Wednesday 11 April 2012

ਪਿਤਾ ਦੇ ਗੁੱਸੇ ਦਾ ਸ਼ਿਕਾਰ ਬਣੀ ਅਫਰੀਨ ਦੀ ਮੌਤ

ਬੈਂਗਲੌਰ : ਇੱਥੇ ਹਸਪਤਾਲ 'ਚ ਭਰਤੀ ਤਿੰਨ ਮਹੀਨੇ ਦੀ ਬੱਚੀ ਅਫਰੀਨ ਦੀ ਮੌਤ ਹੋ ਗਈ ਹੈ। ਵਾਣੀ ਵਿਲਾਸ ਹਸਪਤਾਲ 'ਚ ਸਵੇਰੇ 11.10 ਵਜੇ ਉਸ ਦੀ ਮੌਤ ਹੋਈ। ਇਸ ਤੋਂ ਪਹਿਲਾਂ ਅਫਰੀਨ ਨੂੰ ਸਵੇਰੇ 10.40 ਵਜੇ 'ਤੇ ਦਿੱਲ ਦਾ ਦੌਰਾ ਪਿਆ ਅਤੇ 11.10 ਵਜੇ ਉਸ ਦੀ ਮੌਤ ਹੋਈ। ਅਫਰੀਨ ਪਿੱਛਲੇ ਤਿੰਨ ਦਿਨਾਂ ਤੋਂ ਹਸਪਤਾਲ ਦੇ ਆਈ.ਸੀ.ਯੂ. ਵਾਰਡ 'ਚ ਦਾਖਲ ਸੀ।
ਯਾਦ ਰਿਹੇ ਕਿ ਅਫਰੀਨ ਦੇ ਪਿਤਾ ਨੇ ਉਸ ਨੂੰ ਸਿਗਰਟ ਨਾਲ ਦਾਗਿਆ ਸੀ। ਉਸ ਦੀ ਕਾਫੀ ਕੁਟਮਾਰ ਕੀਤੀ ਗਈ ਸੀ। ਇੱਥੋਂ ਤੱਕ ਕੇ ਉਸ ਦੇ ਪਿਤਾ ਨੇ ਉਸ ਨੂੰ ਕੰਧ 'ਚ ਦੇ ਮਾਰਿਆ ਸੀ। ਉਸ ਦਾ ਕਸੂਰ ਸਿਰਫ ਏਨਾ ਸੀ ਕਿ ਉਸ ਨੇ ਇਕ ਲੜਕੀ ਦੇ ਰੂਪ 'ਚ ਜਨਮ ਲਿਆ ਸੀ ਜਦੋਂ ਕਿ ਉਸ ਦਾ ਪਿਤਾ ਅਪਣੀ ਪਤਨੀ  ਇਕ ਬੇਟੇ ਦੀ ਆਸ ਰੱਖਦਾ ਸੀ। ਉਨ੍ਹਾਂ ਦੇ ਇਕ ਰਿਸ਼ਤੇਦਾਰ ਦੇ ਘਰ ਲੜਕਾ ਪੈਦਾ ਹੋਇਆ ਤਾਂ ਇਸੇ ਗੱਲ ਤੋਂ ਉਸ ਨੂੰ ਗੁਸਾ ਆ ਗਿਆ ਤੇ ਉਸ ਨੇ ਇਹ ਗੁਸਾ ਬੱਚੀ ਦੀ ਕੁਟਮਾਰ ਕਰਕੇ ਕੱਢਿਆ। ਕੁਟਮਾਰ ਉਪਰੰਤ ਬੱਚੀ ਦੀ ਹਾਲਤ ਬਿਗੜ ਗਈ ਸੀ ਤੇ ਉਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਸ ਦੀ ਅੱਜ ਮੌਤ ਹੋ ਗਈ।

ਔਰਤਾਂ ਨੇ ਲੜਕੇ ਨੂੰ ਅਗਵਾਹ ਕਰਕੇ ਬਣਾਈ ਅਸ਼ਲੀਲ ਫਿਲਮ

ਦੇਹਰਾਦੂਨ : ਤੁਸੀਂ ਮੰਨੋ ਜਾਂ ਨਾ ਮੰਨੋ ਪਰ ਸੱਚ ਹੈ ਕਿ ਉਤਰਾਖੰਡ ਦੀ ਰਾਜਧਾਨੀ ਦੇਹਰਾਦੂਨ 'ਚ ਇਕ ਲੜਕੇ ਨੂੰ ਅਗਵਾਹ ਕਰਕੇ ਲੜਕੀਆਂ ਨੇ ਅਸ਼ਲੀਲ ਫਿਲਮ ਬਣਾਈ। ਇਹ ਹੈਰਾਨ ਤੇ ਨਾਵਿਸਵਾਸ਼ ਕਰਨਯੋਗ ਘਟਨਾ ਸਦਰ ਥਾਣੇ ਦੇ ਹਿੰਦੂ ਨੈਸ਼ਨਲ ਕਾਲਜ ਗੇ ਨੇੜਿਓਂ ਨੌਜਵਾਨ ਨੂੰ ਕੁਝ ਔਰਤਾਂ ਨੇ ਅਗਵਾਹ ਕਰ ਲਿਆ। ਨੌਜਵਾਨ ਦਾ ਦੋਸ਼ ਹੈ ਕਿ ਔਰਤਾਂ ਨੇ ਪਹਿਲਾਂ ਉਸ ਨਾਲ ਯੌਨ ਸ਼ੋਸ਼ਣ ਕੀਤਾ ਅਤੇ ਫਿਰ ਅਸ਼ਲੀਲ ਫਿਲਮ ਬਣਾਈ ਨਾਲ ਹੀ ਮੂੰਹ ਖੋਲਣ 'ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਦੇਹਰਾਦੂਨ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੁਲਿਸ ਅਨੁਸਾਰ ਮੰਗਲਵਾਰ ਨੂੰ ਸ਼ਿਕਾਇਤਕਰਤਾ ਥਾਣੇ 'ਚ ਦਰਜ ਕਰਾਈ ਅਪਣੀ ਰਿਪੋਰਟ 'ਚ ਦੋਸ਼ ਲਾਇਆ ਕਿ ਸੋਮਵਾਰ ਨੂੰ ਹਿੰਦੂ ਨੈਸ਼ਨਲ ਕਾਲਜ ਦੇ ਨੇੜਿਓਂ ਕੁਝ ਔਰਤਾਂ ਨੇ ਪਤਾ ਪੁੱਛਣ ਦੇ ਬਹਾਨੇ ਚਿਹਰੇ 'ਤੇ ਸਪਰੇ ਕਰਕੇ ਉਸ ਨੂੰ ਬੇਹੋਸ਼ ਕਰ ਦਿੱਤਾ। ਜਦੋਂ ਹੋਸ਼ ਆਇਆ ਤਾਂ ਨੌਜਵਾਨ ਨੇ ਖੁਦ ਨੂੰ ਇਕ ਮਰਾਨ 'ਚ ਪਾਇਆ।
ਨੌਜਵਾਨ ਅਨੁਸਾਰ ਪਹਿਲਾਂ ਔਰਤਾਂ ਨੇ ਉਸ ਯੋਨ ਸ਼ੋਸ਼ਣ ਕੀਤਾ ਅਤੇ ਅਸ਼ਲੀਲ ਫਿਲਮ ਵੀ ਬਣਾਈ। ਇਸ ਤੋਂ ਬਾਅਦ ਨੌਜਵਾਨ ਨੂੰ ਬਸ ਅੱਡੇ ਦੇ ਨੇੜੇ ਛੱਡ ਦਿੱਤਾ। ਛੱਡ ਤੋਂ ਪਹਿਲਾਂ ਧਮਕੀ ਦਿੱਤੀ ਕਿ ਜੇ ਉਸ ਨੇ ਇਸ ਸਬੰਧੀ ਕਿਸੇ ਨੂੰ ਦੱਸਿਆ ਤਾਂ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਪੁਲਸ ਮਾਮਲੇ ਦੀ ਜਾਂਚ ਲੱਗੀ ਹੋਈ ਹੈ ਅਤੇ ਨੌਜਵਾਨ ਦਾ ਮੈਡੀਕਲ ਵੀ ਕਰਵਾਇਆ ਜਾ ਰਿਹੈ ਹੈ।
21 ਵਿਧਾਇਕਾਂ ਨੇ ਮੁੱਖ ਸੰਸਦੀ ਸਕੱਤਰਾਂ ਵਜੋਂ ਸਹੁੰ ਚੁੱਕੀ
ਇਤਿਹਾਸਕ ਸਥਾਨ ਚੱਪੜਚਿੜੀ ਵਿਖੇ ਹੋਇਆ ਸ਼ਾਨਦਾਰ ਸਮਾਗਮ
ਅਜੀਤਗੜ੍ਹ, 11 ਅਪ੍ਰੈਲ -ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇਤਿਹਾਸਕ ਸਥਾਨ ਚੱਪੜਚਿੜੀ, ਜਿੱਥੇ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਜੰਗੀ ਯਾਦਗਾਰ ਸਥਿਤ ਹੈ , ਆਯੋਜਿਤ ਕੀਤੇ ਗਏ ਸ਼ਾਨਦਾਰ ਸਮਾਗਮ ਦੌਰਾਨ 21 ਵਿਧਾਇਕਾਂ ਨੂੰ ਪੰਜਾਬ ਦੇ ਮੁੱਖ ਸੰਸਦੀ ਸਕੱਤਰਾਂ ਵਜੋਂ ਅਹੁਦਾ ਤੇ ਸਰਕਾਰੀ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ । ਅੱਜ ਸਹੁੰ ਚੁੱਕਣ ਵਾਲੇ 21 ਮੁੱਖ ਸੰਸਦੀ ਸਕੱਤਰਾਂ ਵਿੱਚੋਂ 17 ਵਿਧਾਨਕਾਰ ਅਕਾਲੀ ਦਲ ਨਾਲ ਸੰਬੰਧਿਤ ਹਨ ਅਤੇ 4 ਭਾਰਤੀ ਜਨਤਾ ਪਾਰਟੀ ਦੇ ਵਿਧਾਨਕਾਰ ਹਨ। ਮੁੱਖ ਸੰਸਦੀ ਸਕੱਤਰਾਂ ਦਾ ਸਹੁੰ ਚੁੱਕ ਸਮਾਗਮ ਬਹੁਤ ਹੀ ਪ੍ਰਭਾਵਸ਼ਾਲੀ ਰਿਹਾ। ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਦੇ ਵਿਧਾਨਕਾਰ ਬਲਬੀਰ ਸਿੰਘ ਘੁੰਨਸ, ਚੌਧਰੀ ਨੰਦ ਲਾਲ, ਸੋਹਣ ਸਿੰਘ ਠੰਡਲ, ਦੇਸ ਰਾਜ ਧੁੱਗਾ, ਮਨਤਾਰ ਸਿੰਘ ਬਰਾੜ, ਹਰਮੀਤ ਸਿੰਘ ਸੰਧੂ, ਸ੍ਰੀਮਤੀ ਮਹਿੰਦਰ ਕੌਰ ਜੋਸ਼, ਅਵਿਨਾਸ਼ ਚੰਦਰ, ਇੰਦਰਬੀਰ ਸਿੰਘ ਬਲਾਰੀਆ, ਗੁਰਬਚਨ ਸਿੰਘ ਬੱਬੇਹਾਲੀ, ਵਿਰਸਾ ਸਿੰਘ ਵਲਟੋਹਾ, ਅਮਰਪਾਲ ਸਿੰਘ ਬੋਨੀ, ਪਵਨ ਕੁਮਾਰ ਟੀਨੂੰ, ਪ੍ਰਕਾਸ਼ ਚੰਦ ਗਰਗ, ਸਰੂਪ ਸਿੰਗਲਾ, ਐਨ. ਕੇ. ਸ਼ਰਮਾ, ਸ੍ਰੀਮਤੀ ਨਿਸਾਰਾ ਖਤੂਨ ਅਤੇ ਕੇ. ਡੀ. ਭੰਡਾਰੀ, ਅਮਰਦੀਪ ਸਿੰਘ ਸ਼ਾਹੀ, ਸੋਮ ਪ੍ਰਕਾਸ਼, ਸ੍ਰੀਮਤੀ ਨਵਜੋਤ ਕੌਰ ਸਿੱਧੂ (ਚਾਰੇ ਭਾਰਤੀ ਜਨਤਾ ਪਾਰਟੀ ਦੇ ਵਿਧਾਨਕਾਰ) ਨੂੰ ਮੁੱਖ ਸੰਸਦੀ ਸਕੱਤਰ ਵਜੋਂ ਸਹੁੰ ਚੁਕਾਈ। ਸਮਾਗਮ ਦੀ ਕਾਰਵਾਈ ਪੰਜਾਬ ਦੇ ਮੁੱਖ ਸਕੱਤਰ ਰਾਕੇਸ਼ ਸਿੰਘ ਵੱਲੋਂ ਚਲਾਈ ਗਈ।



ਚੱਪੜਚਿੜੀ ਵਿਖੇ ਸਰੂਪ ਚੰਦ ਸਿੰਗਲਾ, ਪਵਨ ਕੁਮਾਰ ਟੀਨੂੰ, ਪ੍ਰਕਾਸ਼ ਚੰਦ ਗਰਗ, ਸੋਮ ਪ੍ਰਕਾਸ਼, ਡਾ: ਨਵਜੋਤ ਕੌਰ ਸਿੱਧੂ, ਨਿਸਾਰਾ ਖਾਤੂਨ। (2) ਅਵਿਨਾਸ਼ ਚੰਦਰ, ਅਮਰਪਾਲ ਸਿੰਘ ਬੋਨੀ, ਅਮਰਜੀਤ ਸਿੰਘ ਸ਼ਾਹੀ, ਮਨਤਾਰ ਸਿੰਘ ਬਰਾੜ, ਮਹਿੰਦਰ ਕੌਰ ਜੋਸ਼। (3) ਹਰਮੀਤ ਸਿੰਘ ਸੰਧੂ, ਦੇਸ ਰਾਜ ਧੁੱਗਾ, ਸੰਤ ਬਲਵੀਰ ਸਿੰਘ ਘੁੰਨਸ, ਚੌਧਰੀ ਨੰਦ ਲਾਲ ਅਤੇ ਸੋਹਣ ਸਿੰਘ ਠੰਡਲ ਨੂੰ ਸਹੁੰ ਚੁਕਾਉਂਦੇ ਹੋਏ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ।
 ਸਹੁੰ ਚੁੱਕ ਸਮਾਗਮ ਵਿੱਚ ਉੱਪ ਮੁੱਖ ਮੰਤਰੀ ਪੰਜਾਬ ਸ: ਸੁਖਬੀਰ ਸਿੰਘ ਬਾਦਲ, ਭਗਤ ਚੂੰਨੀ ਲਾਲ, ਆਦੇਸ਼ ਪ੍ਰਤਾਪ ਸਿੰਘ ਕੈਰੋਂ, ਮਦਨ ਮੋਹਨ ਮਿੱਤਲ, ਪਰਮਿੰਦਰ ਸਿੰਘ ਢੀਂਡਸਾ, ਜਥੇਦਾਰ ਤੋਤਾ ਸਿੰਘ, ਸੁਰਜੀਤ ਕੁਮਾਰ ਜਿਆਨੀ, ਬਿਕਰਮ ਸਿੰਘ ਮਜੀਠੀਆ, ਸਿਕੰਦਰ ਸਿੰਘ ਮਲੂਕਾ, ਅਨਿਲ ਜੋਸ਼ੀ ਅਤੇ ਸ਼ਰਨਜੀਤ ਸਿੰਘ ਢਿੱਲੋਂ (ਸਾਰੇ ਕੈਬਿਨਟ ਮੰਤਰੀ), ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ, ਮੈਂਬਰ ਲੋਕ ਸਭਾ ਅੰਮ੍ਰਿਤਸਰ ਨਵਜੋਤ ਸਿੰਘ ਸਿੱਧੂ, ਮੈਂਬਰ ਲੋਕ ਸਭਾ ਡਾ: ਰਤਨ ਸਿੰਘ ਅਜਨਾਲਾ, ਸਕੱਤਰ ਸ਼੍ਰੋਮਣੀ ਅਕਾਲੀ ਅਤੇ ਵਿਧਾਇਕ ਰੋਪੜ ਡਾ: ਦਲਜੀਤ ਸਿੰਘ ਚੀਮਾ, ਮਨੋਰੰਜਨ ਕਾਲੀਆ ਵਿਧਾਇਕ, ਸ੍ਰੀਮਤੀ ਵਨਿੰਦਰ ਕੌਰ ਲੂੰਬਾ ਵਿਧਾਇਕ ਸ਼ੁਤਰਾਣਾ, ਸਾਬਕਾ ਡੀ. ਜੀ. ਪੀ. ਪੀ. ਐਸ. ਗਿੱਲ, ਪਨਸੀਡ ਦੇ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਪੱਛੜੀ ਸ਼੍ਰੇਣੀਆਂ ਕਮਿਸ਼ਨ ਪੰਜਾਬ ਦੇ ਵਾਇਸ ਚੇਅਰਮੈਨ ਹਰਜੀਤ ਸਿੰਘ ਅਦਾਲਤੀਵਾਲਾ, ਪ੍ਰਧਾਨ ਭਾਰਤੀ ਜਨਤਾ ਪਾਰਟੀ ਪੰਜਾਬ ਅਸ਼ਵਨੀ ਸ਼ਰਮਾ, ਪਰਮਿੰਦਰ ਸਿੰਘ ਸੋਹਾਣਾ ਡਾਇਰੈਕਟਰ ਲੇਬਰਫੈੱਡ, ਜਤਿੰਦਰ ਸਿੰਘ ਲਾਲੀ ਬਾਜਵਾ, ਰਣਜੀਤ ਸਿੰਘ ਰਾਣਾ, ਹਰਦੇਵ ਸਿੰਘ ਕੌਂਸਲਰ, ਰਾਣਾ ਰਣਵੀਰ ਸਿੰਘ, ਸੀਨੀਅਰ ਯੂਥ ਆਗੂ ਅਸ਼ਵਨੀ ਸੰਭਾਲਕੀ, ਪਰਮਜੀਤ ਸਿੰਘ ਕਾਹਲੋਂ, ਗੁਰਮੁੱਖ ਸਿੰਘ ਸੋਹਲ, ਪ੍ਰਭਦੀਪ ਲਾਡਾ ਚੇਤਨਪੁਰਾ, ਸਰਪ੍ਰੀਤ ਚੇਤਨਪੁਰਾ, ਅਮਰਦੀਪ ਲਾਲੀ ਮਜੀਠਾ, ਮਹਾਂਵੀਰ ਸੰਤੂ ਨੰਗਲ, ਜਸਪਿੰਦਰ ਸਿੰਘ ਲਾਲੀ, ਹਰਮਨਪ੍ਰੀਤ ਸਿੰਘ ਪ੍ਰਿੰਸ, ਮਨਜੀਤ ਸਿੰਘ ਮੁਧੋ ਚੇਅਰਮੈਨ ਕੋਆਪ੍ਰੇਟਿਵ ਬੈਂਕ, ਸੁਖਵਿੰਦਰ ਸਿੰਘ ਗੋਲਡੀ ਪ੍ਰਧਾਨ ਜ਼ਿਲ੍ਹਾ ਭਾਜਪਾ, ਜਸਵੀਰ ਸਿੰਘ ਜੱਸਾ, ਮੰਨਾ ਸੰਧੂ, ਅਮਰਿੰਦਰ ਸਿੰਘ ਲਵਲੀ, ਰਾਏਦੀਪ ਸਿੰਘ ਰਾਜੀ, ਫੂਲਰਾਜ ਸਿੰਘ, ਸੁਖਮੰਦਰ ਸਿੰਘ ਬਰਨਾਲਾ, ਰਾਜਾ ਕੰਵਰਜੋਤ ਸਿੰਘ, ਆਰ. ਪੀ. ਸ਼ਰਮਾ ਕੌਂਸਲਰ, ਬਲਜੀਤ ਸਿੰਘ ਕੁੰਭੜਾ, ਗੁਰਮੁੱਖ ਸਿੰਘ ਸਰਪੰਚ, ਇਸ਼ਪ੍ਰੀਤ ਸਿੰਘ ਵਿੱਕੀ ਸੁਧਾਰ, ਨਵਦੀਪ ਸਿੰਘ ਮੰਡੀਆਂ, ਰਣਜੀਤ ਸਿੰਘ ਬਰਾੜ ਮਿਰਜੇ ਕੇ ਵਾਲਾ, ਗੁਰਜੀਤ ਸਿੰਘ ਮੱਲ੍ਹੀ, ਬਹਾਲ ਸਿੰਘ ਗਿੱਲ, ਸਤਵੰਤ ਕੌਰ ਜੌਹਲ, ਸੁਰਿੰਦਰਜੀਤ ਸਿੰਘ ਭੋਗਲ, ਸਤਪਾਲ ਸ਼ਰਮਾ, ਚੇਅਰਮੈਨ ਅਸ਼ੋਕ ਕੁਮਾਰ ਮੰਨਣ, ਪ੍ਰਧਾਨ ਬਚਿੱਤਰ ਸਿੰਘ ਕੋਟਲੀ, ਮਨਿੰਦਰ ਸਿੰਘ ਬਿੱਟੂ ਔਲਖ, ਕ੍ਰਿਸ਼ਨ ਲਾਲ ਸ਼ਰਮਾ, ਮੈਂਬਰ ਐਸ. ਜੀ. ਪੀ. ਸੀ. ਬੀਬੀ ਪਰਮਜੀਤ ਕੌਰ ਤੋਂ ਇਲਾਵਾ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਤੇ ਵਰਕਰ ਅਤੇ ਨਵੇਂ ਬਣੇ ਮੁੱਖ ਸੰਸਦੀ ਸਕੱਤਰਾਂ ਦੇ ਪਰਿਵਾਰਾਂ ਦੇ ਮੈਂਬਰ ਵੀ ਵੱਡੀ ਗਿਣਤੀ ਵਿੱਚ ਮੌਜੂਦ ਸਨ।
 
ਵਿਗੜੇ ਮੌਸਮ ਨੇ ਕਿਸਾਨਾਂ ਦੇ ਸਾਹ ਸੂਤੇ ਕਈ ਥਾਈਂ
ਕਿਣਮਿਣ ਤੇ ਹਨੇਰੀ ਚੱਲੀ
ਜਲੰਧਰ, 11 ਅਪ੍ਰੈਲ -ਹੁਣ ਜਦ ਖੇਤਾਂ 'ਚ ਖੜ੍ਹੀ ਸੁਨਹਿਰੀ ਹੋਈ ਕਣਕ ਦੀ ਫਸਲ ਦੀ ਵਾਢੀ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਵਾਰ ਮੌਸਮ ਵੀ ਅਨੁਕੂਲ ਰਹਿਣ ਕਾਰਨ ਕਿਸਾਨਾਂ ਨੂੰ ਝਾੜ ਵਧਣ ਦੀ ਆਸ ਹੈ ਤਾਂ ਅਜਿਹੇ ਸਮੇਂ ਮੌਸਮ ਦੀ ਕਰਵਟ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ। ਅੱਜ ਸਵੇਰ ਤੋਂ ਰੁਕ-ਰੁਕ ਕੇ ਹੋਈ ਕਿਣਮਿਣ ਨੇ ਕਿਸਾਨਾਂ ਦੇ ਮੱਥੇ 'ਤੇ ਮੌਸਮ ਨੂੰ ਲੈ ਕੇ ਚਿੰਤਾ ਦੀਆਂ ਲਕੀਰਾਂ ਨੂੰ ਗੂੜ੍ਹਾ ਕਰ ਦਿੱਤਾ ਹੈ। ਅੱਜ ਜਿੱਥੇ ਪੰਜਾਬ ਦੇ ਕੁਝ ਹਿੱਸਿਆਂ 'ਚ ਮੀਂਹ ਪੈਣ ਅਤੇ ਸਾਰਾ ਦਿਨ ਬੱਦਲਵਾਈ ਰਹਿਣ ਦੀ ਖਬਰ ਹੈ ਉਥੇ ਦਿੱਲੀ 'ਚ ਧੂੜ ਭਰੀ ਹਨੇਰੀ ਚੱਲਣ ਕਾਰਨ ਇਕ ਤਰ੍ਹਾਂ ਨਾਲ ਦਿਨ 'ਚ ਹੀ ਹਨ੍ਹੇਰਾ ਛਾ ਗਿਆ।
ਇਸੇ ਦੌਰਾਨ ਮੌਸਮ ਵਿਭਾਗ ਵਲੋਂ ਪੰਜਾਬ 'ਚ ਵੀ ਮੀਂਹ ਦੇ ਨਾਲ ਤੇਜ਼ ਹਨੇਰੀ ਚੱਲਣ ਦੀ ਚਿਤਾਵਨੀ ਦਿੱਤੀ ਗਈ ਹੈ। ਹਾਲਾਂ ਕਿ ਖੇਤੀਬਾੜੀ ਮਾਹਿਰਾਂ ਨੇ ਅੱਜ ਹੋਈ ਕਿਣਮਿਣ ਨੂੰ ਕਣਕ ਦੀ ਖੜ੍ਹੀ ਫਸਲ ਲਈ ਲਾਹੇਵੰਦ ਦੱਸਦਿਆਂ ਕਿਹਾ ਹੈ ਕਿ ਇਸ ਵਾਰ ਸਰਦੀ ਕੁੱਝ ਲੰਮਾ ਸਮਾਂ ਰਹਿਣ ਕਾਰਨ ਦੁਆਬਾ ਖੇਤਰ 'ਚ ਕਣਕ ਦੀ ਫਸਲ ਅਜੇ ਪੂਰੀ ਤਰ੍ਹਾਂ ਨਹੀਂ ਪੱਕੀ ਹੈ ਤੇ ਉਸ ਨੂੰ ਅਜੇ ਪਾਣੀ ਦੀ ਲੋੜ ਹੈ, ਪਰ ਨਾਲ ਹੀ ਉਨ੍ਹਾਂ ਕਿਹਾ ਕਿ ਤੇਜ਼ ਹਨ੍ਹੇਰੀ ਫਸਲ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਮੌਸਮ ਅਨੁਕੂਲ ਰਹਿਣ ਕਾਰਨ ਇਸ ਵਾਰ 60 ਕੁਇੰਟਲ ਪ੍ਰਤੀ ਹੈਕਟੇਅਰ ਕਣਕ ਦਾ ਝਾੜ ਵਧਣ ਦੀ ਸੰਭਾਵਨਾ ਹੈ। ਜਲੰਧਰ 'ਚ ਸਵੇਰ ਤੋਂ ਹੀ ਬੱਦਲਵਾਈ ਬਣੀ ਸੀ ਤੇ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਦੇ ਵਿਚਕਾਰ ਅਤੇ ਸ਼ਾਮੀਂ 5 ਵਜੇ ਤੋਂ ਲੈ ਕੇ ਰਾਤ ਤੱਕ ਰੁਕ-ਰੁਕ ਕੇ ਬੂੰਦਾ-ਬਾਂਦੀ ਹੋਈ। ਜਿਸ ਨਾਲ ਮੰਡੀਆਂ 'ਚ ਕਣਕ ਲੈ ਕੇ ਆਏ ਕਿਸਾਨਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਤੇ ਉਹ ਫਸਲ ਨੂੰ ਸੰਭਾਲਦੇ ਹੋਏ ਅਤੇ ਕੁਦਰਤ ਅੱਗੇ ਅਰਜ਼ੋਈ ਕਰਦੇ ਨਜ਼ਰੀਂ ਆਏ। ਇਸੇ ਦੌਰਾਨ ਅੰਮ੍ਰਿਤਸਰ ਦੇ ਕਸਬਾ ਬਿਆਸ ਵਿਚ ਬਾਰਿਸ਼ ਤੇ ਨਾਲ-ਨਾਲ ਗੜੇਮਾਰੀ ਹੋਣ ਦੀ ਵੀ ਖ਼ਬਰ ਹੈ।
 
ਵਿਸਾਖੀ ਪੁਰਬ ਮਨਾਉਣ ਗਏ ਸਿੱਖ ਸ਼ਰਧਾਲੂਆਂ ਦੇ
ਜਥੇ ਦਾ ਪਾਕਿ ਪੁੱਜਣ 'ਤੇ ਨਿੱਘਾ ਸਵਾਗਤ

ਅੰਮ੍ਰਿਤਸਰ/ਅਟਾਰੀ, 11 ਅਪ੍ਰੈਲ-ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਵਿਸਾਖੀ ਪੁਰਬ ਮਨਾਉਣ ਅਤੇ ਗੁਰਧਾਮਾਂ ਦੇ ਦਰਸ਼ਨ ਦੀਦਾਰ ਕਰਨ ਲਈ ਅੱਜ ਭਾਰਤ 'ਤੋਂ ਸ਼੍ਰੋਮਣੀ ਕਮੇਟੀ ਮੈਂਬਰਾਂ ਮਾਸਟਰ ਅਮਰੀਕ ਸਿੰਘ ਅਤੇ ਅਮਰਜੀਤ ਸਿੰਘ ਭਲਾਈਪੁਰ ਦੀ ਅਗਵਾਈ ਹੇਠ 2162 ਸਿੱਖ ਸ਼ਰਧਾਲੂਆਂ ਦਾ ਜਥਾ ਰੇਲਵੇ ਸਟੇਸ਼ਨ ਅਟਾਰੀ ਤੋਂ 2 ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਪਾਕਿਸਤਾਨ ਲਈ ਰਵਾਨਾ ਹੋਇਆ। ਭਾਰਤੀ ਸਿੱਖ ਜਥੇ ਦਾ ਵਾਹਘਾ ਰੇਲਵੇ ਸਟੇਸ਼ਨ ਵਿਖੇ ਪਹੁੰਚਣ 'ਤੇ ਪਾਕਿ ਔਕਾਫ਼ ਬੋਰਡ ਦੇ ਵਧੀਕ ਸਕੱਤਰ ਬੁਖਾਰੀ, ਉੱਪ ਸਕੱਤਰ ਫ਼ਰਾਜ਼ ਅਬਾਸ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼ਾਮ ਸਿੰਘ, ਡਿਪਟੀ ਕਮਿਸ਼ਨਰ ਲਾਹੌਰ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਪਾਕਿਸਤਾਨ ਲਈ ਰਵਾਨਾ ਹੋਏ ਸਿੱਖ ਸ਼ਰਧਾਲੂਆਂ 'ਚ ਸ਼੍ਰੋਮਣੀ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਵਿਸ਼ਵ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ, ਖਾਲੜਾ ਮਿਸ਼ਨ ਕਮੇਟੀ, ਕਾਰ ਸੇਵਾ ਸੰਪ੍ਰਦਾ ਖਡੂਰ ਸਾਹਿਬ ਤੋਂ ਇਲਾਵਾ ਵੱਖ-ਵੱਖ ਸੰਗਠਨਾਂ ਦੇ ਸ਼ਰਧਾਲੂ ਸ਼ਾਮਿਲ ਸਨ। ਪਾਕਿਸਤਾਨ ਲਈ ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਸਟਰ ਅਮਰੀਕ ਸਿੰਘ ਤੇ ਜਥੇਦਾਰ ਅਮਰਜੀਤ ਸਿੰਘ ਭਲਾਈਪੁਰ ਨੇ ਦੱਸਿਆ ਕਿ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ (ਹਸਨ ਅਬਦਾਲ) ਵਿਖੇ 13 ਅਪ੍ਰੈਲ ਨੂੰ ਵਿਸਾਖੀ ਪੁਰਬ ਮਨਾਉਣ ਲਈ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਿੱਖ ਜਥਾ ਅੱਜ ਲਾਹੌਰ ਰਸਤੇ ਹੁੰਦਾ ਹੋਇਆ 11 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਪੰਜਾ ਸਾਹਿਬ (ਹਸਨ ਅਬਦਾਲ) ਵਿਖੇ ਪਹੁੰਚੇਗਾ। 13 ਅਪ੍ਰੈਲ ਨੂੰ ਵਿਸਾਖੀ ਪੁਰਬ ਮਨਾਉਣ ਉਪਰੰਤ ਜਥਾ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਲਈ ਰਵਾਨਾ ਹੋਵੇਗਾ।
 ਸ੍ਰੀ ਨਨਕਾਣਾ ਸਾਹਿਬ ਪਹੁੰਚਣ ਉਪਰੰਤ 15 ਅਪ੍ਰੈਲ ਨੂੰ ਸ਼ਰਧਾਲੂ ਗੁਰਦੁਆਰਾ ਸੱਚਾ ਸੌਦਾ ਮੰਡੀ ਚੂਹੜਕਾਣਾ ਸ਼ੇਖ਼ੂਪੁਰਾ ਦੇ ਦਰਸ਼ਨਾਂ ਲਈ ਜਾਣਗੇ ਅਤੇ ਉਸੇ ਦਿਨ ਸ਼ਾਮ ਨੂੰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਾਪਸ ਆ ਜਾਣਗੇ। 16 ਅਪ੍ਰੈਲ ਨੂੰ ਜਥਾ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਪਹੁੰਚੇਗਾ ਅਤੇ 17 ਅਪ੍ਰੈਲ ਨੂੰ ਗੁਰਦੁਆਰਾ ਰੌੜੀ ਸਾਹਿਬ ਐਮਨਾਬਾਦ ਦੇ ਦਰਸ਼ਨ ਕਰਨ ਜਾਵੇਗਾ ਤੇ 19 ਅਪ੍ਰੈਲ ਨੂੰ ਸਿੱਖ ਸ਼ਰਧਾਲੂ ਵਤਨ ਪਰਤ ਆਉਣਗੇ। ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਦੇ ਸ਼ਰਧਾਲੂਆਂ ਨੂੰ ਵਿਦਾਇਗੀ ਦੇਣ ਲਈ ਪਹੁੰਚੇ ਪ੍ਰਧਾਨ ਸ੍ਰੀ ਹਰਪਾਲ ਸਿੰਘ ਭੁੱਲਰ ਨੇ ਦੱਸਿਆ ਕਿ ਸੁਸਾਇਟੀ ਵਲੋਂ ਜਥੇ ਦੇ ਆਗੂ ਤਰਲੋਕ ਸਿੰਘ ਨਿੱਝਰ ਅਤੇ ਪੂਰਨ ਸਿੰਘ ਜੋਸਨ 13 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਵਿਸਾਖੀ ਪੁਰਬ ਮੌਕੇ ਹੋਣ ਵਾਲੇ ਸਮਾਗਮ 'ਚ ਸ਼ਾਮਿਲ ਹੋਣ ਵਾਲੇ ਪਾਕਿ ਆਗੂਆਂ ਨੂੰ ਯਾਦ ਪੱਤਰ ਦੇਣਗੇ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਤੇ ਵਿਸਾਖੀ ਪੁਰਬ ਮੌਕੇ ਭਾਰਤ ਤੋਂ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਵੀਜ਼ੇ ਘੱਟ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ 'ਤੋਂ ਮੰਗ ਕੀਤੀ ਜਾਵੇਗੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਅਤੇ ਵਿਸਾਖੀ ਪੁਰਬ ਮੌਕੇ ਭਾਰਤ ਤੋਂ ਪਾਕਿਸਤਾਨ ਜਾਣ ਲਈ 10,000, ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਲਈ 5,000 ਅਤੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ 3,000 ਸਿੱਖ ਤੀਰਥ ਯਾਤਰੀਆਂ ਨੂੰ ਵੀਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਤੇ ਔਕਾਫ਼ ਬੋਰਡ ਦੇ ਚੇਅਰਮੈਨ ਨੂੰ ਯਾਦ ਪੱਤਰ ਦਿੱਤੇ ਜਾਣਗੇ। ਉਪਰੋਕਤ ਮੈਮੋਰੰਡਮ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਤੇ ਔਕਾਫ਼ ਬੋਰਡ ਦੇ ਚੇਅਰਮੈਨ ਨੂੰ ਵੀ ਸਮਾਗਮ ਦੌਰਾਨ ਭੇਜਿਆ ਜਾਵੇਗਾ। ਕਾਰ ਸੇਵਾ ਸੰਪਰਦਾ ਖਡੂਰ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸੇਵਾ ਸਿੰਘ ਵੱਲੋਂ ਸੇਵਾਦਾਰ ਬਲਬੀਰ ਸਿੰਘ ਰਾਹੀਂ ਗੁਰਦੁਆਰਾ ਨਨਕਾਣਾ ਸਾਹਿਬ ਲਈ ਪੱਥਰ ਦੀ ਪਾਲਕੀ ਅਟਾਰੀ ਵਾਹਘਾ ਸਰਹੱਦ ਰਸਤੇ ਭੇਜੀ ਗਈ।

ਲੱਖੋਵਾਲ ਭਾਰਤੀ ਕਿਸਾਨ ਯੂਨੀਅਨ ਦੇ ਮੁੜ ਪ੍ਰਧਾਨ ਬਣੇ

ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਮੁੜ ਪ੍ਰਧਾਨ ਬਣੇ ਸ: ਅਜਮੇਰ ਸਿੰਘ ਲੱਖੋਵਾਲ ਨੂੰ ਸਿਰੋਪਾਓ ਦੇਣ ਸਮੇਂ ਅਹੁਦੇਦਾਰ।
ਡੇਹਲੋਂ/ਆਲਮਗੀਰ, 11 ਅਪ੍ਰੈਲ -ਭਾਰਤੀ ਕਿਸਾਨ ਯੂਨੀਅਨ ਪੰਜਾਬ (ਲੱਖੋਵਾਲ) ਦੀ ਚੋਣ ਲਈ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਪੰਜਾਬ ਭਰ ਦੇ ਡੈਲੀਗੇਟਾਂ ਦੀ ਮੀਟਿੰਗ ਸ: ਬਲਦੇਵ ਸਿੰਘ ਗੁੰਮਟਾਲਾ ਦੀ ਪ੍ਰਧਾਨਗੀ ਹੇਠ ਹੋਈ। ਜਦੋਂ ਕਿ ਸਟੇਜ ਸਕੱਤਰ ਸ: ਸੰਚਾਲਨ ਸ: ਪੂਰਨ ਸਿੰਘ ਸ਼ਾਹਕੋਟ ਅਤੇ ਸ: ਭੁਪਿੰਦਰ ਸਿੰਘ ਮਹੇਸ਼ਰੀ ਨੇ ਕੀਤੇ। ਪੰਜਾਬ ਭਰ ਤੋਂ ਆਏ ਕੋਈ 800 ਡੈਲੀਗੇਟਾਂ ਨੇ ਜੈਕਾਰਿਆਂ ਦੀ ਗੂੰਜ 'ਚ ਅਗਲੇ ਪੰਜ ਲਈ ਭਾਰਤੀ ਕਿਸਾਨ ਯੂਨੀਅਨ ਦਾ ਪ੍ਰਧਾਨ ਸ: ਅਜਮੇਰ ਸਿੰਘ ਲੱਖੋਵਾਲ ਨੂੰ ਸਰਬਸੰਮਤੀ ਨਾਲ ਚੁਣ ਲਿਆ। ਪ੍ਰਧਾਨਗੀ ਅਹੁਦੇ ਲਈ ਹੋਈ ਚੋਣ ਦੌਰਾਨ ਸ: ਅਵਤਾਰ ਸਿੰਘ ਮੇਹਲੋ ਅਤੇ ਸ: ਪਵਿੱਤਰ ਸਿੰਘ ਮਾਂਗੇਵਾਲ ਨੇ ਸ: ਲੱਖੋਵਾਲ ਦੇ ਨਾਂਅ ਦੀ ਪੇਸ਼ਕਸ਼ ਕੀਤੀ ਜਦੋਂ ਕਿ ਸ: ਮਹਿੰਦਰ ਸਿੰਘ ਲੱਖੇਵਾਲੀ ਨੇ ਨਾਂਅ ਦੀ ਪ੍ਰੋੜਤਾ ਕੀਤੀ। ਜਿਸ ਬਾਅਦ ਚੋਣ ਇਜਲਾਜ 'ਚ ਹਾਜ਼ਰ ਸਾਰੇ ਡੈਲੀਗੇਟਾਂ ਨੇ ਹੱਥ ਖੜ੍ਹੇ ਕਰਕੇ ਸ: ਅਜਮੇਰ ਸਿੰਘ ਲੱਖੋਵਾਲ ਨੂੰ ਭਵਿੱਖ 'ਚ ਹਰ ਤਰ੍ਹਾਂ ਦਾ ਸਾਥ ਦੇਣ ਦਾ ਭਰੋਸਾ ਦੁਆਇਆ ਅਤੇ ਯੂਨੀਅਨ ਦੇ ਬਾਕੀ ਅਹੁਦੇਦਾਰਾਂ ਦੀ ਚੋਣ ਦੇ ਸਾਰੇ ਅਧਿਕਾਰ ਵੀ ਸ: ਲੱਖੋਵਾਲ ਨੂੰ ਦੇ ਦਿੱਤੇ। ਪ੍ਰਧਾਨ ਚੁਣੇ ਜਾਣ ਬਾਅਦ ਸ: ਅਜਮੇਰ ਸਿੰਘ ਲੱਖੋਵਾਲ ਨੇ ਡੈਲੀਗੇਟਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਸਾਲ ਦੇ ਅੰਤ ਤੱਕ ਭਾਰਤੀ ਕਿਸਾਨ ਯੂਨੀਅਨ ਦੀਆਂ ਇਕਾਈਆਂ ਪੰਜਾਬ ਦੇ ਸਾਰੇ ਪਿੰਡਾਂ ਅੰਦਰ ਕਾਇਮ ਕਰ ਦਿੱਤੀਆਂ ਜਾਣਗੀਆਂ ਅਤੇ ਕਿਸਾਨੀ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਕਰਵਾਉਣ ਲਈ ਆਉਣ ਵਾਲੇ ਸਮੇਂ 'ਚ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ: ਲੱਖੋਵਾਲ ਨੇ ਕਿਹਾ ਕਿ ਪੰਜਾਬ ਦੀ ਕਿਸਾਨੀ ਦੀ ਭਲਾਈ ਲਈ ਉਨ੍ਹਾਂ ਦੇ ਖੂਨ ਦਾ ਇਕ ਇਕ ਕਤਰਾ ਕਿਸਾਨੀ ਨੂੰ ਸਮਰਪਿਤ ਹੈ। ਉਨ੍ਹਾਂ ਦੱਸਿਆ ਕਿ ਡੈਲੀਗੇਟਾਂ ਦੀ ਸੂਚੀ ਅਨੁਸਾਰ ਜ਼ਿਲ੍ਹਿਆਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ ਜਦੋਂ ਕਿ ਨਿਸ਼ਾਕਮ ਸੇਵਾ ਤੇ ਕੁਰਬਾਨੀ ਵਾਲੇ ਪ੍ਰੀਵਾਰਾਂ ਨੂੰ ਚੇਤੇ ਰੱਖਿਆ ਜਾਵੇਗਾ।
ਸ: ਲੱਖੋਵਾਲ ਨੇ ਕਿਹਾ ਕਿ ਡਾ: ਸਵਾਮੀਨਾਥਨ ਅਤੇ ਸ੍ਰੀ ਹੁੱਡਾ ਅਧੀਨ ਬਣੀਆਂ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਾਉਣ, ਕਿਸਾਨਾਂ ਸਿਰ ਚੜ੍ਹੇ ਪਿਛਲੇ ਸਾਰੇ ਕਰਜ਼ੇ ਖਤਮ ਕਰਵਾਉਣ, ਪੰਜਾਬ ਦੇ ਪਾਣੀਆਂ ਦੀ ਲੁੱਟ ਬੰਦ ਕਰਾਉਣ, ਪੰਜਾਬੀ ਕਿਸਾਨਾਂ ਨੂੰ ਦੂਸਰੀਆਂ ਪੱਛੜੀਆਂ ਸ਼੍ਰੇਣੀਆਂ ਵਿਚ ਸ਼ਾਮਿਲ ਕਰਵਾਉਣ, ਕਿਸਾਨਾਂ ਨੂੰ ਫਸਲਾਂ ਦੀ ਸਿੱਧੀ ਅਦਾਇਗੀ ਦੁਆਉਣ, ਖੇਤੀ ਲਈ ਵੱਖਰਾ ਬਜਟ ਰਖਵਾਉਣ, ਨਵੀਂ ਖੇਤੀ ਨੀਤੀ ਤਿਆਰ ਕਰਵਾਉਣ ਸਮੇਤ ਕਿਸਾਨੀ ਮੰਗਾਂ ਸਬੰਧੀ ਸੰਘਰਸ਼ ਤੇਜ਼ ਕੀਤਾ ਜਾਵੇਗਾ। ਸ: ਲੱਖੋਵਾਲ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਦਾ ਧੰਨਵਾਦ ਕਰਨ ਲਈ ਜਲਦ ਹੀ ਸਾਰੇ ਜ਼ਿਲ੍ਹਿਆਂ ਦਾ ਦੌਰਾ ਕਰਨਗੇ। ਇਸ ਸਮੇਂ ਸ: ਬਲਦੇਵ ਸਿੰਘ ਗੁੰਮਟਾਲਾ, ਮਾ: ਸ਼ਮਸ਼ੇਰ ਸਿੰਘ ਘੜੂੰਆਂ, ਸ: ਗੁਰਮੀਤ ਸਿੰਘ ਮੋਲੇਵਾਲ, ਸ: ਗੁਰਜੰਟ ਸਿੰਘ ਅਬੋਹਰ, ਮਾ: ਅਜਮੇਰ ਸਿੰਘ ਗਿੱਲ, ਸ: ਸ਼ਰਨਜੀਤ ਸਿੰਘ ਮੇਹਲੋ, ਸ: ਹਰਮੀਤ ਸਿੰਘ ਕਾਦੀਆ ਤੋਂ ਇਲਾਵਾ ਸਾਰੇ ਜ਼ਿਲ੍ਹਾ ਪ੍ਰਧਾਨਾਂ, ਸਕੱਤਰਾਂ ਨੇ ਵੀ ਡੈਲਗੀੇਟਾਂ ਨੂੰ ਸੰਬੋਧਨ ਕੀਤਾ।


ਫਰੀਦਾਬਾਦ ਵਿਖੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸ੍ਰੀ ਵਾਈ.
ਐਸ. ਕੁਰੈਸ਼ੀ ਚੋਣ ਕਮਿਸ਼ਨ ਦੇ ਬ੍ਰਾਂਡ ਅੰਬੈਸਡਰ ਕਮੇਡੀਅਨ
 ਜਸਪਾਲ ਭੱਟੀ ਨੂੰ ਸਨਮਾਨਿਤ ਕਰਦੇ ਹੋਏ।
ਪਤੀ-ਪਤਨੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
ਜ਼ੀਰਕਪੁਰ- 11 ਅਪ੍ਰੈਲ -ਜ਼ੀਰਕਪੁਰ ਦੀ ਸ਼ਰਮਾ ਅਸਟੇਟ ਕਾਲੋਨੀ ਵਿੱਚ ਬੀਤੀ ਰਾਤ ਇੱਕ ਨੇਪਾਲੀ ਪਤੀ-ਪਤਨੀ ਨੇ ਗਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਮੂਲ ਰੂਪ ਵਿੱਚ ਨੇਪਾਲ ਦੀ ਰਹਿਣ ਵਾਲੀ ਸੀਤਾ (29) ਆਪਣੇ ਪਤੀ ਇੰਦਰ ਬਹਾਦੁਰ ਪੁੱਤਰ ਲਾਲ ਬਹਾਦੁਰ ਨਾਲ ਇੱਥੇ ਸ਼ਰਮਾ ਅਸਟੇਟ ਦੇ ਮਕਾਨ ਨੰਬਰ 10 ਵਿੱਚ ਰਹਿ ਰਹੀ ਸੀ। ਸੂਤਰਾਂ ਅਨੁਸਾਰ ਘਰੇਲੂ ਲੜਾਈ ਕਾਰਨ ਬੀਤੀ ਰਾਤ ਸੀਤਾ ਨੇ ਗਲ ਫਾਹਾ ਲੈ ਲਿਆ ਅਤੇ ਉਸ ਤੋਂ ਕੁਝ ਦੇਰ ਬਾਅਦ ਉਸ ਦੇ ਪਤੀ ਲਾਲ ਬਹਾਦੁਰ ਨੇ ਉਸ ਦੀ ਲਾਸ਼ ਨੂੰ ਥੱਲੇ ਉਤਾਰਿਆ ਅਤੇ ਬਾਅਦ ਵਿੱਚ ਆਪ ਵੀ ਗਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਡੇਰਾਬੱਸੀ ਰੱਖਵਾ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।
ਸਰਹੱਦ ਤੋਂ ਪਾਕਿਸਤਾਨੀ ਘੁਸਪੈਠੀਆ ਗ੍ਰਿਫ਼ਤਾਰ
ਗੁਰਦਾਸਪੁਰ- 11 ਅਪ੍ਰੈਲ-ਬਮਿਆਲ ਸੈਕਟਰ ਅਧੀਨ ਸਰਹੱਦ ਦੇ ਬਿਲਕੁਲ ਨਾਲ ਬੀ. ਐਸ. ਐਫ. ਦੀ ਜੈਤਪੁਰ ਬੀ. ਓ. ਪੀ. ਪੋਸਟ ਦੇ ਨਜ਼ਦੀਕ ਤੋਂ ਬੀਤੀ ਦਰਮਿਆਨੀ ਰਾਤ ਨੂੰ ਬੀ. ਐਸ. ਐਫ. ਦੇ ਜਵਾਨਾਂ ਵੱਲੋਂ ਪਾਕਿਸਤਾਨ ਵਾਲੇ ਪਾਸੇ ਤੋਂ ਇੱਧਰ ਘੁਸਪੈਠ ਕਰਦੇ ਇੱਕ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫ਼ਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਾਕਿਸਤਾਨ ਵਾਲੇ ਪਾਸੇ ਤੋਂ ਇੱਧਰ ਭਾਰਤ ਵੱਲ ਘੁਸਪੈਠ ਕਰਦੇ ਇਸ ਪਾਕਿਸਤਾਨੀ ਨਾਗਰਿਕ ਦੀ ਸ਼ਨਾਖਤ ਰਸ਼ਾਦ ਪੁੱਤਰ ਅਬਦੁਲ ਸਤਾਰ ਵਾਸੀ ਪੀਰਾਂਵਾਲੀ ਜ਼ਿਲ੍ਹਾ ਨਾਰੋਵਾਲ (ਪਾਕਿਸਤਾਨ) ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਉਕਤ ਪਾਕਿਸਤਾਨੀ ਘੁਸਪੈਠੀਆ ਬੀਤੀ ਦਰਮਿਆਨੀ ਰਾਤ ਨੂੰ ਬੀ. ਐਸ. ਐਫ. ਦੀ ਉਕਤ ਪੋਸਟ ਦੇ ਨਜ਼ਦੀਕ ਤੋਂ ਸਰਹੱਦ ਪਾਰ ਕਰਕੇ ਭਾਰਤ ਅੰਦਰ ਦਾਖਲ ਹੋਇਆ ਸੀ ਕਿ ਸਰਹੱਦੀ 'ਤੇ ਨਿਗਾਹ ਲਗਾਈ ਬੈਠੇ ਬੀ. ਐਸ. ਐਫ. ਦੇ ਜਵਾਨਾਂ ਵੱਲੋਂ ਉਸ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ। ਬੀ. ਐਸ. ਐਫ. ਵੱਲੋਂ ਗ੍ਰਿਫ਼ਤਾਰ ਕੀਤੇ ਗਏ ਇਸ ਨਾਗਰਿਕ ਨੂੰ ਥਾਣਾ ਨਰੋਟ ਸਿੰਘ ਜੈਮਲ ਦੇ ਹਵਾਲੇ ਕਰ ਦਿੱਤਾ ਗਿਆ ਹੈ ਜਿੱਥੇ ਉਸ ਦੇ ਖਿਲਾਫ਼ ਬਣਦੀਆਂ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ।
ਸੜਕ ਹਾਦਸੇ 'ਚ ਵਿਅਕਤੀ ਦੀ ਮੌਤ-ਪੰਜ ਜ਼ਖਮੀ

 ਰਾਹੋਂ ਮਾਛੀਵਾੜਾ ਤੇ ਸੜਕ ਹਾਦਸੇ ਦੌਰਾਨ ਨੁਕਸਾਨੀਆਂ
ਹੋਈਆਂ ਗੱਡੀਆਂ।
 ਗੰਭੀਰ ਰੂਪ ਵਿਚ ਜ਼ਖਮੀ ਜਰਨੈਲ ਸਿੰਘ ਜਿਸ ਦੀ ਬਾਅਦ 'ਚ ਮੌਤ ਹੋ ਗਈ ਅਤੇ ਜ਼ਖਮੀ ਹੋਏ ਬਾਕੀ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਜ਼ੇਰੇ ਇਲਾਜ।
ਨਵਾਂਸ਼ਹਿਰ/ਰਾਹੋਂ.- 11 ਅਪ੍ਰੈਲ-ਅੱਜ ਸਵੇਰੇ ਕਰੀਬ 8 ਵਜੇ ਸਥਾਨਕ ਮਾਛੀਵਾੜਾ ਰੋਡ ਤੇ ਸਥਿਤ ਬੀਕਾ ਪੈਟਰੋਲ ਸਟੇਸ਼ਨ ਤੋਂ ਅੱਗੇ ਇੰਡੀਕਾ ਕਾਰ ਅਤੇ ਸਕਾਰਪੀਓ ਗੱਡੀ ਦੀ ਸਿੱਧੀ ਟੱਕਰ ਹੋਣ ਕਰ ਕੇ ਕਾਰ ਸਵਾਰ ਦੀ ਮੌਤ ਹੋ ਗਈ ਜਦੋਂ ਕਿ ਕਾਰ ਵਿਚ ਸਵਾਰ ਇੱਕ ਅਣਪਛਾਤਾ 14 ਸਾਲਾ ਪ੍ਰਵਾਸੀ ਮਜ਼ਦੂਰ ਅਤੇ ਸਕਾਰਪੀਓ ਗੱਡੀ ਵਿਚ ਸਵਾਰ ਚਾਰ ਵਿਅਕਤੀ ਜ਼ਖਮੀ ਹੋ ਗਏ।
ਪੁਲਿਸ ਅਨੁਸਾਰ ਪਿੰਡ ਕੋਟ ਰਾਂਝਾ ਦਾ ਵਸਨੀਕ ਜਰਨੈਲ ਸਿੰਘ (36) ਪੁੱਤਰੀ ਸਰੀਆ ਸਿੰਘ ਆਪਣੀ ਇੰਡੀਕਾ ਕਾਰ ਨੰਬਰੀ ਡੀ.ਐਲ. 3 ਸੀ 0192 ਤੇ ਸਵਾਰ ਹੋ ਕੇ ਰਾਹੋਂ ਤੋਂ ਮਾਛੀਵਾੜਾ ਵੱਲ ਜਾ ਰਿਹਾ ਸੀ। ਜਦੋਂ ਇਹ ਕਾਰ ਸਲੂਜਾ ਫ਼ੈਕਟਰੀ ਤੋਂ ਅੱਗੇ ਨਿਕਲੀ ਤਾਂ ਸਾਹਮਣੇ ਤੋਂ ਆ ਰਹੀ ਸਕਾਰਪੀਓ ਗੱਡੀ ਨੰਬਰੀ ਯੂ.ਪੀ. 16 ਐੱਸ. 0800 ਜਿਸ ਨੂੰ ਸੁਨੀਲ ਸਿੰਘ ਪੁੱਤਰ ਕਮਲ ਸਿੰਘ ਪਿੰਡ ਦਾਦਰੀ ਜ਼ਿਲ੍ਹਾ ਗੌਤਮ ਬੁੱਧ ਨਗਰ ਪ੍ਰਾਂਤ ਉੱਤਰ ਪ੍ਰਦੇਸ਼ ਚਲਾ ਰਿਹਾ ਸੀ। ਜੋ ਆਪਣੀ ਪਤਨੀ ਕਾਂਤਾ ਦੇਵੀ, ਸਹੁਰਾ ਵੇਦ ਪ੍ਰਕਾਸ਼ ਅਤੇ ਸਮੇਤ ਖੰਨਾ ਤੋਂ ਜਲੰਧਰ ਜਾ ਰਹੇ ਸਨ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿਚ ਇੰਡੀਕਾ ਦਾ ਡਰਾਈਵਰ ਜਰਨੈਲ ਸਿੰਘ ਕਰੀਬ ਤਿੰਨ ਘੰਟੇ ਬਾਅਦ ਸਰਕਾਰੀ ਹਸਪਤਾਲ ਨਵਾਂਸ਼ਹਿਰ ਵਿਖੇ ਐਮਰਜੈਂਸੀ ਵਾਰਡ 'ਚ ਦਮ ਤੋੜ ਗਿਆ। ਇਸ ਕਾਰ ਵਿਚ ਸਵਾਰ 14 ਸਾਲਾ ਲੜਕੇ ਦੇ ਵੀ ਸਿਰ ਵਿਚ ਭਾਰੀ ਸੱਟ ਵੱਜੀ ਹੈ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਬੀ. ਕਾਮ ਦਾ ਪੇਪਰ ਲੀਕ
ਚੰਡੀਗੜ੍ਹ.- 11 ਅਪ੍ਰੈਲ -ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਅੱਜ ਬਾਅਦ ਦੁਪਹਿਰ ਲਿਆ ਜਾਣ ਵਾਲਾ ਬੀ. ਕਾਮ ਭਾਗ ਦੂਜਾ ਦੇ 'ਕਾਰਪੋਰੇਟ ਲਾਅ' ਵਿਸ਼ੇ ਦਾ ਪਰਚਾ ਲੀਕ ਹੋ ਜਾਣ ਦੀ ਸੂਚਨਾ ਮਿਲੀ ਹੈ। ਸੋਮਵਾਰ ਦੇਰ ਰਾਤ ਇਹ ਪਰਚਾ ਲੀਕ ਹੋਣ ਦੀ ਖ਼ਬਰ ਉਡਦਿਆਂ ਹੀ ਯੂਨੀਵਰਸਿਟੀ ਨੇ ਇਸ ਨੂੰ ਰੱਦ ਕਰ ਦਿੱਤਾ, ਜੋ ਕਿ ਹੁਣ ਪੰਜਾਬ ਅਤੇ ਚੰਡੀਗੜ੍ਹ ਦੇ ਸਾਰੇ ਪ੍ਰੀਖਿਆ ਕੇਂਦਰਾਂ ਵਿਚ 3 ਮਈ ਨੂੰ ਲਿਆ ਜਾਵੇਗਾ।
ਹਾਲਾਂਕਿ ਪੰਜਾਬ ਯੂਨੀਵਰਸਿਟੀ ਦੇ ਕੰਟਰੋਲਰ ਪ੍ਰੀਖਿਆਵਾਂ ਪ੍ਰੋ. ਏ.ਕੇ. ਭੰਡਾਰੀ ਦਾ ਕਹਿਣਾ ਹੈ ਕਿ ਹਾਲੇ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਪੇਪਰ ਅਸਲ ਵਿਚ ਲੀਕ ਹੋਇਆ ਸੀ ਜਾਂ ਨਹੀਂ। ਉਨ੍ਹਾਂ ਕਿਹਾ ਕਿ ਮਾਰਕੀਟ ਵਿਚ ਵਿਕੇ ਪ੍ਰਸ਼ਨ ਪੱਤਰ ਦੀਆਂ ਕਾਪੀਆਂ ਨੂੰ ਯੂਨੀਵਰਸਿਟੀ ਵੱਲੋਂ ਤਿਆਰ ਕੀਤੇ ਪੇਪਰ ਨਾਲ ਮਿਲਾਇਆ ਜਾ ਰਿਹਾ ਹੈ ਅਤੇ ਜਾਂਚ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੀ ਕਿਸੇ ਅੰਜ਼ਾਮ ਤੱਕ ਪਹੁੰਚਿਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਇਮਤਿਹਾਨ ਨੂੰ ਲੈ ਕੇ ਯੂਨੀਵਰਸਿਟੀ ਪ੍ਰਸ਼ਾਸਨ ਕੋਈ ਜੋਖਮ ਨਹੀਂ ਉਠਾਉਣਾ ਚਾਹੁੰਦਾ ਇਸ ਲਈ ਅੱਜ ਪੇਪਰ ਰੱਦ ਕਰ ਦਿੱਤਾ ਗਿਆ। ਪ੍ਰੋ. ਭੰਡਾਰੀ ਦਾ ਕਹਿਣਾ ਸੀ ਕਿ ਪ੍ਰਸ਼ਨ ਪੱਤਰ ਲੀਕ ਹੋਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ, ਕਿਉਂਕਿ ਯੂਨੀਵਰਸਿਟੀ ਦੀ ਇਮਤਿਹਾਨ ਸ਼ਾਖਾ ਸਖ਼ਤ ਸੁਰੱਖਿਆ ਹੇਠ ਹੈ, ਇਕ ਵਿਸ਼ੇ ਦੀਆਂ 3-3 ਪ੍ਰਸ਼ਨ ਪੱਤਰੀਆਂ ਤਿਆਰ ਕੀਤੀਆਂ ਜਾਂਦੀਆਂ ਹਨ। ਇਸ ਲਈ ਇਮਤਿਹਾਨ ਤੋਂ ਪਹਿਲਾਂ ਕਿਸੇ ਨੂੰ ਪਤਾ ਨਹੀਂ ਹੁੰਦਾ ਕਿ ਉਨ੍ਹਾਂ 3 ਪ੍ਰਸ਼ਨ ਪੱਤਰੀਆਂ 'ਚੋਂ ਕਿਹੜਾ ਪਰਚਾ ਇਮਤਿਹਾਨ ਵਿਚ ਆਵੇਗਾ। ਸੋਮਵਾਰ ਰਾਤ ਸੂਚਨਾ ਮਿਲੀ ਸੀ ਕਿ ਕਾਰਪੋਰੇਟ ਲਾਅ ਵਿਸ਼ੇ ਦਾ ਪ੍ਰਸ਼ਨ ਪੱਤਰ ਮਾਰਕੀਟ ਵਿਚ 2-2 ਹਜ਼ਾਰ ਰੁਪਏ ਵਿਚ ਵੇਚਿਆ ਗਿਆ ਹੈ। ਵਿਦਿਆਰਥੀਆਂ ਵੱਲੋਂ ਮਾਰਕੀਟ 'ਚੋਂ ਖਰੀਦੇ ਜਾ ਰਹੇ ਪ੍ਰਸ਼ਨ ਪੱਤਰ ਦੀ ਫੋਟੋ ਕਾਪੀ ਦੇ ਹੇਠਾਂ ਸੀਰੀਅਲ ਨੰਬਰ 0812 ਐਫ.ਪੀ.ਡੀ. 29094 ਛਪਿਆ ਹੋਇਆ ਸੀ। ਜੋ ਕਿ ਬਿਲਕੁੱਲ ਅਸਲ ਪ੍ਰਸ਼ਨ ਪੱਤਰ ਵਾਂਗ ਹੀ ਸੀ। ਚੇਤੇ ਰਹੇ ਕਿ ਬੀਤੀ 3 ਅਪ੍ਰੈਲ ਨੂੰ ਵੀ ਬੀ.ਏ. ਭਾਗ ਤੀਜਾ ਦੇ ਅੰਗਰੇਜ਼ੀ ਦਾ ਪ੍ਰਸ਼ਨ ਪੱਤਰ ਲੀਕ ਹੋਣ ਦੀ ਅਫਵਾਹ ਉੱਡਣ 'ਤੇ ਵੀ ਯੂਨੀਵਰਸਿਟੀ ਵਿਚ ਹਫੜਾ ਦਫੜੀ ਮਚ ਗਈ ਸੀ।
ਬੀ.ਟੀ. ਕਪਾਹ ਦੀ ਖੇਤੀ ਕਰਨ ਵਾਲੀ ਮਹਿਲਾ
 ਕਿਸਾਨ ਨੂੰ ਮਿਲਿਆ ਐਵਾਰਡ

 ਮਹਿਲਾ ਕਿਸਾਨ ਰਜਿੰਦਰ ਕੌਰ ਸੰਧੂ ਚੰਡੀਗੜ੍ਹ 'ਚ ਪੱਤਰਕਾਰਾਂ
 ਨਾਲ ਗੱਲਬਾਤ ਕਰਦੀ ਹੋਈ।
ਚੰਡੀਗੜ੍ਹ 11 ਅਪ੍ਰੈਲ-ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਵਿਚ ਬੀ.ਟੀ. ਕਪਾਹ ਦੀ ਖੇਤੀ ਕਰਨ ਵਾਲੀ ਇੱਕ ਮਹਿਲਾ ਕਿਸਾਨ ਰਜਿੰਦਰ ਕੌਰ ਸੰਧੂ ਨੂੰ ਗਲੋਬਰ ਫੌਰਮ ਆਨ ਐਗਰੀਕਲਚਰਲ ਰਿਸਰਚ ਵੱਲੋਂ ਵਿਸ਼ੇਸ਼ ਐਵਾਰਡ ਦਿੱਤਾ ਗਿਆ ਹੈ।
ਸ੍ਰੀਮਤੀ ਸੰਧੂ ਉਨ੍ਹਾਂ ਛੇ ਮਹਿਲਾ ਕਿਸਾਨਾਂ ਵਿਚ ਸ਼ਾਮਿਲ ਹਨ, ਜਿਨ੍ਹਾਂ ਨੂੰ ਕਿ ਖੇਤੀ ਵਿਚ ਵਿਸ਼ੇਸ਼ ਬਾਈਓਤਕਨੀਕ ਇਸਤੇਮਾਲ ਕਰਕੇ ਫ਼ਸਲ ਦਾ ਝਾੜ ਵਧਾਉਣ ਲਈ ਇਹ ਸਨਮਾਨ ਦਿੱਤਾ ਗਿਆ ਹੈ। ਇੰਡੀਅਨ ਕੌਂਸਲ ਆਫ਼ ਐਗਰੀਕਲਚਰ ਰਿਸਰਚ ਅਤੇ ਏਸ਼ੀਆ ਪੈਸੀਫਿੱਕ ਐਸੋਸੀਏਸ਼ਨ ਆਫ਼ ਐਗਰੀਕਲਚਰਲ ਰਿਸਰਚ ਇੰਸਟੀਟਿਊਸ਼ਨ ਵੱਲੋਂ 'ਗਲੋਬਲ ਕਾਨਫਰੰਸ ਆਨ ਵੂਮੈਨ ਇੰਨ ਐਗਰੀਕਲਚਰ' ਦਾ ਪ੍ਰੋਗਰਾਮ ਗਿਆ ਸੀ, ਜਿਸ ਦਾ ਉਦੇਸ਼ ਖੇਤੀ ਖੇਤਰ ਵਿਚ ਨਵੀਆਂ ਬਾਇਓਤਕਨਾਲੋਜੀ ਤਕਨੀਕਾਂ ਅਪਣਾਉਣ ਵਾਲੀਆਂ ਮਹਿਲਾ ਕਿਸਾਨਾਂ ਨੂੰ ਉਤਸ਼ਾਹਤ ਕਰਨਾ ਸੀ। ਇਸ ਮੌਕੇ ਸੰਸਥਾ ਦੇ ਜਨਰਲ ਸਕੱਤਰ ਸ੍ਰੀ ਮਾਰਕ ਹੋਲਡਰਨੈੱਸ ਵੱਲੋਂ ਖ਼ੁਦ ਮਹਿਲਾ ਕਿਸਾਨਾਂ ਨੂੰ ਇਹ ਸਨਮਾਨ ਦਿੱਤੇ ਗਏ। ਅੱਜ ਚੰਡੀਗੜ੍ਹ ਵਿਖੇ ਪੱਤਰਕਾਰਾਂ ਦੇ ਰੂ-ਬ-ਰੂ ਸ੍ਰੀਮਤੀ ਰਜਿੰਦਰ ਕੌਰ ਸੰਧੂ ਨੇ ਦੱਸਿਆ ਕਿ ਉਹ ਫਾਜ਼ਿਲਕਾ ਜ਼ਿਲ੍ਹੇ ਵਿਚ ਪੈਂਦੇ ਪਿੰਡ ਢਾਣੀ ਅਰੂੜ ਸਿੰਘ ਵਿਚ 35 ਏਕੜ ਜ਼ਮੀਨ 'ਤੇ ਕਪਾਹ ਦੀ ਬੀ.ਟੀ. ਕਾਟਨ ਕਿਸਮ ਦੀ ਖੇਤੀ ਕਰਦੀ ਹੈ, ਜਿਸ ਦਾ ਉਸ ਨੇ ਨਵੀਨਤਮ ਤਕਨੀਕਾਂ ਅਤੇ ਦੇਸੀ ਰੂੜੀ ਦੀ ਮਦਦ ਨਾਲ 40 ਮਣ ਪ੍ਰਤੀ ਏਕੜ ਝਾੜ ਹਾਸਲ ਕੀਤਾ ਹੈ।
ਬਾਬਾ ਬੰਦਾ ਸਿੰਘ ਬਹਾਦਰ ਦੀ ਮੁਖਬਰੀ
ਸਬੰਧੀ ਮਿਲੀਆਂ 42 ਦੁਰਲੱਭ ਚਿੱਠੀਆਂ


ਜੈਪੁਰ ਦੇ ਰਾਜੇ ਵੱਲੋਂ ਬਾਬਾ ਬੰਦਾ ਸਿੰਘ ਬਹਾਦੁਰ ਦੀ ਮੁਖਬਰੀ ਲਈ ਭੇਜੇ
 ਜਾਸੂਸ ਵੱਲੋਂ ਮਾਰਵਾੜੀ ਭਾਸ਼ਾ ਵਿਚ ਜੈਪੁਰ ਦੇ ਰਾਜੇ ਨੂੰ ਲਿਖੀ ਚਿੱਠੀ। 
ਚੰਡੀਗੜ੍ਹ 11 ਅਪ੍ਰੈਲ -ਬਾਬਾ ਬੰਦਾ ਸਿੰਘ ਬਹਾਦਰ ਦੇ ਪੰਜਾਬ ਆਉਣ ਮਗਰੋਂ ਉਨ੍ਹਾਂ ਦੀ ਮੁਖਬਰੀ ਕਰਨ ਲਈ ਜੈਪੁਰ ਦੇ ਰਾਜੇ ਨੇ 3 ਜਾਸੂਸਾਂ ਦੀ ਡਿਊਟੀ ਲਾਈ ਸੀ। ਇਹ ਜਾਸੂਸ ਪੂਰੇ 3 ਸਾਲ ਬਾਬਾ ਬੰਦਾ ਸਿੰਘ ਬਹਾਦਰ ਦੀ ਜਾਸੂਸੀ ਕਰਕੇ ਪਲ-ਪਲ ਦੀ ਖਬਰ ਮਾਰਵਾੜੀ ਭਾਸ਼ਾ ਵਿਚ ਲਿਖਕੇ ਜੈਪੁਰ ਦੇ ਰਾਜੇ ਤੱਕ ਪਹੁੰਚਾਉਂਦੇ ਰਹੇ। ਜਾਸੂਸਾਂ ਦੀਆਂ ਲਿਖੀਆਂ 42 ਚਿੱਠੀਆਂ ਚੰਡੀਗੜ੍ਹ ਵਿਚ ਸਥਿਤ ਪੰਜਾਬ ਡਿਜ਼ੀਟਲ ਲਾਇਬ੍ਰੇਰੀ ਦੇ ਹੱਥ ਲੱਗੀਆਂ, ਜਿਨ੍ਹਾਂ ਨੇ ਇਨ੍ਹਾਂ ਚਿੱਠੀਆਂ ਦਾ ਹੂਬਹੂ ਉਤਾਰਾ (ਡਿਜ਼ਟਲਾਇਜ਼ੇਸ਼ਨ) ਕਰਕੇ ਆਉਂਦੀਆਂ ਪੀੜ੍ਹੀਆਂ ਲਈ ਇਹ ਚਿੱਠੀਆਂ ਸਾਂਭ ਲਈਆਂ ਹਨ।
ਜਾਣਕਾਰੀ ਦਿੰਦਿਆਂ ਲਾਇਬ੍ਰੇਰੀ ਦੇ ਸੰਚਾਲਕ ਸ. ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਰਾਜਸਥਾਨ ਦੇ ਪੁਰਾਤੱਤਵ ਵਿਭਾਗ ਤੋਂ ਬੜੀ ਮੁਸ਼ਕਿਲ ਨਾਲ ਹਾਸਿਲ ਹੋਈਆਂ ਇਨ੍ਹਾਂ ਚਿੱਠੀਆਂ ਅਨੁਸਾਰ 3 ਜਾਸੂਸ ਪੰਚੋਲੀ ਜਗਜੀਵਨ ਦਾਸ, ਭੰਡਾਰੀ ਖਿਵਸੀ ਅਤੇ ਦੀਵਾਨ ਬਿਖਾਰੀ ਦਾਸ ਬਾਬਾ ਬੰਦਾ ਸਿੰਘ ਬਹਾਦਰ ਅਤੇ ਸਿੰਘਾਂ ਦੀਆਂ ਗਤੀਵਿਧੀਆਂ ਦੀ ਮੁਖਬਰੀ ਕਰਦੇ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਚਿੱਠੀਆਂ ਅਨੁਸਾਰ 26 ਅਗਸਤ 1711 ਨੂੰ ਇਕ ਜਾਸੂਸ ਨੇ ਜੈਪੁਰ ਦੇ ਰਾਜੇ ਨੂੰ ਲਿਖਿਆ ਕਿ ਰੁਸਤਮੇ ਦਿਲ ਖ਼ਾਨ ਨਾਮ ਦਾ ਜਰਨੈਲ, ਜਿਸਨੂੰ ਕਿ ਬਹਾਦਰ ਸ਼ਾਹ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਫੜਨ ਲਈ ਪੰਜਾਬ ਭੇਜਿਆ ਸੀ, ਉਹ ਬੰਦਾ ਸਿੰਘ ਬਹਾਦਰ ਨੂੰ ਫੜਨ ਤੋਂ ਕੰਨੀ ਕਤਰਾ ਕੇ ਆਪਣੀ ਲਾਹੌਰ ਵਾਲੀ ਸ਼ਾਹੀ ਹਵੇਲੀ ਵਿਚ ਰਹਿਣ ਚਲਾ ਗਿਆ ਹੈ ਅਤੇ ਬਹਾਦਰ ਸ਼ਾਹ ਨੇ ਹੁਕਮ ਦੇ ਦਿੱਤੇ ਹਨ ਕਿ ਰੁਸਤਮੇ ਦਿਲ ਖ਼ਾਨ ਦੇ ਗਲ ਨੂੰ ਸਰੀਆ ਪਾ ਕੇ ਉਸ ਅੱਗੇ ਪੇਸ਼ ਕੀਤਾ ਜਾਵੇ। ਇਕ ਹੋਰ ਚਿੱਠੀ ਜੋ ਕਿ ਇਕ ਜਾਸੂਸ ਨੇ 20 ਮਾਰਚ 1711 ਨੂੰ ਜੈਪੁਰ ਦੇ ਰਾਜੇ ਨੂੰ ਮਾਰਵਾੜੀ ਭਾਸ਼ਾ ਵਿਚ ਲਿਖੀ, ਵਿਚ ਜਾਸੂਸ ਨੇ ਲਿਖਿਆ ਹੈ ਕਿ ਬੰਦਾ ਅਤੇ ਉਸਦੇ ਸਾਥੀ ਬਹੁਤ ਸ਼ਕਤੀਸ਼ਾਲੀ ਹੋ ਗਏ ਹਨ ਅਤੇ ਬਟਾਲੇ ਦੇ ਲੋਕ ਉਨ੍ਹਾਂ ਦੇ ਡਰੋਂ ਸ਼ਹਿਰ ਛੱਡ ਕੇ ਭੱਜ ਗਏ ਹਨ। ਇਕ ਹੋਰ ਚਿੱਠੀ ਜੋ ਕਿ 22 ਜੂਨ 1711 ਨੂੰ ਜੈਪੁਰ ਦੇ ਰਾਜੇ ਨੂੰ ਲਿਖੀ ਸੀ, ਵਿਚ ਜਾਸੂਸਾਂ ਨੇ 2 ਰਾਠੌੜ ਰਾਜਿਆਂ ਦੀ ਗੱਲਬਾਤ ਦੌਰਾਨ ਉਨ੍ਹਾਂ ਦੀ ਜਾਸੂਸੀ ਕੀਤੀ ਹੋਈ ਹੈ ਜਿਸ ਵਿਚ ਦੋਵੇਂ ਰਾਜੇ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਗੱਲਾਂ ਕਰਦੇ ਕਹਿ ਰਹੇ ਹਨ ਕਿ ਬਹਾਦਰ ਸ਼ਾਹ ਐਵੇਂ ਫਕੀਰ ਦੇ ਪਿੱਛੇ ਪਿਆ ਹੋਇਆ ਹੈ। ਸ. ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਚਿੱਠੀਆਂ ਮਾਰਵਾੜੀ ਭਾਸ਼ਾ ਵਿਚ ਹੋਣ ਕਰਕੇ ਇਨ੍ਹਾਂ ਨੂੰ ਪੂਰੀ ਤਰ੍ਹਾਂ ਨਹੀਂ ਪੜ੍ਹਿਆ ਜਾ ਸਕਿਆ ਪਰ ਜੇ ਇਨ੍ਹਾਂ ਸਾਰੀਆਂ ਚਿੱਠੀਆਂ ਨੂੰ ਪੜ੍ਹਿਆ ਜਾਵੇ ਤਾਂ ਕਈ ਅਹਿਮ ਜਾਣਕਾਰੀਆਂ ਹਾਸਿਲ ਹੋ ਸਕਦੀਆਂ ਹਨ। ਇਕ ਵੱਖਰੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਆਉਂਦੀ ਪੀੜ੍ਹੀ ਲਈ ਵਿਰਸੇ ਨੂੰ ਸੰਭਾਲਣ ਵਾਸਤੇ 'ਰੋਜ਼ਾਨਾ ਅਜੀਤ' ਦੇ 1984 ਤੋਂ ਲੈ ਕੇ 1994 ਤੱਕ ਦੇ ਸਾਰੇ ਅੰਕਾਂ ਦੀ ਡਿਜ਼ਟਲਾਇਜ਼ੇਸ਼ਨ ਦਾ ਕੰਮ ਪੂਰਾ ਹੋ ਗਿਆ ਹੈ ਪਰ ਇਹ ਅੰਕ ਅਦਾਰੇ ਦੀ ਪ੍ਰਵਾਨਗੀ ਤੋਂ ਬਾਅਦ ਹੀ ਪੰਜਾਬ ਡਿਜ਼ੀਟਲ ਲਾਇਬ੍ਰੇਰੀ ਦੀ ਵੈੱਬਸਾਈਟ 'ਤੇ ਪਾਏ ਜਾਣਗੇ।
ਹਿਮਾਚਲ ਦਾ ਹਿੱਸਾ ਵਧਾਉਣ ਲਈ ਪੰਜਾਬ ਸਰਕਾਰ ਜ਼ਿੰਮੇਵਾਰ-ਜਾਖੜ
ਚੰਡੀਗੜ੍ਹ.- 11 ਅਪ੍ਰੈਲ-ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖੜ ਨੇ ਦੋਸ਼ ਲਾਇਆ ਹੈ ਕਿ ਹੁਣੇ ਜਿਹੇ ਸੁਪਰੀਮ ਕੋਰਟ ਨੇ ਭਾਖੜਾ ਡੈਮ ਦੇ ਬਿਜਲੀ ਘਰਾਂ ਤੋਂ ਹਿਮਾਚਲ ਪ੍ਰਦੇਸ਼ ਦਾ ਬਿਜਲੀ ਦਾ ਜੋ ਹਿੱਸਾ ਵਧਾਇਆ ਹੈ, ਉਸ ਲਈ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੇ ਸਾਥੀ ਜ਼ਿੰਮੇਵਾਰ ਹਨ, ਜਿਨ੍ਹਾਂ ਨੇ ਕੋਤਾਹੀ ਤੋਂ ਕੰਮ ਲਿਆ। ਇਸ ਫੈਸਲੇ ਨਾਲ ਪੰਜਾਬ ਤੇ 4 ਹਜ਼ਾਰ ਕਰੋੜ ਰੁਪਏ ਦਾ ਹੋਰ ਮਾਲੀ ਬੋਝ ਪਵੇਗਾ, ਜਿਸ ਦੇ ਪਰਨਾਮ ਸਰੂਪ ਰਾਜ ਦੀ ਜਨਤਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਏਗੀ। ਸ੍ਰੀ ਜਾਖੜ ਦਾ ਕਹਿਣਾ ਹੈ ਕਿ ਜੇ ਪੰਜਾਬ ਸਰਕਾਰ ਤਕੜੀ ਹੋ ਕੇ ਸੁਪਰੀਮ ਕੋਰਟ ਵਿਚ ਆਪਣਾ ਕੇਸ ਮਜ਼ਬੂਤੀ ਨਾਲ ਪੇਸ਼ ਕਰਦੀ ਤਾਂ ਇਹ ਦਿਨ ਪੰਜਾਬੀਆਂ ਨੂੰ ਨਾ ਵੇਖਣੇ ਪੈਂਦੇ।
ਪੰਜਾਬ ਗੁਦਾਮ ਮਾਲਕਾਂ ਵੱਲੋਂ ਖੇਤੀਬਾੜੀ
ਮੰਤਰੀ ਤੋਤਾ ਸਿੰਘ ਦਾ ਸਨਮਾਨ

ਅ ਚੰਡੀਗੜ੍ਹ ਵਿਚ ਖੇਤੀਬਾੜੀ ਮੰਤਰੀ ਸ. ਤੋਤਾ ਸਿੰਘ ਦਾ ਸਨਮਾਨ ਕਰਦੇ ਹੋਏ ਪ੍ਰਧਾਨ ਗੁਦਾਮ ਮਾਲਕਾਂ ਐਸੋਸੀਏਸਨ ਸ੍ਰੀ ਸੰਦੀਪ ਗਿਲਹੋਤਰਾ ਅਤੇ ਹੋਰ।
ਚੰਡੀਗੜ੍ਹ.- 11 ਅਪ੍ਰੈਲ -ਪੰਜਾਬ ਗੁਦਾਮ ਮਾਲਕਾਂ ਨੇ ਖੇਤੀਬਾੜੀ ਮੰਤਰੀ ਸ. ਤੋਤਾ ਸਿੰਘ ਦਾ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਨਿੱਜੀ ਦਿਲਚਸਪੀ ਦਿਖਾਉਣ ਲਈ ਧੰਨਵਾਦ ਕੀਤਾ ਹੈ।
ਸ੍ਰੀ ਸੰਦੀਪ ਗਿਲਹੋਤਰਾ, ਪ੍ਰਧਾਨ ਗੁਦਾਮ ਮਾਲਕਾਂ ਐਸੋਸੀਏਸਨ ਨੇ ਦੱਸਿਆ ਕਿ ਪਿਛਲੇ 10 ਸਾਲਾਂ ਤੋਂ ਕਿਰਾਏ ਵਿਚ ਵਾਧਾ ਨਾ ਕਰਨ ਅਤੇ ਭਾਰਤ ਸਰਕਾਰ ਵੱਲੋਂ ਸਰਵਿਸ ਟੈਕਸ ਲਾਗੂ ਕਰਨ ਕਰਕੇ ਗੁਦਾਮ ਮਾਲਕ ਭਾਰੀ ਮੁਸ਼ਕਿਲਾਂ ਵਿਚ ਫਸੇ ਹੋਏ ਸਨ। ਸ. ਤੋਤਾ ਸਿੰਘ ਨੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਕੋਲ ਗੁਦਾਮ ਮਾਲਕਾਂ ਦੀਆਂ ਸਮੱਸਿਆਵਾਂ ਦਾ ਮੁੱਦਾ ਉਠਾਇਆ ਅਤੇ ਇਸ ਨੂੰ ਹੱਲ ਕਰਵਾਇਆ। ਸ. ਗਿਲਹੋਤਰਾ ਨੇ ਦੱਸਿਆ ਕਿ ਉਹ ਬਹੁਤ ਖੁਸ਼ ਹਨ ਕਿ ਹੁਣ ਹਰਿਆਣਾ ਦੀ ਤਰਜ 'ਤੇ ਕਿਰਾਏ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ ਅਤੇ ਸਰਵਿਸ ਟੈਕਸ ਦਾ ਪੰਜਾਬ ਰਾਜ ਗੁਦਾਮ ਨਿਗਮ ਵੱਲੋਂ ਮੁੜ ਭੁਗਤਾਨ ਕੀਤਾ ਜਾਵੇਗਾ। ਮੰਤਰੀ ਨੇ ਭਰੋਸਾ ਦੁਆਇਆ ਕਿ ਭਵਿੱਖ ਵਿਚ ਵੀ ਗੁਦਾਮ ਮਾਲਕ ਐਫ.ਸੀ.ਆਈ ਵੱਲੋਂ ਰਾਜ ਗੁਦਾਮ ਨਿਗਮ ਨੂੰ ਦਿੱਤੇ ਜਾਣ ਵਾਲੇ ਕਿਰਾਏ ਵਿਚੋਂ ਆਪਣਾ ਅਨੁਪਾਤੀ ਹਿੱਸਾ ਪ੍ਰਾਪਤ ਕਰ ਸਕਣਗੇ ਅਤੇ ਗੁਦਾਮ ਮਾਲਕਾਂ ਨੂੰ ਆਪਣੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਇਧਰ-ਉਧਰ ਨਹੀਂ ਭੱਜਣਾ ਪਵੇਗਾ। ਇਸ ਮੌਕੇ ਉੱਘੀਆਂ ਹਸਤੀਆਂ ਵਿਚ ਐਸੋਸੀਏਸਨ ਦੇ ਸ੍ਰੀ ਐਸ.ਐਸ.ਸੋਢੀ, ਵਾਈਸ ਪ੍ਰੇਜ਼ੀਡੈਂਟ ਅਤੇ ਸ੍ਰੀ ਦੇਵੀ ਦਿਆਲ, ਜਨਰਲ ਸਕੱਤਰ ਹਾਜ਼ਰ ਸਨ।
ਲਵਲੀ ਯੂਨੀਵਰਸਿਟੀ ਦੇ ਵਿਦਿਆਰਥੀ ਹੱਤਿਆਕਾਂਡ
'ਚ ਤਿੰਨ ਦੋਸ਼ੀ ਵਿਦਿਆਰਥੀ ਬਰੀ

ਅ ਐਲ.ਪੀ.ਯੂ ਵਿੱਚ ਮਿਜ਼ੋਰਮ ਟੀਮ ਦੇ ਮ੍ਰਿਤਕ
ਵਿਦਿਆਰਥੀ ਜੋਹਨੀ ਦੀ ਪੁਰਾਣੀ ਤਸਵੀਰ।
ਫਗਵਾੜਾ- 11 ਅਪ੍ਰੈਲ- ਪਿਛਲੇ ਸਾਲ 26 ਮਾਰਚ ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਦੋ ਟੀਮਾਂ ਦੌਰਾਨ ਖੇਡੇ ਜਾ ਰਹੇ ਫੁੱਟਬਾਲ ਮੈਚ ਦੌਰਾਨ ਹੋਈ ਝੜਪ ਤੋਂ ਬਾਅਦ ਮਿਜ਼ਰੋਮ ਦੇ ਇਕ ਵਿਦਿਆਰਥੀ ਜੋਹਨੀ ਲਾਲ ਮਹਿੰਗਾਈ ਜੁਆਲਾ ਦੀ ਹੱਤਿਆ ਹੋ ਗਈ ਸੀ ਦੇ ਮਾਮਲੇ ਵਿਚ ਪੁਲਿਸ ਵੱਲੋਂ ਨਾਮਜ਼ਦ ਕੀਤੇ ਤਿੰਨ ਵਿਦੇਸ਼ੀ ਵਿਦਿਆਰਥੀਆਂ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ।
ਯਾਦ ਰਹੇ ਕਿ ਪਿਛਲੇ ਸਾਲ 26 ਮਾਰਚ ਨੂੰ ਮਿਜ਼ੋ ਅਤੇ ਸੁਡਾਨੀ ਵਿਦਿਆਰਥੀਆਂ ਦੇ ਵਿਚਾਲੇ ਫੁੱਟਬਾਲ ਮੈਚ ਖੇਡਿਆ ਜਾ ਰਿਹਾ ਸੀ, ਜਿਸ ਵਿਚ ਗੋਲ ਨੂੰ ਲੈ ਕਿ ਦੋਹਾਂ ਟੀਮਾਂ ਵਿਚ ਤਕਰਾਰ ਹੋ ਗਈ ਸੀ। ਇਹ ਤਕਰਾਰ ਬਹੁਤ ਹੀ ਭਿਆਨਕ ਰੂਪ ਧਾਰਨ ਕਰ ਗਈ ਸੀ ਅਤੇ ਇਥੇ ਹੋਈ ਝੜਪ ਵਿਚ ਮਿਜ਼ੋਰਮ ਟੀਮ ਦਾ ਇਕ ਖਿਡਾਰੀ ਜੋਹਨੀ ਲਾਲ ਮਹਿੰਗਾਈ ਜੁਆਲਾ (22) ਦੀ ਮੌਤ ਹੋ ਗਈ ਸੀ। ਪੁਲਿਸ ਨੇ ਘਟਨਾ ਸਬੰਧੀ ਸੁਡਾਨ ਦੇ ਵਸਨੀਕ ਹਾਸ਼ਿਮ ਇਦਰਿਸ, ਅਹਿਮਦ ਅਲਟਗਾਨੀ ਅਤੇ ਤਨਜ਼ਾਨੀਆ ਦੇ ਵਸਨੀਕ ਸੈਅਦ ਫੈਜ਼ਲ ਦੇ ਖਿਲਾਫ ਕੇਸ ਦਰਜ਼ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਕਰੀਬ ਇਕ ਸਾਲ ਚੱਲੇ ਇਸ ਕੇਸ ਵਿੱਚ ਜ਼ਿਲ੍ਹਾ ਸੈਸ਼ਨ ਜੱਜ ਸ਼੍ਰੀ ਐਮ.ਐਸ.ਵਿਰਦੀ ਨੇ ਪੁਲਿਸ ਟਰਾਇਲ ਦੇ ਦੌਰਾਨ ਪੁਲਿਸ ਜਾਂਚ ਵਿਚ ਪਾਈਆਂ ਖ਼ਾਮੀਆਂ ਦੇ ਚੱਲਦੇ ਸੁਡਾਨੀ ਅਤੇ ਤਨਜ਼ਾਨੀਆਂ ਦੇ ਵਿਦਿਆਰਥੀਆਂ ਨੂੰ ਮਾਮਲੇ ਵਿਚੋਂ ਬਰੀ ਕਰਨ ਦਾ ਹੁਕਮ ਸੁਣਾ ਦਿੱਤਾ।
ਝਾੜ ਤਾਂ ਵਧਿਆ, ਪਰ ਕੀਮਤ ਵੀ ਚੁਕਾਉਣੀ ਪਈ
ਸ੍ਰੀਮਤੀ ਸੰਧੂ ਨਾਲ ਗੱਲਬਾਤ ਦੌਰਾਨ ਇਹ ਤੱਥ ਵੀ ਸਾਹਮਣੇ ਆਇਆ ਕਿ ਕਪਾਹ ਦੀ ਬੀ.ਟੀ. ਕਾਟਨ ਕਿਸਮ ਦੀ ਖੇਤੀ ਕਰਨ ਨਾਲ ਉਨ੍ਹਾਂ ਨਰਮੇ ਦਾ ਵਧੇਰੇ ਝਾੜ ਤਾਂ ਭਾਵੇਂ ਹਾਸਲ ਕਰ ਲਿਆ, ਪਰ ਇਸ ਦੇ ਨਾਲ ਹੀ ਉਸ ਦੇ ਪਤੀ ਅਤੇ ਬੇਟੇ ਨੂੰ ਖੇਤੀ ਉਤਪਾਦਾਂ ਤੋਂ ਅਤੇ ਵਿਸ਼ੇਸ਼ ਕਰਕੇ ਨਰਮੇ ਤੋਂ ਐਲਰਜ਼ੀ ਹੋ ਗਈ, ਜਿਸ ਕਾਰਨ ਉਨ੍ਹਾਂ ਦਾ ਖੇਤਾਂ ਵਿਚ ਜਾਣਾ ਬੰਦ ਹੋ ਗਿਆ। ਇਸ ਉਪਰੰਤ ਸ੍ਰੀਮਤੀ ਸੰਧੂ ਨੂੰ ਖੇਤੀ ਦੀ ਕਮਾਨ ਸੰਭਾਲਣੀ ਪਈ।