Sunday 1 April 2012

ਸਰਕਾਰ ਦਾ ਵਿਵਹਾਰ ਰਾਵਣ ਤੇ ਕੰਸ ਵਰਗਾ : ਰਾਮਦੇਵ

ਨਵੀਂ ਦਿੱਲੀ : ਭ੍ਰਿਸ਼ਟਾਚਾਰ ਅਤੇ ਕਾਲੇ ਧੰਨ ਵਿਰੁਧ ਅੰਦੋਲਨ ਨੂੰ ਨਵੀਂ ਦਿਸ਼ਾ ਦੇਣ ਅਤੇ ਸਰਕਾਰ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਦੇ ਤਹਿਤ ਸਮਾਜਸੇਵੀ ਅੰਨਾ ਹਜਾਰੇ ਇੱਥੇ ਜੰਤਰ-ਮੰਤਰ 'ਤੇ ਤਿੰਨ ਜੂਨ ਨੂੰ ਯੋਗ ਗੁਰੂ ਰਾਮਦੇਵ ਦੀ ਪ੍ਰਸਤਾਵਿਤ ਇਕ ਦਿਨਾ ਭੁੱਖ ਹੜਤਾਲ 'ਚ ਸ਼ਾਮਲ ਹੋਣਗੇ।
ਬਾਬਾ ਰਾਮਦੇਵ ਨੇ ਅੱਜ ਜੰਤਰ-ਮੰਤਰ 'ਤੇ ਇਕ ਦਿਨਾ ਭੁੱਖ ਹੜਤਾਲ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅੰਨਾ ਹਜਾਰੇ ਵੀ ਉਨ੍ਹਾਂ ਨਾਲ ਇਸ ਹੜਤਾਲ 'ਚ ਸ਼ਾਮਲ ਹੋਣਗੇ। ਅੰਨਾ ਹਜਾਰੇ ਨੇ ਅਪਣੇ ਪਿੰਡ ਰਾਲੇਗਣ ਸਿੱਧੀ 'ਚ ਇਸ ਦੀ ਪੁਸ਼ਟੀ ਕੀਤੀ। ਯਾਦ ਰਿਹੇ ਕਿ ਅੰਨਾ ਹਜਾਰੇ ਨੇ 25 ਮਾਰਚ ਨੂੰ ਜੰਤਰ-ਮੰਤਰ 'ਤੇ ਕਿਹਾ ਸੀ ਕਿ ਉਨ੍ਹਾਂ ਅਤੇ ਬਾਬਾ ਰਾਮਦੇਵ ਦੇ ਅੰਦੋਲਨ ਨੂੰ ਇਕ ਦੂਜੇ ਨੂੰ ਸਹਿਯੋਗ ਮਿਲੇਗਾ।
ਬਾਬਾ ਰਾਮਦੇਵ ਨੇ ਅੱਜ ਰਹਿਦੁਆਰ 'ਚ ਕਿਹਾ ਕਿ ਇਸ ਵਾਰੀ ਲੋਕ ਲੱਖਾਂ ਨਹੀਂ ਸਗੋਂ ਕਰੋੜਾਂ ਦੀ ਗਿਣਤੀ 'ਚ ਦਿੱਲੀ ਵੱਲ ਕੂਚ ਕਰਨਗੇ।
ਉਨ੍ਹਾਂ ਸਰਕਾਰ ਨੂੰ ਚਨੌਤੀ ਦਿੰਦਿਆਂ ਕਿਹਾ ਕਿ ਅਸੀਂ ਲੋਕਤੰਤਰਿਕ ਅਧਿਕਾਰ ਦੇ ਤਹਿਤ ਵਿਰੋਧ ਕਰਾਂਗੇ। ਜੇਕਰ ਸਰਕਾਰ ਨੇ ਜੰਤਰ-ਮੰਤਰ 'ਤੇ ਭੁੱਖ ਹੜਤਾਲ ਦੀ ਆਗਿਆ ਨਹੀਂ ਦਿੱਤੀ ਤਾਂ ਅਸੀਂ ਕੋਰਟ ਦਾ ਦਰਵਾਜਾ ਖੜਕਾਵਾਂਗੇ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਜਿਸ ਤਰ੍ਹਾਂ ਦਾ ਵਿਵਹਾਰ ਕਰ ਰਹੀ ਹੈ, ਉਹ ਰਾਵਣ ਤੇ ਕੰਸ ਵਰਗਾ ਹੈ। ਉਨ੍ਹਾਂ ਕਿ ਅੱਜ ਰਾਵਣ ਤੇ ਕੰਸ ਬਹੁਤ ਵਧ ਗਏ ਹਨ, ਇਸ ਲਈ ਹਰ ਭਾਰਤੀ ਨੂੰ ਰਾਮ ਅਤੇ ਕ੍ਰਿਸ਼ਨ ਦੀ ਭੂਮਿਕਾ 'ਚ ਆਉਣਾ ਹੋਵੇਗਾ।

ਵਹਿਸ਼ੀ ਨੇ ਵਿਕਲਾਂਗ ਲੜਕੀ ਨੂੰ ਵੀ ਨਹੀਂ ਬਖਸ਼ਿਆ

ਭਦੋਹੀ- ਉੱਤਰ ਪ੍ਰਦੇਸ਼ ਦੇ ਸੰਤ ਰਵੀਦਾਸਨਗਰ (ਭਦੋਹੀ) ਜ਼ਿਲੇ ਦੇ ਸ਼ਹਿਰ ਕੋਤਵਾਲੀ ਖੇਤਰ ਦੇ ਖੁਲਾਸਪੁਰ ਪਿੰਡ 'ਚ ਕੱਲ ਰਾਤ ਇਕ ਵਿਕਲਾਂਗ ਲੜਕੀ ਨਾਲ ਇਕ ਨੌਜਵਾਨ ਵਲੋਂ ਬਲਾਤਕਾਰ ਕਰਕੇ ਉਸ ਨੂੰ ਖੇਤ 'ਚ ਸੁੱਟ ਦਿੱਤਾ। ਪੁਲਸ ਨੇ ਦੱਸਿਆ ਕਿ 20 ਸਾਲਾ ਇਹ ਲੜਕੀ ਸ਼ਰੀਰਕ ਰੂਪ ਨਾਲ ਵਿਕਲਾਂਗ ਹੈ ਜੋ ਨਾ ਤਾਂ ਚੱਲ ਪਾਉਂਦੀ ਹੈ ਅਤੇ ਨਾ ਹੀ ਹੱਥਾਂ ਨਾਲ ਖਾਣਾ ਖਾ ਪਾਉਂਦੀ ਹੈ। ਪਰਿਵਾਰ ਵਾਲਿਆਂ ਨੇ ਉਸ ਨੂੰ ਦਰਵਾਜ਼ੇ ਕੋਲ ਰਾਤ 'ਚ ਬਾਹਰ ਸੁਲਾ ਦਿੱਤਾ। ਗੁਆਂਢ ਦਾ 21 ਸਾਲਾ ਡਬਲਯੂ. ਨਾਮਕ ਯੁਵਕ ਉਸਦਾ ਮੂੰਹ ਦਬਾ ਕੇ ਕੋਲ ਖੇਤਾਂ 'ਚ ਚੁੱਕ ਕੇ ਲੈ ਗਿਆ ਜਿੱਥੇ ਉਸ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸ ਨੂੰ ਉਥੇ ਛੱਡ ਕੇ ਚਲਾ ਗਿਆ। ਸਵੇਰੇ ਜਦੋਂ ਪਰਿਵਾਰ ਵਾਲਿਆਂ ਨੇ ਉਸ ਨੂੰ ਮੰਜੀ 'ਤੇ ਨਹੀਂ ਪਾਇਆ ਤਾਂ ਉਸਦੀ ਭਾਲ ਕੀਤੀ ਗਈ। ਬਾਅਦ 'ਚ ਲੜਕੀ ਅਰਹਰ ਦੇ ਖੇਤ 'ਚ ਪਾਈ ਗਈ। ਇਸ ਮਾਮਲੇ 'ਚ ਬਲਾਤਕਾਰ ਦਾ ਮੁਕੱਦਮਾ ਦਰਜ ਕਰਕੇ ਲੜਕੇ ਅਤੇ ਲੜਕੀ ਦੋਵਾਂ ਨੂੰ ਮੈਡੀਕਲ ਪ੍ਰੀਖਣ ਲਈ ਭੇਜ ਦਿੱਤਾ ਗਿਆ। ਦੋਸ਼ੀ ਪੁਲਸ ਹਿਰਾਸਤ 'ਚ ਹੈ।

ਜਿਸ ਦਾ ਕੀਤਾ ਸੀ ਉਦਘਾਟਨ, ਅੱਜ ਉਸੇ ਜੇਲ੍ਹ 'ਚ ਕੈਦ

ਪਟਿਆਲਾ 'ਚ ਸੀਬੀਆਈ ਅਦਾਲਤ ਵਲੋਂ ਸਜ਼ਾ ਯਾਫ਼ਤਾ ਕੈਬਨਿਟ ਮੰਤਰੀ  ਬੀਬੀ ਜਾਗੀਰ ਕੌਰ ਦੀ ਕਪੂਰਥਲਾ      ਜੇਲ੍ਹ 'ਚ ਵੀ ਪੂਰੀ ਪੁੱਛ-ਪ੍ਰਤੀਤ ਹੈ। ਜਦੋਂ ਹੀ ਸਰਕਾਰੀ ਗੱਡੀ ਉਨ੍ਹਾਂ ਨੂੰ ਪਟਿਆਲਾ ਤੋਂ ਕਪੂਰਥਲਾ ਜੇਲ੍ਹ ਲੈ ਕੇ ਪਹੁੰਚੀ ਤਾਂ ਜੇਲ੍ਹ ਅਧਿਕਾਰੀਆਂ ਨੇ ਉਨ੍ਹਾਂ ਦੇ ਗੋਡੀਂ ਹੱਥ ਲਾਏ। ਜੇਲ੍ਹ ਮੰਤਰੀ ਸਰਵਣ ਸਿੰਘ ਫਿਲੌਰ ਸਮੇਤ ਕੁਝ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਬੀਬੀ ਦੇ ਹਮਦਰਦ ਫਲ ਲੈ ਕੇ ਦਰਸ਼ਨਾਂ ਲਈ ਪਹੁੰਚੇ।
ਬੇਟੀ ਦਾ ਗਰਭਪਾਤ ਕਰਾਉਣ ਵਾਲੀ ਬੀਬੀ  ਆਪਣੇ ਮਿਲਣ ਵਾਲਿਆਂ ਨੂੰ ਫਲਾਂ ਦਾ ਪ੍ਰਸ਼ਾਦ ਦੇ ਰਹੇ ਸਨ। ਜ਼ਿਕਰਯੋਗ ਹੈ ਕਪੂਰਥਲਾ ਦੀ ਇਸ ਜੇਲ੍ਹ ਦਾ ਉਦਘਾਟਨ ਵੀ ਬੀਬੀ ਜਾਗੀਰ ਨੇ 5 ਮਹੀਨੇ ਪਹਿਲਾਂ ਕੀਤਾ ਸੀ। ਜੇਲ੍ਹ ਮੰਤਰੀ ਨੇ ਅਧਿਕਾਰੀਆਂ ਦਾ ਹਦਾਇਤਾਂ ਦਿੱਤੀਆਂ ਹਨ ਕਿ ਬੀਬੀ ਦਾ ਚੰਗੀ ਤਰ੍ਹਾਂ ਖਿਆਲ ਰੱਖਿਆ ਜਾਵੇ ਪਰ ਪੱਤਰਕਾਰਾਂ ਕੋਲ ਜੇਲ੍ਹ ਮੰਤਰੀ ਦਾ ਕਹਿਣਾ ਸੀ ਕਿ ਉਹ ਰੋਜ਼ ਚੈਕਿੰਗ 'ਤੇ ਆਏ ਸਨ।
ਬੇਗੋਵਾਲ ਵਾਸੀਆਂ ਨੇ ਬੀਬੀ ਜਾਗੀਰ ਕੌਰ ਨੂੰ ਜੇਲ੍ਹ  ਹੋਣ ਕਾਰਨ ਰੋਸ ਵਜੋਂ ਬਾਜ਼ਾਰ ਬੰਦ ਰੱਖੇ ਅਤੇ ਰੋਸ ਮਾਰਚ ਕੱਢਿਆ। ਅਕਾਲੀ ਆਗੂਆਂ ਬਾਜ਼ਾਰ ਬੰਦ ਕਰਵਾਉਣ ਲਈ ਮੁਹਿੰਮ ਵੀ ਸ਼ੁਰੂ ਕੀਤੀ ਪਰ  ਬਹੁਤ ਦੁਕਾਨਦਾਰਾਂ ਨੇ ਮੌਕੇ ਦੀ ਨਜ਼ਾਕਤ ਸਮਝਦਿਆਂ ਦੁਕਾਨਾਂ ਬੰਦ ਕਰ ਦਿੱਤੀਆਂ।

ਗੁਰਦਾਸਪੁਰ ਮਾਮਲਾ : ਨੌਜਵਾਨ ਦਾ ਅੰਤਮ ਸੰਸਕਾਰ, ਪੁਲਸ ਮੁਲਾਜ਼ਮ ਮੁਅੱਤਲ

ਗੁਰਦਾਸਪੁਰ : ਗੁਰਦਾਸਪੁਰ 'ਚ ਵੀਰਵਾਰ ਨੂੰ ਹਿੰਦੂ-ਸਿੱਖ ਸੰਗਠਨਾਂ 'ਚ ਹੋਏ ਟਰਾਆ ਨੂੰ ਕੰਟਰੋਲ ਕਰਦੇ ਸਮੇਂ ਪੁਲਸ ਵਲੋਂ ਚਲਾਈ ਗੋਲੀ ਨਾਲ ਸ਼ਹੀਦ ਹੋਏ ਸਿੱਖ ਨੌਜਵਾਨ ਜਸਪਾਲ ਸਿੰਘ ਦਾ ਅੱਜ ਸ਼ਾਂਮ ਅੰਤਮ ਸੰਸਕਾਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਜਸਪਾਲ ਦੇ ਸਮਰਥਕਾਂ ਦੀ ਮੰਗ ਕਿ ਦੋਸ਼ੀ ਪੁਲਸ ਮੁਲਾਜਮਾ ਵਿਰੁਧ ਪਰਚਾ ਦਰਜ ਕੀਤਾ ਜਾਵੇ। ਉਨ੍ਹਾਂ ਦੀਆਂ ਇਨ੍ਹਾਂ ਮੰਗਾਂ ਨੂੰ ਮੰਨਦਿਆਂ ਸਰਕਾਰ ਨੇ ਗੁਰਦਾਸਪੁਰ ਜਿਲ੍ਹੇ ਦੇ ਡੀ.ਸੀ. ਦਾ ਤਬਾਦਲਾ ਕਰ ਦਿੱਤਾ, ਐੱਸ.ਐੱਸ.ਪੀ. ਨੂੰ ਮੁਅੱਤਲ ਕਰ ਦਿੱਤਾ ਅਤੇ ਡੀ.ਐੱਸ.ਪੀ. ਵਿਰੁਧ ਪਰਚਾ ਦਰਜ ਕਰਕੇ ਮੁਅੱਤਲ ਕਰ ਦਿੱਤਾ। ਇਸ ਤੋਂ ਪਹਿਲਾਂ ਸਿੱਖ ਸੰਗਠਨਾਂ ਨੇ ਦੋਸ਼ੀ ਪੁਲਸ ਕਰਮਚਾਰੀਆਂ ਵਿਰੁਧ ਕਾਰਵਾਈ ਦੀ ਮੰਗ ਕਰਦਿਆਂ ਜਸਪਾਲ ਸਿੰਘ ਦਾ ਅੰਤਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਦੀ ਮੰਗ ਸੀ ਕਿ ਐੱਸ.ਐੱਸ.ਪੀ. ਨੂੰ ਮੁਅੱਤਲ ਕੀਤਾ ਜਾਵੇ ਅਤੇ ਡੀ.ਐੱਸ.ਪੀ. 'ਤੇ ਪਰਚਾ ਦਰਜ ਕੀਤਾ ਜਾਵੇ। ਉਧਰ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੇ ਵੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਸੀ ਕਿ ਦੋਸ਼ੀਆਂ ਵਿਰੁਧ ਸਖਤ ਕਾਰਵਾਈ ਕੀਤੀ ਜਾਵੇ। ਇਸ ਕਾਂਡ ਉਪਰੰਤ ਲੋਕਾਂ 'ਚ ਪੁਲਸ ਪ੍ਰਤੀ ਕਾਫੀ ਰੋਸ਼ ਪਾਇਆ ਜਾ ਰਿਹਾ ਸੀ।

ਮੁਨਸ਼ੀ ਵੱਲੋਂ ਕੀਤੀ ਕੁੱਟਮਾਰ ਦੇ ਰੋਸ ਵਜੋਂ
ਨਾਅਰੇਬਾਜ਼ੀ-ਕਾਰਵਾਈ ਕਰਨ ਦੀ ਮੰਗ

ਪੁਰਾਣਾ ਸ਼ਾਲਾ ਦੇ ਵਾਸੀ ਥਾਣੇ ਦੇ ਮੁਨਸ਼ੀ ਖਿਲਾਫ਼ ਨਾਅਰੇਬਾਜ਼ੀ ਤੇ ਗੁਰਨਾਮ ਸਿੰਘ
ਜ਼ੇਰੇ ਇਲਾਜ ਸਰਕਾਰੀ ਹਸਪਤਾਲ ਵਿਖੇ ਦਿਖਾਈ ਦੇ ਰਿਹਾ ਹੈ।

ਪੁਰਾਣਾ ਸ਼ਾਲਾ-ਸਥਾਨਿਕ ਥਾਣੇ ਦੇ ਮੁਨਸ਼ੀ ਨੇ ਤੈਸ਼ ਵਿਚ ਆ ਕੇ ਅੰਮ੍ਰਿਤਧਾਰੀ ਅੰਗਹੀਣ ਨੌਜਵਾਨ ਦੀ ਬੇਰਹਿਮੀ ਨਾਲ ਮਾਰ ਕੁਟਾਈ ਦੌਰਾਨ ਉਸ ਦੀ ਦਸਤਾਰ ਦੀ ਬੇਅਦਬੀ ਕੀਤੇ ਜਾਣ ਨਾਲ ਪਿੰਡ ਅੰਦਰ ਪੁਲਿਸ ਪ੍ਰਸ਼ਾਸਨ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪੀੜਤ ਗੁਰਨਾਮ ਸਿੰਘ (40) ਪੁੱਤਰ ਦੀਵਾਨ ਸਿੰਘ ਵਾਸੀ ਪੁਰਾਣਾ ਸ਼ਾਲਾ ਨੇ ਦੱਸਿਆ ਕਿ ਮੇਰੇ ਕੋਲ 29 ਕਨਾਲ 6 ਮਰਲੇ ਜ਼ਮੀਨ ਹੈ ਅਤੇ ਉਸ ਦੀ ਰਜਿਸਟਰੀ ਇੰਤਕਾਲ ਤੇ ਗਿਰਦਾਵਰੀਆਂ ਵੀ ਮੇਰੇ ਨਾਂਅ 'ਤੇ ਹਨ ਅਤੇ ਵਿਰੋਧੀ ਧਿਰ ਨਾਲ ਮਾਨਯੋਗ ਅਦਾਲਤ ਵਿਚ ਕੇਸ ਵੀ ਚੱਲਦਾ ਹੈ। ਉਨ੍ਹਾਂ ਦੱਸਿਆ ਕਿ ਥਾਣਾ ਮੁਨਸ਼ੀ ਹੇਮ ਰਾਜ ਦਾ ਰਿਸ਼ਤੇਦਾਰ ਤਰਸੇਮ ਲਾਲ ਵਾਸੀ ਨੌਸ਼ਹਿਰਾ ਪੱਤਣ ਜ਼ਿਲ੍ਹਾ ਹੁਸ਼ਿਆਰਪੁਰ ਦੀ ਮਦਦ ਕਰਨਾ ਚਾਹੁੰਦਾ ਸੀ ਅਤੇ ਮੈਨੂੰ ਅੱਜ ਥਾਣੇ ਬੁਲਾ ਕੇ ਕੁੱਝ ਪੁੱਛੇ ਬਿਨਾਂ ਹੀ ਮੇਰੇ 'ਤੇ ਡੰਡੇ ਦਾ ਹਮਲਾ ਕਰ ਦਿੱਤਾ ਅਤੇ ਇੰਨਾ ਮਾਰਿਆ ਕਿ ਮੈਂ ਉੱਥੇ ਬੇਹੋਸ਼ ਹੋ ਕੇ ਡਿੱਗ ਪਿਆ। ਜਦੋਂ ਮੇਰੀ ਪਤਨੀ ਸੁਖਵਿੰਦਰ ਕੌਰ ਨੇ ਪੁਲਿਸ ਦੇ ਨਾਜਾਇਜ਼ ਮਾਰਨ 'ਤੇ ਵਿਰੋਧ ਕੀਤਾ ਤਾਂ ਉਸ ਨੂੰ ਗਾਲੀ ਗਲੋਚ ਤੇ ਧੱਕੇ ਮਾਰ ਕੇ ਥਾਣੇ ਵਿਚੋਂ ਬਾਹਰ ਕੱਢ ਦਿੱਤਾ। ਗੁਰਦਾਸਪੁਰ ਸ਼ਹਿਰ ਵਿਚ ਕਰਫਿਊ ਹੋਣ ਕਰਕੇ ਉਸ ਨੂੰ 108 ਨੰਬਰ ਗੱਡੀ ਵਿਚ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ। ਪੁਰਾਣਾ ਸ਼ਾਲਾ ਪੁਲਿਸ ਵੱਲੋਂ ਮੁਨਸ਼ੀ ਹੇਮ ਰਾਜ ਦੇ ਖਿਲਾਫ਼ ਕਾਰਵਾਈ ਨਾ ਹੋਣ ਕਰਕੇ ਸਰਪੰਚ ਜੋਗਾ ਸਿੰਘ, ਗੁਰਵਿੰਦਰ ਸਿੰਘ, ਸਰਪੰਚ ਮਲਕੀਤ ਸਿੰਘ, ਸੁਰਿੰਦਰ ਸਿੰਘ, ਮੇਜਰ ਬਲਦੇਵ ਸਿੰਘ, ਮੈਂਬਰ ਪੰਚਾਇਤ ਰਾਮ ਲਾਲ, ਜੋਗ ਰਾਜ ਸਿੰਘ ਮੈਂਬਰ ਪੰਚਾਇਤ, ਤਰਸੇਮ ਲਾਲ, ਸਲਿੰਦਰ ਕੌਰ, ਮਨਜੀਤ ਕੌਰ, ਮਹਿੰਦਰ ਸਿੰਘ, ਧਰਮ ਸਿੰਘ, ਨਿਰਭੈਅ ਸਿੰਘ ਆਦਿ ਨੇ ਪੁਲਿਸ ਪ੍ਰਸ਼ਾਸਨ ਖਿਲਾਫ ਡੱਟ ਕੇ ਨਾਅਰੇਬਾਜ਼ੀ ਕੀਤੀ ਅਤੇ ਕਿਹਾ ਕਿ ਮੁਨਸ਼ੀ ਖਿਲਾਫ਼ ਬਣਦੀ ਕਾਰਵਾਈ ਨਾ ਹੋਈ ਤਾਂ ਇਲਾਕਾ ਨਿਵਾਸੀਆਂ ਵਲੋਂ 4 ਅਪ੍ਰੈਲ ਨੂੰ ਥਾਣੇ ਦਾ ਘਿਰਾਓ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪੁਲਿਸ ਖੁਦ ਮਨ ਰਹੀ ਹੈ ਕਿ ਹੇਮ ਰਾਜ ਨੇ ਗਲਤੀ ਕੀਤੀ। ਗੁਰਨਾਮ ਸਿੰਘ ਦੀ ਅੱਜ ਆਈ ਮੈਡੀਕਲ ਰਿਪੋਰਟ ਵਿਚ 23-24 ਕੇਸ ਬਣਿਆ ਹੈ।


ਅੰਮ੍ਰਿਤਸਰ 'ਚ ਨਾਜਾਇਜ਼ ਟੈਂਪੂਆਂ ਦੀ ਗਿਣਤੀ ਪੁੱਜੀ ਹਜ਼ਾਰਾਂ 'ਚ



ਗੁਰੂ ਨਗਰੀ 'ਚ ਟੈਂਪੂਆਂ ਦੇ ਜਾਮ ਨਾਲ ਘਿਰੇ ਰਸਤਿਆਂ
ਦੇ ਵੱਖ-ਵੱਖ ਦ੍ਰਿਸ਼।
ਅੰਮ੍ਰਿਤਸਰ -ਅੱਜ ਗੱਡੀਆਂ ਦੀ ਅੰਨ੍ਹੇਵਾਹ ਵੱਧਦੀ ਗਿਣਤੀ ਨੇ ਜਿੱਥੇ ਆਵਾਜਾਈ ਦੀ ਸਮੱਸਿਆ ਨੂੰ ਵਧਾ ਦਿੱਤਾ ਹੈ, ਉੱਥੇ ਦੂਸਰੇ ਪਾਸੇ ਇਸ ਤੋਂ ਪੈਦਾ ਹੋਣ ਵਾਲੇ ਪ੍ਰਦੂਸ਼ਣ ਨੇ ਲੋਕਾਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਬਣਾ ਦਿੱਤਾ ਹੈ। ਅੱਜ ਅਸੀ ਗੱਲ ਕਰੀਏ ਤਾਂ ਸ਼ਹਿਰ ਅੰਮ੍ਰਿਤਸਰ 'ਚ ਟੈਂਪੂਆਂ ਦੀ ਗਿਣਤੀ ਲੱਖਾਂ 'ਚ ਹੈ ਜਿੰਨ੍ਹਾਂ 'ਚੋਂ ਹਜ਼ਾਰਾਂ ਕਥਿਤ ਨਜਾਇਜ਼ ਹੈ। ਅੱਜ ਸ਼ਹਿਰ 'ਚ 30 ਹਜ਼ਾਰ 'ਤੋਂ ਵੀ ਜਿਆਦਾ ਟੈਂਪੂ ਚਲ ਰਹੇ ਹਨ ਜਿੰਨ੍ਹਾਂ 'ਚ ਅੱਧ ਤੋਂ ਜਿਆਦਾ ਚਾਲਕਾਂ ਕੋਲ ਡਰਾਈਵਿੰਗ ਲਾਈਸੈਂਸ ਹੀ ਨਹੀਂ ਹਨ, ਦੂਸਰੇ ਪਾਸੇ ਇਹੋ ਜਿਹੇ ਵੀ ਚਾਲਕ ਹਨ ਜਿਹੜੇ ਅਜੇ ਨਾਬਾਲਗ ਹਨ ਪਰ ਇਸਦੇ ਬਾਵਜੂਦ ਵੀ ਸ਼ਹਿਰ 'ਚ ਇਨ੍ਹਾਂ ਦੀ ਗਿਣਤੀ ਨੂੰ ਰੋਕਣ ਲਈ ਨਾ ਤਾਂ ਸਰਕਾਰ ਕੁਝ ਕਰ ਰਹੀ ਹੈ ਅਤੇ ਨਾ ਹੀ ਪ੍ਰਸ਼ਾਸ਼ਨ। ਵਹੀਕਲ ਐਕਟ ਦੇ ਤਹਿਤ ਹਰੇਕ ਟੈਂਪੂ 'ਚ ਕਰੀਬ 3 ਸਵਾਰੀਆਂ ਬੈਠਣੀਆਂ ਚਾਹੀਦੀਆਂ ਹਨ ਪਰ ਇਨ੍ਹਾਂ ਨਿਯਮਾਂ ਦੀਆਂ ਧੱਜੀਆਂ ਨੂੰ ਉਡਾਂਦੇ ਹੋਏ ਟੈਂਪੂ 'ਚ 10 ਤੋਂ ਵੀ ਜਿਆਦਾ ਸਵਾਰੀਆਂ ਬਿਠਾਈਆਂ ਜਾਂਦੀਆਂ ਹਨ। ਇਸੇ ਤਰ੍ਹਾਂ ਜਿਹੜੀ ਗੱਡੀ 15 ਸਾਲ ਪੁਰਾਣੀ ਹੋ ਗਈ ਹੈ ਉਸਨੂੰ ਪ੍ਰਦੂਸ਼ਣ ਫ਼ੈਲਾਉਣ ਦੀ ਦ੍ਰਿਸ਼ਟੀ ਨਾਲ ਨਹੀਂ ਚਲਣ ਦੇਣਾ ਚਾਹੀਦਾ ਪਰ ਅੱਜ ਸ਼ਹਿਰ 'ਚ ਕਈ ਸਾਲ ਪੁਰਾਣੇ ਟੈਂਪੂ ਧੜੱਲੇ ਨਾਲ ਚਲ ਰਹੇ ਹਨ। ਸਕੂਲਾਂ ਦੀ ਗੱਲ ਕਰੀਏ ਤਾਂ ਸਕੂਲੀ ਬੱਚਿਆਂ ਨੂੰ ਟੈਂਪੂ 'ਚ ਤੁਨ-ਤੁਨ ਕੇ ਬਿਠਾਇਆ ਜਾਂਦਾ ਹੈ ਜਿਹੜੇ ਕਈ ਵਾਰ ਦੁਰਘਟਨਾ ਦਾ ਵੀ ਕਾਰਨ ਬਣ ਜਾਂਦੇ ਹਨ। ਅੱਜ ਅਸੀ ਦੇਖੀਏ ਤਾਂ ਸ਼ਹਿਰ 'ਚ ਸਭ ਤੋਂ ਜਿਆਦਾ ਭੀੜ-ਭੜੱਕੇ ਵਾਲੇ ਇਲਾਕੇ ਬੱਸ ਸਟੈਂਡ, ਰੇਲਵੇ ਸਟੇਸ਼ਨ, ਰਾਮਬਾਗ ਚੌਂਕ, ਹਾਲ ਗੇਟ, ਹੁਸੈਨਪੁਰਾ ਚੌਂਕ, ਮਹਾ ਸਿੰਘ ਗੇਟ, ਚਾਟੀਵਿੰਡ ਗੇਟ, ਫ਼ੋਰ ਐੱਸ ਚੌਂਕ, ਮਜੀਠਾ ਰੋਡ, ਪੁਤਲੀਘਰ ਚੌਂਕ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਜੀ. ਟੀ. ਰੋਡ, ਛੇਹਰਟਾ ਚੌਂਕ ਆਦਿ 'ਚ ਟੈਂਪੂਆਂ ਦੀ ਕਾਫ਼ੀ ਲੱਗੀ ਹੁੰਦੀ ਹੈ ਜਿਹੜੇ ਕਿ ਇਕ ਪਾਸੇ ਤਾਂ ਆਵਾਜਾਈ ਦੇ ਲਈ ਸਮੱਸਿਆ ਬਣੇ ਹੁੰਦੇ ਹਨ, ਉੱਥੇ ਦੂਜੇ ਪਾਸੇ ਹਾਦਸਿਆਂ ਦਾ ਵੀ ਕਾਰਨ ਬਣਦੇ ਹਨ। ਸ਼ਹਿਰ 'ਚ ਸਭ ਤੋਂ ਜਿਆਦਾ ਪ੍ਰਦੂਸ਼ਣ ਫ਼ੈਲਾਉਣ ਵਿਚ ਇਨ੍ਹਾਂ ਥ੍ਰੀਵੀਲਰਾਂ ਵਾਲਿਆਂ ਦਾ ਹੱਥ ਹੈ ਜਿਹੜੇ ਕੁਝ ਚਾਲਕ ਥੋੜ੍ਹੇ ਜਿਹੇ ਲਾਲਚ ਦੇ ਕਾਰਨ ਡੀਜ਼ਲ ਦੇ ਨਾਲ ਮਿੱਟੀ ਦਾ ਤੇਲ ਪਾ ਲੈਂਦੇ ਹਨ ਜਿਹੜਾ ਕਿ ਸਾਹ ਰਾਹੀਂ ਸਾਡੇ ਅੰਦਰ ਜਾ ਕੇ ਬਿਮਾਰੀਆਂ ਦਾ ਕਾਰਨ ਬਣਦਾ ਹੈ।

ਸ਼ਹਿਰ ਦੇ ਇਕ ਮੰਨ੍ਹੇ-ਪ੍ਰਮੰਨ੍ਹੇ ਵਿਅਕਤੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਅੱਜ ਸ਼ਹਿਰ 'ਚ ਜਿੰਨ੍ਹੇ ਵੀ ਥ੍ਰੀਵੀਲਰ ਚਲ ਰਹੇ ਹਨ ਉਨ੍ਹਾਂ 'ਚੋਂ ਜਿਆਦਾਤਰ ਚਾਲਕਾਂ ਦੇ ਕੋਲ ਡਰਾਈਵਿੰਗ ਲਾਈਸੈਂਸ ਦੇ ਨਾਲ-ਨਾਲ ਕਾਗਜ਼ਾਤ ਵੀ ਨਹੀਂ ਹਨ। ਇਸਦੇ ਇਲਾਵਾ ਕਈ ਇਹੋ ਜਿਹੇ ਵੀ ਚਾਲਕ ਹਨ ਜਿਹੜੇ ਕਿਰਾਏ 'ਤੇ ਟੈਂਪੂ ਲੈ ਕੇ ਚਲਾ ਰਹੇ ਹਨ। ਉਸਨੇ ਦੱਸਿਆ ਕਿ ਇਨ੍ਹਾਂ ਕੋਲ ਕੈਰਿਜ਼ ਅਤੇ ਵਰਕ ਪਰਮਿਟ ਵੀ ਨਹੀਂ ਹੈ ਜਿਹੜਾ ਕਿ ਦੂਸਰੇ ਦਿੱਲੀ ਵਰਗੇ ਵੱਡੇ ਸ਼ਹਿਰਾਂ ਦੇ ਚਾਲਕਾਂ ਕੋਲ ਹੁੰਦਾ ਹੈ। ਸਰਕਾਰ ਅਤੇ ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਇਨ੍ਹਾਂ ਦੇ ਖਿਲਾਫ਼ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਕੇ ਇਨ੍ਹਾਂ 'ਤੇ ਰੋਕ ਲਗਾਈ ਜਾਵੇ ਤਾਂ ਕਿ ਪੂਰੀ ਦੁਨੀਆਂ 'ਚ ਪ੍ਰਸਿੱਧ ਗੁਰੂ ਕੀ ਨਗਰੀ ਅੰਮ੍ਰਿਤਸਰ ਨੂੰ ਪ੍ਰਦੂਸ਼ਣ ਰਹਿਤ ਅਤੇ ਆਵਾਜਾਈ ਦੇ ਮਾਮਲੇ 'ਚ ਵਧੀਆ ਬਣਾਇਆ ਜਾ ਸਕੇ।
ਨਸ਼ੇ ਦਾ ਕਾਰੋਬਾਰ ਕਰਨ ਵਾਲੇ 6 ਕਾਬੂ

ਤਰਨ ਤਾਰਨ ਵਿਖੇ ਹੈਰੋਇਨ ਸਮੇਤ ਫੜੇ ਵਿਅਕਤੀ ਬਾਰੇ ਜਾਣਕਾਰੀ ਦਿੰਦੇ ਹੋਏ ਸਪੈਸ਼ਲ ਸਟਾਫ ਦੇ ਇੰਚਾਰਜ ਪ੍ਰਭਜੀਤ ਸਿੰਘ ਤੇ ਪੁਲਿਸ ਪਾਰਟੀ।

ਤਰਨ ਤਾਰਨ- ਜ਼ਿਲ੍ਹਾ ਪੁਲਿਸ ਨੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਫੜੇ ਗਏ ਵਿਅਕਤੀਆਂ ਦੇ ਕਬਜ਼ੇ 'ਚੋਂ ਪੁਲਿਸ ਨੇ ਸਮੈਕ, ਨਸ਼ੀਲੀਆਂ ਦਵਾਈਆਂ, ਹੈਰੋਇਨ ਤੇ ਸ਼ਰਾਬ ਬਰਾਮਦ ਕੀਤੀ ਹੈ। ਪੁਲਿਸ ਨੇ ਵੱਖ ਵੱਖ ਥਾਣਿਆਂ 'ਚ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਮਨਮਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਖ਼ਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਭਾਰੀ ਸਫਲਤਾ ਮਿਲ ਰਹੀ ਹੈ। ਉਨ੍ਹਾਂ ਦੱਸਿਆ ਕਿ ਸਪੈਸ਼ਲ ਸਟਾਫ ਤਰਨ ਤਾਰਨ ਦੇ ਏ.ਐਸ.ਆਈ. ਹਰਜਿੰਦਰ ਸਿੰਘ, ਕੁਲਵਿੰਦਰ ਸਿੰਘ ਤੇ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਦੱਸਿਆ ਕਿ ਪਿੰਡ ਰਸੂਲਪੁਰ ਦੇ ਨਜ਼ਦੀਕ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਦੇ ਕੋਲੋਂ 50 ਗ੍ਰਾਮ ਹੈਰੋਇਨ ਬਰਾਮਦ ਹੋਈ। ਫੜ੍ਹੇ ਗਏ ਵਿਅਕਤੀ ਦੀ ਪਛਾਣ ਹਰਜੀਤ ਸਿੰਘ ਪੁੱਤਰ ਰਣਧੀਰ ਸਿੰਘ ਵਾਸੀ ਹਵੇਲੀਆਂ ਦੇ ਰੂਪ ਵਿਚ ਹੋਈ। ਇਸ ਸਬੰਧੀ ਥਾਣਾਂ ਸਰਾਏ ਅਮਾਨਤ ਖਾਂ ਵਿਖੇ ਐਨ.ਡੀ.ਪੀ.ਐਸ. ਐਕਟ ਅਧੀਨ ਕਾਰਵਾਈ ਕੀਤੀ ਗਈ ਹੈ। ਇਸੇ ਤਰ੍ਹਾਂ ਥਾਣਾ ਪੱਟੀ ਦੀੇ ਏ.ਐਸ.ਆਈ. ਕੇਵਲ ਸਿੰਘ ਨੇ ਕ੍ਰਿਸ਼ਨਦੀਪ ਪੁਰੀ ਵਾਸੀ ਵਾਰਡ ਨੰ: 10 ਦੇ ਕੋਲੋਂ 4 ਗ੍ਰਾਮ ਸਮੈਕ, ਪੱਟੀ ਪੁਲਿਸ ਦੇ ਏ.ਐਸ.ਆਈ. ਬਲਵਿੰਦਰ ਸਿੰਘ ਨੇ ਹਰਪਾਲ ਸਿੰਘ ਵਾਸੀ ਵਾਰਡ ਨੰ: 13 ਮੀਰਾਂ ਵਾਲੀ ਬਸਤੀ ਪੱਟੀ ਕੋਲੋਂ 500 ਨਸ਼ੀਲ ਕੈਪਸੂਲ, ਥਾਣਾ ਖੇਮਕਰਨ ਦੀ ਪੁਲਿਸ ਨੇ ਗੁਰਲਾਲ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਭੂਰਾ ਕੋਹਨਾ ਕੋਲੋਂ 700 ਨਸ਼ੀਲੀਆਂ ਗੋਲੀਆਂ, ਪੱਟੀ ਪੁਲਿਸ ਨੇ ਐਚ.ਸੀ. ਹਰਜੀਤ ਸਿੰਘ ਨੇ ਰਵਿੰਦਰ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਪੱਟੀ ਕੋਲੋਂ 15000 ਮਿਲੀਲੀਟਰ ਸ਼ਰਾਬ ਅਤੇ ਥਾਣਾ ਸਿਟੀ ਦੀ ਪੁਲਿਸ ਨੇ ਮੂਲਾ ਉਰਫ ਟੀਨੂੰ ਵਾਸੀ ਮੁਹੱਲਾ ਜਸਵੰਤ ਸਿੰਘ ਤਰਨ ਤਾਰਨ ਕੋਲੋਂ 24 ਬੋਤਲਾਂ ਅੰਗਰੇਜ਼ੀ ਸ਼ਰਾਬ ਬਰਾਮਦ ਕਰਕੇ ਵੱਖ ਵੱਖ ਥਾਣਿਆਂ 'ਚ ਕਾਰਵਾਈ ਕਰ ਦਿੱਤੀ ਹੈ।

ਟੈਂਡਰਾਂ ਦੇ ਫਾਰਮ ਨਾ ਮਿਲਣ ਤੇ ਭੜਕੇ ਮਜ਼ਦੂਰ


 ਸਰਕਾਰ ਅਤੇ ਖੁਰਾਕ ਸਪਲਾਈ ਵਿਭਾਗ ਖਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਮਜ਼ਦੂਰ ਆਗੂ ਅਤੇ (ਥੱਲੇ) ਪ੍ਰਦਰਸ਼ਨ ਦੇ ਦੌਰਾਨ ਭੰਨੀ ਗਈ ਪੁਲਿਸ ਵੈਨ।
ਸ੍ਰੀ ਮੁਕਤਸਰ ਸਾਹਿਬ. - ਜਿਲ੍ਹੇ ਭਰ ਦੇ ਖਰੀਦ ਕੇਂਦਰਾਂ 'ਤੇ ਲਦਾਈ/ ਲੁਹਾਈ ਅਤੇ ਟਰਾਂਸਪੋਰਟ ਦੇ ਠੇਕੇ ਨੂੰ ਲੈ ਕੇ ਪਿਛਲੇ ਕੁੱਝ ਦਿਨਾਂ ਤੋਂ ਜ਼ਿਲ੍ਹਾ ਫੂਡ ਅਤੇ ਸਪਲਾਈ ਵਿਭਾਗ ਅਤੇ ਮਜ਼ਦੂਰ ਵਰਗ ਦੇ ਵਿਚ ਚੱਲ ਰਹੇ ਝਗੜੇ ਨੇ ਅੱਜ ਗੰਭੀਰ ਰੂਪ ਧਾਰਨ ਕਰ ਲਿਆ। ਮਜ਼ਦੂਰ ਵਰਗ ਨੇਂ ਰੋਸ ਪ੍ਰਦਰਸ਼ਨ ਕੀਤਾ ਇਕ ਪੁਲਿਸ ਵੈਨ ਨੂੰ ਵੀ ਤੋੜ ਦਿੱਤਾ।
ਵਰਣਨਯੋਗ ਹੈ ਕਿ ਖੁਰਾਕ ਸਪਲਾਈ ਵਿਭਾਗ ਵੱਲੋਂ ਅਗਲੇ ਸਾਲ ਲਈ ਲਦਾਈ/ਲੁਹਾਈ ਅਤੇ ਟਰਾਂਸਪੋਰਟ ਦੇ ਠੇਕੇ ਲਈ ਟੈਂਡਰ ਕੀਤੇ ਜਾਣੇ ਹਨ। ਇਸ ਸੰਬੰਧ ਵਿਚ ਵਿਭਾਗ ਨੇ ਟੈਂਡਰ ਲਈ ਫਾਰਮ ਜਾਰੀ ਕਰ ਦਿੱਤੇ ਸਨ, ਜਿਨ੍ਹਾਂ ਨੂੰ ਖਰੀਦਣ ਦੀ ਅੰਤਿਮ ਤਰੀਕ 29 ਮਾਰਚ 2012 ਸੀ, ਪ੍ਰੰਤੂ ਵਿਭਾਗ ਵੱਲੋਂ ਇਸ ਤਰੀਕ ਨੂੰ ਵਧਾ ਕਰ 31 ਮਾਰਚ ਕਰ ਦਿੱਤਾ ਸੀ। ਟੈਂਡਰ 2 ਅਪ੍ਰੈਲ ਨੂੰ ਭਰੇ ਜਾਣੇ ਹਨ ਅਤੇ 4 ਅਪ੍ਰੈਲ ਨੂੰ ਕੱਢੇ ਜਾਣਗੇ। ਪ੍ਰੰਤੂ ਆਲ ਇੰਡੀਆ ਫੂਡ ਐਂਡ ਅਲਾਈਡ ਯੂਨੀਅਨ ਅਤੇ ਲਾਲ ਝੰਡਾ ਪੱਲੇਦਾਰ ਯੂਨੀਅਨ ਸੀਟੂ ਦੇ ਅਧੀਨ ਕੰਮ ਕਰਨ ਵਾਲੇ ਮਜ਼ਦੂਰਾਂ
ਵੱਲੋਂ ਟੈਂਡਰਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ। ਕਿਰਤ ਸੰਗਠਨ ਦਾ ਦੋਸ਼ ਸੀ ਕਿ ਰਾਜਨੀਤਿਕ ਦਬਾਅ ਦੇ ਚੱਲਦੇ ਵਿਭਾਗ ਦਾ ਸਥਾਨਕ ਦਫਤਰ ਉਨ੍ਹਾਂ ਨੂੰ ਟੈਂਡਰ ਫਾਰਮ ਨਹੀਂ ਖਰੀਦਣ ਦੇ ਰਿਹਾ ਹੈ।
ਇਸ ਮਾਮਲੇ ਨੂੰ ਲੈ ਕੇ ਅੱਜ ਅੰਤਿਮ ਦਿਨ ਸਥਾਨਕ ਡੀ. ਸੀ ਦਫ਼ਤਰ ਵਿਚ ਅੱਜ ਸਵੇਰੇ ਨਾਲ ਹੀ ਵੱਡੀ ਗਿਣਤੀ ਵਿੱਚ ਮਜ਼ਦੂਰ ਇਕੱਠੇ ਹੋ ਗਏ। ਇਸ ਦੌਰਾਨ ਉਨ੍ਹਾਂ ਨੇ ਜੰਮ ਕੇ ਵਿਭਾਗ ਅਤੇ ਕੁੱਝ ਆਗੂਆਂ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਦੇ ਬਾਅਦ ਉਨ੍ਹਾਂ ਵੱਲੋਂ ਡੀ.ਸੀ. ਦਫ਼ਤਰ ਦੇ ਨਜ਼ਦੀਕ ਬਾਈਪਾਸ ਰਸਤੇ 'ਤੇ ਜਾਮ ਲਗਾ ਦਿੱਤਾ। ਇਸ ਦੌਰਾਨ ਕੁੱਝ ਪੁਲਿਸ ਕਰਮਚਾਰੀ ਪੁਲਿਸ ਵੈਨ ਵਿੱਚ ਅਦਾਲਤ ਵਿੱਚ ਪੇਸ਼ੀ ਕਰਵਾ ਕਰ ਕੇ 7 ਕੈਦੀਆਂ ਨੂੰ ਵਾਪਿਸ ਸਥਾਨਕ ਸਬ ਜੇਲ੍ਹ ਵਿੱਚ ਲੈ ਕੇ ਜਾ ਰਹੇ ਸਨ।ਜਦੋਂ ਉਨ੍ਹਾਂ ਨੇ ਜਾਮ ਲਗਾ ਕੇ ਬੈਠੇ ਮਜ਼ਦੂਰਾਂ ਨੂੂੰ ਹੱਟਣ ਨੂੰ ਕਿਹਾ ਤਾਂ ਡਰਾਈਵਰ ਅਤੇ ਮਜ਼ਦੂਰਾਂ ਦੇ ਵਿੱਚ ਝੜਪ ਹੋ ਗਈ। ਮਜ਼ਦੂਰਾਂ ਨੇ ਵੈਨ 'ਤੇ ਪੱਥਰ ਚਲਾ ਦਿੱਤੇ। ਵੈਨ ਦੇ ਸ਼ੀਸ਼ੇ ਬੁਰੀ ਤਰ੍ਹਾਂ ਟੁੱਟ ਗਏ ਅਤੇ ਪੁਲਿਸ ਨੇ ਵੱਡੀ ਮੁਸ਼ਕਿਲ ਨਾਲ ਕੈਦੀਆਂ ਨੂੰ ਉੱਥੋ ਤੋਂ ਕੱਢਿਆ। ਪ੍ਰੰਤੂ ਇਸ ਵਿੱਚ ਇੱਕ ਸਿਪਾਹੀ ਜਗਸੀਰ ਸਿੰਘ ਅਤੇ ਡਰਾਈਵਰ ਲਖਵਿੰਦਰ ਸਿੰਘ ਨੂੰ ਸੱਟ ਲੱਗ ਗਈ। ਜਿਨ੍ਹਾਂ ਨੂੰ ਸਥਾਨਕ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਅਸਲ ਵਿੱਚ ਹੋਣ ਵਾਲੇ ਟੈਂਡਰ ਦੇ ਤਹਿਤ ਲਦਾਈ/ਲੁਹਾਈ ਅਤੇ ਟਰਾਂਸਪੋਰਟ ਦਾ ਠੇਕਾ ਇੱਕ ਨਾਲ ਹੋਣਾ ਹੈ। ਪਰ ਮਜ਼ਦੂਰ ਚਾਹੁੰਦੇ ਸੀ ਕਿ ਮਜ਼ਦੂਰੀ ਦਾ ਠੇਕਾ ਉਨ੍ਹਾਂ ਨੂੰ ਦਿੱਤਾ ਜਾਵੇ। ਜਦੋਂ ਕਿ ਟਰਾਂਸਪੋਰਟ ਦਾ ਠੇਕਾ ਕਿਸੇ ਹੋਰ ਨੂੰ ਦਿੱਤਾ ਜਾਵੇ। ਬਾਅਦ ਵਿੱਚ ਵਿਭਾਗ ਵੱਲੋਂ ਫਾਰਮ ਦਿੱਤੇ ਜਾਣ 'ਤੇ ਲੇਬਰ ਯੂਨੀਅਨ ਦਾ ਗੁੱਸਾ ਸ਼ਾਂਤ ਹੋਇਆ। ਥਾਣਾ ਸਦਰ ਮੁਖੀ ਜਸਬੀਰ ਸਿੰਘ ਪੰਨੁ ਨੇ ਦੱਸਿਆ ਕਿ ਹੌਲਦਾਰ ਲਖਵਿੰਦਰ ਸਿੰਘ ਦੇ ਬਿਆਨ 'ਤੇ ਗੁਰਮੀਤ ਸਿੰਘ, ਬੇਅੰਤ ਸਿੰਘ, ਕਾਲਾ, ਬਲਵਿੰਦਰ ਸਿੰਘ, ਸੁਖਚੈਨ ਸਿੰਘ ਅਤੇ ਗੁਰਪ੍ਰੀਤ ਸਿੰਘ ਸਮੇਤ ਲਗਭਗ 20 ਅਣਪਛਾਤੇ ਆਦਮੀਆਂ ਦੇ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਮਾਮਲੇ ਨੂੰ ਲੈ ਕੇ ਅੱਜ ਅੰਤਿਮ ਦਿਨ ਸਥਾਨਕ ਡੀ. ਸੀ ਦਫ਼ਤਰ ਵਿਚ ਅੱਜ ਸਵੇਰੇ ਨਾਲ ਹੀ ਵੱਡੀ ਗਿਣਤੀ ਵਿੱਚ ਮਜ਼ਦੂਰ ਇਕੱਠੇ ਹੋ ਗਏ। ਇਸ ਦੌਰਾਨ ਉਨ੍ਹਾਂ ਨੇ ਜੰਮ ਕੇ ਵਿਭਾਗ ਅਤੇ ਕੁੱਝ ਆਗੂਆਂ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਦੇ ਬਾਅਦ ਉਨ੍ਹਾਂ ਵੱਲੋਂ ਡੀ.ਸੀ. ਦਫ਼ਤਰ ਦੇ ਨਜ਼ਦੀਕ ਬਾਈਪਾਸ ਰਸਤੇ 'ਤੇ ਜਾਮ ਲਗਾ ਦਿੱਤਾ। ਇਸ ਦੌਰਾਨ ਕੁੱਝ ਪੁਲਿਸ ਕਰਮਚਾਰੀ ਪੁਲਿਸ ਵੈਨ ਵਿੱਚ ਅਦਾਲਤ ਵਿੱਚ ਪੇਸ਼ੀ ਕਰਵਾ ਕਰ ਕੇ 7 ਕੈਦੀਆਂ ਨੂੰ ਵਾਪਿਸ ਸਥਾਨਕ ਸਬ ਜੇਲ੍ਹ ਵਿੱਚ ਲੈ ਕੇ ਜਾ ਰਹੇ ਸਨ।ਜਦੋਂ ਉਨ੍ਹਾਂ ਨੇ ਜਾਮ ਲਗਾ ਕੇ ਬੈਠੇ ਮਜ਼ਦੂਰਾਂ ਨੂੂੰ ਹੱਟਣ ਨੂੰ ਕਿਹਾ ਤਾਂ ਡਰਾਈਵਰ ਅਤੇ ਮਜ਼ਦੂਰਾਂ ਦੇ ਵਿੱਚ ਝੜਪ ਹੋ ਗਈ। ਮਜ਼ਦੂਰਾਂ ਨੇ ਵੈਨ 'ਤੇ ਪੱਥਰ ਚਲਾ ਦਿੱਤੇ। ਵੈਨ ਦੇ ਸ਼ੀਸ਼ੇ ਬੁਰੀ ਤਰ੍ਹਾਂ ਟੁੱਟ ਗਏ ਅਤੇ ਪੁਲਿਸ ਨੇ ਵੱਡੀ ਮੁਸ਼ਕਿਲ ਨਾਲ ਕੈਦੀਆਂ ਨੂੰ ਉੱਥੋ ਤੋਂ ਕੱਢਿਆ। ਪ੍ਰੰਤੂ ਇਸ ਵਿੱਚ ਇੱਕ ਸਿਪਾਹੀ ਜਗਸੀਰ ਸਿੰਘ ਅਤੇ ਡਰਾਈਵਰ ਲਖਵਿੰਦਰ ਸਿੰਘ ਨੂੰ ਸੱਟ ਲੱਗ ਗਈ। ਜਿਨ੍ਹਾਂ ਨੂੰ ਸਥਾਨਕ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਅਸਲ ਵਿੱਚ ਹੋਣ ਵਾਲੇ ਟੈਂਡਰ ਦੇ ਤਹਿਤ ਲਦਾਈ/ਲੁਹਾਈ ਅਤੇ ਟਰਾਂਸਪੋਰਟ ਦਾ ਠੇਕਾ ਇੱਕ ਨਾਲ ਹੋਣਾ ਹੈ। ਪਰ ਮਜ਼ਦੂਰ ਚਾਹੁੰਦੇ ਸੀ ਕਿ ਮਜ਼ਦੂਰੀ ਦਾ ਠੇਕਾ ਉਨ੍ਹਾਂ ਨੂੰ ਦਿੱਤਾ ਜਾਵੇ। ਜਦੋਂ ਕਿ ਟਰਾਂਸਪੋਰਟ ਦਾ ਠੇਕਾ ਕਿਸੇ ਹੋਰ ਨੂੰ ਦਿੱਤਾ ਜਾਵੇ। ਬਾਅਦ ਵਿੱਚ ਵਿਭਾਗ ਵੱਲੋਂ ਫਾਰਮ ਦਿੱਤੇ ਜਾਣ 'ਤੇ ਲੇਬਰ ਯੂਨੀਅਨ ਦਾ ਗੁੱਸਾ ਸ਼ਾਂਤ ਹੋਇਆ। ਥਾਣਾ ਸਦਰ ਮੁਖੀ ਜਸਬੀਰ ਸਿੰਘ ਪੰਨੁ ਨੇ ਦੱਸਿਆ ਕਿ ਹੌਲਦਾਰ ਲਖਵਿੰਦਰ ਸਿੰਘ ਦੇ ਬਿਆਨ 'ਤੇ ਗੁਰਮੀਤ ਸਿੰਘ, ਬੇਅੰਤ ਸਿੰਘ, ਕਾਲਾ, ਬਲਵਿੰਦਰ ਸਿੰਘ, ਸੁਖਚੈਨ ਸਿੰਘ ਅਤੇ ਗੁਰਪ੍ਰੀਤ ਸਿੰਘ ਸਮੇਤ ਲਗਭਗ 20 ਅਣਪਛਾਤੇ ਆਦਮੀਆਂ ਦੇ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਹਸਪਤਾਲ ਵਿੱਚ ਜੱਚਾ-ਬੱਚਾ ਦੀ ਮੌਤ


 ਹਸਪਤਾਲ ਦੇ ਡਾਕਟਰਾਂ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਲੋਕ ਅਤੇ
ਵਿਰਲਾਪ ਕਰਦੀਆਂ ਹੋਈਆਂ ਮ੍ਰਿਤਕ ਦੀਆਂ ਰਿਸ਼ਤੇਦਾਰ। 
ਪਾਤੜਾਂ.-ਸਥਾਨਕ ਸਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਜਣੇਪੇ ਦੌਰਾਨ ਜੱਚਾ-ਬੱਚਾ ਦੀ ਮੌਤ ਹੋਣ ਮਗਰੋ ਮ੍ਰਿਤਕਾਂ ਦੇ ਵਾਰਸਾਂ ਵੱਲੋ ਹਸਪਤਾਲ ਦੇ ਡਾਕਟਰਾਂ ਵਿਰੁੱਘ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਡਾਕਟਰਾਂ ਵੱਲੋਂ ਵਰਤੀ ਗਈ ਇਸ ਅਣਗਹਿਲੀ ਨੂੰ ਲੈ ਕੇ ਔਰਤ ਦੇ ਪਰਿਵਾਰਕ ਮੈਬਰਾਂ ਨੇ ਹਸਪਤਾਲ ਦੇ ਬਾਹਰ ਲਾਸ਼ਾਂ ਰੱਖ ਕੇ ਸੜਕ ਤੇ ਧਰਨਾ ਦਿੱਤਾ। ਪੁਲਿਸ ਵੱਲੋ ਹਸਪਤਾਲ ਦੇ ਡਾਕਟਰਾਂ ਖ਼ਿਲਾਫ਼ ਕੇਸ ਦਰਜ ਕਰ ਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕਾ ਦੇ ਪਤੀ ਚਮਕੌਰ ਸਿੰਘ ਨੇ ਦੱਸਿਆ ਦੀ ਉਸ ਨੇ ਆਪਣੀ ਗਰਭਵਤੀ ਪਤਨੀ ਬਬਲੀ ਨੂੰ ਪਾਤੜਾਂ ਦੇ ਸੁਦਰਸ਼ਨਾ ਦੇਵੀ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ। ਉਸ ਦੀ ਪਤਨੀ ਦੀ ਹਾਲਤ ਕਾਫੀ ਵਿਗੜ ਗਈ ਪ੍ਰੰਤੂ ਡਾਕਟਰ ਕਹਿੰਦੇ ਰਹੇ ਕਿ ਜੱਚਾ ਤੇ ਬੱਚਾ ਬਿਲਕੁੱਲ ਠੀਕ ਹਨ, ਘਬਰਾਊਣ ਦੀ ਲੋੜ ਨਹੀਂ। ਪਰ ਉਸ ਦੀ ਪਤਨੀ ਅਤੇ ਬੱਚੇ ਦੀ ਮੌਤ ਹੋ ਜਾਣ ਮਗਰੋਂ ਡਾਕਟਰ ਨੇ ਇੱਕ ਐਂਬੂਲੈਸ ਰਾਹੀਂ ਸਮਾਣਾ ਦੇ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤਾ। ਪਿੰਡ ਸਿਊਣਾ ਦੇ ਬਲਰਾਜ ਸਿੰਘ, ਸਾਬਕਾ ਵਿਧਾਇਕ ਦੇ ਲੜਕੇ ਸਤਨਾਮ ਸਿੰਘ ਦੀ ਅਗਵਾਈ ਵਿੱਚ ਬਹੁਤ ਸਾਰੇ ਲੋਕਾਂ ਨੇ ਔਰਤ ਅਤੇ ਬੱਚੇ ਦੀ ਹੋਈ ਮੌਤ ਨੂੰ ਡਾਕਟਰ ਦੀ ਕਥਿਤ ਅਣਗਹਿਲੀ ਦੱਸਦਿਆਂ ਹਸਪਤਾਲ ਦੇ ਡਾਕਟਰਾਂ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਲਾਸ਼ ਨੂੰ ਪਾਤੜਾਂ ਜਾਖਲ ਮੁੱਖ ਮਾਰਗ 'ਤੇ ਰੱਖ ਕੇ ਜਾਮ ਲਾ ਦਿੱਤਾ ਅਤੇ ਮੌਕੇ 'ਤੇ ਪਹੁੰਚੀ ਪੁਲਿਸ ਵੱਲੋ ਡਾਕਟਰਾਂ ਵਿਰੁੱਧ ਕਾਰਵਾਈ ਕੀਤੇ ਜਾਣ ਦਾ ਭਰੋਸਾ ਦਿੱਤੇ ਜਾਣ ਮਗਰੋਂ ਜਾਮ ਖੋਲ੍ਹਿਆ।
ਸ਼ਹਿਰੀ ਚੌਂਕੀ ਪਾਤੜਾਂ ਦੇ ਮੁਖੀ ਸਾਹਿਬ ਸਿੰਘ ਵਿਰਕ ਨੇ ਦੱਸਿਆ ਕਿ ਚਮਕੌਰ ਸਿੰਘ ਵਾਸੀ ਸਿਊਣੇ ਦੇ ਬਿਆਨਾਂ ਦੇ ਆਧਾਰ ਤੇ ਸੁਦਰਸ਼ਨਾ ਹਸਪਤਾਲ ਦੇ ਡਾਕਟਰ ਖ਼ਿਲਾਫ਼ ਧਾਰਾ 304 ਅਧੀਨ ਕੇਸ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
ਕਿੰਗਫਿਸ਼ਰ ਉਡਾਣ ਰੱਦ ਹੋਣ ਕਾਰਨ ਸੈਂਕੜੇ ਮੁਸਾਫ਼ਿਰ ਹੋਏ ਖੱਜਲ੍ਹ ਖੁਆਰ
ਸ਼ਹੀਦ ਭਗਤ ਸਿੰਘ. ਸ਼ੇਤਰਾ -ਬੀਤੀ ਰਾਤ ਦਿੱਲੀ ਤੋਂ ਹਾਂਗਕਾਂਗ ਰਾਹੀਂ ਮੈਲਬੌਰਨ ਜਾਣ ਵਾਲੀ ਕਿੰਗਫਿਸ਼ਰ ਏਅਰ ਲਾਈਨ ਦੀ ਉਡਾਣ ਨਾ ਜਾਣ ਕਾਰਨ ਸੈਂਕੜੇ ਮੁਸਾਫਿਰਾਂ ਨੂੰ ਖੁਆਰੀ ਦਾ ਸਾਹਮਣਾ ਕਰਨਾ ਪਿਆ।
ਇਸ ਸਬੰਧੀ ਪ੍ਰਸਿੱਧ ਪੰਜਾਬੀ ਲੇਖਕ ਸ੍ਰੀ ਅਜੀਤ ਰਾਹੀ ਨੇ ਦੱਸਿਆ ਕੇ ਉਨ੍ਹਾਂ ਦੀ ਬੀਤੀ 30 ਅਤੇ 31 ਮਾਰਚ ਦੀ ਵਿਚਕਾਰਲੀ ਰਾਤ 11:45 'ਤੇ ਇੰਦਰਾ ਗਾਂਧੀ ਅੰਤਰਦੇਸ਼ੀ ਹਵਾਈ ਅੱਡਾ ਨਵਾਂ ਦਿੱਲੀ ਤੋਂ ਮੈਲਬੌਰਨ ਲਈ ਰਾਹੀਂ ਸਿੰਘਾਪੁਰ ਉਡਾਣ ਸੀ। ਉਨ੍ਹਾਂ ਨੂੰ ਉਸ ਸਮੇਂ ਬੇਹੱਦ ਪ੍ਰੇਸ਼ਾਨੀ ਅਤੇ ਖੁਆਰੀ ਦਾ ਸਾਹਮਣਾ ਕਰਨਾ ਪਿਆ ਜਦੋਂ ਦਿੱਲੀ ਹਵਾਈ ਅੱਡੇ 'ਤੇ ਪੁੱਜ ਕੇ ਉਨ੍ਹਾਂ ਨੂੰ ਪਤਾ ਚਲਿਆ ਕਿ ਇਹ ਉਡਾਣ ਨਹੀਂ ਜਾ ਰਹੀ। ਏਅਰ ਲਾਈਨ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ ਤੇ ਪਤਾ ਲੱਗਾ ਕਿ ਉਡਾਣਾਂ ਦੇ ਲਾਇਸੈਂਸ ਦੀ ਮਿਆਦ ਪੁੱਗ ਗਈ ਹੈ।
ਸ੍ਰੀ ਰਾਹੀ ਨੇ ਦੱਸਿਆ ਕਿ ਮੁਸਾਫਿਰਾਂ ਵਿਚ ਕੁਝ ਸਵਾਰੀਆਂ ਅਜਿਹੀਆਂ ਵੀ ਸਨ ਜਿਨ੍ਹਾਂ ਦਾ ਭਾਰਤ ਵਿਚ ਰਹਿਣ ਲਈ ਪ੍ਰਾਪਤ ਵੀਜ਼ੇ ਦਾ ਵੀ 30 ਮਾਰਚ 2012 ਆਖਰੀ ਦਿਨ ਸੀ। ਉਨ੍ਹਾਂ ਦੇ ਵਾਪਸ ਆਪਣੇ ਦੇਸ਼ ਨਾ ਪਰਤ ਸਕਣ ਕਾਰਨ ਉਹ ਭਾਰਤ ਵਿਚ ਗੈਰ ਕਾਨੂੰਨੀ ਰਹਿਣ ਦੇ ਜ਼ਿੰਮੇਵਾਰ ਬਣ ਗਏ ਹਨ।
ਮਾਲਵਾ ਖੇਤਰ ਵਿਚ ਦੋ ਸਾਲ ਕੰਮ ਕਰਨ
ਵਾਲੇ ਡਾਕਟਰ ਨੂੰ ਮਿਲੇਗੀ ਮਨਪਸੰਦ ਥਾਂ

 ਸ. ਗੁਰਚਰਨ ਸਿੰਘ ਚੰਨੀ ਜਲੰਧਰ 'ਚ ਮਦਨ ਮੋਹਨ ਮਿੱਤਲ ਦਾ ਸਵਾਗਤ ਕਰਦੇ ਹੋਏ। ਨਾਲ ਹਨ ਡਾ. ਟੀ.ਸੀ. ਮਲਹਨ, ਡਾ. ਅਵਤਾਰ ਸਿੰਘ, ਸੁਭਾਸ਼ ਸੂਦ, ਡਾ. ਰਮੇਸ਼ ਸ਼ਰਮਾ ਤੇ ਹੋਰ। ਜਲੰਧਰ.-ਮਾਲਵਾ ਖੇਤਰ ਵਿਚ ਸਿਹਤ ਸਹੂਲਤਾਂ ਨੂੰ ਹੋਰ ਵਧੀਆ ਬਣਾਉਣ ਤੇ ਡਾਕਟਰਾਂ ਦੀ ਘਾਟ ਨੂੰ ਦੂਰ ਕਰਨ ਲਈ ਪੰਜਾਬ ਸਰਕਾਰ ਨੇ ਇੱਕ ਅਹਿਮ ਯੋਜਨਾ ਤਿਆਰ ਕੀਤੀ ਹੈ ਤੇ ਮਾਲਵਾ ਦੇ ਖੇਤਰ ਵਿਚ ਦੋ ਸਾਲ ਤੱਕ ਕੰਮ ਕਰਨ ਵਾਲੇ ਡਾਕਟਰ ਨੂੰ ਬਾਅਦ ਵਿਚ ਮਨਪਸੰਦ ਥਾਂ 'ਤੇ ਲੱਗਣ ਦੀ ਸਹੂਲਤ ਦਿੱਤੀ ਜਾਏਗੀ।
ਸਿਹਤ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਿਹਤ ਵਿਭਾਗ ਤੋਂ ਸੇਵਾ ਮੁਕਤ ਹੋਣ ਵਾਲਿਆਂ ਨੂੰ ਪੈਨਸ਼ਨਾਂ ਹੁਣ ਬੈਂਕਾਂ ਵਿਚ ਲੈਣ ਲਈ ਜਾਣ ਦੀ ਲੋੜ ਨਹੀਂ ਹੈ ਤੇ ਉਨ੍ਹਾਂ ਨੂੰ ਹੁਣ ਨਵੀਂ ਯੋਜਨਾ ਦੇ ਤਹਿਤ ਬਾਈਓਮੀਟਿਰਕ ਪ੍ਰਣਾਲੀ ਰਾਹੀਂ ਪੈਨਸ਼ਨਾਂ ਦਿੱਤੀਆਂ ਜਾਣਗੀਆਂ। ਇਸ ਦੇ ਤਹਿਤ ਬੈਂਕ ਮੁਲਾਜ਼ਮ ਪੈਨਸ਼ਨਰ ਦੇ ਘਰ ਜਾਏਗਾ ਤੇ ਅੰਗੂਠੇ ਅਤੇ ਹਸਤਾਖ਼ਰ ਲੈ ਕੇ ਉਹ ਪੈਨਸ਼ਨਾਂ ਦੇਣ ਦਾ ਕੰਮ ਸ਼ੁਰੂ ਕਰ ਦੇਣਗੇ। ਸ੍ਰੀ ਮਿੱਤਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਾਰੀ ਭਰੂਣ ਹੱਤਿਆ ਨੂੰ ਰੋਕਣ ਲਈ ਪਹਿਲਾਂ ਹੀ ਕਦਮ ਉਠਾਏ ਜਾਂਦੇ ਰਹੇ ਹਨ ਤੇ ਹੁਣ ਸੰਤ ਸਮਾਜ ਦੇ ਸਹਿਯੋਗ ਨਾਲ ਲੜਕੀਆਂ ਦੀ ਜਨਮ ਦਰ ਵਧਾਉਣ ਲਈ ਮੁਹਿੰਮ ਸ਼ੁਰੂ ਕੀਤੀ ਜਾਏਗੀ।
ਇਸ ਮੌਕੇ ਪੰਜਾਬ ਭਾਜਪਾ ਦੇ ਡਾਕਟਰੀ ਸੈੱਲ ਦੇ ਪ੍ਰਧਾਨ ਡਾ. ਟੀ.ਸੀ. ਮਲਹਨ, ਡਾ. ਰਮੇਸ਼ ਸ਼ਰਮਾ ਨੇ ਉਨ੍ਹਾਂ ਨਾਲ ਮੁਲਾਕਾਤ ਕਰ ਕੇ ਸਿਹਤ ਵਿਭਾਗ ਵਿਚ ਸੁਧਾਰ ਕਰਨ ਲਈ ਹੋਰ ਨਵੇਂ ਸੁਝਾਅ ਦਿੱਤੇ। ਇਸ ਮੌਕੇ ਪੰਜਾਬ ਭਾਜਪਾ ਦੇ ਡਾਕਟਰੀ ਸੈੱਲ ਦੇ ਪ੍ਰਧਾਨ ਡਾ. ਟੀ.ਸੀ. ਮਲਹਨ, ਡਾ. ਰਮੇਸ਼ ਸ਼ਰਮਾ ਨੇ ਉਨ੍ਹਾਂ ਨਾਲ ਮੁਲਾਕਾਤ ਕਰ ਕੇ ਸਿਹਤ ਵਿਭਾਗ ਵਿਚ ਸੁਧਾਰ ਕਰਨ ਲਈ ਹੋਰ ਨਵੇਂ ਸੁਝਾਅ ਦਿੱਤੇ।
ਪੰਜਾਬੀ ਦੀ ਮਹਿਮਾਨ ਨਿਵਾਜੀ ਅਤੇ ਪੰਜਾਬੀ
ਖਾਣੇ ਦਾ ਕਾਇਲ ਹਾਂ-ਅਜੇ ਦੇਵਗਨ

ਫ਼ਿਲਮ 'ਸਨ ਆਫ਼ ਸਰਦਾਰ' ਦੀ ਸ਼ੂਟਿੰਗ ਮੌਕੇ ਅਜੇ ਦੇਵਗਨ।
ਪਟਿਆਲਾ, 31 ਮਾਰਚ 'ਪੰਜਾਬੀ ਲੋਕਾਂ ਦੀ ਆਓ ਭਗਤ, ਮਿਲਵਰਤਨ ਅਤੇ ਸਹਿਯੋਗੀ ਸੁਭਾਅ ਤੋਂ ਮੈਂ ਬੇਹੱਦ ਖੁਸ਼ ਹਾਂ ਅਤੇ ਪੰਜਾਬੀਆਂ ਵੱਲੋਂ ਪਦਾਰਥਕ ਯੁੱਗ ਵਿਚ ਵਿਰਾਸਤੀ ਗੁਣਾਂ ਨੂੰ ਸੰਭਾਲੀ ਰੱਖਣ ਦੇ ਯਤਨਾਂ ਤੋਂ ਪ੍ਰਭਾਵਿਤ ਵੀ ਹਾਂ।' ਇਨ੍ਹਾਂ ਵਿਚਾਰਾਂ ਦਾ ਖੁਲਾਸਾ ਅਜੇ ਦੇਵਗਨ ਨੇ ਕਿਲ੍ਹਾ ਮੁਬਾਰਕ ਵਿਖੇ 'ਸਨ ਆਫ਼ ਸਰਦਾਰ' ਦੀ ਸ਼ੂਟਿੰਗ ਮੌਕੇ ਕੀਤਾ। ਸਿੱਖ ਪਰਿਵਾਰ 'ਤੇ ਅਧਾਰਿਤ ਇਸ ਹਿੰਦੀ ਫਿਲਮ ਵਿਚ ਦਸਤਾਰ ਸਜਾਉਣ ਵਾਲੇ ਪੰਜਾਬੀ ਮੁੰਡੇ ਦਾ ਰੋਹਬਦਾਰ ਕਿਰਦਾਰ ਨਿਭਾਉਣ ਵਾਲੇ ਅਜੇ ਦੇਵਗਨ ਨੇ ਦੱਸਿਆ ਕਿ ਇਸ ਫਿਲਮ ਦੀ ਜ਼ਿਆਦਾ ਸ਼ੂਟਿੰਗ ਬਾਗੜੀਆ ਪਿੰਡ ਵਿਚ ਹੋਈ ਹੈ ਅਤੇ ਉਥੇ ਦੇ ਲੋਕਾਂ ਨੇ ਉਨ੍ਹਾਂ ਨੂੰ ਬੇਹੱਦ ਪਿਆਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਭਾਵੇਂ ਪੰਜਾਬੀਆਂ ਦੇ ਵਿਵਹਾਰ ਬਾਰੇ ਉਹ ਬਹੁਤ ਕੁਝ ਪਹਿਲਾਂ ਹੀ ਸੁਣਦੇ ਰਹੇ ਹਨ, ਪਰ ਫਿਲਮ ਦੌਰਾਨ ਉਨ੍ਹਾਂ ਦਾ ਇਹ ਵਿਵਹਾਰਿਕ ਅਤੇ ਲੰਮਾ ਤਜਰਬਾ ਬਹੁਤ ਯਾਦਗਾਰੀ ਰਿਹਾ ਹੈ। ਸ੍ਰੀ ਦੇਵਗਨ ਨੇ ਦੱਸਿਆ ਕਿ ਉਨ੍ਹਾਂ ਨੂੰ ਵੱਡੀ ਹੈਰਾਨੀ ਇਹ ਦੇਖ ਕੇ ਆਉਂਦੀ ਰਹੀ ਹੈ ਕਿ ਜਦੋਂ ਉਨ੍ਹਾਂ ਨੂੰ ਕਿਸੇ ਘਰ ਤੋਂ ਖਾਣੇ ਲਈ ਸੱਦਾ ਆਉਂਦਾ ਸੀ ਤਾਂ ਉਨ੍ਹਾਂ ਦੀ ਪੂਰੀ ਟੀਮ ਪੰਜਾਬੀ ਖਾਣੇ ਦਾ ਜਾਇਕਾ ਲੈਣ ਲਈ ਤਿਆਰ ਹੋ ਜਾਂਦੀ ਸੀ। ਦੇਵਗਨ ਨੇ ਦੱਸਿਆ ਕਿ ਉਹ ਪੰਜਾਬੀ ਖਾਣੇ ਦੇ ਇੰਨੇ ਸ਼ੌਕੀਨ ਬਣ ਗਏ ਹਨ ਕਿ ਜਿੰਨੇ ਦਿਨ ਵੀ ਉਹ ਬਾਗੜੀਆ ਪਿੰਡ 'ਚ ਸ਼ੂਟਿੰਗ ਕਰਦੇ ਰਹੇ ਰੋਜ਼ਾਨਾ ਘਰ ਦਾ ਬਣਿਆ ਖਾਣਾ ਹੀ ਖਾਂਦੇ ਰਹੇ ਹਨ। ਪੰਜਾਬੀਆਂ ਦੇ ਸਾਊਪੁਣੇ ਦੀ ਸ਼ਲਾਘਾ ਕਰਦਿਆਂ ਦੇਵਗਨ ਨੇ ਦੱਸਿਆ ਕਿ ਭਾਵੇਂ ਹਰ ਥਾਂ ਹਜ਼ਾਰਾਂ ਦੀ ਗਿਣਤੀ 'ਚ ਲੋਕ ਉਨ੍ਹਾਂ ਦੀ ਸ਼ੂਟਿੰਗ ਦੇਖਣ ਲਈ ਆਉਂਦੇ ਹਨ, ਪਰ ਕਦੇ ਵੀ ਦਰਸ਼ਕਾਂ ਨੇ ਉਨ੍ਹਾਂ ਲਈ ਪਰੇਸ਼ਾਨੀ ਪੈਦਾ ਨਹੀਂ ਕੀਤੀ।
ਪਟਿਆਲਾ 'ਚ ਮਨਾਉਣਗੇ ਜਨਮ ਦਿਨ
ਸ਼ਾਹੀ ਸ਼ਹਿਰ ਪਟਿਆਲਾ ਵਿਚ ਫ਼ਿਲਮ ਦੀ ਸ਼ੂਟਿੰਗ ਕਾਰਨ ਮਸ਼ਰੂਫ ਅਜੇ ਦੇਵਗਨ 2 ਤਰੀਕ ਨੂੰ ਆਪਣਾ ਜਨਮ ਦਿਨ ਪਟਿਆਲਾ ਵਿਖੇ ਹੀ ਮਨਾਉਣਗੇ। ਉਨ੍ਹਾਂ ਦੇ ਜਨਮ ਦਿਨ 'ਤੇ ਕੇਕ ਕੱਟਣ ਲਈ ਉਨ੍ਹਾਂ ਦੀ ਪਤਨੀ ਕਾਜੋਲ ਬੱਚਿਆਂ ਸਮੇਤ ਕੱਲ੍ਹ ਸ਼ਹਿਰ ਵਿਚ ਪਹੁੰਚਣਗੇ।
ਟਰੱਕ-ਟਰੈਕਟਰ ਦੀ ਸਿੱਧੀ ਟੱਕਰ 'ਚ ਦੋ ਮੌਤਾਂ
ਭੰਗਾਲਾ-ਬੀਤੀ ਦੇਰ ਰਾਤ ਖੁੰਦਪੁਰ-ਪਨਖੂਹ ਸੜਕ 'ਤੇ ਟਰੱਕ ਅਤੇ ਟਰੈਕਟਰ ਟਰਾਲੀ ਦੀ ਸਿੱਧੀ ਟੱਕਰ ਵਿਚ ਟਰੈਕਟਰ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਪ੍ਰਾਪਤ ਵੇਰਵੇ ਅਨੁਸਾਰ ਅਸ਼ਵਨੀ ਕੁਮਾਰ (40) ਪੁੱਤਰ ਜੋਗ ਰਾਜ ਅਤੇ ਗੁਰਦਿਆਲ ਸਿੰਘ (48) ਪੁੱਤਰ ਮਲਾਵਾ ਰਾਮ ਆਪਣੇ ਟਰੈਕਟਰ 'ਤੇ ਸਵਾਰ ਹੋ ਕੇ ਹਾਜੀਪੁਰ ਤੋਂ ਅਕਾਮ ਨੂੰ ਆ ਰਹੇ ਸਨ। ਜਿਵੇਂ ਹੀ ਉਸ ਦੀ ਟਰਾਲੀ ਖੁੰਦਪੁਰ ਨੇੜੇ ਪਹੁੰਚੀ ਤਾਂ ਸਾਹਮਣੇ ਤੋਂ ਆ ਰਹੇ ਟਰੱਕ (ਪੀ ਬੀ-08 ਏ ਵਾਈ-9449) ਨਾਲ ਸਿੱਧੀ ਟੱਕਰ ਹੋ ਗਈ। ਜਿਸ ਦੇ ਸਿੱਟੇ ਵਜੋਂ ਟਰੈਕਟਰ ਸਵਾਰ ਅਸ਼ਵਨੀ ਕੁਮਾਰ ਅਤੇ ਗੁਰਦਿਆਲ ਸਿੰਘ ਗੰਭੀਰ ਜ਼ਖ਼ਮੀ ਹੋ ਗਏ ਅਤੇ ਜ਼ਖ਼ਮਾਂ ਦੀ ਤਾਬ ਨਾਂ ਸਹਿੰਦੇ ਹੋਏ ਦਮ ਤੋੜ ਗਏ। ਅੱਜ ਸਵੇਰੇ ਮ੍ਰਿਤਕਾਂ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਮੁਕੇਰੀਆਂ ਵਿਖੇ ਲਿਆਂਦਾ ਗਿਆ। ਪੁਲਿਸ ਇਸ ਕੇਸ ਦੀ ਤਫ਼ਤੀਸ਼ ਕਰ ਰਹੀ ਹੈ।