Saturday 14 April 2012

17 ਸਾਲਾ ਵਿਦਿਆਰਥਣ ਨਾਲ ਬਲਾਤਕਾਰ, 9 ਕਾਬੂ

ਰਾਊਰਕੇਲਾ—  ਸਰਦੂਲਗੜ੍ਹ ਸ਼ਹਿਰ ਦੇ ਉਡੋਸੂ ਪਿੰਡ 'ਚ ਇਕ 17 ਸਾਲਾ ਨਬਾਲਗ ਲੜਕੀ ਨਾਲ  ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਅੱਜ ਦੱਸਿਆ ਕਿ ਉਨ੍ਹਾਂ ਨੇ ਬਲਾਤਕਾਰ ਦੇ ਦੋਸ਼ 'ਚ 9 ਨਬਾਲਗ ਲੜਕਿਆਂ ਨੂੰ ਗ੍ਰਿਫਤਾਰ ਕੀਤਾ ਹੈ।
ਥਾਣਾ ਮੁਖੀ ਨੇ ਕਿਹਾ ਕਿ 10ਵੀਂ ਕਲਾਸ 'ਚ ਪੜ੍ਹਨ ਵਾਲੀ ਇਹ ਲੜਕੀ  ਵੀਰਵਾਰ ਸ਼ਾਮ ਆਪਣੀ ਇਕ ਸਹੇਲੀ ਨਾਲ ਛੰਗੀਹਰਾਣਾ ਪਿੰਡ ਆਪਣੇ ਚਚੇਰੇ ਭਰਾ ਦੇ ਘਰ ਜਾ ਰਹੀ ਸੀ। ਰਸਤੇ 'ਚ ਦੋ ਨਬਾਲਗ ਲੜਕੇ ਇਨ੍ਹਾਂ ਨਾਲ ਸ਼ਾਮਲ ਹੋ ਗਏ ਅਤੇ ਉਨ੍ਹਾਂ ਦਾ ਮਾਰਗਦਰਸ਼ਨ ਕਰਨ ਲੱਗੇ। ਥੋੜ੍ਹੀ ਦੇਰ ਬਾਅਦ ਛੰਗੀਹਰਾਣਾ  ਦੇ ਸੱਤ ਹੋਰ ਲੜਕੇ ਇਨ੍ਹਾਂ ਨਾਲ ਰੱਲ ਗਏ ਅਤੇ ਉਨ੍ਹਾਂ ਨੇ ਇਕ ਲੜਕੀ ਨਾਲ ਛੇੜਛਾੜ ਸ਼ੁਰੂ ਕਰ ਦਿੱਤੀ।  ਲੜਕੀ ਦੀ ਦੂਜੀ ਸਹੇਲੀ ਡਰ ਕੇ ਭੱਜ ਗਈ। ਉਨ੍ਹਾਂ ਲੜਕਿਆਂ 'ਚੋਂ ਇਕ ਨੇ ਲੜਕੀ ਨਾਲ ਬਲਾਤਕਾਰ ਕੀਤਾ ਅਤੇ ਫਰਾਰ ਹੋ ਗਏ। ਪੁਲਸ ਨੇ ਦੱਸਿਆ ਕਿ ਇਹ ਸਾਰੇ ਤਕਰੀਬਨ 17 ਸਾਲ ਦੀ ਉਮਰ ਦੇ ਹਨ। ਉਨ੍ਹਾਂ 'ਚੋਂ ਤਿੰਨ ਸਕੂਲ 'ਚ ਪੜ੍ਹਦੇ ਹਨ, ਇਕ ਕਾਲਜ 'ਚ ਅਤੇ ਬਾਕੀ ਦਿਹਾੜੀ ਕਰਦੇ ਹਨ। ਲੜਕੀ ਦੇ ਪਿਤਾ ਵਲੋਂ ਪੁਲਸ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਇਨ੍ਹਾਂ ਸਾਰਿਆਂ ਨੂੰ ਗ੍ਰਿਫਤਾਰ ਕੀਤਾ ਗਿਆ।

ਮੈਸੂਰ 'ਚ ਦੇਹ ਵਪਾਰ ਰੈਕਟ ਦਾ ਭਾਂਡਾ ਫੋੜ, ਦੋ ਬੰਗਲਾਦੇਸ਼ੀ ਗ੍ਰਿਫਤਾਰ

ਮੈਸੂਰ— ਕਰਨਾਟਕ ਦੀ ਸੰਸਕ੍ਰਿਤੀ ਨਗਰੀ ਮੈਸੂਰ ਅਤੇ ਨੇੜਲੇ ਇਲਾਕਿਆਂ 'ਚ ਦੇਹ ਵਪਾਰ ਦਾ ਰੈਕੇਟ ਚਲਾਉਣ ਦੇ ਦੋਸ਼ 'ਚ ਪੁਲਸ ਨੇ ਦੋ ਬੰਗਲਾਦੇਸ਼ੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਪੁਲਸ ਨੇ ਅੱਜ ਇਥੇ ਦੱਸਿਆ ਕਿ ਬੰਗਲਾਦੇਸ਼ ਦੇ ਨੋਦਾਈ ਜ਼ਿਲੇ ਦੇ ਰਹਿਣ ਵਾਲੇ ਮੁਹੰਮਦ ਸਜਾਦ ਖਾਨ ਅਤੇ ਬਾਬੂ ਨੂੰ ਮੈਸੂਰ 'ਚ ਦੇਹ ਵਪਾਰ ਗਿਰੋਹ ਚਲਾਉਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਇਹ ਲੋਕ ਬੰਗਲਾਦੇਸ਼ ਤੋਂ ਗਰੀਬ ਲੜਕੀਆਂ ਨੂੰ ਪੈਸੇ ਕਮਾਉਣ ਦਾ ਲਾਲਚ ਦੇ ਕੇ ਇਥੇ ਲਿਆਉਂਦੇ ਸਨ ਅਤੇ ਫਿਰ ਉਨ੍ਹਾਂ ਤੋਂ ਦੇਹ ਵਪਾਰ ਦਾ ਕੰਮ ਕਰਵਾਉਂਦੇ ਸਨ।
ਪੁਲਸ ਨੂੰ ਮਾਮਲੇ ਦੀ ਜਾਂਚ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਕਈ ਬੰਗਲਾਦੇਸ਼ੀ ਲੜਕੀਆਂ ਨੇ ਮਤਦਾਤਾ ਪਛਾਣ ਪੱਤਰ, ਪੈਨ ਕਾਰਡ ਅਤੇ ਡ੍ਰਾਈਵਿੰਗ ਲਾਇਸੰਸ ਵੀ ਬਣਵਾ ਲਏ ਸਨ। ਇਸ ਨਾਲ ਸਥਾਨਕ ਲੋਕਾਂ ਦੀ ਮਿਲੀਭੁਗਤ ਦੀ ਵੀ ਪੁਸ਼ਟੀ ਹੋ ਰਹੀ ਹੈ। ਪੁਲਸ ਇਸ ਗਿਰੋਹ ਨਾਲ ਜੁੜੇ ਹੋਰ ਲੋਕਾਂ ਅਤੇ ਉਨ੍ਹਾਂ ਦੀ ਮਦਦ ਕਰਨ ਵਾਲੇ ਹੋਟਲ ਅਤੇ ਲਾਜ ਮਾਲਕਾਂ ਦੀ ਵੀ ਫੜੋ-ਫੜੀ 'ਚ ਜੁੱਟ ਗਈ ਹੈ।

ਫੇਸਬੁਕ ਨੂੰ ਬਣਾਇਆ ਭੈਣ ਦੇ ਕਾਤਲ ਨੂੰ ਲੱਭਣ ਦਾ ਜ਼ਰੀਆ

ਲਖਨਊ- ਭਾਵੇਂ ਕਿ ਲੋਕ ਫੇਸਬੁਕ ਦੀ ਵਰਤੋ ਆਪਣੇ ਦੋਸਤਾਂ ਨਾਲ ਜੁੜਨ, ਸਮਾਂ ਲੰਘਾਉਣ ਲਈ ਅਤੇ ਚੈਟਿੰਗ ਆਦਿ ਲਈ ਕਰਦੇ ਹਨ ਪਰ ਇਕ ਵਿਅਕਤੀ ਅਜਿਹਾ ਵੀ ਹੈ ਜੋ ਫੇਸਬੁਕ ਜ਼ਰੀਏ ਆਪਣੀ ਮ੍ਰਿਤਕ ਭੈਣ ਨੂੰ ਇਨਸਾਫ ਦਿਵਾਉਣਾ ਚਾਹੁੰਦਾ ਹੈ। ਉਸ ਨੇ ਆਪਣੀ ਭੈਣ ਦੇ ਕਾਤਲ ਜੀਜੇ ਨੂੰ ਲੱਭਣ ਲਈ ਉਸ ਨੇ ਆਪਣੇ ਨੰਬਰ ਵੀ ਬੇਫਿਕਰੀ ਨਾਲ ਪਾ ਦਿੱਤੇ ਹਨ ਤਾਂ ਜੋ ਕਿਸੇ ਨੂੰ ਫਰਾਰ ਜੀਜੇ ਬਾਰੇ ਜਾਣਕਾਰੀ ਹੋਵੇ ਤਾਂ ਉਹ ਦੱਸ ਸਕਣ ਜਾਂ ਪੁਲਸ ਨੂੰ ਜਾਣਕਾਰੀ ਦੇ ਸਕਣ।
ਉਤਰ ਪ੍ਰਦੇਸ਼ ਦੇ ਫਤਿਹਪੁਰ ਦੀ ਸੋਨਮ ਦਾ ਵਿਆਹ ਪਿਛਲੇ ਸਾਲ ਦਸੰਬਰ ਨੂੰ ਹੋਇਆ ਸੀ ਪਰ 31 ਮਾਰਚ ਨੂੰ ਉਸ ਦੀ ਜ਼ਹਿਰ ਦੇ ਕੇ ਹੱਤਿਆ ਕਰ ਦਿੱਤੀ ਗਈ। ਇੰਨੇ ਘੱਟ ਸਮੇਂ ਵਿਚ ਹੀ ਸੋਨਮ ਅਤੇ ਸੌਰਭ ਦੇ ਰਿਸ਼ਤੇ ਨੇ ਦਮ ਤੋੜ ਦਿੱਤਾ। ਪੀੜਤ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਸੋਨਮ ਨੂੰ ਜਬਰਨ ਜ਼ਹਿਰ ਖਿਲਾਇਆ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਸੋਨਮ ਦੀ ਮੌਤ ਤੋਂ ਬਾਅਦ ਹੀ ਸੌਰਭ ਫਰਾਰ ਹੈ ਅਤੇ ਪੁਲਸ ਵੀ ਉਸ ਨੂੰ ਲੱਭਣ ਵਿਚ ਨਾਕਾਮ ਰਹੀ ਹੈ। ਫਿਲਹਾਲ ਪੀੜਤ ਪਰਿਵਾਰ ਨੇ ਹੋਰ ਕੋਈ ਰਸਤਾ ਨਾ ਦਿਖਣ 'ਤੇ ਫੇਸਬੁਕ ਨੂੰ ਜ਼ਰੀਆ ਬਣਾਇਆ ਹੈ। ਸੋਨਮ ਦੇ ਭਰਾ ਨੇ ਆਪਣੀ ਭੈਣ ਅਤੇ ਜੀਜੇ ਦੀਆਂ ਫੋਟੋਆਂ ਅਪਲੋਡ ਕਰਨ ਦੇ ਨਾਲ-ਨਾਲ ਸੋਨਮ ਦੀ ਪੋਸਟਮਾਰਟਮ ਰਿਪੋਰਟ ਵੀ ਅਪਲੋਡ ਕੀਤੀ
ਅਟਾਰੀ-ਵਾਹਗਾ ਸਰਹੱਦ 'ਤੇ ਸੰਗਠਿਤ ਜਾਂਚ ਚੌਕੀ ਲੋਕ ਅਰਪਿਤ
ਗ੍ਰਹਿ ਮੰਤਰੀ ਪੀ ਚਿਦੰਬਰਮ ਨੇ ਕੀਤਾ ਉਦਘਾਟਨ : ਦੋਵਾਂ ਦੇਸ਼ਾਂ ਦੇ ਵਣਜ ਮੰਤਰੀ, ਚੜ੍ਹਦੇ-ਲਹਿੰਦੇ ਪੰਜਾਬਾਂ ਦੇ ਮੁੱਖ ਮੰਤਰੀ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹੋਈਆਂ ਹਾਜ਼ਰ

ਸੰਗਠਿਤ ਜਾਂਚ ਚੌਕੀ ਦਾ ਅਟਾਰੀ ਵਿਖੇ ਉਦਘਾਟਨ ਕਰਨ ਉਪਰੰਤ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ, ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ, ਕੇਂਦਰੀ ਵਪਾਰ ਮੰਤਰੀ ਆਨੰਦ ਸ਼ਰਮਾ, ਪਾਕਿਸਤਾਨ ਦੇ ਵਪਾਰ ਮੰਤਰੀ ਮਖਦੂਮ ਅਮੀਨ ਫਾਹੀਮ, ਪਾਕਿਸਤਾਨੀ ਪੰਜਾਬ ਦੇ ਮੁੱਖ ਮੰਤਰੀ ਸ਼ਾਹਬਾਜ ਸ਼ਰੀਫ, ਕੇਂਦਰੀ ਰਾਜ ਮੰਤਰੀ ਅਸ਼ਵਨੀ ਸ਼ਰਮਾ, ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ, ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ, ਸਨਅਤ ਤੇ ਵਪਾਰ ਮੰਤਰੀ ਸ੍ਰੀ ਅਨਿਲ ਜੋਸ਼ੀ ਆਦਿ ਖੜ੍ਹੇ ਹਨ।
ਅੰਮ੍ਰਿਤਸਰ/ ਅਟਾਰੀ, 14 ਅਪ੍ਰੈਲ-ਭਾਰਤ-ਪਾਕਿ ਦਰਮਿਆਨ ਵਪਾਰਕ ਰਿਸ਼ਤਿਆਂ ਨੂੰ ਹੋਰ ਪੀਡਾ ਕਰਨ ਅਤੇ ਦੋਵਾਂ ਦੇਸ਼ਾਂ ਦੇ ਆਰਥਿਕ ਵਿਕਾਸ 'ਚ ਇਕ ਮੀਲ ਪੱਥਰ ਬਣਨ ਵਾਲੀ ਦੇਸ਼ ਦੀ ਪਹਿਲੀ ਸੰਗਠਿਤ ਜਾਂਚ ਚੌਕੀ (ਇੰਟੈਗ੍ਰੇਟਿਡ ਚੈਕ ਪੋਸਟ) ਦਾ ਅੱਜ ਭਾਰਤ-ਪਾਕਿ ਦੀ ਅਟਾਰੀ-ਵਾਹਗਾ ਸਰਹੱਦ ਵਿਖੇ ਕੇਂਦਰੀ ਗ੍ਰਹਿ ਮੰਤਰੀ ਪੀ. ਚਿੰਦਬਰਮ ਨੇ ਰਸਮੀ ਉਦਘਾਟਨ ਕਰਕੇ ਇਸ ਨੂੰ ਲੋਕ ਅਰਪਿਤ ਕੀਤਾ।
ਇਸ ਇਤਿਹਾਸਕ ਮੌਕੇ ਪਾਕਿ ਦੇ ਵਣਜ ਮੰਤਰੀ ਮਖਦੂਮ ਅਮੀਨ ਫਾਹੀਮ, ਕੇਂਦਰੀ ਵਣਜ ਮੰਤਰੀ ਆਨੰਦ ਸ਼ਰਮਾ, ਪਾਕਿ ਪੰਜਾਬ ਦੇ ਮੁੱਖ ਮੰਤਰੀ ਮੀਆਂ ਸ਼ਾਹਬਾਜ਼ ਸ਼ਰੀਫ਼, ਚੜ੍ਹਦੇ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ, ਕੇਂਦਰੀ ਰਾਜ ਮੰਤਰੀ ਅਸ਼ਵਨੀ ਕੁਮਾਰ ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਵੀ ਮੌਜੂਦ ਸਨ।



ਅਟਾਰੀ ਵਿਖੇ ਸੰਗਠਿਤ ਜਾਂਚ ਚੌਕੀ ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ, ਪਾਕਿਸਤਾਨ ਦੇ ਵਣਜ ਮੰਤਰੀ ਮਖਦੂਮ ਅਮੀਨ ਫਾਹੀਮ, ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ਼। (2) ਸੰਗਠਿਤ ਜਾਂਚ ਚੌਕੀ ਦਾ ਮਾਡਲ ਦੇਖਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਪੀ ਚਿਦੰਬਰਮ। ਉਨ੍ਹਾਂ ਦੇ ਨਾਲ ਸ: ਪ੍ਰਕਾਸ਼ ਸਿੰਘ ਬਾਦਲ, ਕੇਂਦਰੀ ਵਪਾਰ ਮੰਤਰੀ ਆਨੰਦ ਸ਼ਰਮਾ, ਪਾਕਿਸਤਾਨ ਦੇ ਵਪਾਰ ਮੰਤਰੀ ਮਖਦੂਮ ਅਮੀਨ ਫਾਹੀਮ, ਸ਼ਾਹਬਾਜ ਸ਼ਰੀਫ, ਕੇਂਦਰੀ ਰਾਜ ਮੰਤਰੀ ਅਸ਼ਵਨੀ ਸ਼ਰਮਾ, ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ, ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਆਦਿ ਖੜ੍ਹੇ ਦਿਖਾਈ ਦੇ ਰਹੇ ਹਨ। (2) ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਪਾਕਿਸਤਾਨ ਪੰਜਾਬ ਦੇ ਮੁੱਖ ਮੰਤਰੀ ਸ਼ਾਹਬਾਜ ਸ਼ਰੀਫ ਦਾ ਸਨਮਾਨ ਕਰਦੇ ਹੋਏ।
ਇਸ ਮੌਕੇ ਹਾਜ਼ਰ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਚਿੰਦਬਰਮ ਨੇ ਕਿਹਾ ਕਿ ਉਨ੍ਹਾਂ ਨੂੰ ਅਸੀਮ ਖੁਸ਼ੀ ਹੈ ਕਿ ਇਸ ਇਤਿਹਾਸਕ ਅਤੇ ਅਹਿਮ ਰਸਮ ਨੂੰ ਨੇਪਰੇ ਚੜ੍ਹਾਉਣ ਦਾ ਮੌਕਾ ਉਨ੍ਹਾਂ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਹ ਸ਼ੁਰੂਆਤ ਕੁਝ ਸਮਾਂ ਪਹਿਲਾਂ ਵੀ ਹੋ ਸਕਦੀ ਸੀ, ਪਰ ਖ਼ਾਲਸੇ ਦੇ ਸਾਜਨਾ ਦਿਵਸ ਵਿਸਾਖੀ ਦੇ ਦਿਨ ਦੀ ਅਹਿਮੀਅਤ ਕਾਰਨ ਉਦਘਾਟਨ ਲਈ ਇਸ ਦਿਨ ਨੂੰ ਚੁਣਿਆ ਗਿਆ।
ਭਾਰਤ-ਪਾਕਿ ਸੰਬੰਧਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਪਿਛੋਕੜ ਦੀਆਂ ਗਲਤੀਆਂ ਲਈ ਪਛਤਾਅ ਰਹੇ ਹਨ ਅਤੇ ਜਾਣ ਚੁੱਕੇ ਹਨ ਕਿ ਲੜਾਈ ਹਮੇਸ਼ਾ ਦੂਰ ਲੈ ਕੇ ਜਾਂਦੀ ਹੈ, ਜਦਕਿ ਵਪਾਰ ਹੀ ਅਜਿਹੀ ਸਾਂਝ ਹੈ, ਜੋ ਦੋਵਾਂ ਦੇਸ਼ਾਂ ਦਰਮਿਆਨ ਮਿੱਤਰਤਾ ਵਾਲੇ ਸੰਬੰਧ ਸਥਾਪਤ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਪਾਕਿ ਹਮਅਹੁਦਾ ਨਾਲ ਵਿਚਾਰ ਕਰਕੇ ਕੋਸ਼ਿਸ਼ ਕਰਨਗੇ ਕਿ ਦੋਵਾਂ ਦੇਸ਼ਾਂ ਦਰਮਿਆਨ ਵੀਜ਼ਾ ਪ੍ਰਣਾਲੀ 'ਚ ਸੁਧਾਰ ਲਿਆ ਕੇ ਸੰਬੰਧ ਮਜ਼ਬੂਤ ਕੀਤੇ ਜਾਣ ਅਤੇ ਵਪਾਰ 'ਚ ਵਾਧੇ ਲਈ ਦੋਹਾਂ ਦੇਸ਼ਾਂ 'ਚ ਪੈਦਾ ਹੁੰਦੀ ਹਰੇਕ ਵਸਤੂ ਦਾ ਆਪਸ 'ਚ ਵਟਾਂਦਰਾ ਕੀਤਾ ਜਾਵੇ। ਉਨ੍ਹਾਂ ਇਸ ਮੌਕੇ ਪੰਜਾਬ ਸਰਕਾਰ ਦੀ ਭਰਪੂਰ ਸਰਾਹਨਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਨਾਲ ਹੀ ਜਾਂਚ ਚੌਕੀ ਦਾ ਕੰਮ ਸੰਭਵ ਹੋ ਸਕਿਆ ਹੈ। ਉਨ੍ਹਾਂ ਪਾਕਿ ਤੋਂ ਆਉਣ ਵਾਲੇ ਯਾਤਰੀਆਂ ਵੱਲੋਂ ਵਰਤੇ ਜਾਂਦੇ ਪੁਰਾਣੇ ਗੇਟ 'ਚ ਤਬਦੀਲੀ ਕਰਕੇ ਛੇਤੀ ਹੀ ਨਵੇਂ ਗੇਟ ਰਾਹੀਂ ਆਮਦ ਦੀ ਆਸ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਵਿਸ਼ੇਸ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਨਸ਼ੀਲੇ ਪਦਾਰਥ, ਅੱਤਵਾਦ, ਜਾਅਲੀ ਕਰੰਸੀ ਅਤੇ ਹਥਿਆਰਾਂ ਦੀ ਤਸਕਰੀ ਸਬੰਧੀ ਸਖਤ ਕਦਮ ਚੁੱਕਦਿਆਂ ਰੋਕ ਲਗਾਈ ਜਾਵੇਗੀ।
ਪਾਕਿ ਵਣਜ ਮੰਤਰੀ-ਪਾਕਿ ਵਣਜ ਮੰਤਰੀ ਮਖਦੂਮ ਫਾਹੀਮ ਨੇ ਆਪਣੇ ਭਾਸ਼ਣ ਮੌਕੇ ਸਮੂਹ ਭਾਰਤੀਆਂ ਨੂੰ ਵਿਸਾਖੀ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਜਲਦ ਹੀ ਦੋਵਾਂ ਦੇਸ਼ਾਂ ਦੇ ਵਪਾਰੀਆਂ ਲਈ ਸੌਖੇ ਬਹੁਮੰਤਵੀ ਵੀਜ਼ੇ ਦਾ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਭਾਰਤ-ਪਾਕਿ ਦੇ ਆਪਸੀ ਭਾਈਚਾਰੇ ਦੀ ਕਾਮਨਾ ਕਰਦਿਆਂ ਕਿਹਾ ਕਿ ਮਿੱਤਰਤਾ ਹੀ ਦੋਵਾਂ ਦੇਸ਼ਾਂ ਦੀ ਜਨਤਾ ਨੂੰ ਖੁਸ਼ਹਾਲੀ ਵੰਡ ਸਕਦੀ ਹੈ।
ਭਾਰਤੀ ਵਣਜ ਮੰਤਰੀ-ਭਾਰਤੀ ਵਣਜ ਮੰਤਰੀ ਆਨੰਦ ਸ਼ਰਮਾ ਨੇ ਇਸ ਮੌਕੇ ਕਿਹਾ ਕਿ ਉਹ ਅਤੇ ਪਾਕਿ ਵਣਜ ਮੰਤਰੀ ਪਿਛਲੇ 6 ਮਹੀਨਿਆਂ 'ਚ ਤਿੰਨ ਵਾਰ ਆਪਸ 'ਚ ਮੁਲਾਕਾਤ ਕਰਕੇ ਭਾਰਤ-ਪਾਕਿ ਰਿਸ਼ਤਿਆਂ ਦੀ ਮਜ਼ਬੂਤੀ ਲਈ ਵਿਚਾਰ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਆਪਸੀ ਸਬੰਧਾਂ 'ਚ ਕੁਝ ਕੁ ਛੋਟੀਆਂ ਸਮੱਸਿਆਵਾਂ ਅਜੇ ਹਨ, ਪਰ ਇਸਲਾਮਾਬਾਦ ਅਤੇ ਦਿੱਲੀ ਜਲਦ ਹੀ ਮੁੜ ਗੱਲਬਾਤ ਕਰਕੇ ਇਨ੍ਹਾਂ ਨੂੰ ਦੂਰ ਕਰਨਗੇ। ਪਾਕਿ ਵੱਲੋਂ ਜਾਰੀ 'ਨੈਗਟਿਵ ਸੂਚੀ' ਸਬੰਧੀ ਸ੍ਰੀ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਸੂਚੀ ਤੋਂ ਬਾਹਰ 137 ਵਸਤੂਆਂ ਦਾ ਵਪਾਰ ਕੇਵਲ ਸੜਕੀ ਰਸਤੇ ਰਾਹੀਂ ਕਰਨ ਨੂੰ ਜਲਦ ਨਿਸਚਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦੇ ਲੋਕ ਗੁਰਬਤ ਹੰਡਾ ਰਹੇ ਹਨ ਅਤੇ ਇਸ ਤੋਂ ਛੁਟਕਾਰੇ ਦਾ ਇਕੋ ਇਕ ਹੱਲ ਹੈ ਆਪਸੀ ਰਿਸ਼ਤਿਆਂ 'ਚ ਸੁਧਾਰ ਲਿਆਉਣਾ। ਉਨ੍ਹਾਂ ਕਿਹਾ ਕਿ ਭਾਰਤ-ਪਾਕਿ ਜੇਕਰ ਇਕੱਠੇ ਹੋ ਜਾਣ ਤਾਂ ਸਮੁੱਚੇ ਦੱਖਣੀ ਏਸ਼ੀਆਈ ਮੁਲਕਾਂ ਲਈ ਲਾਹੇਵੰਦ ਸਿੱਧ ਹੋਵੇਗਾ, ਜੋ ਆਉਣ ਵਾਲੀਆਂ ਪੀੜੀਆਂ ਲਈ ਇਕ ਉਸਾਰੂ ਸੁਨੇਹਾ ਬਣੇਗਾ।
ਚੜ੍ਹਦੇ ਪੰਜਾਬ ਦੇ ਮੁੱਖ ਮੰਤਰੀ-ਚੜ੍ਹਦੇ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਜਜ਼ਬਾਤੀ ਹੁੰਦਿਆਂ ਇਸ ਮੌਕੇ ਇਹ ਸਰਹੱਦਾਂ ਦੂਰ ਕਰ ਦੇਣ ਲਈ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਇਕੱਲੇ ਸਿੱਖਾਂ ਦਾ ਨਹੀਂ ਬਲਕਿ ਸਮੁੱਚੀ ਮਨੁੱਖਤਾ ਦਾ ਧਾਰਮਿਕ ਸਥਾਨ ਹੈ , ਜਿਸ ਦੀ ਪ੍ਰੋੜਤਾ ਸ੍ਰੀ ਹਰਿਮੰਦਰ ਸਾਹਿਬ ਦੇ ਨੀਂਹ ਇਕ ਮੁਸਲਮਾਨ ਸਾਈਂ ਮੀਆਂ ਮੀਰ ਵੱਲੋਂ ਰੱਖਣ ਨਾਲ ਹੁੰਦੀ ਹੈ।
ਆਪਣੇ ਅੰਗ੍ਰੇਜ਼ੀ 'ਚ ਦਿੱਤੇ ਭਾਸ਼ਣ 'ਚ ਉਨ੍ਹਾਂ ਕਿਹਾ ਕਿ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਮੌਕੇ ਅੱਜ ਉਨ੍ਹਾਂ ਦਾ ਇਕ ਵੱਡਾ ਸੁਪਨਾ ਸਾਕਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਅਜ਼ਾਦੀ ਤੋਂ ਪਹਿਲਾਂ ਪੰਜਾਬ ਦੇਸ਼ ਦਾ ਸਭ ਤੋਂ ਅਮੀਰ ਅਤੇ ਵੱਡਾ ਰਾਜ ਸੀ , ਪਰ ਵੰਡ ਨੇ ਇਸ ਨੂੰ ਨਾ ਕੇਵਲ ਭਾਈਚਾਰਕ ਅਤੇ ਸਮਾਜਿਕ ਪੀੜਾ ਦਿੱਤੀ ਬਲਕਿ ਆਰਥਿਕ ਪੱਖੋਂ ਵੀ ਬਹੁਤ ਕਮਜ਼ੋਰ ਕਰ ਦਿੱਤਾ। ਉਨ੍ਹਾਂ ਆਸ ਕੀਤੀ ਕਿ ਭਾਰਤ-ਪਾਕਿ ਦੇ ਵਪਾਰਕ ਰਿਸ਼ਤੇ ਵਧਣ ਨਾਲ ਦੋਵਾਂ ਪੰਜਾਬਾਂ ਵੱਲੋਂ ਝੱਲੇ ਸੰਤਾਪ ਦੀ ਭਰਪਾਈ ਹੋ ਸਕੇਗੀ। ਉਨ੍ਹਾਂ ਜ਼ਿਕਰ ਕੀਤਾ ਕਿ 1947 ਦੀ ਵੰਡ ਵੇਲੇ ਉਹ ਲਾਹੌਰ ਯੂਨੀਵਰਸਿਟੀ ਦੇ ਆਖਰੀ ਭਾਰਤੀ ਗ੍ਰੈਜੂਏਟ ਸਨ।
ਇਸ ਮੌਕੇ ਉਨ੍ਹਾਂ ਦੋਵਾਂ ਦੇਸ਼ਾਂ ਦੇ ਉੱਚ ਆਗੂਆਂ ਪਾਸੋਂ ਕਰਤਾਰਪੁਰ ਲਾਂਘੇ ਸਬੰਧੀ ਜਲਦ ਹੀ ਸੁਹਿਰਦ ਕਾਰਵਾਈ ਕਰਦਿਆਂ ਲਾਂਘਾ ਜਾਰੀ ਕੀਤੇ ਜਾਣ ਦੀ ਮੰਗ ਕੀਤੀ। ਉਨ੍ਹਾਂ ਪਾਕਿ ਵਣਜ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਜਲਦ ਤੋਂ ਜਲਦ ਕੋਸ਼ਿਸ਼ ਕਰਕੇ ਭਾਰਤ ਨੂੰ ਮੁੱਖ ਤਰਜੀਹੀ ਦੇਸ਼ ਦਾ ਦਰਜਾ ਦਿਵਾਉਣ। ਉਨ੍ਹਾਂ ਕਿਹਾ ਕਿ ਇਹ ਪੰਜਾਬ ਨਾਲ ਧੱਕਾ ਹੈ ਕਿ ਨਾਕਾਰਾਤਮਕ ਸੂਚੀ ਜਾਰੀ ਕਰਦਿਆਂ ਵਾਹਗਾ ਦੇ ਲਾਂਘੇ ਰਾਹੀਂ ਕੇਵਲ 137 ਵਸਤੂਆਂ ਦੇ ਵਪਾਰ ਦੀ ਆਗਿਆ ਰਹਿ ਗਈ ਹੈ, ਜਦਕਿ ਮੁੰਬਈ, ਕਰਾਚੀ ਅਤੇ ਤੀਜੇ ਦੇਸ਼ਾਂ ਦੀ ਵਿਚੋਲਗੀ ਵਾਲੇ ਰਸਤਿਆਂ ਰਾਹੀਂ ਅਜਿਹੀ ਕੋਈ ਪਾਬੰਦੀ ਨਹੀਂ ਲਗਾਈ ਗਈ। ਉਨ੍ਹਾਂ ਲੁਧਿਆਣਾ ਰੇਲਵੇ ਕਾਰੀਡੋਰ ਨੂੰ ਅਟਾਰੀ (ਅੰਮ੍ਰਿਤਸਰ) ਤੱਕ ਸਥਾਪਿਤ ਕੀਤੇ ਜਾਣ ਦੀ ਮੰਗ ਕੀਤੀ। ਉਨ੍ਹਾਂ ਸੰਸਦ ਮੈਂਬਰਾਂ ਨੂੰ ਬਿਨਾ ਵੀਜ਼ਾ ਲਾਂਘੇ ਦੀ ਤਰਜ਼ 'ਤੇ ਵਿਧਾਇਕਾਂ ਨੂੰ ਵੀ ਖੁੱਲ੍ਹ ਦੇਣ ਦੀ ਮੰਗ ਕੀਤੀ। ਆਪਣੇ ਭਾਸ਼ਣ ਦੇ ਅਖੀਰ 'ਚ ਉਨ੍ਹਾਂ ਅੰਗਰੇਜ਼ੀ 'ਚ ਭਾਸ਼ਣ ਦੇਣ ਲਈ ਮਾਫ਼ੀ ਮੰਗਦਿਆਂ ਕਿਹਾ ਕਿ ਅਜਿਹੇ ਅੰਤਰਾਸ਼ਟਰੀ ਮੁੱਦੇ ਨੂੰ ਸੁਣਨ ਆਏ ਸੱਭ ਸਰੋਤੇ ਪੰਜਾਬੀ ਨਹੀਂ ਸਨ ਸਮਝ ਸਕਦੇ।
ਸ਼ਾਂਤੀ ਹੀ ਦੋਵਾਂ ਦੇਸ਼ਾਂ ਦੀ ਤਰੱਕੀ ਦਾ ਇਕੋ-ਇਕ ਜ਼ਰੀਆ-ਸ਼ਾਹਬਾਜ਼ ਸ਼ਰੀਫ
ਲਹਿੰਦੇ ਪੰਜਾਬ ਦੇ ਮੁੱਖ ਮੰਤਰੀ-ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਮੀਆਂ ਸ਼ਾਹਬਾਜ਼ ਸਰੀਫ ਨੇ ਕਿਹਾ ਕਿ ਅਜਿਹੀ ਅਨੰਦਮਈ ਸ਼ਾਮ ਕਰਮਾਂ-ਭਾਗਾਂ ਨਾਲ ਨਸੀਬ ਹੁੰਦੀ ਹੈ, ਜਦੋਂ ਆਪਸੀ ਜਜ਼ਬਾਤਾਂ 'ਚ ਬੱਝੇ ਦੋ ਮੁਲਕਾਂ ਦੀ ਜਨਤਾ ਨੂੰ ਨੇੜੇ ਲਿਆਉਣ 'ਚ ਸਹਾਈ ਹੋਣ ਵਾਲੇ ਕਿਸੇ ਕੰਮ ਦੀ ਸ਼ੁਰੂਆਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਵੰਡ ਮੌਕੇ ਦੋਹਾਂ ਮੁਲਕਾਂ ਦੇ ਬਸ਼ਿੰਦਿਆਂ ਨੂੰ ਵੱਡਾ ਘਾਟਾ ਝੱਲਣਾ ਪਿਆ, ਪਰ ਹੁਣ ਸਮਾਂ ਹੈ ਆਪਸੀ ਗਲਤ-ਫਹਿਮੀਆਂ ਨੂੰ ਪਰ੍ਹਾਂ ਕਰਕੇ ਬੀਤੇ ਨੂੰ ਭੁੱਲ ਕੇ ਇਕ ਦੂਸਰੇ ਦੇ ਗਲੇ ਲੱਗਣ ਦਾ।
ਉਨ੍ਹਾਂ ਦੋਵੇਂ ਮੁਲਕਾਂ ਨੂੰ ਪ੍ਰਮਾਣੂ ਤਾਕਤਾਂ ਦੱਸਦਿਆਂ ਕਿਹਾ ਕਿ ਹੁਣ ਲੜਾਈ ਦਾ ਭਾਰ ਚੁੱਕਣਾ ਵੱਸ ਦੀ ਗੱਲ ਨਹੀਂ, ਸੋ ਹੁਣ ਲੜਾਈ ਹੋਵੇਗੀ ਆਰਥਿਕ ਮੁਕਾਬਲੇ ਦੀ। ਉਨ੍ਹਾਂ ਕਿਹਾ ਕਿ ਸ਼ਾਂਤੀ ਹੀ ਤਰੱਕੀ ਦਾ ਇਕੋ-ਇਕ ਜ਼ਰੀਆ ਹੈ। ਦੋਵਾਂ ਦੇਸ਼ਾਂ ਨੇ ਤਿੰਨ ਲੜਾਈਆਂ ਲੜ ਕੇ ਸਿਰਫ਼ ਗਵਾਇਆ ਹੈ। ਉਨ੍ਹਾਂ ਯੂਰਪੀਅਨ ਯੂਨੀਅਨ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਏਸ਼ੀਆਈ ਮੁਲਕਾਂ ਨੂੰ ਉਨ੍ਹਾਂ ਤੋਂ ਸਿੱਖਿਆ ਲੈਣ ਦੀ ਜ਼ਰੂਰਤ ਹੈ।
ਉਨ੍ਹਾਂ ਕਿਹਾ ਕਿ ਜੇਕਰ ਦੋਵਾਂ ਦੇਸ਼ਾਂ ਦੀ ਆਪਸੀ ਸਹਿਮਤੀ ਬਣ ਜਾਵੇ ਤਾਂ ਬਹੁਤ ਸਾਰੇ ਖਰਚੇ ਘਟਣਗੇ ਅਤੇ ਸਹੂਲਤਾਂ ਵਧਣਗੀਆਂ। ਉਨ੍ਹਾਂ ਦੋਵਾਂ ਪੰਜਾਬਾਂ 'ਚ ਆਪਸੀ ਵਪਾਰਕ ਸਾਂਝ ਦੀ ਵਕਾਲਤ ਕਰਦਿਆਂ ਕਿਹਾ ਕਿ ਦੁਬਈ ਜਾਂ ਹੋਰਨਾਂ ਤੀਜੇ ਦੇਸ਼ਾਂ ਰਾਹੀਂ ਵਪਾਰ ਬਹੁਤ ਮਹਿੰਗਾ ਪੈਂਦਾ ਹੈ ਅਤੇ ਜੇਕਰ ਅੰਮ੍ਰਿਤਸਰ-ਲਾਹੌਰ 'ਚ ਆਪਸੀ ਇਤਫਾਕ ਸਮਰਥ ਹੋ ਸਕਿਆ ਤਾਂ ਦੁਬਈ ਤਾਂ ਦੂਰ ਕਰਾਚੀ ਜਾਂ ਮੁੰਬਈ ਰਾਹੀਂ ਵੀ ਵਪਾਰ ਦੀ ਜ਼ਰੂਰਤ ਰਹਿ ਜਾਵੇਗੀ।
ਉਨ੍ਹਾਂ ਆਪਸੀ ਸਾਂਝ ਲਈ ਇਕ ਦੋਹਰਾ ਸੁਣਾਇਆ ਕਿ 'ਇਕ ਪਿਆਰ ਦਾ ਅਜਿਹਾ ਬੀਜ ਉਗਾਇਆ ਜਾਵੇ, ਜਿਸ ਦਾ ਹਮਸਾਏ ਦੇ ਵਿਹੜੇ 'ਚ ਸਾਇਆ ਜਾਏ'। ਉਨ੍ਹਾਂ ਕਿਹਾ ਕਿ ਜੇਕਰ ਦੋਵੇਂ ਦੇਸ਼ ਸਾਂਝ ਨਾਲ ਚੱਲਣ ਤਾਂ ਗੁਰਬਤ ਦੇ ਹੱਲ, ਇਲਾਜ, ਤਾਲੀਮ ਅਤੇ ਹੋਰ ਮੁੱਢਲੀਆ ਸਹੂਲਤਾਂ ਦੀ ਪ੍ਰਾਪਤੀ ਲਈ ਸਮਰੱਥ ਬਣ ਸਕਦੇ ਹਨ।
ਇਸ ਉਦਘਾਟਨ ਸਮਾਰੋਹ ਮੌਕੇ ਦੋਵਾਂ ਦੇਸ਼ਾਂ ਦੇ ਹਾਈ ਕਮਿਸ਼ਨਰ, ਵਪਾਰਕ ਸਕੱਤਰ, ਸਾਬਕਾ ਰਾਜਪਾਲ ਆਰ. ਐਲ. ਭਾਟੀਆ, ਡਾ: ਰਤਨ ਸਿੰਘ ਅਜਨਾਲਾ , ਸ: ਬਿਕਰਮ ਸਿੰਘ ਮਜੀਠੀਆ, ਗੁਲਜ਼ਾਰ ਸਿੰਘ ਰਣੀਕੇ, ਭਗਤ ਚੂਨੀ ਲਾਲ, ਅਨਿਲ ਜੋਸ਼ੀ, ਕਾਂਗਰਸੀ ਆਗੂ ਸੁਨੀਲ ਜਾਖੜ, ਵਿਰਸਾ ਸਿੰਘ ਵਲਟੋਹਾ, ਇੰਦਰਬੀਰ ਸਿੰਘ ਬੁਲਾਰੀਆ, ਅਮਰਪਾਲ ਸਿੰਘ ਬੋਨੀ, ਮਨਜੀਤ ਸਿੰਘ ਮੰਨਾ ਮੀਆਂਵਿੰਡ, ਬਲਜੀਤ ਸਿੰਘ ਜਲਾਲ ਉਸਮਾਂ, ਉਪਕਾਰ ਸਿੰਘ ਸੰਧੂ, ਸੁਨੀਤ ਕੋਛੜ ਚੇਅਰਮੈਨ ਸੀ. ਆਈ. ਆਈ., ਰਾਜਮਹਿੰਦਰ ਸਿੰਘ ਮਜੀਠਾ, ਗੁਨਬੀਰ ਸਿੰਘ, ਭਾਈ ਰਾਮ ਸਿੰਘ, ਯੋਧ ਸਿੰਘ ਸਮਰਾ, ਦਿਲਬਾਗ ਸਿੰਘ ਵਡਾਲੀ, ਦਿਲਬਾਗ ਸਿੰਘ ਧੰਜੂ, ਗੁਰਸ਼ਰਨ ਸਿੰਘ ਛੀਨਾ, ਅਮਰਬੀਰ ਸਿੰਘ ਢੋਟ, ਰਾਣਾ ਪਲਵਿੰਦਰ ਸਿੰਘ ਅਤੇ ਅਕਾਲੀ ਆਗੂ ਤੇ ਵਰਕਰ ਅਤੇ ਪ੍ਰਸ਼ਾਸਨਿਕ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੱਡੀ ਗਿਣਤੀ ਵਿਚ ਹਾਜ਼ਰ ਸਨ।
 
ਵਿਸਾਖੀ ਮੌਕੇ ਲੱਖਾਂ ਸ਼ਰਧਾਲੂ
ਦਮਦਮਾ ਸਾਹਿਬ ਹੋਏ ਨਤਮਸਤਕ
ਸਿਆਸੀ ਕਾਨਫ਼ਰੰਸਾਂ 'ਚ ਅਕਾਲੀ ਤੇ ਕਾਂਗਰਸੀ ਨੇਤਾਵਾਂ
ਵੱਲੋਂ ਇਕ ਦੂਜੇ ਦੀ ਆਲੋਚਨਾ

ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਪੁੱਜੀਆਂ ਸੰਗਤਾਂ ਦਾ ਦ੍ਰਿਸ਼।
ਬਠਿੰਡਾ/ਤਲਵੰਡੀ ਸਾਬੋ, 14 ਅਪ੍ਰੈਲ-ਖ਼ਾਲਸਾ ਸਿਰਜਣਾ ਦਿਵਸ, ਚੜ੍ਹਦੀ ਕਲਾ ਅਤੇ ਖ਼ੁਸ਼ਹਾਲੀ ਦੇ ਪ੍ਰਤੀਕ ਵਿਸਾਖ਼ੀ ਉਤਸਵ ਮੌਕੇ ਅੱਜ ਦੇਸ਼-ਵਿਦੇਸ਼ ਤੋਂ ਆਏ ਲੱਖਾਂ ਸ਼ਰਧਾਲੂਆਂ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਪਵਿੱਤਰ ਸਰੋਵਰਾਂ ਵਿਚ ਇਸ਼ਨਾਨ ਕਰਨ ਉਪਰੰਤ ਸ਼ਰਧਾ ਵਜੋਂ ਮੱਥਾ ਟੇਕਿਆ ਅਤੇ ਅਰਦਾਸਾਂ ਕੀਤੀਆਂ ਅਤੇ ਦਸਵੇਂ ਸਿੱਖ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਸੰਬੰਧਿਤ ਪੁਰਾਤਨ ਯਾਦਗਾਰਾਂ ਦੇ ਦਰਸ਼ਨ ਕੀਤੇ। ਇਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਸਜੇ ਧਾਰਮਿਕ ਦੀਵਾਨ ਵਿਚ ਖਾਲਸਾ ਪੰਥ ਦੇ ਸਿਰਜਣ ਅਤੇ ਵਿਸਾਖ਼ੀ ਉਤਸਵ ਸਬੰਧੀ ਆਪਣਾ ਸੰਦੇਸ਼ ਦਿੱਤਾ। ਇਸ ਤੋਂ ਪਹਿਲਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਪਾਏ ਗਏ, ਗੁਰਬਾਣੀ ਕੀਰਤਨ ਸਜੇ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਿਆ। ਤਲਵੰਡੀ ਸਾਬੋ ਮਾਰਗ 'ਤੇ ਸ਼੍ਰੋਮਣੀ ਅਕਾਲੀ ਦਲ ਯੂਥ ਦੇ ਵਰਕਰਾਂ ਵੱਲੋਂ ਕੌਮੀ ਸੀਨੀਅਰ ਮੀਤ ਪ੍ਰਧਾਨ ਯੂਥ ਅਕਾਲੀ ਦਲ ਸ: ਗੁਰਪ੍ਰੀਤ ਸਿੰਘ ਮਲੂਕਾ ਅਤੇ ਜ਼ਿਲ੍ਹਾ ਪ੍ਰਧਾਨ ਸ: ਬਲਕਾਰ ਸਿੰਘ ਉਪ ਚੇਅਰਮੈਨ ਪੀ.ਆਰ.ਟੀ.ਸੀ ਦੀ ਅਗਵਾਈ ਵਿਚ ਮੇਲੇ 'ਚ ਆ ਜਾ ਰਹੀਆਂ ਸੰਗ਼ਤਾਂ ਲਈ ਗੁਰੂ ਕੇ ਅਤੁੱਟ ਲੰਗਰ ਦਾ ਪ੍ਰਬੰਧ ਕੀਤਾ ਅਤੇ ਵਾਤਾਵਰਨ ਦੀ ਸੰਭਾਲ ਲਈ ਪੌਦੇ ਲਾਏ ਅਤੇ ਹਜ਼ਾਰਾਂ ਪੌਦੇ ਸੰਗ਼ਤਾਂ ਨੂੰ ਲਾਉਣ ਲਈ ਦਿੱਤੇ ਗਏ। ਮੇਲੇ ਵਿਚ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਰਾਜਸੀ ਕਾਨਫਰੰਸਾਂ ਕੀਤੀਆਂ ਗਈਆਂ। ਰਾਜਸੀ ਪਾਰਟੀਆਂ ਨੇ ਆਪਣੀਆਂ ਰਾਜਸੀ ਕਾਨਫਰੰਸ ਵਿਚ ਇਕੱਠ ਕਰਨ ਲਈ ਬਹੁਤ ਜ਼ੋਰ ਅਜ਼ਮਾਈ ਨਹੀਂ ਕੀਤੀ ਅਤੇ ਸਵੇਰੇ ਮੌਸਮ ਖ਼ਰਾਬ ਹੋਣ ਅਤੇ ਹਲਕੀ ਵਰਖ਼ਾ ਹੋਣ ਕਰਕੇ, ਇਸ ਵਾਰ ਮੇਲੇ ਵਿਚ ਰਿਵਾਇਤੀ ਲੋਕ ਇਕੱਠ ਨਹੀਂ ਸੀ। ਪੁਲਿਸ ਨੇ ਮੇਲੇ ਵਿਚ ਸੁਰੱਖਿਆ ਦੇ ਭਾਰੀ ਪ੍ਰਬੰਧ ਕੀਤੇ ਹੋਏ ਸਨ।
ਤਲਵੰਡੀ ਸਾਬੋ ਵਿਖੇ ਅਕਾਲੀ-ਭਾਜਪਾ ਗਠਜੋੜ ਦੀ ਕਾਨਫਰੰਸ ਮੌਕੇ ਮੰਚ 'ਤੇ ਬੈਠੇ ਹੋਏ ਉਪ-ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਅਤੇ ਹੋਰ ਸੀਨੀਅਰ ਆਗੂ। 
ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਪੰਥਕ ਸੰਘਰਸ਼ ਮੋਰਚੇ ਦੀ ਸਟੇਜ 'ਤੇ ਬਿਰਾਜਮਾਨ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਅਤੇ ਹੋਰ ਪੰਥਕ ਆਗੂ।
ਕਾਂਗਰਸ ਦੀ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ। 
ਅਕਾਲੀ ਦਲ ਦੀ ਕਾਨਫਰੰਸ-ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਤਕਰੀਬਨ 60,000 ਕਰੋੜ ਰੁਪਏ ਦੀ ਲਾਗ਼ਤ ਨਾਲ ਬਠਿੰਡਾ ਇਲਾਕੇ ਨੂੂੰ ਕੱਪੜਾ ਉਦਯੋਗ ਦੇ ਮੁੱਖ ਕੇਂਦਰ (ਟੈਕਸਟਾਈਲ ਹੱਬ) ਵਜੋਂ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅੱਜ ਹੀ ਉਨ੍ਹਾਂ ਵੱਲੋਂ ਇਕ ਅਜਿਹੇ ਕਾਰਖ਼ਾਨੇ ਦਾ ਨੀਂਹ-ਪੱਥਰ ਰੱਖਿਆ ਗਿਆ ਹੈ, ਜੋ 3000 ਕਰੋੜ ਰੁਪਏ ਦੀ ਲਾਗ਼ਤ ਨਾਲ 6 ਮਹੀਨਿਆਂ ਵਿਚ ਬਣਕੇ ਤਿਆਰ ਹੋ ਜਾਵੇਗਾ। ਉਪ ਮੁੱਖ ਮੰਤਰੀ ਨੇ ਦੱਸਿਆ ਕਿ ਬਠਿੰਡਾ ਸਿਵਲ ਹਵਾਈ ਪੱਟੀ ਦਾ ਨਿਰਮਾਣ ਕਾਰਜ ਪੂਰਾ ਹੋਣ ਵਾਲਾ ਹੈ ਅਤੇ ਆਉਂਦੇ 3-4 ਮਹੀਨਿਆਂ ਵਿਚ ਬਠਿੰਡਾ ਤੋਂ ਦਿੱਲੀ ਲਈ ਹਵਾਈ ਉਡਾਣਾਂ ਸ਼ੁਰੂ ਹੋ ਜਾਣਗੀਆਂ। ਉਨ੍ਹਾਂ ਐਲਾਨ ਕੀਤਾ ਕਿ 2100 ਕਰੋੜ ਰੁਪਏ ਦੀ ਲਾਗ਼ਤ ਨਾਲ ਬਠਿੰਡਾ-ਚੰਡੀਗੜ੍ਹ ਮਾਰਗ ਨੂੰ ਚਹੁ-ਮਾਰਗੀ ਬਣਾਉਣ ਦਾ ਕੰਮ ਇਕ ਨਿੱਜੀ ਕੰਪਨੀ ਦੇ ਹਵਾਲੇ ਕੀਤਾ ਗਿਆ ਹੈ। ਕਾਨਫਰੰਸ ਨੂੰ ਸੰਬੋਧਨ ਕਰਦਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਅਨੰਦ ਮੈਰਿਜ ਐਕਟ ਨੂੰ ਪ੍ਰਵਾਨਗੀ ਦਿੱਤੇ ਜਾਣ ਨੂੰ ਸਿੱਖ ਪੰਥ ਦੀ ਮਹਾਨ ਜਿੱਤ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸਿੱਖਾਂ ਦੀ ਵੱਖ਼ਰੀ ਪਛਾਣ ਬਣੇਗੀ। ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਸੁਖਬੀਰ ਸਿੰਘ ਬਾਦਲ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸੀ ਵਰਕਰਾਂ 'ਤੇ ਕੇਸ ਦਰਜ ਕਰਨ ਸਬੰਧੀ ਲਗਾਏ ਸੰਕੇਤਕ ਧਰਨੇ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਬਦਲੇ ਦੀ ਸਿਆਸਤ ਵਿਚ ਵਿਸ਼ਵਾਸ ਨਹੀਂ ਰੱਖਦੀ। ਇਸ ਮੌਕੇ ਇਸ ਸਿਆਸੀ ਕਾਨਫਰੰਸ ਨੂੰ ਹੋਰਨਾਂ ਤੋਂ ਇਲਾਵਾ ਰਾਜ ਸਭਾ ਮੈਂਬਰ ਸ: ਬਲਵਿੰਦਰ ਸਿੰਘ ਭੂੰਦੜ, ਸਿੰਚਾਈ ਮੰਤਰੀ ਸ੍ਰੀ ਜਨਮੇਜਾ ਸਿੰਘ ਸੇਖੋਂ, ਸਿੱਖਿਆ ਮੰਤਰੀ ਸ: ਸਿਕੰਦਰ ਸਿੰਘ ਮਲੂਕਾ, ਸੀਨੀਅਰ ਅਕਾਲੀ ਆਗੂ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ, ਵਿਧਾਇਕ ਸ: ਚੇਤੰਨ ਸਿੰਘ ਸਮਾਉਂ, ਸ੍ਰੀਮਤੀ ਰਾਜਵਿੰਦਰ ਕੌਰ, ਸ: ਹਰੀ ਸਿੰਘ ਜ਼ੀਰਾ, ਸ: ਦਰਸ਼ਨ ਸਿੰਘ ਕੋਟਫੱਤਾ, ਸਾਬਕਾ ਮੰਤਰੀ ਸ: ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਸ: ਅਮਰਜੀਤ ਸਿੰਘ ਸਿੱਧੂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਅਕਾਲੀ ਆਗੂ ਪ੍ਰੇਮ ਮਿੱਤਲ ਵਿਧਾਇਕ, ਹਰਬੰਤ ਸਿੰਘ ਦਾਤੇਬਾਸ , ਸੁਖਮਨ ਸਿੰਘ ਸਿੱਧੂ , ਆਤਮਾ ਸਿੰਘ ਚਹਿਲ, ਆਦਿ ਹਾਜ਼ਰ ਸਨ।
ਕਾਂਗਰਸ ਪਾਰਟੀ ਦੀ ਕਾਨਫਰੰਸ
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਜੇਕਰ ਸੂਬੇ ਅੰਦਰ ਸਿਆਸੀ ਬਦਲਾਖ਼ੋਰੀ ਤਹਿਤ ਕਾਂਗਰਸੀ ਵਰਕਰਾਂ 'ਤੇ ਕੋਈ ਝੂਠਾ ਪਰਚਾ ਦਰਜ ਕੀਤਾ ਗਿਆ ਤਾਂ ਉਹ ਖ਼ੁਦ ਸਬੰਧਿਤ ਥਾਣੇ ਦਾ ਘਿਰਾਓ ਕਰਨਗੇ ਤੇ ਘਿਰਾਓ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਝੂਠਾ ਪਰਚਾ ਦਰਜ ਕਰਨ ਵਾਲੇ ਪੁਲਿਸ ਅਧਿਕਾਰੀ ਨੂੰ ਮੁਅੱਤਲ ਕਰਕੇ ਥਾਣੇ 'ਚੋਂ ਬਾਹਰ ਨਹੀਂ ਤੋਰਿਆ ਜਾਂਦਾ। ਉਹ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਕਾਂਗਰਸ ਪਾਰਟੀ ਦੀ ਰਾਜਸੀ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਰਕਾਰ ਬਣਦਿਆਂ ਹੀ ਅਕਾਲੀ-ਭਾਜਪਾ ਗੱਠਜੋੜ ਦੇ ਆਗੂਆਂ ਨੇ ਸਿਆਸੀ ਬਦਲਾਖ਼ੋਰੀ ਤਹਿਤ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਵਰਕਰਾਂ 'ਤੇ ਝੂਠੇ ਮੁਕੱਦਮਿਆਂ ਖਿਲਾਫ਼ ਉਨ੍ਹਾਂ ਦੀ ਪਾਰਟੀ ਨੇ ਅੱਜ ਬਠਿੰਡਾ ਜ਼ਿਲ੍ਹੇ ਦੇ ਥਾਣਾ ਦਿਆਲਪੁਰਾ ਅੱਗੇ ਧਰਨਾ ਦੇ ਕੇ ਸੰਘਰਸ਼ ਦੀ ਸ਼ੁਰੂਆਤ ਕਰ ਦਿੱਤੀ ਅਤੇ ਇਸ ਤੋਂ ਬਾਅਦ ਅਣਮਿਥੇ ਸਮੇਂ ਲਈ ਥਾਣਿਆਂ ਦਾ ਘਿਰਾਓ ਕਾਂਗਰਸੀ ਵਰਕਰਾਂ ਵੱਲੋਂ ਕੀਤਾ ਜਾਵੇਗਾ। ਜਿਸਦੀ ਅਗਵਾਈ ਉਹ ਖੁਦ ਕਰਨਗੇ। ਕੈਪਟਨ ਸਿੰਘ ਨੇ ਕਿਹਾ ਕਿ ਕੱਲ ਉਹ ਮਜੀਠਾ ਬਲਾਕ ਕਾਂਗਰਸ ਪ੍ਰਧਾਨ ਨੂੰ ਅਗਵਾ ਕਰਨ ਖਿਲਾਫ਼ ਉਥੇ ਪੁੱਜ ਕੇ ਧਰਨਾ ਦੇਣਗੇ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਸਿੱਖਾਂ ਨੂੰ ਉਨ੍ਹਾਂ ਦੇ ਜਨਮ ਦਿਨ ਤੇ ਅਨੰਦ ਮੈਰਿਜ ਐਕਟ ਦਾ ਤੋਹਫ਼ਾ ਦਿੱਤਾ ਹੈ। ਜਿਸ ਦੀ ਸਿੱਖ ਕੌਮ ਚਿਰਾਂ ਤੋਂ ਮੰਗ ਕਰਦੀ ਆ ਰਹੀ ਸੀ। ਉਨ੍ਹਾਂ ਕੇਂਦਰ ਸਰਕਾਰ ਵੱਲੋਂ ਭਾਰਤ-ਪਾਕਿਸਤਾਨ ਸਰਹੱਦ ਖੋਲ੍ਹੇ ਜਾਣ ਦਾ ਸਵਾਗ਼ਤ ਕੀਤਾ। ਉਨ੍ਹਾਂ ਕਾਂਗਰਸੀ ਵਰਕਰਾਂ ਨੂੰ ਕਿਹਾ ਕਿ ਉਹ ਪਿਛਲੇ ਸਭ ਕੁੱਝ ਨੂੰ ਭਲਾ ਕੇ 2014 ਦੀਆਂ ਲੋਕ ਸਭਾ ਚੋਣਾਂ ਲਈ ਅੱਜ ਤੋਂ ਹੀ ਕਮਰਕੱਸੇ ਕਰ ਲੈਣ। ਕਾਂਗਰਸ ਪਾਰਟੀ ਦੀ ਰੈਲੀ ਦੇ ਮੁੱਖ ਪ੍ਰਬੰਧਕ ਅਤੇ ਹਲਕਾ ਤਲਵੰਡੀ ਸਾਬੋ ਦੇ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਤੇ ਕਾਨਫਰੰਸ ਵਿਚ ਆਈ ਹੋਈ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ। ਕਾਨਫਰੰਸ ਵਿਚ ਰਾਣਾ ਗੁਰਜੀਤ ਸਿੰਘ, ਅਰਵਿੰਦ ਖੰਨਾ, ਗੁਰਕੀਰਤ ਸਿੰਘ ਕੋਟਲ, ਜੋਗਿੰਦਰ ਜੈਨ, ਅਜੀਤ ਇੰਦਰ ਸਿੰਘ ਮੋਫ਼ਰ, ਅਜਾਇਬ ਸਿੰਘ ਭੱਟੀ (ਸਾਰੇ ਵਿਧਾਇਕ), ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸਾਬਕਾ ਮੰਤਰੀ ਜਸਬੀਰ ਸਿੰਘ ਭੁਪਿੰਦਰ ਸਿੰਘ ਗੋਰਾ, ਗੁਰਮੀਤ ਸਿੰਘ, ਬਿਕਰਮ ਸਿੰਘ ਚੌਧਰੀ ਪ੍ਰਧਾਨ ਯੂਥ ਕਾਂਗਰਸ, ਖ਼ੁਸ਼ਬਾਜ਼ ਸਿੰਘ ਜਟਾਣਾ, ਸ਼ੇਰ ਸਿੰਘ ਗਾਗੋਵਾਲ, ਕ੍ਰਿਸ਼ਨ ਕੁਮਾਰ ਬਾਵਾ, ਗੁਰਮੀਤ ਸਿੰਘ ਖੁੱਡੀਆ, ਰਣਧੀਰ ਸਿੰਘ ਖੁੱਡੀਆ, ਨਰਿੰਦਰ ਸਿੰਘ ਭੁਲੇਰੀਆ ਜ਼ਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ, ਫਤਿਹ ਜੰਗ ਸਿੰਘ ਬਾਜਵਾ ਅਤੇ ਦਰਸ਼ਨ ਸਿੰਘ ਬਰਾੜ ਸਾਬਕਾ ਵਿਧਾਇਕ ਨੇ ਆਪਣੀ ਹਾਜ਼ਰੀ ਲਗਵਾਈ।
ਕਈ ਵੱਡੇ ਨੇਤਾ ਕਾਨਫਰੰਸ ਵਿਚ ਨਾ ਪੁੱਜੇ-ਵਿਸਾਖ਼ੀ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਹੋਈ ਕਾਂਗਰਸ ਪਾਰਟੀ ਦੀ ਕਾਨਫਰੰਸ ਨਾਲੋਂ ਕੈਪਟਨ ਕਾਂਗਰਸੀ ਧੜੇ ਨੇ ਦੂਰੀ ਬਣਾਈ ਰੱਖੀ। ਕੈਪਟਨ ਵਿਰੋਧੀ ਕੋਈ ਵੀ ਕਾਂਗਰਸੀ ਆਗੂ ਕਾਨਫਰੰਸ ਵਿਚ ਸ਼ਾਮਿਲ ਨਹੀਂ ਹੋਇਆ, ਕਾਨਫਰੰਸ ਵਿਚ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ, ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ, ਸਾਬਕਾ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਮਹਿੰਦਰ ਸਿੰਘ ਕੇ.ਪੀ, ਆਲ ਇੰਡੀਆ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਜਗਜੀਤ ਸਿੰਘ ਬਰਾੜ, ਸਾਬਕਾ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ, ਬਠਿੰਡਾ ਦੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਜੱਸੀ, ਹਲਕਾ ਮੌੜ ਤੋਂ ਵਿਧਾਨ ਸਭਾ ਦੀ ਚੋਣ ਹਾਰੇ ਸਾਬਕਾ ਵਿਧਾਇਕ ਮੰਗਤ ਰਾਮ ਬਾਂਸਲ, ਸਾਬਕਾ ਵਿਧਾਇਕ ਰਿਪਜੀਤ ਸਿੰਘ ਬਰਾੜ ਸ਼ਾਮਿਲ ਨਹੀਂ ਹੋਏ।
ਲੋਜਪਾ ਵੱਲੋਂ ਕਾਨਫਰੰਸ
ਲੋਕ ਜਨਸ਼ਕਤੀ ਪਾਰਟੀ ਅਤੇ ਦਲਿਤ ਸੈਨਾ ਵੱਲੋਂ ਵਿਸਾਖ਼ੀ ਦੇ ਸ਼ੁੱਭ ਦਿਹਾੜੇ ਅਤੇ ਬਾਬਾ ਸਾਹਿਬ ਡਾ. ਅੰਬੇਡਕਰ ਨੂੰ ਸਮਰਪਿਤ ਗੁਲਾਮ ਸੋਚ ਬਦਲੋ, ਸ਼ਕਤੀ ਪਛਾਣੋ ਅਤੇ ਨਿੱਜੀ ਹਿੱਤ ਤਿਆਗੋ, ਕਾਨਫਰੰਸ ਕੀਤੀ ਗਈ। ਇਥੇ ਹੋਏ ਪ੍ਰਭਾਵਸ਼ਾਲੀ ਇਕੱਠ ਨੂੰ ਕਿਰਨਜੀਤ ਸਿੰਘ ਗਹਿਰੀ ਅਤੇ ਹੋਰ ਆਗੂਆਂ ਨੇ ਸੰਬੋਧ੍ਵ ਕੀਤਾ।
ਪੰਥਕ ਸੰਘਰਸ਼ ਮੋਰਚੇ ਦੀ ਕਾਨਫਰੰਸ
ਸਿੱਖ ਕੌਮ ਦੇ ਜ਼ਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫ਼ਾਂਸੀ ਦੀ ਸਜ਼ਾ ਰੱਦ ਕਰਵਾਉਣ ਨੂੰ ਲੈ ਕੇ ਵੱਖ-ਵੱਖ ਸਿੱਖ ਜਥੇਬੰਦੀਆਂ ਦੀ ਏਕਤਾ ਨਾਲ ਹੋਂਦ ਵਿਚ ਆਏ ਪੰਥਕ ਸੰਘਰਸ਼ ਮੋਰਚੇ ਨੇ ਅੱਜ ਤਖ਼ਤ ਸ੍ਰੀ ਦਮਦਮਾ ਤਲਵੰਡੀ ਸਾਬੋ ਵਿਖੇ ਵਿਸਾਖ਼ੀ ਮੌਕੇ ਆਪਣੀ ਕਾਨਫਰੰਸ ਕੀਤੀ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਸ: ਸਿਮਰਨਜੀਤ ਸਿੰਘ ਮਾਨ ਨੇ ਦੋਸ਼ ਲਾਇਆ ਕਿ ਦੇਸ਼ ਅੰਦਰ ਇਨਸਾਫ਼ ਦੇ ਮਾਮਲੇ ਵਿਚ ਸਿੱਖਾਂ ਨਾਲ ਦੂਹਰਾ ਮਾਪਦੰਡ ਅਪਣਾਇਆ ਜਾ ਰਿਹਾ ਹੈ। ਸ: ਮਾਨ ਨੇ ਕਿਹਾ ਕਿ ਭਾਈ ਰਾਜੋਆਣਾ ਦੀ ਫ਼ਾਂਸੀ ਮੁਆਫ਼ ਕਰਵਾਉਣ ਲਈ ਸ਼ਾਂਤਮਈ ਰੋਸ ਪ੍ਰਗਟ ਕਰ ਰਹੇ ਪੰਥਕ ਆਗੂਆਂ ਨੂੰ ਪੰਜਾਬ ਸਰਕਾਰ ਨੇ ਜੇਲ੍ਹਾਂ ਵਿਚ ਡੱਕ ਰੱਖਿਆ ਹੈ। ਕਾਨਫਰੰਸ ਵਿਚ ਪੰਥਕ ਆਗੂਆਂ ਵੱਲੋਂ ਸਿੱਖ ਸੰਗ਼ਤਾਂ ਅੱਗੇ ਗਿਆਰਾਂ ਮਤੇ ਰੱਖੇ ਗਏ। ਜਿਨ੍ਹਾਂ ਨੂੰ ਕਾਨਫਰੰਸ ਵਿਚ ਸ਼ਾਮਿਲ ਸੰਗ਼ਤਾਂ ਨੇ ਹੱਥ ਖੜ੍ਹੇ ਕਰਕੇ ਪ੍ਰਵਾਨਗੀ ਦਿੱਤੀ। ਕਾਨਫਰੰਸ ਨੂੰ ਪੰਥਕ ਸੇਵਾ ਲਹਿਰ ਦੇ ਮੁਖੀ ਬਾਬਾ ਬਲਜੀਤ ਸਿੰਘ ਦਾਦੂਵਾਲ, ਗਰਿੰਦਰਪਾਲ ਸਿੰਘ ਧਨੌਲਾ ਜਨਰਲ ਸਕੱਤਰ, ਗੁਰਸੇਵਕ ਸਿੰਘ ਜਵਾਹਰਕੇ ਜਨਰਲ ਸਕੱਤਰ ਆਦਿ ਨੇ ਸੰਬੋਧਨ ਕੀਤਾ।
 
ਮੋਗਾ ਦੇ ਇਕ ਮਕਾਨ 'ਚ ਜ਼ਬਰਦਸਤ ਧਮਾਕਾ-4 ਮਰੇ, 4 ਜ਼ਖ਼ਮੀ
ਜੇ.ਸੀ.ਬੀ. ਮਸ਼ੀਨ ਦੀ ਸਹਾਇਤਾ ਨਾਲ ਮਲਬੇ ਹੇਠੋਂ ਕੱਢੀਆਂ ਲਾਸ਼ਾਂ

ਮੋਗਾ ਦੇ ਪ੍ਰੀਤ ਨਗਰ ਵਾਸੀ ਲਿਆਕਤ ਅਲੀ ਦਾ ਧਮਾਕੇ ਨਾਲ ਢਹਿ-ਢੇਰੀ ਹੋਇਆ ਮਕਾਨ ਤੇ ਦੁਕਾਨਾਂ ਅਤੇ ਮਲਬਾ ਹਟਾਏ ਜਾਣ ਦ੍ਰਿਸ਼।

ਮੋਗਾ, 14 ਅਪ੍ਰੈਲ -ਅੱਜ ਬਾਅਦ ਦੁਪਹਿਰ ਸਥਾਨਕ ਬਹੋਨਾ ਚੌਕ ਨੇੜੇ ਪੈਂਦੇ ਇਲਾਕੇ ਪ੍ਰੀਤ ਨਗਰ ਦੀ ਗਲੀ ਨੰਬਰ 12 ਵਿਚ ਸਥਿਤ ਲਿਆਕਤ ਅਲੀ ਨਾਂਅ ਦੇ ਇਕ ਵਿਅਕਤੀ ਦੇ ਘਰ ਹੋਏ ਜ਼ਬਰਦਸਤ ਧਮਾਕੇ ਵਿਚ ਲਿਆਕਤ ਅਲੀ (45 ਸਾਲ) ਪੁੱਤਰ ਅਸ਼ਰਫ ਅਲੀ ਦੇ ਇਲਾਵਾ 3 ਹੋਰ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਉਸ ਦੀ ਪਤਨੀ ਹੂਰ ਬਾਨੋ, ਲੜਕੀ ਹਿਨਾ, ਲੜਕਾ ਫੈਜ਼ਲ ਖਾਨ ਅਤੇ ਉਨ੍ਹਾਂ ਦਾ ਗੁਆਂਢੀ ਅਵਤਾਰ ਸਿੰਘ ਜ਼ਖਮੀ ਹੋ ਗਿਆ ਜਿਨ੍ਹਾਂ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਡਾਕਟਰਾਂ ਦੀ ਟੀਮ ਨੇ ਹੂਰ ਬਾਨੋ ਦੀ ਨਾਜ਼ਕ ਹਾਲਤ ਦੇਖਦਿਆਂ ਉਸ ਨੂੰ ਫਰੀਦਕੋਟ ਭੇਜ ਦਿੱਤਾ ਹੈ। ਧਮਾਕੇ ਵਿਚ ਲਿਆਕਤ ਅਲੀ ਦੀਆਂ ਦੋਵੇਂ ਦੁਕਾਨਾਂ ਅਤੇ ਘਰ ਦਾ ਅੱਧਾ ਹਿੱਸਾ ਢਹਿ-ਢੇਰੀ ਹੋ ਗਿਆ। ਘਟਨਾ ਦਾ ਪਤਾ ਲੱਗਣ 'ਤੇ ਡਿਪਟੀ ਕਮਿਸ਼ਨਰ ਅਮਰਦੀਪ ਸਿੰਘ ਥਿੰਦ ਤੋਂ ਇਲਾਵਾ ਸਨੇਹਦੀਪ ਸ਼ਰਮਾ ਐੱਸ.ਐੱਸ.ਪੀ., ਐੱਸ.ਪੀ. ਸਤਪਾਲ ਸਿੰਘ ਭੰਗੂ, ਡੀ.ਐੱਸ.ਪੀ. ਗੁਰਮੀਤ ਸਿੰਘ, ਐੱਸ.ਐੱਚ.ਓ. ਇੰਸਪੈਕਟਰ ਹਰਿੰਦਰ ਸਿੰਘ, ਐੱਸ.ਆਈ. ਮੋਹਨ ਦਾਸ ਤੇ ਥਾਣੇਦਾਰ ਗਮਦੂਰ ਸਿੰਘ ਪੁਲਿਸ ਪਾਰਟੀ ਨਾਲ ਮੌਕੇ 'ਤੇ ਪੁੱਜੇ ਅਤੇ ਉਕਤ ਘਟਨਾ ਦੀ ਜਾਂਚ ਕੀਤੀ ਅਤੇ ਜੇ.ਸੀ.ਬੀ. ਮਸ਼ੀਨਾਂ, ਫਾਇਰ ਬ੍ਰਿਗੇਡ ਟੀਮ ਦੀ ਸਹਾਇਤਾ ਨਾਲ ਮਲਬਾ ਹਟਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ। ਮਿਲੀ ਜਾਣਕਾਰੀ ਮੁਤਾਬਿਕ ਉੱਤਰ ਪ੍ਰਦੇਸ਼ ਦੇ ਮੂਲ ਨਿਵਾਸੀ ਲਿਆਕਤ ਅਲੀ ਪਿਛਲੇ ਕਰੀਬ 4 ਸਾਲ ਤੋਂ ਪ੍ਰੀਤ ਨਗਰ ਮੋਗਾ ਦੇ ਉਕਤ ਮਕਾਨ ਵਿਚ ਰਹਿ ਰਿਹਾ ਸੀ। ਇਹ ਵਿਸ਼ਵਾਸ਼ ਕੀਤਾ ਜਾ ਰਿਹਾ ਹੈ ਕਿ ਗੈਸ ਸਿਲੰਡਰ ਫਟ ਜਾਣ ਨਾਲ ਉਥੇ ਪਏ ਬਾਰੂਦ ਨੂੰ ਅੱਗ ਲੱਗ ਗਈ ਜਿਸ ਕਾਰਨ ਉਕਤ ਜ਼ਬਰਦਸਤ ਧਮਾਕਾ ਹੋਇਆ ਪਰ ਧਮਾਕੇ ਦੇ ਅਸਲ ਕਾਰਨਾਂ ਦਾ ਪਤਾ ਜਾਂਚ ਤੋਂ ਬਾਅਦ ਹੀ ਲੱਗੇਗਾ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਸ ਪਾਸ ਦੇ ਘਰਾਂ ਜਿਸ ਵਿਚ ਉਨ੍ਹਾਂ ਦੇ ਸਾਹਮਣੇ ਰਹਿੰਦੇ ਬਲਵਿੰਦਰ ਸਿੰਘ ਅਤੇ ਗੁਆਂਢੀ ਗੁਰਦੀਪ ਸਿੰਘ ਦੇ ਮਕਾਨ ਦੇ ਇਲਾਵਾ ਹੋਰ ਵਿਨੇ ਸ਼ਰਮਾ ਦੇ ਮਕਾਨਾਂ ਨੂੰ ਵੀ ਭਾਰੀ ਨੁਕਸਾਨ ਪੁੱਜਾ। ਉਕਤ ਧਮਾਕੇ ਵਿਚ ਹੋਈਆਂ 4 ਮੌਤਾਂ ਵਿਚੋਂ ਇਕ ਦੋ ਲਾਸ਼ਾਂ ਦੇ ਚੀਥੜੇ ਉੱਡ ਗਏ।