Monday 5 March 2012

 ਜਾਨ ਜੋਖਮ 'ਚ ਪਾ ਬੰਦ ਰੇਲਵੇ ਫਾਟਕ ਪਾਰ ਕਰਦੇ ਨੇ ਲੋਕ
ਗੁਰਦਾਸਪੁਰ, -ਬੇਸ਼ੱਕ ਰੇਲਵੇ ਵਿਭਾਗ ਨੇ ਹਰ ਰੇਲਵੇ ਕ੍ਰਾਸਿੰਗ 'ਤੇ ਰੇਲਵੇ ਫਾਟਕ ਲਗਾ ਰੱਖੇ ਹਨ ਤਾਂ ਕਿ ਲੋਕ ਰੇਲਗੱਡੀ ਆਉਣ ਤਕ ਰੇਲਵੇ ਲਾਈਨ ਨੂੰ ਪਾਰ ਨਾ ਕਰ ਸਕਣ। ਇਨ੍ਹਾਂ ਬੰਦ ਰੇਲਵੇ ਫਾਟਕਾਂ  ਕਾਰਨ ਕੁਝ ਸਮੇਂ ਲਈ ਲੋਕਾਂ ਨੂੰ ਫਾਟਕ 'ਤੇ ਰੁਕਣਾ ਵੀ ਪੈਂਦਾ ਹੈ ਪਰ ਉਸ ਦੇ ਬਾਵਜੂਦ ਜ਼ਿਆਦਾਤਰ ਲੋਕ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਬੰਦ ਰੇਲਵੇ ਫਾਟਕ ਦੇ ਹੇਠੋਂ ਨਿਕਲਣ ਤੋਂ ਵੀ ਗੁਰੇਜ ਨਹੀਂ ਕਰਦੇ। ਗੁਰਦਾਸਪੁਰ ਸ਼ਹਿਰ 'ਚ ਵੀ ਮੰਡੀ ਇਲਾਕੇ 'ਚ ਇਕ ਰੇਲਵੇ ਕ੍ਰਾਸਿੰਗ ਪੈਂਦਾ ਹੈ। ਜੀ. ਟੀ. ਰੋਡ 'ਤੇ ਇਹ ਰੇਲਵੇ ਕ੍ਰਾਸਿੰਗ ਹੋਣ ਕਾਰਨ ਇਸ ਫਾਟਕ ਨੂੰ ਰੇਲਗੱਡੀ ਆਉਣ ਤੋਂ ਕੁਝ ਸਮਾਂ ਪਹਿਲਾਂ ਹੀ ਬੰਦ ਕਰ ਦਿੱਤਾ ਜਾਂਦਾ ਹੈ। ਪਰ ਉਸ ਦੇ ਬਾਵਜੂਦ ਦੋ ਪਹੀਆ ਵਾਹਨ ਚਾਲਕ ਇਸ ਬੰਦ ਫਾਟਕ ਦੇ ਹੇਠੋਂ ਵਾਹਨਾਂ ਸਮੇਤ ਨਿਕਲਣ ਨੂੰ ਪਹਿਲ ਦਿੰਦੇ ਹਨ। ਕਈ ਵਾਰ ਤਾਂ ਰੇਲਗੱਡੀ ਬਿਲਕੁਲ ਲਾਗੇ ਆ ਚੁੱਕੀ ਹੁੰਦੀ ਹੈ ਅਤੇ ਲੋਕ ਉਸ ਦੇ ਬਾਵਜੂਦ ਬਿਨਾਂ ਕਿਸੇ ਡਰ ਦੇ ਰੇਲਵੇ ਫਾਟਕ ਹੇਠੋਂ ਨਿਕਲ ਕੇ ਰੇਲਵੇ ਲਾਈਨ ਪਾਰ ਕਰਦੇ ਹਨ। ਗੁਰਦਾਸਪੁਰ ਸ਼ਹਿਰ 'ਚ ਬਣੇ ਇਸ ਰੇਲਵੇ ਕ੍ਰਾਸਿੰਗ 'ਤੇ ਇਹ ਪ੍ਰੰਪਰਾ ਆਮ ਵੇਖੀ ਜਾਂਦੀ ਹੈ। ਇਸ ਸਬੰਧੀ ਪ੍ਰਸ਼ਾਸਨ ਵੀ ਆਪਣੀ ਜ਼ਿਮੇਵਾਰੀ ਤੋਂ ਪਿੱਛੇ ਹਟਿਆ ਹੋਇਆ ਕੰਭਕਰਨੀ ਨੀਂਦ ਸੁੱਤਾ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਬੰਦ ਫਾਟਕ ਹੇਠੋਂ ਲੰਘਣ ਵਾਲਿਆਂ ਖਿਲਾਫ ਸਖਤੀ ਵਰਤੇ ਤਾਂ ਕਿ ਹਾਦਸਾ ਨਾ ਵਾਪਰ ਸਕੇ।
 ਹਾਦਸੇ 'ਚ ਕੈਰੇਬੀਆਈ ਕ੍ਰਿਕਟਰ ਦੀ ਮੌਤ
ਪੋਰਟ ਆਫ ਸਪੇਨ— ਵੈਸਟਇੰਡੀਜ਼ ਟੀਮ ਦੇ ਮੈਂਬਰ ਰੁਨਾਕੋ ਮੋਰਟਨ ਦੀ ਐਤਵਾਰ ਰਾਤ ਇਕ ਸੜਕ ਹਾਦਸੇ 'ਚ ਮੌਤ ਹੋ ਗਈ। 33 ਸਾਲਾ ਮੋਰਟਨ, ਉਨ੍ਹਾਂ ਚੁਨਿੰਦਾ ਕ੍ਰਿਕਟਰਾਂ 'ਚੋਂ ਹੈ ਜੋ ਨੇਵਿਸ ਆਈਲੈਂਡ ਤੋਂ ਉਭਰੇ ਹਨ। ਖਬਰਾਂ ਮੁਤਾਬਕ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਇਕ ਖੰਭੇ ਨਾਲ ਟਕਰਾ ਗਈ ਜਿਸ ਕਾਰਨ ਮੌਕੇ 'ਤੇ ਹੀ ਮੋਰਟਨ ਦੀ ਮੌਤ ਹੋ ਗਈ। ਮੋਰਟਨ ਨੇ ਵੈਸਟਇੰਡੀਜ਼ ਲਈ 15 ਟੈਸਟ, 56 ਵਨ ਡੇ ਅਤੇ 7 ਟਵੰਟੀ-20 ਮੈਚ ਖੇਡੇ ਸਨ। ਉਹ ਪਹਿਲੀ ਵਾਰ 2002 'ਚ ਕੌਮੀ ਟੀਮ 'ਚ ਚੁਣੇ ਗਏ ਸਨ। ਮੋਰਟਨ ਨੇ ਆਖਰੀ ਵਾਰ 2010 'ਚ ਆਸਟ੍ਰੇਲੀਆਈ ਖਿਲਾਫ ਇਕ ਟਵੰਟੀ-20 ਮੈਚ ਖੇਡਿਆ ਸੀ।
ਮੋਰਟਨ ਦੀ ਮੌਤ 'ਤੇ ਕੈਰੇਬੀਆਈ ਟੀਮ ਦੇ ਸਾਬਕਾ ਕਪਤਾਨ ਕ੍ਰਿਸ ਗੇਲ ਨੇ ਟਵੀਟ ਕੀਤਾ ਹੈ ਕਿ ਅਸੀਂ ਇਕ ਸੱਚਾ ਲੜਕਾ ਗੁਆ ਦਿੱਤਾ। ਭਗਵਾਨ ਮੋਰਟਨ ਦੀ ਆਤਮਾ ਨੂੰ ਸ਼ਾਂਤੀ ਦੇਵੇ। ਸਾਡੀ ਯਾਦਾਂ ਕਾਫੀ ਸਮੇਂ ਤੱਕ ਨਾਲ ਰਹਿਣਗੀਆਂ। ਮੇਰੀ ਹਮਦਰਦੀ ਮੋਰਟਨ ਦੇ ਪਰਿਵਾਰ ਨਾਲ ਹੈ। ਇੰਗਲੈਂਡ ਟੀਮ ਦੇ ਖਿਡਾਰੀ ਕੇਵਿਨ ਪੀਟਰਸਨ ਨੇ ਵੀ ਟਵੀਟਰ 'ਤੇ ਮੋਰਟਨ ਨੂੰ ਯਾਦ ਕੀਤਾ। ਪੀਟਰਸਨ ਨੇ ਲਿਖਿਆ ਹੈ ਕਿ ਬਹੁਤ ਦੁਖ ਵਾਲਾ ਸਮਾਚਾਰ ਹੈ। ਮੋਰਟਨ ਬਹੁਤ ਚੰਗੇ ਖਿਡਾਰੀ ਸਨ। ਉਨ੍ਹਾਂ ਦੀ ਸੰਘਰਸ਼ ਸ਼ਕਤੀ ਬੜੀ ਸ਼ਾਨਦਾਰ ਸੀ। ਭਗਵਾਨ ਮੋਰਟਨ ਦੀ ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰੇ।
ਕਾਂਗੋ ਦੇ ਅਸਲ੍ਹਾ ਡੀਪੂ 'ਚ ਧਮਾਕੇ-206 ਮੌਤਾਂ

ਕਾਂਗੋ ਦੀ ਰਾਜਧਾਨੀ ਬਰੈਜ਼ਵਿਲੇ ਵਿਚ ਅਸਲ੍ਹੇ ਦੇ ਇਕ ਡਿਪੂ 'ਚ ਧਮਾਕਿਆਂ ਨਾਲ ਨੁਕਸਾਨਗ੍ਰਸਤ ਹੋਇਆ ਮਕਾਨ।
ਪੈਰਿਸ, 4 ਮਾਰਚ - ਇਕ ਯੂਰਪੀ ਕੂਟਨੀਤਗ ਨੇ ਦੱਸਿਆ ਕਿ ਅੱਜ ਸਵੇਰੇ ਬਰਾਜ਼ਵਿਲੇ ਦੀ ਰਾਜਧਾਨੀ ਕਾਂਗੋਲੂਜ਼ ਦੇ ਪੂਰਬੀ ਹਿੱਸੇ 'ਚ ਸਥਿਤ ਸੈਨਾ ਦੇ ਅਸਲਾ ਡੀਪੂ 'ਚ ਹੋਏ ਸਿਲਸਿਲੇ ਵਾਰ ਧਮਾਕਿਆਂ ਦੌਰਾਨ ਘੱਟੋ-ਘੱਟ 206 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਹਜ਼ਾਰਾਂ ਲੋਕ ਘਰਾਂ ਤੋਂ ਭੱਜ ਗਏ। ਟੈਲੀਫੋਨ 'ਤੇ ਪੈਰਿਸ ਵਿਖੇ ਉਨ੍ਹਾਂ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਦੱਸਿਆ ਕਿ ਸੈਨਾ ਹਸਪਤਾਲ 'ਚ 150 ਲੋਕਾਂ ਦੀਆਂ ਲਾਸ਼ਾਂ ਦੇਖੀਆਂ ਜਦੋਂ ਕਿ ਕਰੀਬ 1500 ਵਿਅਕਤੀ ਜ਼ਖਮੀ ਹਨ ਜਿਨ੍ਹਾਂ 'ਚੋਂ ਕਈਆਂ ਦੀ ਹਾਲਤ ਗੰਭੀਰ ਹੈ। ਦੱਸਿਆ ਜਾਂਦਾ ਹੈ ਕਿ ਮਰਨ ਵਾਲਿਆਂ 'ਚ ਸੈਨਿਕਾਂ ਦੇ ਨਾਲ ਆਮ ਲੋਕ ਵੀ ਸ਼ਾਮਿਲ ਹਨ। ਇਕ ਪੱਤਰਕਾਰ ਨੇ ਦੱਸਿਆ ਕਿ ਉਸ ਨੇ ਚਾਰ ਲਾਸ਼ਾਂ ਦੇਖੀਆਂ ਜਿਨ੍ਹਾਂ 'ਚ ਇਕ ਯੁਵਾ ਲੜਕੀ ਵੀ ਸੀ। ਚੀਨ ਦੇ ਨਿਊਜ਼ ਚੈਨਲ ਨੇ ਦੱਸਿਆ ਹੈ ਕਿ ਮਰਨ ਵਾਲਿਆਂ 'ਚ ਚੀਨੀ ਕਾਮਿਆਂ ਦੀ ਤਾਦਾਦ ਕਾਫੀ ਹੈ ਜਦੋਂ ਕਿ ਕਾਫੀ ਗਿਣਤੀ 'ਚ ਜ਼ਖਮੀ ਵੀ ਹੋਏ ਹਨ। ਆਪਣਾ ਨਾਮ ਨਾ ਦੱਸਣ ਦੀ ਸ਼ਰਤ 'ਤੇ ਕੁਝ ਸੈਨਿਕਾਂ ਨੇ ਦੱਸਿਆ ਕਿ ਅਸਲੇ ਦੇ ਦੋ ਡੀਪੂਆਂ 'ਚ ਧਮਾਕੇ ਹੋਏ ਅਤੇ ਉਨ੍ਹਾਂ ਨਾਲ ਆਸ ਪਾਸ ਦੇ ਕਈ ਘਰ ਪੂਰੀ ਤਰਾਂ ਨੁਕਸਾਨੇ ਗਏ ਜਦੋਂ ਕਿ ਡੀਪੂ ਦੇ ਕੋਲ ਸਥਿਤ ਇਕ ਚਰਚ ਨੂੰ ਵੀ ਕਾਫੀ ਨੁਕਸਾਨ ਹੋਇਆ। ਕੂਟਨੀਤਗਾਂ ਨੇ ਇਨ੍ਹਾਂ ਧਮਾਕਿਆਂ 'ਚ ਕਿਸੇ ਰਾਜਨੀਤਿਕ ਸਾਜ਼ਿਸ਼ ਤੋਂ ਇਨਕਾਰ ਕੀਤਾ ਹੈ ਤੇ ਕਿਹਾ ਹੈ ਕਿ ਰਾਸ਼ਟਰਪਤੀ ਬਚਾਅ ਕਾਰਜਾਂ 'ਚ ਪੂਰਾ ਸਹਿਯੋਗ ਕਰ ਰਹੇ ਹਨ। ਅਜੇ ਤਕ ਇਨ੍ਹਾਂ ਧਮਾਕਿਆਂ ਬਾਰੇ ਸਰਕਾਰ ਵੱਲੋਂ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਗਿਆ।
 
ਪੋਲੈਂਡ 'ਚ ਰੇਲ ਗੱਡੀਆਂ ਦੀ ਟੱਕਰ-16 ਮੌਤਾਂ

ਪੋਲੈਂਡ ਦੇ ਸ਼ਹਿਰ ਸ਼ਜ਼ੇਸਜੋਸਿਨੀ 'ਚ ਦੋ ਰੇਲ ਗੱਡੀਆਂ 'ਚ ਹੋਈ ਟੱਕਰ ਦਾ ਦ੍ਰਿਸ਼।
ਵਾਰਸਾ, 4 ਮਾਰਚ -ਪਿਛਲੇ 20 ਸਾਲਾਂ 'ਚ ਇਹ ਦੇਸ਼ ਦਾ ਸਭ ਤੋਂ ਭਿਆਨਕ ਰੇਲ ਹਾਦਸਾ ਹੈ। ਪੋਲੈਂਡ ਦੇ ਦੱਖਣੀ ਹਿੱਸੇ 'ਚ ਬੀਤੇ ਦਿਨ ਦੋ ਰੇਲ ਗੱਡੀਆਂ ਦੀ ਟੱਕਰ 'ਚ ਘੱਟ ਤੋਂ ਘੱਟ 16 ਲੋਕਾਂ ਦੀ ਮੌਤ ਤੇ 60 ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਹਸਪਤਾਲ 'ਚ ਦਾਖਲ ਕਰਵਾ ਦਿੱਤਾ ਗਿਆ ਹੈ ਜਿਸ 'ਚ 30 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਅੱਗ ਬੁਝਾਉ ਦਸਤੇ ਦੇ ਅਧਿਕਾਰੀ ਨੇ ਦੱਸਿਆ ਕਿ ਉਹ ਅਜੇ ਤਕ ਹਾਦਸੇ ਦੇ ਅੰਤਿਮ ਪੀੜਤ ਨੂੰ ਬਾਹਰ ਨਹੀਂ ਕੱਢ ਸਕੇ ਹਾਂ। ਉਨ੍ਹਾਂ ਕਿਹਾ ਕਿ ਜ਼ਖਮੀਆਂ ਨੂੰ ਬਚਾਉਣ ਦਾ ਰਾਹਤ ਕਾਰਜ ਪੂਰਾ ਹੋ ਚੁੱਕਾ ਹੈ। ਅਸੀਂ ਜ਼ਖਮੀਆਂ ਅਤੇ ਲਾਸ਼ਾਂ ਦੀ ਸੂਹ ਲਈ ਵਿਸ਼ੇਸ਼ ਸਿਖਲਾਈ ਵਾਲੇ ਕੁੱਤਿਆਂ ਨੂੰ ਘਟਨਾ ਵਾਲੀ ਥਾਂ 'ਤੇ ਲਿਆਂਦਾ ਗਿਆ ਪਰ ਉਨ੍ਹਾਂ ਨੇ ਸਾਨੂੰ ਕਿਸੇ ਹੋਰ ਲਾਸ਼ ਜਾਂ ਜ਼ਖਮੀ ਦੇ ਕੋਈ ਸੰਕੇਤ ਨਹੀਂ ਦਿੱਤੇ ਪਰ ਅਸੀਂ 100 ਫ਼ੀਸਦੀ ਪੱਕਾ ਨਹੀਂ ਕਹਿ ਸਕਦੇ ਕਿ ਅਸੀਂ ਮਲਬਾ ਪੂਰੀ ਤਰ੍ਹਾਂ ਸਾਫ ਕਰ ਦਿੱਤਾ ਹੈ। ਹੰਗਾਮੀ ਹਾਲਤਾਂ ਦੀਆਂ ਸੇਵਾਵਾਂ ਰਾਹੀਂ ਘਟਨਾ ਵਾਲੇ ਸਥਾਨ ਤੋਂ ਦੁਰਘਟਨਾਗ੍ਰਸਤ ਇੰਜਨ ਤੇ ਡੱਬੇ ਹਟਾਉਣ ਦਾ ਕੰਮ ਵੀ ਜਾਰੀ ਹੈ। ਅੱਗ ਬੁਝਾਊ ਦਸਤੇ ਅਤੇ ਪੁਲਿਸ ਦੇ ਸੈਂਕੜੇ ਕਰਮਚਾਰੀ ਰੇਲ ਗੱਡੀਆਂ 'ਚ ਫਸੇ ਮੁਸਾਫਿਰਾਂ ਨੂੰ ਬਾਹਰ ਕੱਢਣ ਲਈ ਰਾਹਤ ਕਾਰਜਾਂ 'ਚ ਲੱਗੇ ਹੋਏ ਹਨ। ਸੂਤਰਾਂ ਮੁਤਾਬਿਕ ਜ਼ਖਮੀਆਂ 'ਚ ਕਈ ਫਰਾਂਸ ਤੇ ਸਪੇਨ ਦੇ ਨਾਗਰਿਕ ਵੀ ਸਫਰ ਕਰ ਰਹੇ ਸਨ ਪਰ ਉਹ ਜ਼ਿਆਦਾ ਜ਼ਖਮੀਂ ਨਹੀਂ ਹੋਏ। ਪੋਲੈਂਡ ਦੇ ਪ੍ਰਧਾਨ ਮੰਤਰੀ ਡੋਨਾਲਡ ਟਸਕ ਆਪਣੇ ਤਿੰਨ ਮੰਤਰੀ ਮੰਡਲ ਦੇ ਸਾਥੀਆਂ ਨਾਲ ਘਟਨਾ ਵਾਲੀ ਥਾਂ 'ਤੇ ਗਏ। ਦੋਵਾਂ ਰੇਲ ਗੱਡੀਆਂ 'ਚ ਕੁੱਲ ਮਿਲਾ ਕੇ 350 ਮੁਸਾਫਿਰ ਸਫਰ ਕਰ ਰਹੇ ਸਨ। ਇਹ ਦੁਰਘਟਨਾ ਸ਼ਜੁਸਜੋਸਿਨੀ ਸ਼ਹਿਰ 'ਚ ਵਾਰਸਾ-ਕਾਰਕੋ ਰੇਲ ਪੱਟੜੀ 'ਤੇ ਰਾਤ ਸਵਾ ਨੌ ਵਜੇ ਹੋਈ ਅਧਿਕਾਰੀਆਂ ਅਨੁਸਾਰ ਟੱਕਰ ਦਾ ਕਾਰਨ ਦੋਵਾਂ 'ਚ ਇਕ ਰੇਲ ਗੱਡੀ ਦੀ ਗਲਤ ਟ੍ਰੈਕ 'ਤੇ ਆ ਜਾਣਾ ਹੈ।

ਬੰਗਾ ਲਾਗੇ ਸੜਕ ਹਾਦਸੇ 'ਚ ਵਿਧਾਇਕ ਦੀ ਪਤਨੀ ਸਮੇਤ ਤਿੰਨ ਫਟੱੜ

ਬੰਗਾ ਲਾਗੇ ਸੜਕ ਹਾਦਸੇ 'ਚ ਵਿਧਾਇਕ ਰਾਣਾ ਕੇ. ਪੀ ਸਿੰਘ ਦੀ ਹਾਦਸਾ ਗ੍ਰਸਤ
ਗੱਡੀ ਅਤੇ ਕਾਰ।
ਬੰਗਾ, 4 ਮਾਰਚ-ਬੰਗਾ ਲਾਗੇ ਪੈਂਦੇ ਪਿੰਡ ਢਾਹਾਂ ਵਿਖੇ ਮੁੱਖ ਮਾਰਗ ਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਨੇੜੇ ਦੋ ਗੱਡੀਆਂ ਦੀ ਜਬਰਦਸਤ ਟੱਕਰ 'ਚ ਨੰਗਲ ਦੇ ਵਿਧਾਇਕ ਰਾਣਾ ਕੇ. ਪੀ ਸਿੰਘ ਦੀ ਗੱਡੀ ਪਲਟ ਗਈ ਜਿਸ ਕਾਰਨ ਉਨ੍ਹਾਂ ਦੀ ਪਤਨੀ ਸ੍ਰੀਮਤੀ ਸ਼ਸ਼ੀ ਰਾਣਾ, ਪੁੱਤਰੀ ਮਨੀਸ਼ ਰਾਣਾ ਅਤੇ ਗੰਨਮੈਨ ਜੀਵਨ ਕੁਮਾਰ ਜ਼ਖ਼ਮੀ ਹੋ ਗਏ। ਵਿਧਾਇਕ ਦੀ ਗੱਡੀ ਪੀ. ਬੀ. 12 ਯੂ. ਜੇ 7800 ਜੋ ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾ ਰਹੀ ਸੀ, ਜਿਸ ਨਾਲ ਸਿਟੀ ਹਾਂਡਾ ਕਾਰ ਪੀ. ਬੀ. 09 ਡੀ. 9675 ਟਕਰਾ ਗਈ। ਬੰਗਾ ਪੁਲਿਸ ਨੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਬੰਗਾ ਦਾਖਿਲ ਕਰਵਾਇਆ ਅਤੇ ਬਾਅਦ 'ਚ ਸਿਵਲ ਹਸਪਤਾਲ ਰੋਪੜ ਰੈਫਰ ਕਰ ਦਿੱਤਾ ਗਿਆ। ਬੰਗਾ ਥਾਣੇ 'ਚ ਵਿਧਾਇਕ ਦੀ ਗੱਡੀ ਦੇ ਡਰਾਇਵਰ ਗੁਰਮੁੱਖ ਸਿੰਘ ਪੁੱਤਰ ਪਰਮਾ ਨੰਦ ਵਾਸੀ ਬੜਵਾ ਨੂਰਪੁਰ ਬੇਦੀ ਦੇ ਬਿਆਨਾਂ 'ਤੇ ਸਿਟੀ ਹਾਂਡਾ ਕਾਰ ਦੇ ਡਰਾਇਵਰ ਸੁਖਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਨਿਵਾਸੀ ਕਾਇਮਪੁਰਾ ਪੁਰਾਣੀ ਸਬਜ਼ੀ ਮੰਡੀ ਕਪੂਰਥਲਾ ਦੇ ਖਿਲਾਫ ਮੁਕੱਦਮਾ ਨੰ. 29 ਧਾਰਾ 279, 337, 427 ਅਧੀਨ ਮਾਮਲਾ ਦਰਜ ਕਰ ਲਿਆ। ਕਾਰ ਦਾ ਡਰਾਇਵਰ ਮੌਕੇ ਤੇ ਫਰਾਰ ਹੋ ਗਿਆ। ਘਟਨਾ ਸਥਾਨ ਦਾ ਥਾਣਾ ਮੁੱਖੀ ਜੀਵਨ ਕੁਮਾਰ ਕਾਲੀਆ ਨੇ ਜਾਇਜ਼ਾ ਲਿਆ।

ਤਲਵਾਰ ਦੇ ਹਮਲੇ 'ਚ ਪਿਓ ਦੀ ਮੌਤ ਬੇਟਾ ਜ਼ਖ਼ਮੀ

ਮ੍ਰਿਤਕ ਜਸਬੀਰ ਸਿੰਘ ਦੇ ਲੜਕੇ ਅਮਨਪ੍ਰੀਤ ਤੇ ਰਵਿੰਦਰ ਹਮਲਾਵਰਾਂ ਵੱਲੋਂ ਛਾਤੀ
ਕੀਤੇ ਵਾਰ ਦਿਖਾਉਂਦੇ ਹੋਏ।
ਡੇਰਾਬਸੀ. 4 ਮਾਰਚ ૿ ਘਰ ਦੇ ਬਾਹਰ ਗਮਲੇ ਰੱਖਣ ਨੂੰ ਲੈ ਕੇ ਦੋ ਗੁਆਢੀਆਂ ਵਿਚਾਲੇ ਹੋਏ ਝਗੜੇ 'ਚ ਇਕ ਮੌਤ ਹੋ ਗਈ। ਮਾਮਲਾ ਡੇਰਾਬਸੀ 'ਚ ਬਰਵਾਲਾ ਰੋਡ ਸਥਿਤ ਚੰਡੀਗੜ੍ਹ ਅਪਾਰਟਮੈਂਟ ਵਿਖੇ ਫਲੈਟ ਨੰਬਰ 104 'ਚ ਰਾਮਗੜ੍ਹ ਭੁੱਡਾ ਵਾਸੀ ਜਸਬੀਰ ਸਿੰਘ ਦਾ ਪਰਿਵਾਰ ਹੈ ਤੇ ਉਨ੍ਹਾਂ ਦੇ ਗਵਾਂਢ 'ਚ 110 ਨੰਬਰ ਫਲੈਟ ਜਸਵੰਤ ਸਿੰਘ ਦਾ ਹੈ। ਬੀ. ਬੀ. ਏ. ਦੇ ਵਿਦਿਆਰਥੀ ਅਮਨਪ੍ਰੀਤ ਸਿੰਘ ਪੁੱਤਰ ਜਸਬੀਰ ਸਿੰਘ ਨੇ ਦੋਸ਼ ਲਾਇਆ ਕਿ ਜਸਵੰਤ ਦੇ ਪਰਿਵਾਰ ਵਾਲੇ ਅਕਸਰ ਉਨ੍ਹਾਂ ਦੇ ਘਰ ਦੇ ਬਾਹਰ ਵੀ ਗਮਲੇ ਰੱਖ ਜਾਂਦੇ ਸਨ ਜਿਸ ਕਾਰਨ ਉਨ੍ਹਾਂ ਨੂੰ ਗੱਡੀਆਂ ਕੱਢਣ 'ਚ ਮੁਸ਼ਕਿਲ ਪੇਸ਼ ਆਉਂਦੀ ਸੀ। ਸ਼ਾਮ ਨੂੰ ਕਰੀਬ 5 ਵਜੇ ਅਮਨਪ੍ਰੀਤ ਨੇ ਆਪਣੇ ਛੋਟੇ ਭਾਈ ਰਵਿੰਦਰ ਦੇ ਨਾਲ ਗਮਲੇ ਇਕ ਪਾਸੇ ਕਰਦਿਆਂ ਹੋਇਆ ਇਤਰਾਜ਼ ਜਤਾਇਆ ਤਾਂ ਜਸਵੰਤ ਦੇ ਲੜਕੇ ਕਸ਼ਮੀਰ ਸਿੰਘ ਅਤੇ ਲਖਬੀਰ ਸਿੰਘ ਨੇ ਬੇਰਹਿਮੀ ਨਾਲ ਉਨ੍ਹਾਂ ਦੇ ਪਿਤਾ ਅਤੇ ਉਨ੍ਹਾਂ 'ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਨ੍ਹਾਂ ਦੇ ਪਿਤਾ ਜਸਬੀਰ ਸਿੰਘ ਦੀ ਮੌਤ ਹੋ ਗਈ ਅਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੇ ਦੱਸਿਆ ਕਿ ਕਸ਼ਮੀਰ ਦੀ ਮਾਤਾ ਮਹਿੰਦਰ ਕੌਰ ਅਤੇ ਉਸ ਦੀ ਪਤਨੀ ਪੂਜਾ ਵੀ ਡੰਡੇ ਲੈ ਕੇ ਉਨ੍ਹਾਂ ਦੇ ਘਰ 'ਚ ਆ ਵੜੇ ਅਤੇ ਅਮਨਪ੍ਰੀਤ ਦੀ ਮਾਂ ਅਤੇ ਭੈਣ ਨਾਲ ਕੁੱਟ ਮਾਰ ਕੀਤੀ। ਡੇਰਾਬਸੀ ਪੁਲਿਸ ਨੇ ਅਮਨਪ੍ਰੀਤ ਦੇ ਬਿਆਨ ਉਤੇ ਹਮਲਾਵਰਾਂ 'ਚ ਦੋ ਭਰਾਵਾਂ ਕਸ਼ਮੀਰ ਅਤੇ ਲਖਬੀਰ, ਲਖਬੀਰ ਦੀ ਪਤਨੀ ਪੂਜਾ ਅਤੇ ਮਾਂ ਮਹਿੰਦਰ ਕੌਰ ਦੇ ਖਿਲਾਫ ਆਈ. ਪੀ. ਸੀ. 302,307,324,452 ਅਤੇ 34 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਹਮਲਾਵਰ ਪਰਿਵਾਰ ਫਰਾਰ ਦੱਸਿਆ ਗਿਆ ਹੈ।
ਮਾਮਲਾ ਪੀ. ਏ. ਯੂ. 201 ਝੋਨੇ ਦਾ
ਸੀ. ਬੀ. ਆਈ. ਵੱਲੋ ਐੱਫ. ਸੀ. ਆਈ. ਦੇ ਗੁਦਾਮਾਂ 'ਚ ਛਾਪੇ

ਸੀ. ਬੀ. ਆਈ. ਟੀਮ ਵੱਲੋਂ ਭਾਰਤੀ ਖੁਰਾਕ ਨਿਗਮ ਦੇ ਰਾਮਪੁਰਾ ਫੂਲ
ਵਿਖੇ ਗੁਦਾਮਾਂ 'ਚ ਛਾਪੇ।
ਰਾਮਪੁਰਾ ਫੂਲ, 4 ਮਾਰਚ- ਹਾਈਕੋਰਟ ਦੇ ਹੁਕਮਾਂ 'ਤੇ ਸੀ. ਬੀ. ਆਈ. ਵੱਲੋਂ ਭਾਰਤੀ ਖੁਰਾਕ ਨਿਗਮ ਦੇ ਗੁਦਾਮਾਂ 'ਤੇ ਸੀ. ਬੀ. ਆਈ. ਵੱਲੋਂ ਛਾਪੇ ਮਾਰੇ ਗਏ ਹਨ। ਮਾਮਲਾ ਝੋਨੇ ਦੀ 201 ਕਿਸਮ ਦੇ ਚੌਲ ਲਗਾਉਣ ਦਾ ਹੈ। ਇਸ ਮਾਮਲੇ ਵਿਚ ਸ਼ਿਕਾਇਤ ਕਰਤਾ ਦੀ ਅਪੀਲ 'ਤੇ ਪਹਿਲਾਂ ਹੀ ਹਾਈਕੋਰਟ ਦੇ ਨਿਰਦੇਸ਼ਾਂ 'ਤੇ ਚੌਲਾਂ ਦੇ 252 ਨਮੂਨੇ ਸੀ. ਬੀ. ਆਈ ਵੱਲੋਂ ਲਏ ਗਏ ਸਨ। ਭਾਂਵੇ ਉਹ ਨਮੂਨੇ ਨਿਰਧਾਰਿਤ ਮਾਪਦੰਡਾਂ 'ਤੇ ਪੜਤਾਲ ਵਿਚ ਸਹੀ ਦੱਸੇ ਜਾ ਰਹੇ ਹਨ ਪਰ ਸ਼ਿਕਾਇਤ ਕਰਤਾ ਨੇ ਮਾਨਯੋਗ ਅਦਾਲਤ ਵਿਚ ਥੈਲਿਆਂ ਨੂੰ ਲੱਗੇ ਧਾਗੇ ਦਾ ਰੰਗ ਬਾਰੇ ਜਾਣਕਾਰੀ ਦੇ ਕੇ ਦੱਸਿਆ ਕਿ ਇਹ ਚੌਲ ਪਿਛਲੇ ਸਾਲ ਦੀ ਥਾਂ ਨਵੇਂ ਸਾਲ ਦਾ ਹੈ। ਛਾਪੇਮਾਰੀ ਪਾਰਦਰਸ਼ੀ ਢੰਗ ਨਾਲ ਕਰਨ ਲਈ ਛਾਪੇਮਾਰ ਟੀਮ ਵੱਲੋਂ ਵੀਡੀਗ੍ਰਾਫੀ ਕੀਤੀ ਜਾ ਰਹੀ ਹੈ। ਟੀਮ ਵੱਲੋਂ 15 ਗੁਦਾਮਾਂ ਵਿਚ ਲੱਗੇ ਚੌਲਾਂ ਨੂੰ ਡੂੰਘਾਈ ਨਾਲ ਖੰਗਾਲਿਆ ਜਾ ਰਿਹਾ ਹੈ। ਦੱਸਣਾ ਬਣਦਾ ਹੈ ਕਿ ਪਿਛਲੇ ਸਮੇਂ ਪੀ. ਏ. ਯੂ. ਝੋਨੇ ਦੀ ਛੜਾਈ ਦੌਰਾਨ ਚੌਲਾਂ ਦੀ ਕੁਆਲਿਟੀ ਮਾੜੀ ਬਣਨ ਦੀ ਸ਼ਿਕਾਇਤ ਸ਼ੈਲਰ ਮਾਲਕਾਂ ਵੱਲੋਂ ਕੀਤੀ ਗਈ ਸੀ। ਇਸ 'ਤੇ ਉਨ੍ਹਾਂ ਨੇ ਸੰਘਰਸ਼ ਵੀ ਛੇੜਿਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਪੀ ਏ ਯੂ 201 ਕਿਸਮ ਦੇ ਝੋਨਾ ਕੁਆਲਟੀ ਪੱਖੋ ਮਾੜਾ ਸੀ ਤੇ ਚਾਵਲ ਦੀ ਡੈਮੇਜ, ਡਿਸਕਲਰ ਅਤੇ ਬਰੋਕਨ ਜਿਆਦਾ ਹੋਣ ਕਾਰਨ ਸਨਅਤਕਾਰ ਇਸ ਝੋਨੇ ਦੀ ਮਿਲਿੰਗ ਕਰਨ ਨੂੰ ਤਿਆਰ ਨਹੀ ਸਨ। ਜਿਸ ਨਾਲ ਸਰਕਾਰ ਨੇ ਸਹਿਮਤ ਹੁੰਦਿਆਂ ਸ਼ੈਲਰ ਮਾਲਕਾਂ ਨੂੰ 200 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਰਿਆਇਤ ਦੇ ਦਿੱਤੀ ਸੀ। ਇਸ ਦੇ ਬਾਵਜੂਦ ਸ਼ਿਕਾਇਤ ਕੀਤੀ ਜਾ ਰਹੀ ਹੈ ਕਿ ਸ਼ੈਲਰ ਮਾਲਕਾਂ ਨੂੰ ਚੌਲਾਂ ਦੀ ਅਪਗ੍ਰੇਡੇਸ਼ਨ ਨਹੀਂ ਕੀਤੀ ਅਤੇ ਗੁਦਾਮਾਂ ਵਿਚ ਨਵਾਂ ਮਾਲ ਲਗਾ ਦਿੱਤਾ। ਦੋਸ਼ ਲਗਾਏ ਜਾ ਰਹੇ ਹਨ ਕਿ ਉਸ ਵਕਤ ਗੋਦਾਮਾਂ ਵਿੱਚ ਲਗਾਏ ਗਏ ਚਾਵਲਾਂ ਦੇ ਥੈਲਿਆਂ ਨੂੰ ਲਾਲ ਰੰਗ ਦਾ ਧਾਗਾ ਲੱਗਿਆਂ ਹੋਇਆ ਸੀ ਜਦ ਕਿ ਅਗਲੇ ਸਾਲ ਇਸ ਧਾਗੇ ਦਾ ਰੰਗ ਨੀਲਾ ਕਰ ਦਿੱਤਾ ਗਿਆ ਸੀ। ਦੋਸ਼ ਲਗਾਏ ਜਾ ਰਹੇ ਹਨ ਕਿ ਸ਼ੈਲਰ ਵਾਲਿਆਂ ਨੇ ਵਿਭਾਗੀ ਅਧਿਕਾਰੀਆ ਨਾਲ ਮਿਲ ਕੇ ਕਥਿਤ ਤੌਰ 'ਤੇ ਘਟੀਆ ਦਰਜੇ ਦਾ ਨਵਾਂ ਚੌਲ ਡਿਪੂਆਂ ਵਿੱਚ ਲਗਾ ਦਿੱਤਾ ਅਤੇ 54 ਹਜ਼ਾਰ ਰੁਪਏ ਗੱਡੀ ਦੇ ਹਿਸਾਬ ਨਾਲ ਸਰਕਾਰ ਦਾ ਕਰੋੜਾਂ ਰੁਪਈਆ ਛੱਕ ਲਿਆ। ਸੂਤਰਾ ਅਨੁਸਾਰ ਇੱਥੇ ਮਿੱਲਰਾਂ ਵੱਲੋਂ ਪੀ ਏ ਯੂ 201 ਕਿਸਮ ਝੋਨੇ ਦੀ ਚਾਰ ਹਜ਼ਾਰ ਗੱਡੀ ਮਾਲ ਭਾਰਤੀ ਖੁਰਾਕ ਨਿਗਮ ਕੋਲ ਸਟਾਕ ਕੀਤਾ ਗਿਆ ਸੀ ਜਿਸ ਵਿੱਚੋ ਦੋ ਹਜ਼ਾਰ ਗੱਡੀ ਚੌਲ ਹੋਰਨਾਂ ਰਾਜਾਂ ਨੂੰ ਭੇਜਿਆਂ ਵੀ ਜਾ ਚੁੱਕਾ ਹੈ। ਛਾਪਾ ਮਾਰ ਟੀਮ ਨੇ ਇਹ ਆਖ ਕੇ ਕੁਝ ਵਿਚ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਰਿਪੋਰਟ ਅਦਾਲਤ ਵਿਚ ਪੇਸ਼ ਕੀਤੀ ਜਾਵੇਗੀ।

ਮਲਕੀਤ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ

ਮਲਕੀਤ ਸਿੰਘ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਸਮੇਂ। ਉਨ੍ਹਾਂ ਨਾਲ ਸ: ਸਰਬਜੀਤ
ਸਿੰਘ ਤੇ ਹੋਰ ਵੀ ਨਜ਼ਰ ਆ ਰਹੇ ਹਨ।
ਅੰਮ੍ਰਿਤਸਰ, 4 ਮਾਰਚ -ਪੰਜਾਬੀ ਲੋਕ ਗਾਇਕ ਮਲਕੀਤ ਸਿੰਘ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਮਲਕੀਤ ਸਿੰਘ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਆ ਕੇ ਉਨ੍ਹਾਂ ਨੂੰ ਸ਼ਾਂਤੀ ਮਿਲਦੀ ਹੈ ਅਤੇ ਉਹ ਜਦ ਵੀ ਪੰਜਾਬ ਆਉਂਦੇ ਹਨ ਗੁਰੂ ਘਰ ਵਿਖੇ ਜ਼ਰੂਰ ਨਤਮਸਤਕ ਹੁੰਦੇ ਹਨ। ਮਲਕੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਨਵੀਂ ਧਾਰਮਿਕ ਐਲਬਮ ਜੋ ਵਿਸਾਖੀ 'ਤੇ ਆ ਰਹੀ ਹੈ ਜਿਸ ਦੀ ਰਿਕਾਰਡਿੰਗ ਅੱਜ ਮੁਕੰਮਲ ਹੋਣ 'ਤੋਂ ਬਾਅਦ ਸ਼ੁਕਰਾਨੇ ਵਜੋਂ ਇੱਥੇ ਮੱਥਾ ਟੇਕਣ ਆਏ ਹਨ। ਉਨ੍ਹਾਂ ਕਿਹਾ ਕਿ ਬਾਲੀਵੁੱਡ 'ਚ ਤਾਂ ਪੰਜਾਬੀ ਸੰਗੀਤ ਨੂੰ ਕਾਫ਼ੀ ਲੰਬੇ ਸਮੇਂ 'ਤੋਂ ਪਸੰਦ ਕੀਤਾ ਜਾ ਰਿਹਾ ਸੀ ਹੁਣ ਹਾਲੀਵੁਡ 'ਚ ਵੀ ਪੰਜਾਬੀ ਸੰਗੀਤ ਦਾ ਬੋਲਬਾਲਾ ਹੋਣ ਲੱਗ ਪਿਆ ਹੈ।

ਚੰਡੀਗੜ੍ਹ ਦੇ ਗੋਲਫ਼ ਕਲੱਬ 'ਚ ਫ਼ਨਕਾਰਾਂ ਨੇ ਲਾਈਆਂ ਰੌਣਕਾਂ

ਚੰਡੀਗੜ੍ਹ ਪੁੱਜੇ ਅਭਿਨੇਤਾ ਸੰਨੀ ਦਿਓਲ, ਸੰਜੇ ਦੱਤ, ਅਭਿਨੇਤਰੀ ਕਿਰਨ ਖੇਰ, ਅਭੈ
ਦਿਓਲ ਅਤੇ ਨੀਰੂ ਬਾਜਵਾ।
ਚੰਡੀਗੜ੍ਹ. 4 ਮਾਰਚ ૿ ਅੱਜ ਸਥਾਨਕ ਗੋਲਫ਼ ਕਲੱਬ ਵਿਖੇ 'ਆਈ.ਜੀ. ਪੁਲਿਸ ਗੋਲਫ ਟੂਰਨਾਮੈਂਟ' ਦੇ ਮੌਕੇ 'ਤੇ ਫ਼ਿਲਮੀ ਖੇਤਰ ਨਾਲ ਜੁੜੇ ਫ਼ਨਕਾਰਾਂ ਮਿਲ ਕੇ ਖੂਬ ਰੌਣਕਾਂ ਲਾਈਆਂ। ਇਨ੍ਹਾਂ ਵਿਚ ਬਾਲੀਵੁੱਡ ਦੇ ਉੱਘੇ ਅਦਾਕਰਾਂ ਸੰਨੀ ਦਿਓਲ, ਸੰਜੇ ਦੱਤ, ਅਭੈ ਦਿਓਲ, ਹਰਭਜਨ ਮਾਨ, ਲਖਵਿੰਦਰ ਬਡਾਲੀ, ਕਿਰਨ ਖੇਰ, ਨੀਰੂ ਬਾਜਵਾ ਆਦਿ ਜਿਥੇ ਦਰਸ਼ਕਾਂ ਦੇ ਸਨਮੁੱਖ ਹੋਏ ਉਥੇ ਅਭਿਨੇਤਰੀ ਕਿਰਨ ਖੇਰ ਦੇ ਬੇਟੇ ਸਿਕੰਦਰ ਖੇਰ ਤੋਂ ਇਲਾਵਾ ਉਡਣਾ ਸਿੱਖ ਮਿਲਖਾ ਸਿੰਘ, ਜੀਵ ਮਿਲਖਾ ਸਿੰਘ, ਗੋਲਫਰ ਹਰਮੀਤ ਕਾਹਲੋਂ ਆਦਿ ਨੇ ਵੀ ਸ਼ਿਰਕਤ ਕੀਤੀ। ਇਸ ਅਵਸਰ 'ਤੇ ਚੰਡੀਗੜ੍ਹ ਪੁਲਿਸ ਦੇ ਆਈ.ਜੀ. ਸ੍ਰੀ ਪ੍ਰਦੀਪ ਸ੍ਰੀਵਾਸਤਵਾ ਅਤੇ ਚੰਡੀਗੜ੍ਹ ਪੁਲਿਸ ਦੇ ਐੱਸ.ਐੱਸ.ਪੀ. ਨੌਨਿਹਾਲ ਸਿੰਘ ਸਮੇਤ ਹੋਰ ਵੀ ਨਾਮੀ ਸਖਸ਼ੀਅਤਾਂ ਸਮਾਰੋਹ 'ਚ ਪੁੱਜੀਆਂ। ਇਸ ਮੌਕੇ 'ਤੇ ਸੰਨੀ ਦਿਓਲ ਨੇ ਕਿਹਾ ਕਿ ਉਸ ਨੂੰ ਵਾਰ-ਵਾਰ ਪੰਜਾਬ ਆਉਣਾ ਚੰਗਾ ਲੱਗਦੈ, ਕਿਉਂ ਜੋ ਆਪਣੀ ਮਿੱਟੀ ਨਾਲ ਜੁੜ ਕੇ ਇਕ ਵੱਖਰਾ ਹੀ ਸਕੂਨ ਮਿਲਦੈ। ਸੰਜੇ ਦੱਤ ਨੇ ਕਿਹਾ ਕਿ ਉਹ ਫ਼ਿਲਮ 'ਸਨ ਆਫ ਪੰਜਾਬ' ਦੀ ਸ਼ੂਟਿੰਗ ਦੇ ਸਿਲਸਿਲੇ 'ਚ ਨਿਰੰਤਰ ਪੰਜਾਬ ਨਾਲ ਜੁੜੇ ਹੋਏ ਹਨ ਤੇ ਇਥੋਂ ਦੇ ਲੋਕਾਂ 'ਚ ਵਿਚਰਨਾ ਬਹੁਤ ਚੰਗਾ ਲੱਗ ਰਿਹੈ। ਇਸ ਮੌਕੇ 'ਤੇ ਅਦਾਕਾਰ ਅਤੇ ਗਾਇਕ ਹਰਭਜਨ ਮਾਨ ਨੇ ਆਪਣੇ ਵਧੀਆ ਲਹਿਜ਼ੇ ਵਿਚ ਆਪਣੀ ਗਾਇਕੀ ਪੇਸ਼ ਕਰਕੇ ਵੀ ਚੰਗੀ ਰੌਣਕ ਲਾਈ। ਗਾਇਕ ਤੇ ਅਦਾਕਾਰ ਲਖਵਿੰਦਰ ਬਡਾਲੀ ਨੇ ਕਿਹਾ ਕਿ ਅੱਜ ਦੇ ਸਮਾਰੋਹ 'ਚ ਉਸ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ। ਅਭਿਨੇਤਰੀ ਕਿਰਨ ਖੇਰ ਨੇ ਕਿਹਾ ਕਿ ਚੰਡੀਗੜ੍ਹ ਉਸ ਦਾ ਸ਼ਹਿਰ ਹੈ ਤੇ ਆ ਕੇ ਉਸ ਦੇ ਜ਼ਹਿਨ 'ਚ ਪੁਰਾਣੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਨੇ। ਨੀਰੂ ਬਾਜਵਾ ਨੇ ਕਿਹਾ ਕਿ ਪੰਜਾਬੀਆਂ ਦਾ ਜੋ ਭਰਪੂਰ ਹੁੰਗਾਰਾ ਉਸ ਦੀਆਂ ਫ਼ਿਲਮਾਂ ਨੂੰ ਮਿਲ ਰਿਹਾ ਉਸ ਲਈ ਉਹ ਸਦਾ ਰਿਣੀ ਰਹੇਗੀ।
ਪਰਾਗਪੁਰ 'ਚ 'ਜੈਨ ਅਡਵਾਈਜ਼ਰ' ਖੇਤੀ ਮੇਲਾ 7 ਤੋਂ

ਕਿਸਾਨ ਮੇਲੇ ਬਾਰੇ ਜਾਣਕਾਰੀ ਦੇਣ ਸਮੇਂ ਮੁੱਖ ਪ੍ਰਬੰਧਕ ਝਰਮਲ ਸਿੰਘ, ਰਣਜੀਤ
ਟੁੱਟ ਤੇ ਹੋਰ।
ਜਲੰਧਰ, 4 ਮਾਰਚ -ਕਿਸਾਨੀ ਦੇ ਵਿਕਾਸ ਦੇ ਮਨੋਰਥ ਨਾਲ ਅਡਵਾਈਜ਼ਰ ਪਬਲੀਕੇਸ਼ਨਜ਼ ਵੱਲੋਂ ਪਿੰਡ ਪਰਾਗਪੁਰ, ਜੀ. ਟੀ. ਰੋਡ ਜਲੰਧਰ ਵਿਖੇ 7, 8 ਅਤੇ 9 ਮਾਰਚ ਨੂੰ ਦੂਸਰਾ ਜੈਨ-ਅਡਵਾਈਜ਼ਰ ਖੇਤੀ ਮੇਲਾ 2012 ਕਰਵਾਇਆ ਜਾ ਰਿਹਾ ਹੈੇ। ਅੱਜ ਪ੍ਰੈੱਸ ਕਾਨਫਰੰਸ ਦੌਰਾਨ ਮੁੱਖ ਮੇਲਾ ਪ੍ਰਬੰਧਕ ਝਰਮਲ ਸਿੰਘ ਨੇ ਦੱਸਿਆ ਕਿ ਪਹਿਲੇ ਦਿਨ ਵੱਖ-ਵੱਖ ਖੇਤਰਾਂ ਵਿਚ ਯੋਗਦਾਨ ਪਾਉਣ ਵਾਲੀਆਂ 7 ਸ਼ਖਸੀਅਤਾਂ ਦਾ ਸਨਮਾਨ ਹੋਵੇਗਾ। ਮੇਲੇ ਦੇ ਅਖੀਰਲੇ ਦਿਨ 9 ਕਿਸਾਨਾਂ ਨੂੰ ਖੇਤੀ ਵਿਭਿੰਨਤਾ, ਬਾਗਬਾਨੀ ਅਤੇ ਡੇਅਰੀ ਵਿਚ ਜੈਨ ਅਡਵਾਈਜ਼ਰ ਕਿਸਾਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਮੇਲੇ ਮੌਕੇ ਸਮਾਜ ਸੇਵਾ ਦੇ ਖੇਤਰ ਵਿਚ ਯੋਗਦਾਨ ਪਾਉਣ ਲਈ ਡੁਬਈ ਦੇ ਉੱਘੇ ਕਾਰੋਬਾਰੀ ਤੇ ਸਮਾਜ ਸੇਵੀ ਸ: ਐਸ. ਪੀ. ਸਿੰਘ ਉਬਰਾਏ ਨੂੰ 'ਭਾਰਤੀਆਂ ਦਾ ਮਾਣ' ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇੰਗਲੈਂਡ ਵਿਚ ਰਹਿਣ ਵਾਲੇ ਸ: ਰਾਮ ਸਿੰਘ ਢੇਸੀ ਨੂੰ 'ਧਰਤ ਸੁਹਾਵੀ' ਪੁਰਸਕਾਰ, ਪਿੰਗਲਵਾੜਾ ਅੰਮ੍ਰਿਤਸਰ ਦੀ ਮੁੱਖ ਪ੍ਰਬੰਧਕ ਡਾ: ਇੰਦਰਜੀਤ ਕੌਰ ਨੂੰ 'ਕੁਦਰਤ ਅਨਮੋਲ' ਪੁਰਸਕਾਰ, ਸਾਫ-ਸੁਥਰੀ ਗਾਇਕੀ ਲਈ ਮਨਮੋਹਨ ਵਾਰਿਸ ਨੂੰ 'ਸਾਡਾ ਵੱਸਦਾ ਰਹੇ ਪੰਜਾਬ' ਪੁਰਸਕਾਰ ਅਤੇ ਖੇਤੀ ਉਦਯੋਗ ਦੇ ਖੇਤਰ ਵਿਚ ਪਾਏ ਸ਼ਾਨਦਾਰ ਯੋਗਦਾਨ ਬਦਲੇ ਨਿਊ ਹਾਲੈਂਡ ਟਰੈਕਟਰ ਨੂੰ 'ਐਕਸੀਲੈਂਸ ਇਨ ਐਗਰੋ ਇੰਡਸਟਰੀਜ਼' ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਖੇਤੀ ਸਾਹਿਤ ਨੂੰ ਸਮਰਪਿਤ ਸ਼ਖਸੀਅਤ ਡਾ: ਰਣਜੀਤ ਸਿੰਘ ਨੂੰ ਉਮਰ ਭਰ ਦੀਆਂ ਪ੍ਰਾਪਤੀਆਂ ਲਈ 'ਖੇਤੀ ਵਿਕਾਸ ਪੁਰਸਕਾਰ' ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਖੇਤੀ ਉਦਯੋਗ ਵਿਚ ਉਮਰ ਭਰ ਦੇ ਯੋਗਦਾਨ ਲਈ ਅਖਤਿਆਰ ਐਗਰੋ ਕਿੰਗ ਦੇ ਸੰਸਥਾਪਕ ਸ: ਸਾਧੂ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ। ਮੇਲੇ ਨੂੰ ਕਰਵਾਉਣ ਵਿਚ ਅਹਿਮ ਯੋਗਦਾਨ ਪਾਉਣ ਵਾਲੀ ਸ਼ਖਸੀਅਤ ਸ: ਗੁਰਦੀਪ ਸਿੰਘ ਸੈਂਹਬੀ ਮੋਗਾ (ਅਮਰੀਕਾ) ਦਾ ਵਿਸ਼ੇਸ਼ ਸਨਮਾਨ ਹੋਵੇਗਾ। 9 ਮਾਰਚ ਨੂੰ ਖੇਤੀ ਵਿਭਿੰਨਤਾ ਵਿਚ ਗੁਰਦਿਆਲ ਸਿੰਘ ਪਿੰਡ ਰਾਏਪੁਰ ਕਲਾਂ ਜ਼ਿਲ੍ਹਾ ਅੰਮ੍ਰਿਤਸਰ, ਸੁਖਦੇਵ ਸਿੰਘ ਬੈਂਸ ਪਿੰਡ ਸ਼ਾਦੀਪੁਰ ਤਹਿਸੀਲ ਫਿਲੌਰ, ਜ਼ਿਲ੍ਹਾ ਜਲੰਧਰ ਅਤੇ ਮਨਦੀਪ ਕੁਮਾਰ ਪਿੰਡ ਢੋਲੇਵਾਲ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਨੂੰ ਸਨਮਾਨਿਤ ਕੀਤਾ ਜਾਵੇਗਾ। ਬਾਗਬਾਨੀ ਦੇ ਖੇਤਰ ਵਿਚ ਸ: ਰਾਜਿੰਦਰ ਸਿੰਘ ਧਰਾਂਗਵਾਲਾ ਜ਼ਿਲ੍ਹਾ ਫਾਜ਼ਿਲਕਾ, ਸ: ਦਵਿੰਦਰ ਸਿੰਘ ਸੰਧੂ ਮੁਹੱਲਾ ਪ੍ਰੀਤ ਨਗਰ ਨਕੋਦਰ ਜ਼ਿਲ੍ਹਾ ਜਲੰਧਰ ਅਤੇ ਸ: ਜਗਤਾਰ ਸਿੰਘ ਬਰਾੜ ਪਿੰਡ ਮਹਿਮਾ ਸਰਜਾ ਜ਼ਿਲ੍ਹਾ ਬਠਿੰਡਾ ਦਾ ਨਾਂਅ ਸ਼ਾਮਿਲ ਹੈ। ਡੇਅਰੀ ਦੇ ਧੰਦੇ ਵਿਚ ਯੋਗਦਾਨ ਪਾਉਣ ਵਾਲਿਆਂ ਵਿਚ ਦਵਿੰਦਰ ਸਿੰਘ ਪਿੰਡ ਕਿਸ਼ਨਪੁਰਾ ਜ਼ਿਲ੍ਹਾ ਫਤਹਿਗੜ੍ਹ ਸਾਹਿਬ, ਬੀਬੀ ਹਰਦੇਬ ਕੌਰ ਕੰਗ ਪਿੰਡ ਫਿੱਡੇ ਜ਼ਿਲ੍ਹਾ ਫਿਰੋਜ਼ਪੁਰ ਅਤੇ ਸ: ਯਾਦਵਿੰਦਰ ਸਿੰਘ ਪੰਨੂੰ ਪਿੰਡ ਰੂੜੇ ਆਸਲ ਤਹਿਸੀਲ ਪੱਟੀ ਜ਼ਿਲ੍ਹਾ ਤਰਨ ਤਾਰਨ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਮੇਲੇ ਵਿਚ ਉਪਰੋਕਤ ਕਿਸਾਨਾਂ ਤੋਂ ਇਲਾਵਾ ਕੁਝ ਹੋਰ ਕਿਸਾਨਾਂ ਨੂੰ ਖੇਤੀ ਅਤੇ ਸਹਾਇਕ ਧੰਦਿਆਂ ਵਿਚ ਸ਼ਲਾਘਾਯੋਗ ਕੰਮ ਬਦਲੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ। ਜਿਨ੍ਹਾਂ ਵਿਚ ਸ: ਭੁਪਿੰਦਰ ਸਿੰਘ ਪਿੰਡ ਮਨਸੂਰਪੁਰ ਜ਼ਿਲ੍ਹਾ ਹੁਸ਼ਿਆਰਪੁਰ (ਡੇਅਰੀ), ਸ: ਸੁਖਵਿੰਦਰ ਸਿੰਘ ਗਰੇਵਾਲ ਪਿੰਡ ਕੋਟਲੀ ਜ਼ਿਲ੍ਹਾ ਲੁਧਿਆਣਾ (ਸੂਰ ਪਾਲਣ), ਸ: ਗੁਰਪ੍ਰੀਤ ਸਿੰਘ ਪਿੰਡ ਬੂਲਪੁਰ ਤਹਿਸੀਲ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ (ਸਬਜ਼ੀਆਂ), ਸ: ਦਰਸ਼ਨ ਸਿੰਘ ਪਿੰਡ ਸੌਡਾ ਜ਼ਿਲ੍ਹਾ ਫਤਹਿਗੜ੍ਹ ਸਾਹਿਬ (ਡੇਅਰੀ), ਸ: ਗੁਰਰਾਜ ਸਿੰਘ ਵਿਰਕ ਮੁਹੱਲਾ ਸੁਰਗਾਪੁਰੀ ਕੋਟਕਪੂਰਾ ਜ਼ਿਲ੍ਹਾ ਫਰੀਦਕੋਟ (ਬਾਗਬਾਨੀ) ਅਤੇ ਸ: ਜਸਪ੍ਰੀਤ ਸਿੰਘ ਪਿੰਡ ਗਾਲਿਬ ਖੁਰਦ ਜਗਰਾਓਂ ਜ਼ਿਲ੍ਹਾ ਲੁਧਿਆਣਾ (ਸਬਜ਼ੀਆਂ) ਦਾ ਨਾਂਅ ਸ਼ਾਮਿਲ ਹੈ। ਮੇਲਾ ਪ੍ਰਬੰਧਕ ਅਮਰੀਕਾ ਦੇ ਸਫਲ ਕਿਸਾਨ ਸ: ਰਣਜੀਤ ਸਿੰਘ ਟੁੱਟ ਨੇ ਦੱਸਿਆ ਕਿ ਇਹ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਜੈਨ ਅਡਵਾਈਜ਼ਰ ਖੇਤੀ ਮੇਲਾ ਸਾਡੇ ਪਿੰਡ ਪਰਾਗਪੁਰ ਵਿਚ ਕਰਵਾਇਆ ਜਾ ਰਿਹਾ ਹੈ। ਮੇਲੇ ਵਿਚ ਆਉਣ ਲਈ ਪੰਜਾਬ ਦੇ ਕਿਸਾਨਾਂ ਨੂੰ ਸੱਦਾ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਮੇਲਾ ਜਲੰਧਰ ਵਿਚ ਹਰ ਸਾਲ ਹੋਇਆ ਕਰੇਗਾ।
ਭੁੱਚੋ ਮੰਡੀ ਸਥਿਤ ਕੁਝ ਸਰਕਾਰੀ ਖਰੀਦ ਏਜੰਸੀਆਂ ਦੇ
ਗੋਦਾਮਾਂ ਤੇ ਸੀ.ਬੀ.ਆਈ. ਵੱਲੋਂ ਛਾਪਾ
ਭੁੱਚੋ ਮੰਡੀ. 4 ਮਾਰਚ ૿ ਸ਼ੈਲਰ ਮਾਲਕਾਂ ਵਲੋਂ ਸਾਲ 2009-10 'ਚ ਝੋਨੇ ਦੀ ਕਿਸਮ ਪੀ. ਏ. ਯੂ.-201 ਦੀ ਮਿਲਿੰਗ ਨੂੰ ਲੈ ਕੇ ਚੱਲ ਰਹੇ ਵਿਵਾਦ ਦੀ ਪੜਤਾਲ ਸਬੰਧੀ ਅੱਜ ਸਵੇਰੇ ਹਾਈ ਕੋਰਟ ਦੇ ਆਦੇਸ਼ਾਂ ਅਨੁਸਾਰ ਸੀ. ਬੀ. ਆਈ. ਦੀ ਵਿਸ਼ੇਸ਼ ਟੀਮ ਨੇ ਭੁੱਚੋ ਮੰਡੀ ਵਿਖੇ ਸਰਕਾਰੀ ਖਰੀਦ ਏਜੰਸੀ ਅੱੈਫ. ਸੀ. ਆਈ. ਅਤੇ ਵੇਅਰ ਹਾਊਸ ਦੇ ਗੋਦਾਮਾਂ ਵਿਚ ਅਚਾਨਕ ਛਾਪਾ ਮਾਰਨ ਉਪਰੰਤ ਗੋਦਾਮਾਂ 'ਚ ਪਏ ਹੋਏ ਮਾਲ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ। ਵਰਣਨਯੋਗ ਹੈ ਕਿ ਇਸੇ ਤਰ੍ਹਾਂ ਹੀ ਸੀ. ਬੀ. ਆਈ. ਵੱਲੋਂ ਪਿਛਲੇ ਕੁਝ ਦਿਨਾਂ ਤੋਂ ਰਾਮਪੁਰਾਫੂਲ ਸਥਿਤ ਸਬੰਧਤ ਖਰੀਦ ਏਜੰਸੀਆਂ ਦੇ ਗੋਦਾਮਾਂ ਤੋਂ ਇਲਾਵਾ ਹੋਰ ਕਈ ਥਾਵਾਂ ਤੇ ਸਰਕਾਰੀ ਖਰੀਦ ਏਜੰਸੀਆਂ ਦੇ ਗੋਦਾਮਾਂ ਵਿਚ ਵੀ ਛਾਪੇ ਦੌਰਾਨ ਜਾਂਚ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਰੀਬ 2 ਸਾਲ ਤੋਂ ਵੱਧ ਸਮਾਂ ਪਹਿਲਾਂ ਸ਼ੈਲਰ ਮਾਲਕਾਂ ਨੇ ਇਹ ਕਹਿ ਕੇ ਝੋਨੇ ਦੀ ਕਿਸਮ ਪੀ.ਏ.ਯੂ.-201 ਦੀ ਮਿਲਿੰਗ ਕਰਨ ਤੋਂ ਇਸ ਲਈ ਇਨਕਾਰ ਕਰ ਦਿੱਤਾ ਸੀ ਕਿ ਇਹ ਝੋਨਾਂ ਕੁਆਲਟੀ ਪੱਖੋਂ ਮਾੜਾ ਹੈ ਅਤੇ ਇਸ ਝੋਨੇ ਦੀ ਮਿਲਿੰਗ ਸਮੇਂ ਚੌਲ ਦੀ ਬਦਰੰਗੀ ਅਤੇ ਟੁੱਟ ਜ਼ਿਆਦਾ ਹੁੰਦੀ ਹੈ। ਇਸ ਵਿਵਾਦ ਦੇ ਚਲਦਿਆਂ ਸ਼ੈਲਰ ਮਾਲਕਾਂ ਦੀ ਮੰਗ ਸੀ, ਕਿ ਸਰਕਾਰ ਇਸ ਕਿਸਮ ਦੇ ਚੌਲਾਂ ਨੂੰ ਬਿਨ੍ਹਾਂ ਸ਼ਰਤ ਸਵੀਕਾਰ ਕਰੇ ਜਾਂ ਫਿਰ ਸਰਕਾਰੀ ਖਰੀਦ ਏਜੰਸੀਆਂ ਇਸ ਝੋਨੇ ਨੂੰ ਚੁੱਕ ਲੈਣ। ਸਰਕਾਰ ਨੇ ਸ਼ੈਲਰਾਂ ਮਾਲਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਚੌਲ ਦੀ ਅਪਗਰੇਡੇਸ਼ਨ ਸਮੇਂ 200 ਰੁਪਏ ਪ੍ਰਤੀ ਕੁਇੰਟਲ ਰਿਆਇਤ ਦੇਣ ਦਾ ਐਲਾਨ ਕੀਤਾ ਸੀ। ਇਸ ਸਬੰਧੀ ਹਾਈ ਕੋਰਟ ਨੂੰ ਸ਼ਿਕਾਇਤ ਪ੍ਰਾਪਤ ਹੋਈ ਸੀ ਕਿ ਕੁਝ ਸ਼ੈਲਰ ਮਾਲਕਾਂ ਵਲੋਂ ਵਿਭਾਗ ਦੇ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਸਰਕਾਰ ਨੂੰ ਵੱਡੇ ਪੱਧਰ ਤੇ ਕਰੋੜਾਂ ਰੁਪਏ ਦਾ ਚੂਨਾ ਲਗਾਇਆ ਗਿਆ ਹੈ।