Wednesday 28 March 2012


ਸਾਲ ਵਿਚ ਕੇਵਲ ਮਈ ਮਹੀਨੇ ਹੀ ਹੋਣਗੇ
ਅਧਿਆਪਕਾਂ ਦੇ ਤਬਾਦਲੇ- ਜਥੇ: ਮਲੂਕਾ
ਚੰਡੀਗੜ੍ਹ. 27 ਮਾਰਚ ਪੰਜਾਬ ਦੇ ਭਾਸ਼ਾ ਤੇ ਸਿੱਖਿਆ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਨੇ ਰਾਜ ਦੇ ਸਰਕਾਰੀ, ਪ੍ਰਾਇਮਰੀ, ਮਿਡਲ ਹਾਈ ਤੇ ਹਾਇਰ ਸਕੈਂਡਰੀ ਸਕੂਲਾਂ ਵਿਚ ਕੰਮ ਕਰਨ ਵਾਲੇ ਹਜ਼ਾਰਾਂ ਅਧਿਆਪਕਾਂ ਦੀਆਂ ਤਬਦੀਲੀਆਂ ਕਰਨ ਬਾਰੇ ਇੱਕ ਨਵੀਂ ਨੀਤੀ ਤਿਆਰ ਕੀਤੀ ਹੈ, ਜਿਸ ਦੇ ਅਨੁਸਾਰ ਸਾਰੇ ਸਾਲ ਵਿਚ ਕੇਵਲ ਮਈ ਮਹੀਨੇ ਇੱਕ ਵਾਰ ਹੀ ਤਬਦੀਲੀ ਕੀਤੀ ਜਾਵੇਗੀ, ਅੱਗੇ ਪਿੱਛੇ ਨਹੀਂ। ਸਬੰਧਿਤ ਅਧਿਆਪਕ ਖਾਲੀ ਪਈਆਂ ਆਸਾਮੀਆਂ ਤੇ ਆਪਣੇ ਮਨਪਸੰਦ ਦੇ ਤਿੰਨ ਸਟੇਸ਼ਨ ਲਿਖ ਕੇ ਦੇ ਸਕਦਾ ਹੈ, ਜਿਸ ਵਿਚੋਂ ਕਿਸੇ ਇੱਕ ਸਟੇਸ਼ਨ 'ਤੇ ਉਸ ਦਾ ਤਬਾਦਲਾ ਕਰ ਦਿੱਤਾ ਜਾਵੇਗਾ। ਫਿਰ ਤਿੰਨ ਸਾਲ ਤੱਕ ਉਸ ਦੀ ਤਬਦੀਲੀ ਬਿਲਕੁਲ ਨਹੀਂ ਕੀਤੀ ਜਾਵੇਗੀ।
ਇੱਕ ਸਵਾਲ ਦੇ ਉੱਤਰ ਵਿਚ ਸ. ਮਲੂਕਾ ਨੇ ਕਿਹਾ ਕਿ ਮੇਰੀ ਰਾਏ
ਹੈ ਕਿ ਸਾਰੇ ਸਰਕਾਰੀ ਸਕੂਲਾਂ ਦਾ ਇੱਕ ਹੀ ਡਾਇਰੈਕਟੋਰੇਟ ਬਣਾ ਦਿੱਤਾ ਜਾਵੇ, ਦੂਜੇ ਸ਼ਬਦਾਂ ਵਿਚ 2 ਦੀ ਥਾਂ ਸਾਰੇ ਸਰਕਾਰੀ ਸਕੂਲਾਂ ਦਾ ਕੰਟਰੋਲ ਕੇਵਲ ਇੱਕ ਡਾਇਰੈਕਟਰ ਦੇ ਅਧੀਨ ਹੀ ਕਰ ਦਿੱਤਾ ਜਾਵੇ, ਪਰ ਇਸ ਬਾਰੇ ਅੰਤਿਮ ਫ਼ੈਸਲਾ ਸੋਚ ਸਮਝ ਕੇ ਕੀਤਾ ਜਾਵੇਗਾ।''
ਵਰਨਣਯੋਗ ਹੈ ਕਿ ਕੁੱਝ ਸਕੂਲਾਂ ਦਾ ਪ੍ਰਬੰਧ ਪੰਚਾਇਤੀ ਰਾਜ ਸੰਸਥਾਵਾਂ ਕੋਲ ਹੈ ਤੇ ਕੁੱਝ ਇੱਕ ਦੀ ਨਿਗਰਾਨੀ ਸਿੱਖਿਆ ਵਿਭਾਗ ਕਰਦਾ ਹੈ। ਇਕ ਹੋਰ ਸਵਾਲ ਦੇ ਉੱਤਰ ਵਿਚ ਸ. ਮਲੂਕਾ ਨੇ ਦੱਸਿਆ ਕਿ ਪਿਛਲੀ ਬਾਦਲ ਸਰਕਾਰ ਦੇ ਦੌਰ ਵਿਚ ਭਾਸ਼ਾ ਵਿਭਾਗ ਪੰਜਾਬ ਦੇ ਸਲਾਹਕਾਰ ਬੋਰਡ ਨੇ ਪੰਜਾਬੀ, ਹਿੰਦੀ, ਸੰਸਕ੍ਰਿਤ ਤੇ ਉਰਦੂ ਭਾਸ਼ਾਵਾਂ ਦੇ ਲੇਖਕਾਂ, ਸਾਹਿਤਕਾਰਾਂ ਤੇ ਦੋ ਸ਼੍ਰੋਮਣੀ ਪੰਜਾਬੀ ਪੱਤਰਕਾਰਾਂ ਨੂੰ 2 ਸਾਲਾਂ ਲਈ ਪੁਰਸਕਾਰ ਦੇਣ ਬਾਰੇ ਚੁਣਿਆ ਸੀ, ਉਨ੍ਹਾਂ ਨੂੰ ਸਨਮਾਨਿਤ ਕਰਨ ਲਈ ਛੇਤੀ ਹੀ ਸਮਾਗਮ ਦੀ ਤਾਰੀਖ ਨਿਸਚਤ ਕੀਤੀ ਜਾਵੇਗੀ। ਸੰਭਵ ਹੈ ਕਿ ਇਹ ਪੁਰਸਕਾਰ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਤੋਂ ਦਿਵਾਏ ਜਾਣ।
ਬੜੂੰਦੀ 'ਚ ਵਿਸ਼ਾਲ ਨਗਰ ਕੀਰਤਨ 'ਤੇ ਰੈਣ ਸੁਬਾਈ ਕੀਰਤਨ ਦਰਬਾਰ

 ਨਾਨਕਸਰ ਠਾਠ ਬੜੂੰਦੀ ਵਿਖੇ ਬਾਬਾ ਈਸ਼ਰ ਸਿੰਘ ਤੇ ਬਾਬਾ ਜਗੀਰ ਸਿੰਘ ਦੇ ਜਨਮ ਦਿਨ ਸਬੰਧੀ ਸਜਾਏ ਨਗਰ ਕੀਰਤਨ ਦੌਰਾਨ ਬਾਬਾ ਧੰਨਾ ਸਿੰਘ ਚੌਰ ਸਾਹਿਬ ਦੀ ਸੇਵਾ ਕਰਦੇ ਹੋਏ, ਨਾਲ ਦੀ ਤਸਵੀਰ 'ਚ ਭੋਰਾ ਸਾਹਿਬ ਤੋਂ ਬਾਬਾ ਈਸ਼ਰ ਸਿੰਘ ਦੀ ਤਸਵੀਰ ਨਾਲ ਪੰਡਾਲ 'ਚ ਆ ਰਹੇ ਪਾਠੀ ਸਿੰਘ ਅਤੇ ਬਾਬਾ ਹਰਭਜਨ ਸਿੰਘ।
ਜਗਰਾਉਂ/ਲੋਹਟਬੱਦੀ. 27 ਮਾਰਚ  ਨਾਨਕਸਰ ਸੰਪਰਦਾਇ ਦੇ ਮਹਾਨ ਸੰਤ ਬਾਬਾ ਈਸ਼ਰ ਸਿੰਘ ਦੇ ਨਾਨਕੇ ਨਗਰ ਬੜੂੰਦੀ (ਲੁਧਿਆਣਾ) ਸਥਿਤ ਸੱਚਖੰਡ ਵਾਸੀ ਬਾਬਾ ਜਗੀਰ ਸਿੰਘ ਬੜੂੰਦੀ ਵਾਲਿਆਂ ਦੇ ਤਪ ਅਸਥਾਨ ਪੱਤੀ ਮਾਨ ਵਿਖੇ ਮੌਜੂਦਾ ਸੰਚਾਲਕ ਬਾਬਾ ਧੰਨਾ ਸਿੰਘ ਬੜੂੰਦੀ ਵੱਲੋਂ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਬਾਬਾ ਈਸ਼ਰ ਸਿੰਘ ਅਤੇ ਬਾਬਾ ਜਗੀਰ ਸਿੰਘ ਦੇ ਜਨਮ ਦਿਹਾੜੇ ਸਬੰਧੀ ਚੱਲ ਰਹੇ 26 ਦਿਨਾਂ ਤੁੱਕ-ਤੁੱਕ ਵਾਲੇ 17 ਸ੍ਰੀ ਸੰਪਟ ਅਖੰਡ ਪਾਠ ਅਤੇ ਸ੍ਰੀ ਅਖੰਡ ਪਾਠਾਂ ਦੀਆਂ ਲੜੀਆਂ ਦੀ ਸਮਾਪਤੀ ਹੋਈ। ਇਸ ਤੋਂ ਪਹਿਲਾਂ ਪੂਰੇ ਨਗਰ ਦੀ ਪ੍ਰਕਿਰਮਾ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ 'ਚ ਵਿਸ਼ਾਲ ਨਗਰ ਕੀਰਤਨ ਸਜਾਏ ਗਏ, ਜਿਸ 'ਚ ਦੇਸ਼ਾਂ, ਵਿਦੇਸ਼ਾਂ ਤੋਂ ਪੁੱਜੇ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਨੇ ਸੰਗਤਾਂ ਦਾ ਮਹਾਂਪੁਰਸ਼ਾਂ ਪ੍ਰਤੀ ਪ੍ਰੇਮ ਉਜਾਗਰ ਕੀਤਾ। ਨਗਰ ਕੀਰਤਨ ਦੇ ਵੱਖ-ਵੱਖ ਪੜਾਵਾਂ 'ਤੇ ਅੰਤਰਰਾਸ਼ਟਰੀ ਢਾਡੀ ਚਰਨ ਸਿੰਘ ਆਲਮਗੀਰ, ਢਾਡੀ ਗੁਰਨਾਮ ਸਿੰਘ, ਢਾਡੀ ਗੁਰਬਖ਼ਸ਼ ਸਿੰਘ ਅਲਬੇਲਾ, ਢਾਡੀ ਕਮਲ ਸਿੰਘ ਬੱਦੋਵਾਲ, ਢਾਡੀ ਬਰਖੁਰਦਾਰ ਗੌਸਲਾਂ ਵਾਲੇ, ਢਾਡੀ ਸਤਨਾਮ ਸਿੰਘ ਚਮਿੰਡਾ, ਗਿਆਨੀ ਕੁੰਢਾ ਸਿੰਘ ਮਹੋਲੀ, ਢਾਡੀ ਸਾਧੂ ਸਿੰਘ ਰਾਜਸਥਾਨੀ ਤੋਂ ਇਲਾਵਾ ਕਵੀਸ਼ਰੀ ਜਥਿਆਂ 'ਚ ਗੁਰਨਾਮ ਸਿੰਘ ਬਰਾੜ, ਪੰਡਤ ਸੋਮਨਾਥ ਸਿੰਘ ਰੋਡਿਆਂ ਵਾਲੇ, ਪੰਜਾਬ ਸਿੰਘ ਪੰਜਾਬ, ਰੂਪ ਸਿੰਘ ਅਲਬੇਲਾ ਆਦਿ ਨੇ ਬਾਬਾ ਜੀ ਦੇ ਜੀਵਨ 'ਤੇ ਚਾਨਣਾ ਪਾਇਆ। ਨਗਰ ਕੀਰਤਨ ਉਪਰੰਤ ਰੈਣ ਸੁਬਾਈ ਕੀਰਤਨ ਦਰਬਾਰ ਸਜਾਏ ਗਏ। ਇਸ ਮੌਕੇ ਬਾਬਾ ਧੰਨਾ ਸਿੰਘ ਬੜੂੰਦੀ ਨੇ ਕਿਹਾ ਕਿ ਮਨੁੱਖਤਾ ਦੇ ਰਹਿਬਰ ਸੰਤ ਮਹਾਂਪੁਰਸ਼ ਜਦੋਂ ਵੀ ਸੰਸਾਰ 'ਤੇ ਆਉਂਦੇ ਹਨ ਤਾਂ ਉਹ ਇਸ ਭੂਮੀ ਨੂੰ ਨਾਮ ਦੀ ਕਮਾਈ ਨਾਲ ਸਿੰਜਦੇ ਹਨ, ਨਾਮ ਰੂਪੀ ਫ਼ਸਲ ਰਹਿੰਦੀ ਦੁਨੀਆਂ ਤੱਕ ਆਪਣਾ ਫ਼ਲ ਦਿੰਦੀ ਹੋਈ ਲੋਕਾਈਂ ਨੂੰ ਪ੍ਰਮਾਤਮਾ ਨਾਲ ਜੋੜਦੀ ਹੈ।
ਇਸ ਮੌਕੇ ਕੀਰਤਨੀ ਜਥਿਆਂ 'ਚ ਭਾਈ ਜੋਗਿੰਦਰ ਸਿੰਘ ਰਿਆੜ, ਭਾਈ ਗੁਰਚਰਨ ਸਿੰਘ ਰਸੀਆ, ਭਾਈ ਬਲਪ੍ਰੀਤ ਸਿੰਘ ਲੁਧਿਆਣਾ, ਭਾਈ ਇੰਦਰਪਾਲ ਸਿੰਘ, ਭਾਈ ਗੁਰਇਕਬਾਲ ਸਿੰਘ ਲੱਖਾ ਨੇ ਰਸਭਿੰਨੇ ਕੀਰਤਨ ਦੁਆਰਾ ਹਾਜ਼ਰੀ ਲੁਆਈ। ਇਸ ਮੌਕੇ ਮਹਾਂਪੁਰਸ਼ਾਂ 'ਚ ਬਾਬਾ ਹਰਭਜਨ ਸਿੰਘ ਨਾਨਕਸਰ, ਸੰਤ ਸੇਵਾ ਸਿੰਘ, ਸੰਤ ਬਾਬਾ ਸੁਖਦੇਵ ਸਿੰਘ ਭੁੱਚੋ ਕਲਾਂ, ਭਾਈ ਤਜਿੰਦਰ ਸਿੰਘ ਜਿੰਦੂ, ਸੰਤ ਰਵਿੰਦਰ ਸਿੰਘ ਜੌਨੀ, ਸੰਤ ਅਵਤਾਰ ਸਿੰਘ ਧੂਲਕੋਟ, ਸੰਤ ਬੇਅੰਤ ਸਿੰਘ ਬੇਰ ਕਲਾਂ, ਸੰਤ ਪਿਆਰਾ ਸਿੰਘ ਸਿਰਥਲਾ, ਸੰਤ ਬਲਵੰਤ ਸਿੰਘ ਸੁਖਮਨੀ ਨਾਨਕਸਰ, ਮਹੰਤ ਪ੍ਰਤਾਪ ਸਿੰਘ ਦੇ ਸੇਵਾਦਾਰ ਬਾਬਾ ਹਰਬੰਸ ਸਿੰਘ, ਬਾਬਾ ਸਤਨਾਮ ਸਿੰਘ ਸੀਸ ਮਹਿਲ, ਝੋਰੜਾਂ ਤੋਂ ਬਾਬਾ ਜੀ ਦੇ ਭਤੀਜੇ ਬਾਬਾ ਹਰਚੰਦ ਸਿੰਘ, ਬਾਬਾ ਕਰਤਾਰ ਸਿੰਘ, ਬਾਬਾ ਹਰਪਾਲ ਸਿੰਘ, ਸੰਤ ਰਜਨੀਸ਼ ਸਿੰਘ ਨੱਥੂਮਾਜਰਾ, ਸੰਤ ਰਣਜੀਤ ਸਿੰਘ ਫਲੌਂਡ ਵਿਸ਼ੇਸ਼ ਤੌਰ 'ਤੇ ਪਹੁੰਚੇ। ਠਾਠ ਦੇ ਪ੍ਰਮੁੱਖ ਸੇਵਾਦਾਰਾਂ 'ਚ ਭਾਈ ਗੁਰਮੇਲ ਸਿੰਘ ਨੀਲੂ, ਭਾਈ ਈਸ਼ਰ ਸਿੰਘ, ਭਾਈ ਕੁਲਦੀਪ ਸਿੰਘ, ਭਾਈ ਦਵਿੰਦਰ ਸਿੰਘ, ਭਾਈ ਜਸਵੀਰ ਸਿੰਘ ਲੱਡੂ, ਬਾਈ ਰਵੀ ਸਿੰਘ, ਭਾਈ ਨਵਜੋਤ ਸਿੰਘ ਗੋਲੂ ਨੇ ਸਮਾਗਮ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਸਹਿਯੋਗ ਦਿੱਤਾ। ਇਸੇ ਦੌਰਾਨ ਹੀ ਰੂਹਾਨੀਅਤ ਕਿਰਨ ਆਰਟਸ ਵੱਲੋਂ ਪ੍ਰੋ: ਨਿਰਮਲ ਜੌੜਾ ਦਾ ਲਿਖਿਆ ਨਾਟਕ ਮਾਤਾ ਗੁਜਰ ਕੌਰ (ਸਾਕਾ ਸਰਹੰਦ) ਦਾ ਸਫ਼ਲ ਮੰਚਨ ਕੀਤਾ ਗਿਆ। ਮੰਚ ਸੰਚਾਲਨ ਦੀ ਭੂਮਿਕਾ ਰਾਏ ਸਿੰਘ ਲੱਖਾ ਨੇ ਨਿਭਾਈ।
ਉੱਤਰ ਪੱਤਰੀ ਸਾੜਨ ਵਾਲੇ ਵਿਦਿਆਰਥੀ 'ਤੇ ਪਰਚਾ ਦਰਜ

 ਉੱਤਰ ਪੱਤਰੀ ਸਾੜਨ ਵਾਲਾ ਵਿਦਿਆਰਥੀ ਜਤਿੰਦਰ ਸਿੰਘ
ਪੁਲਿਸ ਕਰਮਚਾਰੀ ਨਾਲ।
ਮੋਗਾ.- 27 ਮਾਰਚ ૿ ਕੱਲ੍ਹ ਦਸਵੀਂ ਜਮਾਤ ਦੇ ਇਕ ਵਿਦਿਆਰਥੀ ਜਿਸ ਨੇ ਹਿਸਾਬ ਦਾ ਪੇਪਰ ਮਾੜਾ ਹੋਣ 'ਤੇ ਉੱਤਰ ਪੱਤਰੀ ਪਾੜ ਕੇ ਸਾੜ ਦਿੱਤੀ ਸੀ, ਵਿਰੁੱਧ ਪੁਲਿਸ ਨੇ ਪਰਚਾ ਦਰਜ ਕਰ ਲਿਆ ਹੈ।
ਉਕਤ ਵਿਦਿਆਰਥੀ ਜਤਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਨੰਗਲ (ਮਖੂ) ਜੋ ਕਿ ਸੀਤਾ ਰਾਮ ਮੈਮੋਰੀਅਲ ਆਰਕਲੈਂਡ ਗਾਰਮੈਂਟ ਸੀਨੀਅਰ ਸੈਕੰਡਰੀ ਸਕੂਲ ਵਿਚ ਦਾਨੀ ਸੱਜਣਾਂ ਦੇ ਖਰਚੇ 'ਤੇ ਪੜ੍ਹਾਈ ਕਰ ਰਿਹਾ ਸੀ। ਉਹ ਦਸਵੀਂ ਦਾ ਇਮਤਿਹਾਨ ਫਤਹਿਗੜ੍ਹ ਪੰਜਤੂਰ ਦੇ ਪ੍ਰੀਖਿਆ ਕੇਂਦਰ ਵਿਚ ਦਿੰਦਾ ਸੀ ਜਿਥੇ ਕੱਲ੍ਹ ਇਸ ਨੇ ਹਿਸਾਬ ਦਾ ਪੇਪਰ ਮਾੜਾ ਹੋਣ 'ਤੇ ਉੱਤਰ ਪੱਤਰੀ ਲੈ ਕੇ ਬਾਹਰ ਦੌੜ ਗਿਆ ਅਤੇ ਬਾਹਰ ਲਿਜਾ ਕੇ ਉੱਤਰੀ ਪੱਤਰੀ ਪਾੜ ਕੇ ਸਾੜ ਦਿੱਤੀ।
ਪ੍ਰੀਖਿਆ ਕੇਂਦਰ ਵਿਚ ਡਿਊਟੀ ਕਰ ਰਹੇ ਸਟਾਫ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਵੱਲੋਂ ਵਿਦਿਆਰਥੀ ਨੂੰ ਕਾਬੂ ਕਰ ਕੇ ਦਫਾ 406, 201 ਤਹਿਤ ਪਰਚਾ ਦਰਜ ਕਰ ਕੇ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਿਥੇ ਅਦਾਲਤ ਨੇ ਉਸ ਨੂੰ 16 ਦਿਨਾਂ ਲਈ ਫਰੀਦਕੋਟ ਦੀ ਬਾਲ ਜੇਲ੍ਹ ਵਿਚ ਭੇਜ ਦਿੱਤਾ ਹੈ।

'ਵਰਸਿਟੀ ਨੇ ਐੱਮ.ਏ. ਅਤੇ ਐੱਮ.ਐੱਸ.ਸੀ. ਦੇ ਨਤੀਜੇ ਐਲਾਨੇ
ਅੰਮ੍ਰਿਤਸਰ, 27 ਮਾਰਚ-ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਦਸੰਬਰ 2011 ਵਿਚ ਲਈਆਂ ਗਈਆਂ ਐੱਮ. ਏ. ਅਤੇ ਐੱਮ. ਐੱਸ. ਸੀ. ਸਮੈਸਟਰ ਪਹਿਲਾ ਅਤੇ ਤੀਜਾ ਦੀਆਂ ਪ੍ਰੀਖਿਆਵਾਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪ੍ਰੋਫੈਸਰ ਮੁਖੀ (ਪ੍ਰੀਖਿਆਵਾਂ) ਪ੍ਰੋ. ਆਰ.ਕੇ. ਮਹਾਜਨ ਨੇ ਦੱਸਿਆ ਕਿ ਐੱਮ.ਏ.- ਹਿਸਟਰੀ, ਪੰਜਾਬੀ, ਰਾਜਨੀਤੀ ਸ਼ਾਸਤਰ, ਪਬਲਿਕ ਐਡਮਨਿਸਟ੍ਰੇਸ਼ਨ, ਸੰਸਕ੍ਰਿਤ, ਧਰਮ ਅਧਿਐਨ, ਸੰਗੀਤ ਇੰਸਟਰੂਮੈਂਟਲ, ਫਰੈਂਚ, ਫਰਮਾਰਮਿੰਗ ਆਰਟ, ਡਾਂਸ, ਫਾਈਨ ਆਰਟਸ, ਜਿਓਗ੍ਰਫੀ, ਹਿਸਟਰੀ ਆਫ ਆਰਟ ਦੇ ਸਮੈਸਟਰ ਪਹਿਲਾ ਦੇ ਨਤੀਜਿਆਂ ਤੋਂ ਇਲਾਵਾ ਐੱਮ.ਐੱਸ.ਸੀ.-ਗਣਿਤ, ਇੰਟਰਨੈੱਟ ਸਟੱਡੀਜ਼, ਇਨਟੀਰੀਅਰ ਡਿਜ਼ਾਇਨ, ਕੰਪਿਊਟਰ ਸਾਇੰਸ, ਬਾਇਓਟੈਕਨਾਲੋਜੀ, ਬੌਟਨੀ, ਬਾਇਓਇਨਫਰਮੈਟਿਕਸ, ਫਿਜ਼ਿਕਸ, ਜ਼ਿਓਲੋਜੀ ਦੇ ਸਮੈਸਟਰ ਪਹਿਲਾ ਅਤੇ ਐੱਮ. ਐੱਸ. ਸੀ. ਬਾਇਓ ਟੈਕਨਾਲੋਜੀ, ਬਾਇਓ ਇਨਫਰਮੈਟਿਕਸ, ਫਿਜ਼ਿਕਸ, ਜ਼ਿਓਲੋਜੀ ਅਤੇ ਕੰਪਿਊਟਰ ਸਾਇੰਸ ਦੇ ਤੀਜੇ ਸਮੈਟਸਟਰ ਦੇ ਨਤੀਜੇ ਐਲਾਨ ਦਿੱਤੇ ਗਏ ਹਨ ਜੋ ਯੂਨੀਵਰਸਿਟੀ ਦੀ ਵੈਬਸਾਈਟ 'ਤੇ ਵੀ ਉਪਲਬਧ ਹਨ।

1133 ਅਧਿਆਪਕ ਕਰ ਰਹੇ ਨੇ ਅਹੁਦਾ ਸੰਭਾਲਣ ਦੀ ਉਡੀਕ
ਰੂਪਨਗਰ. 27 ਮਾਰਚ  ਵੱਖ-ਵੱਖ ਕੈਟਾਗਰੀਆਂ ਨਾਲ ਸਬੰਧਿਤ ਪੰਜਾਬ ਦੇ 1133 ਅਧਿਆਪਕ/ਅਧਿਆਪਕਾਵਾਂ ਆਪਣੀ ਡਿਊਟੀ 'ਤੇ ਹਾਜ਼ਰ ਹੋਣ ਲਈ ਪੰਜਾਬ ਸਰਕਾਰ ਦੇ ਆਦੇਸ਼ ਵੀ ਉਡੀਕ ਵਿਚ ਹਨ। ਵੱਖ-ਵੱਖ ਸਮੇਂ ਅਦਾਲਤਾਂ ਵਿਚ ਪੈਂਦੀਆਂ ਰਿਟ ਪਟੀਸ਼ਨਾਂ ਕਾਰਨ ਇਹ ਅਸਾਮੀਆਂ ਬੀਤੇ ਸਵਾ ਚਾਰ ਸਾਲ ਤੋਂ ਲਟਕ ਰਹੀਆਂ ਹਨ।
ਇਨ੍ਹਾਂ ਅਧਿਆਪਕਾਂ ਵਿਚੋਂ ਨਵਤੇਜ ਸਿੰਘ, ਪ੍ਰਕਾਸ਼ ਚੰਦ, ਸੀਮਾ ਰਾਣੀ, ਸਿਮਰਨਜੀਤ ਕੌਰ, ਸਤਨਾਮ ਸਿੰਘ, ਕਮਲ ਕਿਸ਼ੋਰ ਆਦਿ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਛੇਤੀ ਸਕੂਲਾਂ ਵਿਚ ਭੇਜਿਆ ਜਾਵੇ। ਵਰਨਣਯੋਗ ਹੈ ਜ਼ਿਲ੍ਹਾ ਰੂਪਨਗਰ ਵਿਚ 10, ਅੰਮ੍ਰਿਤਸਰ ਵਿਚ 187, ਬਠਿੰਡਾ ਵਿਚ 61, ਬਰਨਾਲਾ ਵਿਚ 20, ਫਤਿਹਗੜ੍ਹ ਸਾਹਿਬ ਵਿਚ 14, ਫਰੀਦਕੋਟ ਵਿਚ 15, ਫਿਰੋਜ਼ਪੁਰ ਵਿਚ 54, ਗੁਰਦਾਸਪੁਰ ਵਿਚ 147, ਹੁਸ਼ਿਆਰਪੁਰ ਵਿਚ 31, ਜਲੰਧਰ ਵਿਚ 101, ਕਪੂਰਥਲਾ ਵਿਚ 65, ਲੁਧਿਆਣਾ ਵਿਚ 193, ਮਾਨਸਾ ਵਿਚ 25, ਮੋਗਾ ਵਿਚ 73, ਮੁਕਤਸਰ ਵਿਚ 67, ਮੁਹਾਲੀ ਵਿਚ 73, ਸ਼ਹੀਦ ਭਗਤ ਸਿੰਘ ਨਗਰ ਵਿਚ 16, ਪਟਿਆਲਾ ਵਿਚ 67, ਸੰਗਰੂਰ ਵਿਚ 76 ਅਤੇ ਤਰਨਤਾਰਨ ਵਿਚ 112 ਅਸਾਮੀਆਂ 'ਤੇ ਟੀਚਿੰਗ ਫੈਲੋਜ਼ ਦੀ ਬਕਾਇਦਾ ਜਾਬਤਾ-ਬੱਧ ਚੋਣ ਹੋ ਚੁੱਕੀ ਹੈ।
ਭਤੀਜੇ ਵੱਲੋਂ ਚਾਚੇ ਦੀ ਹੱਤਿਆ

 ਹੱਤਿਆ ਬਾਰੇ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਹਰਵਿੰਦਰ
ਸਿੰਘ ਵਿਰਕ।
ਤਪਾ ਮੰਡੀ/ਰੂੜੇਕੇ ਕਲਾਂ 27 ਮਾਰਚ  ਨੇੜਲੇ ਪਿੰਡ ਧੌਲਾ ਵਿਖੇ ਇਕ ਵਿਅਕਤੀ ਨੂੰ ਉਸ ਦੇ ਭਤੀਜੇ ਨੇ ਇੱਟ ਮਾਰ ਕੇ ਮਾਰ ਦਿੱਤਾ ਹੈ। ਇਸ ਸਬੰਧੀ ਸਬ-ਡਵੀਜ਼ਨ ਦੇ ਡੀ. ਐੱਸ. ਪੀ ਸ: ਹਰਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਧੌਲਾ ਦਾ ਬਲਦੇਵ ਸਿੰਘ ਪੁੱਤਰ ਭਾਗ ਸਿੰਘ ਜੋ ਕਿੱਤੇ ਵੱਜੋਂ ਮਿਸਤਰੀ ਹੈ, ਉਸ ਨੇ ਅਪਣਾ ਘਰ ਬਣਾਉਣਾ ਸ਼ੁਰੂ ਕੀਤਾ ਹੋਇਆ ਸੀ ਤੇ ਉਸ ਦਾ ਭਤੀਜਾ ਗਗਨਦੀਪ ਸਿੰਘ ਜੋ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ, ਕਈ ਦਿਨਾਂ ਤੋਂ ਉਸ ਕੋਲ ਆਇਆ ਹੋਇਆ ਸੀ। ਰਾਤ ਵੇਲੇ ਗਗਨਦੀਪ ਨੇ ਅਪਣੇ ਚਾਚੇ ਦੇ ਸਿਰ ਵਿਚ ਇੱਟਾਂ ਮਾਰ ਕੇ ਉਸ ਨੂੰ ਮਾਰ ਦਿੱਤਾ ਅਤੇ ਉਥੋਂ ਦੌੜ ਗਿਆ। ਪੁਲਿਸ ਨੇ ਮ੍ਰਿਤਕ ਦੇ ਬੇਟੇ ਰਣਜੀਤ ਸਿੰਘ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਹੈ 'ਤੇ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ।

ਭਾਜਪਾ ਪੰਜਾਬ ਦੇ ਅਮਨ-ਚੈਨ ਨੂੰ ਲਾਂਬੂ ਲਾਉਣ ਤੋਂ ਗੁਰੇਜ ਕਰੇ-ਖਾਲਸਾ

ਅ ਸੀਨੀਅਰ ਕਾਂਗਰਸੀ ਆਗੂ ਪ੍ਰਮਿੰਦਰਪਾਲ ਸਿੰਘ ਖਾਲਸਾ ਅਤੇ
ਸੁਰਿੰਦਰਪਾਲ ਸਿੰਘ ਗੋਲਡੀ ਗੱਲਬਾਤ ਕਰਦੇ ਹੋਏ।
ਜਲੰਧਰ. 27 ਮਾਰਚ  ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਰੱਦ ਕਰਵਾਉਣ ਲਈ ਸਵਰਗੀ ਮੁੱਖ ਮੰਤਰੀ ਸ. ਬੇਅੰਤ ਸਿੰਘ ਦੇ ਪਰਿਵਾਰ ਨੂੰ ਆਪਣੇ ਨਾਲ ਸਹਿਮਤ ਕਰਕੇ ਜੋ ਨੀਤੀ ਅਪਣਾਈ ਹੈ, ਉਹ ਇਕ ਸ਼ਲਾਘਾਯੋਗ ਉਪਰਾਲਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸੀ ਆਗੂ ਸ. ਪ੍ਰਮਿੰਦਰਪਾਲ ਸਿੰਘ ਖਾਲਸਾ ਅਤੇ ਸੁਰਿੰਦਰਪਾਲ ਸਿੰਘ ਗੋਲਡੀ ਨੇ ਕਰਦਿਆਂ ਕਿਹਾ ਕਿ ਇਸ ਮਾਮਲੇ 'ਚ ਅਕਾਲੀ ਦਲ ਨਾਲੋਂ ਕਾਂਗਰਸ ਦਾ ਪੱਖ ਵਧੇਰੇ ਸਪੱਸ਼ਟ ਹੈ। ਉਨ੍ਹਾਂ ਕਿਹਾ ਕਿ ਇਸ ਦੇ ਉਲਟ ਭਾਜਪਾ ਅਤੇ ਉਸ ਦੀਆਂ ਸਹਿਯੋਗੀ ਜਥੇਬੰਦੀਆਂ ਵਲੋਂ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਵਾਲੇ ਬਿਆਨ ਜਾਰੀ ਕੀਤੇ ਜਾ ਰਹੇ ਹਨ। ਸ. ਖਾਲਸਾ ਨੇ ਕਿਹਾ ਕਿ ਇਕ ਪਾਸੇ ਸਵਰਗੀ ਬੇਅੰਤ ਸਿੰਘ ਦਾ ਪਰਿਵਾਰ ਇਹ ਕਹਿ ਰਿਹਾ ਹੈ ਕਿ ਉਨ੍ਹਾਂ ਨੂੰ ਫਾਂਸੀ ਰੱਦ ਕਰਨ 'ਤੇ ਕੋਈ ਇਤਰਾਜ਼ ਨਹੀਂ ਹੈ ਤਾਂ ਅਜਿਹੇ ਸਮੇਂ ਭਾਜਪਾ ਵਲੋਂ ਇਹ ਸਟੈਂਡ ਲੈਣਾ ਕਿ ਕਾਨੂੰਨ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ ਹੈ, ਬਹੁਤ ਹੀ ਗੈਰ-ਜ਼ਿੰਮੇਵਾਰਾਨਾ ਹੈ।
3 ਅਪ੍ਰੈਲ ਨੂੰ ਰੇਲ ਚੱਕਾ ਜਾਮ ਕੀਤਾ ਜਾਵੇਗਾ-ਗਰੇਵਾਲ

 ਸੁਖਮਿੰਦਰਪਾਲ ਸਿੰਘ ਗਰੇਵਾਲ ਪੱਤਰਕਾਰਾਂ
ਨਾਲ ਗੱਲਬਾਤ ਕਰਦੇ ਹੋਏ।
ਅਜੀਤਗੜ੍ਹ. 27 ਮਾਰਚ ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਦੇ ਕੌਮੀ ਸਕੱਤਰ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਕਿਸਾਨਾਂ ਨੂੰ ਕਣਕ ਦੀ ਫਸਲ 'ਤੇ 500 ਰੁਪਏ ਪ੍ਰਤੀ ਕਵਿੰਟਲ ਬੋਨਸ ਅਤੇ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਇੰਨ-ਬਿੰਨ ਲਾਗੂ ਕਰਵਾਉਣ ਦੀ ਮੰਗ ਨੂੰ ਲੈ ਕੇ 3 ਅਪ੍ਰੈਲ ਨੂੰ ਸਮੁੱਚੇ ਪੰਜਾਬ 'ਚ ਰੇਲ ਗੱਡੀਆਂ ਰੋਕ ਕੇ ਅੰਦੋਲਨ ਨੂੰ ਪੂਰੀ ਤਰ੍ਹਾਂ ਕਾਮਯਾਬ ਕੀਤਾ ਜਾਵੇਗਾ।
ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗਰੇਵਾਲ ਨੇ ਦੱਸਿਆ ਕਿ ਪਹਿਲੇ ਪੜਾਅ ਵਿੱਚ ਦੇਸ਼ ਦੇ ਅੱਠ ਖੇਤੀ ਪ੍ਰਧਾਨ ਸੂਬਿਆਂ ਵਿੱਚ ਕਿਸਾਨ ਰੇਲ ਪਟੜੀਆਂ 'ਤੇ ਬੈਠ ਕੇ ਗੱਡੀਆਂ ਰੋਕਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਸਾਹਨੇਵਾਲ, ਸੰਗਰੂਰ ਅਤੇ ਬਠਿੰਡਾ ਵਿੱਚ ਗੱਡੀਆਂ ਰੋਕੀਆਂ ਜਾਣਗੀਆਂ ਅਤੇ ਯੂ. ਪੀ. ਏ. ਸਰਕਾਰ ਨੂੰ ਜਗਾਉਣ ਲਈ ਪੰਜਾਬ ਤੋਂ ਇਲਾਵਾ ਹਰਿਆਣਾ, ਬਿਹਾਰ, ਰਾਜਸਥਾਨ, ਜੰਮੂ-ਕਸ਼ਮੀਰ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਵਿਖੇ 3 ਅਪ੍ਰੈਲ ਨੂੰ ਰੇਲ ਗੱਡੀਆਂ ਰੋਕੀਆਂ ਜਾਣਗੀਆਂ।
ਅੰਮ੍ਰਿਤਸਰ ਹਵਾਈ ਅੱਡੇ 'ਤੇ ਯਾਤਰੀ ਤੋਂ 50 ਕਾਰਤੂਸ ਬਰਾਮਦ
ਰਾਜਾਸਾਂਸੀ. ਹੇਰ/ 27 ਮਾਰਚ ਅਮਰੀਕਨ ਕਸਟਮ ਅਧਿਕਾਰੀਆਂ ਕੋਲੋਂ ਲਿਖ਼ਤੀ ਆਗਿਆ ਪ੍ਰਾਪਤ ਇਕ ਪ੍ਰਵਾਸੀ ਭਾਰਤੀ ਕੋਲੋਂ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਦੇ ਕਸਟਮ ਅਧਿਕਾਰੀਆਂ ਨੇ 50 ਰੌਂਦ (9 ਐੱਮ. ਐੱਮ.) ਬਰਾਮਦ ਕੀਤੇ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਤੜਕੇ 4:40 ਵਜੇ ਇੱਥੇ ਪੁੱਜੀ ਕਤਰ ਏਅਰਵੇਜ਼ ਉਡਾਣ ਨੰਬਰ 298 ਰਾਹੀਂ ਪੁੱਜੇ ਪ੍ਰਵਾਸੀ ਭਾਰਤੀ ਸਲਵੰਤ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਮਾਕੋਵਾਲ ਥਾਣਾ ਰਮਦਾਸ, ਤਹਿ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ ਕੋਲੋਂ ਸਾਮਾਨ 'ਚ (ਐਕਸਰੇ ਸਕੈਨਿੰਗ) ਰਾਹੀਂ ਜਾਂਚ-ਪੜਤਾਲ ਕਰਨ 'ਤੇ 50-9 ਐੱਮ. ਐੱਮ. ਦੇ ਰੌਂਦ ਬਰਾਮਦ ਕੀਤੇ ਗਏ। ਕਸਟਮ ਅਧਿਕਾਰੀਆਂ ਵੱਲੋਂ ਪੁੱਛਗਿੱਛ ਦੌਰਾਨ ਉਕਤ ਪ੍ਰਵਾਸੀ ਭਾਰਤੀ ਵਿਅਕਤੀ ਨੇ ਦੱਸਿਆ ਕਿ ਅਮਰੀਕਾ 'ਚ ਉਸ ਕੋਲੋਂ 9 ਐੱਮ.ਐੱਮ. ਦਾ ਲਾਇਸੈਂਸੀ ਪਿਸਤੌਲ ਹੈ, ਜਿਸ ਦੇ ਇਹ ਰੌਂਦ ਅਮਰੀਕੀ ਕਸਟਮ ਅਧਿਕਾਰੀਆਂ ਦੇ ਧਿਆਨ ਹਿੱਤ ਹਨ ਤੇ ਲਿਖ਼ਤੀ ਰੂਪ ਰਸੀਦ ਵੀ ਪ੍ਰਾਪਤ ਹੈ।
ਪਤਾ ਲੱਗਾ ਹੈ ਕਿ ਕਸਟਮ ਅਧਿਕਾਰੀਆਂ ਵੱਲੋਂ ਅਮਰੀਕਾ ਦੇ ਕਸਟਮ ਅਧਿਕਾੀਆਂ ਨਾਲ ਰਾਬਤਾ ਕਾਇਮ ਕਰਕੇ ਉਕਤ ਵਿਕਅਤੀ 50 ਰੌਂਦ ਜਮ੍ਹਾਂ ਕਰਕੇ ਇਹ ਕਹਿ ਕੇ ਛੱਡ ਦਿੱਤਾ ਗਿਆ ਹੈ, ਜਾਂਦੇ ਸਮੇਂ 50 ਰੌਂਦ ਵਾਪਸ ਦੇ ਦਿੱਤੇ ਜਾਣਗੇ। ਇਸ ਸਬੰਧੀ ਜਦ ਅੰਮ੍ਰਿਤਸਰ ਦੇ ਕਸਟਮ ਕਮਿਸ਼ਨਰ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਕਿਹਾ ਕਿ ਰੌਂਦ (ਕਾਰਤੂਸ) ਆਉਣੇ ਸਵੀਕਾਰ ਹਨ, ਜੇਕਰ ਕਿਸੇ ਵਿਅਕਤੀ ਕੋਲ ਲਾਇਸੈਂਸ ਹੋਵੇ ਪਰ ਅਮਰੀਕਾ 'ਤੋਂ ਪੁੱਜੇ ਉਕਤ ਵਿਅਕਤੀ ਕੋਲ ਲਾਇਸੈਂਸ ਮੌਜੂਦ ਨਹੀਂ ਸੀ, ਇਸ ਲਈ ਕਾਰਤੂਸ ਜਮ੍ਹਾਂ ਕਰ ਲਏ ਗਏ ਹਨ ਜੋ ਵਾਪਸ ਜਾਂਦੇ ਸਮੇਂ ਦਿੱਤੇ ਜਾਣਗੇ।
ਪੁਲਿਸ ਨੇ ਅਗਵਾ ਵਿਅਕਤੀ ਨੂੰ ਧਾੜਵੀਆਂ
 ਕੋਲੋਂ ਛੁਡਵਾਇਆ-ਪਰਚਾ ਦਰਜ

 ਅਗਵਾ ਹੋਇਆ ਵਿਅਕਤੀ ਬਰਾਮਦਗੀ ਤੋਂ ਬਾਅਦ
 ਪੁਲਿਸ ਪਾਰਟੀ ਨਾਲ।
ਅਬੋਹਰ. 27 ਮਾਰਚ  ਉਪ ਮੰਡਲ ਦੇ ਪਿੰਡ ਬਿਸ਼ਨਪੁਰਾ ਵਿਚ ਸੱਤਾਧਾਰੀ ਧਿਰ ਨਾਲ ਸਬੰਿਧਤ ਕੁੱਝ ਵਿਅਕਤੀਆਂ ਨੇ ਇੱਕ ਵਿਅਕਤੀ ਦੀ ਢਾਣੀ ਵਿਚ ਦਾਖ਼ਲ ਹੋ ਕੇ ਉੱਥੇ ਮੌਜੂਦ ਵਿਅਕਤੀਆਂ ਦੀ ਕੁੱਟਮਾਰ ਕੀਤੀ ਅਤੇ ਇੱਕ ਵਿਅਕਤੀ ਨੂੰ ਜਬਰੀ ਅਗਵਾ ਕਰ ਕੇ ਅਤੇ ਉਨ੍ਹਾਂ ਦੀ ਲਾਇਸੰਸੀ ਬਾਰਾਂ ਬੋਰ ਬੰਦੂਕ ਨਾਲ ਲੈ ਗਏ। ਪੁਲਿਸ ਨੇ ਕਾਰਵਾਈ ਕਰਦਿਆਂ ਅਗਵਾ ਵਿਅਕਤੀ ਨੂੰ ਧਾੜਵੀਆਂ ਦੇ ਚੁੰਗਲ ਵਿਚੋਂ ਛੁਡਾ ਲਿਆ ਹੈ ਜਦ ਕਿ ਬਾਰਾਂ ਬੋਰ ਬੰਦੂਕ ਦੀ ਬਰਾਮਦਗੀ ਬਾਰੇ ਅਜੇ ਤਫ਼ਤੀਸ਼ ਚੱਲ ਰਹੀ ਹੈ।
ਮੌਕੇ 'ਤੇ ਪਹੁੰਚੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪਿੰਡ ਬਿਸ਼ਨਪੁਰਾ ਵਾਸੀ ਰਜਿੰਦਰ ਕੁਮਾਰ ਨੇ ਦੱਸਿਆ 'ਕੱਲ੍ਹ ਜਦ ਮੈਂ ਆਪਣੇ ਰਿਸ਼ਤੇਦਾਰ ਦਲੀਪ ਬਿਸ਼ਨੋਈ ਪੁੱਤਰ ਓਮ ਪ੍ਰਕਾਸ਼ ਵਾਸੀ ਬਿਸ਼ਨਪੁਰਾ ਦੀ ਢਾਣੀ ਗਿਆ ਤਾਂ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਗੋਦਾਰਾ ਆਪਣੇ ਵੀਂਹ-ਪੱਚੀ ਸਾਥੀਆਂ ਨਾਲ ਹਥਿਆਰਾਂ-ਲਾਠੀਆਂ ਨਾਲ ਲੈਸ ਹੋ ਕੇ ਘਰ ਵਿਚ ਦਾਖ਼ਲ ਹੋਏ ਅਤੇ ਉੱਥੇ ਮੌਜੂਦ ਘਰ 'ਚ ਕੰਮ ਕਰਦੇ ਮਜ਼ਦੂਰਾਂ ਅਤੇ ਘਰ ਦੀਆਂ ਔਰਤਾਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ।
ਉਸ ਨੇ ਅੱਗੇ ਦੱਸਿਆ ਕਿ ਉਸ ਵੇਲੇ ਦਲੀਪ ਬਿਸ਼ਨੋਈ ਘਰ ਵਿਚ ਮੌਜੂਦ ਨਹੀਂ ਸੀ। ਮੈਂ ਘਰ ਦੀ ਛੱਤ ਉੱਪਰੋਂ ਛਾਲ ਮਾਰ ਕੇ ਭੱਜ ਕੇ ਜਾਨ ਬਚਾਈ ਜਦ ਕਿ ਧਾੜਵੀ ਮੇਰੇ ਗੰਨਮੈਨ ਕਪਿਲ ਉਰਫ਼ ਪਹਿਲਵਾਨ ਨੂੰ ਸਮੇਤ ਮੇਰੀ ਬਾਰਾਂ ਬੋਰ ਦੀ ਲਾਇਸੰਸੀ ਗੰਨ ਅਗਵਾ ਕਰ ਕੇ ਲੈ ਗਏ।' ਪੁਲਿਸ ਨੇ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਕਾਰਵਾਈ ਕਰਦਿਆਂ ਸੀਤੋ ਗੁੰਨੋ-ਮਹਿਰਾਣਾ ਲਿੰਕ ਮਾਰਗ 'ਤੇ ਸਥਿਤ ਵਿਜੈਪਾਲ ਉਰਫ਼ ਰਾਏ ਸਾਹਿਬ ਦੀ ਢਾਣੀ ਵਿਚੋਂ ਇੱਕ ਕਮਰੇ ਵਿਚ ਬੰਦ ਅਗਵਾ ਕੀਤਾ ਗੰਨਮੈਨ ਕਪਿਲ ਨੂੰ ਬਰਾਮਦ ਕਰ ਲਿਆ। ਥਾਣਾ ਬਹਾਵਵਾਲਾ ਦੇ ਮੁਖੀ ਮੱਖਣ ਸਿੰਘ ਨੇ ਦੱਸਿਆ ਕਿ ਪੂਨਮ ਬਿਸ਼ਨੋਈ ਪਤਨੀ ਦਲੀਪ ਬਿਸ਼ਨੋਈ ਦੇ ਬਿਆਨਾਂ 'ਤੇ ਵਿਜੇ ਪਾਲ ਉਰਫ਼ ਰਾਏ ਸਾਹਿਬ ਅਤੇ 19 ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 451, 380, 323, 148, 149, 365, 506, 427 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਅਗਵਾ ਹੋਏ ਕਪਿਲ ਦਾ ਡਾਕਟਰੀ ਮੁਆਇਨਾ ਕਰਵਾ ਕੇ ਉਸ ਨੂੰ ਫ਼ਾਰਗ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੰਜੀਵ ਗੋਦਾਰਾ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਦੇ ਖ਼ਿਲਾਫ਼ ਅਜੇ ਕਿਸੇ ਨੇ ਬਿਆਨ ਦਰਜ ਨਹੀਂ ਕਰਵਾਏ ਅਤੇ ਅਣਪਛਾਤੇ ਵਿਅਕਤੀਆਂ ਦੀ ਸ਼ਨਾਖ਼ਤ ਕਰਨ ਬਾਰੇ ਜਾਂਚ ਚੱਲ ਰਹੀ ਹੈ।
ਵਿਦਿਆਰਥਣ ਵੱਲੋਂ ਖ਼ੁਦਕੁਸ਼ੀ
ਨਵਾਂਸ਼ਹਿਰ, 27 ਮਾਰਚ -ਇਥੋਂ ਦੇ ਇੱਕ ਚਰਚਿਤ ਕਾਲਜ ਦੀ ਵਿਦਿਆਰਥਣ ਵੱਲੋਂ ਸਲਫ਼ਾਸ ਖਾ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਏ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਇੱਥੋਂ ਦੇ ਇੱਕ ਮਸ਼ਹੂਰ ਕਾਲਜ 'ਚ 20 ਸਾਲਾ ਬੀ. ਬੀ. ਏ ਦੀ ਵਿਦਿਆਰਥਣ ਨੇ ਚੜ੍ਹਦੀ ਸਵੇਰ ਨੂੰ ਹੀ ਸਲਫ਼ਾਸ ਦੀਆਂ ਕਿਸੇ ਪ੍ਰੇਸ਼ਾਨੀ ਕਾਰਨ 3 ਗੋਲੀਆਂ ਖਾ ਲਈਆਂ, ਜਿਸ ਕਾਰਨ ਉਸ ਦੀ ਹਾਲਤ ਵਿਗੜਦੀ ਗਈ ਤੇ ਉਹ ਮੁੱਖ ਸੜਕ ਦੇ ਕਿਨਾਰੇ ਜਾ ਡਿੱਗੀ। ਦਿਨ ਚੜ੍ਹਦੇ ਸਾਰ ਜਦੋਂ ਕਾਲਜ ਦੇ ਪ੍ਰਬੰਧਕਾਂ ਨੂੰ ਇਸ ਦੀ ਭਿਣਕ ਪਈ ਤਾਂ ਉਨ੍ਹਾਂ ਨੇ ਉਕਤ ਲੜਕੀ ਨੂੰ ਤੁਰੰਤ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਡਾਕਟਰ ਵੱਲੋਂ ਪੀ. ਜੀ. ਆਈ. ਲਈ ਰੈਫ਼ਰ ਕਰ ਦਿੱਤਾ ਗਿਆ। ਕਾਲਜ ਦੇ ਪ੍ਰਬੰਧਕਾਂ ਵੱਲੋਂ ਪੀ. ਜੀ. ਆਈ. ਦੀ ਬਜਾਇ ਉਸ ਦੀ ਹਾਲਤ ਨਾਜ਼ੁਕ ਵੇਖ ਕੇ ਉਸ ਨੂੰ ਇੱਥੋਂ ਦੇ ਹੀ ਇੱਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਪਰ ਦੇਰ ਸ਼ਾਮ ਲੜਕੀ ਦੀ ਮੌਤ ਹੋ ਗਈ। ਲਾਸ਼ ਨੂੰ ਪੋਸਟ-ਮਾਰਟਮ ਲਈ ਨਵਾਂਸ਼ਹਿਰ ਦੇ ਸਿਵਲ ਹਸਪਤਾਲ ਦੇ ਲਾਸ਼ ਘਰ ਵਿਚ ਰੱਖ ਦਿੱਤਾ ਗਿਆ ਹੈ। ਥਾਣਾ ਸਿਟੀ ਦੀ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਪਰ ਪੁਲਿਸ ਹਾਲੇ ਕਿਸੇ ਨਤੀਜੇ ਤੇ ਨਹੀਂ ਪਹੁੰਚ ਸਕੀ।
ਨਵੀਂ ਪੰਜਾਬ ਵਿਧਾਨ ਸਭਾ ਦਾ ਖੁਸ਼ਗੁਵਾਰ ਪਹਿਲੂ
ਕਾਂਗਰਸੀਆਂ ਵੱਲੋਂ ਸਰਕਾਰੀ ਖਾਣੇ ਦਾ ਬਾਈਕਾਟ ਖ਼ਤਮ
ਚੰਡੀਗੜ੍ਹ, 27 ਮਾਰਚ -14ਵੀਂ ਪੰਜਾਬ ਵਿਧਾਨ ਸਭਾ ਦੀ ਸ਼ੁਰੂਆਤ ਦਾ ਇਕ ਖ਼ੁਸ਼ਗੁਵਾਰ ਪਹਿਲੂ ਇਹ ਸਾਹਮਣੇ ਆਇਆ ਹੈ ਕਿ ਇਸ ਰਾਜ ਦੀ ਪ੍ਰਮੁੱਖ ਵਿਰੋਧੀ ਪਾਰਟੀ ਕਾਂਗਰਸ ਨਾਲ ਸਬੰਧਤ ਵਿਧਾਇਕਾਂ ਨੇ ਸਪੀਕਰ, ਮੁੱਖ ਮੰਤਰੀ ਅਤੇ ਦੂਜੇ ਅਕਾਲੀ-ਭਾਜਪਾ ਮੰਤਰੀਆਂ ਵੱਲੋਂ ਚੱਲ ਰਹੇ ਇਜਲਾਸ ਦੇ ਦੌਰਾਨ ਦਿੱਤੇ ਜਾਣ ਵਾਲੇ ਲੰਚ ਤੇ ਡਿਨਰ ਦਾ ਬਾਈਕਾਟ ਕਰਨ ਦਾ ਸਿਲਸਿਲਾ ਖ਼ਤਮ ਕਰ ਦਿੱਤਾ, ਜੋ ਪਿਛਲੇ 5 ਸਾਲ ਤੋਂ ਚਲਾ ਆ ਰਿਹਾ ਸੀ। ਇਸ ਦਾ ਕਾਰਨ ਅਕਾਲੀ-ਭਾਜਪਾ ਸਰਕਾਰ ਅਤੇ ਕਾਂਗਰਸ ਵਿਚਾਲੇ ਹੱਦੋਂ ਵੱਧ ਚੱਲ ਰਿਹਾ ਟਕਰਾਓ ਸੀ। ਕਈ ਕਾਂਗਰਸੀ ਤੇ ਅਕਾਲੀ ਵਿਧਾਇਕਾਂ ਦੀ ਰਾਏ ਹੈ ਕਿ ਬਾਈਕਾਟ ਦਾ ਮੁੱਖ ਕਾਰਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਕਾਲੀ-ਭਾਜਪਾ ਗਠਜੋੜ ਪ੍ਰਤੀ ਧਾਰਨ ਕੀਤੀ ਗਈ ਸਿਆਸੀ ਦੁਸ਼ਮਣੀ ਸੀ। ਨਵੀਂ ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਪਹਿਲੇ ਇਜਲਾਸ ਦੇ ਦੌਰਾਨ ਸਪੀਕਰ ਸ. ਚਰਨਜੀਤ ਸਿੰਘ ਅਟਵਾਲ ਵੱਲੋਂ ਮੰਤਰੀਆਂ, ਵਿਧਾਇਕਾਂ, ਸਰਕਾਰੀ ਅਧਿਕਾਰੀਆਂ ਅਤੇ ਪੱਤਰਕਾਰਾਂ ਦੇ ਸਨਮਾਨ ਵਿਚ ਅੱਜ ਇਥੇ ਅਸੈਂਬਲੀ ਕੰਪਲੈਕਸ ਵਿਚ ਦੁਪਹਿਰ ਦਾ ਜੋ ਖਾਣਾ ਦਿੱਤਾ ਗਿਆ, ਉਸ ਵਿਚ ਅਕਾਲੀ-ਭਾਜਪਾ, ਕਾਂਗਰਸੀ ਅਤੇ ਆਜ਼ਾਦ ਵਿਧਾਇਕ ਵੀ ਸ਼ਾਮਿਲ ਹੋਏ। ਪਰ ਇਸ ਖਾਣੇ ਵਿਚ ਪੰਜਾਬ ਪ੍ਰਦੇਸ਼ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਗੈਰ-ਹਾਜ਼ਰ ਦੇਖੇ ਗਏ। ਪਰ ਉਨ੍ਹਾਂ ਦੇ ਲਗਭਗ ਸਾਰੇ ਕਾਂਗਰਸੀ ਵਿਧਾਇਕ ਜ਼ਰੂਰ ਪਹੁੰਚੇ ਹੋਏ ਸਨ। ਅੱਜ ਦੇ ਖਾਣੇ ਵਿਚ ਕਾਂਗਰਸ ਵਿਧਾਇਕ ਦਲ ਦੇ ਨਵੇਂ ਨੇਤਾ ਸੁਨੀਲ ਜਾਖੜ ਅਤੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਵੀ ਨਜ਼ਰ ਨਹੀਂ ਆਏ। ਕੁਝ ਨੌਜਵਾਨ ਕਾਂਗਰਸੀ ਤੇ ਅਕਾਲੀ ਵਿਧਾਇਕਾਂ ਨੇ ਉਮੀਦ ਪ੍ਰਗਟ ਕੀਤੀ ਹੈ ਕਿ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਕਾਲੀ ਤੇ ਕਾਂਗਰਸੀ ਵਿਧਾਇਕਾਂ ਵਿਚਾਲੇ ਕ੍ਰਿਕਟ ਦਾ ਫਰੈਂਡਲੀ ਮੈਚ ਖੇਡਣ ਬਾਰੇ ਪੁਰਾਣੀ ਰਿਵਾਇਤ ਨੂੰ ਫਿਰ ਤੋਂ ਸੁਰਜੀਤ ਕਰਨ ਲੱਗੇ ਹਨ। ਵਰਨਣਯੋਗ ਗੱਲ ਇਹ ਹੈ ਕਿ ਇਸ ਤਰ੍ਹਾਂ ਦਾ ਫਰੈਂਡਲੀ ਕ੍ਰਿਕਟ ਮੈਚ ਕਈ ਸਾਲ ਪਹਿਲਾਂ ਜਦੋਂ ਖੇਡਿਆ ਗਿਆ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਇਸ ਦਾ ਵਿਰੋਧ ਕੀਤਾ ਸੀ, ਪਰ ਉਸ ਸਮੇਂ ਦੀ ਕਾਂਗਰਸ ਵਿਧਾਇਕ ਦਲ ਦੇ ਨੇਤਾ ਬੀਬੀ ਰਾਜਿੰਦਰ ਕੌਰ ਭੱਠਲ ਨੇ ਹਾਂ-ਪੱਖੀ ਹੁੰਗਾਰਾ ਭਰਿਆ ਸੀ, ਜਿਸ ਨੂੰ ਕੈਪਟਨ ਦੇ ਕੁਝ ਇਕ ਕਾਂਗਰਸੀ ਵਿਧਾਇਕਾਂ ਨੇ ਪਸੰਦ ਨਹੀਂ ਸੀ ਕੀਤਾ।
ਪੰਜਾਬ ਕਲਚਰ ਸੁਸਾਇਟੀ ਦੀ 'ਵਿਨੀਪੈਗ ਸ਼ਾਖਾ'
 ਦਾ ਗਠਨ-ਨਵੀ ਭੰਗੂ ਪ੍ਰਧਾਨ ਬਣੇ

ਰਵਿੰਦਰ ਰੰਗੂਵਾਲ ਤੇ ਹੋਰ ਮੈਂਬਰ ਨਵੀ ਭੰਗੂ ਨੂੰ ਵਿਨੀਪੈਗ ਇਕਾਈ
ਦਾ ਪ੍ਰਧਾਨ ਨਿਯੁਕਤ ਕਰਨ ਸਮੇਂ।
ਲੁਧਿਆਣਾ, 27 ਮਾਰਚ (-ਪੰਜਾਬ ਕਲਚਰ ਸੁਸਾਇਟੀ ਵੱਲੋਂ ਵਿਦੇਸ਼ਾਂ ਵਿਚ ਵਸਦੇ ਪੰਜਾਬੀ ਮੂਲ ਦੇ ਨੌਜਵਾਨਾਂ ਨੂੰ ਵਿਰਸੇ ਨਾਲ ਜੋੜਨ ਲਈ ਭਰਪੂਰ ਯਤਨ ਕੀਤੇ ਜਾਣਗੇ ਅਤੇ ਇਸ ਮੰਤਵ ਲਈ ਵਿਦੇਸ਼ਾਂ ਵਿਚ ਸੁਸਾਇਟੀ ਦੀਆਂ ਇਕਾਈਆਂ ਸਥਾਪਿਤ ਕੀਤੀਆਂ ਜਾਣਗੀਆਂ। ਇਹ ਫ਼ੈਸਲਾ ਅੱਜ ਇੱਥੇ ਸੁਸਾਇਟੀ ਦੀ ਮੀਟਿੰਗ ਵਿਚ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਸੁਸਾਇਟੀ ਦੇ ਸੰਸਥਾਪਕ ਪ੍ਰਧਾਨ ਸ੍ਰੀ ਰਵਿੰਦਰ ਰੰਗੂਵਾਲ ਨੇ ਕੀਤੀ। ਸ: ਰੰਗੂਵਾਲ ਨੇ ਇਸ ਮੌਕੇ ਵਿਨੀਪੈਗ ਇਕਾਈ ਦਾ ਗਠਨ ਕਰਦਿਆਂ ਸ੍ਰੀ ਨਵੀ ਭੰਗੂ ਨੂੰ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ। ਉਨ੍ਹਾਂ ਕਿਹਾ ਕਿ ਸ: ਭੰਗੂ ਪਿਛਲੇ 15 ਸਾਲਾਂ ਤੋਂ ਜਥੇਬੰਦੀ ਨਾਲ ਜੁੜਕੇ ਪੰਜਾਬੀ ਸੱਭਿਆਚਾਰ ਦੀ ਸੇਵਾ ਕਰ ਰਹੇ ਹਨ। ਇਨ੍ਹਾਂ ਵੱਲੋਂ ਕੈਨੇਡਾ ਦੀ ਧਰਤੀ 'ਤੇ ਰਹਿੰਦਿਆਂ ਵੀ ਸੱਭਿਆਚਾਰ ਦਾ ਝੰਡਾ ਬੁਲੰਦ ਰੱਖਿਆ ਗਿਆ ਹੈ। ਇਸ ਸਮੇਂ ਦੀਦਾਰਜੀਤ ਸਿੰਘ ਲੋਟੇ, ਕਮਲ ਭੰਗੂ, ਰਣਦੀਪ ਚਾਹਲ, ਜਰਨੈਲ ਸਿੰਘ ਤੂਰ, ਕੰਵਲਜੀਤ ਸਿੰਘ, ਗੁਰਸ਼ਰਨ ਸਿੰਘ ਮੱਗੂ, ਕੁਲਜੀਤ ਸਿੰਘ ਜਗਦੇਵ, ਰਜਿੰਦਰ ਮਲਹਾਰ (ਗਾਇਕ), ਗੀਤਕਾਰ ਖੁਦ ਗੁਹਾਰੀਆ, ਤੋਚੀ ਤੁਰਕੋਟੀਆ, ਰਕੇਸ਼ ਜੋਗੀ, ਵਿੰਦਰ ਕੁਮਾਰ ਰਾਜੂ ਅਤੇ ਗੁਰਕ੍ਰਿਪਾਲ ਸਿੰਘ ਵੀ ਹਾਜ਼ਰ ਸਨ।
ਕਿਸੇ ਵੀ ਡਾਇਰੈਕਟਰ ਸਿਰ ਨਾ ਸਜਿਆ ਚੇਅਰਮੈਨੀ ਦਾ ਤਾਜ
ਲੋਹਟਬੱਦੀ, 27 ਮਾਰਚ -ਭਾਵੇਂ ਵੇਰਕਾ ਮਿਲਕ ਪਲਾਂਟ ਲੁਧਿਆਣਾ ਦੇ ਬੋਰਡ ਆਫ਼ ਡਾਇਰੈਕਟਰ ਦੀ ਚੋਣ ਹੋਈ ਨੂੰ ਕਰੀਬ ਡੇਢ ਸਾਲ ਦਾ ਸਮਾਂ ਹੋ ਗਿਆ ਹੈ, ਜਿਨ੍ਹਾਂ 'ਚ ਪੰਜਾਬ ਦੀ ਸੱਤਾ 'ਤੇ ਕਾਬਜ਼ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ 11 ਅਤੇ ਕਾਂਗਰਸ ਦਾ ਸਿਰਫ ਇਕ ਹੀ ਡਾਇਰੈਕਟਰ ਹੈ। ਪਿੰਡਾਂ ਅੰਦਰ ਸਥਿਤ ਵੇਰਕਾ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਦੇ ਪ੍ਰਧਾਨਾਂ ਅਤੇ ਅਧਿਕਾਰਤ ਮੈਂਬਰ ਵੋਟਰਾਂ ਵਲੋਂ ਚੁਣੇ ਗਏ ਇੰਨ੍ਹਾਂ ਡਾਇਰੈਕਟਰਾਂ 'ਚੋਂ ਚੇਅਰਮੈਨ ਅਤੇ ਉਪ ਚੇਅਰਮੈਨ ਚੁਣਨ ਲਈ ਪਹਿਲਾਂ ਬੀਤੀ 26 ਨਵੰਬਰ 2010 ਦਾ ਸਮਾਂ ਤੈਅ ਕੀਤਾ ਸੀ ਪਰ ਇਸ ਚੋਣ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਕੇ 24 ਨਵੰਬਰ 2010 ਨੂੰ ਹੀ ਮੁੱਖ ਮੰਤਰੀ ਸ:ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ 'ਤੇ ਸ਼੍ਰੋਮਣੀ ਯੂਥ ਅਕਾਲੀ ਦਲ ਬਾਦਲ ਦੇ ਮੌਜੂਦਾ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਨੇ ਸਾਰੇ ਡਾਇਰੈਕਟਰਜ਼ ਅਤੇ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿੱਪ ਨੂੰ ਚੰਡੀਗੜ੍ਹ ਬੁਲਾ ਕੇ ਹਰ ਇਕ ਦੀ ਨਿੱਜੀ ਰਾਇ ਜਾਣੀ ਅਤੇ ਚੁਣੇ ਗਏ ਡਾਇਰੈਕਟਰਾਂ ਪਾਸੋਂ ਅਕਾਲੀ ਦਲ ਬਾਦਲ ਲਈ ਸੇਵਾ ਨਿਭਾਉਣ ਦੇ ਸਮੇਂ ਬਾਰੇ ਜਾਣਕਾਰੀ ਹਾਸਲ ਕੀਤੀ। ਫਿਰ 29 ਜੁਲਾਈ 2011 ਨੂੰ ਪਾਰਟੀ ਹਾਈਕਮਾਨ ਦੇ ਨਿਰਦੇਸ਼ਾਂ 'ਤੇ ਦੂਜੀ ਵਾਰ ਚੋਣ ਰੱਖੀ ਗਈ ਪ੍ਰੰਤੂ ਸਤੰਬਰ ਮਹੀਨੇ ਸ਼੍ਰੋਮਣੀ ਕਮੇਟੀ ਚੋਣਾਂ ਦੇ ਮੱਦੇਨਜ਼ਰ ਚੋਣ ਫਿਰ ਮੁਲਤਵੀ ਕਰ ਦਿੱਤੀ ਗਈ ਅਤੇ ਮੁੜ ਵਿਧਾਨ ਸਭਾ ਚੋਣਾਂ ਤੱਕ ਮੁਲਤਵੀ ਹੀ ਕਰੀ ਰੱਖਿਆ। ਹੁਣ ਨਵਾਂ ਇਤਿਹਾਸ ਸਿਰਜ ਕੇ ਸੂਬੇ ਦੀ ਸੱਤਾ 'ਤੇ ਕਾਬਜ਼ ਹੋਏ ਅਕਾਲੀ-ਭਾਜਪਾ ਸਰਕਾਰ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਵਲੋਂ ਇਹ ਚੋਣ ਕਰਾਉਣ ਲਈ ਫਿਰ 27 ਮਾਰਚ ਦਾ ਦਿਨ ਤੈਅ ਕਰਵਾਇਆ। ਅੱਜ ਅਕਾਲੀ ਦਲ ਨਾਲ ਸਬੰਧਿਤ ਸਾਰੇ ਹੀ ਡਾਇਰੈਕਟਰ ਵਿਭਾਗ ਵੱਲੋਂ ਜਾਰੀ ਚੋਣ ਪ੍ਰੋਗਰਾਮ 'ਚ ਸ਼ਾਮਿਲ ਵੀ ਹੋ ਰਹੇ ਸਨ ਪਰ ਹਾਈਕਮਾਨ ਦੇ ਇਸ਼ਾਰੇ 'ਤੇ ਇਹ ਚੋਣ ਨਾ ਹੋ ਸਕੀ। ਇਸ ਵੱਕਾਰੀ ਅਹੁਦੇ ਲਈ ਸ਼ੁਰੂ ਤੋਂ ਹੀ ਪਹਿਲਾਂ ਚੇਅਰਮੈਨ ਰਹੇ ਅਜਮੇਰ ਸਿੰਘ ਭਾਗਪੁਰ ਭਰਾ ਸ਼ਰਨਜੀਤ ਸਿੰਘ ਢਿੱਲੋਂ ਕੈਬਨਿਟ ਮੰਤਰੀ ਪੰਜਾਬ ਅਤੇ ਜਗਜੀਤ ਸਿੰਘ ਭੋਲਾ ਦਾਖਾ ਫਰਜ਼ੰਦ ਮਨਪ੍ਰੀਤ ਸਿੰਘ ਇਯਾਲੀ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਆਹਮੋ-ਸਾਹਮਣੇ ਸਨ ਪਰ ਅੱਜ ਕੱਲ੍ਹ ਦੀਆਂ ਸੂਚਨਾਵਾਂ 'ਚ ਅਜਮੇਰ ਸਿੰਘ ਭਾਗਪੁਰ ਦੇ ਸਿਰ ਮੁੜ ਤਾਜ ਸਜਣ ਦੇ ਚਰਚੇ ਸਨ, ਜਦਕਿ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਵੀ ਆਪਣੇ ਡਾਇਰੈਕਟਰ ਲਈ ਕਿਸੇ ਅਹੁਦੇ ਦੀ ਤਾਕ 'ਚ ਸਨ। ਦੂਜੇ ਪਾਸੇ ਇਕਬਾਲ ਸਿੰਘ ਡਾਂਗੋਂ ਡਾਇਰੈਕਟਰ ਆਪਣੀ ਸੀਨੀਆਰਤਾ ਅਨੁਸਾਰ ਬਣਦਾ ਅਹੁਦਾ ਪ੍ਰਾਪਤ ਕਰਨ ਲਈ ਪਾਰਟੀ ਹਾਈਕਮਾਨ ਅੱਗੇ ਆਪਣੇ ਪੱਖ ਰਹੇ ਸਨ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੀ ਚੋਣ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਆਦੇਸ਼ਾਂ 'ਤੇ ਅਣਮਿੱਥੇ ਸਮੇਂ ਲਈ ਮੁਲਤਵੀ ਕੀਤਾ ਗਿਆ ਦੱਸਿਆ ਜਾਂਦਾ ਹੈ।
ਸੁੰਦਰ ਦਸਤਾਰ ਸਜਾਉਣ ਵਾਲੇ ਨੌਜਵਾਨ
ਸਨਮਾਨਿਤ ਹੋਣਗੇ-ਬਾਬਾ ਸਰੂਪ ਸਿੰਘ
ਗੁਰਦਾਸਪੁਰ, 27 ਮਾਰਚ -ਨੌਜਵਾਨਾਂ ਅੰਦਰ ਦਸਤਾਰਾਂ ਸਜਾਉਣ ਪ੍ਰਤੀ ਉਤਸ਼ਾਹ ਪੈਦਾ ਕਰਨ ਲਈ ਸੰਤ ਸਰੂਪ ਸਿੰਘ ਚੰਡੀਗੜ੍ਹ ਵਾਲਿਆਂ ਵੱਲੋਂ 'ਪ੍ਰਗਟਿਓ ਖਾਲਸਾ ਸਮਾਗਮ' ਦੌਰਾਨ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਜਾਣਗੇ ਜਿਨ੍ਹਾਂ ਦੌਰਾਨ ਅੱਵਲ ਰਹਿਣ ਵਾਲੇ ਨੌਜਵਾਨਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਈ ਜਸਵਿੰਦਰ ਸਿੰਘ ਪਾਹੜਾ ਨੇ ਅੱਜ ਇਥੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰਦੁਆਰਾ ਸੰਤਸਰ ਸਾਹਿਬ ਚੰਡੀਗੜ੍ਹ ਵਿਖੇ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਕਰਵਾਏ ਜਾ ਰਹੇ ਤਿੰਨ ਰੋਜਾ 'ਪ੍ਰਗਟਿਓ ਖਾਲਸਾ ਸਮਾਗਮ' ਦੌਰਾਨ 61 ਆਖੰਡ ਪਾਠ ਸਾਹਿਬਾਂ ਦੇ ਮਹਾਨ ਜਾਪ ਹੋਣਗੇ ਜਿਨ੍ਹਾਂ ਦੀ ਆਰੰਭਤਾ 6 ਅਪ੍ਰੈਲ ਨੂੰ ਹੋਵੇਗੀ ਅਤੇ 8 ਅਪ੍ਰੈਲ ਨੂੰ ਸੰਪੂਰਨਤਾ ਦੇ ਭੋਗ ਪਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਦੌਰਾਨ ਸ਼ਾਮ ਨੂੰ 4 ਵਜੇ ਤੋਂ 12 ਵਜੇ ਤੱਕ ਰਾਤ ਦੇ ਦੀਵਾਨ ਵੀ ਸਜਾਏ ਜਾਣਗੇ ਜਿਨ੍ਹਾਂ ਦੌਰਾਨ ਸਿੱਖ ਪੰਥ ਦੇ ਮਹਾਨ ਜਥੇਦਾਰ ਅਤੇ ਰਾਗੀ ਜੱਥੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ ਦੇ ਇਲਾਵਾ ਸਿੱਖ ਕੌਮ ਦੇ ਮਾਣਮੱਤੇ ਇਤਿਹਾਸ ਤੋਂ ਜਾਣੂ ਕਰਵਾਉਣਗੇ।
ਉਨ੍ਹਾਂ ਦੱਸਿਆ ਕਿ ਇਸ ਸਮਾਗਮ ਦੌਰਾਨ ਸ਼ਮੂਲੀਅਤ ਕਰਨ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਬੱਸਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ ਅਤੇ ਗੁਰਦੁਆਰਾ ਸੰਤਸਰ ਸਾਹਿਬ ਵਿਖੇ ਸੰਗਤਾਂ ਦੀ ਰਿਹਾਇਸ਼ ਲਈ ਵੀ ਸੁਚੱਜੇ ਪ੍ਰਬੰਧ ਕੀਤੇ ਗਏ ਹਨ।
ਈ. ਟੀ. ਟੀ. ਅਧਿਆਪਕ ਮੁਅੱਤਲ
ਜਲੰਧਰ, 27 ਮਾਰਚ -ਸਰਕਾਰੀ ਐਲੀਮੈਂਟਰੀ ਸਕੂਲ ਮਾੜੀ ਸਮਰਾ ਬਲਾਕ ਭਿੱਖੀਵਿੰਡ, ਤਰਨ ਤਾਰਨ ਦੇ ਈ. ਟੀ. ਟੀ. ਅਧਿਆਪਕ ਹਰਮਨਬੀਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਆਦੇਸ਼ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ-ਕਮ-ਸਪੈਸ਼ਲ ਸਕੱਤਰ ਪੰਜਾਬ ਸਰਕਾਰ ਸ. ਬਲਵਿੰਦਰ ਸਿੰਘ ਵਲੋਂ ਦਿੱਤੇ ਗਏ ਹਨ। ਜਿਸ 'ਤੇ ਕਾਰਵਾਈ ਕਰਦੇ ਹੋਏ ਜ਼ਿਲ੍ਹਾ ਪ੍ਰੀਸ਼ਦ ਤਰਨਤਾਰਨ ਦੇ ਉਪ ਮੁੱਖ ਕਾਰਜਕਾਰੀ ਅਧਿਕਾਰੀ ਵਲੋਂ ਇਨ੍ਹਾਂ ਹੁਕਮਾਂ 'ਤੇ ਅਮਲ ਕਰਨ ਲਈ ਇਕ ਪੱਤਰ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਭਿੱਖੀਵਿੰਡ ਨੂੰ ਲਿਖ ਦਿੱਤਾ ਗਿਆ ਹੈ। ਮੁਅੱਤਲੀ ਦੌਰਾਨ ਹਰਮਨਬੀਰ ਸਿੰਘ ਦਾ ਸਦਰ ਮੁਕਾਮ ਦਫਤਰ ਡਵੀਜ਼ਨਲ ਡਿਪਟੀ ਕਮਿਸ਼ਨਰ ਪੰਚਾਇਤ ਜਲੰਧਰ ਵਿਖੇ ਨਿਯਤ ਕੀਤਾ ਗਿਆ ਹੈ ਅਤੇ ਗੁਜ਼ਾਰਾ ਭੱਤਾ ਇਸ ਸ਼ਰਤ 'ਤੇ ਦਿੱਤਾ ਜਾਵੇਗਾ, ਕਿ ਉਹ ਇਹ ਸਰਟੀਫਿਕੇਟ ਪੇਸ਼ ਕਰੇਗਾ ਕਿ ਇਸ ਸਮੇਂ ਦੌਰਾਨ ਉਸ ਨੇ ਕੋਈ ਨੌਕਰੀ ਜਾਂ ਕੋਈ ਹੋਰ ਕੰਮ ਨਹੀਂ ਕੀਤਾ।
ਦਿੱਲੀ ਗੁ: ਕਮੇਟੀ ਵੱਲੋਂ ਭਾਈ ਰਾਜੋਆਣਾ ਦੀ
ਸਜ਼ਾ ਮੁਆਫ਼ੀ ਲਈ ਰਾਸ਼ਟਰਪਤੀ ਨੂੰ ਪਟੀਸ਼ਨ

ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫ਼ਾਂਸੀ ਦੀ ਸਜ਼ਾ ਨੂੰ ਖਤਮ ਕਰਨ ਦੀ ਮੰਗ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਪਰਮਜੀਤ ਸਿੰਘ ਸਰਨਾ, ਆਰ. ਐਸ. ਜੌੜਾ, ਸਕੱਤਰ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ: ਕਰਤਾਰ ਸਿੰਘ ਕੋਛੜ, ਸ: ਮੋਹਨਪਾਲ ਸਿੰਘ ਤੇ ਸ: ਮਨਜੀਤ ਸਿੰਘ ਸਰਨਾ ਰਾਸ਼ਟਰਪਤੀ ਨੂੰ ਮੰਗ-ਪੱਤਰ ਦੇਣ ਮਗਰੋਂ ਰਾਸ਼ਟਰਪਤੀ ਭਵਨ 'ਚੋਂ ਬਾਹਰ ਆਉਂਦੇ ਹੋਏ।
ਨਵੀਂ ਦਿੱਲੀ, 27 ਮਾਰਚ -ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ ਕਰਵਾਉਣ ਦੀ ਮੰਗ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ, ਪੰਜਾਬੀ ਸਿਵਲ ਸੁਸਾਇਟੀ ਦੇ ਪ੍ਰਧਾਨ ਰਘਬੀਰ ਸਿੰਘ ਜੌੜਾ, ਕਰਤਾਰ ਸਿੰਘ ਕੋਛੜ, ਮਨਜੀਤ ਸਿੰਘ ਸਰਨਾ ਤੇ ਮੋਹਨਪਾਲ ਸਿੰਘ 'ਤੇ ਆਧਾਰਿਤ ਇਕ ਵਫ਼ਦ ਨੇ ਰਾਸ਼ਟਰਪਤੀ ਸ੍ਰੀਮਤੀ ਪ੍ਰਤਿਭਾ ਪਾਟਿਲ ਦੇ ਨਾਂਅ ਇਕ ਪਟੀਸ਼ਨ ਰਾਸ਼ਟਰਪਤੀ ਦਫ਼ਤਰ ਵਿਚ ਸੌਂਪੀ । ਇਸ ਪਟੀਸ਼ਨ ਰਾਹੀਂ ਮੰਗ ਕੀਤੀ ਕਿ ਦੇਸ਼ ਅਤੇ ਪੰਜਾਬ ਦੇ ਵੱਡੇ ਹਿੱਤਾਂ ਨੂੰ ਮੁੱਖ ਰੱਖਦਿਆਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਸਜ਼ਾ ਮੁਆਫ ਕੀਤੀ ਜਾਵੇ। ਇਸ ਪਟੀਸ਼ਨ ਵਿਚ ਜ਼ੋਰ ਦੇ ਕੇ ਕਿਹਾ ਗਿਆ ਹੈ ਕਿ ਅੱਤਵਾਦ ਤੇ ਹਿੰਸਾ ਭਾਵੇਂ ਦੇਸ਼ ਦੇ ਕਿਸੇ ਵੀ ਹਿੱਸੇ ਵਿਚ ਹੋਵੇ, ਅਸੀਂ ਉਸ ਦਾ ਪੁਰਜ਼ੋਰ ਵਿਰੋਧ ਕਰਦੇ ਹਾਂ ਅਤੇ ਮਹਿਸੂਸ ਕਰਦੇ ਹਾਂ ਕਿ ਅਮਨ ਅਤੇ ਕਾਨੂੰਨ ਦੇ ਵਾਤਾਵਰਨ ਵਿਚ ਹੀ ਦੇਸ਼ ਤਰੱਕੀ ਦੀਆਂ ਪੁਲਾਘਾਂ ਪੁੱਟ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਈ ਰਾਜੋਆਣਾ ਜੋ 16 ਵਰ੍ਹਿਆਂ ਤੋਂ ਵੱਧ ਸਮਾਂ ਜੇਲ੍ਹ ਦੀ ਕਾਲ ਕੋਠੜੀ ਵਿਚ ਬਿਤਾ ਚੁੱਕਾ ਹੈ , ਨੂੰ ਫਾਂਸੀ ਦਿੱਤੇ ਜਾਣਾ ਮਨੁੱਖੀ ਕਦਰਾਂ ਕੀਮਤਾਂ ਦੇ ਵਿਰੁੱਧ ਹੋਵੇਗਾ। ਉਕਤ ਪਟੀਸ਼ਨ ਵਿਚ ਕਈ ਤੱਥਾਂ ਦੀ ਜਾਣਕਾਰੀ ਦਿੱਤੀ ਗਈ ਹੈ, ਜਿਸ ਦੇ ਆਧਾਰ 'ਤੇ ਭਾਈ ਰਾਜੋਆਣਾ ਨੂੰ ਫਾਂਸੀ ਦੇਣਾ ਕਿਸੇ ਵੀ ਤਰੀਕੇ ਜਾਇਜ਼ ਨਹੀਂ ਹੋਵੇਗਾ। ਸ: ਪਰਮਜੀਤ ਸਿੰਘ ਸਰਨਾ ਨੇ ਦੱਸਿਆ ਕਿ ਉਨ੍ਹਾਂ ਨੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਫੋਨ 'ਤੇ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਆਦੇਸ਼ ਜਾਰੀ ਕਰਨ ਕਿ ਉਹ ਪੰਜਾਬ ਵਿਧਾਨ ਸਭਾ ਵਿਚ ਭਾਈ ਰਾਜੋਆਣਾ ਨੂੰ ਫਾਂਸੀ ਦਿੱਤੇ ਜਾਣ ਦੇ ਵਿਰੁੱਧ ਮਤਾ ਪਾਸ ਕਰਨ।