Monday 12 March 2012


ਨਵੀਂ ਦਿੱਲੀ, 11 ਮਾਰਚ-ਬ੍ਰਿਟੇਨ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ ਕਿਹਾ ਹੈ ਕਿ ਸਾਲ 1984 ਦੇ ਭੋਪਾਲ ਗੈਸ ਦੁਖਾਂਤ ਨਾਲ ਜੁੜੇ ਡਾਊ ਕੈਮੀਕਲਜ਼ ਵੱਲੋਂ ਇਸ ਸਾਲ ਦੇ ਲੰਡਨ ਉਲੰਪਿਕ ਦੇ ਪ੍ਰਸ਼ਾਸਨ ਸਬੰਧੀ ਝਗੜੇ ਨੂੰ ਲੈ ਕੇ ਜੇਕਰ ਭਾਰਤ ਇਨ੍ਹਾਂ ਖੇਡਾਂ ਦਾ ਬਾਈਕਾਟ ਕਰਦਾ ਹੈ ਤਾਂ ਇਸ ਨਾਲ ਉਨ੍ਹਾਂ ਨੂੰ ਕਾਫੀ ਦੁੱਖ ਹੋਵੇਗਾ। ਫਿਲਹਾਲ ਕੈਮਰਨ ਨੇ ਡਾਊ ਕੈਮੀਕਲਜ਼ ਨੂੰ ਇਕ ਵਿਸ਼ੇਸ਼ ਕੰਪਨੀ ਕਰਾਰ ਦਿੱਤਾ ਅਤੇ ਕਿਹਾ ਕਿ ਉਹ ਉਲੰਪਿਕ ਖੇਡਾਂ ਨੂੰ ਵਾਪਸ ਜਾਂ ਰਾਜਨੀਤਕ ਉਦੇਸ਼ਾਂ ਦੇ ਲਈ ਇਸਤਮਾਲ ਹੁੰਦੇ ਨਹੀਂ ਵੇਖਣਾ ਚਾਹੁੰਦੇ। ਅੰਗਰੇਜ਼ੀ ਖ਼ਬਰ ਚੈਨਲ ਸੀ ਐਨ. ਐਨ. ਆਈ. ਬੀ. ਐਨ. ਦੇ ਪ੍ਰੋਗਰਾਮ 'ਡੇਵਿਲਸ ਐਡਵੋਕੇਟ' 'ਚ ਕਰਨ ਥਾਪਰ ਨਾਲ ਗੱਲਬਾਤ 'ਚ ਕੈਮਰੂਨ ਤੋਂ ਜਦੋਂ ਭਾਰਤ ਵੱਲੋਂ ਲੰਡਨ ਉਲੰਪਿਕ ਦੇ ਸੰਭਾਵਿਤ ਬਾਈਕਾਟ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੋਇਆ ਤਾਂ ਇਹ ਬਹੁਤ ਦੁੱਖ ਦਾ ਦਿਨ ਹੋਵੇਗਾ। ਕੈਮਰੂਨ ਨੇ ਕਿਹਾ ਕਿ ਭੋਪਾਲ ਗੈਸ ਦੁਖਾਂਤ 'ਚ ਮਾਰੇ ਗਏ ਅਤੇ ਜ਼ਖ਼ਮੀ ਹੋਏ ਲੋਕਾਂ ਦੇ ਪ੍ਰਤੀ ਉਨ੍ਹਾਂ ਦੀ ਹਮਦਰਦੀ ਹੈ ਪਰ ਨਾਲ ਹੀ ਉਨ੍ਹਾਂ ਜ਼ੋਰ ਦੇ ਕੇ ਇਹ ਵੀ ਕਿਹਾ ਕਿ ਉਲੰਪਿਕ ਖੇਡਾਂ ਦਾ ਬਾਈਕਾਟ ਸਹੀ ਕਦਮ ਨਹੀਂ ਹੈ।

ਬਹੁਜਨ ਸਮਾਜ ਪਾਰਟੀ ਸਥਾਨਕ ਚੋਣਾਂ 'ਚ ਹਿੱਸਾ
ਨਹੀਂ ਲਵੇਗੀ-ਮਾਇਆਵਤੀ

ਲਖਨਊ, 11 ਮਾਰਚ -ਉੱਤਰ ਪ੍ਰਦੇਸ਼ 'ਚ ਸਮਾਜਵਾਦੀ ਪਾਰਟੀ ਵੱਲੋਂ ਵਿਧਾਨ ਸਭਾ ਚੋਣਾ ਦੌਰਾਨ ਹੂੰਝਾ ਫੇਰ ਜਿੱਤ ਪ੍ਰਾਪਤ ਕਰਨ ਪਿੱਛੋਂ ਅੱਜ ਬਹੁਜਨ ਸਮਾਜ ਪਾਰਟੀ ਨੇ ਕਿਹਾ ਕਿ ਸੂਬੇ 'ਚ 'ਗੁੰਡਾਰਾਜ' ਦੀ ਵਾਪਸੀ ਹੋਈ ਹੈ ਅਤੇ ਉਨ੍ਹਾਂ ਦੀ ਪਾਰਟੀ ਆਉਣ ਵਾਲੀਆਂ ਸਥਾਨਿਕ ਚੋਣਾਂ 'ਚ ਹਿੱਸਾ ਨਹੀਂ ਲਵੇਗੀ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਸਮਾਜਵਾਦੀ ਪਾਰਟੀ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰਾਂ 'ਤੇ ਹਮਲੇ ਕਰ ਸਕਦੇ ਹਨ। ਆਪਣੀ ਪਾਰਟੀ ਦੇ ਕਾਰਕੁਨਾ ਦੇ ਸੰਮੇਲਨ ਨੂੰ ਸੰਬੋਧਨ ਕਰਦਿਆਂ ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਨੇ ਕਿਹਾ ਕਿ ਸਮਾਜਵਾਦੀ ਪਾਰਟੀ ਦਾ ਪਿਛੋਕੜ ਇਸ ਮਾਮਲੇ 'ਚ ਬਹੁਤ ਖਰਾਬ ਰਿਹਾ ਹੈ ਅਤੇ ਨੇੜੇ ਭਵਿੱਖ 'ਚ ਹੋਣ ਵਾਲੀਆਂ ਸਥਾਨਿਕ ਚੋਣਾਂ ਨਿਰਪੱਖ ਅਤੇ ਇਮਾਨਦਾਰੀ ਨਾਲ ਹੋਣਗੀਆਂ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ। ਮਾਇਆਵਤੀ ਨੇ ਕਿਹਾ ਕਿ ਇਨ੍ਹਾਂ ਚੋਣਾਂ ਦੌਰਾਨ ਵੱਡੀ ਪੱਧਰ 'ਤੇ ਹਿੰਸਾ ਅਤੇ ਮੌਤਾਂ ਹੋਣ ਦਾ ਵੀ ਖਦਸ਼ਾ ਹੈ ਜਿਸ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਕੁਝ ਸਖ਼ਤ ਫੈਸਲੇ ਲੈਣੇ ਪਏ ਹਨ ਅਤੇ ਇਸ ਗੱਲ ਦਾ ਐਲਾਨ ਕੀਤਾ ਕਿ ਬੀ.ਐਸ.ਪੀ. ਓਨੀ ਦੇਰ ਕਿਸੋ ਵੀ ਚੋਣਾਂ 'ਚ ਹਿੱਸਾ ਨਹੀਂ ਲਵੇਗੀ ਜਿੰਨੀ ਦੇਰ ਸਿੱਧੇ ਤੌਰ 'ਤੇ ਚੋਣ ਕਮਿਸ਼ਨ ਜਾਂ ਕੇਂਦਰੀ ਸੁਰੱਖਿਆ ਬਲਾਂ ਦੀ ਨਿਗਰਾਨੀ ਹੇਠ ਚੋਣਾਂ ਨਹੀਂ ਕਰਵਾਈਆਂ ਜਾਂਦੀਆਂ।
ਮਮਤਾ ਵੱਲੋਂ ਬਾਦਲ ਦੇ ਸਹੁੰ ਚੁੱਕ ਸਮਾਗਮ ਵਿਚ
ਆਉਣ ਦਾ ਪ੍ਰੋਗਰਾਮ ਰੱਦ

ਕਾਂਗਰਸ ਦੀ ਘੁਰਕੀ ਪਿੱਛੋਂ ਬਦਲਿਆ ਫ਼ੈਸਲਾ
ਨਵੀਂ ਦਿੱਲੀ, 11 ਮਾਰਚ -ਕਾਂਗਰਸ ਵੱਲੋਂ ਦਿੱਤੀ ਗਈ ਨਸੀਹਤ ਤੋਂ ਬਾਅਦ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਤ੍ਰਿਣਮੂਲ ਕਾਂਗਰਸ ਪ੍ਰਧਾਨ ਮਮਤਾ ਬੈਨਰਜੀ ਨੇ ਸ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਲਈ 14 ਮਾਰਚ ਨੂੰ ਹੋਣ ਵਾਲੇ ਸਮਾਗਮ ਵਿਚ ਆਉਣ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਹੈ। ਉਨ੍ਹਾਂ ਨੇ ਸਹੁੰ ਚੁੱਕ ਸਮਾਗਮਾਂ ਵਿਚ ਖੁਦ ਦੀ ਬਜਾਏ ਬੰਗਾਲ ਦੇ ਸੈਰਸਪਾਟਾ ਮੰਤਰੀ ਰਛਪਾਲ ਸਿੰਘ ਨੂੰ ਪੰਜਾਬ ਤੇ ਕੇਂਦਰੀ ਰਾਜ ਮੰਤਰੀ ਸੁਲਤਾਨ ਅਹਿਮਦ ਨੂੰ ਉੱਤਰ ਪ੍ਰਦੇਸ਼ ਵਿਚ ਆਪਣੇ ਪ੍ਰਤੀਨਿੱਧ ਵਜੋਂ ਭੇਜਣ ਦਾ ਨਿਰਨਾ ਲਿਆ ਹੈ। ਇਸ ਤੋਂ ਪਹਿਲਾਂ ਮਮਤਾ ਬੈਨਰਜੀ ਦੇ ਸ: ਪ੍ਰਕਾਸ਼ ਸਿੰਘ ਬਾਦਲ ਦੇ ਸਹੁੰ ਚੁੱਕ ਸਮਾਗਮ 'ਚ ਸ਼ਾਮਿਲ ਹੋਣ ਦੇ ਫੈਸਲੇ 'ਤੇ ਕਾਂਗਰਸ ਦੇ ਬੁਲਾਰੇ ਅਭੀਸ਼ੇਕ ਸਿੰਘਵੀ ਨੇ ਕਿਹਾ ਸੀ ਕਿ ਮਮਤਾ ਬੈਨਰਜੀ ਲਛਮਣ ਰੇਖਾ ਨਾ ਪਾਰ ਕਰੇ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਨਾਲ ਮੇਲਜੋਲ ਅਨੈਤਿਕਤਾ ਹੈ। ਮਮਤਾ ਬੈਨਰਜੀ ਜਿਨ੍ਹਾਂ ਦੀ ਪਾਰਟੀ ਕੇਂਦਰ 'ਚ ਸੱਤਾਧਾਰੀ ਸਾਂਝਾ ਪ੍ਰਗਤੀਸ਼ੀਲ ਗਠਜੋੜ ਦਾ ਹਿੱਸਾ ਹੈ, ਨੇ ਸ: ਪ੍ਰਕਾਸ਼ ਸਿੰਘ ਬਾਦਲ ਤੇ ਅਖਿਲੇਸ਼ ਯਾਦਵ (ਉੱਤਰਪ੍ਰਦੇਸ਼) ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਮੌਕੇ ਸ਼ਾਮਿਲ ਹੋਣ ਦਾ ਨਿਰਨਾ ਲਿਆ ਸੀ। ਤ੍ਰਿਣਮੂਲ ਕਾਂਗਰਸ ਦੇ ਬੁਲਾਰੇ ਡਰੇਕ ਓ ਬਰੀਨ ਨੇ ਟਵਿਟਰ 'ਤੇ ਲਿਖਿਆ ਹੈ ਕਿ ਮਮਤਾ ਬੈਨਰਜੀ ਸਹੰ ਚੁੱਕ ਸਮਾਗਮਾਂ ਵਿਚ ਸ਼ਾਮਿਲ ਹੋਣ ਲਈ ਚੰਡੀਗੜ੍ਹ ਤੇ ਲਖਨਊ ਨਹੀਂ ਜਾਣਗੇ। ਸ੍ਰ ਪ੍ਰਕਾਸ਼ ਸਿੰਘ ਬਾਦਲ ਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਮੁਲਾਇਮ ਸਿੰਘ ਯਾਦਵ ਨੇ ਬੈਨਰਜੀ ਨੂੰ ਸਹੁੰ ਚੁੱਕ ਸਮਾਗਮਾਂ ਵਿਚ ਪੁੱਜਣ ਦਾ ਸੱਦਾ ਦਿੱਤਾ ਹੈ। ਸ: ਬਾਦਲ 14 ਮਾਰਚ ਤੇ ਅਖਿਲੇਸ਼ ਯਾਦਵ 15 ਮਾਰਚ ਨੂੰ ਮੁੱਖ ਮੰਤਰੀਆਂ ਵਜੋਂ ਸਹੁੰ ਚੁੱਕਣਗੇ। ਬਾਦਲ ਨੇ ਮਮਤਾ ਤੋਂ ਇਲਾਵਾ ਹੋਰ ਜਿਨ੍ਹਾਂ ਆਗੂਆਂ ਨੂੰ ਸਮਾਗਮ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ ਉਨ੍ਹਾਂ ਵਿਚ ਸਾਂਝਾ ਪ੍ਰਗਤੀਸ਼ੀਲ ਗਠਜੋੜ ਦੇ ਭਾਈਵਾਲ ਸ਼ਰਦ ਪਵਾਰ (ਐਨ.ਸੀ.ਪੀ) , ਉਮਰ ਅਬਦੁੱਲਾ (ਨੈਸ਼ਨਲ ਕਾਨਫਰੰਸ) , ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਤੋਂ ਇਲਾਵਾ ਸਾਰੀਆਂ ਗੈਰ-ਕਾਂਗਰਸੀ ਸਰਕਾਰਾਂ ਦੇ ਮੁੱਖ ਮੰਤਰੀ ਸ਼ਾਮਿਲ ਹਨ। ਤਾਮਿਲਨਾਡੂ ਦੀ ਮੁੱਖ ਮੰਤਰੀ ਜੇ. ਜੈਲਲਿਤਾ ਨੂੰ ਵੀ ਸਮਾਗਮ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ। ਜੈਲਲਿਤਾ ਨੇ ਕਿਹਾ ਹੈ ਕਿ ਉਹ ਆਪਣੀ ਤਰਫੋਂ ਸ਼ਾਮਿਲ ਹੋਣ ਲਈ ਦੋ ਸੰਸਦ ਮੈਂਬਰਾਂ ਨੂੰ ਭੇਜ ਰਹੇ ਹਨ। ਤ੍ਰਿਣਮੂਲ ਕਾਂਗਰਸ ਪਿੱਛਲੇ ਮਹੀਨਿਆਂ ਦੌਰਾਨ ਕਾਂਗਰਸ ਲਈ ਮੁਸ਼ਕਿਲਾਂ ਖੜ੍ਹੀਆਂ ਕਰਦੀ ਆਈ ਹੈ ਤੇ ਤੇਲ ਕੀਮਤਾਂ ਵਿਚ ਵਾਧੇ ਤੇ ਪ੍ਰਚੂਨ ਖੇਤਰ ਵਿਚ ਸਿੱਧੇ ਵਿਦੇਸ਼ੀ ਨਿਵੇਸ਼ ਸਮੇਤ ਉਸ ਨੇ ਸਾਰੇ ਪ੍ਰਮੁੱਖ ਮੁੱਦਿਆਂ 'ਤੇ ਸਮੱਸਿਆਵਾਂ ਪੈਦਾ ਕਰਨ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦਿੱਤਾ। ਬੀਤੇ ਦਿਨ ਸੀਨੀਅਰ ਕਾਂਗਰਸ ਆਗੂ ਸ਼ਕੀਲ ਅਹਿਮਦ ਜੋ ਪੱਛਮੀ ਬੰਗਾਲ ਬਾਰੇ ਪਾਰਟੀ ਮਾਮਲਿਆਂ ਦੇ ਇੰਚਾਰਜ ਹਨ, ਨੇ ਕੋਲਕਾਤਾ ਵਿਚ ਮਮਤਾ ਬੈਨਰਜੀ ਨੂੰ ਮਿਲਕੇ ਉਨ੍ਹਾਂ ਨੂੰ ਅਕਾਲੀਆਂ ਵੱਲੋਂ ਆਇਆ ਸੱਦਾ ਪ੍ਰਵਾਨ ਨਾ ਕਰਨ ਲਈ ਮਨਾਉਣ ਦਾ ਯਤਨ ਕੀਤਾ ਸੀ।
 ਰੰਧਾਵਾ ਪਰਿਵਾਰ ਨੂੰ ਸਦਮਾ, ਮਾਤਾ ਦਾ ਦਿਹਾਂਤ
ਬੰਗਾ (ਹਰਨੇਕ ਸਿੰਘ ਵਿਰਦੀ )-ਕਮਰਸ਼ੀਅਲ ਰਿਐਲਟਰ ਅਤੇ ਅੰਤਰਰਾਸ਼ਟਰੀ ਪ੍ਰਮੋਟਰ ਤਾਜ਼ ਰੰਧਾਵਾ ਉਰਫ਼ ਤਜੇਸ਼ਵਰਜੀਤ ਸਿੰਘ ਰੰਧਾਵਾ ਨੂੰ ਉਦੋਂ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਜਸਵੰਤ ਕੌਰ ਰੰਧਾਵਾ (84) ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਮਿਤੀ 10 ਮਾਰਚ ਨੂੰ ਦੁਪਹਿਰ 12:40 ਤੇ ਸੰਖੇਪ ਬਿਮਾਰੀ ਪਿਛੋਂ ਗੁਰੂ ਚਰਨਾਂ ਵਿਚ ਲੀਨ ਹੋ ਗਏ। ਉਹ ਆਪਣੇ ਪਿਛੇ 5 ਪੁੱਤਰ ਹਰਜੇਸ਼ਵਰਜੀਤ ਸਿੰਘ, ਕਮਲੇਸ਼ਵਰਜੀਤ ਸਿੰਘ, ਤਜੇਸ਼ਵਰਜੀਤ ਸਿੰਘ, ਰਜ਼ੇਸ਼ਵਰਜੀਤ ਸਿੰਘ, ਗੁਰੇਸ਼ਵਰਜੀਤ ਸਿੰਘ ਅਤੇ ਦੋ ਬੇਟੀਆਂ ਕਿਰਨਜੀਤ ਕੌਰ,  ਪ੍ਰਨੀਤ ਕੌਰ  ਅਤੇ ਪੂਰਾ ਹਰਿਆ ਭਰਿਆ ਪਰਿਵਾਰ ਪਿਛੇ ਰੋਂਦਾ ਕਰਲਾਉਂਦਾ ਛੱਡ ਗਏ। ਉਨ੍ਹਾਂ ਦਾ ਅੰਤਿਮ ਸੰਸਕਾਰ 18 ਮਾਰਚ ਦਿਨ ਐਤਵਾਰ ਨੂੰ ਐਲਨ ਮੋਰਚਰੀ 247 ਨੌਰਥ ਬਰੋਡਵੇਜ ਸਟਰੀਟ ਟਰਲਕ ਕੈਲੇਫੋਰਨੀਆਂ 95380 ਵਿਖੇ ਸਵੇਰੇ 11 ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਦੇ ਸਮੇਂ ਵਿਚਕਾਰ ਕੀਤਾ ਜਾਵੇਗਾ। ਉਪਰੰਤ ਉਨ੍ਹਾਂ ਨਮਿਤ ਅੰਤਿਮ ਅਰਦਾਸ ਗੁਰਦੁਆਰਾ ਸਾਹਿਬ 2765 ਪੀਚ, ਐਵਨਿਊ ਲਿਵਿੰਗਸਟੱਨ ਕੈਲੇਫੋਰਨੀਆਂ 95334 ਵਿਖੇ ਹੋਵੇਗੀ।  ਰੰਧਾਵਾ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ 559-259-4247 (ਤਾਜ਼ ਰੰਧਾਵਾ), 209-358-5236 (ਰਾਜ ਰੰਧਾਵਾ) ਅਤੇ 209-676-8574 (ਪਰਨੀਤ ਬੱਸੀ) ਆਦਿ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ। 
 ਜਾਹਿਦਾ ਨੇ ਬਣਾਈ ਸੀ ਵਿਧਾਇਕ ਨਾਲ ਆਪਣੀ ਅਸ਼ਲੀਲ ਸੀ. ਡੀ.
ਭੋਪਾਲ— ਆਰ. ਟੀ. ਆਈ. ਐਕਟੀਵਿਸਟ ਸ਼ਹਲਾ ਮਸੂਦ ਦੀ ਹੱਤਿਆ ਦੀ ਗੁੱਥੀ ਸੁਲਝਾਉਣ 'ਚ ਲੱਗੀ ਸੀ. ਬੀ. ਆਈ. ਨੂੰ ਹੋਰ ਵੀ ਕਈ ਹੈਰਾਨ ਕਰਨ ਵਾਲੀਆਂ ਗੱਲਾਂ ਪਤਾ ਚੱਲੀਆਂ ਹਨ। ਇਨ੍ਹਾਂ 'ਚ ਰਿਸ਼ਤਿਆਂ ਦਾ ਅਜੀਬ ਤਾਣਾ-ਬਾਣਾ ਹੈ। ਸੀ. ਬੀ. ਆਈ. ਸੂਤਰਾਂ ਦੀ ਮੰਨੀਏ ਤਾਂ ਜਾਹਿਦਾ ਦਾ ਰਿਸ਼ਤਾ ਸਿਰਫ ਭਾਜਪਾ ਵਿਧਾਇਕ ਧਰੁਵ ਨਾਰਾਇਣ ਨਾਲ ਹੀ ਨਹੀਂ ਸ਼ਾਕਿਬ ਡੇਂਜਰ ਅਤੇ ਸਹੇਲਾ ਸਬਾ ਨਾਲ ਵੀ ਸੀ। ਇਹੀ ਨਹੀਂ ਸੀ. ਬੀ. ਆਈ. ਨੂੰ ਜਾਹਿਦਾ ਦੇ ਦਫਤਰ ਤੋਂ ਇਕ ਇਤਰਾਜ਼ਯੋਗ ਸੀ. ਡੀ. ਵੀ ਮਿਲੀ ਹੈ।  ਸੀ. ਬੀ. ਆਈ. ਨੇ ਸਬਾ ਤੋਂ ਘੰਟਿਆਂ ਪੁੱਛਗਿੱਛ ਕੀਤੀ। ਸਬਾ ਨੇ ਸੀ. ਬੀ. ਆਈ. ਨੂੰ ਹੈਰਾਨ ਕਰਨ ਵਾਲੀ ਹਕੀਕਤ ਦੱਸੀ। ਸੀ. ਬੀ. ਆਈ. ਸੂਤਰਾਂ ਮੁਤਾਬਕ  ਜਿਸ ਤਰ੍ਹਾਂ ਜਾਹਿਦਾ ਵਿਧਾਇਕ ਧਰੁਵ ਨਾਰਾਇਣ ਸਿੰਘ ਦੀ ਦੀਵਾਨੀ ਸੀ, ਓਨੀ ਹੀ ਦੀਵਾਨੀ ਸਬਾ, ਜਾਹਿਦਾ ਦੀ ਸੀ। ਇਸਦੀ ਤਸਦੀਕ ਜਾਹਿਦਾ ਦੇ ਬਿਆਨ ਅਤੇ ਉਸਦੀ ਡਾਇਰੀ ਤੋਂ ਵੀ ਹੋਈ ਹੈ। ਸੀ. ਬੀ. ਆਈ. ਸੂਤਰਾਂ ਮੁਤਾਬਕ ਜਾਹਿਦਾ ਅਤੇ ਸਬਾ ਵਿਚਾਲੇ ਜਿਸਮਾਨੀ ਸੰਬੰਧ ਸਨ ਪਰ ਇਹ ਗੱਲ ਸਾਫ ਨਹੀਂ ਹੋ ਪਾਈ ਹੈ ਕਿ ਇਹ ਸੰਬੰਧ ਕਿਸ ਹੱਦ ਤੱਕ ਸਨ। ਭੋਪਾਲ 'ਚ ਜਾਹਿਦਾ ਦੇ ਦਫਤਰ ਦੀ ਤਲਾਸ਼ੀ ਦੌਰਾਨ ਸੀ. ਬੀ. ਆਈ. ਨੂੰ ਦੋ ਸੀ. ਡੀ. ਮਿਲੀਆਂ ਹਨ। ਸੂਤਰਾਂ ਮੁਤਾਬਕ ਇਸ ਸੀ. ਡੀ. 'ਚ ਕੁਝ ਇਤਰਾਜ਼ਯੋਗ ਵੀਡੀਓ ਹਨ ਜਿਸ ਨੂੰ ਖੁਦ ਜਾਹਿਦਾ ਨੇ ਤਿਆਰ ਕਰਵਾਇਆ ਹੈ।
ਸੀ. ਬੀ. ਆਈ. ਨੂੰ ਜਾਹਿਦਾ ਪਰਵੇਜ ਦੇ ਭੋਪਾਲ ਸਥਿਤ ਐਮ. ਪੀ. ਨਗਰ ਇਲਾਕੇ ਦੇ ਦਫਤਰ ਤੋਂ ਦੋ ਇਤਰਾਜ਼ਯੋਗ ਸੀ. ਡੀ. ਮਿਲੀਆਂ ਹਨ। ਸੂਤਰਾਂ ਮੁਤਾਬਕ ਸੀ. ਬੀ. ਆਈ. ਨੇ ਜੋ ਸੀ. ਡੀ. ਬਰਾਮਦ ਕੀਤੀ ਹੈ, ਉਸ 'ਚ ਜਾਹਿਦਾ ਪਰਵੇਜ਼ ਅਤੇ ਭਾਜਪਾ ਵਿਧਾਇਕ ਧਰੁਨ ਨਾਰਾਇਣ ਇਤਰਾਜ਼ਯੋਗ ਹਾਲਤ 'ਚ ਹਨ। ਖਾਸ ਗੱਲ ਇਹ ਹੈ ਕਿ ਇਹ ਸੀ. ਡੀ. ਜਾਹਿਦਾ ਪਰਵੇਜ਼ ਨੇ ਖੁਦ ਤਿਆਰ ਕੀਤੀ ਹੈ। ਹੁਣ ਸੀ. ਬੀ. ਆਈ. ਇਸ ਗੱਲ ਦੀ ਤਫਤੀਸ਼ ਕਰ ਰਹੀ ਹੈ ਕਿ ਜਾਹਿਦਾ ਦਾ ਇਸ ਸੀ. ਡੀ. ਨੂੰ ਤਿਆਰ ਕਰਨ ਦਾ ਕੀ ਮਕਸਦ ਸੀ?
 ਮੈਂ ਨਾ ਕਿਸੇ ਕ੍ਰਿਕਟਰ ਨੂੰ ਮਿਲੀ ਹਾਂ, ਨਾ ਕਿਸੇ ਬੁਕੀ ਨੂੰ
ਨਵੀਂ ਦਿੱਲੀ— ਕ੍ਰਿਕਟ ਦੀ ਦੁਨੀਆ 'ਚ ਮੈਚ ਫਿਕਸਿੰਗ ਦੇ ਨਵੇਂ ਮਾਮਲੇ ਨੇ ਪੂਰੀ ਦੁਨੀਆ 'ਚ ਭੜਥੂ ਪਾ ਦਿੱਤਾ ਹੈ। ਲੰਡਨ ਦੇ ਇਕ ਅਖਬਾਰ ਨੇ ਦਾਅਵਾ ਕੀਤਾ ਹੈ ਕਿ  ਭਾਰਤ-ਪਾਕਿਸਤਾਨ ਵਿਚਾਲੇ ਵਰਲਡ ਕੱਪ 2011 ਸੈਮੀਫਾਈਨਲ ਮੈਚ ਫਿਕਸ ਸੀ।  ਮੋਹਾਲੀ 'ਚ ਹੋਈ ਵਰਲਡ ਕੱਪ ਸੈਮੀਫਾਈਨਲ 'ਚ ਖਿਡਾਰੀਆਂ ਨਾਲ ਸੰਪਰਕ ਸਾਧਨ ਲਈ ਇਕ ਬਾਲੀਵੁੱਡ ਅਭਿਨੇਤਰੀ ਦਾ ਇਸਤੇਮਾਲ ਕੀਤਾ ਗਿਆ ਸੀ। ਹੁਣ ਇਸ ਅਭਿਨੇਤਰੀ ਨੇ ਕਿਸੇ ਵੀ ਕ੍ਰਿਕਟਰ ਜਾਂ ਬੁਕੀ ਨਾਲ ਸੰਬੰਧ ਹੋਣ ਤੋਂ ਸਾਫ ਇਨਕਾਰ  ਕੀਤਾ ਹੈ। ਉਸਦਾ ਕਹਿਣਾ ਹੈ ਕਿ ਉਹ ਤਾਂ ਕਿਸੇ ਕ੍ਰਿਕਟਰ ਜਾਂ ਬੁਕੀ ਨੂੰ ਮਿਲੀ ਤੱਕ ਨਹੀਂ ਫਿਕਸਿੰਗ ਤਾਂ ਦੂਰ ਦੀ ਗੱਲ ਹੈ।
ਲੰਡਨ ਦੇ ਅਖਬਾਰ ਨੇ ਆਪਣੀ ਖਬਰ ਦੇ ਨਾਲ ਇਕ ਫੋਟੋ ਵੀ ਛਾਪੀ। ਬਾਅਦ 'ਚ ਪਤਾ ਚੱਲਿਆ ਕਿ ਇਹ ਤਸਵੀਰ ਮਾਡਲ ਅਤੇ ਅਭਿਨੇਤਰੀ ਨੁਪੂਰ ਮੇਹਤਾ ਦੀ ਹੈ। ਨੁਪੂਰ ਮਹਿਤਾ ਨੇ ਸਾਫ ਕਿਹਾ ਕਿ ਉਸਦਾ ਕਿਸੇ ਫਿਕਸਰ  ਜਾਂ ਖਿਡਾਰੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਜੋ ਵੀ ਇਹ ਦਾਅਵਾ ਕਰ ਰਿਹਾ ਹੈ, ਉਹ ਸਰਾਸਰ ਗਲਤ ਹੈ। ਨੁਪੂਰ ਨੇ ਕਿਹਾ ਕਿ ਉਹ ਅਖਬਾਰ ਖਿਲਾਫ ਕੋਈ ਕਾਨੂੰਨੀ ਕਾਰਵਾਈ ਕਰੇਗੀ ਜਾਂ ਨਹੀਂ ਇਸਦਾ ਫੈਸਲਾ ਵਕੀਲ ਨਾਲ ਗੱਲ ਕਰਨ ਤੋਂ ਬਾਅਦ ਲਵੇਗੀ।

ਪੱਬ 'ਚ ਕੰਮ ਕਰਨ ਵਾਲੀ ਲੜਕੀ ਨਾਲ ਦੁਸ਼ਕਰਮ

ਗੁੜਗਾਂਵ : ਗੁੜਗਾਂਵ ਦੇ ਇਕ ਮਾਲ ਦੇ ਪੱਬ 'ਚ ਕੰਮ ਕਰਨ ਵਾਲੀ ਇਕ 23 ਸਾਲਾ ਲੜਕੀ ਨਾਲ ਕਥਿਤ ਤੌਰ 'ਤੇ 6 ਵਿਅਕਤੀ ਨੂੰ ਸ਼ਹਿਰ ਦੇ ਇਕ ਫਲੈਟ 'ਚ ਸਮੂਹਿਕ ਦੁਸ਼ਕਰਮ ਕੀਤੇ ਜਾਣ ਦੀ ਖਬਰ ਹੈ। ਦੁਸ਼ਕਰਮ ਉਪਰੰਤ ਲੜਕੀ ਨੂੰ ਛਤਰਪੁਰ ਮੈਟਰੋ ਸਟੇਸ਼ਨ ਦੇ ਨੇੜੇ ਛੱਡ ਦਿੱਤਾ ਗਿਆ ਜਿਥੋਂ ਉਸ ਨੇ ਦਿੱਲੀ ਪੁਲਸ ਦੀ ਮਦਦ ਲਈ ਅਤੇ ਦਿੱਲੀ ਪੁਲਸ ਨੇ ਗੁੜਗਾਂਵ ਪੁਲਸ ਨਾਲ ਸਪੰਰਕ ਕਾਇਮ ਕੀਤਾ।
ਗੁੜਗਾਂਵ ਪੁਲਸ ਦੇ ਕਮਿਸ਼ਨਰ (ਸਾਬਕਾ) ਮਹੇਸ਼ਵਰ ਦਿਆਲ ਨੇ ਕਿਹਾ ਕਿ ਲੜਕੀ ਦੀ ਸ਼ਿਕਾਇਤ 'ਤੇ ਅਣਪਛਾਤੇ 6 ਵਿਅਕਤੀਆਂ ਵਿਰੁਧ F.I.R ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲੜਕੀ ਦੀ ਸ਼ਕਾਇਤ ਅਨੁਸਾਰ ਐਤਵਾਰ ਨੂੰ ਉਹ ਸਹਾਰਾ ਦੇ ਪੱਬ 'ਚ ਡਿਊਟੀ ਕਰਨ ਦੇ ਬਾਅਦ ਸ਼ਾਮ ਨੂੰ ਟੈਕਸੀ ਰਾਹੀਂ ਅਪਣੇ ਘਰ ਜਾ ਰਹੀ ਸੀ ਇਕ ਕਾਰ 'ਚ ਸਵਾਰ 6 ਲੋਕਾਂ ਨੇ ਟੈਕਸੀ ਚਾਲਕ ਨੂੰ ਰੁਕਣ ਲਈ ਮਜਬੂਰ ਕੀਤਾ। ਲੜਕੀ ਨੇ ਦੋਸ਼ ਲਾਇਆ ਹੈ ਕਿ ਜਿਵੇਂ ਹੀ ਟੈਕਸੀ ਰੁਕੀ, ਕਾਰ ਸਵਾਰਾਂ ਨੇ ਲੜਕੀ ਨੂੰ ਅਗਵਾ ਕਰ ਲਿਆ ਅਤੇ ਇਕ ਫਲੈਟ 'ਚ ਲੈ ਗਏ ਅਤੇ ਉੱਥੇ ਉਸ ਨਾਲ ਉਨ੍ਹਾਂ ਨੇ ਦੁਸ਼ਕਰਮ ਕੀਤਾ।
ਪੁਲਸ ਦਾ ਕਹਿਣਾ ਹੈ ਕਿ ਲੜਕੀ ਦਾ ਮੈਡੀਕਲ ਕਰਾਇਆ ਜਾ ਰਿਹਾ ਹੈ ਅਤੇ ਸਾਰ ਸੋਰਾਗਾਂ
'ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪੱਬ ਦੇ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਪ੍ਰਾਪਤ ਕਰ ਲਈ ਹੈ ਅਤੇ ਸੁਰਾਗ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਉਨ੍ਹਾਂ ਨੂੰ ਟੈਕਸੀ ਚਾਲਕ 'ਤੇ ਸ਼ੱਕ ਨਹੀਂ ਹੈ।