ ਪੈਂਦੇ ਪਿੰਡਾਂ ਦੇ ਪੰਚਾਂ-ਸਰਪੰਚਾਂ ਅਤੇ ਹੋਰ ਪਤਵੰਤੇ ਸੱਜਣਾਂ ਨਾਲ ਪਲੇਠੀ ਮੀਟਿੰਗ ਕੀਤੀ । ਇਸ ਮੌਕੇ ਉਨ੍ਹਾਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਲਾਕੇ ਭਰ ਂਚ ਅਮਨ-ਸਾਂਤੀ ਰੱਖਣ ਲਈ ਅਤੇ ਸਮਾਜ ਵਿਰੋਧੀ ਅਨਸਰਾਂ ਤੇ ਸਿਕੰਜਾ ਕੱਸਣ ਲਈ ਪੁਲਿਸ ਨੂੰ ਪਿੰਡਾਂ ਦੇ ਮੋਹਤਬਰ ਵਿਅਕਤੀਆਂ ਦੇ ਸਹਿਯੋਗ ਦੀ ਲੋੜ ਹੈ ਕਿਉਂਕਿ ਜੁਰਮ ਨੂੰ ਰੋਕਣ ਲਈ ਇਕੱਲੀ ਪੁਲਿਸ ਵੀ ਕੁੱਝ ਨਹੀਂ ਕਰ ਸਕਦੀ। ਜਦੋਂ ਇਕੱਤਰ ਲੋਕਾਂ ਨੇ ਪਿੰਡਾਂ ਂਚ ਮੱਝਾਂ ਦੀ ਹੋ ਰਹੀ ਚੋਰੀ ਬਾਰੇ ਥਾਣਾ ਮੁਖੀ ਨੂੰ ਧਿਆਨ ਦੇਣ ਲਈ ਕਿਹਾ ਤਾਂ ਉਨ੍ਹਾਂ ਕਿਹਾ ਕਿ ਜਲਦੀ ਹੀ ਪਿੰਡਾਂ 'ਚ ਠੀਕਰੀ ਪਹਿਰੇ ਲਗਵਾਕੇ ਇਸ ਸਮੱਸਿਆ ਤੋਂ ਨਿਜਾਤ ਦਿਵਾਈ ਜਾਵੇਗੀ । ਇਸ ਮੌਕੇ ਚੇਅਰਮੈਨ ਪਰਮਿੰਦਰ ਗੰਢੂਆਂ, ਸਰਪੰਚ ਨਰਾਤਾ ਸਿੰਘ ਗਾਗਾ, ਸਰਪੰਚ ਸਵਰਣ ਸਿੰਘ ਡਸਕਾ, ਸਰਪੰਚ ਬਿੱਕਰ ਸਿੰਘ ਰਤਨਗੜ੍ਹ ਪਾਟਿਆਵਾਲੀ, ਪਿਰਤਪਾਲ ਸਿੰਘ ਸਰਪੰਚ ਧਰਮਗੜ੍ਹ, ਰਣਜੀਤ ਸਿੰਘ ਸਰਪੰਚ ਫਤਹਿਗੜ੍ਹ, ਜਸਵੰਤ ਸਿੰਘ ਸਰਪੰਚ ਗੰਢੂਆਂ, ਕੁਲਵਿੰਦਰ ਸਿੰਘ ਸਰਪੰਚ ਡਸਕਾ, ਦਲਵੀਰ ਸਿੰਘ ਸਰਪੰਚ ਹਰਿਆਉ ਕੋਠੇ, ਸਾਬਕਾ ਸਰਪੰਚ ਭੀਮ ਸਿੰਘ ਸਤੌਜ, ਸਰਪੰਚ ਬਾਬੂ ਸਿੰਘ ਕਣਕਵਾਲ ਭੰਗੂਆਂ, ਸਰਪੰਚ ਗੁਰਮੀਤ ਸਿੰਘ ਹਾਜਰ ਸਨ।