Saturday 31 March 2012

ਕੀ ਹੈ ਬੀਬੀ ਜਾਗੀਰ ਕੌਰ ਦੀ ਧੀ ਦਾ ਕਤਲ ਕਾਂਡ

ਕੈਬਨਿਟ ਮੰਤਰੀ ਬੀਬੀ ਜਾਗੀਰ ਕੌਰ ਦੀ 19 ਸਾਲ ਧੀ ਹਰਪ੍ਰੀਤ ਕੌਰ 20-21 ਅਪ੍ਰੈਲ 2000 ਦੀ ਰਾਤ ਨੂੰ ਜਦੋਂ ਉਹ ਫਗਵਾੜਾ ਤੋਂ ਲੁਧਿਆਣਾ ਦੇ ਰਸਤੇ ਵਿਚ ਸੀ, ਦੀ ਭੇਦ-ਭਰੀ ਹਾਲਤਾਂ 'ਚ ਮੌਤ ਹੋ ਗਈ ਸੀ। ਉਸ ਸਮੇਂ ਉਹ ਕ੍ਰਿਸ਼ਚਨ ਮੈਡੀਕਲ ਕਾਲਜ ਐਂਡ ਹਸਪਤਾਲ ਜਾ ਰਹੀ ਸੀ। ਇਸ ਤੋਂ ਬਾਅਦ 21 ਅਪ੍ਰੈਲ 2000 ਨੂੰ ਉਸ ਨੂੰ ਪਿੰਡ ਬੇਗੋਵਾਲ ਵਿਖੇ ਹੀ ਹਰਪ੍ਰੀਤ ਕੌਰ ਦਾ ਸਸਕਾਰ ਕਰ ਦਿੱਤਾ ਗਿਆ। ਇਸ ਤੋਂ ਬਾਅਦ ਪਿੰਡ ਬੇਗੋਵਾਲ ਦੇ ਰਹਿਣ ਵਾਲੇ ਕਮਲਜੀਤ ਸਿੰਘ ਨਾਮ ਦੇ ਨੌਜਵਾਨ ਨੇ ਇਹ ਦਾਅਵਾ ਕੀਤਾ ਕਿ ਹਰਪ੍ਰੀਤ ਕੌਰ ਉਸ ਦੀ ਪਤਨੀ ਸੀ ਤੇ ਉਸ ਇਸ ਦੀ ਸੀ. ਬੀ. ਆਈ. ਜਾਂਚ ਦੀ ਮੰਗ ਕਰਦੇ ਹੋਏ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ। 9 ਜੂਨ 2000 ਨੂੰ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇਸ ਮਾਮਲੇ ਦੀ ਜਾਂਚ ਸੀ. ਬੀ. ਆਈ. ਨੂੰ ਕਰਨ ਲਈ ਕਿਹਾ। ਇਸ ਦੌਰਾਨ ਕਮਲਜੀਤ ਨੇ ਕੁਝ ਵੀਡੀਓ, ਉਨ੍ਹਾਂ ਦੀਆਂ ਮੰਗਣੀ ਦੀਆਂ ਫੋਟੋਆਂ ਤੇ ਕੁਝ ਹੋਰ ਸਬੂਤ ਸੀ. ਬੀ. ਆਈ. ਨੂੰ ਸੌਂਪੇ। ਸਬੂਤ ਮਿਲਣ ਤੋਂ ਬਾਅਦ 3 ਅਕਤੂਬਰ 2000 ਨੂੰ ਸੀ. ਬੀ. ਆਈ. ਨੇ ਸਬੂਤਾਂ ਦੇ ਆਧਾਰ 'ਤੇ ਬੀਬੀ ਜਾਗੀਰ ਕੌਰ ਤੇ ਛੇ ਹੋਰਾਂ 'ਤੇ ਇੰਡੀਅਨ ਪਿਨਲ ਕੋਡ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ।
ਕੇਸ ਰਜਿਸਟਰ ਕਰਨ ਦੇ ਦੋ ਦਿਨ ਬਾਅਦ ਹੀ ਸੀ. ਬੀ. ਆਈ. ਨੇ ਬੀਬੀ ਜਾਗੀਰ ਕੌਰ ਦੀ ਨਜ਼ਦੀਕੀ ਦਲਵਿੰਦਰ ਕੌਰ ਤੇ ਪਰਮਜੀਤ ਸਿੰਘ ਰਾਏਪੁਰ ਨੂੰ ਹਰਪ੍ਰੀਤ ਕੌਰ ਦੀ ਇੱਛਾ ਦੇ ਵਿਰੁੱਧ ਗਰਭਪਾਤ ਕਰਵਾਉਣ ਤੇ ਮੌਤ ਦੇ ਸਬੂਤਾਂ ਨੂੰ ਮਿਟਾਉਣ ਦੇ ਦੋਸ਼ ਤਹਿਤ ਗ੍ਰਿਫਤਾਰ ਕਰ ਲਿਆ।
ਇਸ ਦੇ ਨਾਲ ਹੀ ਡਰਾਈਵਰ ਹਰਮਿੰਦਰ ਸਿੰਘ, ਘਰੇਲੂ ਨੌਕਰਾਣੀ ਸਤਿਆ ਤੇ ਬੀਬੀ ਜਾਗੀਰ ਕੌਰ ਦੇ ਨਿੱਜੀ ਸਕਿਓਰਿਟੀ ਅਫਸਰ ਸਬ-ਇੰਸਪੈਕਟਰ ਨਿਸ਼ਾਨ ਸਿੰਘ ਦੇ ਖਿਲਾਫ ਵੀ. ਸੀ. ਬੀ. ਆਈ. ਨੇ ਮਾਮਲਾ ਦਰਜ ਕਰ ਲਿਆ। ਹੁਣ ਤਕ ਚੱਲੇ ਇਸ ਕੇਸ ਵਿਚ 100 ਤੋਂ ਜ਼ਿਆਦਾ ਗਵਾਹ ਭੁਗਤੇ। ਇਥੋਂ ਤਕ ਕਿ ਪਿਛਲੇ 12 ਸਾਲਾਂ ਤੋਂ ਚਲੇ ਆ ਰਹੇ ਇਸ ਕੋਰਟ ਟਰਾਇਲ ਵਿਚ 10 ਗਵਾਹਾਂ ਦੀ ਮੌਤ ਵੀ ਹੋ ਗਈ।
ਕੇਸ 'ਚ ਆਏ ਕਈ ਉਤਾਰ-ਚੜਾਅ
ਪੰਜਾਬ ਦੇ ਇਸ ਹਾਈ ਪ੍ਰੋਫਾਈਲ ਕੇਸ 'ਚ ਕਈ ਉਤਾਰ ਚੜਾਅ ਆਏ। ਜਿਸ 'ਚ ਸਭ ਤੋਂ ਜ਼ਿਆਦਾ ਟਰਨ ਮੁੱਖ ਸ਼ਿਕਾਇਤ ਕਰਤਾ ਕਮਲਜੀਤ ਨੇ ਲਏ। ਕਮਲਜੀਤ ਸਿੰਘ ਨੇ 25 ਫਰਵਰੀ 2010 ਨੂੰ ਆਪਣੇ ਪੁਰਾਣੇ ਬਿਆਨਾਂ ਤੋਂ ਮੁਕਰ ਕੇ ਮਾਮਲੇ ਨੂੰ ਨਵੀਂ ਹੀ ਦਿਸ਼ਾ ਦੇ ਦਿੱਤੀ ਸੀ। ਸਾਰੇ ਉਸ ਸਮੇਂ ਹੈਰਾਨ ਹੋਏ ਜਦ ਕਮਲਜੀਤ 21 ਮਾਰਚ 2011 ਨੂੰ ਉਹ ਫਿਰ ਆਪਣੀ 25 ਫਰਵਰੀ ਦੇ ਬਿਆਨ ਤੋਂ ਪਲਟ ਕੇ ਪੁਰਾਣੇ ਬਿਆਨ 'ਤੇ ਆ ਗਿਆ। ਕਮਲਜੀਤ ਸਿੰਘ ਨੇ ਕਈ ਵਾਰ ਆਪਣੇ ਆਪ ਨੂੰ ਜਾਨ ਤੋਂ ਖਤਰਾ ਦੱਸਿਆ। ਇਸ ਤਰ੍ਹਾਂ ਇਹ ਕੇਸ ਕਈ ਉਤਾਰ-ਚੜਾਵਾਂ 'ਚੋਂ ਲੰਘਿਆ।
ਧੀ ਦੀ ਮੌਤ ਨੇ ਕੀਤਾ ਦੋ ਵਾਰ ਸੱਤਾ ਤੋਂ ਬਾਹਰ
ਬੀਬੀ ਜਾਗੀਰ ਕੌਰ ਦੇ ਲਈ ਧੀ ਹਰਪ੍ਰੀਤ ਕੌਰ ਦੀ ਮੌਤ ਕਾਫੀ ਜ਼ਿਆਦਾ ਨੁਕਸਾਨਦਾਇਕ ਸਾਬਤ ਹੋ ਰਹੀ ਹੈ। ਧੀ ਹਰਪ੍ਰੀਤ ਦੀ ਮੌਤ ਤੋਂ ਬਾਅਦ ਨੇ ਬੀਬੀ ਜਾਗੀਰ ਕੌਰ ਨੂੰ ਦੋ ਵਾਰ ਸੱਤਾ ਤੋਂ ਬਾਹਰ ਕਰ ਦਿੱਤਾ। ਪਹਿਲਾਂ ਜਦੋਂ ਹਰਪ੍ਰੀਤ ਕੌਰ ਦੀ ਮੌਤ ਹੋਈ ਸੀ ਤਾਂ ਬੀਬੀ ਜਾਗੀਰ ਕੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਸੀ ਤੇ ਉਦੋਂ ਚਾਰਜ ਸ਼ੀਟ ਹੋਣ ਦੇ ਕਾਰਨ ਬੀਬੀ ਨੂੰ ਸੱਤਾ ਤੋਂ ਬਾਹਰ ਹੋਣਾ ਪਿਆ ਸੀ। ਉਸ ਤੋਂ ਬਾਅਦ ਬੀਬੀ ਜਾਗੀਰ ਕੌਰ ਨੂੰ ਸੱਤਾ ਦਾ ਸੁੱਖ ਨਸੀਬ ਨਹੀਂ ਹੋਇਆ। ਲਗਭਗ 12 ਸਾਲ ਬਾਅਦ ਬੀਬੀ ਨੂੰ ਫਿਰ ਨਵੀਂ ਬਣੀ ਅਕਾਲੀ-ਭਾਜਪਾ ਸਰਕਾਰ ਦੀ ਕੈਬਨਿਟ ਵਿਚ ਸ਼ਾਮਲ ਕੀਤਾ ਗਿਆ ਸੀ, ਜਿੱਥੇ ਸਿਰਫ 17 ਦਿਨਾਂ ਬਾਅਦ ਹੀ ਉਨ੍ਹਾਂ ਨੂੰ ਮੰਤਰੀ ਦੀ ਕੁਰਸੀ ਤੋਂ ਤਿਆਗ ਪੱਤਰ ਦੇਣਾ ਪਿਆ। ਇਸ ਵਾਰ ਧੀ ਹਰਪ੍ਰੀਤ ਕੌਰ ਦੀ ਮੌਤ ਦੇ ਆਏ ਫੈਸਲੇ ਵਿਚ ਬੀਬੀ ਜਾਗੀਰ ਕੌਰ ਨੂੰ ਦੋਸ਼ੀ ਪਾਇਆ ਗਿਆ ਹੈ।

ਡਾਂਸ ਬਾਰ ਦੇ ਨਾਂ ਹੇਠ ਜਿਸਮਫਰੋਸ਼ੀ ਦਾ ਧੰਦਾ, 22 ਗ੍ਰਿਫਤਾਰ

ਮੁੰਬਈ- ਮੁੰਬਈ ਪੁਲਸ ਨੇ ਇਕ ਬਾਰ 'ਤੇ ਛਾਪਾ ਮਾਰ ਕੇ 8 ਬਾਰ ਬਾਲਾਵਾਂ ਸਣੇ 22 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁੰਬਈ ਪੁਲਸ ਨੇ ਪਾਸ਼ ਇਲਾਕਾ ਮੰਨੇ ਜਾਣ ਵਾਲੇ ਕੋਲਾਬਾ 'ਚ ਇਕ ਬਾਰ 'ਤੇ ਛਾਪਾ ਮਾਰ ਕੇ 8 ਬਾਰ ਬਾਲਾਵਾਂ ਸਣੇ 22 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਛਾਪੇਮਾਰੀ ਮੁੰਬਈ ਪੁਲਸ ਦੀ ਸਪੈਸ਼ਲ ਸਕੁਆਰਡ ਨੇ ਕੀਤੀ।
ਪੁਲਸ ਦੀ ਗ੍ਰਿਫਤ 'ਚ ਆਈਆਂ ਬਾਰ ਬਾਲਾਵਾਂ 'ਚ ਚਾਰ ਜਰਮਨੀ ਦੀਆਂ ਹਨ। ਇਨ੍ਹਾਂ ਨੂੰ ਪ੍ਰੀਵੇਸ਼ਨ ਆਫ ਟ੍ਰੈਫਕਿੰਗ ਐਕਟ ਤਹਿਤ ਗ੍ਰਿਫਤਾਰ ਕੀਤਾ ਹੈ। ਬਾਰ 'ਤੇ ਛਾਪੇਮਾਰੀ ਦੌਰਾਨ ਲੱਖਾਂ ਰੁਪਏ ਨਕਦ ਮਿਲੇ ਹਨ। ਮੰਨਿਆ ਜਾ ਰਿਹਾ ਹੈ ਕਿ ਬਾਰ ਦੀ  ਆੜ ਹੇਠ ਇਥੇ ਜਿਸਮਫਰੋਸੀ ਦਾ ਧੰਦਾ ਚਲਾਇਆ ਜਾ ਰਿਹਾ ਸੀ।
ਮੁੰਬਈ ਪੁਲਸ ਇਸ ਨੂੰ ਆਪਣੀ ਵੱਡੀ ਸਫਲਤਾ ਮੰਨ ਰਹੀ ਹੈ। ਉਧਰ ਇਸ ਗ੍ਰਿਫਤਾਰੀ ਤੋਂ ਬਾਅਦ ਇਹ ਖੁੱਲ ਕੇ ਸਾਹਮਣੇ ਆਇਆ ਹੈ ਕਿ ਮੁੰਬਈ 'ਚ ਤਮਾਮ ਪਾਬੰਦੀਆਂ ਦੇ ਬਾਵਜੂਦ ਨਾ ਸਿਰਫ ਨਾਜਾਇਜ਼ ਡਾਂਸ ਬਾਰ ਚੱਲ ਰਹੇ ਹਨ ਸਗੋਂ ਇਨ੍ਹਾਂ ਡਾਂਸ ਬਾਰਾਂ 'ਚ  ਜਿਸਮਫਰੋਸ਼ੀ ਦਾ ਧੰਦਾ ਵੀ ਚਲਾਇਆ ਜਾ ਰਿਹਾ ਹੈ।

ਜੇਲ 'ਚ ਪੁੱਜੀ ਬੀਬੀ ਦੇ ਪੈਰੀਂ ਪਏ ਵੱਡੇ ਅਫਸਰ

ਕਪੂਰਥਲਾ— ਹਰਪ੍ਰੀਤ ਕੌਰ ਦੀ ਸ਼ੱਕੀ ਮੌਤ ਦੇ ਮਾਮਲੇ 'ਚ ਸਜ਼ਾਜਾਬਤਾ ਪੰਜਾਬ ਦੀ ਸਾਬਕਾ ਕੈਬਨਿਟ ਮੰਤਰੀ ਬੀਬੀ ਜਗੀਰ ਕੌਰ ਕਾਨੂੰਨ ਦੀ ਨਜ਼ਰ 'ਚ ਭਾਵੇਂ ਹੀ ਸਜ਼ਾ ਜ਼ਾਬਤਾ ਹੋਵੇ ਪਰ ਲੱਗਦਾ ਹੈ ਕਿ ਕਾਨੂੰਨ ਦਾ ਪਾਲਣ ਕਰਾਉਣ ਵਾਲੇ ਉਨ੍ਹਾਂ ਨੂੰ ਅਦਾਲਤ ਦੇ ਫੈਸਲੇ ਤੋਂ ਬਾਅਦ ਵੀ ਅਪਰਾਧੀ ਨਹੀਂ ਮੰਨਦੇ।
ਬੀਬੀ ਜਗੀਰ ਕੌਰ ਨੂੰ ਸ਼ੁੱਕਰਵਾਰ ਨੂੰ ਪਟਿਆਲਾ ਜੇਲ ਤੋਂ ਕਪੂਰਥਲਾ ਜੇਲ ਸ਼ਿਫਟ ਕੀਤਾ ਗਿਆ। ਬੀਬੀ ਜਗੀਰ ਕੌਰ ਆਪਣੀ ਪ੍ਰਾਈਵੇਟ ਗੱਡੀ 'ਚ ਕਪੂਰਥਲਾ ਜੇਲ ਪੁੱਜੀ। ਕਪੂਰਥਲਾ ਜੇਲ ਪੁੱਜਦੇ ਹੀ ਜੇਲ 'ਚ ਡਿਊਟੀ 'ਤੇ ਮੌਜੂਦ ਪੁਲਸਕਰਮੀਆਂ 'ਚ ਉਨ੍ਹਾਂ ਦੇ ਪੈਰ ਫੜਨ ਦੀ ਧੱਕਾਮੁੱਕੀ ਸ਼ੁਰੂ ਹੋ ਗਈ। ਵਰਦੀ 'ਚ ਹੋਣ ਦੇ ਬਾਵਜੂਦ ਇਹ ਪੁਲਸ ਵਾਲੇ ਇਹ ਭੁੱਲ ਗਏ ਕਿ ਉਹ ਇਸ ਸਮੇਂ ਡਿਊਟੀ 'ਤੇ ਹਨ ਅਤੇ ਬੀਬੀ ਜਗੀਰ ਕੌਰ ਕੈਦੀ ਦੀ ਹੈਸੀਅਤ ਨਾਲ ਜੇਲ 'ਚ ਪਹੁੰਚੀ ਹੈ। ਦੋ ਪੁਲਸਕਰਮੀਆਂ ਤੋਂ ਇਲਾਵਾ ਇਕ ਡਾਕਟਰ ਨੇ ਵੀ ਬੀਬੀ ਦੇ ਪੈਰ ਫੜੇ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ 'ਚ ਕੈਬਨਿਟ ਮੰਤਰੀ ਰਹੀ ਅਤੇ ਐਸ. ਜੀ. ਪੀ. ਸੀ. ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਪਟਿਆਲਾ ਦੀ ਸੀ. ਬੀ. ਆਈ. ਅਦਾਲਤ ਨੇ ਸ਼ੁੱਕਰਵਾਰ ਨੂੰ ਹੀ 5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। ਬੀਬੀ ਜਗੌਰ ਕੌਰ ਨੂੰ ਆਪਣੀ ਹੀ ਬੇਟੀ ਹਰਪ੍ਰੀਤ ਕੌਰ ਦੇ ਅਗਵਾ, ਜ਼ਬਰਦਸਤੀ ਗਰਭਪਾਤ ਅਤੇ ਅਪਰਾਧਿਕ ਸਾਜਿਸ਼ ਰਚਣ ਦਾ ਦੋਸ਼ੀ ਪਾਇਆ ਗਿਆ।

ਸ਼ਿਵਾਲਿਕ ਪਹਾੜੀਆਂ ਨੂੰ ਪੱਧਰਾ ਕਰਨ ਦਾ ਗੈਰਕਾਨੂੰਨੀ ਸਿਲਸਿਲਾ ਜਾਰੀ

 ਧਨਾਢ ਵਿਅਕਤੀ ਨਹੀਂ ਕਰ ਰਹੇ ਕਾਨੂੰਨਾਂ ਦੀ ਪ੍ਰਵਾਹ
ਕੁਦਰਤੀ ਸੋਮਿਆਂ ਨਾਲ ਛੇੜਛਾੜ
ਨੂਰਪੁਰ ਬੇਦੀ, 31 ਮਾਰਚ- ਰੂਪਨਗਰ ਜ਼ਿਲ੍ਹੇ ਦੇ ਘਾੜ ਇਲਾਕੇ ’ਚ ਪੈਂਦੀਆਂ ਸ਼ਿਵਾਲਿਕ ਪਹਾੜੀਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਕੱਟ ਕੇ ਪੱਧਰਾ ਕੀਤਾ ਜਾ ਰਿਹਾ ਹੈ। ਇਹ ਸਿਲਸਿਲਾ ਬੇਰੋਕ ਜਾਰੀ ਹੈ। ਇਨ੍ਹਾਂ ਪਹਾੜੀਆਂ ਨਾਲ ਛੇੜਛਾੜ ਵੀ ਧਨਾਢ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ।
ਪਹਾੜੀਆਂ ਨੂੰ ਕੱਟਣ ਦਾ ਸਿਲਸਿਲਾ ਲਗਪਗ 15 ਸਾਲ ਪਹਿਲਾਂ ਨੂਰਪੁਰ ਬੇਦੀ ਨਜ਼ਦੀਕ ਪੈਂਦੇ ਇਕ ਪਿੰਡ ਦੀ ਹੱਦ-ਬਸਤ ਵਿੱਚ ਕੀਤਾ ਗਿਆ ਸੀ। ਉਥੇ ਇਕ ਰਿਜ਼ੌਰਟ ਦੀ ਉਸਾਰੀ ਕੀਤੀ ਗਈ ਸੀ। ਜੰਗਲਾਤ ਵਿਭਾਗ ਦੀ ਦਫ਼ਾ 4 ਤੇ 5 ਤਹਿਤ ਅਜਿਹਾ ਕਰਨ ਦੀ ਮੁਕੰਮਲ ਤੌਰ ’ਤੇ ਮਨਾਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਇਸ ਦੇ ਮਾਲਕ ਦਾ ਕੇਂਦਰ ਸਰਕਾਰ ਵਿੱਚ ਚੰਗਾ ਅਸਰ ਰਸੂਖ ਹੈ। ਉਸ ਵੱਲੋਂ ਅੱਜ ਵੀ ਨਾਜਾਇਜ਼ ਤੌਰ ’ਤੇ ਸ਼ਿਵਾਲਿਕ ਪਹਾੜੀਆਂ ਨੂੰ ਕੱਟ ਕੇ ਪੱਧਰਾ ਬਣਾਇਆ ਜਾ ਰਿਹਾ ਹੈ। ਉਸ ਥਾਂ ’ਤੇ ਉਸਾਰੀਆਂ ਵੀ ਕੀਤੀਆਂ ਜਾ ਰਹੀਆਂ ਹਨ। ਪਿੰਡ ਵਾਸੀਆਂ ਨੇ ਨਾਜਾਇਜ਼ ਕੰਮਾਂ ਸਬੰਧੀ ਜੰਗਲਾਤ ਵਿਭਾਗ ਨੂੰ ਕਈ ਵਾਰ ਸ਼ਿਕਾਇਤਾਂ ਕੀਤੀਆਂ ਹਨ, ਪਰ ਇੰਜ ਲਗਦਾ ਹੈ ਕਿ ਸਬੰਧਤ ਵਿਭਾਗ ਰਿਜ਼ੌਰਟ ਮਾਲਕ ਅੱਗੇ ਬੇਵੱਸ ਹੈ। ਭਾਵੇਂ ਜੰਗਲਾਤ ਵਿਭਾਗ ਵੱਲੋਂ ਰਿਜ਼ੌਰਟ ਮਾਲਕ ਨੂੰ ਉਸ ਦੇ ਨਾਜਾਇਜ਼ ਕੰਮਾਂ ਸਬੰਧੀ ਕਈ ਵਾਰ ਨੋਟਿਸ ਭੇਜੇ ਗਏ, ਪਰ ਉਸ ਦਾ ‘ਗੋਰਖਧੰਦਾ’ ਬੰਦ ਨਹੀਂ ਹੋਇਆ। ਰੂਪਨਗਰ-ਹੁਸ਼ਿਆਰਪੁਰ ਤੇ ਨਵਾਂ ਸ਼ਹਿਰ ਜ਼ਿਲ੍ਹਿਆਂ ਦੀਆਂ ਹੱਦਾਂ ’ਤੇ ਸ਼ਿਵਾਲਿਕ ਪਹਾੜੀਆਂ ਨੂੰ ਢਾਹ ਕੇ ਇਕ ਪ੍ਰਾਈਵੇਟ ਕਾਲਜ ਦੀ ਉਸਾਰੀ ਸਬੰਧਤ ਵਿਭਾਗ ਦੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਕੀਤੀ ਗਈ। ਇਸ ਦੇ ਬਾਵਜੂਦ ਵਿਭਾਗ ਵੱਲੋਂ ਕਾਲਜ ਦੀ ਪ੍ਰਬੰਧਕ ਕਮੇਟੀ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਪਿੰਡ ਕਲਵਾਂ ਦੇ ਛਿਪਦੇ ਪਾਸੇ ਵੱਲ ਸ਼ਿਵਾਲਿਕ ਦੀਆਂ ਪਹਾੜੀਆਂ ਨੂੰ ਕੱਟ ਕੇ ਪੱਧਰਾ ਕੀਤਾ ਜਾ ਰਿਹਾ ਹੈ। ਇਨ੍ਹਾਂ ਪਹਾੜੀਆਂ ਨੂੰ ਕੱਟ ਕੇ ਪੱਧਰਾ ਕੀਤਾ ਜਾ ਰਿਹਾ ਹੈ। ਇਨ੍ਹਾਂ ਪਹਾੜੀਆਂ ਨੂੰ ਪਹਿਲਾਂ ਹੀ ਢਾਹ-ਢੇਰੀ ਕੀਤਾ ਗਿਆ ਹੈ। ਉਹ ਵੀ ਵਿਭਾਗ ਦੀ ਦਫ਼ਾ 4 ਅਤੇ 5 ਵਿੱਚ ਦੱਸਿਆ ਗਈਆਂ ਹਨ। ਲਗਪਗ 5 ਏਕੜ ਵਿੱਚ ਜੇ.ਸੀ. ਬੀ. ਅਤੇ ਬੁਲਡੋਜ਼ਰ ਲਾ ਕੇ ਪਹਾੜੀਆਂ ਨੂੰ ਢਾਹਿਆ ਗਿਆ ਹੈ। ਭਾਵੇਂ ਜੰਗਲਾਤ ਵਿਭਾਗ ਵੱਲੋਂ ਦਫ਼ਾ 4 ਅਤੇ 5 ਵਿੱਚ ਪੈਂਦੇ ਰਕਬੇ ਵਿੱਚ ਕੰਮ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ, ਪਰ ਉਸ ਵੱਲੋਂ ਵੀ ਇਹ ਵਰਤਾਰਾ ਲਗਪਗ ਜਾਰੀ ਹੈ। ਨੂਰਪੁਰ ਬੇਦੀ ਤੋਂ ਰੂਪਨਗਰ ਮੁੱਖ ਸੜਕ ’ਤੇ ਪੈਂਦੀਆਂ ਪਹਾੜੀਆਂ ਨੂੰ ਕੱਟ ਕੇ ਢਾਬੇ ਉਸਾਰੇ ਗਏ ਹਨ।
ਖੇੜਾ ਕਲਮੋਟ ਵਿਖੇ ਪਹਾੜੀਆਂ ’ਚ ਲੱਗੇ ਦਰਜਨਾਂ ਸਟੋਨ ਕਰੈਸ਼ਰਾਂ ਵੱਲੋਂ ਬਹੁਤ ਸਾਰੀਆਂ ਪਹਾੜੀਆਂ ਦਾ ਨਾਮੋਨਿਸ਼ਾਨ ਮਿਟਾ ਦਿੱਤਾ ਗਿਆ ਹੈ। ਭਾਵੇਂ ਇਹ ਰਕਬਾ ਦਫ਼ਾ 4 ਅਤੇ 5 ਤੋਂ ਬਾਹਰ ਦੱਸਿਆ ਗਿਆ ਹੈ, ਪਰ ਜੰਗਲਾਤ ਵਿਭਾਗ ਦੇ ਕਾਨੂੰਨ ਅਨੁਸਾਰ ਕੁਦਰਤੀ ਬਣੀਆਂ ਪਹਾੜੀਆਂ ਨਾਲ ਛੇੜਛਾੜ ਨਹੀਂ ਕੀਤੀ ਜਾ ਸਕਦੀ। ਖੇੜਾ ਕਲਮੋਟ ਦੇ ਵਣ ਵਿੱਚ ਜੇ ਕੰਮ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਪਹਾੜ ਖਤਮ ਹੋ ਜਾਣਗੇ। ਇਸ ਪੱਟੀ ਵਿੱਚ ਸਟੋਨ ਕਰੈਸ਼ਰ ਦਾ ਲੱਗਣਾ ਲਗਾਤਾਰ ਜਾਰੀ ਹੈ। ਪਿੰਡ ਪਲਾਟ ਦੀ ਦਫ਼ਾ 4 ਅਤੇ 5 ਵਿੱਚ ਨਾਜਾਇਜ਼ ਤੌਰ ’ਤੇ ਕਰੈਸ਼ਰ ਲਗਾਏ ਗਏ ਹਨ। ਜੰਗਲਾਤ ਵਿਭਾਗ ਕਾਰਵਾਈ ਕਰਨ ਦੀ ਬਜਾਏ ਮੂਕ-ਦਰਸ਼ਕ ਬਣ ਕੇ ਇਨ੍ਹਾਂ ਨਾਜਾਇਜ਼ ਪਹਾੜਾਂ ਦੀ ਢਹਿ-ਢੇਰੀ ਨੂੰ ਦੇਖ ਰਿਹਾ ਹੈ। ਜੋ ਪਹਾੜਾਂ ਨੂੰ ਢਹਿ-ਢੇਰੀ ਕਰਨ ਵਾਲੇ ਹਨ ਉਨ੍ਹਾਂ ਦਾ ਮੌਜੂਦਾ ਸਰਕਾਰ ਵਿੱਚ ਕਾਫੀ ਦਬਦਬਾ ਹੈ ਤੇ ਜੰਗਲਾਤ ਵਿਭਾਗ ਦੇ ਅਧਿਕਾਰੀ ਉਨ੍ਹਾਂ ਵਿਰੁੱਧ ਕਾਰਵਾਈ ਕਰਕੇ ਕਿਸੇ ਜੋਖਮ ’ਚ ਨਹੀਂ ਪੈਣਾ ਚਾਹੁੰਦੇ। ਜੇ ਨਾਜਾਇਜ਼ ਪੁਟਾਈ ਨੂੰ ਬੰਦ ਨਾ ਕੀਤਾ ਗਿਆ ਤਾਂ ਜੰਗਲੀ ਜੀਵ ਤੇ ਜਾਨਵਰ ਅਤੇ ਲੱਕੜ ਦਾ ਨਾਮੋਨਿਸ਼ਾਨ ਮਿਟ ਜਾਵੇਗਾ। ਜੰਗਲਾਤ ਵਿਭਾਗ ਦੇ ਜ਼ਿਲ੍ਹਾ ਅਫਸਰ ਨਾਲ ਇਨ੍ਹਾਂ ਪਹਾੜੀਆਂ ਦੀਆਂ ਨਾਜਾਇਜ਼ ਕੱਟਾਈ ਬਾਰੇ ਪ੍ਰਤੀਕਰਮ ਪੁੱਛਿਆ ਤਾਂ ਉਹ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ। ਉਨ੍ਹਾਂ ਸਿਰਫ ਇੰਨਾ ਹੀ ਕਿਹਾ ਕਿ ਸਾਡੇ ਵਿਭਾਗ ’ਚ ਕਈ ਥਾਂ ਖੁੱਲ੍ਹਾ ਤੇ ਕਈ ਥਾਂ ਬੰਦ ਰਕਬਾ ਹੁੰਦਾ ਹੈ। ਜਦੋਂ ਗੈਰ-ਕਾਨੂੰਨੀ ਤੌਰ ’ਤੇ ਪਹਾੜੀਆਂ ਕੱਟ ਕੇ ਪੱਧਰਾ ਕਰਨ ਦਾ ਮਾਮਲਾ ਧਿਆਨ ਵਿੱਚ ਲਿਆਂਦਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਸ ਥਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ, ਜਿਹੜਾ ਰਕਬਾ 4 ਅਤੇ 5 ਵਿੱਚ ਆਉਂਦਾ ਹੈ, ਉਸ ਦੀ ਪੁਟਾਈ ਮੁਕੰਮਲ ਤੌਰ ’ਤੇ ਬੰਦ ਕਰਵਾ ਦਿੱਤੀ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇ ਨਾਜਾਇਜ਼ ਧੰਦੇ ਇਸ ਤਰ੍ਹਾਂ ਚਲਦੇ ਰਹੇ ਤਾਂ ਸ਼ਿਵਾਲਿਕ ਦੀਆਂ ਪਹਾੜੀਆਂ ਖਤਮ ਹੋ ਜਾਣਗੀਆਂ। ਉਨ੍ਹਾਂ ਪੰਜਾਬ ਸਰਕਾਰ ਤੇ ਸਬੰਧਤ ਵਿਭਾਗ ਦੇ ਉੱਚ-ਅਧਿਕਾਰੀਆਂ ਨੂੰ ਕਿਹਾ ਕਿ ਕਥਿਤ ਦੋਸ਼ੀਆਂ ਖਿਲਾਫ ਕਾਰਵਾਈ ਕਰਕੇ ਸ਼ਿਵਾਲਿਕ ਦੀਆਂ ਪਹਾੜੀਆਂ ਨੂੰ ਕੱਟਣੋਂ ਬਚਾਇਆ ਜਾਵੇ।

ਦੂਜੇ ਦਿਨ ਵੀ ਜਾਰੀ ਰਿਹਾ ਕਰਫ਼ਿਊ

ਕਰਫਿਊ ਦੇ ਦੂਸਰੇ ਦਿਨ ਗੁਰਦਾਸਪੁਰ ਸ਼ਹਿਰ ਅੰਦਰ ਸੁੰਨਸਾਨ ਸੜਕਾਂ 'ਤੇ ਘੁੰਮ ਰਹੇ
ਬੀ.ਐਸ.ਐਫ. ਦੇ ਜਵਾਨ।
ਗੁਰਦਾਸਪੁਰ, 31 ਮਾਰਚ -ਗੁਰਦਾਸਪੁਰ ਸ਼ਹਿਰ ਅੰਦਰ ਅੱਜ ਦੂਸਰੇ ਦਿਨ ਵੀ ਲਗਾਤਾਰ ਕਰਫਿਊ ਜਾਰੀ ਰਿਹਾ ਅਤੇ ਅੱਜ ਸ਼ਹਿਰ ਅੰਦਰ ਥਾਂ-ਥਾਂ 'ਤੇ ਤਾਇਨਾਤ ਕੀਤੇ ਪੁਲਿਸ ਮੁਲਾਜ਼ਮਾਂ ਵੱਲੋਂ ਇਸ ਕਰਫਿਊ ਨੂੰ ਕੱਲ੍ਹ ਦੇ ਮੁਕਾਬਲੇ ਕਾਫ਼ੀ ਸਖ਼ਤੀ ਨਾਲ ਲਾਗੂ ਕੀਤਾ ਗਿਆ। ਇੱਥੇ ਹੀ ਬੱਸ ਨਹੀਂ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਿਪਟਣ ਲਈ ਅੱਜ ਸ਼ਹਿਰ ਅੰਦਰ ਵਿਸ਼ੇਸ਼ ਤੌਰ 'ਤੇ ਬੀ. ਐਸ. ਐਫ. ਦੇ ਜਵਾਨ ਵੀ ਤਾਇਨਾਤ ਕੀਤੇ ਹੋਏ ਸਨ। ਸਵੇਰ ਤੋਂ ਹੀ ਗੁਰਦਾਸਪੁਰ ਸ਼ਹਿਰ ਨੂੰ ਆਉਂਦੇ ਸਾਰੇ ਰਸਤਿਆਂ 'ਤੇ ਵੱਡੀ ਗਿਣਤੀ ਵਿਚ ਪੁਲਿਸ ਅਤੇ ਬੀ. ਐਸ. ਐਫ. ਦੇ ਤਾਇਨਾਤ ਕੀਤੇ ਜਵਾਨਾਂ ਵੱਲੋਂ ਸਾਰਾ ਦਿਨ ਚਿੜੀ ਤੱਕ ਵੀ ਨਹੀਂ ਫੜਕਣ ਦਿੱਤੀ ਗਈ। ਇਹ ਕਰਫਿਊ ਅੱਜ ਇੰਨਾ ਜ਼ਬਰਦਸਤ ਰਿਹਾ ਕਿ ਪ੍ਰਿੰਟ ਤੇ ਬਿਜਲਈ ਮੀਡੀਆ ਨਾਲ ਜੁੜੇ ਪੱਤਰਕਾਰਾਂ ਨੂੰ ਵੀ ਪੁਲਿਸ ਵੱਲੋਂ ਸ਼ਹਿਰ ਅੰਦਰ ਦਾਖਲ ਹੋਣ ਦੀ ਇਜਾਜ਼ਤ ਨਹੀਂ ਸੀ ਦਿੱਤੀ ਜਾ ਰਹੀ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੀਡੀਆ ਨਾਲ ਜੁੜੇ ਪੱਤਰਕਾਰਾਂ ਨੂੰ ਕਰਫਿਊ ਦੌਰਾਨ ਰਿਪੋਟਿੰਗ ਕਰਨ ਲਈ ਕਿਸੇ ਤਰ੍ਹਾਂ ਦੇ ਕੋਈ ਪਾਸ ਜਾਰੀ ਨਹੀਂ ਸੀ ਕੀਤੇ ਗਏ। ਇਸ ਸਬੰਧ ਵਿਚ ਸ਼ਹਿਰ ਤੋਂ ਬਾਹਰਵਾਰ ਰੁਕੇ ਮੀਡੀਆ ਨਾਲ ਜੁੜੇ ਪੱਤਰਕਾਰਾਂ ਵੱਲੋਂ ਜਦੋਂ ਗੁਰਦਾਸਪੁਰ ਦੇ ਲੋਕ ਸੰਪਰਕ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਤਾਂ ਇਸ ਸਬੰਧ ਵਿਚ ਉਨ੍ਹਾਂ ਨੇ ਵੀ ਆਪਣੀ ਬੇਵਸੀ ਹੀ ਪ੍ਰਗਟ ਕੀਤੀ। ਗੁਰਦਾਸਪੁਰ ਸ਼ਹਿਰ ਅੰਦਰ ਲਗਾਤਾਰ ਦੂਸਰੇ ਦਿਨ ਕਰਫਿਊ ਰਹਿਣ ਕਾਰਨ ਲੋਕਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਦੇ ਸਬੰਧ ਵਿਚ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਗੁਰਦਾਸਪੁਰ ਸ਼ਹਿਰ ਨਾਲ ਸਬੰਧਿਤ ਬਾਹਰਲੇ ਸ਼ਹਿਰਾਂ ਵਿਚ ਨੌਕਰੀ ਕਰਦੇ ਸਰਕਾਰੀ ਮੁਲਾਜ਼ਮਾਂ ਨੂੰ ਕਰਫਿਊ ਕਾਰਨ ਆਪਣੀਆਂ ਨੌਕਰੀਆਂ 'ਤੇ ਪੁੱਜਣ ਵਿਚ ਵੀ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇੱਥੋਂ ਤੱਕ ਕਿ ਗੁਰਦਾਸਪੁਰ ਸ਼ਹਿਰ ਅੰਦਰ ਰਹਿ ਰਹੇ ਸਰਕਾਰੀ ਮੁਲਾਜ਼ਮ ਨੂੰ ਵੀ ਆਪਣੇ ਦਫ਼ਤਰਾਂ ਤੱਕ ਪੁੱਜਣ ਦੀ ਇਜਾਜ਼ਤ ਨਹੀਂ ਸੀ ਦਿੱਤੀ ਜਾ ਰਹੀ।
ਆਖਿਰ ਕਦੋਂ ਸੁਧਰੇਗੀ ਸ਼ਹਿਰ ਦੀ ਟ੍ਰੈਫਿਕ ਸਮੱਸਿਆ?

ਗੁਰਦਾਸਪੁਰ ਸ਼ਹਿਰ ਦੀ ਇੱਕ ਸੜਕ ਤੋਂ 3 ਨੌਜਵਾਨ ਦੋ ਪਹੀਆ ਵਾਹਨ 'ਤੇ ਸਵਾਰ
ਹੋ ਕੇ ਜਾਂਦੇ ਹੋਏ।

ਗੁਰਦਾਸਪੁਰ-31 ਮਾਰਚ ਗੁਰਦਾਸਪੁਰ ਸ਼ਹਿਰ ਅੰਦਰ ਸ਼ਰੇਆਮ ਨਿੱਤ ਟ੍ਰੈਫ਼ਿਕ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਹਨ। ਪਰ ਟ੍ਰੈਫ਼ਿਕ ਪੁਲਿਸ ਮੂਕ ਦਰਸ਼ਕ ਬਣ ਕੇ ਇਹ ਸਾਰਾ ਤਮਾਸ਼ਾ ਦੇਖਦੀ ਰਹਿੰਦੀ ਹੈ। ਆਮ ਤੌਰ 'ਤੇ ਤਾਂ ਗੁਰਦਾਸਪੁਰ ਸ਼ਹਿਰ ਦੇ ਵੱਖ-ਵੱਖ ਚੌਕਾਂ 'ਚ ਟ੍ਰੈਫ਼ਿਕ ਪੁਲਿਸ ਦੇ ਕਰਮਚਾਰੀ ਕਦੇ-ਕਦੇ ਹੀ ਦਿਖਾਈ ਦਿੰਦੇ ਹਨ ਪਰ ਜਦੋਂ ਕਦੇ ਟ੍ਰੈਫ਼ਿਕ ਪੁਲਿਸ ਕਰਮਚਾਰੀ ਦਿਖਾਈ ਦਿੰਦੇ ਹਨ ਤਾਂ ਉਨ੍ਹਾਂ ਵੱਲੋਂ ਚੌਕਾਂ 'ਚ ਟ੍ਰੈਫ਼ਿਕ ਦੀ ਆਵਾਜਾਈ ਨੂੰ ਸੁਚਾਰੂ ਰੂਪ ਵਿਚ ਚਲਾਉਣ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਜਾਣਕਾਰੀ ਅਨੁਸਾਰ ਕਈ ਸਾਲ ਪਹਿਲਾਂ ਗੁਰਦਾਸਪੁਰ ਪੁਲਿਸ ਵੱਲੋਂ ਗੁਰਦਾਸਪੁਰ ਸ਼ਹਿਰ ਦੇ ਐਨ ਵਿਚਕਾਰ ਪੈਂਦੇ ਡਾਕਖਾਨਾ ਚੌਕ ਵਿਚ ਬਕਾਇਦਾ ਲਾਈਟਾਂ ਵੀ ਲਗਾਈਆਂ ਗਈਆਂ ਸਨ। ਪਰ ਕਾਫ਼ੀ ਮਹੀਨਿਆਂ ਤੋਂ ਇਹ ਲਾਈਟਾਂ ਖ਼ਰਾਬ ਹੀ ਪਈਆਂ ਹਨ ਤੇ ਇਨ੍ਹਾਂ ਦੀ ਮੁਰੰਮਤ ਵੱਲ ਕਦੇ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਜੀ. ਟੀ. ਰੋਡ 'ਤੇ ਸਥਿਤ ਇਸ ਡਾਕਖਾਨਾ ਚੌਕ 'ਚ ਅਕਸਰ ਹੀ ਆਵਾਜਾਈ ਪ੍ਰਭਾਵਿਤ ਰਹਿੰਦੀ ਹੈ। ਇਸ ਚੌਕ ਵਿਚੋਂ ਇਕ ਸੜਕ ਅੰਮ੍ਰਿਤਸਰ ਤੇ ਦੂਸਰੇ ਪਾਸੇ ਦੀ ਸੜਕ ਪਠਾਨਕੋਟ ਨੂੰ ਜਾਂਦੀ ਹੈ। ਜਦੋਂ ਕਿ ਇਕ ਸੜਕ ਭੀੜ-ਭੜੱਕੇ ਵਾਲੇ ਸਦਰ ਬਾਜ਼ਾਰ ਤੇ ਉਸ ਦੇ ਸਾਹਮਣੇ ਵਾਲੀ ਸੜਕ ਜੇਲ੍ਹ ਰੋਡ ਨੂੰ ਜਾਂਦੀ ਹੈ। ਇਸ ਚੌਕ 'ਚ ਆਮ ਤੌਰ 'ਤੇ ਟ੍ਰੈਫ਼ਿਕ ਪੁਲਿਸ ਦੇ ਕਰਮਚਾਰੀ ਚੌਕ ਦੇ ਐਨ ਵਿਚਕਾਰ ਬਣੇ ਗੋਲੇ 'ਚ ਖੜਨ ਦੀ ਬਜਾਏ ਕਿਨਾਰਿਆਂ 'ਤੇ ਇਕ ਪਾਸੇ ਖੜ੍ਹੇ ਦੇਖੇ ਜਾ ਸਕਦੇ ਹਨ। ਇਸੇ ਤਰ੍ਹਾਂ ਦਾ ਹਾਲ ਗੁਰਦਾਸਪੁਰ ਸ਼ਹਿਰ ਦੇ ਹੋਰ ਚੌਕਾਂ ਦਾ ਬਣਿਆ ਰਹਿੰਦਾ ਹੈ। ਇੱਥੇ ਜ਼ਿਕਰਯੋਗ ਹੈ ਕਿ ਟ੍ਰੈਫ਼ਿਕ ਪੁਲਿਸ ਵੱਲੋਂ ਕੁਝ ਮਹੀਨੇ ਪਹਿਲਾਂ ਸ਼ਹਿਰ ਅੰਦਰ ਚਾਰ ਪਹੀਆ ਵਾਹਨਾਂ ਦੇ ਜਾਣ 'ਤੇ ਪਾਬੰਦੀ ਲਗਾਈ ਗਈ ਸੀ। ਇਸ ਨੂੰ ਅਮਲੀ ਰੂਪ ਦੇਣ ਲਈ ਸਬੰਧਿਤ ਥਾਵਾਂ 'ਤੇ ਬਕਾਇਦਾ ਬੈਰੀਗੇਡ ਵੀ ਲਗਾਏ ਸਨ ਤਾਂ ਜੋ ਉਸ ਤੋਂ ਅਗਾਂਹ ਚਾਰ ਪਹੀਆ ਵਾਹਨ ਬਾਜ਼ਾਰਾਂ ਵਿਚ ਜਾ ਹੀ ਨਾ ਸਕਣ। ਪਰ ਪਿਛਲੇ ਕਈ ਮਹੀਨਿਆਂ ਤੋਂ ਕਾਰਾਂ, ਜੀਪਾਂ ਵੱਲੋਂ ਇਨ੍ਹਾਂ ਬੈਰੀਗੇਡਾਂ ਦੀ ਕੋਈ ਪ੍ਰਵਾਹ ਨਹੀਂ ਕੀਤੀ ਜਾ ਰਹੀ ਤੇ ਉਹ ਆਪਣੇ ਇਹ ਵਾਹਨ ਭੀੜ-ਭੜੱਕੇ ਵਾਲੇ ਬਾਜ਼ਾਰਾਂ ਵਿਚ ਲਿਜਾ ਕੇ ਦੁਕਾਨਾਂ ਮੂਹਰੇ ਕਰ ਦਿੰਦੇ ਹਨ। ਟ੍ਰੈਫ਼ਿਕ ਪੁਲਿਸ ਵੱਲੋਂ ਲਾਇਬ੍ਰੇਰੀ ਚੌਕ ਦੇ ਨਜ਼ਦੀਕ ਪਾਰਕਿੰਗ ਵਾਸਤੇ ਬਕਾਇਦਾ ਇਕ ਜਗ੍ਹਾ ਵੀ ਨਿਸ਼ਚਿਤ ਕੀਤੀ ਹੋਈ ਹੈ ਪਰ ਇਸ ਕਾਰ ਪਾਰਕਿੰਗ 'ਚ ਬਹੁਤ ਘੱਟ ਲੋਕਾਂ ਵੱਲੋਂ ਆਪਣੇ ਵਾਹਨ ਖੜ੍ਹੇ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਗੁਰਦਾਸਪੁਰ ਸ਼ਹਿਰ ਅੰਦਰ ਅਕਸਰ ਹੀ 3-3 ਨੌਜਵਾਨ ਇਕ ਮੋਟਰਸਾਈਕਲ 'ਤੇ ਸਵਾਰ ਹੋ ਕੇ ਸਾਰਾ ਦਿਨ ਸੜਕਾਂ 'ਤੇ ਫਿਰਦੇ ਹਨ। ਇੱਥੋਂ ਤੱਕ ਕਿ ਇਨ੍ਹਾਂ ਨੌਜਵਾਨਾਂ ਵੱਲੋਂ ਆਪਣੇ ਮੋਟਰਸਾਈਕਲਾਂ 'ਤੇ ਬਹੁਤ ਹੀ ਡਰਾਉਣੇ ਕਿਸਮ ਦੇ ਹਾਰਨ ਲਗਾਏ ਹੁੰਦੇ ਹਨ। ਅਜਿਹਾ ਨਜ਼ਾਰਾ ਆਮ ਤੌਰ 'ਤੇ ਸ਼ਾਮ ਸਮੇਂ ਡੀ. ਸੀ. ਗੁਰਦਾਸਪੁਰ ਦੀ ਰਿਹਾਇਸ਼ ਦੇ ਨਜ਼ਦੀਕ ਫਿਸ਼ ਪਾਰਕ ਸਾਹਮਣੇ ਦੇਖਿਆ ਜਾ ਸਕਦਾ ਹੈ।

'ਪੁਤਲਿਆਂ ਦਾ ਸ਼ਮਸ਼ਾਨਘਾਟ' ਬਣ ਚੁੱਕਾ ਹੈ ਅੰਮ੍ਰਿਤਸਰ ਦਾ ਹਾਲ ਗੇਟ ਚੌਕ

ਹਾਲ ਗੇਟ ਚੌਕ ਅੰਮ੍ਰਿਤਸਰ ਵਿਖੇ ਪੁਤਲਾ ਅਗਨ ਭੇਟ ਕਰਦੇ ਹੋਏ ਪ੍ਰਦਰਸ਼ਨਕਾਰੀ। (ਸੱਜੇ) ਇੱਕ ਰੋਸ ਪ੍ਰਦਰਸ਼ਨ ਦਾ ਦ੍ਰਿਸ਼।
ਅੰਮ੍ਰਿਤਸਰ 31 ਮਾਰਚ-ਪੁਰਾਣੇ ਅੰਮ੍ਰਿਤਸਰ ਸ਼ਹਿਰ ਵਿਚ ਦਾਖਲ ਹੋਣ ਲਈ ਪ੍ਰਮੁੱਖ ਵਪਾਰਕ ਕੇਂਦਰ ਹਾਲ ਬਾਜਾਰ ਦੇ ਬਾਹਰ ਬਣਿਆਂ 'ਹਾਲ ਗੇਟ', ਜਿਸ ਨੂੰ ਸੰਨ੍ਹ '47 ਤੋਂ ਬਾਦ ਗਾਂਧੀ ਗੇਟ ਦਾ ਨਾਂ ਦਿੱਤਾ ਗਿਆ, ਇੱਕ ਤਰ੍ਹਾਂ ਨਾਲ ਸ਼ਹਿਰ ਦਾ ਮੁੱਖ ਪ੍ਰਵੇਸ਼ ਦੁਆਰ ਹੈ। ਪਰ ਪਿਛਲੇ ਕਈ ਦਹਾਕਿਆਂ ਤੋਂ ਇਹ ਹਾਲ ਗੇਟ ਦਰਵਾਜ਼ਾ ਅਤੇ ਚੌਕ ਜਲਸੇ- ਮੁਜ਼ਾਹਰਿਆਂ ਤੇ ਹੜਤਾਲਾਂ ਦਾ ਮੁੱਖ ਕੇਂਦਰ ਬਣਨ ਦੇ ਨਾਲ ਨਾਲ ਵੱਖ ਵੱਖ ਪਾਰਟੀਆਂ ਦੇ ਆਗੂਆਂ ਦੇ ਪੁਤਲਿਆਂ ਦਾ ਸ਼ਮਸ਼ਾਨਘਾਟ ਬਣ ਚੁੱਕਾ ਹੈ। ਹਾਲ ਗੇਟ ਦੇ ਇਤਿਹਾਸਕ ਪੱਖ 'ਤੇ ਝਾਤ ਮਾਰਿਆਂ ਪਤਾ ਲੱਗਦਾ ਹੈ ਕਿ ਸੰਨ੍ਹ 1876 ਵਿਚ ਅੰਮ੍ਰਿਤਸਰ ਦੇ ਉਸ ਸਮੇਂ ਦੇ ਅੰਗਰੇਜ਼ ਡਿਪਟੀ ਕਮਿਸ਼ਨਰ ਕਰਨਲ ਸੀ.ਐੱਚ. ਹਾਲ ਵਲੋਂ ਆਪਣੇ ਨਾਂ 'ਤੇ ਇਹ ਗੇਟ ਤਿਆਰ ਕਰਵਾਇਆ ਗਿਆ ਸੀ, ਇਸ ਦੇ ਉਪਰ ਲੱਗੀ ਘੜੀ ਅਤੇ ਇਮਾਰਤ ਦਾ ਡਿਜ਼ਾਇਨ ਇੰਜੀਨੀਅਰ ਜਾਨ ਗਾਰਡਨ ਵੱਲੋਂ ਸੰਨ੍ਹ 1873-74 'ਚ ਤਿਆਰ ਕੀਤਾ ਗਿਆ ਸੀ। ਦਰਵਾਜ਼ਾ ਬਨਣ ਤੋਂ ਪਹਿਲਾਂ ਇਥੇ ਪੁਰਾਣੀ ਦੀਵਾਰ ਦਾ ਬੁਰਜ ਹੁੰਦਾ ਸੀ। ਦੇਸ ਦੀ ਅਜ਼ਾਦੀ ਤੋਂ ਬਾਦ ਇਸ ਦੇ ਦਰਵਾਜ਼ੇ ਉੱਪਰ ਇਸ ਦਾ ਨਵਾਂ ਨਾਮ 'ਗਾਂਧੀ ਦਰਵਾਜ਼ਾ' ਉੱਕਰ ਦਿੱਤਾ ਗਿਆ, ਪਰ ਸ਼ਹਿਰ ਵਾਸੀ ਇਸ ਨੂੰ ਅਜੇ ਵੀ ਗਾਂਧੀ ਗੇਟ ਵਜੋਂ ਘੱਟ ਤੇ ਅੰਗਰੇਜ਼ ਡੀ.ਸੀ. ਦੇ ਨਾਮ 'ਹਾਲ ਗੇਟ' ਦੇ ਨਾਂ ਨਾਲ ਜ਼ਿਆਦਾ ਜਾਣਦੇ ਹਨ। ਅੱਜ ਕੱਲ ਇਹ ਗੇਟ ਸ਼ਹਿਰ ਵਿੱਚ ਹੁੰਦੇ ਜਲਸੇ ਜਲੂਸਾਂ ਦੇ ਮੁੱਖ ਕੇਂਦਰ ਅਤੇ ਪੁਤਲੇ ਸਾੜ ਕੇ ਨਾਅਰੇਬਾਜ਼ੀ ਕਰਨ ਦਾ ਪ੍ਰਮੁੱਖ ਕੇਂਦਰ ਬਣ ਚੁੱਕਾ ਹੈ। ਆਏ ਦਿਨ ਕਿਸੇ ਨਾ ਕਿਸੇ ਪਾਰਟੀ ਜਾਂ ਉਸ ਨਾਲ ਸਬੰਧਤ ਕਿਸੇ ਆਗੂ ਦੇ ਪੁਤਲੇ ਇਸ ਚੌਕ ਵਿੱਚ ਅਗਨ ਭੇਟ ਕੀਤੇ ਜਾਂਦੇ ਹਨ। ਇਸ ਗੇਟ ਦੀ ਵਰਤੋਂ ਰੋਜ਼ਾਨਾਂ ਲੱਖਾਂ ਸ਼ਹਿਰ ਵਾਸੀ ਤੇ ਦੇਸੀ-ਵਿਦੇਸ਼ੀ ਸੈਲਾਨੀ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਅਤੇ ਪੁਰਾਣੇ ਚਾਰਦੀਵਾਰੀ ਵਾਲੇ ਅੰਮ੍ਰਿਤਸਰ ਸ਼ਹਿਰ ਵਿੱਚ ਦਾਖਲ ਹੋਣ ਲਈ ਕਰਦੇ ਹਨ। ਇਸ ਚੌਕ ਵਿੱਚ ਪੁਤਲੇ ਸਾੜਣ ਸਮੇਂ ਹੁੰਦੀ ਨਾਅਰੇਬਾਜ਼ੀ ਕਾਰਣ ਲੰਬੇ ਲੰਬੇ ਜਾਮ ਲੱਗ ਜਾਂਦੇ ਹਨ, ਜਿਸ ਕਾਰਣ ਜਾਮ ਵਿੱਚ ਫਸਣ ਕਰਕੇ ਸਥਾਨਕ ਲੋਕਾਂ ਦੇ ਨਾਲ ਨਾਲ ਗੂਰੂ ਨਗਰੀ ਦੀ ਯਾਤਰਾ ਤੇ ਆਏ ਸੈਲਾਨੀਆਂ ਨੂੰ ਵੀ ਪ੍ਰੇਸ਼ਾਨ ਹੋਣਾ ਪੈਂਦਾ ਹੈ। ਸ਼ਹਿਰ ਵਿੱਚ ਕਿਸੇ ਵੀ ਧਾਰਮਿਕ, ਸਮਾਜਿਕ ਜਾਂ ਰਾਜਨੀਤਕ ਪਾਰਟੀ ਜਾਂ ਫਿਰ ਕਿਸੇ ਮੁਲਾਜ਼ਮ ਜਥੇਬੰਦੀ ਵੱਲੋਂ ਰੋਸ ਪ੍ਰਦਰਸ਼ਨ, ਹੜਤਾਲ ਜਾਂ ਬੰਦ ਦਾ ਸੱਦਾ ਹੋਵੇ, ਇਸ ਦਾ ਪ੍ਰਮੁੱਖ ਕੇਂਦਰ ਹਾਲ ਗੇਟ ਹੀ ਬਣਦਾ ਹੈ। ਹਾਲ ਬਾਜ਼ਾਰ ਅਤੇ ਹਾਲ ਗੇਟ ਨੇੜੇ ਕੁੱਝ ਅਖਬਾਰਾਂ ਦੇ ਦਫਤਰ ਹੋਣ ਕਾਰਣ ਵੀ ਪ੍ਰਦਰਸ਼ਨਕਾਰੀ ਪੁਤਲੇ ਅਗਨ ਭੇਟ ਕਰਨ ਲਈ ਇਸ ਸਥਾਨ ਦੀ ਚੋਣ ਕਰਨ ਨੂੰ ਤਰਜੀਹ ਦਿੰਦੇ ਹਨ। ਇਸ ਗੇਟ ਦੇ ਨੇੜੇ ਬਕਾਇਦਾ ਪੁਲਿਸ ਚੌਕੀ ਵੀ ਬਣੀ ਹੋਈ ਹੈ, ਪਰ ਪੁਲਿਸ ਕਰਮੀ ਤੇ ਅਧਿਕਾਰੀ ਪ੍ਰਦਰਸ਼ਨਕਾਰੀਆਂ ਨੂੰ ਪੁਤਲੇ ਸਾੜਨ ਜਾਂ ਆਵਾਜਾਈ ਨੂੰ ਪ੍ਰਭਾਵਿਤ ਕਰਨ ਤੋਂ ਰੋਕਣ ਦੀ ਥਾਂ, ਮੂਕ ਦਰਸ਼ਕ ਬਣਕੇ ਖੜੇ ਰਹਿੰਦੇ ਹਨ। ਇਸ ਚੌਕ ਵਿੱਚ ਜਾਮ ਲੱਗਣ ਕਾਰਣ ਤੇ ਆਵਾਜਾਈ ਬੰਦ ਹੋ ਜਾਣ ਕਾਰਣ ਹਾਲ ਬਾਜਾਰ ਦੇ ਦੁਕਾਨਦਾਰਾਂ ਦਾ ਕੰਮਕਾਜ ਵੀ ਪ੍ਰਭਾਵਿਤ ਹੁੰਦਾ ਹੈ। ਹਾਲ ਬਾਜਾਰ ਦੇ ਕੁੱਝ ਦੁਕਾਨਦਾਰਾਂ ਤੇ ਸ਼ਹਿਰ ਵਾਸੀਆਂ ਨੇ ਅਜੀਤ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਤੇ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਨਵੀਂ ਦਿੱਲੀ ਜਾਂ ਚੰਡੀਗੜ੍ਹ ਵਾਂਗ ਪੁਤਲੇ ਸਾੜਨ ਅਤੇ ਰੋਸ ਪ੍ਰਦਰਸ਼ਨ ਕਰਨ ਵਾਲਿਆਂ ਲਈ ਹਾਲ ਗੇਟ ਦੀ ਥਾਂ ਸ਼ਹਿਰ ਵਿੱਚ ਕੋਈ ਹੋਰ ਸੜਕ ਜਾਂ ਚੌਕ ਅਲਾਟ ਕਰੇ ਤਾਂ ਕਿ ਪੁਰਾਣੇ ਤੇ ਨਵੇਂ ਸ਼ਹਿਰ ਨੂੰ ਜੋੜਨ ਵਾਲੇ ਹਾਲ ਗੇਟ ਚੌਕ ਵਿਖੇ ਨਿਤਦਿਨ ਸੜਦੇ ਪੁਤਲਿਆਂ ਅਤੇ ਹੁੰਦੇ ਰੋਸ ਪ੍ਰਦਰਸ਼ਨਾਂ ਕਾਰਣ ਲੋਕਾਂ ਨੂੰ ਹੁੰਦੀ ਪ੍ਰੇਸ਼ਾਨੀ ਤੋਂ ਨਿਜ਼ਾਤ ਮਿਲ ਸਕੇ।
ਪੁਲਿਸ ਕਮਿਸ਼ਨਰ ਦੇ ਰੀਡਰ ਦੇ ਘਰ ਲੁੱਟ-ਖੋਹ

ਪੁਲਿਸ ਇੰਸਪੈਕਟਰ ਦੇ ਘਰ ਹੋਈ ਲੁੱਟ ਖੋਹ ਉਪਰੰਤ ਸੀ. ਆਈ. ਏ. ਸਟਾਫ਼ ਦੇ ਇੰਚਾਰਜ
ਸ੍ਰੀ ਵਿਕਰਮ ਸ਼ਰਮਾ ਇੰਸਪੈਕਟਰ ਜਾਂਚ ਕਰਦੇ ਹੋਏ। 

ਅੰਮ੍ਰਿਤਸਰ, 31 ਮਾਰਚ -ਸ਼ਹਿਰ 'ਚ ਲੁਟੇਰਿਆਂ ਦੇ ਹੌਂਸਲੇ ਇੰਨ੍ਹੇ ਬੁਲੰਦ ਹੋ ਚੁੱਕੇ ਹਨ ਕਿ ਹੁਣ ਉਨ੍ਹਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਵੀ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ, ਜਿਸ ਤਾਜ਼ਾ ਮਿਸਾਲ ਅੱਜ ਪੁਲਿਸ ਕਮਿਸ਼ਨਰ ਦੇ ਰੀਡਰ ਦੇ ਘਰ ਬਿਜਲੀ ਮੁਲਾਜ਼ਮਾਂ ਦੇ ਭੇਸ 'ਚ ਦਾਖਲ ਹੋਏ ਲੁਟੇਰਿਆਂ ਵੱਲੋਂ ਲੁੱਟ-ਖੋਹ ਕੀਤੇ ਜਾਣ ਦੀ ਹੈ। ਲੁਟੇਰਿਆਂ ਵੱਲੋਂ ਜਿੱਥੇ ਘਰ ਦੀ ਸੇਫ਼ 'ਚ ਪਏ 25 ਹਜ਼ਾਰ ਦੀ ਨਗਦੀ ਤੇ ਤਿੰਨ ਤੋਲੇ ਸੋਨੇ ਦੇ ਗਹਿਣ ਲੁੱਟ ਲਏ, ਉੱਥੇ ਪੁਲਿਸ ਇੰਸਪੈਕਟਰ ਦੀ ਪਤਨੀ ਨੂੰ ਵੀ ਸੱਟਾਂ ਲਾ ਕੇ ਜਖ਼ਮੀ ਕਰ ਦਿੱਤਾ ਗਿਆ ਜੋ ਇਸ ਵੇਲੇ ਨਿੱਜੀ ਹਸਪਤਾਲ 'ਚ ਜ਼ੇਰੇ ਇਲਾਜ਼ ਹੈ। ਇਹ ਘਟਨਾ ਅੱਜ ਦੁਪਿਹਰ ਵੇਲੇ ਸਥਾਨਕ ਲੁਹਾਰਕਾ ਰੋਡ ਰਣਜੀਤ ਐਵੀਨਿਊ ਵਿਖੇ ਵਾਪਰੀ ਜਦੋਂ ਕਿ ਬੀਬੀ ਗੁਰਮਿੰਦਰ ਕੌਰ ਪਤਨੀ ਸ: ਸੁਰਜੀਤ ਸਿੰਘ 'ਬਾਬਾ' ਘਰ 'ਚ ਮੌਜ਼ੂਦ ਸਨ, ਕਿ ਤਿੰਨ ਵਿਅਕਤੀਆਂ ਨੇ ਆਪਣੇ ਆਪ ਨੂੰ ਬਿਜਲੀ ਮੁਲਾਜ਼ਮ ਦੱਸਕੇ ਘਰ 'ਚ ਦਾਖਲ ਹੋ ਗਏ ਅਤੇ ਉਕਤ ਕਾਰਵਾਈ ਨੂੰ ਅੰਜ਼ਾਮ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਇੰਸਪੈਕਟਰ ਵਿਕਰਮ ਸ਼ਰਮਾ, ਥਾਣਾ ਛਾਓਣੀ ਦੇ ਮੁੱਖੀ ਇੰਸਪੈਕਟਰ ਸੋਹਨ ਸਿੰਘ ਤੇ ਹੋਰ ਪੁਲਿਸ ਅਧਿਕਾਰੀ ਭਾਰੀ ਸੁਰੱਖਿਆ ਬੱਲਾਂ ਸਮੇਤ ਪੁੱਜ ਗਏ। ਥਾਣਾ ਛਾਓਣੀ ਦੇ ਮੁੱਖੀ ਸ: ਸੋਹਨ ਸਿੰਘ ਨੇ ਵਾਪਰੀ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੁਲਿਸ ਨੇ ਮਾਮਲਾ ਦਰਜ਼ ਕਰਕੇ ਲੁਟੇਰਿਆਂ ਦੀ ਭਾਲ ਜਾਰੀ ਕਰ ਦਿੱਤੀ ਹੈ


ਟਰਾਂਸਫ਼ਾਰਮਰ ਚੋਰੀ ਕਰਨ ਵਾਲੇ ਗਰੋਹ ਦੇ ਚਾਰ ਮੈਂਬਰ ਕਾਬੂ

ਗੁਰਾਇਆ ਪੁਲਿਸ ਟਰਾਂਸਫ਼ਾਰਮਰ ਚੋਰੀ ਕਰਨ ਵਾਲੇ ਗਰੋਹ ਦੇ ਮੈਂਬਰਾਂ ਨਾਲ ਉਨ੍ਹਾਂ ਕੋਲੋਂ ਬਰਾਮਦ ਮੋਟਰਸਾਈਕਲਾਂ, ਸਕੂਟਰਾਂ, ਤਾਂਬੇ ਦੀਆਂ ਤਾਰਾਂ ਤੇ ਹੋਰ ਸਮਾਨ ਨਾਲ।
ਗੁਰਾਇਆ-ਵਿਰਦੀ 31 ਮਾਰਚ  ਯੁਰਿੰਦਰ ਸਿੰਘ ਹੇਅਰ ਐੱਸ.ਐੱਸ.ਪੀ ਸਾਹਿਬ ਜਲੰਧਰ ਦਿਹਾਤੀ ਨੇ ਦੱਸਿਆ ਕਿ ਅਮਰਪ੍ਰੀਤ ਸਿੰਘ ਘੁੰਮਣ ਡੀ.ਐੱਸ.ਪੀ ਫਿਲੌਰ ਦੀ ਅਗਵਾਈ 'ਚ ਸਰਬਜੀਤ ਰਾਏ ਐੱਸ. ਐੱਚ.ਓ ਗੁਰਾਇਆ ਨੇ ਟਰਾਂਸਫ਼ਾਰਮਰ ਚੋਰੀ ਕਰਨ ਵਾਲੇ ਗਰੋਹ ਦੇ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਨੇ ਫਿਲੌਰ ਅਤੇ ਨਕੋਦਰ ਸਬਡਵੀਜ਼ਨ ਵਿਚ 30 ਤੋਂ ਵੱਧ ਟਰਾਂਸਫ਼ਾਰਮਰ ਚੋਰੀ ਕਰਨ ਨੂੰ ਕਬੂਲਿਆ ਹੈ। ਉਨ੍ਹਾਂ ਦੱਸਿਆ ਕਿ ਐੱਸ.ਐੱਚ.ਓ ਗੁਰਾਇਆ ਅਤੇ ਅਮਰਜੀਤ ਸਿੰਘ ਚੌਂਕੀ ਇੰਚਾਰਜ ਰੁੜਕਾ ਕਲਾਂ ਨੂੰ ਸੂਚਨਾ ਮਿਲੀ ਕਿ ਜੀਵਨ ਲਾਲ ਪੁੱਤਰ ਨਸੀਬ ਚੰਦ ਵਾਸੀ ਪਿੰਡ ਮਨਸੂਰਪੁਰ, ਰਣਜੀਤ ਸਿੰਘ ਉਰਫ਼ ਜੀਤਾ ਪੁੱਤਰ ਜ਼ੈਲਾਂ ਰਾਮ ਵਾਸੀ ਕਮਾਲਪੁਰ, ਦੀਪਾ ਪੁੱਤਰ ਮੋਹਨ ਲਾਲ ਵਾਸੀ ਕਮਾਲਪੁਰ ਕਾਲੋਨੀ ਅਤੇ ਸੁਮਿਤ ਕੁਮਾਰ ਪੁੱਤਰ ਵਰਿੰਦਰ ਕੁਮਾਰ ਵਾਸੀ ਵਿਰਕਾਂ ਰਾਤ ਵੇਲੇ ਟਿਊਬਵਲਾਂ ਤੋਂ ਟਰਾਂਸਫ਼ਾਰਮਰ ਚੋਰੀ ਕਰਨ ਦਾ ਧੰਦਾ ਕਰਦੇ ਹਨ। ਪੁਲਿਸ ਨੇ ਮੁਖ਼ਬਰੀ ਦੇ ਆਧਾਰ 'ਤੇ ਛਾਪਾਮਾਰੀ ਕੀਤੀ ਅਤੇ ਚਾਰ ਵਿਅਕਤੀਆਂ ਨੂੰ ਕਾਬੂ ਕਰ ਲਿਆ। ਉਨ੍ਹਾਂ ਪੁੱਛਗਿੱਛ ਦੌਰਾਨ ਦੱਸਿਆ ਕਿ ਉਨ੍ਹਾਂ ਪਿੰਡ ਲੋਹਗੜ੍ਹ, ਕੰਗ ਜਗੀਰ, ਧੁਲੇਤਾ, ਫਿਲੌਰ, ਨੂਰਮਹਿਲ, ਫਲਪੋਤਾ, ਮੁਠੱਡਾ, ਅੱਟੀ, ਮਹਿਤਪੁਰ, ਨਕੋਦਰ, ਜੰਡਿਆਲਾ, ਸਮਰਾੜੀ, ਹਰੀਪੁਰ ਖ਼ਾਲਸਾ, ਭੋਗਪੁਰ ਅਤੇ ਗੁਰਾਇਆ ਇਲਾਕੇ ਵਿਚੋਂ ਅਨੇਕਾਂ ਬਿਜਲੀ ਟਰਾਂਸਫ਼ਾਰਮਰ ਚੋਰੀ ਕਰਕੇ ਸਾਰਾ ਸਮਾਨ ਜਲੰਧਰ ਵੇਚਿਆ ਹੈ। ਦੋਸ਼ੀਆਂ ਕੋਲੋਂ ਦੋ ਮੋਟਰਸਾਈਕਲ ਤੇ ਸਕੂਟਰ ਬਰਾਮਦ ਕੀਤੇ ਗਏ ਹਨ। ਇਹਨਾਂ ਪਾਸੋਂ ਦਾਤਰ, ਟਰਾਂਸਫ਼ਾਰਮਰ ਖੋਲ੍ਹਣ ਵਾਲੇ ਔਜ਼ਾਰ, ਚਾਬੀਆਂ ਚੋਰੀ ਕੀਤੀ ਗਈ ਤਾਰ, ਤਾਂਬਾ ਵੀ ਬਰਾਮਦ ਹੋਇਆ ਹੈ। ਵੱਖ-ਵੱਖ ਥਾਵਾਂ 'ਤੇ ਹੋਈਆ ਚੋਰੀਆਂ ਸਬੰਧੀ ਪਹਿਲਾ ਹੀ ਥਾਣਾ ਗੁਰਾਇਆ, ਫਿਲੌਰ ਅਤੇ ਨੂਰਮਹਿਲ 'ਚ ਮੁਕੱਦਮੇ ਦਰਜ ਹਨ।
873 ਲੀਟਰ ਨਾਜਾਇਜ਼ ਸਪਿਰਟ ਬਰਾਮਦ

ਫੜੀ ਗਈ ਸਪਿਰਟ ਨਾਲ ਪੁਲਿਸ ਪਾਰਟੀ।
ਜਲੰਧਰ 31 ਮਾਰਚ - ਥਾਣਾ ਭਾਰਗੋ ਕੈਂਪ ਦੀ ਪੁਲਿਸ ਨੇ ਤਿਲਕ ਨਗਰ 'ਚ ਨਾਜਾਇਜ਼ ਤੌਰ 'ਤੇ ਸਟਾਕ ਕਰਕੇ ਰੱਖੀ 873 ਲੀਟਰ ਸਪਿਰਟ ਬਰਾਮਦ ਕੀਤੀ ਹੈ। ਹਾਲਾਂਕਿ ਦੋਸ਼ੀ ਮੌਕੇ ਤੋਂ ਫਰਾਰ ਹੋਣ 'ਚ ਕਾਮਯਾਬ ਹੋ ਗਿਆ ਹੈ। ਦੋਸ਼ੀ ਦੀ ਪਹਿਚਾਣ ਪੁਲਿਸ ਨੇ ਇਬਰਾਹੀਮ ਮੁਹੰਮਦ ਵਾਸੀ ਤਿਲਕ ਨਗਰ ਦੇ ਰੂਪ 'ਚ ਹੋਈ ਹੈ। ਥਾਣਾ ਭਾਰਗੋ ਕੈਂਪ ਦੀ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਤਿਲਕ ਨਗਰ 'ਚ ਇਕ ਵਿਅਕਤੀ ਨੇ ਘਰ 'ਚ ਸਪਿਰਟ ਨਾਜਾਇਜ਼ ਤਰੀਕੇ ਨਾਲ ਸਟਾਕ ਕਰਕੇ ਰੱਖੀ ਹੈ, ਜਿਸ 'ਤੇ ਛਾਪਾਮਾਰੀ ਕਰਕੇ ਬਰਾਮਦ ਕਰ ਲਿਆ ਹੈ, ਪਰ ਦੋਸ਼ੀ ਇਬਰਾਹੀਮ ਫਰਾਰ ਹੋਣ 'ਚ ਸਫ਼ਲ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਬਸਤੀ ਖੇਤਰ 'ਚ ਨਾਜਾਇਜ਼ ਅਤੇ ਘਟੀਆ ਸ਼ਰਾਬ ਦਾ ਧੰਦਾ ਜ਼ੋਰਾਂ 'ਤੇ ਹੈ। ਜਿਥੇ ਤਸਕਰ ਸ਼ਰਾਬ 'ਚ ਸਪਿਰਟ ਮਿਲਾ ਕੇ ਬਾਜ਼ਾਰ 'ਚ ਵੇਚਦੇ ਹਨ।
ਦਿਨ-ਦਿਹਾੜੇ ਔਰਤ ਤੋਂ ਪਰਸ ਖੋਹਿਆ- ਇਕ ਕਾਬੂ, ਇਕ ਫ਼ਰਾਰ

ਪੁਲਿਸ ਦੇ ਸਾਹਮਣੇ ਹੀ ਕਾਬੂ ਕੀਤੇ ਲੁਟੇਰੇ ਦੀ ਛਿੱਤਰ ਪਰੇਡ ਕਰਦੇ ਲੋਕ।
ਚੁਗਿੱਟੀ/ਜੰਡੂਸਿੰਘਾ, 31 ਮਾਰਚ -ਅੱਜ ਬਾਅਦ ਦੁਪਹਿਰ ਸਥਾਨਕ ਕਾਜ਼ੀ ਮੰਡੀ ਦੇ ਨਾਲ ਲੱਗਦੇ ਮੁਹੱਲਾ ਦੌਲਤਪੁਰੀ ਦੀ ਇਕ ਗਲੀ 'ਚ ਦਿਨ-ਦਿਹਾੜੇ ਦੋ ਲੁਟੇਰਿਆਂ ਵੱਲੋਂ ਇਕ ਔਰਤ ਦਾ ਪਰਸ ਖੋਹ ਲਿਆ ਗਿਆ। ਘਟਨਾ ਸਬੰਧੀ ਪੀੜਤ ਔਰਤ ਨੇ ਦੱਸਿਆ ਕਿ ਦੁਪਹਿਰ ਵੇਲੇ ਉਹ ਆਪਣੇ 2 ਬੱਚਿਆਂ ਨਾਲ ਬਾਜ਼ਾਰ ਵੱਲ ਨੂੰ ਜਾ ਰਹੀ ਸੀ ਕਿ ਇਸੇ ਦੌਰਾਨ ਦੋ ਲੜਕੇ ਇਕ ਮੋਟਰਸਾਈਕਲ 'ਤੇ ਆਏ ਤੇ ਉਨ੍ਹਾਂ 'ਚੋਂ ਇਕ ਨੇ ਉਸ ਦਾ ਪਰਸ ਖੋਹ ਲਿਆ, ਜਿਸ 'ਤੇ ਉਸ ਨੇ ਰੌਲਾ ਪਾ ਕੇ ਲੋਕਾਂ ਨੂੰ ਦੱਸਿਆ। ਜਿਨ੍ਹਾਂ ਨੇ ਉਕਤ ਮੋਟਰਸਾਈਕਲ ਸਵਾਰਾਂ ਦਾ ਪਿੱਛਾ ਕਰਕੇ ਇਕ ਲੁਟੇਰੇ ਨੂੰ ਕਾਬੂ ਕਰ ਲਿਆ। ਜਦੋਂ ਕਿ ਮੋਟਰਸਾਈਕਲ ਚਲਾ ਰਿਹਾ ਲੁਟੇਰਾ ਮੋਟਰਸਾਈਕਲ ਛੱਡਕੇ ਫਰਾਰ ਹੋਣ 'ਚ ਸਫਲ ਹੋ ਗਿਆ। ਇਸ ਸਬੰਧੀ ਉਕਤ ਲੋਕਾਂ ਵੱਲੋਂ ਸੂਚਿਤ ਕੀਤੇ ਜਾਣ 'ਤੇ ਵੀ ਜਦੋਂ ਪੁਲਿਸ ਸਮੇਂ ਸਿਰ ਨਾ ਪਹੁੰਚੀ ਤਾਂ ਸਥਾਨਕ ਨਿਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਲੋਕਾਂ ਨੇ ਕਾਬੂ ਕੀਤੇ ਲੁਟੇਰੇ ਦੀ ਖੂਬ ਸੇਵਾ ਕੀਤੀ ਤੇ ਬਾਅਦ ਵਿਚ ਮੌਕੇ 'ਤੇ ਪਹੁੰਚੇ ਪੀ. ਸੀ. ਆਰ. ਮੁਲਾਜ਼ਮਾਂ ਦੇ ਜ਼ਰੀਏ ਉਕਤ ਲੁਟੇਰੇ ਨੂੰ ਸੂਰਿਆ ਇਨਕਲੇਵ ਚੌਕੀ 'ਚ ਪੇਸ਼ ਕਰ ਦਿੱਤਾ, ਉਧਰ ਲੋਕਾਂ ਮੁਤਾਬਿਕ ਕੁਝ ਹੀ ਦੂਰੀ 'ਤੇ ਖੋਹਿਆ ਗਿਆ ਪਰਸ ਵੀ ਪੁਲਿਸ ਨੂੰ ਮਿਲਿਆ। ਜਿਸ ਵਿਚੋਂ ਕਿ ਸਾਮਾਨ ਤੇ ਨਗਦੀ ਵਗੈਰਾ ਗਾਇਬ ਸੀ। ਜਾਣਕਾਰੀ ਅਨੁਸਾਰ ਇਸ ਸਬੰਧੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਜ਼ਮੀਨਾਂ ਦੇ ਰਜਿਸਟਰੀ ਰੇਟ ਵਧਣ ਦੇ ਡਰੋਂ ਤਹਿਸੀਲਾਂ 'ਚ ਭੀੜ ਵਧੀ

ਜਲੰਧਰ ਤਹਿਸੀਲ 'ਚ ਰਜਿਸਟਰੀਆਂ ਕਰਵਾਉਣ ਆਏ ਲੋਕਾਂ ਦਾ ਦ੍ਰਿਸ਼।

ਜਲੰਧਰ, 31 ਮਾਰਚ -ਪਹਿਲੀ ਅਪ੍ਰੈਲ ਤੋਂ ਜਾਇਦਾਦਾਂ ਦੇ ਰਜਿਸਟਰੀ ਰੇਟ ਵੱਧਣ ਦੀਆਂ ਆ ਰਹੀਆਂ ਖ਼ਬਰਾਂ ਨੂੰ ਦੇਖਦਿਆਂ ਤਹਿਸੀਲਾਂ ਵਿਚ ਰਜਿਸਟਰੀਆਂ ਦੇ ਕੰਮ ਵਿਚ ਇਕ ਦਮ ਤੇਜ਼ੀ ਦਿਖਾਈ ਦਿੱਤੀ। ਜਲੰਧਰ ਦੇ ਨਾਇਬ ਤਹਿਸੀਲਦਾਰ ਸ: ਕਰਨਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਰੇਟ ਵੱਧਣ ਦੇ ਡਰੋਂ ਪਿਛਲੇ ਸੋਮਵਾਰ ਤੋਂ ਹੀ ਰਜਿਸਟਰੀਆਂ ਕਰਵਾਉਣ ਵਾਲੇ ਲੋਕਾਂ ਦੀ ਗਿਣਤੀ ਇਕ ਦਮ ਵਧ ਗਈ ਸੀ। ਅੱਜ ਸ਼ੁੱਕਰਵਾਰ ਆਖਰੀ ਦਿਨ ਹੋਣ ਕਾਰਨ ਰਜਿਸਟਰਆਂ ਪਹਿਲਾਂ ਨਾਲੋਂ ਕਰੀਬ ਦੁੱਗਣੀਆਂ ਹੋਈਆਂ। ਆਮ ਲੋਕਾਂ 'ਚ ਇਹ ਖਦਸ਼ਾ ਹੈ ਕਿ ਪਹਿਲੀ ਤਾਰੀਖ ਤੋਂ ਰਜਿਸਟਰੀ ਰੇਟ ਵਧਣ ਕਾਰਨ ਰਜਿਸਟਰੀ ਖਰਚੇ ਵਿਚ ਵਾਧਾ ਹੋ ਜਾਵੇਗਾ। ਸਰਕਾਰੀ ਅਧਿਕਾਰੀਆਂ ਨੇ ਹਾਲ ਦੀ ਘੜੀ ਰਜਿਸਟਰੀ ਰੇਟਾਂ ਵਿਚ ਵਾਧੇ ਬਾਰੇ ਕੋਈ ਨਵਾਂ ਹੁਕਮ ਜਾਰੀ ਹੋਣ ਤੋਂ ਇਨਕਾਰ ਕੀਤਾ ਹੈ।



ਜੱਜ ਵਿਜੈ ਸਿੰਘ ਕਤਲ ਕੇਸ ’ਚ ਦੋਵਾਂ ਦੋਸ਼ੀਆਂ ਨੂੰ ਮਰਨ ਤੱਕ ਉਮਰ ਕੈਦ

ਚੰਡੀਗੜ੍ਹ, 31 ਮਾਰਚ -ਇੱਥੋਂ ਦੀ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਵੀ.ਪੀ. ਸਰੋਹੀ ਨੇ ਜੱਜ ਵਿਜੈ ਸਿੰਘ ਦੇ ਕਤਲ ਕੇਸ ਦੇ ਦੋਸ਼ੀਆਂ ਨੂੰ ਮਰਨ ਤਕ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ  ਦੋਵੇਂ ਦੋਸ਼ੀਆਂ ਡਾਕਟਰ ਰਵਦੀਪ ਕੌਰ ਅਤੇ ਗ੍ਰੰਥੀ ਮਨਜੀਤ ਸਿੰਘ ਨੂੰ ਪੰਜਾਹ ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਹੈ। ਅਦਾਲਤ ਵੱਲੋਂ ਦੋਹਾਂ ਨੂੰ 28 ਮਾਰਚ ਨੂੰ ਧਾਰਾ 302 ਤਹਿਤ ਦੋਸ਼ੀ ਕਰਾਰ ਦਿੰਦਿਆਂ ਸਜ਼ਾ ਦਾ ਐਲਾਨ ਅੱਜ ਉੱਤੇ ਛੱਡ ਦਿੱਤਾ ਸੀ। ਵਿਜੈ ਸਿੰਘ ਦਾ 13 ਅਕਤੂਬਰ 2005 ਨੂੰ ਪੋਲੋ ਗਰਾਉਂਡ ਪਟਿਆਲਾ ਵਿਖੇ ਰਾਤ ਦੀ ਸੈਰ ਵੇਲੇ ਕਤਲ ਕਰ ਦਿੱਤਾ ਗਿਆ ਸੀ। ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਵਿਜੈ ਸਿੰਘ ਕਤਲ ਵੇਲੇ ਲੇਬਰ ਕੋਰਟ ਚੰਡੀਗੜ੍ਹ ਵਿੱਚ ਤਾਇਨਾਤ ਸਨ। ਉਹ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਸਾਬਕਾ ਚੇਅਰਮੈਨ ਦੇ ਪੁੱਤਰ ਸਨ । ਪੁਲੀਸ ਨੇ ਜੱਜ ਕਤਲ ਕੇਸ ਵਿੱਚ 18 ਅਕਤੂਬਰ 2005 ਨੂੰ ਡਾਕਟਰ ਰਵਦੀਪ ਕੌਰ ਅਤੇ ਗ੍ਰੰਥੀ ਮਨਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ। ਇਹ ਕੇਸ ਪਟਿਆਲਾ ਦੀ ਅਦਾਲਤ ਤੋਂ ਚੰਡੀਗੜ੍ਹ ਵਿੱਚ ਇਸ ਕਰਕੇ ਤਬਦੀਲ ਕਰ ਦਿੱਤਾ ਗਿਆ ਸੀ ਕਿਉਂਕਿ ਉਥੋਂ ਦੇ ਵਕੀਲਾਂ ਨੇ ਕੇਸ ਲੜਨ ਤੋਂ ਨਾਂਹ ਕਰ ਦਿੱਤੀ ਸੀ। ਦੋਹਾਂ ਵਿਰੁੱਧ 18 ਅਗਸਤ 2006 ਨੂੰ ਦੋਸ਼ ਆਇਦ ਕਰ ਦਿੱਤੇ ਗਏ ਸਨ। ਅਦਾਲਤ ਵੱਲੋਂ 28 ਮਾਰਚ ਨੂੰ ਦੋਹਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਅਤੇ ਅੱਜ ਉਮਰ ਕੈਦ ਦੀ ਸਜ਼ਾਈ ਗਈ। ਉਂਝ ਪੁਲੀਸ ਦਾ ਦਾਅਵਾ ਸੀ ਕਿ ਡਾਕਟਰ ਰਵਦੀਪ ਕੌਰ ਨੇ ਜੱਜ ਦਾ ਕਤਲ ਗ੍ਰੰਥੀ ਮਨਜੀਤ ਸਿੰਘ ਨੂੰ ਪੰਜ ਲੱਖ ਰੁਪਏ ਦੀ ਸੁਪਾਰੀ ਦੇ ਕੇ ਕਰਾਇਆ ਸੀ। ਪੁਲੀਸ ਮੁਤਾਬਕ ਮ੍ਰਿਤਕ ਅਤੇ ਰਵਦੀਪ ਕੌਰ ਦਰਮਿਆਨ ਬਚਪਨ ਤੋਂ  ਦੋਸਤੀ ਚੱਲੀ ਆ ਰਹੀ ਸੀ ਪਰ ਦੋਹਾਂ ਦਾ ਵਿਆਹ ਨਹੀਂ ਹੋ ਸਕਿਆ ਸੀ। ਦੋਹਾਂ ਦਾ ਵਿਆਹ ਪਰਿਵਾਰ ਦੇ ਯਤਨਾਂ ਕਰਕੇ ਕਿਧਰੇ ਹੋਰ ਹੋ ਗਿਆ ਪਰ ਬਾਵਜੂਦ ਇਸ ਦੇ ਦੋਹਾਂ ਦਰਮਿਆਨ ਦੋਸਤੀ ਚੱਲਦੀ ਰਹੀ। ਡਾਕਟਰ ਰਵਦੀਪ ਕੌਰ ਨੇ ਜੱਜ ਵਿਜੈ ਸਿੰਘ ਉਤੇ ਆਪਣੀ ਪਤਨੀ ਤੋਂ ਤਲਾਕ ਲੈ ਕੇ ਉੋਸ ਨਾਲ ਵਿਆਹ ਕਰਾਉਣ ਲਈ ਜੋਰ ਪਾਉਣਾ ਸ਼ੁਰੂ ਕਰ ਦਿੱਤਾ ਪਰ ਤਿੰਨ ਬੱਚਿਆਂ ਦੇ ਪਿਤਾ ਵਿਜੈ ਸਿੰਘ ਵੱਲੋਂ ਹੁੰਗਾਰਾ ਨਾ ਮਿਲਣ ‘ਤੇ ਉਸ ਨੇ ਖੁੰਦਕ ਵਿੱਚ ਉਸਨੂੰ ਜਾਨੋਂ ਖਤਮ ਕਰਨ ਦੀ ਠਾਣ ਲਈ। ਇਸੇ ਸਮੇਂ ਦੌਰਾਨ ਉਸ ਦਾ ਸੰਪਰਕ ਗ੍ਰੰਥੀ ਮਨਜੀਤ ਸਿੰਘ ਨਾਲ ਬਣ ਗਿਆ। ਉਸ ਨੇ ਮਨਜੀਤ ਸਿੰਘ ਨੂੰ ਸਾਰੀ ਵਿਥਿਆ ਸੁਣਾ ਕੇ ਵਿਜੈ ਸਿੰਘ ਦਾ ਕਤਲ ਕਰਨ ਲਈ ਮਨਾ ਲਿਆ। ਇਸ ਲਈ ਰਵਦੀਪ ਕੌਰ ਨੇ ਉਸ ਨੂੰ ਪੰਜ ਲੱਖ ਰੁਪਏ ਦੀ ਸੁਪਾਰੀ ਦਿੱਤੀ ਸੀ। ਗ੍ਰੰਥੀ ਮਨਜੀਤ ਸਿੰਘ ਕਿੱਤੇ ਵਜੋਂ ਰਾਗੀ ਸੀ ਅਤੇ ਗੱਤਕੇ ਦਾ ਵੀ ਮਾਹਰ ਸੀ। ਡਾਕਟਰ ਰਵਦੀਪ ਅਤੇ ਮਨਜੀਤ ਸਿੰਘ ਦਾ ਸੰਪਰਕ ਉਦੋਂ ਹੋਇਆ ਜਦੋਂ ਉਹ ਉਸ ਦੇ ਹਸਪਤਾਲ ਵਿੱਚ ਅਰਦਾਸ ਕਰਨ ਲਈ ਆਇਆ ਸੀ। ਇਹ ਮਿਲਣੀ ਨੇੜਤਾ ਵਿੱਚ ਬਦਲ ਗਈ ਅਤੇ ਮਿਲਣੀਆਂ ਬੰਦ ਕਮਰੇ ਵਿੱਚ ਸ਼ੁਰੂ ਹੋ ਗਈਆਂ। ਪੁਲੀਸ ਦੀ ਜਾਂਚ ਮੁਤਾਬਕ ਡਾਕਟਰ ਰਵਦੀਪ ਕੌਰ ਨੇ ਮਨਜੀਤ ਸਿੰਘ ਨੂੰ ਵਿਆਹ ਕਰਾ ਕੇ ਕੈਨੇਡਾ ਲੈ ਜਾਣ ਦਾ ਝਾਂਸਾ ਵੀ ਦਿੱਤਾ ਸੀ। ਦੱਸਿਆ ਜਾਂਦਾ ਹੈ ਕਿ ਪੁਲੀਸ ਨੇ ਕਤਲ ਤੋਂ ਬਾਅਦ ਮਨਜੀਤ ਸਿੰਘ ਨੂੰ ਦਿੱਤੀ ਸੁਪਾਰੀ ਦੀ ਰਕਮ ਵੀ ਬਰਾਮਦ ਕਰ ਲਈ ਸੀ। ਕੇਸ ਦਾ ਚੰਡੀਗੜ੍ਹ ਤਬਾਦਲਾ ਹੋਣ ਤੋਂ ਬਾਅਦ ਦੋਹਾਂ ਨੂੰ ਬੁੜੈਲ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਅੱਜ ਫੈਸਲੇ ਦੇ ਐਲਾਨ ਵੇਲੇ ਦੋਹੇਂ ਦੋਸ਼ੀ ਅਦਾਲਤ ਵਿੱਚ ਮੌਜੂਦ ਸਨ।
* 13 ਅਕਤੂਬਰ 2005- ਜੱਜ ਵਿਜੈ ਸਿੰਘ ਦਾ ਕਤਲ
* 18 ਅਕਤੂਬਰ 2005- ਡਾਕਟਰ ਰਵਦੀਪ ਕੌਰ ਅਤੇ ਰਾਗੀ ਮਨਜੀਤ ਸਿੰਘ ਗ੍ਰਿਫਤਾਰ
* 22 ਫਰਵਰੀ 2006- ਕੇਸ  ਪਟਿਆਲਾ ਤੋਂ ਚੰਡੀਗੜ੍ਹ ਦੀ ਕਚਹਿਰੀ ਵਿੱਚ ਤਬਦੀਲ
* 18 ਅਗਸਤ 2006- ਮੁਲਜ਼ਮਾਂ ਵਿਰੁੱਧ ਦੋਸ਼ ਆਇਦ
* 28 ਮਾਰਚ 2012- ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਵੱਲੋਂ ਦੋਵੇਂ ਮੁਲਜ਼ਮ ਦੋਸ਼ੀ ਕਰਾਰ
* 30 ਮਾਰਚ 2012- ਦੋਸ਼ੀਆਂ ਨੂੰ ਰਹਿੰਦੀ ਜ਼ਿੰਦਗੀ ਲਈ ਉਮਰ ਕੈਦ ਦੀ ਸਜ਼ਾ ਸੁਣਾਈ ਗਈ

ਲੋਕਾਂ ਨੇ ਕਾਂਗਰਸ ਆਗੂ ਨੂੰ ਪੁਲੀਸ ਹਿਰਾਸਤ ਵਿੱਚੋਂ ਛੁਡਵਾਇਆ

ਗਿੱਦੜਬਾਹਾ, 31 ਮਾਰਚ- ਪਿੰਡ ਮਧੀਰ ਵਿੱਚ ਕਾਂਗਰਸ ਪਾਰਟੀ ਨਾਲ ਸਬੰਧਤ ਗਰੀਬ ਪਰਿਵਾਰ ਦਾ ਮਕਾਨ ਢਾਹੁਣ ਦੇ ਮਾਮਲੇ ਵਿੱਚ ਪੁਲੀਸ ਨੇ ਲੋਕਾਂ ਦੇ ਰੋਹ ਅੱਗੇ ਝੁਕਦਿਆਂ ਸਰਪੰਚ ਤੇ ਉਸ ਦੇ ਸਾਥੀਆਂ ਵਿਰੁੱਧ ਪਰਚਾ ਦਰਜ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਕੱਲ੍ਹ ਸੱਤਾਧਾਰੀ ਪੱਖ ਦੇ ਇਸ਼ਾਰੇ ‘ਤੇ ਥਾਣਾ ਕੋਟਭਾਈ ਦੇ ਮੁਖੀ ਨੇ ਪੀੜਤ ਪਰਿਵਾਰ ਦੀ ਇਨਸਾਫ਼ ਖਾਤਰ ਮਦਦ ਕਰ ਰਹੇ ਕਾਂਗਰਸੀ ਆਗੂ ਗੁਰਅਵਤਾਰ ਸਿੰਘ ਮਧੀਰ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਪੁਲੀਸ ਨੇ ਕੁੱਝ ਹੋਰ ਘਰਾਂ ਵਿੱਚ ਵੀ ਛਾਪਾ ਮਾਰਿਆ ਅਤੇ ਘਰਾਂ ਵਿੱਚ ਆਦਮੀ ਨਾ ਮਿਲਣ ‘ਤੇ ਕੁਝ ਔਰਤਾਂ ਨੂੰ ਵੀ ਗ੍ਰਿਫਤਾਰ ਕਰ ਲਿਆ। ਇਸ ਦੌਰਾਨ ਸੁਖਦੀਪ ਸਿੰਘ ਪੁੱਤਰ ਛਿੰਦਰ ਸਿੰਘ ਦੇ ਬਿਆਨਾਂ ‘ਤੇ ਗੁਰਅਵਤਾਰ ਸਿੰਘ, ਡਾ. ਗੁਰਜੀਤ ਸਿੰਘ, ਅਮਰ ਸਿੰਘ, ਗੁਰਜੰਟ ਸਿੰਘ, ਰਾਜਪਾਲ ਸਿੰਘ ਅਤੇ ਸੁਖਦੇਵ ਸਿੰਘ ਵਿਰੁੱਧ ਐਸ.ਸੀ., ਐਸ.ਟੀ. ਐਕਟ ਅਤੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਸਬੰਧ ਵਿੱਚ ਧਾਰਾ 323, 427, 148 ਅਤੇ 149 ਤਹਿਤ ਕੇਸ ਦਰਜ ਕਰ ਲਿਆ।
ਗੁਰਅਵਤਾਰ ਸਿੰਘ ਨੂੰ ਗ੍ਰਿਫਤਾਰ ਕਰਨ ਦਾ ਪਿੰਡ ਵਾਸੀਆਂ ਨੇ ਵਿਰੋਧ ਕੀਤਾ। ਦਲਿਤ ਪਰਿਵਾਰ ਦਾ ਮਕਾਨ ਢਾਹੁਣ ਅਤੇ ਕਾਂਗਰਸੀ ਆਗੂ ਨੂੰ ਬਿਨਾਂ ਵਜ੍ਹਾ ਹਿਰਾਸਤ ਵਿੱਚ ਲੈਣ ‘ਤੇ ਲੋਕ ਥਾਣਾ ਕੋਟਭਾਈ ਵਿੱਚ ਇਕੱਠੇ ਹੋ ਗਏ। ਦੂਜੇ ਪਿੰਡਾਂ ਦੇ ਕਾਂਗਰਸੀ ਆਗੂ ਅਤੇ ਵਰਕਰ ਵੀ ਥਾਣਾ ਕੋਟਭਾਈ ਵਿੱਚ ਪੁੱਜ ਗਏ ਅਤੇ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਦੀ ਅਗਵਾਈ ਵਿੱਚ ਥਾਣੇ ਦਾ ਘਿਰਾਓ ਕਰ ਲਿਆ। ਲਗਾਤਾਰ ਛੇ ਘੰਟੇ ਤੱਕ ਲੋਕਾਂ ਨੇ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਰੋਸ ਧਰਨੇ ਦੌਰਾਨ ਪੁਲੀਸ ਨੂੰ ਉਸ ਵੇਲੇ ਹੱਥਾਂ ਪੈਰਾਂ ਦੀ ਪੈ ਗਈ, ਜਦੋਂ ਵਿਧਾਇਕ ਰਾਜਾ ਵੜਿੰਗ ਨੇ ਸਾਥੀਆਂ ਸਮੇਤ ਆਤਮਦਾਹ ਕਰਨ ਦਾ ਐਲਾਨ ਕਰ ਦਿੱਤਾ। ਇਸ ‘ਤੇ ਪੁਲੀਸ ਨੇ ਰਾਤ 1 ਵਜੇ ਦੇ ਕਰੀਬ ਕਾਂਗਰਸੀ ਆਗੂ ਨੂੰ ਰਿਹਾਅ ਕਰ ਦਿੱਤਾ ਅਤੇ ਇਸ ਮਾਮਲੇ ਵਿੱਚ ਪੀੜਤ ਵਿਅਕਤੀ ਸੁਖਪਾਲ ਸਿੰਘ ਦੇ ਬਿਆਨਾਂ ‘ਤੇ ਪਿੰਡ ਮਧੀਰ ਦੇ ਸਰਪੰਚ ਬੀਰਦਵਿੰਦਰ ਸਿੰਘ, ਉਸ ਦੇ ਪਿਤਾ ਗੁਰਦੀਪ ਸਿੰਘ ਅਤੇ ਨੰਬਰਦਾਰ ਬਲਦੇਵ ਸਿੰਘ ਖ਼ਿਲਾਫ਼ ਐਸ.ਸੀ., ਐਸ.ਟੀ. ਐਕਟ ਅਤੇ ਆਈ.ਪੀ.ਸੀ. ਦੀ ਧਾਰਾ 379 427, 506 ਅਤੇ 34 ਤਹਿਤ ਕੇਸ ਦਰਜ ਕਰ ਲਿਆ ਅਤੇ ਭਰੋਸਾ ਦਿਵਾਇਆ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਰਾਜਾ ਵੜਿੰਗ ਨੇ ਆਖਿਆ ਕਿ ਅਕਾਲੀ ਆਗੂਆਂ ਦੇ ਇਸ਼ਾਰੇ ‘ਤੇ ਕਿਸੇ ਵੀ ਸਿਵਲ ਜਾਂ ਪੁਲੀਸ ਅਧਿਕਾਰੀ ਨੂੰ ਲੋਕਾਂ ਨਾਲ ਬੇਇਨਸਾਫ਼ੀ ਨਹੀਂ ਕਰਨ ਦਿੱਤੀ ਜਾਵੇਗੀ।

ਭੰਗਾਲਾ ਮੰਡੀ ਵਿਖੇ ਹੋਏ ਅੰਨ੍ਹੇ ਕਤਲ ਦਾ ਕਾਤਲ ਕਾਬੂ

ਪਿੰਡ ਭੰਗਾਲਾ ਵਿਖੇ ਹੋਏ ਕਤਲ 'ਚ ਨਾਮਜ਼ਦ ਦੋਸ਼ੀ ਪੁਲਿਸ ਪਾਰਟੀ ਨਾਲ।
ਪੱਟੀ, 31 ਮਾਰਚ - 23 ਮਾਰਚ ਨੁੰ ਭੰਗਾਲਾ ਵਿਖੇ ਹੋਏ ਅੰਨੇ ਕਤਲ ਦੀ ਗੁੱਥੀ ਸੁਲਝਾਉਦਿਆਂ ਪੱਟੀ ਪੁਲਿਸ ਨੂੰ ਕਾਤਲ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇਆਂ ਥਾਣਾ ਮੁਖੀ ਪੱਟੀ ਇੰਸਪੈਕਟਰ ਗੁਰਜੀਤ ਸਿੰਘ ਨੇ ਦੱਸਿਆ ਕਿ 6 ਦਿਨ ਪਹਿਲਾਂ ਪਿੰਡ ਤੂਤ ਭੰਗਾਲਾ ਨੇੜੇ ਅਨਾਜ ਮੰਡੀ 'ਚ ਜੋ ਸ਼ਿੰਗਾਰਾ ਸਿੰਘ ਪੁੱਤਰ ਮੇਜਰ ਸਿੰਘ ਕੌਮ ਜੱਟ ਵਾਸੀ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਇਸਦੀ ਜਾਂਚ ਕਰਦਿਆਂ ਪੱਟੀ ਪੁਲਿਸ ਨੇ ਉਸ ਕਾਤਲ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ। ਇਸ ਸੰਬੰਧ ਵਿਚ ਗੁਰਸੇਵਕ ਸਿੰਘ ਪੁੱਤਰ ਦਰਸ਼ਨ ਸਿੰਘ ਕੌਮ ਜੱਟ ਵਾਸੀ ਖੇਮਕਰਨ ਨੂੰ ਪੁਲਿਸ ਨੇ ਪਿੰਡ ਮਹਿਦੀਪੁਰ ਨੇੜੇ ਤੋਂ ਗ੍ਰਿਫਤਾਰ ਕਰ ਲਿਆ, ਜਿਸਦੀ ਸ਼ਨਾਖਤ ਗੁਰਮੇਜ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਖੇਮਕਰਨ ਨੇ ਕੀਤੀ। ਛਾਣਬੀਣ ਦੌਰਾਨ ਇਹ ਸਾਹਮਣੇ ਆਇਆ ਕਿ ਕਾਤਲ ਨਸ਼ੇ ਦਾ ਆਦੀ ਸੀ, ਜਿਸਨੇ ਸ਼ਿੰਗਾਰਾ ਸਿੰਘ ਤੋਂ ਉਸਦਾ ਮੋਟਰਸਾਈਕਲ, ਮੋਬਾਈਲ ਤੇ ਪਰਸ ਖੋਹਿਆ ਸੀ ਤੇ ਸ਼ਿੰਗਾਰਾ ਸਿੰਘ ਦੇ ਵਿਰੋਧ ਕਰਨ ਤੇ ਗੁਰਸੇਵਕ ਸਿੰਘ ਨੇ ਤੇਜ਼ਧਾਰ ਹਥਿਆਰ ਨਾਲ ੳਸਦਾ ਕਤਲ ਕਰਕੇ ਫਰਾਰ ਹੋ ਗਿਆ ਸੀ। ਉਕਤ ਦੋਸ਼ੀ ਪਾਸੋਂ ਮ੍ਰਿਤਕ ਦਾ ਸਾਰਾ ਸਾਮਾਨ ਵੀ ਬਰਾਮਦ ਕਰ ਲਿਆ ਗਿਆ ਹੈ। ਇਸ ਸੰਬਧੀ ਪੁਲਿਸ ਥਾਣਾ ਪੱਟੀ ਵਿਖੇ ਮੁਕੱਦਮਾ ਨੰਬਰ 71 ਜੇਰੇ ਧਾਰਾ 302 ਤਹਿਤ ਦਰਜ ਕੀਤਾ ਗਿਆ ਸੀ। ਥਾਣਾ ਮੁਖੀ ਪੱਟੀ ਇੰਸਪੈਕਟਰ ਗੁਰਜੀਤ ਸਿੰਘ ਨੇ ਦੱਸਿਆ ਕਿ ਕਾਤਲ ਦਾ ਰਿਮਾਂਡ ਲੈ ਕੇ ਪੁਛ ਗਿੱਛ ਕੀਤੀ ਜਾ ਰਹੀ ਹੈ।
ਮਿੰਨੀ ਬੱਸ ਨੇ ਮੋਟਰ ਸਾਈਕਲ ਸਵਾਰ ਕੁਚਲਿਆ

ਪੱਟੀ ਮੋੜ ਚੂਸਲੇਵੜ ਵਿਖੇ ਬੱਸ ਹੇਠ ਕੁਚਲਿਆ ਗਿਆ ਵਿਅਕਤੀ, ਤਫਤੀਸ਼ ਕਰਦੀ ਪੁਲਿਸ
ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰ।

ਪੱਟੀ, 31 ਮਾਰਚ )- ਪੱਟੀ ਮੋੜ ਚੂਸਲੇਵੜ ਨੇੜੇ ਆ ਰਹੀ ਇਕ ਤੇਜ਼ ਰਫਤਾਰ ਬੱਸ ਨੇ ਮੋਟਰ ਸਾਈਕਲ ਸਵਾਰ ਤੇ ਨਾਲ ਬੈਠੇ ਬੱਚੇ ਨੂੰ ਕੁਚਲ ਦਿੱਤਾ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਮਿੰਨੀ ਬੱਸ ਨੰ: ਪੀ.ਬੀ. 02 ਏ.ਜੀ. 9651 ਚੰਬਾ ਮਿੰਨੀ ਬੱਸ ਸਰਵਿਸ ਭੰਗਾਲਾ ਤੋਂ ਪੱਟੀ ਆ ਰਹੀ ਸੀ, ਕਿ ਬਾਬਾ ਬਿਧੀ ਚੰਦ ਨਰਸਿੰਗ ਹੋਮ ਵਿਖੇ ਕੰਮ ਕਰਦਾ ਮੋਟਰ ਸਾਈਕਲ ਸਵਾਰ ਹਰਜਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ (24) ਆਪਣੇ ਮਾਲਕ ਦੇ ਬੱਚੇ ਨੂੰ ਸੈਕਰਡ ਹਾਰਟ ਸਕੂਲ ਪੱਟੀ ਠੱਕਰਪੁਰਾ ਤੋਂ ਛੁੱਟੀ ਉਪਰੰਤ ਲੈ ਕੇ ਆ ਰਿਹਾ ਸੀ, ਕਿ ਸਾਹਮਣੇ ਤੋਂ ਆ ਰਹੀ ਮਿੰਨੀ ਬੱਸ ਉਸ ਨਾਲ ਆ ਟਕਰਾਈ ਤੇ ਹਰਜਿੰਦਰ ਸਿੰਘ ਪੂਰੀ ਤਰ੍ਹਾਂ ਕੁਚਲਿਆ ਗਿਆ ਜਿਸਦੀ ਹਸਪਤਾਲ ਪੱਟੀ ਜਾ ਕੇ ਮੌਤ ਹੋ ਗਈ ਤੇ ਬੱਚੇ ਨੂੰ ਗੰਭੀਰ ਸੱਟਾਂ ਵੱਜਣ ਕਾਰਨ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਮੌਕੇ 'ਤੇ ਪਹੁੰਚੀ ਥਾਣਾ ਸਦਰ ਪੱਟੀ ਪੁਲਸ ਨੇ ਲਾਸ਼ ਕਬਜੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਹੈ।