Wednesday 18 April 2012

ਫ਼ਾਜ਼ਿਲਕਾ 'ਚ 1 ਅਰਬ ਦੀ ਹੈਰੋਇਨ ਸਣੇ 2 ਗ੍ਰਿਫ਼ਤਾਰ
ਫ਼ਾਜ਼ਿਲਕਾ, 18 ਅਪ੍ਰੈਲ -ਫ਼ਾਜ਼ਿਲਕਾ ਪੁਲਿਸ ਵੱਲੋਂ ਅੱਜ 20 ਕਿੱਲੋ ਹੈਰੋਇਨ, ਜਿਸ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿਚ ਇਕ ਅਰਬ ਰੁਪਏ ਬਣਦੀ ਹੈ, ਸਮੇਤ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸ੍ਰੀ ਨਿਰਮਲ ਸਿੰਘ ਢਿੱਲੋਂ ਆਈ. ਜੀ. ਬਠਿੰਡਾ ਰੇਂਜ, ਪਰਮ ਰਾਜ ਸਿੰਘ ਉਮਰਾਨੰਗਲ ਡੀ. ਆਈ. ਜੀ. ਫ਼ਿਰੋਜ਼ਪੁਰ ਰੇਂਜ ਨੇ ਐੱਸ. ਐੱਸ. ਪੀ. ਦਫ਼ਤਰ ਵਿਖੇ ਇਕ ਪ੍ਰੈੱਸ ਕਾਨਫ਼ਰੰਸ ਵਿਚ ਦੱਸਿਆ ਕਿ ਐੱਸ. ਐੱਸ. ਪੀ. ਫ਼ਾਜ਼ਿਲਕਾ ਸ੍ਰੀ ਅਸ਼ੋਕ ਬਾਠ ਨੂੰ ਗੁਪਤ ਸੂਚਨਾ ਮਿਲੀ ਕਿ ਨਿਰਵੈਲ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਰੁਕਣੇ ਵਾਲਾ ਥਾਣਾ ਸਦਰ ਫ਼ਿਰੋਜ਼ਪੁਰ ਅਤੇ ਦਿਲਬਾਗ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਸੀਤੋ ਥਾਣਾ ਸਦਰ ਪੱਟੀ ਜ਼ਿਲ੍ਹਾ ਤਰਨ ਤਾਰਨ ਜੋ ਕਿ ਸਮਗਲਿੰਗ ਦਾ ਧੰਦਾ ਕਰਦੇ ਹਨ, ਰਾਜਸਥਾਨ ਦੇ ਬਾਰਡਰ ਤੋਂ ਹੈਰੋਇਨ ਦੀ ਵੱਡੀ ਖੇਪ ਲੈਣ ਲਈ ਗਏ ਹਨ, ਜੋ ਕਿ ਪਿੰਡ ਬਕੈਣਵਾਲਾ ਦੇ ਰਸਤੇ ਪੰਜਾਬ ਵਿਚ ਦਾਖਲ ਹੋਣਗੇ। ਜਿਸ 'ਤੇ ਕਾਰਵਾਈ ਕਰਦਿਆਂ ਐੱਸ.ਐੱਚ.ਓ. ਸਦਰ ਛਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਪਿੰਡ ਬਕੈਣਵਾਲਾ ਦੇ ਪੈਟਰੋਲ ਪੰਪ ਕੋਲ ਨਾਕਾਬੰਦੀ ਕਰ ਲਈ। ਅੱਜ ਸਵੇਰੇ ਕਰੀਬ 10 ਵਜੇ ਹਿੰਦੂਮਲ ਕੋਟ (ਰਾਜਸਥਾਨ ਬਾਰਡਰ) ਵੱਲੋਂ ਦੋ ਆਦਮੀ ਮੋਟਰਸਾਈਕਲ 'ਤੇ ਆਏ ਤੇ ਪੁਲਿਸ ਪਾਰਟੀ ਨੂੰ ਦੇਖ ਕੇ ਪਿੱਛੇ ਮੁੜਨ ਲੱਗੇ। ਜਿਸ 'ਤੇ ਪੁਲਿਸ ਪਾਰਟੀ ਨੇ ਪਿੱਛਾ ਕਰਕੇ ਉਨ੍ਹਾਂ ਨੂੰ ਕਾਬੂ ਕਰ ਲਿਆ। ਬਿਨਾਂ ਨੰਬਰ ਮੋਟਰਸਾਈਕਲ ਸਵਾਰ ਇਨ੍ਹਾਂ ਵਿਅਕਤੀਆਂ ਨੇ ਆਪਣੀ ਪਛਾਣ ਨਿਰਵੈਲ ਸਿੰਘ ਅਤੇ ਦਿਲਬਾਗ ਸਿੰਘ ਵਜੋਂ ਦੱਸੀ। ਮੌਕੇ 'ਤੇ ਐੱਸ. ਐੱਸ. ਪੀ. ਸ੍ਰੀ ਅਸ਼ੋਕ ਬਾਠ, ਡੀ.ਐੱਸ.ਪੀ. ਸ. ਸੁਖਦੇਵ ਸਿੰਘ ਬਰਾੜ ਪੁੱਜ ਗਏ। ਜਾਂਚ ਕਰਨ 'ਤੇ ਉਨ੍ਹਾਂ ਪਾਸੋਂ 20 ਪੈਕਟ ਹੈਰੋਇਨ, ਜਿਸ ਦਾ ਪ੍ਰਤੀ ਪੈਕਟ ਵਜ਼ਨ ਇਕ ਕਿੱਲੋ ਸੀ, ਬਰਾਮਦ ਹੋਏ। ਇਨ੍ਹਾਂ ਪੈਕਟਾਂ ਉੱਪਰ ਮਾਰਕਾ 4 ਸਟਾਰ ਅਫ਼ਗਾਨਿਸਤਾਨ ਲਿਖਿਆ ਹੋਇਆ ਹੈ। ਸ੍ਰੀ ਢਿੱਲੋਂ ਨੇ ਦੱਸਿਆ ਕਿ ਪੁੱਛਗਿੱਛ 'ਤੇ ਕਥਿਤ ਦੋਸ਼ੀਆਂ ਨੇ ਮੰਨਿਆ ਕਿ ਉਹ ਇਹ ਹੈਰੋਇਨ ਹਿੰਦੂਮਲ ਕੋਟ ਦੇ ਨਜ਼ਦੀਕ ਪਾਕਿਸਤਾਨ ਬਾਰਡਰ ਤੋਂ ਲੈ ਕੇ ਆਏ ਹਨ। ਇਹ ਖੇਪ ਉਨ੍ਹਾ ਨਦੀਮ ਮਾਸਟਰ ਜੋ ਕਿ ਹੈਰੋਇਨ ਦੇ ਕੇਸ ਵਿਚ ਪਹਿਲਾਂ ਸੈਂਟਰ ਜੇਲ੍ਹ ਫ਼ਿਰੋਜ਼ਪੁਰ ਵਿਖੇ ਬੰਦ ਸੀ, ਵੱਲੋਂ ਪਾਕਿਸਤਾਨ ਤੋਂ ਭੇਜੀ ਗਈ ਹੈ। ਉਨ੍ਹਾਂ ਦੱਸਿਆ ਕਿ ਜਦ ਨਦੀਮ ਮਾਸਟਰ ਜੇਲ੍ਹ ਵਿਚ ਸੀ ਤਾਂ ਉਸ ਦੀ ਮੁਲਾਕਾਤ ਨਿਰਵੈਲ ਸਿੰਘ ਨਾਲ ਹੋਈ ਸੀ। ਕੁੱਝ ਸਮਾਂ ਪਹਿਲਾਂ ਨਦੀਮ ਮਾਸਟਰ ਜੇਲ੍ਹ ਵਿਚੋਂ ਰਿਹਾਅ ਹੋ ਕੇ ਪਾਕਿਸਤਾਨ ਚਲਾ ਗਿਆ ਸੀ ਅਤੇ ਇਨ੍ਹਾਂ ਦਾ ਆਪਸ ਵਿਚ ਮੋਬਾਈਲਾਂ 'ਤੇ ਗੱਲਬਾਤ ਦਾ ਸਿਲਸਿਲਾ ਚੱਲਦਾ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਨਿਰਵੈਲ ਸਿੰਘ ਕੁਝ ਦਿਨ ਪਹਿਲਾਂ ਹੀ ਹਿੰਦੂ ਮਲ ਕੋਟ ਵਾਲੇ ਬਾਰਡਰ ਇਲਾਕੇ ਦੀ ਰੈਕੀ ਕਰਕੇ ਆਇਆ ਸੀ ਅਤੇ ਉਸ ਨੇ ਇਹ ਹੀਰੋਇਨ ਪਿੰਡ ਰੁਕਣੇ ਵਾਲਾ ਵਿਖੇ ਆਪਣੇ ਘਰ ਵਿਚ ਰੱਖਣੀ ਸੀ ਬਾਅਦ ਵਿਚ ਇਹ ਖੇਪ ਨਿਰਵੈਲ ਸਿੰਘ ਨੇ ਕਿਸ ਹੋਰ ਨੂੰ ਦੇਣੀ ਸੀ, ਜਿਸ ਬਾਰੇ ਮਾਸਟਰ ਨਦੀਮ ਵੱਲੋਂ ਉਸ ਨੂੰ ਮੋਬਾਈਲ 'ਤੇ ਦੱਸਿਆ ਜਾਣਾ ਸੀ। ਉਨ੍ਹਾਂ ਦੱਸਿਆ ਕਿ ਨਿਰਵੈਲ ਸਿੰਘ ਵਿਰੁੱਧ ਪਹਿਲਾਂ ਹੀ ਜ਼ਿਲ੍ਹਾ ਮਜੀਠਾ ਵਿਖੇ ਡੇਢ ਲੱਖ ਰੁਪਏ ਦੀ ਜਾਅਲੀ ਕਰੰਸੀ ਅਤੇ ਜ਼ਿਲ੍ਹਾ ਤਰਨਤਾਰਨ ਵਿਚ ਦੋ ਕਿਲੋ ਹੈਰੋਇਨ ਦਾ ਮੁਕੱਦਮਾ ਦਰਜ ਹੈ। ਸ੍ਰੀ ਢਿੱਲੋਂ ਨੇ ਦੱਸਿਆ ਕਿ 100 ਕਰੋੜ ਰੁਪਏ ਦੀ ਹੈਰੋਇਨ ਪੰਜਾਬ ਪੁਲਿਸ ਨੇ ਆਪਣੇ ਵੱਲੋਂ ਪਹਿਲੀ ਵਾਰ ਫੜੀ ਹੈ। ਉਨ੍ਹਾਂ ਦੱਸਿਆ ਕਿ ਦੋਨੋਂ ਵਿਅਕਤੀਆਂ ਖ਼ਿਲਾਫ਼ 21/61/85 ਐਨ.ਡੀ.ਪੀ.ਐੱਸ. ਐਕਟ ਅਧੀਨ ਮਾਮਲਾ ਦਰਜ਼ ਕਰਕੇ ਹੋਰ ਪੁੱਛਗਿੱਛ ਜਾਰੀ ਹੈ ਅਤੇ ਅਹਿਮ ਸੁਰਾਗ ਹੱਥ ਲੱਗਣ ਦੀ ਸੰਭਾਵਨਾ ਹੈ। ਇਸ ਮੌਕੇ ਐੱਸ.ਐੱਸ.ਪੀ. ਫ਼ਾਜ਼ਿਲਕਾ ਅਸ਼ੋਕ ਬਾਠ, ਐੱਸ.ਪੀ.ਐੱਚ ਬਲਵੀਰ ਸਿੰਘ, ਡੀ. ਐੱਸ. ਪੀ. ਐੱਚ ਗੁਰਮੀਤ ਕੌਰ, ਡੀ. ਐੱਸ. ਪੀ. ਸੁਖਦੇਵ ਸਿੰਘ ਬਰਾੜ, ਐੱਸ. ਐੱਚ. ਓ. ਛਿੰਦਰ ਸਿੰਘ ਆਦਿ ਹਾਜ਼ਰ ਸਨ।
 
ਦਿੱਲੀ ਨਿਗਮ ਚੋਣਾਂ 'ਚ ਭਾਜਪਾ ਦੀ ਸ਼ਾਨਦਾਰ ਜਿੱਤ
ਨਵੀਂ ਦਿੱਲੀ, 18 ਅਪ੍ਰੈਲ - ਪੰਜਾਬ , ਯੂ. ਪੀ. ਅਤੇ ਗੋਆ ਵਿਧਾਨ ਸਭਾ ਚੋਣਾਂ ਵਿਚ ਹਾਰ ਖਾਣ ਤੋਂ ਬਾਅਦ ਦਿੱਲੀ ਨਗਰ ਨਿਗਮ ਦੇ ਚੋਣ ਨਤੀਜਿਆਂ ਵਿਚ ਵੀ ਕਾਂਗਰਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਕੁੱਲ 272 ਸੀਟਾਂ ਵਿਚੋਂ ਭਾਜਪਾ ਨੂੰ 138 ਸੀਟਾਂ ਪ੍ਰਾਪਤ ਹੋਈਆਂ, ਜਦਕਿ ਕਾਂਗਰਸ ਨੂੰ 78 ਸੀਟਾਂ 'ਤੇ ਸਬਰ ਕਰਨਾ ਪਿਆ। ਬਸਪਾ ਨੂੰ 15 ਸੀਟਾਂ ਮਿਲੀਆਂ, ਜਦਕਿ ਹੋਰਨਾਂ ਨੇ 24 ਸੀਟਾਂ ਜਿੱਤੀਆਂ। ਦੱਖਣੀ ਦਿੱਲੀ ਵਿਚ 104 ਵਾਰਡਾਂ ਵਿਚੋਂ ਭਾਜਪਾ ਨੂੰ 44, ਸੀਟਾਂ ਜਦਕਿ ਕਾਂਗਰਸ ਨੂੰ 30 ਸੀਟਾਂ ਮਿਲੀਆਂ। ਇਥੋਂ ਬਸਪਾ ਨੂੰ 5 ਸੀਟਾਂ ਅਤੇ ਹੋਰਾਂ ਨੇ 26 ਸੀਟਾਂ ਜਿੱਤੀਆਂ। ਉੱਤਰੀ ਦਿੱਲੀ 'ਚ ਭਾਜਪਾ ਨੂੰ 59, ਕਾਂਗਰਸ ਨੂੰ 29 ਤੇ ਬਸਪਾ ਨੂੰ 7 ਤੇ ਹੋਰਨਾਂ ਨੂੰ 9 ਸੀਟਾਂ ਮਿਲੀਆਂ। ਪੂਰਬੀ ਦਿੱਲੀ 'ਚ ਭਾਜਪਾ ਨੇ 35 ਸੀਟਾਂ ਜਿੱਤੀਆਂ ਅਤੇ ਕਾਂਗਰਸ ਨੂੰ ਕੇਵਲ 19 ਸੀਟਾਂ ਮਿਲੀਆਂ। ਇਥੋਂ ਬਸਪਾ ਨੂੰ 3 ਅਤੇ ਹੋਰਾਂ ਨੂੰ 7 ਸੀਟਾਂ ਮਿਲੀਆਂ। ਭਾਜਪਾ ਆਗੂਆਂ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਤਿੰਨੇ ਨਿਗਮਾਂ ਦੇ ਚੋਣ ਨਤੀਜਿਆਂ ਨੂੰ ਕਾਂਗਰਸ ਦੀਆਂ ਗਲਤ ਨੀਤੀਆਂ ਅਤੇ ਭ੍ਰਿਸ਼ਟਾਚਾਰ ਨੂੰ ਜ਼ਿੰਮੇਵਾਰ ਮੰਨਿਆ ਹੈ। ਨਿਗਮ ਚੋਣਾਂ 'ਚ ਹੋਈ ਜਿੱਤ ਕਾਰਨ ਭਾਜਪਾ ਵਰਕਰਾਂ ਵਿਚ ਖਾਸਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ, ਜਦਕਿ ਭਾਜਪਾ ਆਗੂਆਂ ਵੱਲੋਂ ਨਿਗਮ ਚੋਣਾਂ ਦੇ ਨਤੀਜਿਆਂ ਨੂੰ ਡੇਢ ਵਰ੍ਹੇ ਬਾਅਦ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਦਾ ਸੈਮੀਫਾਈਨਲ ਕਰਾਰ ਦਿੱਤਾ ਹੈ। ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਨਿਤਿਨ ਗਡਕਰੀ ਨੇ ਇਸ ਜਿੱਤ ਦਾ ਸਿਹਰਾ ਭਾਜਪਾ ਵਰਕਰਾਂ ਦੀ ਮਿਹਨਤ ਅਤੇ ਜਨਤਾ ਦੇ ਸਹਿਯੋਗ ਤੇ ਸਮਰਥਨ ਨੂੰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚੋਣ ਨਤੀਜਿਆਂ ਤੋਂ ਸਪੱਸ਼ਟ ਹੈ ਕਿ ਜਨਤਾ ਵਿਚ ਕਾਂਗਰਸ ਦੇ ਖਿਲਾਫ ਮਾਹੌਲ ਬਣ ਚੁੱਕਾ ਹੈ ਅਤੇ ਆਉਣ ਵਾਲੀਆਂ ਦਿੱਲੀ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਵਿਚ ਦੇਸ਼ ਦੀ ਜਨਤਾ ਵੱਲੋਂ ਕਾਂਗਰਸ ਨੂੰ ਕਰਾਰੀ ਹਾਰ ਦਿੱਤੀ ਜਾਵੇਗੀ। ਅਕਾਲੀ ਦਲ ਕੋਟੇ ਤੋਂ ਭਾਜਪਾ ਉਮੀਦਵਾਰ ਵਜੋਂ ਜਿੱਤ ਪ੍ਰਾਪਤ ਕਰਨ ਵਾਲਿਆਂ ਵਿਚ ਸ੍ਰੀਮਤੀ ਸਤਵਿੰਦਰ ਕੌਰ ਸਿਰਸਾ (ਪੰਜਾਬੀ ਬਾਗ), ਡਿੰਪਲ ਚੱਢਾ (ਮੇਜਰ ਭੁਪਿੰਦਰ ਸਿੰਘ ਨਗਰ), ਸ: ਜਤਿੰਦਰ ਸਿੰਘ ਸ਼ੰਟੀ (ਝਿਲਮਿਲ), ਰੀਮਾ ਕੌਰ (ਸ੍ਰੀ ਗੁਰੂ ਤੇਗ ਬਹਾਦਰ ਨਗਰ) ਅਤੇ ਰਿਤੂ ਵੋਹਰਾ (ਤਿਲਕ ਨਗਰ) ਸ਼ਾਮਿਲ ਹਨ, ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਜੱਥੇ: ਅਵਤਾਰ ਸਿੰਘ ਹਿੱਤ ਹਰੀ ਨਗਰ ਹਲਕੇ ਤੋਂ ਚੋਣ ਹਾਰ ਗਏ ਹਨ। ਇਸ ਤੋਂ ਇਲਾਵਾ ਅਕਾਲੀ ਕੋਟੇ ਤੋਂ ਖਿਆਲਾ ਹਲਕੇ ਦੀ ਉਮੀਦਵਾਰ ਕਰੁਣਾ ਭੱਲਾ ਵੀ ਕਾਂਗਰਸ ਦੀ ਮਿਨਾਕਸ਼ੀ ਚੰਦੀਲਾ ਤੋਂ ਹਾਰ ਗਈ ਹੈ।
ਸੁਖਬੀਰ ਵੱਲੋਂ ਰਾਮੂਵਾਲੀਆ ਦੀ ਸ਼ਲਾਘਾ
ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਦੱਸਿਆ ਕਿ ਪਾਰਟੀ ਦੇ ਕੌਮੀ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਵੱਲੋਂ ਸੀਨੀਅਰ ਅਕਾਲੀ ਆਗੂ ਬਲਵੰਤ ਸਿੰਘ ਰਾਮੂਵਾਲੀਆ ਅਤੇ ਹਰਭਜਨ ਮਾਨ ਦੀ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਵਿਚ ਨਿਭਾਈ ਭੂਮਿਕਾ ਦੀ ਸ਼ਲਾਘਾ ਕੀਤੀ ਗਈ ਹੈ। ਸ: ਰਾਮੂਵਾਲੀਆ ਨੇ ਕਿਹਾ ਕਿ ਆਉਣ ਵਾਲੀਆਂ ਦਿੱਲੀ ਵਿਧਾਨ ਸਭਾ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਯੋਜਨਾਬੱਧ ਤਰੀਕੇ ਨਾਲ ਲੜੀਆਂ ਜਾਣਗੀਆਂ ਅਤੇ ਜਿੱਤ ਪ੍ਰਾਪਤ ਕੀਤੀ ਜਾਵੇਗੀ।
1
ਨਿਤਿਨ ਗਰਗ ਦੇ ਕਾਤਲ ਦੀ ਰਿਹਾਈ ਦੀ ਅਪੀਲ ਖ਼ਾਰਜ
ਮੈਲਬੌਰਨ, 18 ਅਪ੍ਰੈਲ -ਭਾਰਤੀ ਵਿਦਿਆਰਥੀ ਨਿਤਿਨ ਗਰਗ ਜਿਸ ਦੀ ਜਨਵਰੀ 2010 'ਚ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਸੀ, ਦੇ ਕਾਤਲ ਦੀ ਰਿਹਾਈ ਦੀ ਅਪੀਲ ਖਾਰਜ ਕਰ ਦਿੱਤੀ ਗਈ। ਵਿਕਟੋਰੀਆ ਸੁਪਰੀਮ ਕੋਰਟ ਨੇ ਦੋਸ਼ੀ ਦੀ ਰਿਹਾਈ ਨੂੰ ਮੂਲੋਂ ਰੱਦ ਕਰਦਿਆਂ 13 ਸਾਲ ਦੀ ਸਜ਼ਾ ਸੁਣਾਈ ਸੀ। ਇਸ ਸਮੇਂ ਦੌਰਾਨ ਅੱਠ ਸਾਲ ਤੱਕ ਉਸ ਦੀ ਜ਼ਮਾਨਤ ਨਹੀਂ ਹੋ ਸਕਦੀ ਤੇ ਉਸ ਨੂੂੰ ਜੇਲ੍ਹ ਹੀ ਰਹਿਣਾ ਪਵੇਗਾ। ਨਿਤਿਨ ਗਰਗ ਜੋ ਕਿ ਆਪਣੇ ਕੰਮ 'ਤੇ ਜਾ ਰਿਹਾ ਸੀ ਤੇ ਉਸ ਦਾ ਫ਼ੋਨ ਖੋਹਣ ਅਤੇ ਲੁੱਟਣ ਦੀ ਨੀਅਤ ਨਾਲ ਹਮਲਾ ਕਰ ਦਿੱਤਾ ਸੀ ਤੇ ਉਸ ਦੀ ਕੁਝ ਸਮੇਂ ਬਾਅਦ ਹੀ ਮੌਤ ਹੋ ਗਈ ਸੀ। ਵਿਕਟੋਰੀਆ ਅਦਾਲਤ ਨੂੰ ਦੋਸ਼ੀ ਦੀ ਰਿਹਾਈ ਲਈ ਅਪੀਲ ਪਾਈ ਗਈ ਸੀ, ਪਰ ਜੱਜ ਮਰਸੀਆ ਨੀਵ, ਪੀਟਰ ਬੁਚਾਚਨ ਅਤੇ ਬੈਰਨਾਰਡ ਨੇ ਰੱਦ ਕਰ ਦਿੱਤੀ। ਨਿਤਿਨ ਗਰਗ ਦੇ ਕਤਲ ਨਾਲ ਭਾਰਤ, ਆਸਟਰੇਲੀਆ 'ਚ ਕਾਫੀ ਤਣਾਓ ਬਣਿਆ ਸੀ ਪਰ ਕੇਸ ਨਾਲ ਸਬੰਧਿਤ ਜੱਜਾਂ ਨੇ ਨਿਰਪੱਖ ਫ਼ੈਸਲਾ ਦਿੱਤਾ ਹੈ।
  

ਬਰਤਾਨੀਆ ਨੇ ਪੜ੍ਹਾਈ ਪਿੱਛੋਂ ਵਿਦਿਆਰਥੀਆਂ ਨੂੰ
ਕੰਮ ਦੀ ਇਜਾਜ਼ਤ ਦੇਣ ਦਾ ਦਿੱਤਾ ਭਰੋਸਾ-ਸ਼ਰਮਾ

ਲੰਦਨ, 18 ਅਪ੍ਰੈਲ -ਬਰਤਾਨੀਆ ਨੇ ਭਾਰਤ ਨੂੰ ਭਰੋਸਾ ਦਿੱਤਾ ਕਿ ਜੇਕਰ ਭਾਰਤੀ ਵਿਦਿਆਰਥੀ ਆਪਣੀ ਯੋਗਤਾ ਜਾਂ ਡਿਗਰੀ ਮੁਤਾਬਕ ਕੰਮ ਲੱਭ ਲੈਂਦੇ ਹਨ ਤਾਂ ਉਹ ਪੜ੍ਹਾਈ ਤੋਂ ਬਾਅਦ ਉਨ੍ਹਾਂ ਨੂੰ ਤਜਰਬਾ ਹਾਸਿਲ ਕਰਨ ਦੀ ਇਜਾਜ਼ਤ ਦੇਣ ਦੀ ਵਿਵਸਥਾ ਜਾਰੀ ਰੱਖੇਗਾ। ਬਰਤਾਨੀਆ ਦੇ ਵਿੱਤ ਮੰਤਰੀ ਜਾਰਜ ਓਸਬੋਰਨੇ ਅਤੇ ਵਪਾਰ, ਨਵੀਨੀਕਰਨ ਅਤੇ ਮੁਹਾਰਤ ਬਾਰੇ ਮੰਤਰੀ ਵਿਨਸ ਕੇਬਲ ਨਾਲ ਮੀਟਿੰਗਾਂ ਪਿੱਛੋਂ ਭਾਰਤ ਦੇ ਵਣਜ ਤੇ ਉਦਯੋਗ ਮੰਤਰੀ ਆਨੰਦ ਸ਼ਰਮਾ ਨੇ ਬੀਤੀ ਸ਼ਾਮ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਪਿੱਛੋਂ ਵਰਕ ਪਰਮਿਟ ਦੇਣ ਦਾ ਮੁੱਦਾ ਉਠਾਇਆ ਸੀ। ਉਨ੍ਹਾਂ ਨੇ ਵਰਕ ਪਰਮਿਟ ਬੰਦ ਕਰਨ ਬਾਰੇ ਉਨ੍ਹਾਂ ਨੂੰ ਭਾਰਤ ਦੀ ਚਿੰਤਾ ਤੋਂ ਜਾਣੂ ਕਰਵਾਇਆ ਸੀ, ਕਿਉਂਕਿ ਵੱਡੀ ਗਿਣਤੀ ਵਿਚ ਭਾਰਤੀ ਵਿਦਿਆਰਥੀ ਬਰਤਾਨੀਆ ਪੜ੍ਹਾਈ ਲਈ ਆਉਂਦੇ ਹਨ ਅਤੇ ਉਨ੍ਹਾਂ ਨੂੰ ਕੁਝ ਨਾ ਕੁਝ ਤਜਰਬਾ ਹਾਸਿਲ ਕਰਨ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਸ੍ਰੀ ਸ਼ਰਮਾ ਨੇ ਕਿਹਾ ਕਿ ਵਿੱਤ ਮੰਤਰੀ ਓਸਬੋਰਨੇ ਅਤੇ ਡਾ. ਵਿਨਸ ਨੇ ਭਰੋਸਾ ਦਿੱਤਾ ਕਿ ਬਰਤਾਨੀਆ ਵਰਕ ਪਰਮਿਟ ਦੀ ਇਜਾਜ਼ਤ ਜਾਰੀ ਰੱਖੇਗਾ। ਹੁਣ ਦੇਖਣਾ ਇਹ ਹੈ ਕਿ ਉਹ ਇਸ ਨੂੰ ਕਿਵੇਂ ਲੈਂਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੇ ਮੇਰੇ ਨਾਲ ਇਹ ਗੱਲ ਸਾਂਝੀ ਕੀਤੀ ਹੈ ਕਿ ਵਿਦਿਆਰਥੀਆਂ ਨੂੰ ਢੁਕਵੀਂ ਨੌਕਰੀ ਮਿਲਣੀ ਚਾਹੀਦੀ ਹੈ ਜਿਹੜੀ ਉਨ੍ਹਾਂ ਦੀ ਯੋਗਤਾ ਅਤੇ ਡਿਗਰੀ ਨਾਲ ਮੇਲ ਖਾਂਦੀ ਹੋਵੇ।
ਮਾਨਸਾ/ਅੰਮ੍ਰਿਤਸਰ, 18 ਅਪ੍ਰੈਲ -ਲਾਹੌਰ ਦੀ ਮਾਣਯੋਗ ਉੱਚ ਅਦਾਲਤ ਨੇ ਬੀਬੀ ਨਾਨਕੀ ਗੁਰਦੁਆਰਾ ਸਾਹਿਬ ਦੀ 114 ਕਨਾਲ ਜ਼ਮੀਨ ਔਕਾਫ਼ ਬੋਰਡ ਵੱਲੋਂ ਪਾਕਿਸਤਾਨੀ ਫ਼ੌਜ ਨੂੰ ਦੇਣ ਦੇ ਫ਼ੈਸਲੇ 'ਤੇ ਇੱਕ ਵਾਰ ਰੋਕ ਲਗਾ ਦਿੱਤੀ ਹੈ। ਗੁਰਦੁਆਰਾ ਸਾਹਿਬ ਦਾ ਇਹ ਸਥਾਨ ਡੇਰਾ ਚਹਿਲ ਵਜੋਂ ਪ੍ਰਸਿੱਧ ਹੈ। ਮਾਣਯੋਗ ਅਦਾਲਤ ਨੇ ਔਕਾਫ਼ ਬੋਰਡ ਦੇ ਚੇਅਰਮੈਨ ਜਨਾਬ ਹਾਸਿਫ਼ ਹਾਸ਼ਮੀ ਨੂੰ ਬੀਤੇ ਕੱਲ੍ਹ ਨੋਟਿਸ ਵੀ ਜਾਰੀ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਉਪਰੋਕਤ ਗੁਰਦੁਆਰਾ ਸਾਹਿਬ ਦੀ ਜ਼ਮੀਨ ਔਕਾਫ਼ ਬੋਰਡ ਵੱਲੋਂ ਡਿਫ਼ੈਂਸ ਹਾਊਸਿੰਗ ਅਥਾਰਿਟੀ ਨੂੰ ਦੇਣ ਦਾ ਫ਼ੈਸਲਾ ਕੀਤਾ ਸੀ। ਇਸ ਫ਼ੈਸਲੇ ਤਹਿਤ ਗੁਰਦੁਆਰਾ ਸਾਹਿਬ ਦੀ ਜ਼ਮੀਨ 'ਤੇ ਫ਼ੌਜੀਆਂ ਅਤੇ ਸੇਵਾ-ਮੁਕਤ ਫ਼ੌਜੀਆਂ ਲਈ ਰਿਹਾਇਸ਼ੀ ਘਰ ਉਸਾਰੇ ਜਾਣੇ ਸਨ। ਲਾਹੌਰ ਦੇ ਬਿਲਕੁਲ ਨਜ਼ਦੀਕ ਮਹਿੰਗੇ ਭਾਅ ਦੀ ਇਸ ਜ਼ਮੀਨ ਨੂੰ ਫ਼ੌਜ ਦੇ ਹਵਾਲੇ ਨਾ ਕਰਨ ਦੀ ਬੇਨਤੀ ਉਪਰੋਕਤ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੋਰਡ ਦੇ ਚੇਅਰਮੈਨ ਨੂੰ ਕੀਤੀ ਗਈ ਸੀ ਪ੍ਰੰਤੂ ਉਨ੍ਹਾਂ ਇਸ ਮਾਮਲੇ 'ਤੇ ਉਦਾਰਵਾਦੀ ਰਵੱਈਆ ਨਹੀਂ ਸੀ ਅਪਣਾਇਆ, ਜਿਸ ਕਾਰਨ ਪਾਕਿਸਤਾਨ 'ਚ ਵੱਸਦੇ ਸਿੱਖਾਂ ਵਿਚ ਰੋਸ ਪਾਇਆ ਗਿਆ ਸੀ। ਇਸ ਦੇ ਚੱਲਦਿਆਂ ਹੀ ਗੁਰਦੁਆਰਾ ਕਮੇਟੀ ਦੇ ਮੈਂਬਰ ਡਾ. ਗੁਲਾਬ ਸਿੰਘ ਸ਼ਹੀਨ ਜਿਨ੍ਹਾਂ ਨੂੰ ਪਾਕਿਸਤਾਨੀ ਪੰਜਾਬ ਪੁਲਿਸ 'ਚ ਪਹਿਲੇ ਸਿੱਖ ਪੁਲਿਸ ਅਫ਼ਸਰ ਹੋਣ ਦਾ ਮਾਣ ਪ੍ਰਾਪਤ ਹੈ, ਨੇ ਮਾਣਯੋਗ ਉੱਚ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ਦੇ ਮੱਦੇਨਜ਼ਰ ਮਾਣਯੋਗ ਅਦਾਲਤ ਨੇ ਪਟੀਸ਼ਨ ਨੰਬਰ 37241 ਤਹਿਤ ਚੇਅਰਮੈਨ ਔਕਾਫ਼ ਬੋਰਡ ਅਤੇ ਉਪ ਪ੍ਰਬੰਧਕ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਉਪਰੋਕਤ ਜ਼ਮੀਨ ਡਿਫ਼ੈਂਸ ਹਾਊਸਿੰਗ ਅਥਾਰਿਟੀ ਨੂੰ ਦੇਣ 'ਤੇ ਰੋਕ ਲਗਾ ਦਿੱਤੀ ਹੈ। ਨਨਕਾਣਾ ਸਾਹਿਬ ਨਾਲ ਸੰਬੰਧਿਤ ਪਾਕਿਸਤਾਨ ਸਿੱਖ ਫੈਡਰੇਸ਼ਨ ਦੇ ਬਾਨੀ ਪ੍ਰਧਾਨ ਡਾ. ਗੁਲਾਬ ਸਿੰਘ ਜੋ ਇਸ ਸਮੇਂ ਲਾਹੌਰ ਟਰੈਫ਼ਿਕ ਪੁਲਿਸ ਵਿਚ ਸਬ ਇੰਸਪੈਕਟਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ, ਨੇ 'ਅਜੀਤ' ਦੇ ਇਸ ਪੱਤਰਕਾਰ ਨਾਲ ਟੈਲੀਫ਼ੋਨ 'ਤੇ ਗੱਲਬਾਤ ਕਰਦਿਆਂ ਦੱਸਿਆ ਕਿ ਮਾਣਯੋਗ ਅਦਾਲਤ ਦੇ ਇਸ ਫ਼ੈਸਲੇ ਨਾਲ ਪਾਕਿਸਤਾਨੀ ਸਿੱਖਾਂ ਵਿਚ ਖ਼ੁਸ਼ੀ ਦੀ ਲਹਿਰ ਫੈਲ ਗਈ ਹੈ। ਉਨ੍ਹਾਂ ਦੱਸਿਆ ਕਿ ਅਦਾਲਤ ਨੇ ਔਕਾਫ਼ ਬੋਰਡ ਦੇ ਇਸ ਫ਼ੈਸਲੇ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਹੈ।
ਉਧਰ ਅੰਮ੍ਰਿਤਸਰ 'ਚ ਇਸ ਸਬੰਧੀ ਭਾਰਤੀ ਇਤਿਹਾਸਕਾਰ ਸ੍ਰੀ ਸੁਰਿੰਦਰ ਕੋਛੜ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸ: ਗੁਲਾਬ ਸਿੰਘ ਨੇ ਪਟੀਸ਼ਨ 'ਚ ਦੋਸ਼ ਲਾਇਆ ਸੀ ਕਿ ਗੁਰਦੁਆਰਾ ਸਾਹਿਬ ਦੀ ਬਹੁਤੀ ਭੂਮੀ ਜੋ ਕਿ ਲਾਹੌਰ ਛਾਉਣੀ ਦੇ ਪਿੰਡ ਮੋਤਾ ਸਿੰਘ ਵਿਚ ਹੈ, ਨੂੰ ਬੋਰਡ ਵੱਲੋਂ ਲਾਹੌਰ ਡਿਵੈਲਪਮੈਂਟ ਅਥਾਰਟੀ ਨੂੰ ਵੇਚਣ ਤੋਂ ਬਾਅਦ ਹੁਣ ਬਾਕੀ ਬਚੀ 114 ਕਨਾਲ ਭੂਮੀ ਨੂੰ ਵੀ ਵੇਚੇ ਜਾਣ ਦੀ ਯੋਜਨਾ ਬਣਾਈ ਜਾ ਚੁੱਕੀ ਹੈ। ਸ੍ਰੀ ਕੋਛੜ ਨੇ ਦੱਸਿਆ ਕਿ ਲਾਹੌਰ ਹਾਈ ਕੋਰਟ ਵਿਚ ਤਿੰਨ ਸਾਲ ਪਹਿਲਾਂ ਵੀ ਉਪਰੋਕਤ ਵਿਭਾਗ ਦੇ ਵਿਰੁੱਧ ਇਸ ਸਬੰਧੀ ਕੇਸ ਦਾਇਰ ਕੀਤਾ ਗਿਆ ਸੀ, ਜਿਸ ਦੇ ਬਾਅਦ ਬੋਰਡ ਨੇ ਇਹ ਵਿਸ਼ਵਾਸ ਦਿਵਾਇਆ ਸੀ ਕਿ ਗੁਰਦੁਆਰੇ ਦੀ ਜ਼ਮੀਨ 'ਤੇ ਕੋਈ ਕਾਲੋਨੀ ਨਹੀਂ ਬਣੇਗੀ। ਇਸ ਦੇ ਨਾਲ ਹੀ ਬੋਰਡ ਦੇ ਚੇਅਰਮੈਨ ਨੇ ਕਬਜ਼ੇ ਵਾਲੀ ਭੂਮੀ 'ਤੇ ਇਹ ਬੈਨਰ ਵੀ ਲਵਾਏ ਸਨ ਕਿ ਇਸ ਭੂਮੀ 'ਤੇ ਕਿਸੇ ਕਿਸਮ ਦਾ ਕੋਈ ਨਿਰਮਾਣ ਨਾ ਕੀਤਾ ਜਾਵੇ ਅਤੇ ਜੇਕਰ ਕਿਸੇ ਨੇ ਇਥੇ ਕਿਸੇ ਪ੍ਰਕਾਰ ਦੀ ਉਸਾਰੀ ਕੀਤੀ ਤਾਂ ਉਸ ਵਿਅਕਤੀ ਅਤੇ ਸੰਬੰਧਿਤ ਵਿਭਾਗ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ, ਪਰ ਇਸ ਦੇ ਜਲਦੀ ਬਾਅਦ ਉਪਰੋਕਤ ਵਿਭਾਗ ਵੱਲੋਂ ਖੁਦ ਹੀ ਲਾਹੌਰ ਡਿਵੈਲਪਮੈਂਟ ਅਥਾਰਟੀ ਨੂੰ ਉਥੇ ਕਾਲੋਨੀ ਕੱਟਣ ਲਈ ਗੁਰਦੁਆਰੇ ਦੀ ਜ਼ਮੀਨ ਸਸਤੇ ਭਾਅ 'ਦੇ ਵੇਚ ਦਿੱਤੀ ਗਈ।
ਜਲੰਧਰ, 18 ਅਪ੍ਰੈਲ - ਫੈਡਰੇਸ਼ਨ ਆਫ਼ ਆਲ ਇੰਡੀਆ ਪੰਪ ਮਾਲਕ ਟਰੇਡਰਜ਼ ਐਸੋਸੀਏਸ਼ਨ ਨੇ ਕੇਂਦਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਉਨ੍ਹਾਂ ਦਾ ਕਮਿਸ਼ਨ ਵਧਾਉਣ ਬਾਰੇ ਅਪੁਰਵਾ ਕਮੇਟੀ ਦੀ ਰਿਪੋਰਟ ਲਾਗੂ ਨਾ ਕੀਤੀ ਗਈ ਤਾਂ 29-30 ਅਪ੍ਰੈਲ ਦੀ ਰਾਤ ਤੋਂ ਦੇਸ਼ ਭਰ ਵਿਚ ਪਟਰੋਲ ਪੰਪ ਬੰਦ ਕਰਕੇ ਅਣਮਿਥੇ ਸਮੇਂ ਦੀ ਹੜਤਾਲ ਸ਼ੁਰੂ ਕਰ ਦਿੱਤੀ ਜਾਏਗੀ। ਪ੍ਰਧਾਨ ਅਸ਼ੋਕ ਵਧਵਾਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਤੋਂ ਪਹਿਲਾਂ ਇੱਕ ਦਿਨ ਦੀ ਸੰਕੇਤਕ ਹੜਤਾਲ ਵਜੋਂ 22-23 ਦੀ ਅੱਧੀ ਰਾਤ ਨੂੰ ਪੰਪ ਬੰਦ ਰੱਖੇ ਜਾਣਗੇ। ਸ੍ਰੀ ਵਧਵਾਰ ਨੇ ਕਿਹਾ ਕਿ ਕੇਂਦਰੀ ਤੇਲ ਮੰਤਰਾਲੇ ਨੇ ਅਪੂਰਵ ਕਮੇਟੀ ਦਾ ਗਠਨ ਕੀਤਾ ਸੀ ਤੇ ਇਸ ਕਮੇਟੀ ਨੇ ਆਪਣੀ ਰਿਪੋਰਟ ਵਿਚ ਸਿਫ਼ਾਰਸ਼ ਕੀਤੀ ਸੀ ਕਿ ਪੰਪ ਮਾਲਕਾਂ ਦੀ ਕਮਿਸ਼ਨ 5 ਫ਼ੀਸਦੀ ਵਧਾਈ ਜਾਏ ਤੇ ਕੰਪਨੀਆਂ ਨੂੰ ਇਸ ਸਬੰਧੀ ਨਿਰਦੇਸ਼ ਦਿੱਤੇ ਜਾਣ। ਇਸ ਤੋਂ ਇਲਾਵਾ ਹੋਰ ਕਿਹਾ ਗਿਆ ਸੀ ਕਿ ਜੇਕਰ ਤੇਲ ਕੰਪਨੀਆਂ ਘਾਟੇ ਵਿਚ ਚੱਲ ਰਹੀਆਂ ਹਨ ਤਾਂ ਨਵੇਂ ਪੰਪ ਲਗਾਉਣ ਦਾ ਕੰਮ ਬੰਦ ਕੀਤਾ ਜਾਏ। ਤੇਲ ਕੰਪਨੀਆਂ ਦਾਅਵਾ ਕਰ ਰਹੀਆਂ ਹਨ ਕਿ ਉਨ੍ਹਾਂ ਨੂੰ ਇੱਕ ਲੀਟਰ ਵਿਚ ਸਾਢੇ ਸੱਤ ਰੁਪਏ ਦਾ ਘਾਟਾ ਪੈ ਰਿਹਾ ਹੈ ਤਾਂ 12000 ਨਵੇਂ ਪੰਪ ਕਿਉਂ ਲਗਾਏ ਜਾ ਰਹੇ ਹਨ ਤੇ ਇੱਕ ਪੰਪ ਲਗਾਉਣ 'ਤੇ 30 ਤੋਂ 50 ਲੱਖ ਰੁਪਏ ਦਾ ਖਰਚਾ ਕੀਤਾ ਜਾ ਰਿਹਾ ਹੈ। ਸ੍ਰੀ ਵਧਵਾਰ ਨੇ ਕਿਹਾ ਕਿ ਨਵੇਂ ਪੰਪ ਲਗਾਉਣ ਦਾ ਕੰਮ ਬੰਦ ਕਰਕੇ ਘਾਟੇ ਤੋਂ ਬਚਿਆ ਜਾ ਸਕਦਾ ਹੈ।
ਚੰਡੀਗੜ੍ਹ, 18 ਅਪ੍ਰੈਲ -ਪੰਜਾਬ ਨਾਲ ਲੱਗਦੀ ਭਾਰਤ- ਪਾਕਿ ਸਰਹੱਦ ਤੋਂ ਪਿਛਲੇ ਸਾਲ 6 ਅਕਤੂਬਰ ਨੂੰ ਉੱਤਰੀ ਭਾਰਤ 'ਚ ਸਭ ਤੋਂ ਵੱਡੀ 135 ਕਰੋੜ ਰੁਪਏ ਦੀ ਹੈਰੋਇਨ ਦੀ ਖੇਪ ਫੜੇ ਜਾਣ ਦਾ ਦਾਅਵਾ ਉਸ ਵੇਲੇ ਠੁੱਸ ਹੋ ਗਿਆ, ਜਦੋਂ ਲੈਬਾਰਟਰੀ ਜਾਂਚ ਦੌਰਾਨ ਇਹ ਖੇਪ ਹੈਰੋਇਨ ਦੀ ਥਾਂ ਮਿੱਟੀ ਹੀ ਨਿਕਲੀ। ਬੀ.ਐਸ.ਐਫ. ਦੀ 41ਵੀਂ ਬਟਾਲੀਅਨ ਵੱਲੋਂ ਅਟਾਰੀ ਬਾਰਡਰ ਨੇੜਲੀ ਰਾਜਤਾਲ ਚੌਕੀ ਤੋਂ ਫੜੀ ਗਈ ਇਸ ਹੈਰੋਇਨ ਬਾਰੇ ਦਾਅਵਾ ਕੀਤਾ ਗਿਆ ਸੀ ਕਿ ਇਹ ਪਾਕਿਸਤਾਨੀ ਤਸਕਰਾਂ ਨੇ ਕੰਡਿਆਲੀ ਤਾਰਾਂ ਉਪਰੋਂ ਦੀ ਭਾਰਤ ਵਿਚ ਸੁੱਟੀ ਸੀ, ਇਸ ਬਾਰੇ ਬੀ.ਐਸ.ਐਫ. ਦੇ ਉੱਚ ਅਧਿਕਾਰੀਆਂ ਵੱਲੋਂ ਬਕਾਇਦਾ ਪ੍ਰੈੱਸ ਕਾਨਫਰੰਸ ਕੀਤੀ ਗਈ ਅਤੇ ਇਹ ਖ਼ਬਰ ਸਭ ਅਖ਼ਬਾਰਾਂ ਦੀ ਮੁੱਖ ਖ਼ਬਰ ਵਜੋਂ ਛਪੀ ਸੀ, ਪਰ ਜਦੋਂ ਨਾਰਕੋਟਿਕ ਕੰਟਰੋਲ ਬਿਊਰੋ ਦੀ ਲੈਬਾਰਟਰੀ ਵੱਲੋਂ ਇਸ 27 ਕਿਲੋਗਰਾਮ ਹੈਰੋਇਨ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ ਤਾਂ ਹੈਰੋਇਨ ਨਹੀਂ ਮਹਿਜ਼ ਮਿੱਟੀ ਦੇ ਹੀ ਪੈਕੇਟ ਹਨ। ਇਸੇ ਹੀ ਇਲਾਕੇ ਦੇ ਨੇੜੇ-ਤੇੜਿਉਂ ਇਸ ਤੋਂ ਦੋ ਦਿਨ ਪਹਿਲਾਂ 4 ਅਕਤੂਬਰ ਨੂੰ ਬੀ.ਐਸ.ਐਫ. ਦੀ 41ਵੀਂ ਬਟਾਲੀਅਨ ਨੇ ਹੀ 75 ਕਰੋੜ ਰੁਪਏ ਦੀ 15 ਕਿਲੋ ਹੈਰੋਇਨ ਫੜਨ ਦਾ ਦਾਅਵਾ ਕੀਤਾ ਸੀ। ਬੀ.ਐਸ.ਐਫ. ਵੱਲੋਂ 6 ਅਕਤੂਬਰ ਨੂੰ ਫੜੀ ਗਈ ਹੈਰੋਇਨ ਦੇ ਨਾਲ- ਨਾਲ 1 ਲੱਖ 98 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ, 1 ਪਿਸਤੌਲ, 3 ਮੈਗਜ਼ੀਨ ਅਤੇ 20 ਕਾਰਤੂਸ ਵੀ ਫੜੇ ਜਾਣ ਦਾ ਦਾਅਵਾ ਕੀਤਾ ਸੀ ਅਤੇ ਇਹ ਵੀ ਕਿਹਾ ਸੀ ਕਿ ਘਟਨਾ ਮੌਕੇ ਪਾਕਿ ਤਸਕਰਾਂ ਨੇ 10 ਰੌਂਦ ਗੋਲੀਆਂ ਵੀ ਚਲਾਈਆਂ ਸਨ ਪਰ ਉਹ ਇਸ ਪਿੱਛੋਂ ਹੈਰੋਇਨ, ਅਸਲਾ ਤੇ ਜਾਅਲੀ ਕਰੰਸੀ ਸੁੱਟ ਕੇ ਭੱਜ ਗਏ। ਇਸ ਸਬੰਧੀ ਬੀ.ਐਸ.ਐਫ. ਦੇ ਆਈ.ਜੀ. ਸ੍ਰੀ ਅਦਿੱਤਿਆ ਮਿਸ਼ਰਾ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਐਨ. ਸੀ. ਬੀ. ਵੱਲੋਂ ਜੋ ਫੜੀ ਗਈ ਹੈਰੋਇਨ ਦੀ ਨੈਗੇਟਿਵ ਰਿਪੋਰਟ ਦਿੱਤੀ ਗਈ ਹੈ, ਉਸ ਦੀ ਜਾਂਚ ਚੱਲ ਰਹੀ ਹੈ, ਹਾਲਾਂਕਿ ਐਨ. ਸੀ. ਬੀ. ਨੇ ਉਨ੍ਹਾਂ ਨੂੰ ਪੂਰੀ ਅਧਿਕਾਰਤ ਰਿਪੋਰਟ ਅਜੇ ਸੌਂਪਣੀ ਹੈ। ਵੈਸੇ ਵੀ ਇਹ ਮਾਮਲਾ ਉਨ੍ਹਾਂ ਦੇ ਚਾਰਜ ਸੰਭਾਲਣ ਤੋਂ ਪਹਿਲਾਂ ਦਾ ਹੈ, ਇਸ ਲਈ ਸੰਬੰਧਿਤ ਅਧਿਕਾਰੀ ਨਾਲ ਸੰਪਰਕ ਕੀਤਾ ਜਾਵੇ। ਇਸ ਤੋਂ ਪਹਿਲਾਂ ਆਈ.ਜੀ. ਦਾ ਚਾਰਜ ਸੰਭਾਲਣ ਵਾਲੇ ਏ. ਡੀ. ਜੀ. ਪੀ., ਬੀ.ਐਸ.ਐਫ. ਸ. ਹਿੰਮਤ ਸਿੰਘ ਨਾਲ ਵਾਰ-ਵਾਰ ਫ਼ੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ। ਸੂਤਰਾਂ ਅਨੁਸਾਰ ਬੀ.ਐਸ.ਐਫ. ਵੱਲੋਂ ਇਸ ਸਬੰਧੀ ਨਾਰਕੋਟਿਕ ਕੰਟਰੋਲ ਬਿਊਰੋ 'ਤੇ ਨਮੂਨੇ ਬਦਲਣ ਜਾਂ ਗ਼ਲਤ ਰਿਪੋਰਟ ਦੇਣ ਦੇ ਦੋਸ਼ ਵੀ ਦੱਬੀ ਜ਼ੁਬਾਨ ਵਿਚ ਲਾਏ ਜਾ ਰਹੇ ਹਨ, ਪਰ ਇਸ ਬਾਰੇ ਨਾਰਕੋਟਿਕ ਕੰਟਰੋਲ ਬਿਊਰੋ ਦੇ ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਇਸ ਤੋਂ ਪਹਿਲਾਂ ਵੀ ਬੀ.ਐਸ.ਐਫ. ਵੱਲੋਂ ਫੜੀਆਂ ਗਈਆਂ ਕਈਂ ਖੇਪਾਂ ਦੀ ਜਾਂਚ ਕਰਕੇ ਉਨ੍ਹਾਂ ਦੇ ਸਹੀ ਹੋਣ ਦੀ ਪੁਸ਼ਟੀ ਕੀਤੀ ਹੈ। ਹੁਣ ਉਨ੍ਹਾਂ ਨੂੰ ਅਜਿਹਾ ਕੋਈ ਹੇਰ ਫੇਰ ਕਰਨ ਦੀ ਕੀ ਲੋੜ ਸੀ, ਜਦ ਕਿ ਜਾਂਚ ਐਨ. ਸੀ. ਬੀ. ਵੱਲੋਂ ਨਹੀਂ ਬਲਕਿ ਇੱਕ ਹੋਰ ਕੇਂਦਰੀ ਲੈਬਾਰਟਰੀ ਵੱਲੋਂ ਕੀਤੀ ਜਾਂਦੀ ਹੈ, ਉਨ੍ਹਾਂ ਵੱਲੋਂ ਤਾਂ ਸਿਰਫ਼ ਨਮੂਨੇ ਭੇਜੇ ਜਾਂਦੇ ਹਨ। ਜ਼ਿਕਰਯੋਗ ਹੈ ਕਿ ਇਸ 27 ਕਿਲੋ ਦੀ ਖੇਪ ਨੂੰ ਫੜਨ ਵਾਲੇ ਬੀ.ਐਸ.ਐਫ. ਦੇ ਦੋ ਸਿਪਾਹੀਆਂ ਨੂੰ ਅਧਿਕਾਰੀਆਂ ਵੱਲੋਂ ਤੁਰੰਤ 15-15 ਹਜ਼ਾਰ ਰੁਪਏ ਇਨਾਮ ਵੀ ਦੇ ਦਿੱਤਾ ਗਿਆ ਅਤੇ ਵਾਹ ਵਾਹ ਵੀ ਖੱਟ ਲਈ ਗਈ ਸੀ।
ਪੰਚਕੂਲਾ, 18 ਅਪ੍ਰੈਲ-ਅੱਜ ਸਵੇਰੇ ਸਥਾਨਕ ਅਦਾਲਤ ਵਿਚ ਬਹੁ-ਚਰਚਿਤ ਸਮਝੌਤਾ ਐਕਸਪ੍ਰੈਸ ਬੰਬ ਧਮਾਕਿਆਂ ਬਾਰੇ ਕੇਸ ਦੇ ਸਬੰਧ 'ਚ ਗ੍ਰਿਫ਼ਤਾਰ ਕੀਤੇ ਗਏ ਕਥਿਤ ਦੋਸ਼ੀ ਕਮਲ ਚੌਹਾਨ ਨੂੰ ਜਦ ਹਥਕੜੀਆਂ ਲਗਾ ਕੇ ਪੇਸ਼ ਕੀਤਾ ਗਿਆ (ਜਿਸ ਦੇ ਨਾਲ ਕਥਿਤ ਮੁੱਖ ਦੋਸ਼ੀ ਸਵਾਮੀ ਆਸੀਮਾ ਨੰਦ ਨੂੰ ਵੀ ਪੇਸ਼ ਕੀਤਾ ਗਿਆ ਸੀ) ਤਾਂ ਉਸ ਦੇ ਵਕੀਲ ਦੇ ਇਤਰਾਜ਼ ਕਰਨ 'ਤੇ ਜੱਜ ਨੇ ਹਥਕੜੀਆਂ ਖੋਲ੍ਹਣ ਦੇ ਤੁਰੰਤ ਆਦੇਸ਼ ਦੇਣ 'ਤੇ ਚੌਹਾਨ ਦੀ ਹਥਕੜੀ ਖੋਲ੍ਹੀ ਗਈ। ਕੌਮੀ ਜਾਂਚ ਏਜੰਸੀ ਵੱਲੋਂ ਅੱਜ ਫਿਰ ਚੌਹਾਨ ਦੀ ਨਜਾਇਜ਼ ਹਿਰਾਸਤ ਵਿਚ ਰੱਖਣ ਸਬੰਧੀ ਮੰਗੇ ਜਵਾਬ ਨਾ ਦੇਣ ਅਤੇ ਇਨ੍ਹਾਂ ਦੇ ਇਕ ਹੋਰ ਸਾਥੀ ਲੁਕੇਸ਼ ਸ਼ਰਮਾ ਬਾਰੇ ਮੰਗੀ ਜਾਣਕਾਰੀ ਮੁਹੱਈਆ ਨਾ ਕਰ ਸਕਣ 'ਤੇ ਅਦਾਲਤ ਵੱਲੋਂ ਕੇਸ ਦੀ ਅਗਲੀ ਤਾਰੀਖ ਪਹਿਲੀ ਮਈ ਮੁਕੱਰਰ ਕਰ ਦਿੱਤੀ ਗਈ ਅਤੇ ਉਸ ਦਿਨ ਏਜੰਸੀ ਨੂੰ ਸਬੂਤ ਪੇਸ਼ ਕਰਨ ਲਈ ਕਿਹਾ ਗਿਆ। ਇਥੇ ਇਹ ਵਰਨਣਯੋਗ ਹੈ ਕਿ ਕਮਲ ਚੌਹਾਨ ਦੇ ਪਿਤਾ ਵੱਲੋਂ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਚੌਹਾਨ ਨੂੰ ਨਿਰਦੋਸ਼ ਦੱਸਦਿਆਂ ਏਜੰਸੀ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨ ਲਈ ਦਰਖਾਸਤ ਦਿੱਤੀ ਗਈ ਸੀ ਕਿ ਏਜੰਸੀ 10 ਫਰਵਰੀ 2012 ਨੂੰ ਚੌਹਾਨ ਨੂੰ ਪੁਲਿਸ ਥਾਣਾ ਦਿਪਾਲਪੁਰ ਜ਼ਿਲ੍ਹਾ ਇੰਦੌਰ ਮੱਧ ਪ੍ਰਦੇਸ਼ ਤੋਂ ਲੈ ਗਈ ਸੀ ਪਰ ਉਸ ਦੀ ਗ੍ਰਿਫ਼ਤਾਰੀ 13 ਫਰਵਰੀ ਨੂੰ ਨੋਇਡਾ ਤੋਂ ਦਿਖਾਈ ਗਈ ਸੀ ਅਤੇ ਨੋਇਡਾ ਤੋਂ ਟਰਾਂਜ਼ਿਟ ਰਿਮਾਂਡ ਲੈ ਕੇ 14 ਫਰਵਰੀ ਨੂੰ ਪੰਚਕੂਲਾ ਅਦਾਲਤ ਵਿਚ ਪੇਸ਼ ਕੀਤਾ ਸੀ, ਜੋ ਕਿ ਗ਼ਲਤ ਸੀ। ਇਸ ਦਰਖਾਸਤ ਵਿਚ 10 ਫਰਵਰੀ ਤੋਂ 13 ਫਰਵਰੀ ਤੱਕ ਚੌਹਾਨ ਨੂੰ ਕਿਥੇ ਲਿਜਾਇਆ ਗਿਆ ਦੀ ਅਸਲੀਅਤ ਜਾਨਣ ਲਈ ਮੋਬਾਈਲ ਟਾਵਰਾਂ ਦੀ ਸਥਿਤੀ, ਇੰਦੌਰ ਤੇ ਦਿੱਲੀ ਹਵਾਈ ਅੱਡਿਆਂ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਰਿਪੋਰਟ, ਇਸ ਦੇ ਨਾਲ ਇਸ ਕਾਰਵਾਈ ਵਿਚ ਵਰਤੀਆਂ ਗਈਆਂ ਸਰਕਾਰੀ ਗੱਡੀਆਂ ਦੀ ਲਾਗ ਬੁੱਕ ਵਿਚਲੀ ਜਾਣਕਾਰੀ ਵੀ ਮੰਗੀ ਗਈ ਸੀ, ਜਿਥੋਂ ਏਜੰਸੀ ਅਧਿਕਾਰੀਆਂ ਦੀ ਇਨ੍ਹਾਂ ਦਿਨਾਂ ਵਿਚ ਜਿਥੇ-ਜਿਥੇ ਵੀ ਗਏ ਹਨ ਬਾਰੇ ਜਾਣਕਾਰੀ ਮਿਲ ਸਕੇ। ਵਰਨਣਯੋਗ ਹੈ ਕਿ ਸਮਝੌਤਾ ਐਕਸਪ੍ਰੈਸ ਰੇਲ ਗੱਡੀ 'ਚ ਇਹ ਧਮਾਕਾ ਪਾਨੀਪਤ (ਹਰਿਆਣਾ) ਜ਼ਿਲ੍ਹੇ ਦੇ ਪਿੰਡ ਦੀਵਾਨਾ ਨਜ਼ਦੀਕ 2007 ਵਿਚ ਹੋਇਆ ਸੀ, ਜਿਸ ਵਿਚ 68 ਵਿਅਕਤੀ ਮਾਰੇ ਗਏ ਸਨ ਅਤੇ ਇਨ੍ਹਾਂ ਵਿਚ ਜ਼ਿਆਦਾ ਪਾਕਿਸਤਾਨੀ ਨਾਗਰਿਕ ਸਨ। ਪਿਛਲੇ ਸਾਲ 20 ਜੂਨ ਨੂੰ ਐਨ. ਆਈ. ਏ. ਨੇ ਸਵਾਮੀ ਆਸੀਮਾਨੰਦ, ਸੁਨੀਲ ਜੋਸ਼ੀ (ਹੁਣ ਮਰ ਚੁੱਕਾ), ਜਦੋਂ ਕਿ ਸ਼ਰਮਾ, ਸੰਦੀਪ ਡਾਂਗੇ ਉਰਫ ਪਰਮਾਨੰਦ, ਰਾਮ ਚੰਦਰਾ, ਕਾਲਾ ਮੰਗਰਾ ਉਰਫ ਰਾਮ ਜੀ ਉਰਫ ਵਿਸ਼ਨੂੰ ਪਟੇਲ ਜੋ ਅਜੇ ਤੱਕ ਪਕੜਿਆ ਨਹੀਂ ਗਿਆ ਅਤੇ ਕਮਲ ਚੌਹਾਨ ਆਦਿ ਦੇ ਖਿਲਾਫ ਸਾਜ਼ਿਸ਼ ਰਚਣ ਦੇ ਦੋਸ਼ ਵਿਚ ਚਲਾਨ ਪੇਸ਼ ਕੀਤਾ ਸੀ।
ਵਾਸ਼ਿੰਗਟਨ, 18 ਅਪ੍ਰੈਲ -ਅਮਰੀਕਾ ਵੱਲੋਂ ਨਾਮਜ਼ਦ ਜਿਮ ਯੋਂਗ ਨੂੰ ਵਿਸ਼ਵ ਬੈਂਕ ਦਾ ਅਗਲਾ ਮੁਖੀ ਚੁਣ ਲਿਆ ਗਿਆ ਹੈ। ਇਸ ਨਿਯੁਕਤੀ ਨਾਲ ਵਾਸ਼ਿੰਗਟਨ ਸਥਿਤ ਇਸ ਸੰਸਥਾ ਦੇ ਮੁਖੀ 'ਤੇ ਇਕ ਅਮਰੀਕੀ ਵਿਅਕਤੀ ਨੂੰ ਚੁਣੇ ਜਾਣ ਦੀ ਲੰਬੇ ਵਕਤ ਤੋਂ ਚੱਲੀ ਆ ਰਹੀ ਰੀਤ ਬਰਕਰਾਰ ਰਹੀ ਹੈ। ਡਾਕਟਰ ਕਿਮ (52) ਜੁਲਾਈ ਤੋਂ ਆਪਣਾ ਅਹੁਦਾ ਸੰਭਾਲਣਗੇ। ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ 'ਚ ਜਨਮੇ ਕਿਮ ਫਿਲਹਾਲ ਦਾਰਟਮਾਉਥ ਕਾਲਜ ਦੇ ਮੁਖੀ ਹਨ। ਡਾਕਟਰ ਕਿਮ ਨੂੰ ਤਿੰਨ ਉਮੀਦਵਾਰਾਂ 'ਚੋਂ ਚੁਣਿਆ ਗਿਆ ਹੈ।

ਪ੍ਰਕਾਸ਼ ਪਰਬ ਦੀਆਂ ਰੌਣਕਾਂ
ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਗਰ ਕੀਰਤਨ ਸਜਾਇਆ


ਅ ਨੌਵੇਂ ਪਾਤਸਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਨਗਰ ਕੀਰਤਨ ਦਾ ਅਲੋਕਿਕ ਦ੍ਰਿਸ਼।
ਅੰਮ੍ਰਿਤਸਰ.18 ਅਪ੍ਰੈਲ - ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 391 ਵੇਂ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਅਰਦਾਸ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰਦੁਆਰਾ ਗੁਰੂ ਕੇ ਮਹਿਲ ਤੱਕ ਪੰਜ ਪਿਆਰਿਆਂ ਦੀ ਅਗਵਾਈ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਹੇਠ ਸਜਾਇਆ ਗਿਆ। ਨਗਰ ਕੀਰਤਨ ਵਿੱਚ ਧਾਰਮਿਕ ਸਭਾ-ਸੁਸਾਇਟੀਆਂ, ਨਿਹੰਗ ਸਿੰਘ ਜਥੇਬੰਦੀਆਂ, ਟਕਸਾਲਾਂ, ਸ਼ਬਦੀ ਜਥੇ, ਕਾਰ-ਸੇਵਾ ਵਾਲੇ ਮਹਾਂਪੁਰਸ਼, ਵੱਖ-ਵੱਖ ਸਕੂਲਾਂ ਦੇ ਬੱਚੇ ਅਤੇ ਬੈਂਡ ਪਾਰਟੀਆਂ ਤੋਂ ਇਲਾਵਾ ਵੱਡੀ ਗਿੱਣਤੀ 'ਚ ਪੈਦਲ ਸਿੱਖ ਸੰਗਤਾਂ ਸ਼ਬਦ ਗਾਇਨ ਕਰਦਿਆਂ ਸ਼ਾਮਲ ਹੋਈਆਂ। ਨਗਰ ਕੀਰਤਨ ਸਵੇਰੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ੁਰੂ ਹੋ ਕੇ ਸਰਾਂ ਗੁਰੂ ਰਾਮਦਾਸ, ਚੌਂਕ ਬਾਬਾ ਸਾਹਿਬ, ਚੌਂਕ ਕਰੋੜੀ, ਬਾਬਾ ਦੀਪ ਸਿੰਘ ਕਲੋਨੀ, ਚੌਂਕ ਮੋਨੀ, ਹਵੇਲੀ ਅਬਲਵਾਈਆਂ, ਚੌਂਕ ਜੈ ਸਿੰਘ, ਬਜ਼ਾਰ ਲੁਹਾਰਾਂ, ਚੌਂਕ ਲਛਮਣਸਰ, ਕਣਕ ਮੰਡੀ, ਚਾਵਲ ਮੰਡੀ, ਚੌਂਕ ਭਾਈ ਮਤੀ ਦਾਸ, ਚੌਂਕ ਛੱਤੀ ਖੂਹੀ, ਬਜ਼ਾਰ ਪਾਪੜਾਂ, ਬਜ਼ਾਰ ਕਾਠੀਆਂ, ਦਰਸ਼ਨੀ ਡਿਊੜੀ ਬਜ਼ਾਰ, ਗੁਰੂ ਬਜ਼ਾਰ ਤੋਂ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਸੰਪਨ ਹੋਇਆ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ: ਦਲਮੇਘ ਸਿੰਘ, ਵਧੀਕ ਸਕੱਤਰ ਸ: ਮਨਜੀਤ ਸਿੰਘ ਤੇ ਦਲਬਾਗ ਸਿੰਘ, ਮੀਤ ਸਕੱਤਰ ਸ. ਦਿਲਜੀਤ ਸਿੰਘ ਬੇਦੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ: ਹਰਬੰਸ ਸਿੰਘ ਮੱਲੀ ਤੇ ਸ. ਪ੍ਰਤਾਪ ਸਿੰਘ ਆਦਿ ਨੇ ਸ਼ਮੂਲੀਅਤ ਕੀਤੀ।
ਧਾਰਮਿਕ ਸਮਾਗਮ ਤੇ ਆਤਿਸ਼ਬਾਜੀ ਅੱਜ
ਗੁਰੂ ਤੇਗ ਬਹਾਦਰ ਜੀ ਦੇ ਜਨਮ ਦਿਹਾੜੇ ਦੇ ਸਬੰਧ 'ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਤੇ ਗੁਰਦੁਆਰਾ ਬਾਬਾ ਅਟੱਲ ਰਾਏ ਜੀ ਵਿਖੇ ਰਾਤ ਨੂੰ ਦੀਪਮਾਲਾ ਕੀਤੀ ਜਾਵੇਗੀ ਤੇ ਸ੍ਰੀ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਆਤਿਸ਼ਬਾਜੀ ਵੀ ਚਲਾਈ ਜਾਵੇਗੀ। ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਏ ਪਵਿੱਤਰ ਮੁੱਖ ਵਾਕ ਦੀ ਕਥਾ ਹੋਵੇਗੀ। ਬਾਅਦ ਦੁਪਹਿਰ 2 ਵਜੇ ਤੋਂ ਦੇਰ ਰਾਤ ਤੀਕ ਮਹਾਨ ਕੀਰਤਨ ਦਰਬਾਰ ਹੋਵੇਗਾ।
ਨਗਰ ਨਿਗਮ ਚੋਣਾਂ ਸਬੰਧੀ ਭਾਜਪਾ ਵਿਚਲਾ ਰੇੜਕਾ ਖ਼ਤਮ
ਨੋਟੀਫਿਕੇਸ਼ਨ ਅੱਜ ਜਾਰੀ ਹੋਣ ਦੀ ਸੰਭਾਵਨਾ
ਚੰਡੀਗੜ੍ਹ.18 ਅਪ੍ਰੈਲ - ਪੰਜਾਬ ਭਾਜਪਾ ਵਿਚ ਰਾਜ ਦੀਆਂ ਚਾਰ ਪ੍ਰਮੁੱਖ ਨਗਰ ਨਿਗਮਾਂ ਜਲੰਧਰ, ਲੁਧਿਆਣਾ, ਪਟਿਆਲਾ ਤੇ ਅੰਮ੍ਰਿਤਸਰ ਦੀਆਂ ਚੋਣਾਂ ਨੂੰ ਲੈ ਕੇ ਚੱਲ ਰਿਹਾ ਰੇੜਕਾ ਖ਼ਤਮ ਹੋ ਗਿਆ ਹੈ ਅਤੇ ਭਾਜਪਾ ਹਾਈ ਕਮਾਂਡ ਵੱਲੋਂ ਇਨ੍ਹਾਂ ਚੋਣਾਂ ਲਈ ਹਰੀ ਝੰਡੀ ਦੇ ਦਿੱਤੀ ਗਈ ਹੈ। ਪ੍ਰਦੇਸ਼ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਅੱਜ ਉਕਤ 4 ਨਗਰ ਨਿਗਮਾਂ ਦੀ ਚੋਣ ਲਈ ਚਾਰ ਚੋਣ ਪ੍ਰਬੰਧਕੀ ਕਮੇਟੀਆਂ ਬਣਾਉਣ ਦਾ ਵੀ ਐਲਾਨ ਕੀਤਾ।  ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਪ੍ਰਦੇਸ਼ ਪ੍ਰਧਾਨ ਬਲਰਾਮਜੀ ਦਾਸ ਟੰਡਨ ਨੇ 'ਅਜੀਤ' ਨੂੰ ਦੱਸਿਆ ਕਿ ਪ੍ਰਦੇਸ਼ ਭਾਜਪਾ ਦੀ ਕੋਰ ਕਮੇਟੀ ਵਿਧਾਨਕਾਰਾਂ ਅਤੇ ਦੂਜੇ ਆਗੂਆਂ ਦੀਆਂ ਕੱਲ੍ਹ ਅਤੇ ਅੱਜ ਚੰਡੀਗੜ੍ਹ ਵਿਖੇ ਹੋਈਆਂ ਮੀਟਿੰਗਾਂ ਵਿਚ ਮਿਊਂਸਪਲ ਅਤੇ ਕਾਰਪੋਰੇਸ਼ਨ ਚੋਣਾਂ ਸਬੰਧੀ ਪਾਰਟੀ ਰਣਨੀਤੀ ਅਤੇ ਤਿਆਰੀ ਨੂੰ ਵਿਚਾਰਦਿਆਂ ਨਿਗਮ ਚੋਣਾਂ ਵੀ ਮੁੱਖ ਮੰਤਰੀ ਦੀ ਰਾਏ ਅਨੁਸਾਰ ਬਜਟ ਸਮਾਗਮ ਤੋਂ ਪਹਿਲਾਂ ਹੀ ਕਰਵਾਉਣ ਦਾ ਫੈਸਲਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਰਾਜ ਸਰਕਾਰ ਵੱਲੋਂ ਇਸ ਸਬੰਧੀ ਬਕਾਇਦਾ ਹੁਕਮ ਇਕ ਅੱਧ ਦਿਨ ਵਿਚ ਜਾਰੀ ਕਰ ਦਿੱਤੇ ਜਾਣਗੇ। ਪ੍ਰਦੇਸ਼ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਲੁਧਿਆਣਾ ਨਗਰ ਨਿਗਮ ਦੀ ਚੋਣ ਲਈ ਸਿਹਤ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ, ਪ੍ਰਦੇਸ਼ ਭਾਜਪਾ ਦੇ ਜਨਰਲ ਸਕੱਤਰ ਕਮਲ ਸ਼ਰਮਾ ਅਤੇ ਮੀਤ ਪ੍ਰਧਾਨ ਵਿਨੋਦ ਸ਼ਰਮਾ 'ਤੇ ਅਧਾਰਿਤ ਇਕ ਤਿੰਨ ਮੈਂਬਰੀ ਕਮੇਟੀ ਬਣਾਉਣ ਦਾ ਐਲਾਨ ਕੀਤਾ, ਜਦੋਂਕਿ ਜਲੰਧਰ ਨਿਗਮ ਚੋਣਾਂ ਲਈ ਸਥਾਨਕ ਸਰਕਾਰ ਸਬੰਧੀ ਮੰਤਰੀ ਭਗਤ ਚੂਨੀ ਲਾਲ ਅਤੇ ਭਾਜਪਾ ਦੇ ਜਨਰਲ ਸਕੱਤਰ ਮਨਜੀਤ ਸਿੰਘ ਰਾਏ ਅਤੇ ਅੰਮ੍ਰਿਤਸਰ ਕਾਰਪੋਰੇਸ਼ਨ ਲਈ ਤਕਨੀਕੀ ਸਿੱਖਿਆ ਮੰਤਰੀ ਅਨਿਲ ਜੋਸ਼ੀ, ਪ੍ਰਦੇਸ਼ ਜਨਰਲ ਸਕੱਤਰ ਅਜੈ ਜਾਮਵਾਲ ਅਤੇ ਸਾਬਕਾ ਪ੍ਰਦੇਸ਼ ਪ੍ਰਧਾਨ ਬਲਰਾਮਜੀ ਦਾਸ ਟੰਡਨ 'ਤੇ ਅਧਾਰਿਤ ਕਮੇਟੀ ਬਣਾਈ ਗਈ ਹੈ। ਪਟਿਆਲਾ ਨਗਰ ਨਿਗਮ ਦੀ ਚੋਣ ਲਈ ਜੰਗਲਾਤ ਮੰਤਰੀ ਸੁਰਜੀਤ ਜਿਆਣੀ, ਪ੍ਰਦੇਸ਼ ਸਕੱਤਰ ਸੰਦੀਪ ਰੇਣੂਆਂ ਅਤੇ ਪਟਿਆਲਾ ਦੇ ਇੰਚਾਰਜ ਸ੍ਰੀ ਅਰੁਣੇਸ਼ ਮਿਸ਼ਰਾ 'ਤੇ ਅਧਾਰਿਤ ਤਿੰਨ ਮੈਂਬਰੀ ਕਮੇਟੀ ਦਾ ਐਲਾਨ ਕੀਤਾ ਗਿਆ ਹੈ।  ਉਚ ਸਰਕਾਰੀ ਸੂਤਰਾਂ ਅਨੁਸਾਰ ਇਨ੍ਹਾਂ ਨਗਰ ਨਿਗਮ ਚੋਣਾਂ ਕਰਵਾਉਣ ਲਈ ਰਾਜ ਦੇ ਸਥਾਨਕ ਸਰਕਾਰ ਵਿਭਾਗ ਵੱਲੋਂ ਨੋਟੀਫਿਕੇਸ਼ਨ ਕੱਲ੍ਹ ਜਾਰੀ ਹੋ ਜਾਣ ਦੀ ਸੰਭਾਵਨਾ ਹੈ, ਜਦੋਂਕਿ ਇਨ੍ਹਾਂ ਕਾਰਪੋਰੇਸ਼ਨਾਂ ਵਿਚ ਅੱਗੋਂ ਚੋਣਾਂ ਸਬੰਧੀ ਪ੍ਰੋਗਰਾਮ ਦਾ ਐਲਾਨ ਅਤੇ ਫੈਸਲਾ ਸੂਬਾ ਚੋਣ ਕਮਿਸ਼ਨ ਵੱਲੋਂ ਕੀਤਾ ਜਾਣਾ ਹੈ। ਸੂਚਨਾ ਅਨੁਸਾਰ ਸੂਬਾ ਚੋਣ ਕਮਿਸ਼ਨ ਚੋਣਾਂ ਨਾਲ 10 ਜੂਨ ਨੂੰ ਕਰਵਾਉਣ ਦਾ ਚਾਹਵਾਨ ਹੈ।
ਅਬੋਹਰ, ਲੁਧਿਆਣਾ, ਬਟਾਲਾ ਦੇ ਨਵੇਂ ਭਾਜਪਾ ਪ੍ਰਧਾਨ ਨਿਯੁਕਤ
ਕਮਲ ਸ਼ਰਮਾ ਲੁਧਿਆਣਾ ਤੇ ਮਨਜੀਤ ਸਿੰਘ ਰਾਏ ਜਲੰਧਰ ਨਿਗਮ ਚੋਣਾਂ ਦਾ ਦੇਖਣਗੇ ਕੰਮ
ਜਲੰਧਰ.18 ਅਪ੍ਰੈਲ- ਪੰਜਾਬ ਭਾਜਪਾ ਨੇ ਅਬੋਹਰ, ਲੁਧਿਆਣਾ, ਬਟਾਲਾ ਦੇ ਨਵੇਂ ਭਾਜਪਾ ਪ੍ਰਧਾਨ ਨਿਯੁਕਤ ਕਰ ਦਿੱਤੇ ਹਨ। ਇਨ੍ਹਾਂ ਵਿਚ ਅਬੋਹਰ ਲਈ ਸੀਤਾ ਰਾਮ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਤੇ ਇਸ ਤੋਂ ਇਲਾਵਾ ਲੁਧਿਆਣਾ ਦੇ ਪ੍ਰਵੀਨ ਬਾਂਸਲ ਅਤੇ ਅਸ਼ੋਕ ਮੋਦਗਿਲ ਨੂੰ ਬਟਾਲਾ ਦਾ ਨਵਾਂ ਪ੍ਰਧਾਨ ਥਾਪਿਆ ਗਿਆ ਹੈ। ਅਬੋਹਰ ਤੇ ਬਟਾਲਾ ਵਿਚ ਮਾੜੀ ਕਾਰਗੁਜ਼ਾਰੀ ਕਰਕੇ ਪਾਰਟੀ ਨੇ ਦੋਵੇਂ ਯੂਨਿਟ ਪਹਿਲਾਂ ਹੀ ਭੰਗ ਕਰ ਦਿੱਤੇ ਹਨ। ਇਸ ਤੋਂ ਇਲਾਵਾ ਭਾਜਪਾ ਮੰਤਰੀਆਂ ਤੇ ਅਹੁਦੇਦਾਰਾਂ ਨੂੰ ਆਉਣ ਵਾਲੀਆਂ ਨਿਗਮ ਚੋਣਾਂ ਦਾ ਕੰਮ ਦੇਖਣ ਲਈ ਲਗਾਇਆ ਗਿਆ ਹੈ, ਉਨ੍ਹਾਂ ਵਿਚ ਭਗਤ ਚੂੰਨੀ ਲਾਲ ਜਲੰਧਰ ਨਿਗਮ ਦੀ ਚੋਣ ਦਾ ਕੰਮ ਦੇਖਣਗੇ ਤੇ ਉਨ੍ਹਾਂ ਦੇ ਨਾਲ ਪਾਰਟੀ ਵੱਲੋਂ ਕੰਮ ਦੇਖਣ ਲਈ ਜਨਰਲ ਸਕੱਤਰ ਮਨਜੀਤ ਸਿੰਘ ਰਾਏ ਨੂੰ ਲਗਾਇਆ ਗਿਆ ਹੈ ਤੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਮੁੱਖ ਦਫ਼ਤਰ ਜਲੰਧਰ ਹੋਏਗਾ ਤੇ ਉਹ ਇੱਥੋਂ ਹੀ ਸਾਰੀਆਂ ਨਿਗਮ ਚੋਣਾਂ ਦਾ ਕੰਮ ਦੇਖਣਗੇ। ਅੰਮ੍ਰਿਤਸਰ ਵਿਚ ਨਿਗਮ ਚੋਣਾਂ ਸਨਅਤ ਮੰਤਰੀ ਸ੍ਰੀ ਅਨਿਲ ਜੋਸ਼ੀ ਦੇਖਣਗੇ ਤੇ ਪਾਰਟੀ ਵੱਲੋਂ ਉਨ੍ਹਾਂ ਨਾਲ ਅਜੇ ਜਾਮ ਵਾਲ ਸੰਗਠਨ ਮਹਾਂ ਮੰਤਰੀ ਕੰਮ ਕਰਨਗੇ। ਇਸ ਤੋਂ ਇਲਾਵਾ ਲੁਧਿਆਣਾ ਨਿਗਮ ਚੋਣਾਂ ਦਾ ਕੰਮ ਸਿਹਤ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ ਤੋਂ ਇਲਾਵਾ ਜਨਰਲ ਸਕੱਤਰ ਕਮਲ ਸ਼ਰਮਾ, ਵਿਨੋਦ ਸ਼ਰਮਾ ਉਪ ਪ੍ਰਧਾਨ, ਸੰਦੀਪ ਰਿਣਵਾ ਵੀ ਕੰਮ ਦੇਖਣਗੇ।ਨੂੰ
ਵਿਧਾਇਕ ਮੁਹੰਮਦ ਸਦੀਕ ਨੂੰ ਹਾਈਕੋਰਟ ਵੱਲੋਂ ਨੋਟਿਸ
ਤਪਾ ਮੰਡੀ
18 ਅਪ੍ਰੈਲ - ਰਿਜ਼ਰਵ ਹਲਕਾ ਭਦੌੜ ਤੋਂ ਅਕਾਲੀ-ਭਾਜਪਾ ਉਮੀਦਵਾਰ ਦਰਬਾਰਾ ਸਿੰਘ ਗੁਰੂ ਵੱਲੋਂ ਜੇਤੂ ਕਾਂਗਰਸੀ ਵਿਧਾਇਕ ਮੁਹੰਮਦ ਸਦੀਕ ਵੱਲੋਂ ਕੀਤੀ ਅਨੁਸੂਚਿਤ ਜਾਤੀ ਦੇ ਸਰਟੀਫਿਕੇਟਾਂ ਦੀ ਵਰਤੋਂ ਖਿਲਾਫ਼ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਾਈ ਪਟੀਸ਼ਨ ਅੱਜ ਸੁਣਵਾਈ ਲਈ ਮੰਨਜੂਰੀ ਕਰਦਿਆਂ ਵਿਧਾਇਕ ਮੁਹੰਮਦ ਸਦੀਕ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਮਾਮਲੇ ਦੀ ਸੁਣਵਾਈ ਲਈ ਅਗਲੀ 17 ਮਈ ਤੈਅ ਕਰ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਦਰਬਾਰਾ ਸਿੰਘ ਗੁਰੂ ਵੱਲੋਂ ਵਿਧਾਇਕ ਮੁਹੰਮਦ ਸਦੀਕ ਖਿਲਾਫ਼ ਪਾਈ ਗਈ ਹਾਈਕੋਰਟ ਵਿੱਚ ਅਰਜ਼ੀ ਦਾ ਮਾਮਲੇ ਉਪਰ ਹਲਕੇ ਦੇ ਲੋਕਾਂ ਤੋਂ ਇਲਾਵਾ ਪੂਰੇ ਪੰਜਾਬ ਦੇ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।
ਚੰਡੀਗੜ੍ਹ ਦੇ ਸਕੂਲ 'ਚੋਂ ਵੱਡੀ ਗਿਣਤੀ 'ਚ ਮਰੇ ਹੋਏ ਜੀਵ ਬਰਾਮਦ

ਸੈਕਰਟ ਹਾਰਟ ਸਕੂਲ ਸੈਕਟਰ 26 ਚੰਡੀਗੜ੍ਹ ਵਿਖੇ ਪੀਪਲ ਫਾਰ ਐਨੀਮਲ ਸੰਸਥਾ ਵੱਲੋਂ ਮਾਰੇ ਛਾਪੇ ਦੌਰਾਨ ਪ੍ਰਯੋਗਸ਼ਾਲਾ 'ਚੋਂ ਸੰਸਥਾ ਦੇ ਕਰਮਚਾਰੀ ਦੁਰਲੱਭ ਜਾਤੀਆਂ ਦੇ ਮਰੇ ਜੀਵਾਂ ਦੀ ਜਾਂਚ ਕਰਦੇ ਹੋਏ, ਸਕੂਲ ਸਟਾਫ ਸਫਾਈ ਦਿੰਦੇ ਹੋਏ।
ਚੰਡੀਗੜ੍ਹ.18ਅਪ੍ਰੈਲ ૿ ਜੰਗਲੀ ਜੀਵਾਂ ਅਤੇ ਹੋਰ ਪਛੂ-ਪੰਛੀਆਂ ਦੀ ਰੱਖਿਆ ਲਈ ਕੰਮ ਕਰ ਰਹੀ ਸੰਸਥਾ 'ਪੀਪਲ ਫਾਰ ਐਨੀਮਲਜ਼' ਨਵੀਂ ਦਿੱਲੀ ਵੱਲੋਂ ਅੱਜ ਚੰਡੀਗੜ੍ਹ ਦੇ ਸੈਕਰਡ ਹਾਰਟ ਸਕੂਲ ਸੈਕਟਰ 26 'ਤੇ ਛਾਪਾ ਮਾਰਿਆ ਗਿਆ ਜਿਸ ਦੌਰਾਨ ਸਕੂਲ ਦੀ ਜੀਵ ਵਿਗਿਆਨ ਪ੍ਰਯੋਗਸ਼ਾਲਾ 'ਚੋਂ ਗੈਰ ਕਾਨੂੰਨੀ ਢੰਗ ਨਾਲ ਰੱਖੇ ਗਏ ਦੁਰਲੱਭ ਜਾਤੀਆਂ ਦੇ ਮਰੇ ਹੋਏ ਜੀਵ ਜਿਵੇਂ ਕੋਬਰੇ ਤੇ ਹੋਰ ਸੱਪ, ਕੱਛੂਕੁੰਮੇ, ਚਮਗਿੱਦੜ ਅਤੇ ਵੱਡੀਆਂ ਛਿਪਲੀਆਂ ਬਰਾਮਦ ਕੀਤੀਆਂ ਗਈਆਂ।  ਸੰਸਥਾ ਦੇ ਆਗੂ ਸ੍ਰੀ ਚੇਤਨ ਸ਼ਰਮਾ ਨੇ ਦੱਸਿਆ ਕਿ ਛਾਪਾ ਮਾਰਨ ਆਈ ਟੀਮ ਨੂੰ 35 ਸ਼ੀਸ਼ੇ ਦੇ ਵਰਗਾਕਾਰ ਜਾਰ ਮਿਲੇ ਹਨ ਜਿਨ੍ਹਾਂ 'ਚੋਂ 10 ਜਾਰਾਂ ਵਿਚ ਕੋਬਰੇ, 12 ਜਾਰਾਂ ਵੱਖ ਵੱਖ ਪ੍ਰਜਾਤੀਆਂ ਦੇ ਸੱਪ, 6 ਜਾਰਾਂ ਵਿਜ ਕੱਛੂਕੁੰਮੇ, 2 ਜਾਰਾਂ ਵਿਚ ਚਮਗਿੱਦੜ ਅਤੇ 4 ਜਾਰਾਂ ਵਿਚ ਵੱਡੀਆਂ ਛਿਪਕਲੀਆਂ ਮਿਲੀਆਂ ਹਨ। ਇਹ ਸਾਰੇ ਜਾਨਵਰ ਮਰੇ ਹੋਏ ਹਨ ਅਤੇ ਦੁਰਲੱਭ ਹੋਣ ਕਾਰਨ ਇਨ੍ਹਾਂ ਜਾਨਵਰਾਂ ਨੂੰ 'ਸ਼ੈਡਿਊਲ 1 ਕੈਟੇਗਰੀ' ਭਾਵ ਜਾਨਵਰਾਂ ਦੇ ਪਹਿਲੇ ਵਰਗ ਵਿਚ ਮੰਨਿਆ ਜਾਂਦਾ ਹੈ।  ਉਨ੍ਹਾਂ ਦੱਸਿਆ ਕਿ ਸ੍ਰੀਮਤੀ ਮੇਨਕਾ ਗਾਂਧੀ ਨੂੰ ਇਸ ਸਕੂਲ ਬਾਰੇ ਸ਼ਿਕਾਇਤ ਮਿਲੀ ਸੀ ਕਿ ਇਸ ਵਿਚ ਬੱਚਿਆਂ ਤੋਂ ਮਰੇ ਜੀਵਾਂ ਤੇ ਪ੍ਰਯੋਗ ਕਰਵਾਏ ਜਾ ਰਹੇ ਹਨ ਜਦਕਿ ਭਾਰਤ ਸਰਕਾਰ ਨੇ ਸਾਲ 2006 ਵਿਚ ਨੋਟੀਫਿਕੇਸ਼ਨ ਜਾਰੀ ਕਰਕੇ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਵਿੱਦਿਅਕ ਅਦਾਰਿਆਂ ਵਿਚ ਪ੍ਰਯੋਗਾਂ ਲਈ ਜੀਵਾਂ ਨੂੰ ਪ੍ਰਯੋਗਸ਼ਾਲਾਵਾਂ  ਵਿਚ ਨਹੀਂ ਰੱਖਿਆ ਜਾ ਸਕਦਾ। ਉਨ੍ਹਾਂ ਦੱਸਿਆ ਕਿ ਦਿੱਲੀ ਤੋਂ ਉਕਤ ਸੰਸਥਾ ਦੇ ਸੀਨੀਅਰ ਅਧਿਕਾਰੀ ਸ੍ਰੀ ਗੌਰਵ ਸ਼ਰਮਾ ਅਤੇ ਸੌਰਭ ਸ਼ਰਮਾ ਨੂੰ ਛਾਪੇ ਲਈ ਇਸ ਸਕੂਲ 'ਚ ਭੇਜਿਆ। ਉਨ੍ਹਾਂ ਦੱਸਿਆ ਕਿ ਛਾਪੇ ਤੋਂ ਪਹਿਲਾਂ ਚੰਡੀਗੜ੍ਹ ਦੇ ਗ੍ਰਹਿ ਸਕੱਤਰ ਨੂੰ ਵੀ ਜਾਣਕਾਰੀ ਦੇ ਦਿੱਤੀ ਗਈ ਸੀ ਅਤੇ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਸੀ ਤੇ ਛਾਪੇ ਦੌਰਾਨ ਪੁਲਿਸ ਅਧਿਕਾਰੀ ਵੀ ਸੰਸਥਾ ਦੇ ਅਧਿਕਾਰੀਆਂ ਨਾਲ ਸਕੂਲ ਪਹੁੰਚੇ ਸਨ। ਖਬਰ ਲਿਖੇ ਜਾਣ ਦੌਰਾਨ ਉਨ੍ਹਾਂ ਦੱਸਿਆ ਕਿ ਸਕੂਲ ਮੈਨੇਜਮੈਂਟ ਖਿਲਾਫ ਪਰਚਾ ਦਰਜ ਕਰਵਾ ਦਿੱਤਾ ਗਿਆ ਹੈ ਅਤੇ ਸਕੂਲ ਦੀ ਪ੍ਰਿੰਸੀਪਲ ਸਿਸਟਰ ਸੁਬਾਸਟੀਨਾ ਫਰਾਰ ਹੈ ਪਰ ਵਾਈਸ ਪ੍ਰਿੰਸੀਪਲ ਜਾਂ ਕਿਸੇ ਜਵਾਬਦੇਹ ਸਕੂਲ ਮੈਨੇਜਮੈਂਟ ਅਧਿਕਾਰੀ ਦੀ ਗ੍ਰਿਫਤਾਰੀ ਜ਼ਰੂਰ ਹੋਵੇਗੀ।
ਖਾੜਕੂ ਭੂਤਨਾ, ਭਾਈ ਬਿੱਟੂ ਤੇ ਹੋਰਨਾਂ ਦੀ ਪੇਸ਼ੀ 21 ਨੂੰ
ਮਾਨਸਾ.18ਅਪ੍ਰੈਲ ૿ ਸਥਾਨਕ ਅਦਾਲਤ ਨੇ ਡੇਰਾ ਪ੍ਰੇਮੀ ਲਿੱਲੀ ਕਤਲ ਕਾਂਡ 'ਚ ਬੱਬਰ ਖਾਲਸਾ ਦੇ ਖਾੜਕੂ ਭਾਈ ਬਲਵੀਰ ਸਿੰਘ ਭੂਤਨਾ, ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਪ੍ਰਧਾਨ ਭਾਈ ਦਲਜੀਤ ਸਿੰਘ ਬਿੱਟੂ ਸਮੇਤ ਹੋਰ ਸਿੰਘਾਂ ਦੀ ਮੁੜ ਪੇਸ਼ੀ 21 ਅਪ੍ਰੈਲ 'ਤੇ ਪਾ ਦਿੱਤੀ ਹੈ। ਉਪਰੋਕਤ ਤੋਂ ਇਲਾਵਾ ਸਿੱਖ ਨੌਜਵਾਨ ਮੱਖਣ ਸਿੰਘ ਸਮਾਉਂ, ਪ੍ਰੋ: ਗੁਰਬੀਰ ਸਿੰਘ, ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਮਨਧੀਰ ਸਿੰਘ, ਗੁਰਦੀਪ ਸਿੰਘ ਰਾਜੂ ਲੁਧਿਆਣਾ, ਗਮਦੂਰ ਸਿੰਘ ਝੰਡੂਕਾ, ਕਰਨ ਸਿੰਘ ਝੰਡੂਕਾ, ਰਾਜ ਸਿੰਘ ਕੋਟਧਰਮੂ, ਅੰਮ੍ਰਿਤਪਾਲ ਸਿੰਘ ਆਦਿ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਇਥੇ ਵਧੀਕ ਸੈਸ਼ਨ ਜੱਜ ਸ. ਬਲਦੇਵ ਸਿੰਘ ਸੋਢੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਮਾਣਯੋਗ ਅਦਾਲਤ ਨੇ ਇਨ੍ਹਾਂ ਸਾਰਿਆਂ ਦੀ ਪੇਸ਼ੀ ਉਪਰੋਕਤ ਤਾਰੀਖ਼ 'ਤੇ ਪਾ ਦਿੱਤੀ।
65 ਰੁਪਏ ਲਈ ਨੌਜਵਾਨ ਦਾ ਕਤਲ
ਦੋਸ਼ੀ ਖਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਕੀਤੀ ਆਵਾਜਾਈ ਠੱਪ

ਵੇਰਕਾ 'ਚ ਨੌਜਵਾਨ ਦਾ ਕਤਲ ਕਰਨ ਵਾਲੇ ਦੋਸ਼ੀ ਖਿਲਾਫ ਕਨੂੰਨੀ ਕਾਰਵਾਈ ਦੀ ਮੰਗ ਨੂੰ ਲੈਕੇ ਥਾਣੇ ਸਾਹਮਣੇ ਸੜਕੀ ਆਵਾਜਾਈ ਠੱਪ ਕਰਕੇ ਰੋਸ ਮੁਜ਼ਾਹਰਾ ਕਰਦੇ ਹੋਈ ਮ੍ਰਿਤਕ ਦੇ ਪਰਿਵਾਰਕ ਮੈਂਬਰ ਅਤੇ (ਹਾਸ਼ੀਏ 'ਚ) ਮ੍ਰਿਤਕ ਦੀ ਪੁਰਾਣੀ ਤਸਵੀਰ।
ਵੇਰਕਾ18 ਅਪ੍ਰੈਲ - ਪੁਲਿਸ ਥਾਣਾ ਵੇਰਕਾ ਖੇਤਰ ਦੀ ਆਬਾਦੀ ਮੋਹਨ ਨਗਰ ਵਿਚ ਬੀਤੀ ਦੇਰ ਰਾਤ ਪੈਸਿਆਂ ਦੇ ਲੈਣ ਦੇਣ ਦੇ ਮਾਮਲੇ ਨੂੰ ਲੈਕੇ ਹੋਏ ਤਕਰਾਰ ਦੌਰਾਨ ਇਕ ਨੌਜਵਾਨ ਵੱਲੋਂ ਦੂਸਰੇ ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਬੇਰਹਿਮੀ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਵਿਨੋਦ ਕੁਮਾਰ (25) ਪੁੱਤਰ ਸਵ: ਪਿਆਰਾ ਸਿੰਘ ਵਾਸੀ ਅਬਾਦੀ ਮੋਹਨ ਨਗਰ ਗਲੀ ਨੰਬਰ ਤਿੰਨ ਵੇਰਕਾ ਵਜੋਂ ਹੋਈ ਹੈ। ਅੱਜ ਸਵੇਰੇ ਕਥਿਤ ਕਾਤਲ ਨੌਜਵਾਨ ਖਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਅਤੇ ਸੈਕੜੇ ਸਮਰਥਕਾਂ ਨੇ ਥਾਣਾ ਵੇਰਕਾ ਸਾਹਮਣੇ ਅੰਮ੍ਰਿਤਸਰ ਪਠਾਨਕੋਟ ਰਾਜ ਮਾਰਗ ਦੀ ਸੜਕੀ ਆਵਾਜਾਈ ਪ੍ਰਭਾਵਿਤ ਕਰਕੇ ਰੋਹ ਭਰਪੂਰ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਵਿਚ ਹਾਜ਼ਰ ਮ੍ਰਿਤਕ ਦੀ ਮਾਂ ਕ੍ਰਿਸ਼ਨਾ ਰਾਣੀ ਪਤਨੀ ਸਵ: ਪਿਆਰਾ ਸਿੰਘ ਨੇ ਦੱਸਿਆ ਕਿ ਕੱਲ੍ਹ ਸ਼ਾਮ 7 ਵਜੇ ਉਸਦੇ ਬੇਟੇ ਵਿਨੋਦ ਕੁਮਾਰ ਅਤੇ ਸੋਨੀ ਪੁੱਤਰ ਕਸ਼ਮੀਰ ਸਿੰਘ ਜੋ ਹਦਾਇਤਪੁਰ ਦਾ ਰਹਿਣ ਵਾਲਾ ਹੈ 'ਤੇ ਪਿਛਲੇ ਪੰਜ ਸਾਲ ਤੋਂ ਉਨ੍ਹਾਂ ਦੇ ਘਰ ਨਜ਼ਦੀਕ ਹੀ ਆਪਣੇ ਬਾਕੀ ਪਰਿਵਾਰਕ ਮੈਂਬਰਾਂ ਨਾਲ ਕਿਰਾਏ 'ਤੇ ਰਹਿੰਦਾ ਹੈ ਦਾ 65 ਰੂਪੈ ਦੇ ਆਪਸੀ ਲੈਣ ਦੇਣ ਨੂੰ ਲੈ ਕੇ ਤਕਰਾਰ ਹੋਇਆ ਸੀ ਤੇ ਮੁਹੱਲੇ ਦੇ ਲੋਕਾਂ ਨੇ ਛੁਡਾ ਦਿੱਤਾ ਤੇ ਇਸੇ ਦਿਨ ਹੀ ਰਾਤ 11 ਵਜੇ ਦੇ ਕਰੀਬ ਘਰੋਂ ਆਵਾਜ਼ ਮਾਰ ਵਿਨੋਦ ਨੂੰ ਪੈਸੇ ਦੇਣ ਦੇ ਬਹਾਨੇ ਸੋਨੀ ਆਪਣੇ ਨਾਲ ਲੈ ਗਿਆ ਅਤੇ ਇਲਾਕੇ ਵਿਚ ਬਣੇ ਮਾਤਾ ਰਾਣੀ ਦੇ ਮੰਦਰ ਦੇ ਪਿਛਲੇ ਖਾਲੀ ਪਲਾਂਟ ਵਿਚ ਤੇਜ਼ਧਾਰ ਹਥਿਆਰ ਕਿਰਚ ਨਾਲ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਜੋ ਮੌਕੇ 'ਤੇ ਹੀ ਦਮ ਤੋੜ ਗਿਆ। ਥਾਣਾ ਵੇਰਕਾ ਦੀ ਪੁਲਿਸ ਨੇ ਕਥਿਤ ਕਾਤਲ ਸੋਨੀ ਨੂੰ ਕਿਰਚ ਸਮੇਤ ਕਾਬੂ ਤਾਂ ਕਰ ਲਿਆ ਪਰ ਕੋਈ ਕਾਰਵਾਈ ਨਾ ਹੁੰਦੀ ਵੇਖ ਪਰਿਵਾਰਕ ਮੈਂਬਰਾਂ ਨੇ ਆਵਾਜਾਈ ਠੱਪ ਕਰ ਦਿੱਤੀ। ਧਰਨੇ ਦੌਰਾਨ ਪਹੁੰਚੇ ਯੂਥ ਅਕਾਲੀ ਦਲ (ਬ) ਪੰਜਾਬ ਦੇ ਸਕੱਤਰ ਲਖਬੀਰ ਸਿੰਘ ਮੋਨੀ ਦੁਆਰਾ ਦੋਸ਼ੀ ਖਿਲਾਫ਼ ਕਾਰਵਾਈ ਦਾ ਭਰੋਸਾ ਦੇਣ 'ਤੇ ਪ੍ਰਦਰਸ਼ਕਾਰੀਆਂ ਨੇ ਆਵਾਜਾਈ ਬਹਾਲ ਕੀਤੀ ਅਤੇ ਥਾਣਾ ਵੇਰਕਾ ਦੇ ਮੁਖੀ ਅਮੋਲਕ ਸਿੰਘ ਨੇ ਮ੍ਰਿਤਕ ਨੌਜਵਾਨ ਦੀ ਮਾਤਾ ਕ੍ਰਿਸ਼ਨਾ ਰਾਣੀ ਦੁਆਰਾ ਦਿੱਤੇ ਬਿਆਨਾਂ ਦੇ ਅਧਾਰ 'ਤੇ ਮੁੱਖ ਦੋਸ਼ੀ ਸੋਨੀ ਖਿਲਾਫ਼ ਕਤਲ ਦਾ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਲਾਸ਼ ਦਾ ਪੋਸਟ ਮਾਰਟਮ ਕਰਵਾਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।