ਵਿਦਿਆਰਥੀ ਨਹੀਂ ਕਰ ਪਾ ਰਹੇ ਮੋਬਾਇਲ ਮੋਹ ਦਾ ਤਿਆਗ
ਸਿੱਖਿਆ ਸੰਸਥਾਨਾਂ ਵਿਚ ਕਾਲਜ ਪ੍ਰਬੰਧਨ ਤੇ ਅਧਿਆਪਕਾਂ ਦੇ ਲੱਖ ਮਨ੍ਹਾ ਕਰਨ ਦੇ ਬਾਵਜੂਜ ਵੀ ਵਿਦਿਆਰਥੀ 'ਮੋਬਾਇਲ ਮੋਹ' ਨਹੀਂ ਤਿਆਗ ਪਾ ਰਹੇ, ਜਦੋਂ ਕਿ ਮਾਤਾ-ਪਿਤਾ ਵੀ ਬੱਚਿਆਂ ਦੀ ਤਰਫਦਾਰੀ ਕਰਦੇ ਹੋਏ ਕਾਲਜ ਪ੍ਰਬੰਧਨ 'ਤੇ ਮੋਬਾਇਲ ਦੀ ਵਰਤੋ ਕਰਨ ਸੰਬੰਧੀ ਦਬਾਅ ਬਣਾ ਰਹੇ ਹਨ।
ਕਾਲਜ ਕੈਂਪਸ ਵਿਚ ਆਮ ਤੌਰ 'ਤੇ ਹੀ ਅਸ਼ਲੀਲ ਗੀਤ ਲਗਾ ਕੇ ਬੈਠੇ ਵਿਦਿਆਰਥੀ ਦੇਖੇ ਜਾ ਸਕਦੇ ਹਨ। ਕਈ ਵਿਦਿਆਰਥੀ ਘੰਟਿਆਂ ਬੱਧੀ ਮੋਬਾਇਲ 'ਤੇ ਗੱਲਾਂ ਕਰਦੇ ਰਹਿੰਦੇ ਹਨ ਅਤੇ ਕਿਤੇ ਚੈਟਿੰਗ ਦਾ ਦੌਰ ਚੱਲਦਾ ਰਹਿੰਦਾ ਹੈ। ਅਧਿਆਪਕਾਂ ਤੋਂ ਨਜ਼ਰ ਬਚਾ ਕੇ ਕਲਾਸ ਵਿਚ ਹੀ ਗੇਮਸ ਖੇਡਣਾ ਜਾਂ ਅਸ਼ਲੀਲ ਸਾਈਟਸ ਸਰਚ ਕਰਨਾ ਵੀ ਆਮ ਗੱਲ ਬਣ ਚੁੱਕੀ ਹੈ। ਅਜਿਹੇ ਵਿਚ ਕੰਮ ਦੀ ਚੀਜ਼ ਮੋਬਾਇਲ ਦੀ ਗਲਤ ਵਰਤੋ ਹੋ ਰਹੀ ਹੈ।
ਸਥਾਨਕ ਸਰਕਾਰੀ ਅਤੇ ਨਿਜੀ ਕਾਲਜ਼ਾਂ ਵਿਚ ਮੋਬਾਇਲ ਵਰਤੋ 'ਤੇ ਪਾਬੰਦੀ ਸੰਬੰਧੀ ਨੋਟਿਸ ਲਿਖਿਤ ਤੌਰ 'ਤੇ ਲਗਾਏ ਗਏ ਹਨ ਪਰ ਵਿਦਿਆਰਥੀ ਉਨ੍ਹਾਂ ਨਿਯਮਾਂ ਨੂੰ ਨਹੀਂ ਮੰਨਦੇ।
ਕਾਲਜ ਕੈਂਪਸ ਵਿਚ ਮੋਬਾਇਲ ਕਰਕੇ ਮਾਹੌਲ ਵੀ ਖਰਾਬ ਹੁੰਦਾ ਹੈ। ਕਈ ਵਾਰ ਤਾਂ ਵਿਦਿਆਰਥੀਆਂ ਦੇ 2 ਗੁਟ ਮੋਬਾਇਲ 'ਤੇ ਗੀਤ ਲਗਾਉਣ ਨੂੰ ਲੈ ਕੇ ਹੀ ਭਿੜ ਜਾਂਦੇ ਹਨ ਅਤੇ ਕਈ ਵਾਰ ਨੌਜਵਾਨ ਅਸ਼ਲੀਲ ਗੀਤ ਲਗਾ ਕੇ ਲੜਕੀਆਂ ਦਾ ਕਾਲਜ ਵਿਚ ਘੁੰਮਣਾ ਹੀ ਮੁਸ਼ਕਿਲ ਕਰ ਦਿੰਦੇ ਹਨ।
ਮੋਬਾਇਲ 'ਤੇ ਪਾਬੰਦੀ ਲਗਾਉਣ ਦੇ ਇੱਛੁਕ ਅਧਿਆਪਕਾਂ ਦੇ ਹੱਥ ਚਾਹੁੰਦੇ ਹੋਏ ਵੀ ਬੱਝੇ ਹੋਏ ਹਨ। ਮਾਤਾ-ਪਿਤਾ ਦਾ ਸੁਰੱਖਿਆ ਲਈ ਮੋਬਾਇਲ ਮੁਹੱਈਆ ਕਰਵਾਉਣ ਦਾ ਦਾਅਵਾ ਅਧਿਆਪਕਾਂ ਨੂੰ ਕਾਰਵਾਈ ਕਰਨ ਤੋਂ ਰੋਕ ਦਿੰਦਾ ਹੈ।