Sunday 25 March 2012

ਅਮਰਿੰਦਰ ਤੋਂ ਕਪਤਾਨੀ ਖੋਹਣ ਲਈ ਮੈਦਾਨ ਭਖ਼ਿਆ

ਚੰਡੀਗੜ੍ਹ, 25 ਮਾਰਚ-ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਕਾਂਗਰਸ ਦੀ ਹਾਰ ਕਾਰਨ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਹਾਈ ਕਮਾਂਡ ਕੋਲ ਸ਼ਿਕਾਇਤਾਂ ਦੇ ਪੁਲੰਦੇ ਪੁੱਜ ਗਏ ਹਨ ਅਤੇ ਪਾਰਟੀ ਵਿਚ ਉਭਰੀ ਫੁੱਟ ਨੂੰ ਥੰਮ੍ਹਣ ਲਈ ਦਿੱਲੀ ਵਿਖੇ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਅਗਲੇ ਹਫਤੇ ਪੰਜਾਬ ਕਾਂਗਰਸ ਵਿਚ ਪਈ ਫੁੱਟ ਦੇ ਮੁੱਦੇ ਉਪਰ ਕਈ ਵੱਡੇ ਫੈਸਲੇ ਲੈਣ ਦੇ ਸੰਕੇਤ ਮਿਲੇ ਹਨ।
ਇਸ ਵਾਰ ਕੈਪਟਨ ਵਿਰੁੱਧ ਇਕ ਦੀ ਥਾਂ ਕਈ ਧਿਰਾਂ ਸਰਗਰਮ ਹਨ ਅਤੇ ਤਕਰੀਬਨ ਹਰ ਧਿਰ ਨੇ ਕੈਪਟਨ ਦੀ ਸ਼ਾਹੀਠਾਠ ਵਾਲੀ ਕਾਰਜਸ਼ੈਲੀ ਨੂੰ ਹੀ ਮੁੱਖ ਨਿਸ਼ਾਨਾ ਬਣਾਇਆ ਹੈ। ਇਸ ਤੋਂ ਇਲਾਵਾ ਜਿਵੇਂ ਪਿਛਲੀ ਕਾਂਗਰਸ ਸਰਕਾਰ ਸਮੇਂ ਸੀਨੀਅਰ ਕਾਂਗਰਸੀ ਆਗੂ ਰਜਿੰਦਰ ਕੌਰ ਭੱਠਲ ਦੀ ਧਿਰ ਅਤੇ ਕੈਪਟਨ ਦੇ ਖੇਮੇ ਵਿਚਕਾਰ ਹੋਈ ਖਿੱਚੋਤਾਣ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੇ ਇਰਦ-ਗਿਰਦ ਵਾਲੇ ਲੋਕਾਂ ਤੇ ਖਾਸ ਕਰਕੇ ਇਕ ਵਿਅਕਤੀ ਉਪਰ ਨਿਸ਼ਾਨਾ ਸਾਧਿਆ ਗਿਆ ਸੀ, ਇਸੇ ਤਰ੍ਹਾਂ ਹੁਣ ਵੀ ਵੱਖ-ਵੱਖ ਧਿਰਾਂ ਵੱਲੋਂ ਕੈਪਟਨ ਦੀ ਨੇੜਲੀ ਲੀਡਰਸ਼ਿਪ ਅਤੇ ਖਾਸ ਕਰਕੇ ਇਕ ਆਗੂ ਵਿਰੁੱਧ ਆਪਣੀ ਭੜਾਸ ਕੱਢੀ ਜਾ ਰਹੀ ਹੈ।
ਪਤਾ ਲੱਗਾ ਹੈ ਕਿ  ਪੰਜਾਬ ਦੇ ਪੰਜ ਦਰਜਨ ਦੇ ਕਰੀਬ ਕਾਂਗਰਸੀ ਆਗੂਆਂ ਨੇ ਪਾਰਟੀ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੂੰ ਕੈਪਟਨ ਵਿਰੁੱਧ ਲਿਖਿਆ ਹੈ ਅਤੇ ਇਸ ਸ਼ਿਕਾਇਤਨਾਮੇ ਉਪਰ ਦਿੱਲੀ ਵਿਖੇ ਪਾਰਟੀ ਦੀ ਇਕ ਵਿਸ਼ੇਸ਼ ਟੀਮ ਚਰਚਾ ਕਰ ਰਹੀ ਹੈ। ਇਹ ਪੱਤਰ ਲਿਖਣ ਵਾਲਿਆਂ ਵਿਚ ਤਿੰਨ ਵਿਧਾਇਕ, ਦੋ ਦਰਜਨ ਦੇ ਕਰੀਬ ਸਾਬਕਾ ਮੰਤਰੀ, ਦਰਜਨ ਦੇ ਕਰੀਬ ਹਾਰੇ ਉਮੀਦਵਾਰ ਅਤੇ ਪਾਰਟੀ ਦੇ ਵੱਖ-ਵੱਖ ਵਿੰਗਾਂ ਦੇ ਅਹੁਦੇਦਾਰ ਸ਼ਾਮਲ ਹਨ। ਸ੍ਰੀਮਤੀ ਸੋਨੀਆ ਨੂੰ ਕੈਪਟਨ ਵਿਰੁੱਧ ਪੱਤਰ ਲਿਖਣ ਵਾਲੀ ਲਾਬੀ ਵਿਚ ਭੁਲੱਥ ਤੋਂ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਤੇ ਅਮਲੋਹ ਦੇ ਵਿਧਾਇਕ ਕਾਕਾ ਰਣਦੀਪ ਸਿੰਘ ਨਾਭਾ ਕਾਫੀ ਸਰਗਰਮ ਮੰਨੇ ਜਾਂਦੇ ਹਨ। ਹੁਣ ਇਹ ਧਿਰ ਹਾਈ ਕਮਾਂਡ ਦੇ ਹੁੰਗਾਰੇ ਦੀ ਉਡੀਕ ਕਰ ਰਹੀ ਹੈ।
ਦੂਸਰੇ ਪਾਸੇ ਕੇਂਦਰੀ ਮੰਤਰੀ ਤੇ ਪੰਜਾਬ ਤੋਂ ਰਾਜ ਸਭਾ ਦੇ ਮੈਂਬਰ ਅਸ਼ਵਨੀ ਕੁਮਾਰ ਵੱਲੋਂ ਵੀ ਜਨਤਕ ਤੌਰ ’ਤੇ ਕੈਪਟਨ ਕੋਲੋਂ ਅਸਤੀਫਾ ਮੰਗਣ ਕਾਰਨ ਪੰਜਾਬ ਕਾਂਗਰਸ ਦੇ ਜਥੇਬੰਦਕ ਢਾਂਚੇ ਵਿਚ ਵੱਡੇ ਪੱਧਰ ’ਤੇ ਉਥਲ-ਪੁਥਲ ਹੋਣ ਦੇ ਆਸਾਰ ਬਣ ਗਏ ਹਨ। ਉਧਰ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਹੋਈ ਹਾਰ ਬਾਬਤ ਤਿਆਰ ਕੀਤੀ ਰਿਪੋਰਟ ਵੱਖਰੇ ਤੌਰ ’ਤੇ ਸ੍ਰੀਮਤੀ ਸੋਨੀਆ ਨੂੰ ਸੌਂਪ ਕੇ ਆਏ ਹਨ।

ਇਸ ਤੋਂ ਇਲਾਵਾ ਕੁਝ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਲਈ ਦਾਅਵੇਦਾਰ ਮੰਨੇ ਜਾਂਦੇ ਆਗੂ ਚੁੱਪ-ਚੁਪੀਤੇ ਆਪਣੇ ਦਿੱਲੀ ਵਿਖੇ ਬੈਠੇ ਧੁਨੰਤਰਾਂ ਰਾਹੀਂ ਕੈਪਟਨ ਦੇ ਵਿਰੁੱਧ ਭੁਗਤ ਰਹੇ ਹਨ। ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਡਾਕਟਰ ਮਾਲਤੀ ਥਾਪਰ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਵੀ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਹੋਈ ਹਾਰ ਦੇ ਦੋਸ਼ ਕੈਪਟਨ ਉਪਰ ਹੀ ਮੜੇ ਗਏ ਹਨ। ਉਂਜ ਪੰਜਾਬ ਯੂਥ ਕਾਂਗਰਸ ਦੀ ਹੋਈ ਮੀਟਿੰਗ ਦੌਰਾਨ ਯੂਥ ਆਗੂਆਂ ਨੇ ਹਾਰ ਦੀ ਦੂਸ਼ਣਬਾਜ਼ੀ ਕਿਸੇ ਇਕ ਨੇਤਾ ਉਪਰ ਥੋਪਣ ਤੋਂ ਗੁਰੇਜ਼ ਹੀ ਕੀਤਾ ਹੈ।  ਚੋਣ ਨਤੀਜਿਆਂ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਹਾਰ ਦੀ ਜ਼ਿੰਮੇਵਾਰੀ ਆਪਣੇ ਉਪਰ ਲੈਂਦਿਆ ਕਿਹਾ ਸੀ ਕਿ ਜੇ ਪਾਰਟੀ ਪ੍ਰਧਾਨ ਉਨ੍ਹਾਂ ਨੂੰ ਅਸਤੀਫਾ ਦੇਣ ਲਈ ਕਹਿਣਗੇ ਤਾਂ ਉਹ ਇਸ ਲਈ ਇਕ ਮਿੰਟ ਵੀ ਨਹੀਂ ਲਾਉਣਗੇ। ਉਂਜ ਚੋਣ ਨਤੀਜਿਆਂ ਤੋਂ 19 ਦਿਨ ਬਾਅਦ ਵੀ ਕੈਪਟਨ ਵੱਲੋਂ ਇਸ ਅਣਕਿਆਸੀ ਹਾਰ ਉਪਰ ਚਰਚਾ ਕਰਨ ਲਈ ਕਿਸੇ ਵੀ ਪਾਰਟੀ ਫੋਰਮ ’ਤੇ ਅੱਜ ਤੱਕ ਮੀਟਿੰਗ ਨਹੀਂ ਬੁਲਾਈ ਗਈ। ਜਦੋਂ ਪਿਛਲੇ ਸਮੇਂ ਦੋ ਕੇਂਦਰੀ ਅਬਜ਼ਰਵਰ ਸੁਸ਼ੀਲ ਸ਼ਿੰਦੇ ਅਤੇ ਮੋਹਸਿਨਾ ਕਿਦਵਈ ਚੰਡੀਗੜ੍ਹ ਜਿੱਤੇ ਵਿਧਾਇਕਾਂ ਦੀ ਮੀਟਿੰਗ ਕਰਕੇ ਵਿਧਾਇਕ ਦਲ ਦੇ ਨੇਤਾ ਦੀ ਚੋਣ ਕਰਨ ਆਏ ਸਨ ਤਾਂ ਉਸ ਮੀਟਿੰਗ ਵਿਚ ਵੀ ਕੁਝ ਵਿਧਾਇਕਾਂ ਨੇ ਪਾਰਟੀ ਦੀ ਹੋਈ ਹਾਰ ਉਪਰ ਖੁੱਲ੍ਹੀ ਚਰਚਾ ਕਰਨ ਦੀ ਮੰਗ ਕੀਤੀ ਸੀ ਪਰ ਅਬਜ਼ਰਵਰਾਂ ਨੇ ਵਿਧਾਇਕਾਂ ਨੂੰ ਇਹ ਕਹਿ ਕੇ ਚੁੱਪ ਕਰਵਾ ਦਿੱਤਾ ਸੀ ਕਿ ਅਜਿਹੀ ਬਹਿਸ ਵੱਖਰੇ ਪਲੇਟਫਾਰਮ ’ਤੇ ਕੀਤੀ ਜਾਵੇਗੀ।
ਹੁਣ ਪੰਜਾਬ ਦੇ ਕੁਝ ਜ਼ਿਲ੍ਹਾ ਪੱਧਰ ਦੇ ਆਗੂਆਂ ਵੱਲੋਂ ਵੀ ਕੈਪਟਨ ਵਿਰੁੱਧ ਬਿਆਨਬਾਜ਼ੀ ਕਰਨ ਕਾਰਨ ਪਾਰਟੀ ਲਈ ਇਹ ਮਾਮਲਾ ਬੜਾ ਗੰਭੀਰ ਬਣ ਰਿਹਾ ਹੈ। ਇਸ ਤੋਂ ਪਹਿਲਾਂ ਕਾਂਗਰਸ ਦਾ ਇਕ ਧੜਾ ਇਥੇ ਕਾਂਗਰਸ ਭਵਨ ਵਿਖੇ ਹੀ ਮੀਟਿੰਗ ਕਰਕੇ ਕੈਪਟਨ ਵਿਰੁੱਧ ਸੋਨੀਆ ਗਾਂਧੀ ਨੂੰ ਸ਼ਿਕਾਇਤ ਕਰ ਚੁੱਕਾ ਹੈ।

ਪ੍ਰਧਾਨ ਦੇ ਅਹੁਦੇ ਲਈ ਰਣਨੀਤੀ

ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਨੂੰ ਹਾਸਲ ਕਰਨ ਲਈ ਵੀ ਕਾਂਗਰਸ ਦੇ ਵੱਖ-ਵੱਖ ਖੇਮਿਆਂ ਵਿਚ ਰਣਨੀਤੀ ਘੜੀ ਜਾ ਰਹੀ ਹੈ। ਫਿਲਹਾਲ ਪ੍ਰਧਾਨ ਦੇ ਅਹੁਦੇ ਲਈ ਗੁਰਦਾਸਪੁਰ ਤੋਂ ਸੰਸਦ ਮੈਂਬਰ ਤੇ ਪੰਜਾਬ ਦੇ ਸਾਬਕਾ ਮੰਤਰੀ ਪ੍ਰਤਾਪ ਸਿੰਘ ਬਾਜਵਾ ਤੇ ਸੀਨੀਅਰ ਕਾਂਗਰਸੀ ਆਗੂ ਜਗਮੀਤ ਸਿੰਘ ਬਰਾੜ ਆਦਿ ਦੇ ਨਾਵਾਂ ਦੀ ਚਰਚਾ ਚੱਲ ਰਹੀ ਹੈ ਪਰ ਇਸ ਦੇ ਨਾਲ ਹੀ ਨੌਜਵਾਨ ਆਗੂਆਂ ਵਿਚ ਸੁਖਪਾਲ ਖਹਿਰਾ ਅਤੇ ਪਾਰਟੀ ਦੇ ਦਲਿਤ ਖੇਮੇ ਵਿਚੋਂ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਸੰਤੋਸ਼ ਚੌਧਰੀ ਦੇ ਨਾਮ ਦੀ ਚਰਚਾ ਵੀ ਚੱਲ ਰਹੀ ਹੈ।  ਪਾਰਟੀ ਸੂਤਰਾਂ ਅਨੁਸਾਰ ਮਾਲਵਾ ਖੇਤਰ ਵਿਚੋਂ ਕਾਂਗਰਸ ਵਿਧਾਇਕ ਦਲ ਦਾ ਆਗੂ ਸੁਨੀਲ ਜਾਖੜ ਨੂੰ ਚੁਣਨ ਕਾਰਨ ਹਾਈ ਕਮਾਂਡ ਇਸੇ ਖੇਤਰ ਨਾਲ ਹੀ ਸਬੰਧਤ ਜਗਮੀਤ ਬਰਾੜ ਦੀ ਥਾਂ ਪ੍ਰਧਾਨ ਦੇ ਅਹੁਦੇ ਲਈ ਦੁਆਬੇ ਜਾਂ ਮਾਝੇ ਤੋਂ ਕਿਸੇ ਆਗੂ ਦੀ ਚੋਣ ਕਰ ਸਕਦੀ ਹੈ। ਸ੍ਰੀ ਬਾਜਵਾ ਦਾ ਮਾਝੇ ਦੇ ਹੀ ਕੁਝ ਕਾਂਗਰਸੀ ਆਗੂਆਂ ਵੱਲੋਂ ਵਿਰੋਧ ਕਰਨ ਦੀ ਸੰਭਾਵਨਾ ਹੈ। ਅਜਿਹੀ ਚਰਚਾ ਵੀ ਹੈ ਕਿ ਇਸ ਵਾਰ ਹਾਈ ਕਮਾਂਡ ਪੰਜਾਬ ਕਾਂਗਰਸ ਦੀ ਵਾਗਡੋਰ ਕਿਸੇ ਨਵੇਂ ਚਿਹਰੇ ਦੇ ਹਵਾਲੇ ਕਰ ਸਕਦੀ ਹੈ।

ਕਾਂਗਰਸ ’ਚ ਫੁੱਟ

ਕੈਪਟਨ ਦੇ ਹੱਕ ’ਚ ਮੋਰਚਾ ਮੱਲਿਆ
ਅੱਜ ਇਥੇ ਪੰਜਾਬ ਕਾਂਗਰਸ ਭਵਨ ਵਿਖ ਕਾਂਗਰਸ ਦੇ ਵੱਖ-ਵੱਖ ਵਿੰਗਾਂ ਅਤੇ ਜ਼ਿਲ੍ਹਿਆਂ ਦੇ ਆਗੂਆਂ ਕ੍ਰਿਸ਼ਨਾ ਰੱਤੂ, ਰਜਨੀ ਮਹਿਤਾ, ਰਾਜਿੰਦਰ ਕੌਰ, ਮੁਕੇਸ਼ ਧਾਰੀਵਾਲ, ਬਲਵਿੰਦਰ ਕੌਰ, ਸੁਸ਼ੀਲ ਨਾਰੰਗ, ਨੀਲਮ ਰਾਣੀ, ਸਵੀਟੀ ਸ਼ਰਮਾ, ਰਾਜੇਸ਼ਵਰੀ, ਜਸਵੰਤ ਕੌਰ, ਸੁਖਵਿੰਦਰ ਕੌਰ, ਜਸਵਿੰਦਰ ਕੌਰ ਭੁੱਲਰ, ਸੁਰਜੀਤ ਕੌਰ ਆਦਿ ਨੇ ਪਾਰਟੀ ਦੀ ਹਾਰ ਲਈ ਕੈਪਟਨ ਅਮਰਿੰਦਰ ਸਿੰਘ ਦੀ ਨੁਕਤਾਚੀਨੀ ਕਰਨ ਵਾਲਿਆਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਹਾਰ ਲਈ ਸਮੁੱਚੀ ਲੀਡਰਸ਼ਿਪ ਜ਼ਿੰਮੇਵਾਰ ਹੈ ਅਤੇ ਸਾਰਿਆਂ ਨੂੰ ਬਾਦਲ ਸਰਕਾਰ ਦੀਆਂ ਵਧੀਕੀਆਂ ਲਈ ਇਕਜੁੱਟ ਹੋਣ ਦੀ ਲੋੜ ਹੈ।

ਸੜਕ ਹਾਦਸੇ ’ਚ ਇੰਜੀਨੀਅਰਿੰਗ ਦਾ ਵਿਦਿਆਰਥੀ ਹਲਾਕ

ਜ਼ੀਰਕਪੁਰ, 25 ਮਾਰਚ-ਚੰਡੀਗੜ੍ਹ-ਅੰਬਾਲਾ ਮੁੱਖ ਸੜਕ ’ਤੇ ਸਥਿਤ ਸੇਠੀ ਢਾਬੇ ਦੇ ਸਾਹਮਣੇ ਲੰਘੀ ਦੇਰ ਰਾਤ ਸੜਕ ਹਾਦਸੇ ਵਿੱਚ ਇੰਜੀਨੀਅਰਿੰਗ ਦੇ ਵਿਦਿਆਰਥੀ ਦੀ ਮੌਤ ਹੋ ਗਈ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਵਿਪਨ ਕੁਮਾਰ ਪੁੱਤਰ ਹਰੀਸਵਰ ਵਾਸੀ ਮਕਾਨ ਨੰਬਰ 555 ਫੇਜ਼ 2 ਰਾਮ ਦਰਬਾਰ ਨੇ ਦੱਸਿਆ ਕਿ ਉਸ ਦਾ ਭਰਾ ਦੁਰਗੇਸ਼ ਉਮਰ 22 ਸਾਲ ਜੋ ਡੇਰਾਬਸੀ ਵਿਖੇ ਇੰਜੀਨੀਅਰਿੰਗ ਕਾਲਜ ਵਿੱਚ ਬੀ.ਟੈਕ. ਦਾ ਵਿਦਿਆਰਥੀ ਸੀ, ਲੰਘੀ ਦੇਰ ਰਾਤ ਕਰੀਬ ਸਾਢੇ 11 ਵਜੇ ਆਪਣੇ ਮਿੱਤਰਾਂ ਚੰਦਨ ਅਤੇ ਗੌਰਵ ਨਾਲ ਮੁੱਖ ਸੜਕ ਤੇ ਸਥਿਤ ਸੇਠੀ ਢਾਬੇ ’ਤੇ ਰੋਟੀ ਖਾਣ ਲਈ ਆਇਆ ਸੀ ਜਦ ਉਹ ਰੋਟੀ ਖਾ ਕੇ ਬਾਹਰ ਸੜਕ ਵੱਲ ਨੇੜੇ ਆਇਆ ਤਾਂ ਇੱਕ ਤੇਜ਼ ਰਫ਼ਤਾਰ ਗੱਡੀ ਨੇ ਉਸ ਨੂੰ ਫੇਟ ਮਾਰ ਦਿੱਤੀ ਜਿਸ ਕਾਰਨ ਉਹ ਗੰਭੀਰ ਜਖ਼ਮੀ ਹੋ ਗਿਆ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਕਥਿਤ ਚਾਲਕ ਵਾਹਨ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਪੁਲੀਸ ਨੇ ਕਥਿਤ ਦੋਸ਼ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪਾਕਿ ਤੋਂ 58 ਸਾਲ ਬਾਅਦ ਪਰਤੀ ਧੰਨੋ ਨੇ ਆਖ਼ਰ ਲੱਭ ਲਏ ਆਪਣੇ ਮਾਂ ਜਾਏ

ਮੋਗਾ, 25 ਮਾਰਚ- ਸਰਹੱਦ ਦੀਆਂ ਪਾਬੰਦੀਆਂ ਵੀ ਧੰਨੋ ਨੂੰ ਉਸ ਦੇ ਨਾਲ ਦੇ ਜੰਮੇ-ਜਾਏ ਸਕੇ ਭਰਾਵਾਂ ਨਾਲ ਮਿਲਣ ਤੋਂ ਰੋਕ ਨਹੀਂ ਸਕੀਆਂ। ਆਖ਼ਰਕਾਰ 58 ਵਰ੍ਹਿਆਂ ਮਗਰੋਂ ਧੰਨੋਂ ਪਾਕਿਸਤਾਨ ਦੇ ਉਕਾੜਾ ਸ਼ਹਿਰ ਤੋਂ ਇੱਥੇ ਆਪਣੀ ਜਨਮ ਭੂਮੀ ਇਤਿਹਾਸਕ ਪਿੰਡ ਡਰੋਲੀ ਭਾਈ ਵਿਖੇ ਪਹੁੰਚ ਕੇ ਆਪਣੇ ਭਰਾਵਾਂ ਦੇ ਸੀਨੇ ਨਾਲ ਆ ਹੀ ਲੱਗੀ। ਪਿੰਡ ਡਰੋਲੀ ਭਾਈ ਦੇ ਛੱਪੜ ਕੰਢੇ ਲੱਗੇ ਬੋਹੜ ਦੇ ਕਿਨਾਰੇ ਵਸੇ ਆਪਣੇ ਪੁਰਾਤਨ ਘਰ ਵਿੱਚ ਆਪਣੇ ਭਰਾਵਾਂ ਬੰਨੂ ਅਤੇ ਬੱਲੂ ਨੂੰ ਅਚਨਚੇਤ ਆ ਮਿਲੀ। ਏਨੇ ਲੰਮੇ ਸਮੇਂ ਬਾਅਦ ਮਿਲਣ ‘ਤੇ ਦੋਵਾਂ ਭਰਾ ਅਤੇ ਭੈਣ ਦੇ ਹੰਝੂ ਵਹਿ ਤੁਰੇ।
87 ਸਾਲਾ ਧੰਨੋ ਜਦੋਂ ਆਪਣੇ ਪੁੱਤਰ ਮੁਕਬੂਲ ਮੁਹੰਮਦ ਨਾਲ ਆਪਣੇ ਜੱਦੀ ਪਿੰਡ ਡਰੋਲੀ ਭਾਈ ਪੁੱਜੀ ਤਾਂ ਪਿੰਡ ਦੀ ਨੁਹਾਰ ਪੂਰੀ ਤਰ੍ਹਾਂ ਬਦਲੀ ਹੋਈ ਸੀ ਪਰ ਉਸ ਨੇ ਆਪਣੇ ਬਚਪਨ ਦੀਆਂ ਯਾਦਾਂ ਨੂੰ ਉਸ ਸਮੇਂ ਦੇ ਲੋਕਾਂ ਨੂੰ ਯਾਦ ਕਰਕੇ ਤਾਜ਼ਾ ਕੀਤਾ। ਪਿੰਡ ਦੇ ਛੱਪੜ ਕੰਢੇ ਲੱਗੇ ਪਿੱਪਲ ਵਾਲੀ ਥਾਂ ਜਿਸ ‘ਤੇ ਕਦੇ ਉਹ ਖੇਡਿਆ ਕਰਦੀ ਸੀ, ਨੂੰ ਵੇਖ ਕੇ ਉਹ ਭਾਵੁਕ ਵੀ ਹੋਈ।
ਗੱਲਬਾਤ ਕਰਦਿਆਂ ਧੰਨੋ ਨੇ ਦੱਸਿਆ ਕਿ ਉਹ ਦੇਸ਼ ਦੀ ਵੰਡ ਸਮੇਂ ਕੋਈ 22 ਸਾਲਾਂ ਦੀ ਸੀ ਅਤੇ ਉਸ ਦਾ ਨਿਕਾਹ ਪੁਰਾਣੇ ਮੋਗੇ ਦੇ ਬਰਕਤ ਅਲੀ ਨਾਲ ਹੋਇਆ ਸੀ ਅਤੇ ਉਸ ਦੇ ਕੁੱਛੜ ਇੱਕ ਛੋਟਾ ਬਾਲ ਸੀ। ਉਸ ਦੇ ਤਿੰਨ ਦਿਉਰ ਰਹਿਮਤ ਅਲੀ, ਦੀਨ ਮੁਹੰਮਦ ਤੇ ਮੁਹੰਮਦ ਸਾਦਰ ਸਨ। ਖੂਨ ਖਰਾਬਾ ਹੋਣ ਸਮੇਂ ਉਹ ਕੁਝ ਸਮਾਂ ਪਹਿਲਾਂ ਆਪਣੇ ਪੇਕੇ ਆਪਣੇ ਪੁੱਤਰ ਨਿਆਮਤ ਉਰਫ਼ ਤੋਤੀ ਸਮੇਤ ਡਰੋਲੀ ਭਾਈ ਆ ਗਈ ਸੀ। ਉਸ ਨੇ ਦੱਸਿਆ ਕਿ ਮੇਰੇ ਪਤੀ ਅਤੇ ਦਿਉਰ ਸਭ ਉਜਾੜੇ ਸਮੇਂ ਪਾਕਿਸਤਾਨ ਚਲੇ ਗਏ ਸਨ ਅਤੇ ਉਹ ਲਾਹੌਰ ਤੋਂ 120 ਕਿਲੋਮੀਟਰ ਦੂਰ ਉਕਾੜਾ ਵਿਖੇ ਜਾ ਵਸੇ ਸਨ। ਕੁਝ ਸਮੇਂ ਬਾਅਦ ਮੇਰੇ ਪਤੀ ਦੀ ਮੌਤ ਹੋ ਗਈ ਅਤੇ ਮੇਰਾ ਦਿਉਰ ਮੁਹੰਮਦ ਸਾਦਰ ਸੱਤ ਸਾਲ ਬਾਅਦ (1954) ਵਿੱਚ ਮੈਨੂੰ ਆਪਣੇ ਨਾਲ ਪਾਕਿਸਤਾਨ ਲੈ ਗਿਆ। ਮੇਰੇ ਪਤੀ ਦੀ ਮੌਤ ਹੋ ਜਾਣ ਕਾਰਨ ਮੇਰਾ ਨਿਕਾਹ ਮੇਰੇ ਦਿਉਰ ਮੁਹੰਮਦ ਸਾਦਰ ਨਾਲ ਹੀ ਕਰ ਦਿੱਤਾ।
ਪਾਕਿਸਤਾਨ ਜਾਣ ਤੋਂ ਬਾਅਦ ਮੈਂ ਆਪਣੇ ਭਰਾਵਾਂ ਤੇ ਜਨਮ ਭੂਮੀ ਦਾ ਹੇਰਵਾ ਹਰ ਵਕਤ ਮੇਰੇ ਮਨ ‘ਤੇ ਭਾਰੂ ਰਹਿੰਦਾ, ਪਰ ਮੇਰੇ ਭਰਾਵਾਂ ਨੂੰ ਮਿਲਣ ਦਾ ਕੋਈ ਵੀ ਸਬੱਬ ਨਾ ਬਣਿਆ। ਇਸੇ ਹੇਰਵੇ ਕਾਰਨ ਮੇਰੀ ਨਿਗ੍ਹਾ ਵੀ ਜਾਂਦੀ ਰਹੀ।
ਇਧਰ ਪਹੁੰਚਣ ਦੇ ਸਬੱਬ ਬਾਰੇ ਪੁੱਛੇ ਜਾਣ  ‘ਤੇ ਧੰਨੋ ਨੇ ਦੱਸਿਆ ਕਿ ਮੈਨੂੰ ਪਤਾ ਲੱਗਾ ਕਿ ਇੱਕ ਸਮਝੌਤਾ ਐਕਸਪੈ੍ਰਸ ਬੱਸ ਭਾਰਤ-ਪਾਕਿ ਦਰਮਿਆਨ ਚੱਲਦੀ ਹੈ ਅਤੇ ਮੇਰੇ ਡਰੋਲੀ ਵਸਦੇ ਭਰਾ ਦੀ ਨੂੰਹ ਦਾ ਪਿਤਾ ਵੀ ਪਾਕਿਸਤਾਨ ਹੀ ਰਹਿੰਦਾ ਹੈ। ਆਉਂਦੇ ਜਾਂਦੇ ਲੋਕਾਂ ਤੋਂ ਪੁੱਛ ਪੁਛਾ ਕੇ ਮੈਨੂੰ ਮੇਰੇ ਭਰਾ ਦਾ ਟੈਲੀਫੋਨ ਨੰਬਰ ਅੱਜ ਤੋਂ ਕੋਈ ਤਿੰਨ ਸਾਲ ਪਹਿਲਾਂ ਮਿਲ ਗਿਆ ਤੇ ਮੈਂ ਅਕਸਰ ਆਪਣੇ ਭਰਾ ਨਾਲ ਫੋਨ ‘ਤੇ ਗੱਲ ਕਰ ਲੈਂਦੀ।   ਬੜੀ ਭੱਜ–ਨੱਠ ਤੋਂ ਬਾਅਦ ਦੋ ਹਫਤੇ ਪਹਿਲਾਂ ਮੈਨੂੰ ਇੱਕ ਮਹੀਨੇ ਦਾ ਭਾਰਤ ਆਉਣ ਲਈ ਵੀਜ਼ਾ ਮਿਲ ਗਿਆ, ਪਰ ਮੈਂ ਆਪਣੇ ਭਰਾ ਨੂੰ ਇਹ ਤਾਂ ਦੱਸ ਦਿੱਤਾ ਕਿ ਮੈਨੂੰ ਵੀਜ਼ਾ ਮਿਲ ਗਿਆ ਹੈ, ਪਰ ਆਉਣ ਦੀ ਤਰੀਕ ਬਾਰੇ ਅਜੇ ਕੁਝ ਪਤਾ ਨਹੀਂ ਸੀ।
ਧੰਨੋ ਨੇ ਦੱਸਿਆ ਕਿ ਮੇਰੀ ਭਰਾਵਾਂ ਨੂੰ ਮਿਲਣ ਦੀ ਤੜਪ ਨੇ ਮੈਨੂੰ ਵੀਜ਼ੇ ਤੋਂ ਬਾਅਦ ਇੱਕ ਪਲ ਵੀ ਰੁਕਣ ਨਹੀਂ ਦਿੱਤਾ ਤੇ ਮੈਂ ਆਪਣੇ ਭਰਾ ਨੂੰ ਦੱਸੇ ਬਗੈਰ ਆਪਣੇ ਪੁੱਤਰ ਮੁਕਬੂਲ ਮੁਹੰਮਦ ਨਾਲ ਪੁੱਛ ਪੁਛਾ ਕੇ ਆਪਣੇ ਭਰਾ ਦੇ ਘਰ ਡਰੋਲੀ ਭਾਈ ਪਹੁੰਚ ਗਈ ਅਤੇ ਮੈਂ ਆਉਂਦੀ ਨੇ ਹੀ ਆਪਣੇ ਭਰਾ ਨੂੰ ਪਛਾਣ ਲਿਆ। ਉਸ ਨੇ ਹੋਰ ਦੱਸਿਆ ਕਿ ਮੈਂ ਪੁਰਾਣਾ ਮੋਗਾ ਵਿਖੇ ਵਿਆਹੀ ਹੋਈ ਸੀ ਅਤੇ ਮੇਰਾ ਪਤੀ ਪੁਰਾਣਾ ਮੋਗਾ ਦੇ ਇੱਕ ਸ਼ੇਰ ਸਿੰਘ ਸ਼ਾਹੂਕਾਰ ਦੀ ਪ੍ਰਚੂਨ ਦੀ ਦੁਕਾਨ ‘ਤੇ ਕੰਮ ਕਰਦਾ ਸੀ। ਉਸ ਨੇ ਇੱਛਾ ਜ਼ਾਹਰ ਕੀਤੀ ਕਿ ਉਹ ਆਪਣਾ ਸਹੁਰਾ ਘਰ ਵੀ ਵੇਖੇ।
ਠੇਕੇਦਾਰ ਨੂੰ ਜ਼ਖ਼ਮੀ ਕਰ ਕੇ ਡੇਢ ਲੱਖ ਰੁਪਏ ਲੁੱਟੇ


ਬਲਾਚੌਰ. -25 ਮਾਰਚ ਅੱਜ ਸਵੇਰੇ ਸਥਾਨਕ ਮੰਢਿਆਣੀ ਸੰਪਰਕ ਸੜਕ 'ਤੇ ਇੱਕ ਲੱਕੜ ਦਾ ਕਾਰੋਬਾਰ ਕਰਨ ਵਾਲੇ ਮਸ਼ਹੂਰ ਠੇਕੇਦਾਰ ਹਰਬੰਸ ਸਿੰਘ ਨੂੰ ਕੁੱਝ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਜ਼ਖਮੀ ਕਰ ਕੇ ਉਸ ਪਾਸੋਂ ਡੇਢ ਲੱਖ ਰੁਪਏ ਖੋਹ ਲਏ। ਸਥਾਨਕ ਭੱਦੀ ਰੋਡ ਸਥਿਤ ਹਸਪਤਾਲ ਵਿਚ ਜ਼ੇਰੇ ਇਲਾਜ ਪਿੰਡ ਜਗਤ ਪੁਰ ਨਿਵਾਸੀ ਠੇਕੇਦਾਰ ਹਰਬੰਸ ਸਿੰਘ ਪੁੱਤਰ ਨੰਬਰਦਾਰ (ਠੇਕੇਦਾਰ) ਹੁਕਮ ਸਿੰਘ ਨੇ ਦੱਸਿਆ ਕਿ ਉਹ ਰੋਜ਼ ਵਾਂਗ ਸਵੇਰੇ ਛੇ ਕੁ ਵਜੇ ਪਿੰਡ ਤੋਂ ਬਲਾਚੌਰ ਦੀ ਲੱਕੜ ਮਾਰਕੀਟ ਨੂੰ ਲੱਕੜ ਦੀ ਖ਼ਰੀਦੋ ਫ਼ਰੋਖ਼ਤ ਕਰਨ ਲਈ ਮੋਟਰ ਸਾਈਕਲ ਪੀ. ਬੀ. 20 ਏ 3679 ਤੇ ਆ ਰਿਹਾ ਸੀ ਕਿ ਮੰਢਿਆਣੀ ਵਾਲੀ ਸੰਪਰਕ ਸੜਕ 'ਤੇ ਪੁੱਜਿਆ ਤਾਂ ਪਿੱਛੋਂ ਇੱਕ ਤੇਜ ਰਫਤਾਰ ਮੋਟਰ ਸਾਈਕਲ ਆਇਆ ਜਿਸ 'ਤੇ ਤਿੰਨ ਵਿਅਕਤੀ ਸਵਾਰ ਸਨ। ਉਨ੍ਹਾਂ ਨੇ ਉਸ ਨੂੰ ਅਚਾਨਕ ਧੱਕਾ ਦੇ ਦਿੱਤਾ, ਜਿਸ ਕਾਰਨ ਉਹ ਸਮੇਤ ਮੋਟਰ ਸਾਈਕਲ ਹੇਠਾਂ ਡਿਗ ਗਿਆ ਅਤੇ ਜਦੋਂ ਉੱਠਣ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰਿਆ ਨੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਹ ਉਸ ਕੋਲ ਜੋ ਡੇਢ ਕੁ ਲੱਖ ਰੁਪਏ ਲੱਕੜ ਦੀ ਖ਼ਰੀਦ ਲਈ ਸਨ, ਲੈ ਕੇ ਫ਼ਰਾਰ ਹੋ ਗਏ। ਸੂਚਨਾ ਮਿਲਣ 'ਤੇ ਪੁਲਿਸ ਕਰੀਬ ਚਾਰ ਘੰਟੇ ਬਾਅਦ ਪੁੱਜੀ। ਲੁਟੇਰਿਆ ਨੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਹ ਉਸ ਕੋਲ ਜੋ ਡੇਢ ਕੁ ਲੱਖ ਰੁਪਏ ਲੱਕੜ ਦੀ ਖ਼ਰੀਦ ਲਈ ਸਨ, ਲੈ ਕੇ ਫ਼ਰਾਰ ਹੋ ਗਏ। ਸੂਚਨਾ ਮਿਲਣ 'ਤੇ ਪੁਲਿਸ ਕਰੀਬ ਚਾਰ ਘੰਟੇ ਬਾਅਦ ਪੁੱਜੀ।

ਗਰੀਬੀ ਅਤੇ ਬਿਮਾਰੀ ਤੋਂ ਪੀੜਤ ਔਰਤ
ਵੱਲੋਂ 9 ਸਾਲਾਂ ਦੇ ਬੱਚੇ ਸਮੇਤ ਖੁਦਕਸ਼ੀ

 ਮ੍ਰਿਤਕ ਮਾਂ-ਪੁੱਤਰ ਦੇ ਪਰਿਵਾਰਕ ਮੈਬਰ ਵਰਲਾਪ ਕਰਦੇ ਹੋਏ।
ਮਾਹਿਲਪੁਰ- 25 ਮਾਰਚ  ਅੱਜ ਮਾਹਿਲਪੁਰ ਤੋ ਤਿੰਨ ਕਿਲੋਮੀਟਰ ਦੂਰ ਪਿੰਡ ਮੇਘੋਵਾਲ ਦੁਆਬਾ ਵਿਖੇ ਗਰੀਬੀ ਅਤੇ ਬਿਮਾਰੀ ਤੋ ਤੰਗ ਆਕੇ ਇੱਕ ਗਰੀਬ ਪਰਿਵਾਰ ਨਾਲ ਸਬੁੰਧਤ ਔਰਤ ਨੋ ਕੋਈ ਜ਼ਹਿਰੀਲੀ ਦਵਾਈ ਖਾ ਕੇ ਆਪਣੇ 9 ਸਾਲਾਂ ਦੇ ਬੱਚੇ ਸਮੇਤ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪਤਾ ਲੱਗਾ ਹੈ ਕਿ ਉਕਤ ਔਰਤ ਦਾ ਪਤੀ ਪਿਛਲੇ ਕਈ ਸਾਲਾਂ ਤੋ ਵਿਦੇਸ਼ ਰਹਿ ਰਿਹਾ ਸੀ ਤੇ ਹੁਣ ਉਹ ਪਿੰਡ ਪਹੁੰਚ ਕੇ ਆਪਣੇ ਮਕਾਨ ਦੀ ਉਸਾਰੀ ਕਰ ਰਿਹਾ ਸੀ। ਉਸ ਨੇ ਮਕਾਨ ਦੀ ਉਸਾਰੀ ਕਾਰਨ ਆਪਣੇ ਘਰ ਦਾ ਸਾਮਾਨ ਆਪਣੇ ਪੁਰਾਣੇ ਘਰ ਰੱਖਿਆ ਹੋਇਆ ਸੀ। ਅੱਜ ਉਸ ਦੀ ਪਤਨੀ ਸਵੇਰੇ ਇੱਕ ਧਾਰਮਿਕ ਸਥਾਨ 'ਤੇ ਮੱਥਾ ਟੇਕ ਕੇ ਜਿਵੇਂ ਹੀ ਘਰ ਪੁੱਜੀ ਤਾਂ ਉਸ ਨੇ ਆਪਣੇ ਪੋਲੀਓ ਦੀ ਬਿਮਾਰੀ ਤੋਂ ਪੀੜਤ 9 ਸਾਲਾਂ ਦੇ ਬੱਚੇ ਸਮੇਤ ਜ਼ਹਿਰੀਲੀ ਦਵਾਈ ਖਾ ਲਈ ਅਤੇ ਹਸਪਤਾਲ ਲਿਜਾਂਦੇ ਵਕਤ ਦੋਵਾਂ ਦੀ ਰਸਤੇ ਵਿਚ ਹੀ ਮੌਤ ਹੋ ਗਈ। ਇਥੋਂ ਲਾਗਲੇ ਪਿੰਡ ਮੇਘੋਵਾਲ ਦੁਆਬਾ ਵਿਖੇ ਮ੍ਰਿਤਕ ਦਲਜੀਤ ਕੌਰ ਪਤਨੀ ਰਵਿੰਦਰ ਸਿੰਘ ਦੀ ਭੈਣ ਪ੍ਰਦੀਪ ਕੌਰ, ਭਰਾ ਕੇਵਲ ਸਿੰਘ ਸਮੇਤ ਘਰ ਵਿੱਚ ਇੱਕਤਰ ਰਿਸ਼ਤੇਦਾਰਾਂ ਨੇ ਦੱਸਿਆ ਕਿ ਦਲਜੀਤ ਕੌਰ 33 ਆਪਣੇ ਪੋਲੀਓ ਦੀ ਬਿਮਾਰੀ ਤੋਂ ਪੀੜਤ ਲੜਕੇ ਗੁਰਦੀਪ ਸਿੰਘ ਦੀ ਬਿਮਾਰੀ ਕਾਰਨ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦੀ ਸੀ ਕਿਉਂਕਿ ਲੱਖਾਂ ਰੁਪਏ ਖਰਚ ਕਰਨ ਦੇ ਬਾਵਜੂਦ ਲੜਕਾ ਠੀਕ ਨਹੀਂ ਸੀ ਹੋ ਰਿਹਾ। ਾਰਨ ਉਸ ਦਾ ਪਤੀ ਵੀ ਵਿਦੇਸ਼ ਤੋਂ ਵਾਪਿਸ ਪਿੰਡ ਆ ਗਿਆ ਸੀ। ਉਨ੍ਹਾਂ ਦੱਸਿਆ ਕਿ ਅੱਜ ਦਲਜੀਤ ਕੌਰ ਸਵੇਰੇ ਪਿੰਡ ਦੇ ਇੱਕ ਧਾਰਮਿਕ ਸਥਾਨ 'ਤੇ ਮੱਥਾ ਟੇਕ ਕੇ ਘਰ ਪਹੁੰਚੀ ਤਾਂ ਉਸ ਨੇ ਕਮਰੇ ਅੰਦਰ ਵੜ ਕੇ ਆਪਣੇ ਲੜਕੇ ਸਮੇਤ ਕੋਈ ਜ਼ਹਿਰੀਲੀ ਦਵਾਈ ਖਾ ਲਈ। ਪੁਲਿਸ ਨੇ ਦੋਵਾਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਹਨ। ਵਕਤ ਦੋਵਾਂ ਦੀ ਰਸਤੇ ਵਿਚ ਹੀ ਮੌਤ ਹੋ ਗਈ। ਇਥੋਂ ਲਾਗਲੇ ਪਿੰਡ ਮੇਘੋਵਾਲ ਦੁਆਬਾ ਵਿਖੇ ਮ੍ਰਿਤਕ ਦਲਜੀਤ ਕੌਰ ਪਤਨੀ ਰਵਿੰਦਰ ਸਿੰਘ ਦੀ ਭੈਣ ਪ੍ਰਦੀਪ ਕੌਰ, ਭਰਾ ਕੇਵਲ ਸਿੰਘ ਸਮੇਤ ਘਰ ਵਿੱਚ ਇੱਕਤਰ ਰਿਸ਼ਤੇਦਾਰਾਂ ਨੇ ਦੱਸਿਆ ਕਿ ਦਲਜੀਤ ਕੌਰ 33 ਆਪਣੇ ਪੋਲੀਓ ਦੀ ਬਿਮਾਰੀ ਤੋਂ ਪੀੜਤ ਲੜਕੇ ਗੁਰਦੀਪ ਸਿੰਘ ਦੀ ਬਿਮਾਰੀ ਕਾਰਨ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦੀ ਸੀ ਕਿਉਂਕਿ ਲੱਖਾਂ ਰੁਪਏ ਖਰਚ ਕਰਨ ਦੇ ਬਾਵਜੂਦ ਲੜਕਾ ਠੀਕ ਨਹੀਂ ਸੀ ਹੋ ਰਿਹਾ। ਾਰਨ ਉਸ ਦਾ ਪਤੀ ਵੀ ਵਿਦੇਸ਼ ਤੋਂ ਵਾਪਿਸ ਪਿੰਡ ਆ ਗਿਆ ਸੀ। ਉਨ੍ਹਾਂ ਦੱਸਿਆ ਕਿ ਅੱਜ ਦਲਜੀਤ ਕੌਰ ਸਵੇਰੇ ਪਿੰਡ ਦੇ ਇੱਕ ਧਾਰਮਿਕ ਸਥਾਨ 'ਤੇ ਮੱਥਾ ਟੇਕ ਕੇ ਘਰ ਪਹੁੰਚੀ ਤਾਂ ਉਸ ਨੇ ਕਮਰੇ ਅੰਦਰ ਵੜ ਕੇ ਆਪਣੇ ਲੜਕੇ ਸਮੇਤ ਕੋਈ ਜ਼ਹਿਰੀਲੀ ਦਵਾਈ ਖਾ ਲਈ। ਪੁਲਿਸ ਨੇ ਦੋਵਾਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਹਨ।

ਖੇਡਾਂ ਦਾ ਸਾਮਾਨ ਬਣਾਉਣ ਵਾਲੀ ਫੈਕਟਰੀ 'ਚ ਭਿਆਨਕ ਅੱਗ

 ਲੈਦਰ ਕੰਪਲੈਕਸ ਵਿਖੇ ਸਥਿੱਤ ਇਕ ਖੇਡਾਂ ਦਾ ਸਾਮਾਨ ਬਣਾਉਣ ਵਾਲੀ ਫੈਕਟਰੀ
ਵਿਚ ਲੱਗੀ ਅੱਗ ਨੂੰ ਬੁਝਾਉਂਦਾ ਫਾਇਰ ਬ੍ਰੀਗੇਡ ਦਾ ਅਮਲਾ।
ਜਲੰਧਰ- 25 ਮਾਰਚ  ਸਥਾਨਕ ਕਪੂਰਥਲਾ ਰੋਡ ਵਿਖੇ ਸਥਿੱਤ ਲੈਦਰ ਕੰਪਲੈਕਸ ਵਿਖੇ ਇਕ ਖੇਡਾਂ ਦਾ ਸਾਮਾਨ ਬਣਾਉਣ ਵਾਲੀ ਫੈਕਟਰੀ ਵਿਚ ਲੱਗੀ ਭਿਆਨਕ ਅੱਗ ਕਾਰਨ ਕਰੋੜਾਂ ਰੁਪਏ ਦਾ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਨੂੰ ਬੁਝਾਉਣ ਲਈ ਫਾਇਰ ਬ੍ਰੀਗੇਡ ਦੀਆਂ 3 ਦਰਜਨ ਦੇ ਕਰੀਬ ਗੱਡੀਆਂ ਨੂੰ ਲਗਭਗ 5 ਘੰਟੇ ਜੱਦੋ ਜਹਿਦ ਕਰਨੀ ਪਈ।
ਜਾਣਕਾਰੀ ਅਨੁਸਾਰ ਫਰੀਵਿੱਲ ਸਪੋਰਟਸ ਪ੍ਰਾਈਵੇਟ ਲਿਮਟਿਡ, ਜਿੱਥੇ ਨੀਵੀਆ ਦੇ ਬੈਨਰ ਹੇਠ ਖੇਡਾਂ ਦਾ ਸਾਮਾਨ ਬਣਦਾ ਹੈ, ਵਿਖੇ ਲੱਗੀ ਅੱਗ ਰਾਹ ਜਾਂਦੇ ਇਕ ਵਿਅਕਤੀ ਨੇ ਸਵੇਰੇ 6.30 ਵਜੇ ਦੇ ਕਰੀਬ ਦੇਖੀ। ਉਸ ਨੇ ਇਸ ਸਬੰਧੀ ਫੈਕਟਰੀ ਵਿਖੇ ਤਾਇਨਾਤ ਸੁਰੱਖਿਆ ਅਮਲੇ ਨੂੰ ਸੂਚਿਤ ਕੀਤਾ। ਪੰਜਪੀਰ ਕਲੋਨੀ ਵਾਸੀ ਸੁਭਾਸ਼ ਨੇ ਦੱਸਿਆ ਕਿ ਉਹ ਆਪਣੀ ਕਰਿਆਨਾ ਦੁਕਾਨ ਖੋਲ੍ਹਣ ਜਾ ਰਿਹਾ ਸੀ ਕਿ ਫੈਕਟਰੀ ਅੰਦਰੋਂ ਧੂੰਆਂ ਨਿਕਲਦਾ ਦੇਖ ਕੇ ਫੈਕਟਰੀ ਦਾ ਗੇਟ ਖੜਕਾਇਆ ਪਰ ਕਾਫੀ ਦੇਰ ਤੋਂ ਬਾਅਦ ਹੀ ਸੁਰੱਖਿਆ ਕਰਮਚਾਰੀਆਂ ਨੇ ਦਰਵਾਜ਼ਾ ਖੋਲ੍ਹਿਆ ਉਦੋਂ ਤੱਕ ਅੱਗ ਕਾਫੀ ਫੈਲ ਚੁੱਕੀ ਸੀ। ਫੈਕਟਰੀ ਮਾਲਕ ਰਾਜੇਸ਼ ਖਰਬੰਦਾ ਵਾਸੀ ਕੂਲ ਰੋਡ ਜਲੰਧਰ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਉਹ ਮੌਕੇ 'ਤੇ ਪੁੱਜੇ ਅਤੇ ਫਾਇਰ ਬ੍ਰੀਗੇਡ ਦੇ ਨਾਲ ਨਾਲ ਡਿਊਟੀ ਕਰਨ ਲਈ ਪੁੱਜਣ ਵਾਲੇ ਮੁਲਾਜ਼ਮਾਂ ਨੇ ਵੀ ਸਾਥ ਦਿੱਤਾ ਤਾਂ ਕਿਤੇ ਜਾ ਕੇ ਲਗਭਗ 5 ਘੰਟੇ ਦੀ ਜੱਦੋ ਜਹਿਦ ਉਪਰੰਤ ਅੱਗ 'ਤੇ ਕਾਬੂ ਪਾਇਆ ਜਾ ਸਕਿਆ। ਸਮਝਿਆ ਜਾ ਰਿਹਾ ਹੈ ਕਿ ਅੱਗ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ ਹੈ।

ਹਰਿਆਣਵੀਂ ਵਿਧਾਇਕ 4 ਅਪ੍ਰੈਲ ਨੂੰ ਜਾਣਗੇ ਪਾਕਿਸਤਾਨ ਦੌਰੇ 'ਤੇ
ਚੰਡੀਗੜ੍ਹ.- 25 ਮਾਰਚ ਹਰਿਆਣਾ ਦੇ 9 ਵਿਧਾਇਕਾਂ ਦਾ ਇਕ ਪ੍ਰਤੀਨਿਧ ਮੰਡਲ 4 ਅਪ੍ਰੈਲ ਨੂੰ ਪਾਕਿਸਤਾਨ ਦੇ ਦੌਰੇ 'ਤੇ ਜਾ ਰਿਹਾ ਹੈ। ਇਸ ਦੀ ਅਗਵਾਈ ਸਪੀਕਰ ਕੁਲਦੀਪ ਸ਼ਰਮਾ ਕਰਨਗੇ। ਇਹ ਪਾਕਿਸਤਾਨੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਦੇ ਸੱਦੇ 'ਤੇ ਲਹਿੰਦੇ ਪੰਜਾਬ ਜਾ ਰਿਹਾ ਹੈ, ਜਿਥੇ ਉਹ ਲਾਹੌਰ ਅਤੇ ਇਸਲਾਮਾਬਾਦ ਦਾ ਦੌਰਾ ਕਰੇਗਾ ਤੇ ਉਥੋਂ ਦੀ ਪਾਰਲੀਮੈਂਟਰੀ ਪ੍ਰਣਾਲੀ ਦਾ ਜਾਇਜ਼ਾ ਲਏਗਾ। ਇਸ ਪ੍ਰਤੀਨਿਧ ਮੰਡਲ ਵਿਚ ਕਾਂਗਰਸ, ਭਾਜਪਾ, ਇਨੈਲੋ ਅਤੇ ਬਸਪਾ ਨਾਲ ਸਬੰਧਿਤ ਵਿਧਾਇਕ ਸ਼ਾਮਿਲ ਹਨ, ਜਿਨ੍ਹਾਂ 'ਚ ਸੰਸਦੀ ਮਾਮਲੇ ਮੰਤਰੀ ਰਣਦੀਪ ਸਿੰਘ ਸੂਰਜੇਵਾਲਾ, ਡਿਪਟੀ ਸਪੀਕਰ ਅਕਰਮ ਖਾਨ, ਇਨੈਲੋ ਦੇ ਅਸ਼ੋਕ ਅਰੋੜਾ, ਭਾਜਪਾ ਦੇ ਕਿਸ਼ਨਪਾਲ ਗੁੱਜਰ, ਕਾਂਗਰਸ ਦੇ ਬੀ. ਬੀ. ਬੱਤਰਾ, ਵਿਨੋਦ ਸ਼ਰਮਾ, ਰਾਜਿੰਦਰ ਸਿੰਘ ਤੇ ਆਫਤਾਬ ਅਹਿਮਦ ਸ਼ਾਮਿਲ ਹਨ। ਇਹ ਪ੍ਰਤੀਨਿਧ ਮੰਡਲ 4 ਦਿਨ ਪਾਕਿਸਤਾਨ ਰਹੇਗਾ ਤੇ 7 ਅਪ੍ਰੈਲ ਨੂੰ ਵਾਹਗਾ ਸਰਹੱਦ ਰਾਹੀਂ ਵਾਪਿਸ ਆਏਗਾ। ਪ੍ਰਤੀਨਿਧ ਮੰਡਲ ਵਿਚ ਰਾਜ ਵਿਧਾਨ ਸਭਾ ਦੇ 2 ਅਧਿਕਾਰੀ, ਵਧੀਕ ਸਕੱਤਰ ਕੁਲਦੀਪ ਸਿੰਘ, ਦੋ ਪੱਤਰਕਾਰ ਯੋਗਿੰਦਰ ਗੁਪਤਾ ਅਤੇ ਰਾਕੇਸ਼ ਸਾਂਘੀ ਵੀ ਸ਼ਾਮਿਲ ਹੋਣਗੇ।

ਖੰਨੇ ਵਾਲਿਆਂ ਦੀ ਯਾਦ 'ਚ ਸਮਾਗਮ ਦੌਰਾਨ ਸੰਗਤਾਂ ਨੇ ਅੰਮ੍ਰਿਤ ਛਕਿਆ

ਗੁਰਦੁਆਰਾ ਗੁਰਬਸ਼ਦ ਪ੍ਰਕਾਸ਼ ਅਕਾਲ ਆਸ਼ਰਮ ਸੋਹਾਣਾ ਵਿਖੇ ਸਮਾਗਮ ਦੌਰਾਨ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲੇ ਵਿਚਾਰਾਂ ਕਰਦੇ ਹੋਏ।
ਅਜੀਤਗੜ੍ਹ, 25 ਮਾਰਚ-ਧੰਨ-ਧੰਨ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲੇ ਅਤੇ ਪੰਥ ਰਤਨ ਭਾਈ ਸਾਹਿਬ ਭਾਈ ਜਸਬੀਰ ਸਿੰਘ ਖਾਲਸਾ ਖੰਨੇ ਵਾਲਿਆਂ ਦੀ ਮਿੱਠੀ ਪਿਆਰੀ ਯਾਦ ਅੰਦਰ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਅਕਾਲ ਆਸ਼ਰਮ ਸੋਹਾਣਾ ਨਜ਼ਦੀਕ ਅਜੀਤਗੜ੍ਹ ਵਿਖੇ ਤੀਜੇ ਦਿਨ ਜਿਥੇ ਵੱਡੀ ਗਿਣਤੀ ਵਿਚ ਸੰਗਤਾਂ ਪੁੱਜੀਆਂ, ਉਥੇ ਵੱਖ-ਵੱਖ ਕੀਰਤਨੀ ਜਥਿਆਂ ਅਤੇ ਢਾਡੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਅਤੇ ਗੁਰਇਤਿਹਾਸ ਦੁਆਰਾ ਨਿਹਾਲ ਕੀਤਾ। ਅੱਜ ਸਮਾਗਮ ਦੌਰਾਨ ਭਾਈ ਸਰਬਜੀਤ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ ਅੰੱਿਮਤਸਰ ਵਾਲਿਆਂ ਨੇ ਆਸਾ ਦੀ ਵਾਰ ਦਾ ਕੀਰਤਨ ਕੀਤਾ। ਇਸ ਉਪਰੰਤ ਸਮਾਗਮ ਦੌਰਾਨ ਮਹਾਨ ਅੰਮ੍ਰਿਤ ਸੰਚਾਰ ਸਵੇਰੇ 10 ਵਜੇ ਹੋਇਆ, ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਅੰਮ੍ਰਿਤ ਪਾਨ ਕੀਤਾ। ਅੱਜ ਦੇ ਇਸ ਸਮਾਗਮ ਵਿਚ ਭਾਈ ਦਵਿੰਦਰ ਸਿੰਘ ਖਾਲਸਾ ਖੰਨੇ ਵਾਲਿਆਂ ਨੇ ਕਿਹਾ ਕਿ ਪੰਥ ਰਤਨ ਭਾਈ ਸਾਹਿਬ ਭਾਈ ਜਸਬੀਰ ਸਿੰਘ ਖਾਲਸਾ ਖੰਨੇ ਵਾਲਿਆਂ ਦਾ ਕਹਿਣਾ ਸੀ ਕਿ ਜਦੋਂ ਇੱਕ ਸਾਬਤ ਸੂਰਤ, ਅੰਮ੍ਰਿਤਧਾਰੀ ਵਿਅਕਤੀ ਚੰਗਾ ਪੜ੍ਹ-ਲਿਖ ਕੇ ਕਿਸੇ ਆਹੁਦੇ ਤੇ ਬਿਰਾਜਮਾਨ ਹੋਵੇਗਾ ਤਾਂ ਗੁਰਸਿੱਖੀ ਦਾ ਪ੍ਰਚਾਰ ਸਹਿਜੇ ਹੀ ਹੋਵੇਗਾ। ਇਸ ਤੋਂ ਬਾਅਦ ਗੁਰਸ਼ਬਦ ਵਿਚਾਰ ਸੰਮੇਲਨ ਵਿਚ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ, ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਪਰਵਾਨਾ, ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲੇ, ਸੰਤ ਲਖਬੀਰ ਸਿੰਘ ਰਤਵਾੜਾ ਸਾਹਿਬ ਬਲੋਂਗੀ ਵਾਲੇ, ਸੰਤ ਹਰੀ ਸਿੰਘ ਰੰਧਾਵੇ ਵਾਲੇ, ਮਹੰਤ ਕਾਹਨ ਸਿੰਘ ਸੇਵਾਪੰਥੀ ਗੋਨਿਆਣਾ ਮੰਡੀ, ਸੰਤ ਅਮੀਰ ਸਿੰਘ ਜਵੱਦੀ ਵਾਲੇ, ਭਾਈ ਹਰਪਾਲ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਫਤਿਹਗੜ੍ਰ ਸਾਹਿਬ, ਭਾਈ ਹਰਵਿੰਦਰ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਅਕਾਲ ਆਸ਼ਰਮ ਸੋਹਾਣਾ, ਸਿੱਖ ਵਿਦਵਾਨ ਭਗਵਾਨ ਸਿੰਘ ਜੌਹਲ ਤੋਂ ਇਲਾਵਾ ਹੋਰ ਵੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਸ਼ਬਦ ਵਿਚਾਰ ਦੁਆਰਾ ਨਿਹਾਲ ਕੀਤਾ। ਸਮਾਗਮ ਦੌਰਾਨ ਸਿੰਘ ਸਾਹਿਬ ਨੇ ਪੰਥ ਰਤਨ ਭਾਈ ਸਾਹਿਬ ਭਾਈ ਜਸਬੀਰ ਸਿੰਘ ਖਾਲਸਾ ਖੰਨੇ ਵਾਲਿਆਂ ਦੇ ਜੀਵਨ ਸਬੰਧੀ ਕਿਹਾ ਕਿ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਖੰਨੇ ਵਾਲਿਆਂ ਨੇ ਧਾਰਮਿਕ ਸੰਸਥਾ ਦਾ ਨਿਰਮਾਣ ਕੀਤਾ ਅਤੇ ਦੁਖੀ ਲੁਕਾਈ ਲਈ ਹਸਪਤਾਲਾਂ ਦਾ ਨਿਰਮਾਣ ਕੀਤਾ। ਸਿੰਘ ਸਹਿਬਾਨਾਂ ਨੇ ਕਿਹਾ ਕਿ ਧਰਮ ਦੇ ਪ੍ਰਚਾਰ ਲਈ ਇਹ ਜ਼ਰੂਰੀ ਹੈ ਕਿ ਅਸੀ ਸਮੂਹ ਸੰਗਤਾਂ ਧਰਮ ਦਾ ਪ੍ਰਚਾਰ ਕਰਨ ਲਈ ਬਾਣੀ ਅਤੇ ਬਾਣੇ ਦੇ ਧਾਰਨੀ ਹੋਈਏ। ਇਸ ਦੌਰਾਨ ਪੰਥਕ ਕਵੀ ਸੰਮੇਲਨ ਵਿਚ ਪੰਥ ਦੇ ਪ੍ਰਸਿੱਧ ਕਵੀ ਸਹਿਬਾਨ ਪੰਥਕ ਕਵਿਤਾਵਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਰਾਗਾਂ ਵਿਚ ਕੀਰਤਨ ਸਮਾਗਮ ਕਰਵਾਏ ਗਏ, ਜਿਸ ਵਿਚ ਪਦਮ ਭੂਸ਼ਨ ਭਾਈ ਨਿਰਮਲ ਸਿੰਘ ਖਾਲਸਾ, ਪ੍ਰੋ: ਨੀਲਮਪਾਲ , ਭਾਈ ਗੁਰਮੀਤ ਸਿੰਘ ਬਲਜੀਤ ਸਿੰਘ ਨਾਮਧਾਰੀ, ਭਾਈ ਤੇਜਿੰਦਰ ਸਿੰਘ ਸ਼ਿਮਲੇ ਵਾਲੇ, ਪ੍ਰੋ: ਹਰਿੰਦਰਪਾਲ ਸਿੰਘ ਫਤਿਹਗੜ੍ਹ ਸਾਹਿਬ ਵਾਲੇ ਅਤੇ ਭਾਈ ਦਵਿੰਦਰ ਸਿੰਘ ਖਾਲਸਾ ਖੰਨੇ ਵਾਲੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਵਿਚਾਰਾਂ ਦੁਆਰਾ ਨਿਹਾਲ ਕੀਤਾ। ਭਾਈ ਅਮਰਦੀਪ ਸਿੰਘ ਨੇ ਦੱਸਿਆ ਕਿ ਆਖਰੀ ਦਿਨ 25 ਮਾਰਚ ਦਿਨ ਐਤਵਾਰ ਨੂੰ ਖੂਨਦਾਨ ਕੈਂਪ ਸਵੇਰੇ 10 ਵਜੇ ਲਾਇਆ ਜਾਵੇਗਾ। ਇਸ ਤੋਂ ਬਾਅਦ ਮਹਾਨ ਗੁਰਮਤਿ ਸਮਾਗਮ ਸਵੇਰੇ 9 ਤੋਂ ਰਾਤ 10 : 30 ਵਜੇ ਤੱਕ ਕਰਵਾਇਆ ਜਾਵੇਗਾ। ਇਸ ਸਮਾਗਮ ਦਾ ਸਿੱਧਾ ਪ੍ਰਸਾਰਣ ਸੰਗਤਾਂ ਮਮਮ.ਲ਼ਅਜ.ਅਕਵ <ੀਵਵਬ://ਮਮਮ.ਲ਼ਅਜ.ਅਕਵ> ਤੇ ਦੇਖ ਰਹੀਆਂ ਹਨ।

ਕੈਪਟਨ ਤੇ ਭੱਠਲ ਦੀ ਪਾਰਟੀ ਪ੍ਰਤੀ ਦਿਲਚਸਪੀ ਘਟੀ
ਚੰਡੀਗੜ੍ਹ, 25 ਮਾਰਚ-14ਵੀਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਕਾਂਗਰਸ ਨੂੰ ਜੋ ਸਿਆਸੀ ਹਾਰ ਹੋਈ ਹੈ, ਉਸ ਨਾਲ ਇਸ ਰਾਜ ਦੀ ਪ੍ਰਮੁੱਖ ਵਿਰੋਧੀ ਪਾਰਟੀ ਕਾਂਗਰਸ ਇੱਕ ਤਰ੍ਹਾਂ ਨਾਲ ਸਿਆਸੀ ਤੌਰ 'ਤੇ 'ਯਤੀਮ' ਜਿਹੀ ਹੋ ਗਈ ਲੱਗਦੀ ਹੈ, ਜਦੋਂ ਦੇ ਚੋਣ ਨਤੀਜੇ ਆਏ ਹਨ, ਇੱਥੇ ਸੈਕਟਰ 15 ਵਿਚ ਸਥਿਤ ਕਾਂਗਰਸ ਦਾ ਹੈਡਕੁਆਰਟਰ ਸੁੰਨਾ ਜਿਹਾ ਲੱਗ ਰਿਹਾ ਹੈ ਤੇ ਉਥੇ ਇਨ੍ਹਾਂ ਦਿਨਾਂ ਵਿਚ ਕੋਈ ਚਹਿਲ ਪਹਿਲ ਨਹੀਂ ਦਿਖਾਈ ਦੇ ਰਹੀ। ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧੀ ਕਈ ਕਾਂਗਰਸੀ ਆਗੂਆਂ ਦਾ ਵਿਚਾਰ ਹੈ ਕਿ ਹੁਣ ਉਨ੍ਹਾਂ ਦੇ ਪ੍ਰਧਾਨ ਕੈਪਟਨ ਤੇ ਕਾਂਗਰਸ ਵਿਧਾਇਕ ਦਲ ਦੀ ਆਗੂ ਦੀ ਪਦਵੀ ਤੋਂ ਫਾਰਗ ਕਰ ਦਿੱਤੀ ਗਈ ਬੀਬੀ ਰਜਿੰਦਰ ਕੌਰ ਭੱਠਲ ਦੀ ਪਾਰਟੀ ਪ੍ਰਤੀ ਦਿਲਚਸਪੀ ਕੁੱਝ ਘੱਟ ਗਈ ਨਜ਼ਰ ਆ ਰਹੀ ਹੈ। ਇਸ ਸਬੰਧ ਵਿਚ ਉਹ ਇਹ ਦਲੀਲ ਦੇ ਰਹੇ ਹਨ ਕਿ ਇਨ੍ਹਾਂ ਦੋਹਾਂ ਆਗੂਆਂ ਨੇ 14ਵੀਂ ਪੰਜਾਬ ਵਿਧਾਨ ਸਭਾ ਦੇ ਪਹਿਲੇ ਇਜਲਾਸ ਦੀ ਕਾਰਵਾਈ ਵਿਚ ਵੀ ਕੋਈ ਦਿਲਚਸਪੀ ਨਹੀਂ ਵਿਖਾਈ। ਹੁਣ ਤੱਕ ਇਸ ਇਲਜਾਸ ਦੀਆਂ ਚਾਰ ਬੈਠਕਾਂ ਹੋਈਆਂ ਹਨ, ਜਿਨ੍ਹਾਂ ਵਿਚ ਕੈਪਟਨ ਅਮਰਿੰਦਰ ਸਿੰਘ ਤਾਂ ਕੇਵਲ ਪਹਿਲੇ ਦਿਨ ਵਿਧਾਇਕ ਵਜੋਂ ਸਹੁੰ ਚੁੱਕਣ ਲਈ ਹੀ ਆਏ ਤੇ ਮੁੜ ਕੇ ਅਸੈਂਬਲੀ ਹਾਲ ਵੱਲ ਹੁਣ ਤੱਕ ਵੇਖਿਆ ਤੱਕ ਨਹੀਂ। ਇਸੇ ਤਰ੍ਹਾਂ ਬੀਬੀ ਭੱਠਲ ਨੇ ਵੀ ਕੇਵਲ ਦੋ ਬੈਠਕਾਂ ਵਿਚ ਹੀ ਹਾਜ਼ਰੀ ਲਗਵਾਈ ਹੈ, ਹੋਰ ਤਾਂ ਹੋਰ ਇਹ ਦੋਵੇਂ ਸਾਬਕ ਮੁੱਖ ਮੰਤਰੀ ਨਵੇਂ ਸਪੀਕਰ ਤੇ ਡਿਪਟੀ ਸਪੀਕਰ ਦੀ ਚੋਣ ਸਮੇਂ ਵੀ ਸਦਨ ਵਿਚੋਂ ਗ਼ੈਰ ਹਾਜ਼ਰ ਰਹੇ। ਇੱਥੇ ਹੀ ਬੱਸ ਨਹੀਂ ਕੈਪਟਨ ਤੇ ਬੀਬੀ ਭੱਠਲ ਕੱਲ੍ਹ 23 ਮਾਰਚ ਨੂੰ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਸ਼ਹੀਦੀ ਦਿਵਸ 'ਤੇ ਆਪਣੀ ਪਾਰਟੀ ਵੱਲੋਂ ਖੱਟਕੜਕਲਾਂ ਵਿਚ ਕੀਤੀ ਗਈ ਕਾਨਫਰੰਸ ਵਿਚ ਵੀ ਸ਼ਾਮਿਲ ਨਹੀਂ ਹੋਏ। ਹੂਸੈਨੀਵਾਲਾ ਵਿਚ ਤਾਂ ਕਾਂਗਰਸ ਨੇ ਇਸ ਵਾਰ ਕਾਨਫਰੰਸ ਹੀ ਨਹੀਂ ਕੀਤੀ। ਅਲਬੱਤਾ! ਕਾਂਗਰਸ ਵਿਧਾਇਕ ਦਲ ਦੇ ਨਵੇਂ ਆਗੂ ਸੁਨੀਲ ਜਾਖੜ ਨੇ ਖਟਕੜਕਲਾਂ ਵਿਚ ਹੋਈ ਪਾਰਟੀ ਦੀ ਕਾਨਫਰੰਸ ਵਿਚ ਜਾ ਕੇ ਇਨਕਲਾਬੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਕੇ ਕਾਂਗਰਸ ਦੀ ਲਾਜ ਰੱਖ ਲਈ। ਇੱਥੇ ਇਹ ਗੱਲ ਵਿਸ਼ੇਸ਼ ਤੌਰ 'ਤੇ ਵਰਨਣਯੋਗ ਹੈ ਕਿ ਇਨ੍ਹਾਂ ਦਿਨਾਂ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਲੀਡਰਸ਼ਿਪ ਵਿਰੁੱਧ ਤਾਂ ਬਗਵਾਤ ਦੀ ਅੱਗ ਦਿਨ-ਬ-ਦਿਨ ਤੇਜ਼ ਹੋ ਰਹੀ ਹੈ, ਪਰ ਬੀਬੀ ਭੱਠਲ ਬਾਰੇ ਅਜੇ ਤੱਕ ਕਾਂਗਰਸੀ ਚੁੱਪ ਬੈਠੇ ਹਨ, ਪਰ ਕੈਪਟਨ ਦੇ ਵਿਰੁੱਧ ਵਿਚ ਹਰ ਛੋਟੇ ਵੱਡੇ ਕਾਂਗਰਸੀ ਨੇ ਸਿਆਸੀ ਲਾਠੀਆਂ ਚੁੱਕ ਲਈਆਂ ਹਨ। ਮਨਜੀਤ ਸਿੰਘ ਜਿਸ ਦਾ ਸਬੰਧ ਜ਼ਿਲ੍ਹਾ ਸੰਗਰੂਰ ਨਾਲ ਹੈ ਤੇ ਜੋ ਇੱਕ ਬਲਾਕ ਕਾਂਗਰਸ ਕਮੇਟੀ ਦਾ ਪ੍ਰਧਾਨ ਰਿਹਾ ਹੈ, ਦਾ ਵਿਚਾਰ ਹੈ ਕਿ ਹੁਣ ਲੋਕ ਇਸ ਗੱਲ ਦੀ ਉਡੀਕ ਵਿਚ ਬੈਠੇ ਹਨ ਕਿ ਕਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਤੋਂ ਲਾਂਬੇ ਕੀਤਾ ਜਾਂਦਾ ਹੈ, ਜਦੋਂ ਕਿ ਕੁੱਝ ਮਹੀਨੇ ਪਹਿਲਾਂ ਲੋਕ ਇਸ ਗੱਲ ਦੀ ਉਡੀਕ ਵਿਚ ਸਨ ਕਿ ਕਦੋਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਕਾਂਗਰਸ ਦੀ ਅਗਵਾਈ ਸੰਭਾਲਦੇ ਹਨ। ਇਸ ਤਰ੍ਹਾਂ ਪੰਜਾਬ ਕਾਂਗਰਸ ਦੀ ਅੰਦਰੂਨੀ ਤਸਵੀਰ ਦੀ ਸਿਆਸੀ ਚੀਰ-ਫਾੜ ਕਰਨ ਵਾਲਿਆਂ ਦੀ ਰਾਏ ਹੈ ਕਿ ਕੈਪਟਨ ਹੁਣ ਆਪਣੇ ਆਪ ਮਹਿਸੂਸ ਕਰ ਰਹੇ ਹਨ ਕਿ ਉਹ ਕਿਉਂ ਨਾ ਪ੍ਰਧਾਨਗੀ ਨੂੰ 'ਨਮਸਕਾਰ' ਬੁਲਾ ਦੇਣ। ਪਰ ਕਈ ਕਾਂਗਰਸ ਆਗੂਆਂ ਦਾ ਵਿਚਾਰ ਹੈ ਕਿ ਕਾਂਗਰਸ ਹਾਈਕਮਾਨ ਲੋਕ ਸਭਾ ਦੀਆਂ ਅਗਲੀਆਂ ਆਮ ਜਾਂ ਸੰਭਾਵੀ ਮਧਕਾਲੀ ਚੋਣਾਂ ਤੱਕ ਪੰਜਾਬ ਕਾਂਗਰਸ ਵਿਚ ਸ਼ਾਇਦ ਫੇਰਬਦਲ ਨਾ ਕਰੇ, ਅਗਲੇ ਕੁੱਝ ਦਿਨਾਂ ਤੱਕ ਤਸਵੀਰ ਸਪਸ਼ਟ ਹੋ ਜਾਣ ਦੀ ਸੰਭਾਵਨਾ ਹੈ।

'ਮਿਰਜ਼ਾ'"ਪਰਿਵਾਰਕ ਬੰਦਿਸ਼ਾਂ, ਐਕਸ਼ਨ
ਤੇ ਪ੍ਰੇਮ ਕਹਾਣੀ ਹੈ-ਗਿੱਪੀ ਗਰੇਵਾਲ

ਪੰਜਾਬੀ ਫ਼ਿਲਮ '2012 ਮਿਰਜ਼ਾ' ਸਬੰਧੀ ਗੱਲਬਾਤ ਕਰਦੇ ਹੋਏ ਅਦਾਕਾਰ
ਅਤੇ ਗਾਇਕ ਗਿੱਪੀ ਗਰੇਵਾਲ ਅਤੇ ਸੋਨੂੰ ਰੂਬੀ।
ਜਲੰਧਰ, 25 ਮਾਰਚ-ਪੰਜਾਬੀ ਗਾਇਕੀ ਵਿਚ ਨਾਮਣਾ ਖੱਟ ਚੁੱਕੇ ਨੌਜਵਾਨਾਂ ਦੇ ਹਰਮਨ ਪਿਆਰੇ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਪੂਰੀ ਤਰ੍ਹਾਂ ਪੰਜਾਬੀ ਫਿਲਮਾਂ ਵਿਚ ਪੈਰ ਜਮਾ ਰਹੇ ਹਨ। ਆਪਣੇ ਚਹੇਤਿਆਂ ਨੂੰ ਅੱਧੀ ਦਰਜਨ ਤੋਂ ਵਧ ਬੇਹੱਦ ਚਰਚਿਤ ਪੰਜਾਬੀ ਐਲਬਮਾਂ ਦੇਣ ਤੋਂ ਬਾਅਦ ਆਪਣੀ ਤੀਜੀ ਪੰਜਾਬੀ ਫਿਲਮ '2012 ਮਿਰਜ਼ਾ' ਲੈ ਕੇ ਆ ਰਹੇ ਹਨ। ਇਸ ਤੋਂ ਪਹਿਲਾਂ ਪੰਜਾਬੀ ਫਿਲਮ 'ਮੇਲ ਕਰਾਦੇ ਰੱਬਾ' ਅਤੇ 'ਜੀਹਨੇ ਮੇਰਾ ਦਿਲ ਲੁੱਟਿਆ' ਦੀ ਸਫ਼ਲਤਾ ਨਾਲ ਗਿੱਪੀ ਗਰੇਵਾਲ ਦੀ ਅਦਾਕਾਰ ਵਜੋਂ ਚੰਗੀ ਪਛਾਣ ਬਣੀ ਹੋਈ ਹੈ। ਉਸ ਦੀਆਂ ਫਿਲਮਾਂ ਨੇ ਚੰਗਾ ਕਾਰੋਬਾਰ ਕੀਤਾ ਹੈ। ਆਪਣੀ ਨਵੀਂ ਫਿਲਮ '2012 ਮਿਰਜ਼ਾ' ਦੇ ਪ੍ਰਚਾਰ ਸਬੰਧੀ ਉਹ ਵਿਸ਼ੇਸ਼ ਤੌਰ 'ਤੇ ਮੁਲਾਕਾਤ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਇਸ ਫਿਲਮ ਲਈ ਉਸ ਨੇ ਵੱਖਰੇ ਤੌਰ 'ਤੇ ਬੇਹੱਦ ਮਿਹਨਤ ਕੀਤੀ ਅਤੇ ਸ਼ੂਟਿੰਗ ਤੋਂ ਪਹਿਲਾਂ 6 ਮਹੀਨੇ ਦੀ ਸਖ਼ਤ ਸਿਖਲਾਈ ਪ੍ਰਾਪਤ ਕੀਤੀ। ਕੈਨੇਡਾ ਵਿਚ ਰਹਿ ਕੇ ਫਿਲਮ ਨਾਲ ਮੇਲ ਖਾਂਦੀ ਅਦਾਕਾਰੀ ਦੇ ਨੁਕਤਿਆਂ 'ਤੇ ਮੁਹਾਰਤ ਹਾਸਲ ਕਰਨ ਤੋਂ ਬਾਅਦ ਸ਼ੂਟਿੰਗ 'ਚ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਫਿਲਮ ਦੀ ਕਹਾਣੀ ਬਲਜੀਤ ਸਿੰਘ ਦਿਓ ਨੇ ਲਿਖੀ ਹੈ। ਇਸ ਵਿਚ ਥੋੜ੍ਹੀ ਜਿਹੀ ਪੁਰਾਣੇ ਅਤੇ ਬਹੁਤੀ ਆਧੁਨਿਕ ਮਿਰਜ਼ੇ ਦੀ ਨਿਵੇਕਲੀ ਝਲਕ ਦਿਖਾਈ ਗਈ ਹੈ, ਜਿਸ ਨੂੰ ਦਰਸ਼ਕ ਜ਼ਰੂਰ ਪਸੰਦ ਕਰਨਗੇ। ਉਨ੍ਹਾਂ ਹੋਰ ਦੱਸਿਆ ਕਿ ਫਿਲਮ ਦੀ ਕਹਾਣੀ ਪਰਿਵਾਰਕ ਬੰਦਸ਼ਾਂ, ਝਗੜਿਆਂ ਅਤੇ ਪਿਆਰ ਦੁਆਲੇ ਘੁੰਮਦੀ ਹੈ। ਇਸ ਫਿਲਮ ਦੀ ਸ਼ੂਟਿੰਗ ਕੈਨੇਡਾ ਵਿਚ ਵੱਖ-ਵੱਖ ਖ਼ੂਬਸੂਰਤ ਥਾਵਾਂ 'ਤੇ ਕੀਤੀ ਗਈ ਹੈ। ਫਿਲਮ ਵਿਚ ਪ੍ਰਸਿੱਧ ਗਾਇਕ ਅਤੇ ਅਦਾਕਾਰ ਹਨੀ ਸਿੰਘ ਨੇ ਵੀ ਅਦਾਕਾਰੀ ਕੀਤੀ ਹੈ। ਫਿਲਮ ਦੇ ਗੀਤ ਖ਼ੁਦ (ਗਿੱਪੀ ਗਰੇਵਾਲ), ਰਾਹਤ ਫ਼ਤਹਿਅਲੀ ਖਾਂ, ਆਰਫ਼ ਲੁਹਾਰ, ਪਟਿਆਲਾ ਦੇ ਉੱਭਰਦੇ ਗਾਇਕ ਕਮਲ ਖਾਨ ਅਤੇ ਬਾਲੀਵੁੱਡ ਦੀ ਪ੍ਰਸਿੱਧ ਗਾਇਕਾ ਸੁਨਿਧੀ ਚੌਹਾਨ ਨੇ ਗਾਏ ਹਨ। ਫਿਲਮ ਦਾ ਮੁੱਖ ਆਕਰਸ਼ਨ ਮਿਰਜ਼ਾ ਗੀਤ ਹੈ ਜਿਸ ਨੂੰ ਪਾਕਿਸਤਾਨ ਦੇ ਪ੍ਰਸਿੱਧ ਗਾਇਕ ਆਰਫ਼ ਲੁਹਾਰ ਨੇ ਬੜਾ ਖੁੱਭ ਕੇ ਗਾਇਆ ਹੈ। ਫਿਲਮ ਨੂੰ ਸੰਗੀਤ ਨਾਲ ਸ਼ਿੰਗਾਰਿਆ ਹੈ ਯੋ ਯੋ ਹਨੀ ਸਿੰਘ ਅਤੇ ਜਤਿੰਦਰ ਸ਼ਾਹ ਨੇ। ਨਿਰਮਾਤਾ ਇੰਦਾ ਰਾਏਕੋਟੀ ਅਤੇ ਅਮਨ ਖਟਕੜ ਦੀ ਇਸ ਫਿਲਮ ਦੇ ਕਲਾਕਾਰਾਂ ਵਿਚ ਨਵੀਂ ਹੀਰੋਇਨ ਮੈਂਡੀ ਤੱਖਰ ਨੇ ਆਪਣੀ ਅਦਾਕਾਰੀ ਦੇ ਖੂਬ ਜਲਵੇ ਦਿਖਾਏ ਹਨ, ਹਿੰਦੀ ਫਿਲਮਾਂ ਦੇ ਪ੍ਰਸਿੱਧ ਕਲਾਕਾਰ ਰਾਹੁਲ ਦੇਵ, ਹਨੀ ਸਿੰਘ, ਬੀਨੂ ਢਿੱਲੋਂ ਅਤੇ ਬੀ. ਐਨ. ਸ਼ਰਮਾ ਆਦਿ ਨੇ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਉਨ੍ਹਾਂ ਦੇ ਨਾਲ ਆਏ ਸਪੀਡ ਰਿਕਾਰਡਜ਼ ਦੇ ਸ੍ਰੀ ਸੋਨੂੰ ਹੋਰਾਂ ਦੱਸਿਆ ਕਿ ਲਗਭਗ ਸਾਢੇ ਪੰਜ ਕਰੋੜ ਦੀ ਲਾਗਤ ਨਾਲ ਬਣੀ ਹੈ। ਫਿਲਮ ਨੂੰ ਹਰ ਪੱਖ ਤੋਂ ਬਿਹਤਰੀਨ ਬਣਾਉਣ ਦਾ ਯਤਨ ਕੀਤਾ ਗਿਆ ਹੈ ਤੇ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਗਿਆ। ਫਿਲਮ ਨੂੰ 6 ਅਪ੍ਰੈਲ ਨੂੰ ਮਾਰਕੀਟ ਵਿਚ ਸਪੀਡ ਰਿਕਾਰਡਜ਼ ਵੱਲੋਂ ਲਿਆਂਦਾ ਜਾ ਰਿਹਾ ਹੈ। ਇਸ ਸਬੰਧੀ ਉਨ੍ਹਾਂ ਨੇ ਹੋਰ ਦੱਸਿਆ ਕਿ 200 ਤੋਂ ਵਧ ਪ੍ਰਿੰਟਾਂ ਨਾਲ ਇਹ ਫਿਲਮ ਪੰਜਾਬ ਤੋਂ ਇਲਾਵਾ ਭਾਰਤ ਦੇ ਹੋਰ ਵੱਡੇ ਸ਼ਹਿਰਾਂ ਵਿਚ ਸਿਨੇਮਿਆਂ ਦਾ ਸ਼ਿੰਗਾਰ ਬਣੇਗੀ।

ਗੁਰਦੁਆਰਾ ਨਾਨਕਸਰ ਝੋਰੜਾਂ ਵਿਖੇ ਤਿੰਨ
ਰੋਜ਼ਾ ਵਿਸ਼ਾਲ ਧਾਰਮਿਕ ਸਮਾਗਮ ਸ਼ੁਰੂ

ਗੁਰਦੁਆਰਾ ਨਾਨਕਸਰ ਝੋਰੜਾਂ ਸਮਾਗਮ ਦੇ ਰਾਤ ਸਮੇਂ
ਮਨਮੋਹਕ ਦ੍ਰਿਸ਼।
ਜਗਰਾਉਂ/ਹਠੂਰ, 25 ਮਾਰਚ -ਪ੍ਰਸਿੱਧ ਗੁਰਦੁਆਰਾ ਨਾਨਕਸਰ ਝੋਰੜਾਂ ਵਿਖੇ ਤਿੰਨ ਰੋਜ਼ਾ ਮੁੱਖ ਧਾਰਮਿਕ ਸਮਾਗਮ ਅੱਜ ਸ਼ੁਰੂ ਹੋ ਗਏ। ਇਹ ਵਿਸ਼ਾਲ ਸਮਾਗਮ ਬਾਬਾ ਈਸ਼ਰ ਸਿੰਘ ਦੇ ਜਨਮ ਦਿਹਾੜੇ ਅਤੇ ਬਾਬਾ ਨਰੈਣ ਸਿੰਘ ਦੀ ਬਰਸੀ ਸਬੰਧੀ ਸ਼ੁਰੂ ਹੋਏ ਹਨ। ਸਮਾਗਮਾਂ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਨੇ ਦੱਸਿਆ ਕਿ 13 ਮੰਜ਼ਿਲੀ ਅਸਥਾਨ 'ਤੇ ਹੋਣ ਵਾਲੇ ਇਨ੍ਹਾਂ ਸਮਾਗਮਾਂ ਲਈ ਸੰਗਤਾਂ 'ਚ ਵੱਡੀ ਸ਼ਰਧਾ ਹੈ। ਇਸ ਅਸਥਾਨ 'ਤੇ ਜਿਥੇ ਤੁਕ-ਤੁਕ ਵਾਲੇ ਸੰਪਟ ਅਖੰਡ ਪਾਠ ਚੱਲ ਰਹੇ ਹਨ, ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੀਆਂ ਵੱਖਰੀਆਂ ਲੜੀਆਂ ਵੀ ਚੱਲ ਰਹੀਆਂ ਹਨ। ਜਿੰਨ੍ਹਾਂ 'ਚੋਂ ਆਖਰੀ ਲੜੀ ਦੇ ਭੋਗ ਮਿਤੀ 26 ਮਾਰਚ ਨੂੰ ਪੈਣਗੇ। ਉਨ੍ਹਾਂ ਦੱਸਿਆ ਕਿ ਤੁਕ-ਤੁਕ ਵਾਲੇ ਅਖੰਡ ਪਾਠਾਂ ਦੇ ਭੋਗ ਮਿਤੀ 25 ਮਾਰਚ ਨੂੰ ਰਾਤ ਸਮੇਂ ਪੈਣਗੇ ਅਤੇ ਰੈਣ ਸੁਬਾਈ ਕੀਰਤਨ ਦਰਬਾਰ ਵੀ ਹੋਵੇਗਾ। ਇਸ ਮੌਕੇ ਭਾਈ ਹਰਬੰਸ ਸਿੰਘ ਨਾਨਕਸਰ ਨੇ ਦੱਸਿਆ ਕਿ ਮਿਤੀ 25 ਮਾਰਚ ਨੂੰ ਸਜਾਏ ਜਾਣ ਵਾਲੇ ਰੈਣ ਸੁਬਾਈ ਕੀਰਤਨ ਦਰਬਾਰ 'ਚ ਪੰਥ ਦੇ ਪ੍ਰਸਿੱਧ ਰਾਗੀ ਜਥੇ ਪੁੱਜ ਕੇ ਸੰਗਤਾਂ ਨੂੰ ਬਾਣੀ ਨਾਲ ਜੋੜਨਗੇ ਅਤੇ ਮਿਤੀ 26 ਮਾਰਚ ਨੂੰ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਨਗਰ ਕੀਰਤਨ ਦਾ ਮੁੱਖ ਪੜਾਅ ਗੁਰਦੁਆਰਾ ਢੰਡਿਆਣਾ ਸਾਹਿਬ ਵਿਖੇ ਹੋਵੇਗਾ। ਜਿਥੇ ਪੰਥ ਦੀਆਂ ਮੁੱਖ ਸ਼ਖ਼ਸੀਅਤਾਂ ਪੁੱਜ ਕੇ ਬਾਣੀ ਦਾ ਉਪਦੇਸ਼ ਦੇਣਗੀਆਂ।

ਕੰਪਿਊਟਰ ਅਧਿਆਪਕਾਂ 6 ਮਹੀਨਿਆਂ ਤੋਂ ਨਹੀਂ ਮਿਲੀ ਤਨਖ਼ਾਹ
ਗੁਰਦਾਸਪੁਰ, 25 ਮਾਰਚ-ਪੰਜਾਬ ਦੇ ਵੱਖ-ਵੱਖ ਸਰਕਾਰੀ ਸਕੂਲਾਂ ਅੰਦਰ ਕੰਮ ਕਰ ਰਹੇ ਕਰੀਬ 8 ਹਜ਼ਾਰ ਕੰਪਿਊਟਰ ਅਧਿਆਪਕਾਂ ਨੂੰ ਪਿਛਲੇ 6 ਮਹੀਨਿਆਂ ਤੋਂ ਤਨਖ਼ਾਹਾਂ ਨਾ ਮਿਲਣ ਕਾਰਨ ਉਨ੍ਹਾਂ ਨੂੰ ਆਰਥਿਕ ਤੰਗੀਆਂ ਨਾਲ ਜੂਝਣਾ ਪੈ ਰਿਹਾ ਹੈ। ਇਸੇ ਤਰ੍ਹਾਂ ਕੇਂਦਰ ਸਰਕਾਰ ਦੇ ਰਾਸ਼ਟਰੀ ਮਾਧਿਆਮਿਕ ਸਿਖ਼ਸ਼ਾ ਅਭਿਆਨ (ਰਮਸਾ) ਤਹਿਤ ਕੰਮ ਕਰ ਰਹੇ ਅਧਿਆਪਕਾਂ ਨੂੰ ਵੀ 6 ਮਹੀਨਿਆਂ ਤੋਂ ਤਨਖ਼ਾਹਾਂ ਨਹੀਂ ਮਿਲੀਆਂ ਅਤੇ ਇਨ੍ਹਾਂ ਦੀ ਗਿਣਤੀ ਵੀ ਕਰੀਬ 8 ਹਜ਼ਾਰ ਹੈ। ਇਸ ਸਬੰਧ ਵਿਚ ਜਦੋਂ ਸਿੱਖਿਆ ਵਿਭਾਗ ਪੰਜਾਬ ਦੇ ਸਕੱਤਰ ਸ੍ਰੀ ਹੁਸਨ ਲਾਲ ਆਈ. ਏ. ਅੱੈਸ. ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਇਸ ਸਬੰਧ ਵਿਚ ਲੋੜੀਂਦਾ ਬਜਟ ਜਾਰੀ ਕਰ ਦਿੱਤਾ ਗਿਆ ਹੈ। ਅਗਲੇ ਕੁੱਝ ਦਿਨਾਂ ਵਿਚ ਇਨ੍ਹਾਂ ਅਧਿਆਪਕਾਂ ਨੂੰ ਤਨਖ਼ਾਹਾਂ ਮਿਲ ਜਾਣਗੀਆਂ। ਜਾਣਕਾਰੀ ਅਨੁਸਾਰ ਸਰਕਾਰੀ ਸਕੂਲਾਂ ਅੰਦਰ ਬਤੌਰ ਲੈਕਚਰਾਰ ਅਤੇ ਅਧਿਆਪਕਾਂ ਨੂੰ ਵੀ ਇਸ ਸਾਲ ਦੇ ਜਨਵਰੀ ਮਹੀਨੇ ਤੋਂ ਤਨਖ਼ਾਹਾਂ ਨਹੀਂ ਮਿਲੀਆਂ ਪ੍ਰੰਤੂ ਹੁਣ ਇਨ੍ਹਾਂ ਲਈ ਵੀ ਫ਼ੰਡ ਵੀ ਸਬੰਧਿਤ ਜ਼ਿਲ੍ਹਿਆਂ ਨੂੰ ਜਾਰੀ ਕਰ ਦਿੱਤੇ ਗਏ ਹਨ। ਪੰਜਾਬ ਦੇ ਵੱਖ-ਵੱਖ ਸਕੂਲਾਂ ਅੰਦਰ ਲੈਕਚਰਾਰ ਦੇ ਗਰੇਡ ਵਿਚ ਕਰੀਬ 10 ਹਜ਼ਾਰ ਅਤੇ ਮਾਸਟਰ ਕੇਡਰ ਵਿਚ ਵੀ ਹਜ਼ਾਰਾਂ ਅਧਿਆਪਕ ਕੰਮ ਕਰ ਰਹੇ ਹਨ ਅਤੇ ਇਨ੍ਹਾਂ ਵੱਲੋਂ ਜਨਵਰੀ ਮਹੀਨੇ ਤੋਂ ਤਨਖ਼ਾਹਾਂ ਦੀ ਇੰਤਜ਼ਾਰ ਕੀਤੀ ਜਾ ਰਹੀ ਹੈ। ਸ੍ਰੀ ਹੁਸਨ ਲਾਲ ਨੇ ਦੱਸਿਆ ਕਿ ਤਨਖ਼ਾਹਾਂ ਦੇ ਮਾਮਲੇ ਵਿਚ ਇਹ ਥੋੜੀ ਬਹੁਤ ਦੇਰੀ ਨਾਨ ਪਲੈਨ ਪੋਸਟਾਂ 'ਤੇ ਕੰਮ ਕਰ ਰਹੇ ਅਧਿਆਪਕਾਂ ਦੀਆਂ ਤਨਖ਼ਾਹਾਂ ਦੀ ਮਨਜ਼ੂਰੀ ਵਿੱਤ ਵਿਭਾਗ ਵੱਲੋਂ ਲੈਣ ਕਾਰਨ ਹੋਈ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਰਮਸਾ ਅਧਿਆਪਕਾਂ ਦੀਆਂ ਤਨਖ਼ਾਹਾਂ ਵਿਚ ਦੇਰੀ ਕੇਂਦਰ ਸਰਕਾਰ ਵੱਲੋਂ ਲੋੜੀਂਦੇ ਫ਼ੰਡ ਜਾਰੀ ਕਰਨ ਵਿਚ ਹੋਈ ਦੇਰੀ ਕਾਰਨ ਹੋਈ ਹੈ। ਜਦੋਂ ਕਿ ਕੰਪਿਊਟਰ ਅਧਿਆਪਕਾਂ ਦੀਆਂ ਪਿਛਲੇ 6 ਮਹੀਨਿਆਂ ਦੀਆਂ ਤਨਖ਼ਾਹਾਂ ਜਾਰੀ ਕਰਨ ਲਈ ਸਰਕਾਰ ਵੱਲੋਂ 40 ਕਰੋੜ ਰੁਪਏ ਦੇ ਫ਼ੰਡ ਰਲੀਜ ਕਰ ਦਿੱਤੇ ਗਏ ਹਨ।

ਪੁਰਾਤੱਤਵ ਵਿਭਾਗ ਨੇ ਘੜਾਮ ਦੇ ਕਿਲ੍ਹੇ ਉਪਰ
 ਬਣੇ ਧਾਰਮਿਕ ਸਥਾਨ ਨੂੰ ਲਾਇਆ ਤਾਲਾ

ਇਤਿਹਾਸਕ ਪਿੰਡ ਘੜਾਮ ਦੇ ਕਿਲ੍ਹੇ 'ਤੇ ਧਾਰਮਿਕ ਸਥਾਨ ਦੇ ਕਮਰੇ ਨੂੰ ਲੱਗੇ ਤਾਲੇ, ਮਕਾਨ ਉਪਰ ਅਜੇ ਵੀ ਝੂਲਦੇ ਨਿਸ਼ਾਨ ਅਤੇ ਸੱਜੇ ਪੁਰਾਤਤਵ ਵਿਭਾਗ ਦੇ ਅਧਿਕਾਰੀ ਕਿਲ੍ਹੇ ਦੀ ਖੁਦਾਈ ਕਰਵਾਉਂਦੇ ਹੋਏ।
ਦੇਵੀਗੜ੍ਹ, 25 ਮਾਰਚ-ਪਟਿਆਲਾ ਜ਼ਿਲ੍ਹੇ ਦੇ ਕਸਬਾ ਦੇਵੀਗੜ੍ਹ ਨੇੜੇ ਇਤਿਹਾਸਕ ਪਿੰਡ ਘੜਾਮ, ਜਿਸ ਨੂੰ ਕਿ ਸ੍ਰੀ ਰਾਮ ਚੰਦਰ ਜੀ ਦੇ ਨਾਨਕਿਆਂ ਦਾ ਪਿੰਡ ਵੀ ਕਿਹਾ ਜਾਂਦਾ ਹੈ, ਜਿਸ ਉਪਰ 14ਵੀਂ ਸਦੀ ਵਿਚ ਬਣੇ ਕਿਲ੍ਹੇ ਉਪਰ ਕਿਸੇ ਸੰਸਥਾ ਵੱਲੋਂ ਕੁਝ ਸਾਲ ਪਹਿਲਾਂ ਇਕ ਕਮਰਾ ਬਣਾ ਕੇ ਉਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਕਰ ਦਿੱਤਾ ਗਿਆ ਸੀ ਅਤੇ ਉਥੇ ਹੀ ਇਕ ਮਾਤਾ ਕੁਸ਼ੱਲਿਆ ਦੀ ਮੂਰਤੀ ਸਥਾਪਿਤ ਕਰ ਦਿੱਤੀ ਗਈ ਸੀ। ਇਸ ਧਾਰਮਿਕ ਸਥਾਨ ਦਾ ਵਾਦ-ਵਿਵਾਦ ਸੰਸਥਾ ਅਤੇ ਪੁਰਾਤਤਵ ਵਿਭਾਗ ਨਾਲ ਕਈ ਸਾਲ ਚੱਲਦਾ ਰਿਹਾ। ਆਖਿਰ ਹਾਈਕੋਰਟ ਨੇ ਇਸ ਇਤਿਹਾਸਕ ਕਿਲ੍ਹੇ ਤੋਂ ਇਸ ਸਾਂਝੇ ਧਾਰਮਿਕ ਸਥਾਨ ਨੂੰ ਹਟਾਉਣ ਦੇ ਹੁਕਮ ਦਿੱਤੇ ਸਨ, ਜਿਸ ਦੀ ਪਾਲਣਾ ਕਰਦਿਆਂ ਪੁਰਾਤਤਵ ਵਿਭਾਗ ਨੇ ਪੁਲਿਸ ਤੇ ਪ੍ਰਸ਼ਾਸਨ ਵਿਭਾਗ ਦੀ ਮਦਦ ਨਾਲ ਕਿਲ੍ਹੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਕਿਸੇ ਹੋਰ ਗੁਰਦੁਆਰਾ ਸਾਹਿਬ ਵਿਖੇ ਸੁਸ਼ੋਭਿਤ ਕਰ ਦਿੱਤਾ ਅਤੇ ਮਾਤਾ ਕੁਸ਼ੱਲਿਆ ਦੀ ਮੂਰਤੀ ਨੂੰ ਵੀ ਕਿਸੇ ਹੋਰ ਮੰਦਿਰ ਵਿਚ ਸੁਸ਼ੋਭਿਤ ਕਰ ਦਿੱਤੀ। ਹੁਣ ਵਿਭਾਗ ਨੇ ਕਿਲ੍ਹੇ ਉਪਰ ਬਣੇ ਧਾਰਮਿਕ ਸਥਾਨ ਨੂੰ ਤਾਲਾ ਲਗਾ ਦਿੱਤਾ ਹੈ ਅਤੇ ਇਸ ਪੁਰਾਣੇ ਕਿਲੇ ਦੀ ਹੋਂਦ ਨੂੰ ਵੇਖਣ ਲਈ ਪੁਰਾਣੀ ਕੰਧ ਕੋਲੋਂ ਖੁਦਾਈ ਸ਼ੁਰੂ ਕਰ ਦਿੱਤੀ ਹੈ। ਪੁਰਾਤਤਵ ਵਿਭਾਗ ਦੇ ਅਫਸਰ ਸ: ਰਵਿੰਦਰ ਸਿੰਘ ਨੇ ਦੱਸਿਆ ਹੈ ਕਿ ਵਿਭਾਗ ਵੱਲੋਂ ਕਿਲ੍ਹੇ ਦੀ ਕੰਧ ਕੋਲੋਂ ਖੁਦਾਈ ਕਰ ਕੇ ਪਤਾ ਲਗਾਇਆ ਜਾਵੇਗਾ ਕਿ ਇਸ ਕਿਲੇ ਦੀ ਬਾਹਰਲੀ ਹੱਦ ਕਿੱਥੋਂ ਤੱਕ ਸੀ। ਇਸ ਤੋਂ ਇਲਾਵਾ ਖੁਦਾਈ ਦੌਰਾਨ ਇਹ ਵੀ ਵੇਖਿਆ ਜਾਵੇਗੀ ਕਿ ਮਿੱਟੀ ਹੇਠੋਂ ਜੋ ਮਿੱਟੀ ਦੇ ਪੱਕੇ ਬਰਤਨ ਨਿਕਲਣਗੇ, ਉਹ ਕਿਸ ਕਿਸ ਸਦੀ ਦੇ ਹਨ। ਇਸ ਮੌਕੇ ਹਰਜਿੰਦਰ ਸਿੰਘ ਡਰਾਫਟਮੈਨ, ਹਰਜਿੰਦਰ ਸਿੰਘ ਅਤੇ ਤਕਨੀਸ਼ਨ ਆਦਿ ਵੀ ਮੌਜੂਦ ਸਨ।


ਦਿੱਲੀ-ਲਾਹੌਰ ਬੱਸ ਵਿੱਚ ਭਾਰਤੀ ਮੁਸਾਫ਼ਰ ਦੀ ਤਬੀਅਤ ਖ਼ਰਾਬ

ਮੁੱਢਲੀ ਸਹਾਇਤਾ ਤੋਂ ਬਾਅਦ ਪੀ ਜੀ ਆਈ ਰੈਫਰ
ਅੰਬਾਲਾ, 25 ਮਾਰਚ-ਦਿੱਲੀ ਤੋਂ ਲਾਹੌਰ ਜਾ ਰਹੀ ਲਾਹੌਰ-ਦਿੱਲੀ-ਲਾਹੌੌਰ  ‘ਸਦਾਏ ਸਰਹੱਦ’ ਬੱਸ ਵਿਚ ਸਵਾਰ ਇਕ ਭਾਰਤੀ ਨਾਗਰਿਕ ਦੀ ਅਚਾਨਕ ਤਬੀਅਤ ਵਿਗੜ ਗਈ ਜਿਸ ਕਰਕੇ ਇਹ ਬੱਸ ਇਸ ਮੁਸਾਫਰ ਨੂੰ ਲੈ ਕੇ ਅੰਬਾਲਾ ਸ਼ਹਿਰ ਦੇ ਟਰਾਮਾ ਸੈਂਟਰ ਪਹੁੰਚ ਗਈ। ਬੱਸ ਦੇ ਪਹੁੰਚਣ ਨਾਲ ਹੀ ਪੁਲੀਸ ਅਤੇ ਹਸਪਤਾਲ ਦੇ ਸਟਾਫ ਵਿਚ ਹੱਲ ਚੱਲ ਮਚ ਗਈ। ਸੁਰੱਖਿਆ ਦੇ ਮੱਦੇਨਜ਼ਰ ਹਸਪਤਾਲ ਦੇ ਸਾਰੇ ਗੇਟ ਸੀਲ ਕਰ ਦਿੱਤੇ ਗਏ ਅਤੇ ਹਸਪਤਾਲ ਵਿਚ ਮੌਜੂਦ ਰੋਗੀਆਂ ਜਾਂ ਉਨ੍ਹਾਂ ਦੇ ਮਿਲਣ ਵਾਲਿਆਂ ਨੂੰ ਇਕ ਪਾਸੇ ਇਕੱਠੇ ਕਰ ਦਿੱਤਾ ਗਿਆ। ਮਰੀਜ਼ ਨੂੰ ਮੁੱਢਲੀ ਡਾਕਟਰੀ ਸਹਾਇਤਾ ਦੇਣ ਤੋਂ ਬਾਅਦ ਪੀ.ਜੀ.ਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਅਤੇ ਬੱਸ ਬਾਕੀ ਮੁਸਾਫਰਾਂ ਨੂੰ ਲੈ ਕੇ ਲਾਹੌਰ ਲਈ ਰਵਾਨਾ ਹੋ ਗਈ।
ਮਿਲੀ ਜਾਣਕਾਰੀ ਅਨੁਸਾਰ ਦਿੱਲੀ ਤੋਂ ਲਾਹੌਰ ਜਾ ਰਹੀ ਬੱਸ ਜਦੋਂ ਪਿਪਲੀ ਦੇ ਲਾਗੇ ਪਹੁੰਚੀ ਤਾਂ ਇਸ ਵਿਚ ਸਵਾਰ  ਤਾਰੀਕ ਮੁਹੰਮਦ ਨਾਮ ਦੇ ਕੋਲਕਾਤਾ ਦੇ ਰਹਿਣ ਵਾਲੇ ਮੁਸਾਫਰ ਦੀ ਤਬੀਅਤ ਇਕ ਦਮ ਵਿਗੜ ਗਈ। ਉਸ ਨੂੰ ਸਾਹ ਲੈਣ ਵਿਚ ਤਕਲੀਫ ਹੋ ਰਹੀ ਸੀ। ਬੱਸ ਦੇ ਇੰਚਾਰਜ ਨੇ ਡੀ.ਸੀ.ਪੀ ਅੰਬਾਲਾ ਸ਼ਸ਼ਾਂਕ ਆਨੰਦ ਨੂੰ ਸੂਚਿਤ ਕੀਤਾ ਅਤੇ ਬੱਸ ਦੇ ਸਿਵਲ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਇਥੇ ਪੁਲੀਸ ਦਾ ਬੰਦੋਬਸਤ ਕਰ ਦਿੱਤਾ ਗਿਆ। ਪੌਣੇ 10 ਵਜੇ ਦੇ ਕਰੀਬ ਜਿਉਂ ਹੀ ਪਾਇਲਟ ਜਿਪਸੀ ਦੀ ਅਗਵਾਈ ਵਿਚ ਬੱਸ ਹਸਪਤਾਲ ਪਹੁੰਚੀ ਤਾਂ ਲੋਕ ਇਸ ਇੰਡੋ-ਪਾਕਿ ਬੱਸ ਨੂੰ ਦੇਖ ਕੇ ਹੈਰਾਨ ਰਹਿ ਗਏ। ਇੰਡੋ-ਪਾਕਿ ਬੱਸ ਵਿਚੋਂ ਰੋਗੀ ਨੂੰ ਆਉਂਦਿਆਂ ਦੇਖ ਕੇ ਡਾਕਟਰ ਵੀ ਇਕ ਦਮ ਹਰਕਤ ਵਿਚ ਆ ਗਏ। ਤਾਰੀਕ ਮੁਹੰਮਦ ਦੀ ਪਤਨੀ ਵੀ ਉਸ ਦੇ ਨਾਲ ਸੀ। ਇਹ ਬੱਸ ਕਰੀਬ ਇਕ ਘੰਟਾ ਹਸਪਤਾਲ ਕੈਂਪਸ ਵਿਚ ਖੜੀ ਰਹੀ। ਏਨਾ ਸਮਾਂ ਕਿਸੇ ਵੀ ਰੋਗੀ ਜਾਂ ਉਸ ਨੂੰ ਮਿਲਣ ਵਾਲੇ ਨੂੰ ਹਸਪਤਾਲ ਦੇ ਅੰਦਰ ਨਹੀਂ ਵੜਨ ਦਿੱਤਾ ਗਿਆ। ਡੀ.ਸੀ.ਪੀ ਸੁਸ਼ਾਂਕ ਆਨੰਦ ਵੀ ਮੌਕੇ ’ਤੇ ਪਹੁੰਚੇ ਅਤੇ ਸੁਰੱਖਿਆ ਦੇ ਬੰਦੋਬਸਤ ਦਾ ਜਾਇਜ਼ਾ ਲਿਆ। ਮੀਡੀਆ ਨਾਲ ਗੱਲ ਬਾਤ ਕਰਦਿਆਂ ਉਨ੍ਹਾਂ ਨੇ ਇਸ ਗੱਲੋਂ ਇਨਕਾਰ ਕੀਤਾ ਕਿ ਕਿਸੇ ਮਰੀਜ਼ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ।  ਡੀ.ਸੀ.ਪੀ ਨੇ ਦੱਸਿਆ ਕਿ ਤਾਰੀਕ ਮੁਹੰਮਦ ਨੂੰ ਮੁੱਢਲੀ ਡਾਕਟਰੀ ਸਹਾਇਤਾ  ਦੇ ਕੇ ਪੀ.ਜੀ.ਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ ਅਤੇ ਉਸ ਦੀ ਪਤਨੀ ਵੀ ਨਾਲ ਹੀ ਗਈ ਹੈ। ਬਾਕੀ ਮੁਸਾਫਰਾਂ ਨੂੰ ਲਾਹੌਰ ਲਈ ਰਵਾਨਾ ਕਰ ਦਿੱਤਾ ਗਿਆ ਹੈ।
ਤਾਰੀਕ ਮੁਹੰਮਦ ਦਾ ਇਲਾਜ ਕਰਨ ਵਾਲੇ ਡਾਕਟਰ ਪੰਕਜ ਗਰਗ ਨੇ ਦੱਸਿਆ ਕਿ ਉਸ ਨੂੰ ਪਿਛਲੇ ਇਕ ਮਹੀਨੇ ਤੋਂ ਬੁਖ਼ਾਰ ਚੜ੍ਹ ਰਿਹਾ ਸੀ ਅਤੇ ਫੇਫੜਿਆਂ ਵਿਚ ਨੁਕਸ ਹੋਣ ਕਰਕੇ ਉਸ ਨੂੰ ਸਾਹ ਲੈਣ ਵਿਚ ਤਕਲੀਫ ਹੋ ਰਹੀ ਸੀ। ਉਸ ਨੇ ਦੱਸਿਆ ਕਿ ਤਾਰੀਕ ਮੁਹੰਮਦ ਟੀ.ਬੀ ਦਾ ਪੁਰਾਣਾ ਰੋਗੀ ਜਾਪਦਾ ਹੈ। ਉਸ ਨੂੰ ਮੁੱਢਲੀ ਸਹਾਇਤਾ ਦੇ ਕੇ ਸਟੇਬਲ ਕਰਕੇ ਪੀ.ਜੀ.ਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ ਜਿਥੇ ਉਸ ਦੀ ਸਿਹਤ ਦਾ ਮੁਆਇਨਾ ਕੀਤੇ ਜਾਣ ਦੀ ਸੰਭਾਵਨਾ ਹੈ।

ਅਫ਼ਗਾਨਿਸਤਾਨ ਵਿੱਚ 500 ਸਕੂਲ ਬੰਦ

* ਤਾਲਿਬਾਨ ਦੀਆਂ ਧਮਕੀਆਂ ਕਾਰਨ ਬੱਚੇ ਸਕੂਲ ਜਾਣਾ ਛੱਡੇ

* ਭਾਰਤ ਤੇ ਤੁਰਕੀ ਵਿੱਚ ਅਫ਼ਗਾਨ ਵਿਦਿਆਰਥੀ ਵਧੇ

ਕਾਬੁਲ, 24 ਮਾਰਚ- ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਕਿਹਾ ਹੈ ਕਿ ਅਤਿਵਾਦੀਆਂ ਦੀਆਂ ਧਮਕੀਆਂ ਕਾਰਨ ਦੇਸ਼ ਅੰਦਰ 500 ਤੋਂ ਵੱਧ ਸਕੂਲ ਬੰਦ ਹੋ ਚੁੱਕੇ ਹਨ। ਇਸੇ ਨਾਲ ਉਨ੍ਹਾਂ ਦੱਸਿਆ ਕਿ ਦੇਸ਼ ਦੇ ਵਿਦਿਆਰਥੀਆਂ ਦੀ ਗਿਣਤੀ ਭਾਰਤੀ ਤੇ ਤੁਰਕੀ ਯੂਨੀਵਰਸਿਟੀਆਂ ਵਿੱਚ ਦੁੱਗਣੀ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਾਵੇਂ ਜੋ ਮਰਜ਼ੀ ਹੋ ਜਾਵੇ ਉਹ ਅਤਿਵਾਦੀਆਂ ਦੀ ਧਮਕੀ ਅੱਗੇ ਗੋਡੇ ਨਹੀਂ ਟੇਕਣਗੇ।
ਰਾਸ਼ਟਰਪਤੀ ਨੇ ਤਾਲਿਬਾਨ ਨੂੰ ਅਪੀਲ ਕੀਤੀ ਕਿ ਉਹ ਸਕੂਲਾਂ ਨੂੰ ਬੰਦ ਕਰਵਾ ਕੇ ਦੇਸ਼ ਦਾ ਭੱਠਾ ਨਾ ਬਿਠਾਉਣ। ਸਿੱਖਿਆ ਬੰਦ ਹੋਣ ਨਾਲ ਦੇਸ਼ ਦਾ ਭਵਿੱਖ ਹਨੇਰੇ ਵਿੱਚ ਚਲਾ ਜਾਵੇਗਾ। ਅੱਜ ਸਿੱਖਿਆ ਦੇ ਦਮ ‘ਤੇ ਹੋਰ ਮੁਲਕ ਅੱਗੇ ਵਧ ਰਹੇ ਹਨ, ਪਰ ਅਫ਼ਗਾਨਿਸਤਾਨ ਪੱਛੜੇ ਮੁਲਕਾਂ ਦੀ ਕਤਾਰ ਵਿੱਚ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਸਮੱਸਿਆਵਾਂ ਦਾ ਹੱਲ ਲੋਕਾਂ ਨੂੰ ਸਿੱਖਿਆ ਦੇਣ ਨਾਲ ਹੀ ਹੋਵੇਗਾ। ਇਸ ਨੂੰ ਤਾਲਿਬਾਨ ਸਣੇ ਹੋਰ ਧਿਰਾਂ ਸਮਝ ਲੈਣ।
ਅਮਾਨੀ ਹਾਈ ਸਕੂਲ ਵਿੱਚ ਰਾਸ਼ਟਰਪਤੀ ਨੇ ਐਲਾਨ ਕੀਤਾ ਕਿ ਇਸ ਸਾਲ 1000 ਹਾਈ ਸਕੂਲ ਗਰੈਜੂਏਟਾਂ ਨੂੰ ਉੱਚ ਸਿੱਖਿਆ ਲਈ ਭਾਰਤ ਤੇ ਤੁਰਕੀ ਭੇਜਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਭਾਰਤ ਤੇ ਤੁਰਕੀ ਵਿੱਚ ਗਏ ਵਿਦਿਆਰਥੀਆਂ ਦੀ ਇਹ ਆਮ ਸ਼ਿਕਾਇਤ ਹੈ ਕਿ ਉਨ੍ਹਾਂ ਨੂੰ ਖਰਚਾ ਸਮੇਂ ਸਿਰ ਨਹੀਂ ਮਿਲਦਾ। ਇਸ ਪਾਸੇ ਸਰਕਾਰ ਪੂਰਾ ਜ਼ੋਰ ਲਗਾ ਰਹੀ ਹੈ। ਇਸੇ ਲਈ ਭਾਰਤ ਤੇ ਤੁਰਕੀ ਗਏ ਵਿਦਿਆਰਥੀਆਂ ਦੇ ਉੱਥੇ ਬੈਂਕ ਖਾਤੇ ਖੋਲ੍ਹੇ ਜਾ ਰਹੇ ਹਨ। ਸ੍ਰੀ ਕਰਜ਼ਈ ਨੇ ਕਿਹਾ ਕਿ ਭਾਰਤ ਤੇ ਤੁਰਕੀ ਵਿੱਚ ਭੇਜੇ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਦੁੱਗਣੀ ਕਰ ਦਿੱਤੀ ਜਾਵੇਗੀ। ਹੁਣ ਤੱਕ ਅਫ਼ਗਾਨਿਸਤਾਨ ਦੇ 500 ਵਿਦਿਆਰਥੀ ਇਨ੍ਹਾਂ ਮੁਲਕਾਂ ਵਿੱਚ ਉੱਚ ਸਿੱਖਿਆ ਲਈ ਜਾਂਦੇ ਸਨ ਤੇ ਹੁਣ ਇਹ ਗਿਣਤੀ ਹਜ਼ਾਰ ਕਰ ਦਿੱਤੀ ਜਾਵੇਗੀ। ਇਸੇ ਨਾਲ ਸਰਕਾਰ ਨੇ ਵਿਦੇਸ਼ਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਲਈ ਫੰਡ 50 ਲੱਖ ਡਾਲਰ ਤੋਂ ਵਧਾ ਕੇ ਇਕ ਕਰੋੜ ਡਾਲਰ ਕਰ ਦਿੱਤਾ ਹੈ।
ਰਾਸ਼ਟਰਪਤੀ ਨੇ ਅਫ਼ਗ਼ਾਨਿਸਤਾਨ ਦੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਦੇਣ ਵਿੱਚ ਕੀਤੇ ਜਾ ਰਹੇ ਸਹਿਯੋਗ ਲਈ ਭਾਰਤ ਤੇ ਤੁਰਕੀ ਦਾ ਧੰਨਵਾਦ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਲਈ ਜਾਣ ਵਾਸਤੇ ਉਤਸ਼ਾਹਤ ਕਰਦਿਆਂ ਸਲਾਹ ਦਿੱਤੀ ਕਿ ਉਹ ਵਿਦੇਸ਼ੀ ਭਾਸ਼ਾਵਾਂ ਵੀ ਸਿੱਖਣ।

ਵਿਦਿਆਰਥੀਆਂ ਦੇ ਮਾਪੇ ਆਪਣੇ ਬੱਚਿਆਂ ਨੂੰ ਘਰ ਬੈਠੇ ਪੜ੍ਹਦਾ ਦੇਖ ਸਕਣਗੇ-ਵਿਰਦੀ

ਸਾਹਨੇਵਾਲ, 25 ਮਾਰਚ )-ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਾਹਨੇਵਾਲ ਰੋਡ ਕੁਹਾੜਾ ਦੇ ਪ੍ਰਿੰਸੀਪਲ ਵਿਪਨਜੀਤ ਸਿੰਘ ਵਿਰਦੀ ਨੇ ਸਾਹਨੇਵਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਪ੍ਰੈਲ ਮਹੀਨੇ 'ਚ ਸਕੂਲ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਮਾਪੇ ਘਰ ਬੈਠੇ ਹੀ ਆਪਣੇ ਵਿਦਿਆਰਥੀਆਂ ਨੂੰ ਪੜ੍ਹਾਈ ਕਰਦਾ ਵੇਖ ਸਕਣਗੇ। ਇਸ ਲਈ ਸਕੂਲ ਵਿਚ ਅਤਿ-ਆਧੁਨਿਕ ਇੰਟਰਨੈੱਟ ਸਿਸਟਮ ਲਾਇਆ ਜਾ ਰਿਹਾ ਹੈ। ਇਸ ਤਕਨੀਕ ਦੇ ਸ਼ੁਰੂ ਹੋਣ ਦੇ ਨਾਲ ਬੱਚੇ ਹਰ ਸਮੇਂ ਆਪਣੇ ਮਾਪਿਆਂ ਦੀਆਂ ਅੱਖਾਂ ਦੇ ਸਾਹਮਣੇ ਰਹਿਣਗੇ। ਵਿਰਦੀ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਨਤਾ ਪ੍ਰਾਪਤ ਦਸ਼ਮੇਸ਼ ਸਕੂਲ ਇਸ ਇਲਾਕੇ ਦੇ ਬਾਕੀ ਸਕੂਲਾਂ ਵਿਚੋਂ ਇਕੋ ਇਕ ਅਜਿਹਾ ਸਕੂਲ ਹੈ ਜਿਸ ਵਿਚ ਇੰਟਰਨੈਟ ਰਾਹੀਂ ਵਿਦਿਆਰਥੀਆਂ ਨੂੰ ਦੇਖਣ ਦੀ ਸਹੂਲਤ ਮੁਹੱਈਆ ਹੋਵੇਗੀ। ਉਨ੍ਹਾਂ ਕਿਹਾ ਕਿ ਸਾਡੇ ਸਕੂਲ ਨੂੰ ਚਲਾਉਣ ਵਾਲੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੰਸਰਾਜ ਵਿਰਦੀ ਤੇ ਉਨ੍ਹਾਂ ਦੇ ਸਾਥੀਆਂ ਦਾ ਇਕੋ-ਇਕ ਮਕਸਦ ਹੈ ਕਿ ਵਿਦਿਆਰਥੀਆਂ ਨੂੰ ਬਾਕੀ ਸਕੂਲਾਂ ਦੇ ਨਾਲੋਂ ਘੱਟ ਫ਼ੀਸਾਂ ਲੈ ਕੇ ਚੰਗੀ ਤੇ ਮਿਆਰੀ ਪੜ੍ਹਾਈ ਕਰਵਾਉਣੀ ਹੈ। ਉਨ੍ਹਾਂ ਕਿਹਾ ਕਿ ਸਕੂਲ ਦੀ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਵਿਦਿਆਰਥੀਆਂ ਨੂੰ ਪੜ੍ਹੇ-ਲਿਖੇ ਮਿਹਨਤੀ ਸਟਾਫ਼ ਰਾਹੀਂ ਪੜ੍ਹਾਈ ਕਰਵਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਕੂਲ ਦਾ ਸਲਾਨਾ ਸੱਭਿਆਚਾਰਕ ਪ੍ਰੋਗਰਾਮ 31 ਮਾਰਚ ਨੂੰ ਸੰਘੂ ਮੈਰਜ ਪੈਲੇਸ ਕੁਹਾੜਾ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ 'ਚ ਸ਼ਰਨਜੀਤ ਸਿੰਘ ਢਿੱਲੋਂ ਪੀ. ਡਬਲਯੂ. ਡੀ. ਮੰਤਰੀ ਪੰਜਾਬ, ਅਜਮੇਰ ਸਿੰਘ ਲੱਖੋਵਾਲ ਚੇਅਰਮੈਨ ਮੰਡੀ ਬੋਰਡ ਤੇ ਜਥੇਦਾਰ ਸੰਤਾ ਸਿੰਘ ਉਮੈਦਪੁਰੀ ਚੇਅਰਮੈਨ ਐੱਸ. ਐੱਸ. ਐੱਸ.ਬੋਰਡ ਪੰਜਾਬ ਵਿਦਿਆਰਥੀਆਂ ਨੂੰ ਇਨਾਮ ਵੰਡਣ ਲਈ ਵਿਸ਼ੇਸ਼ ਤੌਰ 'ਤੇ ਪੁੱਜਣਗੇ। ਇਸ ਮੌਕੇ ਸ਼੍ਰੀ ਵਿਰਦੀ ਦੇ ਨਾਲ ਗੁਰਦੀਪ ਸਿੰਘ ਕਲਰਕ ਤੇ ਰਘਵੀਰ ਸਿੰਘ ਵੀ ਹਾਜ਼ਰ ਸਨ।

ਨੌਜਵਾਨ ਨੂੰ ਕਤਲ ਕਰਨ ਦੇ ਮਾਮਲੇ 'ਚ 4 ਗ੍ਰਿਫ਼ਤਾਰ

ਲੁਧਿਆਣਾ, 25 ਮਾਰਚ -ਸਥਾਨਕ ਬਸਤੀ ਜੋਧੇਵਾਲ ਦੀ ਸ਼ਿਮਲਾ ਕਾਲੋਨੀ ਵਿਚ ਚਾਰ ਦਿਨ ਪਹਿਲਾਂ ਨੌਜਵਾਨ ਨੂੰ ਕਤਲ ਕਰਨ ਦੇ ਮਾਮਲੇ ਵਿਚ ਪੁਲਿਸ ਨੇ 4 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਡੀ. ਸੀ. ਪੀ. ਸ੍ਰੀ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਪੁਲਿਸ ਵਲੋਂ ਇਹ ਕਾਰਵਾਈ ਥਾਣਾ ਬਸਤੀ ਜੋਧੇਵਾਲ ਦੇ ਐਸ. ਐਚ. ਓ. ਸ੍ਰੀ ਜਤਿੰਦਰ ਸਿੰਘ ਦੀ ਅਗਵਾਈ ਹੇਠ ਅਮਲ ਵਿਚ ਲਿਆਉਂਦੀ ਹੈ ਤੇ ਗ੍ਰਿਫਤਾਰ ਕੀਤੇ ਕਥਿਤ ਦੋਸ਼ੀਆਂ ਦੀ ਸ਼ਨਾਖ਼ਤ ਮਨੀ ਕੁਮਾਰ, ਮਨਜੀਤ ਸਿੰਘ ਉਰਫ਼ ਸੰਨੀ, ਬੂਟਾ ਸਿੰਘ ਊਰਫ਼ ਸਾਬੀ ਬਾਬਾ ਅਤੇ ਕੋਮਲ ਕੁਮਾਰ ਉਰਫ਼ ਵਜੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ 20 ਮਾਰਚ ਨੂੰ ਇਨ੍ਹਾਂ ਕਥਿਤ ਦੋਸ਼ੀਆਂ ਨੇ ਸ਼ਿਮਲਾ ਕਾਲੋਨੀ ਵਿਚ ਸੁਖਵਿੰਦਰ ਸਿੰਘ ਉਰਫ਼ ਸੰਨੀ ਨੂੰ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਮ੍ਰਿਤਕ ਦੀ ਕਥਿਤ ਦੋਸ਼ੀਆਂ ਨਾਲ ਮੋਟਰਸਾਈਕਲ ਟੱਕਰ ਹੋਣ ਕਾਰਨ ਲੜਾਈ ਹੋਈ ਜਿਸ ਕਾਰਨ ਉਹ ਰੰਜਿਸ਼ ਰੱਖਣ ਲੱਗ ਪਏ ਸਨ। ਸੰਨੀ ਨੂੰ ਉਸਦੇ ਜਨਮ ਦਿਨ ਵਾਲੇ ਦਿਨ 20 ਮਾਰਚ ਨੂੰ ਘਰੋ ਬਹਾਨੇ ਨਾਲ ਬੁਲਾ ਲਿਆ ਤੇ ਫਿਰ ਉਸਦਾ ਕਤਲ ਕਰ ਦਿੱਤਾ ਤੇ ਫਰਾਰ ਹੋ ਗਏ। ਪੁਲਿਸ ਉਨ੍ਹਾਂ ਪਾਸੋਂ ਹੋਰ ਵੀ ਪੁੱਛ ਪੜਤਾਲ ਕਰ ਰਹੀ ਹੈ।

ਸਕੂਲਾਂ ਵੱਲੋਂ ਕੀਤੀ ਜਾਂਦੀ ਲੁੱਟ-ਖਸੁੱਟ ਖ਼ਿਲਾਫ ਪੁਤਲਾ ਫੂਕ ਮੁਜ਼ਾਹਰਾ

ਲੁਧਿਆਣਾ, 25 ਮਾਰਚ -ਹਿੰਦੂ ਸਿੱਖ ਜਾਗ੍ਰਿਤੀ ਸੈਨਾ ਨੇ ਸੀ. ਬੀ. ਐਸ. ਸੀ. ਤਹਿਤ ਚੱਲ ਰਹੇ ਪ੍ਰਾਈਵੇਟ ਸਕੂਲਾਂ ਵਲੋਂ ਕਾਨੂੰਨ ਨੂੰ ਛਿੱਕੇ ਟੰਗਕੇ ਦੋਹਾਂ ਹੱਥਾਂ ਨਾਲ ਮਚਾਈ ਲੁੱਟ-ਖਸੁੱਟ ਦੇ ਵਿਰੋਧ ਵਿਚ ਸਕੂਲ ਮਾਫੀਆ ਦਾ ਪੁਤਲਾ ਫੂਕਿਆ ਤੇ ਸਕੂਲ ਪ੍ਰਬੰਧਕਾਂ ਖਿਲਾਫ਼ ਡੱਟ ਕੇ ਨਾਅਰੇਬਾਜ਼ੀ ਕੀਤੀ। ਅਕਾਲੀ ਦਲ ਦਿੱਲੀ ਦੀ ਸੂਬਾ ਯੂਥ ਇਕਾਈ ਨੇ ਗੁਰਦੀਪ ਸਿੰਘ ਗੋਸ਼ਾ ਦੀ ਅਗਵਾਈ ਹੇਠ ਹਿੰਦੂ ਸਿੱਖ ਜਾਗ੍ਰਿਤੀ ਸੈਨਾ ਵਲੋਂ ਸੀ. ਬੀ .ਐਸ. ਸੀ. ਸਕੂਲਾਂ ਖਿਲਾਫ ਵਿੱਢੀ ਮੁਹਿੰਮ 'ਚ ਸ਼ਾਮਿਲ ਹੋਣ ਦਾ ਐਲਾਨ ਕਰਦੇ ਹੋਏ ਰੋਸ ਪ੍ਰਦਸ਼ਨ 'ਚ ਹਿੱਸਾ ਲਿਆ ਤੇ ਐਲਾਨ ਕੀਤਾ ਗਿਆ ਸਿੱਖਿਆ ਖੇਤਰ 'ਚ ਪ੍ਰਾਈਵੇਟ ਸਕੂਲਾਂ ਵੱਲੋਂ ਕੀਤੀ ਜਾ ਰਹੀ ਲੁੱਟ-ਖਸੁੱਟ ਦਾ ਖੁੱਲ੍ਹ ਕੇ ਵਿਰੋਧ ਕੀਤਾ ਜਾਵੇਗਾ। ਜਾਗ੍ਰਤੀ ਸੈਨਾ ਦੇ ਪ੍ਰਧਾਨ ਪ੍ਰਵੀਨ ਡੰਗ ਤੇ ਚੇਅਰਮੈਨ ਅਸ਼ਵਨੀ ਕਤਿਆਲ ਨੇ ਕਿਹਾ ਕਿ ਪਹਿਲੇ ਪੜਾਅ ਵਿਚ ਸਿੱਖਿਆ ਮੰਤਰੀ ਪੰਜਾਬ, ਸੀਬੀਐਸਸੀ ਚੇਅਰਮੈਨ, ਰਿਜ਼ਨਲ ਡਾਇਰੈਕਟਰ ਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤੇ ਜਾਣਗੇ। ਇਸ ਮੌਕੇ ਚਰਨਜੀਤ ਕੁਮਾਰ, ਅਰਵਿੰਦਰ ਸਿੰਘ ਚੀਨੀ, ਸੁਰਜੀਤ ਜੈਨ, ਦਿਨੇਸ਼ ਜੈਨ, ਕੰਚਨ ਖਹਿਰਾ, ਆਰਤੀ ਕਪੂਰ, ਬੰਟੀ ਬਜਾਜ, ਪਵਨ ਸਾਹਨੀ, ਜਤਿੰਦਰ ਤਨੇਜਾ, ਅਕਾਲੀ ਦਲ ਦਿੱਲੀ ਤੋਂ ਚਰਨਪ੍ਰੀਤ ਸਿੰਘ ਮਿੱਕੀ, ਗਗਨਦੀਪ ਸਿੰਘ, ਕਵਲਪ੍ਰੀਤ ਸਿੰਘ ਬੰਟੀ, ਦਲਜੀਤ ਸਿੰਘ ਚਾਵਲਾ, ਅਮਨਦੀਪ ਸਿੰਘ ਪਾਰਸ, ਅਮਨਦੀਪ ਸਿੰਘ ਰਾਜਾ, ਅਮਨਿੰਦਰ ਸਿੰਘ ਇੰਮੀ ਤੇ ਹੋਰ ਵੀ ਹਾਜ਼ਰ ਸਨ।

ਟਰੈਫਿਕ ਸਮੱਸਿਆ ਦੀ ਗ੍ਰਿਫ਼ਤ 'ਚ ਬਟਾਲਾ ਸ਼ਹਿਰ

ਬਟਾਲਾ.25 ਮਾਰਚ  ਦਿਨੋ-ਦਿਨ ਵਧ ਰਹੇ ਵਾਹਨਾਂ ਦੀ ਗਿਣਤੀ ਨਾਲ ਸੜਕਾਂ 'ਤੇ ਟਰੈਫਿਕ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ। ਟਰੈਫਿਕ ਦੀ ਸਮੱਸਿਆ ਕੇਵਲ ਇਕ ਸ਼ਹਿਰ ਦੀ ਨਹੀਂ, ਬਲਕਿ ਸਾਰਾ ਮੁਲਕ ਹੀ ਇਸ ਦੀ ਗ੍ਰਿਫ਼ਤ 'ਚ ਆ ਚੁੱਕਾ ਹੈ, ਪਰ ਛੋਟੇ ਤੇ ਤੰਗ ਇਲਾਕੇ ਵਾਲੇ ਸ਼ਹਿਰਾਂ 'ਚ ਟਰੈਫਿਕ ਦੀ ਸਮੱਸਿਆ ਗੰਭੀਰ ਚਿੰਤਾ ਦਾ ਵਿਸ਼ਾ ਬਣ ਚੁੱਕੀ ਹੈ, ਅਜਿਹੀ ਹੀ ਗੰਭੀਰ ਟਰੈਫਿਕ ਦੀ ਸਮੱਸਿਆ ਬਟਾਲਾ 'ਚੋਂ ਲੰਘਦੀ ਜਰਨੈਲੀ ਸੜਕ 'ਤੇ ਸਥਿਤ ਗਾਂਧੀ ਚੌਕ ਦੀ ਹੈ, ਜਿਥੇ ਦਿਨ-ਰਾਤ ਵਾਹਨਾਂ ਦੀ ਆਵਾਜਾਈ ਬਣੀ ਰਹਿੰਦੀ ਹੈ, ਜਿਸ ਰਫ਼ਤਾਰ ਨਾਲ ਵਾਹਨਾਂ ਦੀ ਗਿਣਤੀ ਵਧੀ ਹੈ, ਉਸ ਪੱਧਰ ਤੱਕ ਨਾ ਤਾਂ ਇਸ ਚੌਕ ਦਾ ਘੇਰਾ ਖੁੱਲ੍ਹਾ ਕੀਤਾ ਗਿਆ ਹੈ ਤੇ ਨਾ ਹੀ ਸੜਕਾਂ ਦੀ ਚੌੜਾਈ ਵਧਾਈ ਗਈ। ਗਾਂਧੀ ਚੌਕ ਦੇ ਦੋਹੀਂ ਪਾਸੀਂ ਡਵਾਈਡਰ ਬਣਾ ਕੇ ਵੰਨ ਵੇ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਹ ਡਵਾਈਡਰ ਵੀ ਹਾਦਸਿਆਂ ਦਾ ਕਾਰਨ ਬਣੇ ਪਏ ਹਨ। ਇਕ ਤਾਂ ਗਾਂਧੀ ਚੌਕ ਨਜ਼ਦੀਕ ਹੀ ਬੱਸ ਸਟੈਂਡ ਹੈ, ਦੂਜੀ ਮੁਸੀਬਤ ਡੇਰਾ ਰੋਡ 'ਤੇ ਰੇਲਵੇ ਲਾਈਨ 'ਤੇ ਬਣੇ ਪੁਲ ਨੇ ਖੜ੍ਹੀ ਕਰ ਰੱਖੀ ਹੈ, ਕਿਉਂਕਿ ਉਕਤ ਪੁਲ ਤੋਂ ਬੜੀ ਤੇਜ਼ੀ ਨਾਲ ਵਾਹਨ ਸਿੱਧੇ ਗਾਂਧੀ ਚੌਕ 'ਚ ਪ੍ਰਵੇਸ਼ ਕਰਕੇ ਟਰੈਫਿਕ ਵਿਚ ਰੁਕਾਵਟ ਖੜ੍ਹੀ ਕਰਦੇ ਹਨ। ਇਸ ਚੌਕ ਦੀ ਹਾਲਤ ਏਨੀ ਤਰਸਯੋਗ ਬਣ ਚੁੱਕੀ ਹੈ ਕਿ ਇਸ ਚੌਕ ਨੂੰ ਹੁਣ ਤੱਕ ਟਰੈਫਿਕ ਕੰਟਰੋਲ ਲਾਈਟਾਂ ਵੀ ਰਾਸ ਨਹੀਂ ਆਈਆਂ, ਇਥੇ ਇਹ ਵੀ ਵਰਨਣਯੋਗ ਹੈ ਕਿ ਸ਼ਹਿਰ 'ਚ ਕੇਵਲ ਇਸੇ ਚੌਕ 'ਚ ਟ੍ਰੈਫਿਕ ਲਾਈਟਾਂ ਹਨ। ਸਿਰਫ ਟਰੈਫਿਕ ਪੁਲਿਸ ਵਾਲੇ ਹੀ ਟਰੈਫਿਕ ਕੰਟਰੋਲ ਕਰਨ ਦੇ ਆਹਰ 'ਚ ਦਿਨ-ਰਾਤ ਲੱਗੇ ਰਹਿੰਦੇ ਹਨ, ਪਰ ਇਸ ਦੇ ਬਾਵਜੂਦ ਵੀ ਚੌਕ ਵਿਚ ਕਈ-ਕਈ ਘੰਟੇ ਟਰੈਫਿਕ ਰੁਕੀ ਰਹਿੰਦੀ ਹੈ। ਟਰੈਫਿਕ ਦੀ ਇਹ ਗੰਭੀਰ ਸਮਸਿਆ ਗਾਂਧੀ ਚੌਕ ਤੋਂ ਲੈ ਕੇ ਜਲੰਧਰ ਰੋਡ 'ਤੇ ਕਾਦੀਆਂ ਚੌਕ, ਗੁਰਦਾਸਪੁਰ ਰੋਡ 'ਤੇ ਸਿੰਬਲ ਚੌਕ, ਅੰਮ੍ਰਿਤਸਰ ਰੋਡ 'ਤੇ ਬਾਈਪਾਸ ਚੌਕ, ਡੇਰਾ ਬਾਬਾ ਨਾਨਕ ਰੋਡ 'ਤੇ ਹੈ, ਜਿਥੇ ਵਾਹਨਾਂ ਦਾ ਅਸਾਨੀ ਨਾਲ ਲੰਘਣਾ ਸੌਖੀ ਨਹੀਂ। ਭਾਵੇਂ ਕਿ ਸ਼ਹਿਰ ਦੇ ਬਾਹਰ ਬਾਈਪਾਸ ਵੀ ਬਣਿਆ ਹੋਇਆ ਹੈ, ਪਰ ਕੁਝ ਥਾਂਵਾਂ ਤੋਂ ਬਾਈਪਾਸ ਦੀ ਹਾਲਤ ਖਸਤਾ ਤੇ ਸੜਕ ਦਾ ਕੰਮ ਉਸਾਰੀ ਅਧੀਨ ਹੋਣ ਕਰਕੇ ਵੱਡੇ-ਵੱਡੇ ਟਰਾਲੇ ਤੇ ਟਰੱਕ ਵੀ ਸ਼ਹਿਰ ਦੀ ਸੰਘਣੀ ਆਬਾਦੀ ਦੀਆਂ ਕਾਲੋਨੀਆਂ 'ਚੋਂ ਲੰਘਦੇ ਹਨ। ਇਥੇ ਹੀ ਬੱਸ ਨਹੀਂ ਦੋ ਪਹੀਏ ਵਾਹਨ ਚਾਲਕ ਤੇ ਮਿੰਨੀ ਬੱਸਾਂ ਵਾਲੇ ਸ਼ਹਿਰ ਵਿਚ ਟਰੈਫਿਕ ਨਿਯਮਾਂ ਦੀ ਸ਼ਰੇਆਮ ਧੱਜੀਆਂ ਉਡਾਉਂਦੇ ਦੇਖੇ ਜਾ ਸਕਦੇ ਹਨ, ਜਦ ਕੋਈ ਮਿੰਨੀ ਬੱਸ ਬੱਸ ਸਟੈਂਡ ਤੋਂ ਰਵਾਨਾ ਹੁੰਦੀ ਹੈ ਤਾਂ ਉਕਤ ਬੱਸਾਂ ਵਾਲੇ ਅਣ ਅਧਿਕਾਰਤ ਥਾਂਵਾਂ ਤੋਂ ਬੱਸਾਂ ਰੋਕ ਕੇ ਸਵਾਰੀਆਂ ਚੜ੍ਹਾਉਂਦੇ ਹਨ ਤੇ ਉਨ੍ਹਾਂ ਦੇ ਪਿਛੇ ਗੱਡੀਆਂ ਦੀਆਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ।