ਕਾਬੁਲ— ਅਫਗਾਨਿਸਤਾਨ 'ਚ ਐਤਵਾਰ ਨੂੰ ਰਾਜਧਾਨੀ ਕਾਬੁਲ ਸਣੇ ਕਈ ਥਾਵਾਂ 'ਤੇ ਵਿਸਫੋਟਕ ਗੋਲੀਬਾਰੀ ਹੋਈ। ਸੰਸਦ ਭਵਨ, ਉੱਤਰ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਹੈਡਕੁਆਰਟਰ ਅਤੇ ਦੂਤਘਰਾਂ ਸਾਹਮਣੇ ਵਿਸਫੋਟ ਕੀਤੇ ਗਏ ਅਤੇ ਰਾਕਟ ਅਤੇ ਗ੍ਰੇਨੇਡ ਰਾਹੀਂ ਮਹੱਤਵਪੂਰਣ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ ਗਿਆ। ਤਾਲਿਬਾਨ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।

ਤਾਲਿਬਾਨ ਦੇ ਬੁਲਾਰੇ ਨੇ ਕਿਹਾ ਕਿ ਉਸਦੇ ਲੜਾਕਿਆਂ ਨੇ ਕਾਬੁਲ 'ਚ ਕਈ ਥਾਵਾਂ 'ਤੇ ਵਿਸਫੋਟ ਕੀਤੇ। ਉਨ੍ਹਾਂ ਲੋਗਾਰ ਤੇ ਪਕਤੀਆਂ ਪ੍ਰਾਂਤਾਂ 'ਚ ਵੀ ਹਮਲੇ ਕੀਤੇ। ਜਲਾਲਾਬਾਦ 'ਚ ਆਤਮਘਾਤੀ ਹਮਲੇ ਦੀ ਵੀ ਸੂਚਨਾ ਹੈ। ਬੀ. ਬੀ. ਸੀ. ਅਨੁਸਾਰ ਆਤਮਘਾਤੀ ਹਮਲਾਵਰਾਂ ਨੇ ਜਲਾਲਾਬਾਦ ਦੇ ਪੂਰਬੀ ਸ਼ਹਿਰ 'ਚ ਅਮਰੀਕੀ ਹਵਾਈ ਅੱਡਿਆਂ ਨੂੰ ਨਿਸ਼ਾਨਾ ਬਣਾਇਆ। ਮੱਧ ਕਾਬੁਲ 'ਚ ਕਰੀਬ ਸੱਤ ਵਿਸਫੋਟ ਸੁਣੇ ਗਏ। ਕਾਬੁਲ 'ਚ ਸੰਸਦ ਭਵਨ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਸੰਸਦ ਦੇ ਬੁਲਾਰੇ ਨੇ ਕਿਹਾ ਕਿ ਇਥੇ ਰਾਕੇਟ ਨਾਲ ਹਮਲੇ ਕੀਤੇ।

ਵੱਖ-ਵੱਖ ਦੇਸ਼ਾਂ ਦੇ ਦੂਤਘਰਾਂ ਦੇ ਆਲੇ-ਦੁਆਲੇ ਵੀ ਵਿਸਫੋਟ ਤੇ ਗੋਲੀਬਾਰੀ ਦੀਆਂ ਆਵਾਜਾਂ ਸੁਣੀਆਂ ਗਈਆਂ। ਰੂਸੀ ਦੂਤਘਰ 'ਤੇ ਰਾਕੇਟ ਨਾਲ ਹਮਲਾ ਕੀਤਾ ਗਿਆ। ਜਰਮਨੀ ਦੇ ਦੂਤਘਰ ਤੋਂ ਵੀ ਧੂੰਆਂ ਉਠਦਾ ਦੇਖਿਆ ਗਿਆ। ਨੇੜੇ ਹੀ ਸਥਿਤ ਅਮਰੀਕੀ ਦੂਤਘਰ 'ਤੇ ਵੀ ਹਮਲਾ ਕੀਤਾ ਗਿਆ। ਬ੍ਰਿਟਿਸ਼ ਦੂਤਘਰ ਦੇ ਅਧਿਕਾਰੀ ਜਿਨ੍ਹਾਂ ਘਰਾਂ 'ਚ ਰਹਿੰਦੇ ਸਨ ਉਨ੍ਹਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ।

ਕਾਬੁਲ 'ਚ ਇਕ ਨਵੇਂ ਸਿਤਾਰਾ ਹੋਟਲ ਨੂੰ ਵੀ ਹਮਲਾਵਰਾਂ ਨੇ ਨਿਸ਼ਾਨਾ ਬਣਾਇਆ। ਸ਼ਹਿਰ ਦੇ ਬਾਹਰੀ ਇਲਾਕਿਆਂ 'ਚ ਨਾਟੋ ਦੇ ਬੇਸ ਕੈਂਪ ਵੇਅਰਹਾਊਸ 'ਤੇ ਵੀ ਹਮਲੇ ਕੀਤੇ ਗਏ। ਪਕਤੀਆ ਪ੍ਰਾਂਤ ਦੀ ਰਾਜਧਾਨੀ ਗਾਰਦੇਜ 'ਚ ਵੀ ਹਮਲੇ ਕੀਤੇ ਗਏ। ਅੱਤਵਾਦੀਆਂ ਨੇ ਇਥੇ ਇਕ ਇਮਾਰਤ ਨੂੰ ਆਪਣੇ ਕਬਜ਼ੇ 'ਚ ਲੈ ਲਿਆ। ਵਜੀਰ ਅਕਬਰ ਖਾਨ ਜ਼ਿਲੇ 'ਚ ਲੋਕ ਬਚਾਅ ਲਈ ਭੱਜਦੇ ਦੇਖੇ ਗਏ। ਸਾਇਰਨ ਦੀਆਂ ਆਵਾਜਾਂ ਵੀ ਸੁਣੀਆਂ ਗਈਆਂ।