ਲੋਕ ਪਛਤਾਉਣਗੇ : ਮਾਇਆਵਤੀ
ਲਖਨਊ  :- ਉੱਤਰ ਪ੍ਰਦੇਸ਼ ਦੀ ਅਹੁਦਾ ਛੱਡ ਰਹੀ ਮੁੱਖ ਮੰਤਰੀ ਮਾਇਆਵਤੀ ਨੇ ਸੂਬਾਈ ਵਿਧਾਨ ਸਭਾ ਚੋਣਾਂ ਦੇ ਮੰਗਲਵਾਰ ਐਲਾਨੇ ਨਤੀਜਿਆਂ 'ਚ ਆਪਣੀ ਪਾਰਟੀ ਦੀ ਹਾਰ ਲਈ ਕਾਂਗਰਸ ਅਤੇ ਭਾਜਪਾ ਨੂੰ ਦੋਸ਼ੀ ਠਹਿਰਾਉਂਦੇ ਹੋਏ ਬੁੱਧਵਾਰ ਕਿਹਾ ਕਿ ਸਮਾਜਵਾਦੀ ਪਾਰਟੀ ਨੂੰ ਬਹੁਮਤ ਦੇਣ ਵਾਲੇ ਸੂਬੇ ਦੇ ਲੋਕ ਕੁਝ ਸਮੇਂ ਬਾਅਦ ਆਪਣੇ ਇਸ ਕਦਮ 'ਤੇ ਪਛਤਾਉਣਗੇ।  ਰਾਜਪਾਲ ਬੀ. ਐੱਲ. ਜੋਸ਼ੀ ਨੂੰ ਅਸਤੀਫਾ ਸੌਂਪਣ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਇਆਵਤੀ ਨੇ ਕਿਹਾ ਕਿ ਦੁੱਖ ਦੀ ਗੱਲ ਇਹ ਹੈ ਕਿ ਹੁਣ ਸੂਬੇ ਵਿਚ ਸੱਤਾ ਅਜਿਹੀ ਪਾਰਟੀ ਦੇ ਹੱਥਾਂ ਵਿਚ ਆ ਰਹੀ ਹੈ ਜੋ ਮੇਰੇ ਕਾਰਜਕਾਲ ਦੌਰਾਨ ਸ਼ੁਰੂ ਕੀਤੇ ਗਏ ਵਿਕਾਸ ਕਾਰਜਾਂ ਨੂੰ ਠੰਡੇ ਬਸਤੇ ਵਿਚ ਪਾ ਕੇ ਸੂਬੇ ਨੂੰ ਹਰ ਪੱਧਰ 'ਤੇ ਮੁੜ ਤੋਂ ਕਈ ਸਾਲ ਪਿੱਛੇ ਲੈ ਜਾਵੇਗੀ। ਇਸ ਲਈ ਸਾਡੀ ਪਾਰਟੀ ਕਾਂਗਰਸ ਅਤੇ ਭਾਜਪਾ ਨੂੰ ਜ਼ਿੰਮੇਵਾਰ ਮੰਨਦੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਬਹੁਤ ਜਲਦੀ ਹੀ ਸਪਾ ਦੇ ਕੰਮ ਕਰਨ ਦੇ ਢੰਗ ਤੋਂ ਤੰਗ ਆ ਕੇ ਬਸਪਾ ਦੇ ਰਾਜ ਨੂੰ ਯਾਦ ਕਰਨਗੇ। ਮੈਨੂੰ ਪੂਰਾ ਭਰੋਸਾ ਹੈ ਕਿ ਸੂਬੇ ਦੇ ਲੋਕ ਅਗਲੀ ਵਾਰ ਬਸਪਾ ਨੂੰ ਮੁਕੰਮਲ ਬਹੁਮਤ ਨਾਲ ਸੱਤਾ ਵਿਚ ਜ਼ਰੂਰ ਵਾਪਸ ਲਿਆਉਣਗੇ।