Thursday 23 February 2012

 ਡਰਟੀ ਹੋਣ ਦਾ ਇਹੀ ਨਤੀਜੈ
ਮਿਲਨ ਲੂਥਰੀਆ ਵਲੋਂ ਨਿਰਦੇਸ਼ਿਤ ਆਪਣੀ ਪਿਛਲੀ ਫ਼ਿਲਮ 'ਦਿ ਡਰਟੀ ਪਿਕਚਰ' 'ਚ ਖੂਬਸੂਰਤੀ ਅਤੇ ਦਮਦਾਰ ਅਦਾਕਾਰੀ ਦੇ ਸਿਰ 'ਤੇ ਬੇਹੱਦ ਸਫਲਤਾ ਪ੍ਰਾਪਤ ਕਰਨ ਵਾਲੀ ਵਿੱਦਿਆ ਬਾਲਨ ਅੱਜਕਲ ਆਪਣੀ ਆਉਣ ਵਾਲੀ ਫ਼ਿਲਮ 'ਕਹਾਨੀ' ਦੇ ਪ੍ਰਮੋਸ਼ਨ 'ਚ ਜੁਟੀ ਹੋਈ ਹੈ। 'ਦਿ ਡਰਟੀ ਪਿਕਚਰ' ਦੇ ਗਲੈਮਰਸ ਕਿਰਦਾਰ ਤੋਂ ਬਾਅਦ 'ਕਹਾਨੀ' 'ਚ ਉਹ ਇਕ  ਨਾਨ-ਗਲੈਮਰਸ ਕਿਰਦਾਰ 'ਚ ਨਜ਼ਰ ਆਏਗੀ। ਪੇਸ਼ ਹਨ ਵਿੱਦਿਆ ਨਾਲ ਇਕ ਗੱਲਬਾਤ ਦੇ ਅੰਸ਼-
* 'ਦਿ ਡਰਟੀ ਪਿਕਚਰ' ਲਈ ਮਿਲੀ ਜ਼ਬਰਦਸਤ ਪ੍ਰਸ਼ੰਸਾ ਤੋਂ ਕੀ ਲੱਗਦੈ ਕਿ ਹੁਣ ਤੁਹਾਡੇ ਤੋਂ ਆਸਾਂ ਵਧ ਗਈਆਂ ਹਨ?
¸ਇਸ ਗੱਲ ਤੋਂ ਮੈਂ ਇਨਕਾਰ ਨਹੀਂ ਕਰਾਂਗੀ ਕਿ ਬਹੁਤ ਚੰਗਾ ਲੱਗਦੈ, ਜਦੋਂ ਫ਼ਿਲਮ ਦੀ ਸਫਲਤਾ ਦਾ ਕ੍ਰੈਡਿਟ ਕਲਾਕਾਰ ਨੂੰ ਦਿੱਤਾ ਜਾਂਦਾ ਹੈ ਪਰ ਫ਼ਿਲਮ ਬਣਾਉਣ 'ਚ ਪੂਰੀ ਟੀਮ ਦੀ ਮਿਹਨਤ ਹੁੰਦੀ ਹੈ। ਮੈਂ ਆਸ ਕਰ ਰਹੀ ਹਾਂ ਕਿ 'ਦਿ ਡਰਟੀ ਪਿਕਚਰ' ਦੀ ਸਫਲਤਾ  ਨਾਲ ਮੈਨੂੰ ਹੋਰ ਵੀ ਚੰਗੇ ਨਿਰਦੇਸ਼ਕਾਂ ਅਤੇ ਟੀਮਾਂ ਨਾਲ ਕੰਮ ਕਰਨ ਦਾ ਮੌਕਾ ਮਿਲੇਗਾ ਅਤੇ ਨਤੀਜੇ ਵਜੋਂ ਮੈਥੋਂ ਜੋ ਆਸਾਂ ਹਨ, ਉਨ੍ਹਾਂ ਨੂੰ ਕਾਇਮ ਰੱਖਾਂਗੀ।
* 'ਪਾ' 'ਚ ਤੁਸੀਂ ਇਕ ਮਾਂ ਦਾ ਰੋਲ ਕੀਤਾ ਸੀ ਅਤੇ ਹੁਣ ਤੁਸੀਂ 'ਕਹਾਨੀ' 'ਚ ਇਕ ਗਰਭਵਤੀ ਔਰਤ ਦਾ ਕਿਰਦਾਰ ਨਿਭਾਅ ਰਹੇ ਹੋ। ਟਿੱਪਣੀ?
¸ 'ਕਹਾਨੀ' 'ਚ ਮੈਂ ਇਕ ਅਜਿਹੀ ਔਰਤ ਵਿੱਦਿਆ ਬਾਗਚੀ ਦਾ ਕਿਰਦਾਰ ਨਿਭਾਅ ਰਹੀ ਹਾਂ, ਜੋ ਛੇ ਮਹੀਨਿਆਂ ਦੀ ਗਰਭਵਤੀ ਹੈ ਅਤੇ ਲੰਦਨ ਤੋਂ ਆਪਣੇ ਗੁਆਚੇ ਹੋਏ ਪਤੀ ਅਰਣਵ ਦੀ ਭਾਲ 'ਚ ਆਉਂਦੀ ਹੈ।
* ਕੁਝ ਲੋਕ ਸੋਚਦੇ ਹਨ ਕਿ ਇਕ ਔਰਤ ਉਦੋਂ ਤਕ ਅਧੂਰੀ ਹੈ, ਜਦੋਂ ਤਕ ਉਹ ਮਾਂ ਨਹੀਂ ਬਣ ਜਾਂਦੀ। ਕੀ ਤੁਸੀਂ ਇਸ ਨਾਲ ਸਹਿਮਤ ਹੋ?
¸ਮੈਨੂੰ ਲੱਗਦੈ ਕਿ ਇਕ ਔਰਤ ਦੇ ਤੌਰ 'ਤੇ ਜਨਮ ਲੈਣਾ ਇਕ ਬੇਹੱਦ ਖੂਬਸੂਰਤ ਅਹਿਸਾਸ ਹੈ ਅਤੇ ਇਕ ਔਰਤ ਹੋਣ ਦਾ ਸਭ ਤੋਂ ਚੰਗਾ ਪੱਖ ਇਹ ਹੈ ਕਿ ਉਹ ਇਕ ਬੱਚੇ ਨੂੰ ਜਨਮ ਦੇਣ 'ਚ ਸਮਰੱਥ ਹੁੰਦੀ ਹੈ। ਮੇਰੀ ਭੈਣ ਦੇ ਜੌੜੇ ਬੱਚੇ ਹਨ। ਮੇਰੇ ਕੋਲ ਹੁਣ ਇਕ ਭਾਣਜਾ ਅਤੇ ਇਕ ਭਾਣਜੀ ਹੈ। ਮੈਂ ਪਹਿਲਾਂ ਤੋਂ ਹੀ ਇਕ ਮਾਂ ਵਾਂਗ ਮਹਿਸੂਸ ਕਰਦੀ ਹਾਂ। ਮੈਨੂੰ ਲੱਗਦੈ ਕਿ ਇਕ ਔਰਤ ਲਈ ਮਾਂ ਦੀ ਮਮਤਾ ਸਭ ਤੋਂ ਖੂਬਸੂਰਤ ਆਸ਼ੀਰਵਾਦ ਹੈ।
* ਪਰਦੇ 'ਤੇ ਇਕ ਗਰਭਵਤੀ ਔਰਤ ਦਾ ਕਿਰਦਾਰ ਨਿਭਾਉਣ ਲਈ ਤੁਸੀਂ ਕਿਵੇਂ ਤਿਆਰੀ ਕੀਤੀ ਹੈ?
¸ਇਸ ਦੀ ਇਕ ਸਭ ਤੋਂ ਮਜ਼ੇਦਾਰ ਗੱਲ ਇਹ ਹੈ ਕਿ ਕਾਲਜ ਦੇ ਦਿਨਾਂ ਤੋਂ ਅਸੀਂ ਸਾਰੇ ਦੋਸਤ ਬਹੁਤ ਅਜੀਬ ਹਰਕਤਾਂ ਕਰਦੇ ਸੀ ਅਤੇ ਮੈਂ ਹਮੇਸ਼ਾ ਇਕ ਗਰਭਵਤੀ ਔਰਤ ਕਿਵੇਂ ਤੁਰਦੀ ਹੈ, ਇਸ ਦੀ ਨਕਲ ਕਰਦੀ ਸੀ। ਮੈਂ ਆਪਣੀ ਭੈਣ ਦੀ ਵੀ ਨਕਲ ਕਰਦੀ ਸੀ, ਜਦੋਂ ਉਹ ਗਰਭਵਤੀ ਸੀ ਅਤੇ ਉਸ ਤੋਂ ਮੈਂ ਕਈ ਬਾਰੀਕੀਆਂ ਸਿੱਖੀਆਂ ਹਨ।
* 'ਕਹਾਨੀ' 'ਚ ਤੁਹਾਡੀ ਗਲੈਮਰਸ ਲੁਕ ਨਜ਼ਰ ਨਹੀਂ ਆਉਂਦੀ, ਜੋ ਤੁਹਾਡੀ 'ਦਿ ਡਰਟੀ ਪਿਕਚਰ' ਤੋਂ ਬਿਲਕੁਲ ਵੱਖਰੀ ਹੈ। ਕੋਈ ਟਿੱਪਣੀ?
¸ਡਰਟੀ ਹੋਣ ਦਾ ਇਹੀ ਨਤੀਜਾ ਹੈ। ਮੈਂ ਸਿਰਫ ਮਜ਼ਾਕ ਕਰ ਰਹੀ ਹਾਂ। ਮੈਂ ਖੁਸ਼ ਹਾਂ ਕਿ ਮੈਨੂੰ ਵੱਖ-ਵੱਖ ਤਰ੍ਹਾਂ ਦੇ ਕਿਰਦਾਰਾਂ ਨੂੰ ਪਰਦੇ 'ਤੇ ਜਿਊਣ ਦਾ ਮੌਕਾ ਮਿਲ ਰਿਹੈ। ਕਦੇ ਸਬਰੀਨਾ ਜਾਂ ਸਿਲਕ ਜਾਂ ਫਿਰ ਵਿੱਦਿਆ ਬਾਗਚੀ ਵਰਗੇ ਕਿਰਦਾਰ ਨਿਭਾਅ ਕੇ ਮੈਂ ਖੁਦ ਨੂੰ ਵਾਕਈ ਬਹੁਤ ਖੁਸ਼ਕਿਸਮਤ ਸਮਝਦੀ ਹੈ।
* ਲਗਾਤਾਰ ਹੀਰੋਇਨ ਆਧਾਰਿਤ ਫ਼ਿਲਮਾਂ ਜਿਵੇਂ 'ਨੋ ਵਨ ਕਿੱਲਡ ਜੈਸਿਕਾ', 'ਇਸ਼ਕੀਆ', 'ਦਿ ਡਰਟੀ ਪਿਕਚਰ' ਅਤੇ ਹੁਣ 'ਕਹਾਨੀ' ਤੋਂ ਬਾਅਦ ਕੀ ਤੁਹਾਨੂੰ ਲੱਗਦੈ ਕਿ ਭਵਿੱਖ 'ਚ ਤੁਹਾਨੂੰ ਸਿਰਫ ਅਜਿਹੀਆਂ ਹੀ ਫ਼ਿਲਮਾਂ ਦੀਆਂ ਪੇਸ਼ਕਸ਼ਾਂ ਮਿਲਣਗੀਆਂ?
¸ਮੈਨੂੰ ਬਹੁਤ ਚੰਗਾ ਲੱਗਦੈ ਕਿ ਔਰਤ ਆਧਾਰਿਤ ਅਜਿਹੀਆਂ ਫ਼ਿਲਮਾਂ ਬਣ ਰਹੀਆਂ ਹਨ ਅਤੇ ਮੈਨੂੰ ਇਸ ਤਰ੍ਹਾਂ ਜੈਨਰ 'ਚ ਕੰਮ ਕਰਨ ਦਾ ਮੌਕਾ ਮਿਲ ਰਿਹੈ। ਇਸ ਤੋਂ ਵਧੇਰੇ ਅਹਿਮ ਗੱਲ ਇਹ ਹੈ ਕਿ ਇਹ ਫ਼ਿਲਮਾਂ ਚੱਲ ਵੀ ਰਹੀਆਂ ਹਨ। ਔਰਤ ਪ੍ਰਧਾਨ ਫ਼ਿਲਮਾਂ ਕਈ ਸਾਲਾਂ ਤੋਂ ਬਣਦੀਆਂ ਆ ਰਹੀਆਂ ਹਨ ਪਰ ਅਜਿਹਾ ਸਿਰਫ ਹੁਣ ਹੀ ਹੋ ਰਿਹੈ ਕਿ ਇਹ ਚੱਲ ਵੀ ਰਹੀਆਂ ਹਨ। ਮੈਂ ਕੋਈ ਹੱਦ ਤੈਅ ਨਹੀਂ ਕੀਤੀ ਕਿ ਮੈਂ ਸਿਰਫ ਔਰਤ ਪ੍ਰਧਾਨ ਫ਼ਿਲਮਾਂ 'ਚ ਹੀ ਕੰਮ ਕਰਾਂਗੀ।
* ਇਕ ਆਈਡੀਅਲ ਮੈਨ ਲਈ ਤੁਹਾਡੀ ਕੀ ਪਰਿਭਾਸ਼ਾ ਹੈ?
¸ਮੈਨ ਅਤੇ ਆਈਡੀਅਲ (ਹੱਸਦੀ ਹੈ) ਮੈਂ ਕਲੀਨਸ਼ੇਵ ਮੈਨ ਨੂੰ ਪਹਿਲ ਦਿਆਂਗੀ।

  ਮੈਰਿਜ ਪੈਲੇਸਾਂ 'ਚ ਫਜ਼ੂਲ ਖਰਚ ਦਾ ਸ਼ਿਕਾਰ ਹੋ ਰਿਹੈ ਪੰਜਾਬੀ ਸਮਾਜ
ਬਟਾਲਾ, 22 ਫਰਵਰੀ-ਪੰਜਾਬੀ ਸਮਾਜ ਦੁਆਰਾ ਵਿਆਹ-ਸ਼ਾਦੀਆਂ ਦੇ ਜ਼ਿਆਦਾਤਰ ਪ੍ਰੋਗਰਾਮ ਸਿਆਲ ਰੁੱਤੇ ਕੀਤੇ ਜਾਂਦੇ ਹਨ ਅਤੇ ਇਸ ਸਮੇਂ ਦੌਰਾਨ ਹਰ ਕੋਈ ਆਪਣੇ ਰਿਸ਼ਤੇਦਾਰਾਂ, ਮਿੱਤਰਾਂ ਅਤੇ ਵਾਕਫਕਾਰਾਂ ਦੇ ਸੱਦੇ 'ਤੇ ਇਨ੍ਹਾਂ ਪ੍ਰੋਗਰਾਮਾਂ ਵਿਚ ਸ਼ਾਮਿਲ ਹੋਣ ਵਿਚ ਰੁੱਝਾ ਰਹਿੰਦਾ ਹੈ। ਪੰਜਾਬ ਵਿਚ ਲਗਭਗ ਤਿੰਨ ਦਹਾਕੇ ਪਹਿਲਾਂ ਸ਼ੁਰੂ ਹੋਇਆ ਮੈਰਿਜ਼ ਪੈਲੇਸ ਕਲਚਰ ਅੱਜ ਸਮੁੱਚੀ ਵੱਸੋਂ ਨੂੰ ਆਪਣੇ ਸ਼ਿਕੰਜੇ ਵਿਚ ਲੈ ਚੁੱਕਾ ਹੈ ਅਤੇ ਲੋਕਾਂ ਦੇ ਸਿਰ ਉਤਲਾ ਕਰਜ਼ ਅਤੇ ਮੈਰਿਜ ਪੈਲੇਸ ਦੋਵੇਂ ਵੱਡੇ ਹੋਈ ਜਾ ਰਹੇ ਹਨ। ਪਿੰਡ ਦੀ 'ਧੀ ਧਿਆਣੀ' ਨੂੰ ਵਰ ਕੇ ਲਿਜਾਣ ਆਈ ਕੁਝ ਕੁ ਸਿਆਣਿਆਂ ਬੰਦਿਆਂ ਦੀ ਬਰਾਤ ਦੀ ਸਾਰੇ ਪਿੰਡ ਵੱਲੋਂ ਇਕੱਠੇ ਹੋ ਕੇ ਸਾਦੇ ਢੰਗ ਨਾਲ, ਪਰ ਦਿਲੋਂ ਸੇਵਾ ਕਰਨ ਦੀ ਰੀਤ ਨੂੰ ਤਿਲਾਂਜ਼ਲੀ ਦੇ ਕੇ ਅਮੀਰ ਗਰੀਬ ਹਰ ਕੋਈ ਵੇਖੋ-ਵੇਖੀ ਮੈਰਿਜ ਪੈਲੇਸ ਵਿਚ ਵਿਆਹ ਕਰਨ ਨੂੰ ਤਰਜੀਹ ਦਿੰਦਾ ਹੈ ਜਾਂ ਇਸ ਲਈ ਮਜ਼ਬੂਰ ਹੈ। ਇਨ੍ਹਾਂ ਸਮਾਗਮਾਂ ਨੂੰ ਗਹੁ ਨਾਲ ਵੇਖੀਏ ਤਾਂ ਲਗਦਾ ਹੈ ਕਿ ਖਾਣ-ਪੀਣ ਦੇ ਸ਼ੌਕੀਨ ਅਤੇ ਪ੍ਰਾਹੁਣਾਚਾਰੀ ਲਈ ਮਸ਼ਹੂਰ ਪੰਜਾਬੀ ਆਪਣੇ ਉਜਾੜੇ 'ਤੇ ਉਤਰ ਆਏ ਹਨ। ਵਿਆਹ ਦਾ ਸਮਾਗਮ ਘਰੋਂ ਦੂਰ ਮੈਰਿਜ ਪੈਲੇਸ ਵਿਚ ਹੋਣ ਕਾਰਨ ਸਮੁੱਚਾ ਪ੍ਰਬੰਧ ਬੇਗਾਨਿਆਂ ਹੱਥ ਹੋ ਜਾਂਦਾ ਹੈ ਅਤੇ ਇਸ 'ਤੇ ਘਰ ਵਾਲਿਆਂ ਜਾਂ ਰਿਸ਼ਤੇਦਾਰਾਂ ਦਾ ਕੋਈ ਕੰਟਰੋਲ ਨਹੀਂ ਰਹਿੰਦਾ। ਵੇਟਰਾਂ, ਹਲਵਾਈਆਂ, ਸਟਾਲਾਂ ਵਾਲਿਆਂ, ਸਫਾਈ ਵਾਲਿਆਂ, ਡੀ.ਜੇ. ਵਾਲਿਆਂ, ਫੋਟੋਗ੍ਰਾਫਰਾਂ, ਬੈਂਡ ਵਾਲਿਆਂ, ਗੇਨ ਮੈਨ ਅਤੇ ਇਸ ਤਰ੍ਹਾਂ ਦੇ ਹੋਰ ਅਮਲੇ ਦੀ ਗਿਣਤੀ ਕੁਝ ਰਿਸ਼ਤੇਦਾਰਾਂ ਨਾਲੋਂ ਵਧੇਰੇ ਹੋ ਜਾਂਦੀ ਹੈ। ਰਿਸ਼ਤੇਦਾਰਾਂ ਲਈ ਉਚੇਚੇ ਤੌਰ 'ਤੇ ਬਣਾਇਆ ਅਨੇਕ ਪ੍ਰਕਾਰ ਦਾ ਭੋਜਨ ਇਹ ਟੋਲਾ ਉਡਾਈ ਜਾਂਦਾ ਹੈ। ਦੋਹਾਂ ਪਰਿਵਾਰਾਂ ਦੇ ਕਰੀਬੀ ਰਿਸ਼ਤੇਦਾਰਾਂ ਵੱਲੋਂ ਕਿਸੇ ਕੰਮ ਵਿਚ ਕੋਈ ਭੂਮਿਕਾ ਨਾ ਹੋਣ ਕਾਰਨ ਅਤੇ ਇਸੇ ਜ਼ਿੰਮੇਵਾਰੀ ਰਹਿਤ ਮਾਹੌਲ ਵਿਚ ਹੱਥੀਂ ਕੰਮ ਕਰਨ ਵਾਲੇ ਵੀ ਵਿਹਲਿਆਂ ਦੀ ਧਾੜ ਬਣ ਜਾਂਦੇ ਹਨ। ਕਦੀ ਕੁਝ ਅਮੀਰ ਲੋਕਾਂ ਵੱਲੋਂ ਆਪਣੇ ਸਮਾਗਮਾਂ ਵਿਚ ਵਰਤਾਈ ਜਾਣ ਵਾਲੀ ਸ਼ਰਾਬ ਹੁਣ ਹਰ ਛੋਟੇ-ਵੱਡੇ ਸਮਾਗਮ ਦੀ ਰਾਣੀ ਬਣ ਗਈ ਹੈ ਅਤੇ ਸਮੇਂ ਦੇ ਨਾਲ-ਨਾਲ ਹੁਣ ਇਸ ਤੋਂ ਵੀ ਅੱਗੇ ਮਹਿੰਗੀ ਸ਼ਰਾਬ ਪਿਆਉਣ ਦਾ ਰੁਝਾਨ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਜਿਸ ਵਰਗ ਲਈ 'ਮੀਟ' ਸ਼ਬਦ ਹੀ ਮਾਸਾਹਾਰੀ ਖਾਣੇ ਦਾ ਪ੍ਰਤੀਕ ਸੀ, ਉਹ ਵੀ ਹੁਣ ਫਿਸ਼, ਚਿਕਨ, ਮਟਨ, ਬੋਨਲੈੱਸ, ਤੰਦੂਰੀ ਅਤੇ ਅਜਿਹੀਆਂ ਹੋਰ ਕਿਸਮਾਂ ਵਿਖਾਵੇ ਦੀ ਮਾਨਸਿਕਤਾ ਕਾਰਨ ਆਪਣੇ ਸਮਾਗਮਾਂ ਵਿਚ ਵਰਤਾ ਕੇ ਆਪਣੀ ਹਾਉਮੇ ਨੂੰ ਪੱਠੇ ਪਾ ਰਿਹਾ ਹੈ। ਅੱਜ ਕੱਲ੍ਹ ਵਿਆਹ ਸ਼ਾਦੀ ਦੇ ਕਿਸੇ ਸਮਾਗਮ ਵਿਚ ਜਾਓ ਤਾਂ ਇਹ ਦੋ ਪਰਿਵਾਰਾਂ ਦੇ ਮੇਲ ਮਿਲਾਪ ਅਤੇ ਇਕ ਜਵਾਨ ਜੋੜੇ ਵੱਲੋਂ ਗ੍ਰਹਿਸਥੀ ਵਿਚ ਦਾਖਲ ਹੋਣ ਦਾ ਮੌਕਾ ਘੱਟ ਅਤੇ ਲੋਕਾਂ ਦੀ ਇਕ ਭੀੜ ਵੱਲੋਂ ਥੋੜੇ ਸਮੇਂ ਵਿਚ ਬਹੁਤਾ ਖਾਣ ਦਾ ਮੁਕਾਬਲਾ ਜ਼ਿਆਦਾ ਲਗਦਾ ਹੈ। ਇਸ ਦੌਰਾਨ ਵਿਆਹ ਵਾਲੇ ਪਰਿਵਾਰ ਨਾਲ ਖੁਸ਼ੀ ਸਾਂਝੀ ਕਰਨ ਦੀ ਬਜਾਏ ਹਰ ਕੋਈ ਖਾਣ-ਪੀਣ ਵਿਚ ਮਸਰੂਫ ਹੁੰਦਾ ਹੈ। ਗਵੱਈਆਂ ਅਤੇ ਡੀ.ਜੇ. ਦੇ ਭਾਰੀ ਭਰਕਮ ਰੌਲੇ ਵਿਚ ਜੇਕਰ ਕੋਈ ਚਾਹਵੇ ਵੀ ਤਾਂ ਕਿਸੇ ਦੀ ਕੋਈ ਸੁੱਖ-ਸਾਂਦ ਦੀ ਗੱਲ ਦੂਜੇ ਕੰਨੀ ਸੁਣਦੀ ਨਹੀਂ ਅਤੇ ਕੁਲ ਮਿਲਾ ਕੇ ਬੇਗਾਨੇ ਲੋਕਾਂ ਦੀ ਭੱਜ-ਦੌੜ ਅਤੇ ਅਸ਼ਾਂਤ ਮਾਹੌਲ ਹੀ ਅੱਜ ਦੇ ਵਿਆਹ ਸਮਾਗਮਾਂ ਦੀ ਅਸਲ ਤਸਵੀਰ ਬਣ ਗਈ ਹੈ। ਇਸੇ ਦੌਰਾਨ ਇਕ ਹੋਰ ਵਰਤਾਰਾ ਵੀ ਚਿੰਤਾ ਦੀ ਹੱਦ ਪਾਰ ਕਰ ਚੁੱਕਾ ਹੈ ਕਿ ਜ਼ਿਆਦਾਤਰ ਵਿਆਹ-ਸ਼ਾਦੀਆਂ ਦੇ ਸਮਾਗਮ ਹਫਤੇ ਦੇ ਅਖੀਰਲੇ ਦਿਨਾਂ ਦੌਰਾਨ ਹੋਣ ਕਾਰਨ ਜਦੋਂ ਸ਼ਾਮ ਹੋਣ ਉਪਰੰਤ ਮੈਰਿਜ ਪੇਲੇਸਾਂ ਵਿਚੋਂ ਘਰਾਂ ਨੂੰ ਨਿਕਲਦੇ ਹਨ ਤਾਂ ਸੜਕਾਂ 'ਤੇ ਗੱਡੀਆਂ ਦੀ ਭਰਮਾਰ ਕਾਰਨ ਅਤੇ ਹਰ ਕਿਸੇ ਦਾ ਕਾਹਲੀ ਵਿਚ ਹੋਣ ਕਾਰਨ ਹੋਏ ਸੜਕ ਹਾਦਸਿਆਂ ਵਿਚ ਬੇਸ਼ਕੀਮਤੀ ਜਾਨਾਂ ਜਾਣ ਤੋਂ ਇਲਾਵਾ ਕਰੋੜਾਂ-ਅਰਬਾਂ ਦੇ ਆਰਥਿਕ ਸਾਧਨਾਂ ਦੀ ਬਰਬਾਦੀ ਹੋਣ ਦੇ ਨਾਲ-ਨਾਲ ਹਾਦਸਿਆਂ ਵਿਚ ਅਪਾਹਜ ਹੋਣ ਵਾਲਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਅਤਿ ਮੁਸ਼ਕਿਲਾਂ ਵਿਚੋਂ ਲੰਘਣਾ ਪੈਂਦਾ ਹੈ। ਗੱਲ ਕੀ ਹੁਣ ਵਿਆਹਾਂ-ਸ਼ਾਂਦੀਆਂ ਦੇ ਮੌਜ਼ੂਦਾ ਸਮਾਗਮ ਵਿਖਾਵੇ ਦੀ ਭੇਟ ਚੜ ਦੋਵਾਂ ਪਰਿਵਾਰਾਂ ਲਈ ਸੁੱਖ-ਸ਼ਾਂਤੀ ਦੀ ਥਾਂ ਆਰਥਿਕ ਤੰਗੀ ਅਤੇ ਵਿਚੋਂ ਉਪਜੀ ਮਾਨਸਿਕ ਅਤੇ ਪਰਿਵਾਰਕ ਅਸ਼ਾਂਤੀ ਦੇ ਕਾਰਨ ਬਣ ਜਾਂਦੇ ਹਨ, ਜਿਨ੍ਹਾਂ ਦੇ ਸਮਾਜਿਕ ਅਤੇ ਪਰਿਵਾਰਕ ਜ਼ਿੰਦਗੀ 'ਤੇ ਬੜੇ ਮਾੜੇ ਪ੍ਰਭਾਵ ਪੈਂਦੇ ਹਨ।


ਜ਼ਮੀਨ 'ਤੇ ਕਬਜ਼ਾ ਕਰਨ ਮੌਕੇ ਚੱਲੀ ਗੋਲੀ ਨਾਲ ਇਕ ਜ਼ਖ਼ਮੀ

ਕਾਰਾਂ ਅਤੇ ਟਰੈਕਟਰ ਨੂੰ ਲੱਗੀ ਅੱਗ ਅਤੇ ਜ਼ਖ਼ਮੀ ਜਥੇ: ਹੀਰਾ ਸਿੰਘ
ਹਸਪਤਾਲ ਵਿਖੇ ਜ਼ੇਰੇ ਇਲਾਜ।
ਸਰਹਾਲੀ. - 22 ਫਰਵਰੀ  ਸਰਹਾਲੀ ਦੇ ਨੇੜਲੇ ਪਿੰਡ ਠੱਟਾ ਵਿਖੇ ਵਕਫ ਬੋਰਡ ਦੀ 34 ਕਨਾਲ ਜ਼ਮੀਨ ਤੇ ਕੁਝ ਵਿਅਕਤੀਆਂ ਵੱਲੋਂ ਹਥਿਆਰਾਂ ਨਾਲ ਲੈਸ ਹੋ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਪਿੰਡ ਵਾਸੀਆਂ ਨੇ ਨਾਕਾਮ ਕਰ ਦਿੱਤੀ।ਭੜਕੀ ਭੀੜ ਨੇ ਕਬਜ਼ਾਕਾਰਾਂ ਦੀਆਂ ਦੋ ਕਾਰਾਂ ਅਤੇ ਇਕ ਟਰੈਕਟਰ ਨੂੰ ਅੱਗ ਲਗਾ ਦਿੱਤੀ। ਜਾਣਕਾਰੀ ਅਨੁਸਾਰ ਪਿੰਡ ਠੱਟਾ ਵਿਖੇ ਵਕਫ ਬੋਰਡ ਦੀ 34 ਕਨਾਲ ਜ਼ਮੀਨ 'ਤੇ ਕਬਜ਼ਾ ਕਰਨ ਲਈ ਕੁਝ ਵਿਅਕਤੀ ਹਥਿਆਰਬੰਦ ਹੋ ਕੇ ਕਾਰਾਂ ਅਤੇ ਟਰੈਕਟਰ 'ਤੇ ਪਹੁੰਚੇ। ਜ਼ਮੀਨ ਤੇ ਕਬਜ਼ਾ ਕਰਨ ਦਾ ਵਿਰੋਧ ਪਿੰਡ ਰਹਿੰਦੇ ਮੁਸਲਮਾਨ ਪਰਿਵਾਰਾਂ ਅਤੇ ਗੁਰਦੁਆਰਾ ਛਾਪੜੀ ਸਾਹਿਬ ਸਰਹਾਲੀ ਦੇ ਸੇਵਾਦਾਰਾਂ ਵੱਲੋਂ ਕੀਤਾ ਗਿਆ, ਜਿਸ 'ਤੇ ਕਬਜ਼ਾ ਕਰਨ ਆਏ ਵਿਅਕਤੀਆਂ ਨੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ ਜਿਸ ਕਾਰਨ ਜਥੇਦਾਰ ਹੀਰਾ ਸਿੰਘ ਗੰਭੀਰ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਭੜਕੀ ਭੀੜ ਨੇ ਕਬਜ਼ਾ ਕਰਨ ਆਏ ਵਿਅਕਤੀਆਂ ਦੀਆਂ ਦੋ ਕਾਰਾਂ ਅਤੇ ਇਕ ਟਰੈਕਟਰ ਨੂੰ ਅੱਗ ਲਗਾ ਦਿੱਤੀ, ਜੋ ਪਲਾਂ ਵਿਚ ਹੀ ਰਾਖ ਬਣ ਗਈਆਂ। ਪਿੰਡ ਵਾਸੀਆਂ ਦੀ ਇਕੱਠੀ ਹੋਈ ਭਾਰੀ ਭੀੜ ਨੂੰ ਦੇਖਦੇ ਕਬਜ਼ਾਕਾਰ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦੀ ਜਾਣਕਾਰੀ ਮਿਲਣ ਤੇ ਥਾਣਾ ਸਰਹਾਲੀ ਤੋਂ ਪੁਲਿਸ ਪਾਰਟੀ ਮੌਕੇ 'ਤੇ ਪੁੱਜੀ ਅਤੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ।ਪੁਲਿਸ ਪਾਰਟੀ ਦੇ ਪੁੱਜਣ ਤਕ ਟਰੈਕਟਰ ਅਤੇ ਕਾਰਾਂ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕੀਆਂ ਸਨ। ਪੁਲਿਸ ਵੱਲੋਂ ਕਬਜ਼ਾਕਾਰਾਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ।

ਅਫ਼ਗਾਨਿਸਤਾਨ 'ਚ ਕੁਰਾਨ ਸਾੜਨ ਵਿਰੁੱਧ ਪ੍ਰਦਰਸ਼ਨ ਤੇਜ਼

ਕਾਬੁਲ (ਅਫ਼ਗਾਨਿਸਤਾਨ) ਵਿਖੇ ਅਮਰੀਕਾ ਵਿਰੁੱਧ ਪ੍ਰਦਰਸ਼ਨ ਕਰ ਰਹੇ
ਲੋਕਾਂ ਵੱਲ ਨਿਸ਼ਾਨਾ ਸਾਧ ਰਿਹਾ ਇਕ ਪੁਲਿਸ ਕਰਮਚਾਰੀ।
ਕਾਬੁਲ/ਲੰਦਨ, 22 ਫਰਵਰੀ -ਅਫ਼ਗਾਨਿਸਤਾਨ ਵਿਚ ਵਿਦੇਸ਼ੀ ਫ਼ੌਜੀਆਂ ਵੱਲੋਂ ਪਵਿੱਤਰ ਕੁਰਾਨ ਦੀਆਂ ਕਾਪੀਆਂ ਸਾੜੇ ਜਾਣ ਦੀ ਘਟਨਾ ਦੇ ਦੂਜੇ ਦਿਨ ਖਿਲਾਫ਼ ਅਮਰੀਕੀ ਰੱਖਿਆ ਮੰਤਰੀ ਲਿਯੋਨ ਪੇਨੇਟਾ ਵੱਲੋਂ ਮੁਆਫੀ ਮੰਗੇ ਜਾਣ ਦੇ ਬਾਵਜੂਦ ਕਾਬੁਲ ਤੇ ਜਲਾਲਾਬਾਦ ਵਿਚ ਹਜ਼ਾਰਾਂ ਲੋਕਾਂ ਨੇ ਪ੍ਰਦਰਸ਼ਨ ਕੀਤਾ ਜਿਸ ਦੌਰਾਨ ਚਾਰ ਵਿਅਕਤੀ ਹਲਾਕ ਹੋ ਗਏ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਾਲੇ ਝੜਪਾਂ ਦੌਰਾਨ ਤਿੰਨ ਵਿਅਕਤੀ ਜ਼ਖਮੀ ਹੋ ਗਏ। ਅਫ਼ਗਾਨਿਸਤਾਨ ਵਿਚ ਪਵਿੱਤਰ ਕੁਰਾਨ ਦੀਆਂ ਕਾਪੀਆਂ ਕੂੜੇ ਦੇ ਢੇਰ ਵਿਚੋਂ ਮਿਲੀਆਂ ਸਨ। ਨਾਟੋ ਨੇ ਇਸ ਕੂੜੇ ਦੇ ਢੇਰ ਨੂੰ ਇਕ ਗੱਡੀ ਰਾਹੀਂ ਅਮਰੀਕੀ ਬਗਰਾਮ ਹਵਾਈ ਅੱਡੇ 'ਤੇ ਭੇਜਿਆ ਸੀ ਜਿਥੇ ਇਕ ਗੱਡੇ ਵਿਚ ਇਸ ਨੂੰ ਸਾੜ ਦਿੱਤਾ। ਇਸ ਹਵਾਈ ਅੱਡੇ ਵਿਚ 2 ਹਜ਼ਾਰ ਤੋਂ ਵੀ ਵਧੇਰੇ ਲੋਕਾਂ ਜਿਨ੍ਹਾਂ ਵਿਚ ਤਾਲਿਬਾਨ ਤੇ ਅਲ ਕਾਇਦਾ ਦੇ ਸ਼ੱਕੀ ਲੜਾਕੇ ਵੀ ਸ਼ਾਮਿਲ ਸਨ, ਨੇ ਨਾਅਰੇਬਾਜ਼ੀ ਕੀਤੀ ਅਮਰੀਕਾ ਤੇ ਨਾਟੋ ਫ਼ੌਜੀਆਂ 'ਤੇ ਕੁਰਾਨ ਸਾੜਨ ਦੇ ਦੋਸ਼ ਲਾਏ। ਇਸ ਮੁੱਦੇ 'ਤੇ ਸ਼ਹਿਰ ਵਿਚ ਹੋਏ ਜ਼ਬਰਦਸਤ ਵਿਖਾਵਿਆਂ ਦੌਰਾਨ ਹੋਈਆਂ ਝੜਪਾਂ ਵਿਚ ਉਸ ਵੇਲੇ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ ਜਦੋਂ ਭੀੜ ਨੇ ਗਵਰਨਰ ਦਫ਼ਤਰ ਵੱਲ ਕੂਚ ਕਰਨ ਦੀ ਕੋਸ਼ਿਸ਼ ਕੀਤੀ। ਸੂਤਰਾਂ ਅਨੁਸਾਰ ਵਿਖਾਵਾਕਾਰੀਆਂ ਨੇ ਟਾਇਰ ਸਾੜੇ ਤੇ ਅਮਰੀਕਾ ਵਿਰੋਧੀ ਨਾਅਰੇ ਲਾਏ। ਇਥੇ ਅਮਰੀਕੀ ਨਾਟੋ ਕਮਾਂਡਰ ਜਨਰਲ ਜਾਨ. ਆਰ. ਏਲੇਨ ਨੇ ਇਸ ਘਟਨਾ ਦੀ ਜਾਂਚ ਦਾ ਐਲਾਨ ਕੀਤਾ ਹੈ। ਅਫ਼ਗਾਨਿਸਤਾਨ ਵਿਚ ਕਾਬੁਲ ਤੋਂ 50 ਕਿਲੋਮੀਟਰ ਦੂਰ ਸਥਿਤ ਬਗਰਾਮ ਮੁੱਖ ਅਮਰੀਕੀ ਅਤੇ ਨਾਟੋ ਫ਼ੌਜੀਆਂ ਦਾ ਅੱਡਾ ਹੈ। ਇਸ ਦੌਰਾਨ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਕੁਰਾਨ ਦੀਆਂ ਕਾਪੀਆਂ ਸਾੜਨ ਦੀ ਘਟਨਾ ਦੀ ਨਿਖੇਧੀ ਕੀਤੀ ਹੈ।

ਮੁਕਾਬਲੇ ਤੋਂ ਬਾਅਦ ਪੰਜ ਖਤਰਨਾਕ ਅਪਰਾਧੀ ਹਥਿਆਰਾਂ ਸਮੇਤ ਕਾਬੂ

 ਗ੍ਰਿਫ਼ਤਾਰ ਕੀਤੇ ਨੌਜਵਾਨ ਪੁਲਿਸ ਮੁਲਾਜ਼ਮਾਂ ਨਾਲ।
ਲੁਧਿਆਣਾ.- 22 ਫਰਵਰੀ ૿ ਸਥਾਨਕ ਚੰਦਰ ਨਗਰ ਵਿਚ ਪੁਲਿਸ ਅਤੇ ਖਤਰਨਾਕ ਅਪਰਾਧੀਆਂ ਨਾਲ ਹੋਏ ਜ਼ਬਰਦਸਤ ਮੁਕਾਬਲੇ ਤੋਂ ਬਾਅਦ 5 ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ ਭਾਰੀ ਮਾਤਰਾ ਵਿਚ ਹਥਿਆਰ ਬਰਾਮਦ ਕੀਤੇ ਹਨ। ਗ੍ਰਿਫ਼ਤਾਰ ਕੀਤੇ ਨੌਜਵਾਨ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੀ ਪੁਲਿਸ ਨੂੰ ਦਰਜਨਾਂ ਮਾਮਲਿਆਂ ਵਿਚ ਲੁੜੀਂਦੇ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਡੀ. ਸੀ. ਪੀ. ਸ: ਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਪੁਲਿਸ ਵੱਲੋਂ ਇਹ ਕਾਰਵਾਈ ਥਾਣਾ ਡਿਵੀਜ਼ਨ ਨੰਬਰ 4 ਦੇ ਐੱਸ. ਐੱਚ. ਓ. ਅਮਨਦੀਪ ਸਿੰਘ ਦੀ ਅਗਵਾਈ ਹੇਠ ਅਮਲ ਵਿਚ ਲਿਆਂਦੀ ਹੈ ਅਤੇ ਗ੍ਰਿਫ਼ਤਾਰ ਕੀਤੇ ਕਥਿਤ ਦੋਸ਼ੀਆਂ ਦੀ ਸ਼ਨਾਖਤ ਅਜੈ ਸ਼ਰਮਾ ਉਰਫ਼ ਪੰਡਤ ਪੁੱਤਰ ਬਿਸ਼ਨ ਦਾਸ ਵਾਸੀ ਗੁਰੂ ਅਰਜਨ ਦੇਵ ਨਗਰ, ਹਰਜੀਤ ਸਿੰਘ ਉਰਫ਼ ਸੋਨੀ ਪੁੱਤਰ ਹਰਦੇਵ ਸਿੰਘ ਵਾਸੀ ਮੋਗਾ, ਅਮਨ ਗਾਬਾ ਉਰਫ਼ ਚਿੰਟੂ ਪੁੱਤਰ ਮੋਹਣ ਲਾਲ ਵਾਸੀ ਕਿਸ਼ਨਪੁਰਾ ਮੋਗਾ, ਜਤਿੰਦਰ ਕੁਮਾਰ ਉਰਫ਼ ਨੀਲਾ ਪੁੱਤਰ ਕੁੰਦਨ ਲਾਲ ਵਾਸੀ ਗੁਰੂ ਨਾਨਕ ਨਗਰ ਮੋਗਾ ਅਤੇ ਸਿਮਰਨਪ੍ਰੀਤ ਸਿੰਘ ਉਰਫ਼ ਸਿਮਰ ਪੁੱਤਰ ਸਰਬਜੀਤ ਸਿੰਘ ਵਾਸੀ ਗੁਰੂ ਅਰਜਨ ਦੇਵ ਨਗਰ ਲੁਧਿਆਣਾ ਵਜੋਂ ਕੀਤੀ ਗਈ ਹੈ। ਇਨ੍ਹਾਂ ਦੇ ਕਬਜ਼ੇ ਵਿਚੋਂ ਪੁਲਿਸ ਨੇ ਦੋ ਪਿਸਤੌਲਾਂ ਅਤੇ 9 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਸੋਮਵਾਰ ਅਤੇ ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਪੁਲਿਸ ਵੱਲੋਂ ਰਾਤਰੀ ਗਸ਼ਤ ਦੇ ਮੱਦੇਨਜ਼ਰ ਚੰਦਰ ਨਗਰ ਪੁਲੀ ਤੇ ਨਾਕਾ ਲਗਾਇਆ ਹੋਇਆ ਸੀ। ਪੁਲਿਸ ਨੇ ਇਕ ਚਿੱਟੇ ਰੰਗ ਦੀ ਸਫ਼ਾਰੀ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ। ਕਾਰ ਚਾਲਕਾਂ ਵੱਲੋਂ ਕਾਰ ਰੋਕਣ ਦੀ ਥਾਂ ਭਜਾ ਲਈ ਅਤੇ ਕਾਰ ਇਕ ਦੀਵਾਰ ਨਾਲ ਵੱਜਣ ਤੋਂ ਬਾਅਦ ਰੁਕ ਗਈ। ਪਿੱਛਾ ਕਰ ਰਹੀ ਪੁਲਿਸ ਪਾਰਟੀ ਨੇ ਜਦੋਂ ਉਨ੍ਹਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ ਨੌਜਵਾਨਾਂ ਨੇ ਪੁਲਿਸ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ 'ਤੇ ਸਬ ਇੰਸਪੈਕਟਰ ਬਲਦੇਵ ਸਿੰਘ ਨੇ ਜਵਾਬੀ ਗੋਲੀਆਂ ਚਲਾਈਆਂ।
ਪੁਲਿਸ ਨਾਲ ਹੋਏ ਸੰਖੇਪ ਮੁਕਾਬਲੇ ਤੋਂ ਬਾਅਦ ਪੁਲਿਸ ਨੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਅਨੁਸਾਰ ਇਸ ਗਿਰੋਹ ਦਾ ਸਰਗਨਾ ਪੰਡਿਤ ਪੈਸੇ ਲੈ ਕੇ ਲੋਕਾਂ ਦੀ ਮਾਰਕੁਟਾਈ ਕਰਨ ਦਾ ਧੰਦਾ ਕਰਦਾ ਹੈ। ਉਨ੍ਹਾਂ ਦੱਸਿਆ ਕਿ ਜਦ ਕਿ ਬਾਕੀ ਕਥਿਤ ਦੋਸ਼ੀ ਮੋਗਾ ਪੁਲਿਸ ਦੇ ਭਗੌੜੇ ਹਨ ਅਤੇ ਸੰਗੀਨ ਵਾਰਦਾਤਾਂ ਵਿਚ ਲੁੜੀਂਦੇ ਸਨ। ਪੁਲਿਸ ਨੇ ਇਨ੍ਹਾਂ ਖਿਲਾਫ਼ ਧਾਰਾ 307/148/149 ਅਧੀਨ ਕੇਸ ਦਰਜ ਕੀਤਾ ਹੈ। ਅਤੇ ਕਈ ਹੋਰ ਪ੍ਰਗਟਾਵੇ ਹੋਣ ਦੀ ਸੰਭਾਵਨਾ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿਚੋਂ ਇਕ ਸਫ਼ਾਰੀ ਵੀ ਬਰਾਮਦ ਕੀਤੀ ਹੈ। ਪੁਲਿਸ ਅਨੁਸਾਰ 315 ਬੋਰ ਦੀ ਜਿਹੜੀ ਪਿਸਤੌਲ ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿਚੋਂ ਬਰਾਮਦ ਕੀਤੀ ਹੈ, ਉਹ ਚੋਰੀ ਦੀ ਹੈ।

ਦੁੱਧ ਦੇ ਵਪਾਰੀ ਤੋਂ ਹਥਿਆਰਬੰਦ ਲੁਟੇਰੇ 7 ਲੱਖ ਦੀ ਨਕਦੀ ਲੁੱਟ ਕੇ ਫਰਾਰ

 ਲੁਧਿਆਣਾ ਵਿਖੇ ਹੋਈ ਲੁੱਟ ਦੀ ਵਾਰਦਾਤ ਤੋਂ ਬਾਅਦ ਮੌਕੇ 'ਤੇ ਪਹੁੰਚੇ ਪੁਲਿਸ
ਅਧਿਕਾਰੀ ਜਾਂਚ ਪੜਤਾਲ ਕਰਦੇ ਹੋਏ।
ਲੁਧਿਆਣਾ.- 22 ਫਰਵਰੀ ਸਥਾਨਕ ਗਿੱਲ ਸੜਕ ਤੇ ਪੈਂਦੇ ਇਲਾਕੇ ਦਸ਼ਮੇਸ਼ ਨਗਰ ਵਿਚ ਅੱਜ ਦਿਨ-ਦਿਹਾੜੇ ਦੋ ਅਣਪਛਾਤੇ ਹਥਿਆਰਬੰਦ ਮੋਟਰਸਾਈਕਲ ਸਵਾਰ ਲੁਟੇਰੇ ਇਕ ਦੁੱਧ ਦੇ ਵਪਾਰੀ ਤੋਂ 7 ਲੱਖ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਘਟਨਾ ਅੱਜ ਦੁਪਹਿਰ 1 ਵਜੇ ਦੇ ਕਰੀਬ ਉਸ ਵਕਤ ਵਾਪਰੀ ਜਦੋਂ ਦੁੱਧ ਦਾ ਕਾਰੋਬਾਰ ਕਰਨ ਅਤੇ ਜਗਦੀਸ਼ ਮਿਲਕ ਸਟੋਰ ਗਿੱਲ ਸੜਕ ਦਾ ਮਾਲਕ ਰਾਜੇਸ਼ ਕੁਮਾਰ ਚੌਧਰੀ ਗਿੱਲ ਸੜਕ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਤੋਂ 7 ਲੱਖ ਦੀ ਨਕਦੀ ਕਢਵਾ ਕੇ ਵਾਪਸ ਘਰ ਪਰਤ ਰਿਹਾ ਸੀ।
ਉਸ ਦਾ ਘਰ ਬੈਂਕ ਦੇ ਨਾਲ ਲਗਦੀ ਗਲੀ ਵਿਚ ਹੀ ਸੀ, ਜਿਸ ਕਰ ਕੇ ਉਹ ਬੈਂਕ ਤੋਂ ਪੈਦਲ ਹੀ ਘਰ ਵੱਲ ਤੁਰ ਪਿਆ। ਉਸ ਨੇ ਨਕਦੀ ਇਕ ਬੈਗ ਵਿਚ ਪਾਈ ਹੋਈ ਸੀ। ਜਦੋਂ ਉਹ ਘਰ ਦੇ ਨੇੜੇ ਪਹੁੰਚਿਆਂ ਤਾਂ ਉਥੇ ਇਕ ਮੋਟਰਸਾਈਕਲ ਸਵਾਰ ਦੋ ਹਥਿਆਰਬੰਦ ਲੁਟੇਰਿਆਂ ਨੇ ਉਸਨੂੰ ਰੋਕ ਲਿਆ ਅਤੇ ਨਕਦੀ ਦੀ ਮੰਗ ਕੀਤੀ, ਜਦੋਂ ਉਸ ਨੇ ਨਕਦੀ ਦੇਣ ਤੋਂ ਇਨਕਾਰ ਕੀਤਾ ਤਾਂ ਲੁਟੇਰੇ ਉਸ ਨਾਲ ਉਲਝ ਪਏ ਅਤੇ ਨਕਦੀ ਵਾਲਾ ਬੈਗ ਲੁੱਟ ਕੇ ਫਰਾਰ ਹੋ ਗਏ। ਦੋਵਾਂ ਲੁਟੇਰਿਆਂ ਦੀ ਉਮਰ 25 ਸਾਲ ਦੇ ਕਰੀਬ ਸੀ ਅਤੇ ਉਹ ਪਲਸਰ ਮੋਟਰਸਾਈਕਲ ਤੇ ਸਵਾਰ ਸਨ।
ਘਟਨਾ ਦੀ ਸੂਚਨਾ ਮਿਲਦੇ ਏ. ਡੀ. ਸੀ. ਪੀ. ਸ: ਸਤਵੀਰ ਸਿੰਘ ਅਟਵਾਲ ਸਮੇਤ ਕਈ ਹੋਰ ਉਚ ਅਧਿਕਾਰੀ ਮੌਕੇ 'ਤੇ ਪਹੁੰਚੇ। ਪੁਲਿਸ ਵੱਲੋਂ ਵਾਰਦਾਤ ਤੋਂ ਬਾਅਦ ਪੂਰੇ ਸ਼ਹਿਰ ਵਿਚ ਨਾਕਾਬੰਦੀ ਕਰਕੇ ਵਾਹਨਾਂ ਦੀ ਤਲਾਸ਼ੀ ਲਈ, ਪਰ ਪੁਲਿਸ ਨੂੰ ਕੋਈ ਸਫ਼ਲਤਾ ਨਹੀਂ ਮਿਲੀ। ਪੁਲਿਸ ਵੱਲੋਂ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਜਾਅਲੀ ਸਰਟੀਫ਼ਿਕੇਟ ਦੇ ਆਧਾਰ 'ਤੇ ਨੌਕਰੀ
ਲੈਣ ਵਾਲੇ ਸਿਪਾਹੀ ਖ਼ਿਲਾਫ਼ ਕੇਸ ਦਰਜ
ਲੁਧਿਆਣਾ- 22 ਫਰਵਰੀ ૿ ਲੁਧਿਆਣਾ ਪੁਲਿਸ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅੰਗਰੱਖਿਅਕ ਖਿਲਾਫ਼ ਜਾਅਲੀ ਸਰਟੀਫ਼ਿਕੇਟ ਦੇ ਆਧਾਰ 'ਤੇ ਨੌਕਰੀ ਲੈਣ ਵਾਲੇ ਸਿਪਾਹੀ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਇਹ ਕਾਰਵਾਈ ਇਕ ਸ਼ਿਕਾਇਤ ਦੇ ਆਧਾਰ 'ਤੇ ਅਮਲ ਵਿਚ ਲਿਆਂਦੀ ਹੈ ਅਤੇ ਇਸ ਸਬੰਧੀ ਕਾਬਲ ਸਿੰਘ ਪੁੱਤਰ ਬਚਨ ਸਿੰਘ ਖਿਲਾਫ਼ ਧਾਰਾ 420 ਅਧੀਨ ਕੇਸ ਦਰਜ ਕੀਤਾ ਹੈ। ਪੁਲਿਸ ਅਨੁਸਾਰ ਨੌਕਰੀ ਲੈਣ ਸਮੇਂ ਆਪਣੇ ਜਨਮ ਦਾ ਜਾਅਲੀ ਸਰਟੀਫ਼ਿਕੇਟ ਪੇਸ਼ ਕੀਤਾ। ਜਾਂਚ ਦੌਰਾਨ ਸ਼ਿਕਾਇਤ ਤੇ ਤੱਥ ਸਹੀ ਪਾਏ ਗਏ ਅਤੇ ਅਧਿਕਾਰੀਆਂ ਨੇ ਉਸ ਖਿਲਾਫ਼ ਕੇਸ ਦਰਜ ਕਰਨ ਦੇ ਹੁਕਮ ਦਿੱਤੇ। ਹਾਲ ਦੀ ਘੜੀ ਇਸ ਮਾਮਲੇ ਵਿਚ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ।

ਵਿਧਾਇਕ ਦੀਦਾਰ ਸਿੰਘ ਭੱਟੀ ਸਮੇਤ ਦਰਜਨ
ਵਿਅਕਤੀਆਂ ਖ਼ਿਲਾਫ਼ ਕੁੱਟਮਾਰ ਦਾ ਮਾਮਲਾ ਦਰਜ
ਫ਼ਤਹਿਗੜ੍ਹ ਸਾਹਿਬ- 22 ਫਰਵਰੀ ૿ ਆੜ੍ਹਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਸੌਂਢਾ ਨੂੰ ਘੇਰ ਕੇ ਕੁੱਟਮਾਰ ਕਰਨ ਅਤੇ ਗੱਡੀ 'ਚ ਸੁੱਟਣ ਦੇ ਕਥਿਤ ਦੋਸ਼ 'ਚ ਹਲਕਾ ਵਿਧਾਇਕ ਸਰਹਿੰਦ ਅਤੇ ਵਿਧਾਨ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਪੀਪਲਜ਼ ਪਾਰਟੀ ਦੇ ਉਮੀਦਵਾਰ ਦੀਦਾਰ ਸਿੰਘ ਭੱਟੀ, ਨਗਰ ਕੌਂਸਲ ਸਰਹਿੰਦ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਗੁਰਵਿੰਦਰ ਸਿੰਘ ਗੱਗੂ, ਪੀਪਲਜ਼ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਸਰਬਜੀਤ ਸਿੰਘ ਮੱਖਣ ਸਮੇਤ ਲਗਭਗ 10 ਵਿਅਕਤੀਆਂ 'ਤੇ ਫ਼ਤਹਿਗੜ੍ਹ ਸਾਹਿਬ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਸਰਹਿੰਦ ਚੌਕੀ ਇੰਚਾਰਜ ਵਿਨੋਦ ਕੁਮਾਰ ਨੇ ਦੱਸਿਆ ਕਿ 21 ਫਰਵਰੀ ਦੀ ਸ਼ਾਮ ਨੂੰ ਜਦੋਂ ਲਖਵੀਰ ਸਿੰਘ ਸੌਂਢਾ ਆਪਣੀ ਗੱਡੀ 'ਚ ਫ਼ਤਹਿਗੜ੍ਹ ਸਾਹਿਬ ਮੱਥਾ ਟੇਕਣ ਜਾ ਰਿਹਾ ਸੀ ਤਾਂ ਦੀਦਾਰ ਸਿੰਘ ਭੱਟੀ, ਗੁਰਵਿੰਦਰ ਸਿੰਘ ਗੱਗੂ, ਸਰਬਜੀਤ ਸਿੰਘ ਮੱਖਣ, ਰਜਿੰਦਰ ਸਿੰਘ ਬਿੱਟਾ, ਸਿਕੰਦਰ ਸਿੰਘ ਤਲਵਾੜਾ ਸਮੇਤ ਅੱਧੀ ਦਰਜਨ ਤੋਂ ਵਧੇਰੇ ਨਾ ਮਾਲੂਮ ਵਿਅਕਤੀਆਂ ਨੇ ਉਸ ਨੂੰ ਆਮ ਖ਼ਾਸ ਬਾਗ਼ ਨੇੜੇ ਘੇਰ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਗੁਰਵਿੰਦਰ ਸਿੰਘ ਗੱਗੂ ਨੇ ਰਿਵਾਲਵਰ ਤਾਣ ਲਿਆ ਅਤੇ ਲਖਵੀਰ ਸਿੰਘ ਨੂੰ ਗੱਡੀ 'ਚ ਸੁੱਟ ਲਿਆ ਪਰ ਲੋਕਾਂ ਦਾ ਇਕੱਠ ਦੇਖ ਕੇ ਉਪਰੋਕਤ ਵਿਅਕਤੀ ਆਪਣੀਆਂ ਗੱਡੀਆਂ ਸਮੇਤ ਭੱਜ ਗਏ।
ਉਨ੍ਹਾਂ ਦੱਸਿਆ ਕਿ ਸ਼ਿਕਾਇਤ ਕਰਤਾ ਲਖਵੀਰ ਸਿੰਘ ਸੌਂਢਾ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਉਪਰੋਕਤ ਵਿਅਕਤੀਆਂ ਖ਼ਿਲਾਫ਼ ਆਈ ਪੀ ਸੀ ਦੀ ਧਾਰਾ 365, 511, 341,342, 506, 323, 148, 149 ਅਤੇ ਅਸਲਾ ਐਕਟ ਦੀ ਧਾਰਾ 25, 54, 59 ਅਧੀਨ ਮਾਮਲਾ ਦਰ ਕਰ ਕੇ ਉਪਰੋਕਤ ਵਿਅਕਤੀਆਂ ਦੀ ਸਰਗਰਮੀ ਨਾਲ ਭਾਲ ਸ਼ੁਰੂ ਕਰ ਦਿੱਤੀ ਹੈ।

ਲੋਕਾਂ ਦੀ ਸਹੂਲਤ ਲਈ ਬਣੇ ਸਾਂਝ ਕੇਂਦਰ ਅਸਫਲ
ਅਬੋਹਰ. - 22 ਫਰਵਰੀ ૿ ਲੋਕਾਂ ਅੰਦਰ ਪੁਲਿਸ ਦਾ ਡਰ ਖ਼ਤਮ ਕਰਨ ਦੇ ਮੰਤਵ ਨਾਲ ਪੰਜਾਬ ਵਿਚ ਪੁਲਿਸ ਸਾਂਝ ਕੇਂਦਰ ਬਣਾਏ ਗਏ ਸਨ। ਜਿਨ੍ਹਾਂ ਦਾ ਲਾਭ ਲੋਕਾਂ ਨੂੰ ਉਨਾਂ ਨਹੀਂ ਮਿਲ ਰਿਹਾ ਜਿੰਨਾ ਮਿਲਣਾ ਚਾਹੀਦਾ ਹੈ। ਹੇਠਲੇ ਪੱਧਰ ਦੇ ਅਧਿਕਾਰੀਆਂ ਵੱਲੋਂ ਇਸ ਵਿਚ ਰੁਚੀ ਨਾ ਲਏ ਜਾਣ ਅਤੇ ਲੋਕਾਂ 'ਚ ਜਾਗਰੂਕਤਾ ਦੀ ਘਾਟ ਕਾਰਨ ਇਹ ਪ੍ਰੋਜੈਕਟ ਹਾਲੇ ਤੱਕ ਸਫਲ ਨਹੀਂ ਹੋ ਸਕਿਆ ਹੈ।
ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਵਿਚ ਉਪ ਮੰਡਲ ਪੱਧਰ 'ਤੇ ਵਧੀਆ ਇਮਾਰਤਾਂ ਉਸਾਰ ਕੇ ਇਹ ਸਾਂਝ ਕੇਂਦਰ ਬਣੇ ਸਨ। 95 ਸਾਂਝ ਕੇਂਦਰਾਂ ਅਤੇ 88 ਮਾਡਲ ਪੁਲਿਸ ਥਾਣਿਆਂ ਦਾ ਟੀਚਾ ਲੈ ਕੇ ਚੱਲੀ ਪੰਜਾਬ ਪੁਲਿਸ ਵੱਲੋਂ ਕੇਂਦਰ ਤੋਂ ਆਏ ਪੈਸੇ ਨਾਲ ਹੁਣ ਤੱਕ 83 ਸਾਂਝ ਕੇਂਦਰ ਤੇ 46 ਪੁਲਿਸ ਥਾਣੇ ਬਣਾਏ ਜਾ ਚੁੱਕੇ ਹਨ। 17 ਅਕਤੂਬਰ 2011 ਨੂੰ ਸਾਰੇ ਪੰਜਾਬ ਵਿਚ ਇੱਕੋ ਦਿਨ ਇਨ੍ਹਾਂ ਕੇਂਦਰਾਂ ਦੀ ਸ਼ੁਰੂਆਤ ਕੀਤੀ ਗਈ ਸੀ। ਇਨ੍ਹਾਂ ਕੇਂਦਰਾਂ 'ਚ ਸਟਾਫ਼ ਵੀ ਰੱਖਿਆ ਗਿਆ ਸੀ। ਇਨ੍ਹਾਂ ਸਾਂਝ ਕੇਂਦਰਾਂ 'ਤੇ ਪੁਲਿਸ ਥਾਣਿਆਂ ਵਿਚ ਸੂਚਨਾ ਦੇ ਅਧਿਕਾਰ ਤਹਿਤ 20 ਸੁਵਿਧਾਵਾਂ ਅਤੇ ਕੁੱਝ ਹੋਰ ਸੁਵਿਧਾਵਾਂ ਉਪਲਬਧ ਕਰਵਾਈਆਂ ਜਾਣੀਆਂ ਸ਼ਾਮਿਲ ਹਨ। ਪਰ ਉਦਾਸੀ ਭਰੀ ਗੱਲ ਇਹ ਹੈ ਕਿ ਇਹ ਸਾਂਝ ਕੇਂਦਰ ਹੇਠਲੇ ਪੱਧਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਰੁਚੀ ਨਾ ਲਏ ਜਾਣ ਕਰ ਕੇ ਲੋਕਾਂ ਅਤੇ ਪੁਲਿਸ ਦੀ ਸਾਂਝ ਨੂੰ ਮਜ਼ਬੂਤ ਕਰਨ ਵਿਚ ਹੁਣ ਤੱਕ ਤਾਂ ਨਾ-ਕਾਮਯਾਬ ਸਾਬਤ ਹੋਏ ਹਨ।
ਇਨ੍ਹਾਂ ਕੇਂਦਰਾਂ ਵਿਚ ਮੁੱਢਲੀਆਂ ਸੂਚਨਾਵਾਂ ਵੀ ਦਰਜ ਹੋਣੀਆਂ ਸਨ ਤੇ ਸ਼ਿਕਾਇਤਾਂ ਵੀ ਇੱਥੇ ਹੀ ਹੋਣੀਆਂ ਸਨ। ਪਰ ਇਨ੍ਹਾਂ ਕੇਂਦਰਾਂ 'ਤੇ ਤਾਂ ਸਿਰਫ਼ ਮੋਬਾਈਲ, ਸਿਮ ਕਾਰਡ ਚੋਰੀ ਹੋਣ ਸਬੰਧੀ ਅਤੇ ਹੋਰ ਨਿੱਕੀਆਂ-ਮੋਟੀਆਂ ਸ਼ਿਕਾਇਤਾਂ ਹੀ ਦਰਜ ਹੋ ਰਹੀਆਂ ਹਨ। ਅਬੋਹਰ ਵਿਚ ਇਸ ਕੇਂਦਰ 'ਤੇ ਪੂਰੇ ਕੰਮ ਨਹੀਂ ਹੋਣ ਲੱਗੇ। ਇਨ੍ਹਾਂ ਕੇਂਦਰਾਂ ਦਾ ਸਟਾਫ਼ ਲਗਭਗ ਵਿਹਲਾ ਰਹਿ ਕੇ ਹੀ ਸਮਾਂ ਲੰਘਾ ਰਿਹਾ ਹੈ। ਸਰਕਾਰੀ ਹਦਾਇਤਾਂ ਦੇ ਉਲਟ ਅੱਜ ਵੀ ਥਾਣਿਆਂ 'ਚ ਸ਼ਿਕਾਇਤਾਂ ਦਰਜ ਹੋ ਰਹੀਆਂ ਹਨ ਤੇ ਲੋਕ ਖੱਜਲ ਖ਼ੁਆਰ ਹੋ ਰਹੇ ਹਨ।ਇਸ ਸਬੰਧੀ ਜਦੋਂ ਉੱਚ ਪੁਲਿਸ ਅਧਿਕਾਰੀ ਨਾਲ ਗੱਲਬਾਤ ਕਰਨੀ ਚਾਹੀ ਤਾਂ ਉੱਥੋਂ ਅੱਗੇ ਤੋਂ ਅੱਗੇ ਨੰਬਰ ਦੇ ਕੇ ਉਲਝਾਈ ਰੱਖਿਆ ਗਿਆ।

ਫੜੇ ਤਿੰਨ ਬੰਗਲਾਦੇਸ਼ੀ ਨੌਜਵਾਨ ਗੁਰਦਾਸਪੁਰ ਜੇਲ੍ਹ ਭੇਜੇ

ਬਟਾਲਾ/ਡੇਰਾ ਬਾਬਾ ਨਾਨਕ.-22 ਫਰਵਰੀ ૿ ਡੇਰਾ ਬਾਬਾ ਨਾਨਕ ਸੈਕਟਰ ਅਧੀਨ ਆਉਂਦੀ ਨੰਗਲੀ ਪੋਸਟ ਦੇ ਨਜ਼ਦੀਕ ਕੰਡਿਆਲੀ ਤਾਰ ਪਾਰ ਕਰਨ ਦੀ ਕੋਸ਼ਿਸ਼ ਕਰਦੇ ਤਿੰਨ ਬੰਗਲਦੇਸ਼ੀ ਨੌਜਵਾਨਾਂ ਨੂੰ ਬੀ. ਐੱਸ. ਐੱਫ਼ ਦੀ 74 ਬਟਾਲੀਅਨ ਦੇ ਜਵਾਨਾਂ ਨੇ ਬੀਤੇ ਕੱਲ੍ਹ ਕਾਬੂ ਕੀਤਾ ਸੀ।
ਡੀ. ਐੱਸ. ਪੀ. ਗੁਰਮੀਤ ਸਿੰਘ ਚੀਮਾ ਅਤੇ ਐੱਸ. ਐੱਚ. ਓ. ਪਰਮਜੀਤ ਸਿੰਘ ਨੇ ਦੱਸਿਆ ਕਿ ਭਾਰਤ-ਪਾਕਿ ਕੌਮਾਂਤਰੀ ਸਰਹੱਦ 'ਤੇ ਨੰਗਲੀ ਪੋਸਟ ਦੇ ਨਜ਼ਦੀਕ 74 ਬਟਾਲੀਅਨ ਦੇ ਜਵਾਨ ਗਸ਼ਤ 'ਤੇ ਸਨ ਕਿ ਨਾਕਾ ਨੰਬਰ ਇਕ ਦੇ ਪਿਛਲੇ ਪਾਸੇ ਉਨ੍ਹਾਂ ਤਿੰਨ ਨੌਜਾਵਾਨਾਂ ਨੂੰ ਭਾਰਤ ਦੀ ਤਰਫੋਂ ਕੰਡਿਆਲੀ ਤਾਰ ਵੱਲ ਨੂੰ ਜਾਂਦੇ ਵੇਖਿਆ, ਜਿਸ 'ਤੇ ਜਵਾਨਾਂ ਨੇ ਇਨ੍ਹਾਂ ਨੂੰ ਚਿਤਾਵਨੀ ਦਿੰਦਿਆਂ ਰੁਕਣ ਦਾ ਇਸ਼ਾਰਾ ਕੀਤਾ ਤੇ ਬੜੀ ਹੀ ਮੁਸਤੈਦੀ ਨਾਲ ਇਨ੍ਹਾਂ ਨੂੰ ਕਾਬੂ ਕਰ ਲਿਆ।
ਪੜ੍ਹਤਾਲ ਕਰਨ 'ਤੇ ਇਨ੍ਹਾਂ ਦੀ ਪਹਿਚਾਣ ਮੁਹੰਮਦ ਆਬੂ ਮੀਆਂ ਪੁੱਤਰ ਨਰੂਲਾ ਅਮੀਨ, ਸ਼ੁਹੇਦ ਮੀਆਂ ਪੁੱਤਰ ਰੰਗਾ ਮੀਆਂ, ਮੁਹੰਮਦ ਮੋਈਨਾ ਮੀਆਂ ਪੁੱਤਰ ਮੁਹੰਮਦ ਅਬਦੁਲ ਕਾਦਰ ਤਿੰਨੋ ਵਾਸੀ ਪਿੰਡ ਸ਼ੇਰਪੁਰ ਜ਼ਿਲ੍ਹਾ ਸਲਾਹਟ ਬੰਗਲਾਦੇਸ਼ ਵਜੋਂ ਹੋਈ ਹੈ। ਪੁਲਿਸ ਨੇ ਇਨ੍ਹਾਂ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 3, 34, 20 ਫੇਰਾ ਐਕਟ 14 ਤਹਿਤ ਥਾਣਾ ਧਰਮਕੋਟ ਵਿਚ ਦਰਜ ਕੀਤਾ ਅਤੇ ਅੱਜ ਉਨ੍ਹਾਂ ਨੂੰ ਮਾਣਯੋਗ ਜੱਜ ਰਵਦੀਪ ਸਿੰਘ ਹੁੰਦਲ ਦੀ ਅਦਾਲਤ ਬਟਾਲਾ ਵਿਖੇ ਪੇਸ਼ ਕੀਤਾ ਗਿਆ ਅਤੇ ਮਾਣਯੋਗ ਜੱਜ ਦੇ ਹੁਕਮਾਂ 'ਤੇ ਸਿਵਲ ਹਸਪਤਾਲ ਬਟਾਲਾ ਤੋਂ ਮੈਡੀਕਲ ਕਰਵਾਉਣ ਤੋਂ ਬਾਅਦ 14 ਦਿਨ ਦੀ ਜੁਡੀਸ਼ੀਅਲ ਰਿਮਾਂਡ 'ਤੇ ਸੈਂਟਰਲ ਜੇਲ੍ਹ ਗੁਰਦਾਸਪੁਰ ਭੇਜ ਦਿੱਤਾ ਗਿਆ।

ਮੇਜਰ ਸਿੰਘ ਪੱਛੜੀਆਂ ਸ਼੍ਰੇਣੀਆਂ ਵਿੰਗ ਦੇ ਕੌਮੀ ਜਨਰਲ ਸਕੱਤਰ ਨਿਯੁਕਤ

ਲੁਧਿਆਣਾ. 22 ਫਰਵਰੀ ૿ ਪੰਜਾਬ ਦੇ ਜੇਲ੍ਹ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ (ਪੱਛੜੀਆਂ ਸ਼੍ਰੇਣੀਆਂ ਵਿੰਗ) ਦੇ ਕੌਮੀ ਪ੍ਰਧਾਨ ਜਥੇਦਾਰ ਹੀਰਾ ਸਿੰਘ ਗਾਬੜੀਆ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਵਾਲੇ ਆਗੂਆਂ ਤੇ ਪਾਰਟੀ ਵਰਕਰਾਂ ਨੂੰ ਪਾਰਟੀ ਅੰਦਰ ਬਣਦਾ ਮਾਣ ਸਨਮਾਨ ਪਹਿਲ ਦੇ ਆਧਾਰ 'ਤੇ ਦਿੱਤਾ ਜਾਵੇਗਾ।
ਜਥੇਦਾਰ ਗਾਬੜੀਆ ਅੱਜ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦੇ ਸਕੱਤਰ ਜਨਰਲ ਭਾਈ ਮੇਜਰ ਸਿੰਘ ਖਾਲਸਾ ਨੂੰ ਸ਼੍ਰੋਮਣੀ ਅਕਾਲੀ ਦਲ (ਪੱਛੜੀਆਂ ਸ਼੍ਰੇਣੀਆਂ ਵਿੰਗ) ਦਾ ਕੌਮੀ ਜਰਨਲ ਸਕੱਤਰ ਨਿਯੁਕਤ ਕਰਨ ਸਮੇਂ ਸੰਬੋਧਨ ਕਰ ਰਹੇ ਸਨ। ਇਸ ਮੌਕੇ ਭਾਈ ਮੇਜਰ ਸਿੰਘ ਨੇ ਕਿਹਾ ਕਿ ਜਥੇਦਾਰ ਹੀਰਾ ਸਿੰਘ ਗਾਬੜੀਆ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਹੈ ਉਸ ਨੂੰ ਪੂਰੀ ਤਨਦੇਹੀ ਦੇ ਨਾਲ ਨਿਭਾਉਣਗੇ ਅਤੇ ਪਿਛੜੇ ਹੋਏ ਵਰਗਾਂ ਦੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਵੱਧ ਤੋਂ ਵੱਧ ਜੋੜਨ ਦਾ ਯਤਨ ਕਰਨਗੇ।
ਇਸ ਮੌਕੇ ਜਗਦੇਵ ਸਿੰਘ ਗੋਹਲਵੜੀਆ ਓ. ਐਸ. ਡੀ., ਸਵਰਨ ਸਿੰਘ ਮਹੋਲੀ ਕੌਂਸਲਰ, ਜਸਪਾਲ ਸਿੰਘ ਫੈਡਰੇਸ਼ਨ ਆਗੂ, ਰਵਿੰਦਰ ਵਰਮਾ ਪੀ. ਏ., ਅੰਗਰੇਜ਼ ਸਿੰਘ ਹੈਬੋਵਾਲ ਅਤੇ ਕਈ ਹੋਰ ਪ੍ਰਮੁੱਖ ਅਕਾਲੀ ਆਗੂ ਹਾਜ਼ਰ ਸਨ।

ਨਾਬਾਲਗ ਲੜਕੀ ਦਾ ਜ਼ਬਰੀ ਵਿਆਹ ਕਰਾਉਣ
 ਵਾਲੇ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ
ਹੁਸ਼ਿਆਰਪੁਰ.- 22 ਫ਼ਰਵਰੀ ૿ 15 ਸਾਲ ਦੀ ਨਬਾਲਗ ਲੜਕੀ ਦਾ ਜਬਰਨ ਵਿਆਹ ਕਰਾਉਣ ਦੇ ਕੇਸ ਵਿਚ ਚੱਬੇਵਾਲ ਪੁਲਿਸ ਨੇ ਪਿੰਡ ਸਰਹਾਲਾ ਕਲਾਂ ਦੇ ਸਰਪੰਚ ਅਤੇ 6 ਹੋਰਨਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ।
ਲੜਕੀ ਦੀ ਮਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਰਿੱਟ ਕਰਕੇ ਦੋਸ਼ ਲਗਾਇਆ ਸੀ ਕਿ ਪੁਲਿਸ ਨੇ ਉਸ ਦੀਆਂ ਦਰਖਾਸਤਾਂ 'ਤੇ ਕਾਰਵਾਈ ਨਹੀਂ ਕੀਤੀ ਜਿਸ ਕਰ ਕੇ ਉਸ ਨੂੰ ਅਦਾਲਤ ਦਾ ਦਰਵਾਜਾ ਖੜਕਾਉਣਾ ਪਿਆ। ਹਾਈ ਕੋਰਟ ਨੇ ਬੀਤੇ ਦਿਨੀਂ ਹੁਸ਼ਿਆਰਪੁਰ ਦੇ ਐੱਸ. ਐੱਸ. ਪੀ ਨੂੰ ਹਦਾਇਤ ਕੀਤੀ ਸੀ ਕਿ ਉਹ ਲੜਕੀ ਦਾ ਮੈਡੀਕਲ ਚਕਰਾਉਣ ਅਤੇ ਧਾਰਾ 164 ਤਹਿਤ ਉਸ ਦੇ ਬਿਆਨ ਦਰਜ ਕਰਵਾਉਣ। ਮੈਡੀਕਲ ਕਰਾਉਣ 'ਤੇ ਲੜਕੀ ਨਾਲ ਜਬਰ ਜਨਾਹ ਹੋਣਾ ਪਾਇਆ ਗਿਆ ਜਦੋਂਕਿ ਆਪਣੇ ਬਿਆਨ ਵਿਚ ਉਸ ਨੇ ਕਿਹਾ ਕਿ ਪਿੰਡ ਦੀ ਔਰਤ ਪਰਮਜੀਤ ਕੌਰ ਉਸ ਨੂੰ ਆਪਣੇ ਸਕੂਟਰ 'ਤੇ ਬਿਠਾ ਕੇ ਕਿਤੇ ਲੈ ਗਈ ਜਿੱਥੇ ਉਸ ਨੂੰ ਜਬਰਦਸਤੀ ਵਿਆਹ ਦਾ ਜੋੜਾ ਪੁਆ ਕੇ ਜੋਗਿੰਦਰ ਸਿੰਘ ਨਾਂਅ ਦੇ ਵਿਅਕਤੀ ਨਾਲ ਉਸ ਦਾ ਵਿਆਹ ਕਰ ਦਿੱਤਾ ਗਿਆ। ਉਸ ਨੇ ਦੱਸਿਆ ਕਿ ਉਸ ਦੀ ਮਾਂ ਵੀ ਪਿੱਛੇ-ਪਿੱਛੇ ਪਹੁੰਚ ਗਈ ਅਤੇ ਵਿਆਹ ਨੂੰ ਰੁਕਵਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਚੱਲੀ ਨਹੀਂ। ਉਸ ਨੇ ਦੋਸ਼ ਲਗਾਇਆ ਕਿ ਪਿੰਡ ਦੇ ਸਰਪੰਚ ਸੁੱਚਾ ਸਿੰਘ ਦੇ ਧਿਆਨ ਵਿਚ ਮਾਮਲਾ ਲਿਆਂਦਾ ਗਿਆ ਸੀ ਪਰ ਸਰਪੰਚ ਨੇ ਉਸ ਨੂੰ ਚਪੇੜਾਂ ਮਾਰੀਆਂ ਅਤੇ ਕਿਹਾ ਕਿ ਉਸ ਨੂੰ ਜੋਗਿੰਦਰ ਸਿੰਘ ਨਾਲ ਵਿਆਹ ਕਰਵਾਉਣਾ ਪਵੇਗਾ। ਲਗਭਗ ਦੋ ਮਹੀਨੇ ਬਾਦ ਉਹ ਆਪਣੇ ਸਹੁਰੇ ਘਰ ਤੋਂ ਛੁੱਟ ਕੇ ਪੇਕੇ ਆ ਗਈ। ਐੱਸ. ਐੱਚ. ਓ ਚੱਬੇਵਾਲ ਪਰਮ ਸੁਨੀਲ ਸਿੰਘ ਨੇ ਦੱਸਿਆ ਕਿ ਅਦਾਲਤ ਜਾਣ ਤੋਂ ਪਹਿਲਾਂ ਲੜਕੀ ਦੀ ਮਾਂ ਨੇ ਐੱਸ. ਐੱਸ. ਪੀ ਸਾਹਿਬ ਨੂੰ ਵੱਖਰੇ-ਵੱਖਰੇ ਬਿਆਨ ਦਿੱਤੇ ਜਿਸ ਦੀ ਜਾਂਚ ਅਜੇ ਚੱਲ ਹੀ ਰਹੀ ਸੀ ਕਿ ਉਸ ਨੇ ਅਦਾਲਤ ਵਿਚ ਅਰਜ਼ੀ ਦੇ ਦਿੱਤੀ।
ਉਨ੍ਹਾਂ ਦੱਸਿਆ ਕਿ ਅਦਾਲਤ ਨੂੰ ਲੜਕੀ ਦੇ ਵਿਆਹ ਦੀਆਂ ਤਸਵੀਰਾਂ ਵਿਖਾਈਆਂ ਗਈਆਂ ਜਿਸ ਵਿਚ ਉਸ ਦੀ ਮਾਂ ਵੀ ਨਾਲ ਖੜ੍ਹੀ ਹੈ। ਉਨ੍ਹਾਂ ਦੱਸਿਆ ਕਿ ਅਦਾਲਤ ਦੇ ਹੁਕਮਾਂ 'ਤੇ ਲੜਕੀ ਦੇ ਬਿਆਨ ਦਰਜ ਕਰਕੇ ਅਤੇ ਡੀ. ਏ ਲੀਗਲ ਦੀ ਰਾਏ ਲੈਣ ਤੋਂ ਬਾਦ ਦਫ਼ਾ 363, 366 ਅਤੇ 376 ਤਹਿਤ ਸਰਹਾਲਾ ਕਲਾਂ ਦੇ ਸਰਪੰਚ ਸੁੱਚਾ ਸਿੰਘ, ਪਰਮਜੀਤ ਕੌਰ, ਜੋਗਿੰਦਰ ਸਿੰਘ, ਉਸ ਦੀ ਭੈਣ ਸੰਦੀਪ ਕੌਰ, ਮਾਂ ਮੋਹਣੀ ਅਤੇ ਭਰਾ ਹਰਜਿੰਦਰ ਸਿੰਘ ਵਾਸੀ ਕਮਾਮ ਜ਼ਿਲ੍ਹਾ ਨਵਾਂਸ਼ਹਿਰ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਤਫ਼ਸ਼ੀਸ਼ ਸ਼ੁਰੂ ਕਰ ਦਿੱਤੀ ਗਈ ਹੈ।


ਸ਼ਹਿਣਾ, 22 ਫਰਵਰੀ-ਥਾਣਾ ਟੱਲੇਵਾਲ (ਬਰਨਾਲਾ) ਦੀ ਪੁਲਿਸ ਨੇ ਪੰਜਾਬ ਐਗਰੋ ਦੇ ਦੋ ਕਰੋੜ, ਦੋ ਲੱਖ 91 ਹਜ਼ਾਰ 647 ਰੁਪਏ ਦੇ ਝੋਨੇ ਦਾ ਗਬਨ ਕਰਨ ਵਾਲਾ ਵਿਅਕਤੀ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ। ਟੱਲੇਵਾਲ ਥਾਣੇ ਦੇ ਮੁਨਸ਼ੀ ਦਲਵਿੰਦਰ ਸਿੰਘ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 21 ਜਨਵਰੀ 2011 ਨੂੰ ਗੁਰੂ ਰਾਈਸ ਮਿਲਜ਼ ਚੂੰਘਾਂ ਵਿਚ ਪੰਜਾਬ ਐਗਰੋ ਦੇ ਲੱਗੇ ਝੋਨੇ 'ਚੋਂ ਮਾਲ ਦੇ 46 ਹਜ਼ਾਰ 127 ਗੱਟੇ ਜਦ ਘੱਟ ਪਾਏ ਗਏ ਤਾਂ ਪੰਜਾਬ ਐਗਰੋ ਦੇ ਡੀ. ਐਮ. ਸੰਦੀਪ ਤਲਵਾਰ ਨੇ ਪੁਲਿਸ ਨੂੰ ਉਕਤ ਗਬਨ ਸਬੰਧੀ ਸ਼ਿਕਾਇਤ ਕੀਤੀ ਸੀ। ਪੁਲਿਸ ਨੇ ਡੀ. ਐਮ. ਸੰਦੀਪ ਤਲਵਾਰ ਦੇ ਬਿਆਨਾਂ 'ਤੇ ਮੁਕੱਦਮਾ ਨੰਬਰ 21 ਤਹਿਤ ਧਾਰਾ ਆਈ.ਪੀ.ਸੀ. ਅਧੀਨ ਰਾਈਸ ਮਿੱਲਜ਼ ਦੇ ਮਾਲਕ ਬਲਦੇਵ ਰਾਜ ਪੁੱਤਰ ਸਿਵਜੀ ਰਾਮ ਵਾਸੀ ਗਲੀ ਨੰ: 2 ਬਠਿੰਡਾ 'ਤੇ ਪਰਚਾ ਦਰਜ ਕਰ ਲਿਆ ਹੈ। ਇਸ ਗਬਨ ਕੇਸ ਦੀ ਪੈਰਵਾਈ ਕਰ ਰਹੇ ਥਾਣਾ ਮੁਖੀ ਰਾਜਵੰਤ ਸਿੰਘ ਨੇ ਦੱਸਿਆ ਕਿ ਪਿਛਲੇ ਇਕ ਸਾਲ ਤੋਂ ਉਕਤ ਗਬਨ ਦੇ ਮਾਮਲੇ ਵਿਚ ਦੋਸ਼ੀ ਬਲਦੇਵ ਰਾਜ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਸੀ। ਬੀਤੇ ਦਿਨੀਂ ਪੁਲਿਸ ਪਾਰਟੀ ਨੇ ਉਸ ਨੂੰ ਉਸ ਦੀ ਰਿਹਾਇਸ਼ ਤੋਂ ਹੀ ਕਾਬੂ ਕਰ ਲਿਆ। ਰਾਜਵੰਤ ਸਿੰਘ ਨੇ ਦੱਸਿਆ ਕਿ ਗਬਨ ਝੋਨੇ ਦੀ ਕੀਮਤ 2 ਕਰੋੜ 91 ਹਜ਼ਾਰ 647 ਰੁਪਏ ਬਣਦੀ ਹੈ। ਉਨ੍ਹਾਂ ਦੱਸਿਆ ਕਿ ਬਲਦੇਵ ਰਾਜ ਦਾ ਡਿਊਟੀ ਮੈਜਿਸਟ੍ਰੇਟ ਤੋਂ ਇੱਕ ਦਿਨ ਦਾ ਰਿਮਾਂਡ ਹਾਸਿਲ ਕਰ ਲਿਆ ਹੈ ਅਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ।

ਬਰਦਵਾਨ (ਪੱਛਮੀ ਬੰਗਾਲ), 22 ਫਰਵਰੀ-ਪੱਛਮੀ ਬੰਗਾਲ ਦੇ ਬਰਦਵਾਨ ਜ਼ਿਲ੍ਹੇ ਵਿਚ ਇਕ ਰੈਲੀ ਦੌਰਾਨ ਹੱਥਿਆਰਬੰਦ ਹਮਲਾਵਰਾਂ ਵੱਲੋਂ ਕੀਤੇ ਗਏ ਹਮਲੇ 'ਚ ਇਕ ਸਾਬਕਾ ਵਿਧਾਇਕ ਪ੍ਰਾਦਿਪ ਤਾਹ ਸਮੇਤ ਮਾਰਕਸੀ ਪਾਰਟੀ ਦੇ 2 ਸੀਨੀਅਰ ਆਗੂ ਮਾਰੇ ਗਏ। ਮਾਰਕਸੀ ਪਾਰਟੀ ਦੇ ਵਰਕਰਾਂ ਨੇ ਦੋਸ਼ ਲਾਇਆ ਹੈ ਕਿ ਹਮਲਾ ਸੱਤਾਧਾਰੀ ਤ੍ਰਿਣਾਮੂਲ ਕਾਂਗਰਸ ਦੇ ਵਰਕਰਾਂ ਨੇ ਕੀਤਾ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਇਹ ਘਟਨਾ ਦੇਵਾਨਦਿਘੀ ਖੇਤਰ ਵਿਚ ਵਾਪਰੀ। ਡੀ. ਐਸ. ਪੀ ਸਾਮ ਮਿਰਜ਼ਾ ਨੇ ਦੱਸਿਆ ਕਿ ਪ੍ਰਾਦਿਪ ਤਾਹ ਨੂੰ ਬਰਦਵਾਨ ਦੇ ਹਸਪਤਾਲ ਵਿਚ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਜਦ ਕਿ ਮਾਰਕਸੀ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਮਲ ਗੇਅਨ ਨੂੰ ਕੋਲਕਾਤਾ ਦੇ ਹਸਪਤਾਲ ਲਿਆਂਦਾ ਜਾ ਰਿਹਾ ਸੀ ਕਿ ਉਹ ਜ਼ਖ਼ਮਾਂ ਦਾ ਤਾਬ ਨਾ ਸਹਾਰਦਾ ਹੋਇਆ ਰਾਹ ਵਿਚ ਹੀ ਦਮ ਤੋੜ ਗਿਆ। ਤਾਹ ਬਰਦਵਾਨ ਵਿਧਾਨ ਸਭਾ ਹਲਕੇ ਤੋਂ ਸਾਬਕਾ ਵਿਧਾਇਕ ਸਨ। ਪੁਲਿਸ ਨੇ ਕਿਹਾ ਹੈ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ ਮਾਰਕਸੀ ਪਾਰਟੀ ਦੇ ਵਰਕਰਾਂ ਵੱਲੋਂ ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ 'ਤੇ 28 ਫਰਵਰੀ ਨੂੰ ਕੀਤੀ ਜਾ ਰਹੀ ਰਾਸ਼ਟਰ ਵਿਆਪੀ ਹੜਤਾਲ ਦੇ ਸਮਰਥਨ 'ਚ ਰੈਲੀ ਕੱਢੀ ਜਾ ਰਹੀ ਸੀ ਜਦੋਂ ਕੁਝ ਹਮਲਾਵਰਾਂ ਨੇ ਉਨ੍ਹਾਂ 'ਤੇ ਤੀਰਾਂ, ਰਾਡਾਂ ਤੇ ਲਾਠੀਆਂ ਨਾਲ ਹਮਲਾ ਕਰ ਦਿੱਤਾ।

ਨਵੀਂ ਦਿੱਲੀ, 22 ਫਰਵਰੀ-ਹਾਈ ਕੋਰਟ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਕਰਵਾਉਣ ਦਾ ਫੈਸਲਾ ਰਾਖਵਾਂ ਰੱਖ ਲਿਆ ਹੈ। ਅੱਜ ਚੀਫ ਜਸਟਿਸ ਏ. ਕੇ. ਸੀਕਰੀ ਅਤੇ ਆਰ. ਐਸ. ਐਂਡਲਾ ਦੇ ਦੋਹਰੇ ਬੈਂਚ ਦੀ ਸੁਣਵਾਈ ਦੌਰਾਨ ਦਿੱਲੀ ਸਰਕਾਰ ਦੇ ਵਕੀਲ ਵੱਜੋਂ ਪੇਸ਼ ਹੋਏ ਕੇ. ਟੀ. ਐਸ. ਤੁਲਸੀ ਨੇ ਅਦਾਲਤ ਨੂੰ ਜਾਣਕਾਰੀ ਦਿੱਤੀ  ਕਿ ਦਿੱਲੀ ਗੁਰਦੁਆਰਾ ਦੀਆਂ ਆਮ ਚੋਣਾਂ ਲਈ ਪ੍ਰਕਿਰਿਆ ਸ਼ੁਰੂ ਹੋ ਜਾਣ ਕਾਰਨ ਚੋਣਾਂ ਕਰਵਾਉਣ ਦੇ ਮਾਮਲੇ 'ਚ ਦਖਲਅੰਦਾਜ਼ੀ ਨਹੀਂ ਕੀਤੀ ਜਾ ਸਕਦੀ। ਇਸ ਲਈ ਪੁਰਾਣੀਆਂ ਵੋਟਰ ਸੂਚੀਆਂ ਦੇ ਆਧਾਰ 'ਤੇ ਹਲਕਿਆਂ ਦੀ ਹੱਦਬੰਦੀ ਕੀਤੇ ਬਿਨਾਂ ਹੀ ਗੁਰਦੁਆਰਾ ਚੋਣਾਂ ਕਰਵਾਉਣ ਦੀ ਇਜਾਜ਼ਤ ਦਿੱਤੀ ਜਾਵੇ। ਜਦ ਕਿ ਉਕਤ ਮਾਮਲੇ 'ਚ ਪਟੀਸ਼ਨ ਪਾਉਣ ਵਾਲੀਆਂ ਦੂਜੀਆਂ ਦੋ ਧਿਰਾਂ ਵੱਲੋਂ ਪੇਸ਼ ਹੋਏ ਵਕੀਲ ਗੁਰਬਖਸ਼ ਸਿੰਘ ਅਤੇ ਵਕੀਲ ਅਵਿਨਾਸ਼ ਮਿਸ਼ਰਾ ਨੇ ਅਦਾਲਤ ਨੂੰ ਜਾਣਕਾਰੀ ਦਿੱਤੀ ਕਿ ਗੁਰਦੁਆਰਾ ਚੋਣ ਡਾਇਰੈਕਟਰ ਵਲੋਂ ਅਖਬਾਰਾਂ ਵਿਚ ਚੋਣਾਂ ਸਬੰਧੀ ਆਮ ਸੂਚਨਾ ਜਾਰੀ ਕੀਤੇ ਜਾਣ ਦੀ ਕਾਰਵਾਈ ਨੂੰ ਨਿਯਮ 11 ਦੇ ਅਧੀਨ ਨੋਟੀਫਿਕੇਸ਼ਨ ਅਤੇ ਚੋਣ ਪ੍ਰਕਿਰਿਆ ਸ਼ੁਰੂ ਹੋਣਾ ਨਹੀ ਮੰਨਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਦਿੱਲੀ ਸਰਕਾਰ ਅਤੇ ਗੁਰਦੁਆਰਾ ਕਮੇਟੀ ਪ੍ਰਬੰਧਕਾਂ ਦੀ ਗੰਢਤੁਪ ਅਤੇ ਗੁਰਦੁਆਰਾ ਕਮੇਟੀ ਦੇ ਪੈਨਲ ਵਾਲੇ ਵਕੀਲ ਵੱਲੋਂ ਦਿੱਲੀ ਸਰਕਾਰ ਦੀ ਪੈਰਵੀ ਕਰਨ ਸਬੰਧੀ ਜਾਣਕਾਰੀ ਅਦਾਲਤ ਨੂੰ ਦਿੱਤੀ ਗਈ। ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ (ਦਿੱਲੀ-ਯੂ. ਕੇ.) ਦੇ ਪ੍ਰਧਾਨ ਜਸਜੀਤ ਸਿੰਘ ਅਤੇ ਦਸਮੇਸ਼ ਸੇਵਾ ਸੁਸਾਇਟੀ ਦੇ ਜਨਰਲ ਸਕੱਤਰ ਸ: ਇੰਦਰਮੋਹਨ ਸਿੰਘ ਵੱਲੋਂ ਸਾਂਝੇ ਰੂਪ 'ਚ ਜਦਕਿ ਹਰਮੋਹਨ ਸਿੰਘ ਵੱਲੋਂ ਵੱਖਰੇ ਤੌਰ 'ਤੇ ਹਾਈ ਕੋਰਟ ਵਿਚ ਦਾਖਲ ਕੀਤੀ ਗਈ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਹਾਈ ਕੋਰਟ ਦੀ ਸਿੰਗਲ ਬੈਂਚ ਨੇ 7 ਫਰਵਰੀ ਦੇ ਫੈਸਲੇ 'ਚ ਦਿੱਲੀ ਗੁਰਦੁਆਰਾ ਡਾਇਰੈਕਟੋਰੇਟ ਨੂੰ ਫੋਟੋ ਵਾਲੀ ਵੋਟਰ ਸੂਚੀ ਅਤੇ ਹਲਕਿਆਂ ਦੀ ਹੱਦਬੰਦੀ ਦੇ ਨਿਰਦੇਸ਼ ਦਿੱਤੇ ਸਨ, ਇਸ ਤੋਂ ਬਾਅਦ ਦਿੱਲੀ ਸਰਕਾਰ ਵੱਲੋਂ ਇਸ ਫੈਸਲੇ ਨੂੰ ਹਾਈ ਕੋਰਟ ਦੇ ਦੋਹਰੇ ਸੰਵਿਧਾਨਕ ਬੈਂਚ 'ਚ ਚੁਣੌਤੀ ਦਿੱਤੀ ਗਈ ਜਿਸ 'ਤੇ ਹੋਈ ਬਹਿਸ ਤੋਂ ਬਾਅਦ ਅੱਜ ਹਾਈ ਕੋਰਟ ਨੇ ਫੈਸਲਾ ਰਾਖਵਾਂ ਰੱਖ ਲਿਆ।
ਨਵੀਂ ਦਿੱਲੀ, 22 ਫਰਵਰੀ -ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ 2 ਜੀ ਸਪੈਕਟਰਮ ਵੰਡ ਮਾਮਲੇ 'ਚ ਆਪਣੀ ਜਾਂਚ ਦੀ ਸਥਿਤੀ ਰਿਪੋਰਟ ਕੇਂਦਰੀ ਵਿਜੀਲੈਂਸ ਕਮਿਸ਼ਨ (ਸੀ. ਵੀ. ਸੀ.) ਨੂੰ ਸੌਂਪ ਦਿੱਤੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਨੇ ਡਾਇਰੈਕਟਰ ਅਰੁਨ ਮਾਥਰ ਦੀ ਅਗਵਾਈ ਵਿਚ ਇਹ ਰਿਪੋਰਟ ਮੁੱਖ ਵਿਜੀਲੈਂਸ ਕਮਿਸ਼ਨਰ ਪ੍ਰਦੀਪ ਕੁਮਾਰ ਦੀ ਅਗਵਾਈ ਵਾਲੀ ਕਮੇਟੀ ਨੂੰ ਸੌਂਪੀ। ਸੂਤਰਾਂ ਅਨੁਸਾਰ ਇਸ ਮੌਕੇ ਮਾਥਰ ਨੇ 2 ਜੀ ਸਪੈਕਟਰਮ ਘੁਟਾਲੇ ਵਿਚ ਵੱਖ-ਵੱਖ ਵਿਅਕਤੀਆਂ ਤੇ ਕੰਪਨੀਆਂ ਦੀ ਭੂਮਿਕਾ ਬਾਰੇ ਵੀ ਮੁੱਖ ਵਿਜੀਲੈਂਸ ਕਮਿਸ਼ਨਰ ਨੂੰ ਜਾਣਕਾਰੀ ਦਿੱਤੀ। ਏਜੰਸੀ ਨੇ ਆਪਣੀ ਜਾਂਚ ਦੌਰਾਨ ਕਾਰਪੋਰੇਟ ਸਲਾਹਕਾਰ ਨੀਰਾ ਰਾਡੀਆ ਸਮੇਤ ਇਸ ਮਾਮਲੇ 'ਚ ਸ਼ਾਮਿਲ ਵੱਖ-ਵੱਖ ਵਿਅਕਤੀਆਂ ਦੇ ਬਿਆਨ ਲਏ। ਜਾਂਚ ਟੀਮ ਨੇ ਮਾਮਲੇ 'ਚ ਵਿਆਪਕ ਸਬੂਤ ਇਕੱਠੇ ਕਰਨ ਲਈ ਮੌਰੀਸ਼ਸ਼, ਸਾਈਪਰਸ ਤੇ ਕੁਝ ਹੋਰ ਦੇਸ਼ਾਂ ਦਾ ਵੀ ਦੌਰਾ ਕੀਤਾ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪਿੱਛੇ ਜਿਹੇ ਕਾਲੇ ਧਨ ਨੂੰ ਚਿੱਟਾ ਕਰਨ ਵਿਰੋਧੀ ਕਾਨੂੰਨ ਦੀਆਂ ਧਰਾਵਾਂ ਤਹਿਤ ਸਾਬਕਾ ਕੇਂਦਰੀ ਮੰਤਰੀ ਦਯਾਨਿਧੀ ਮਾਰਨ ਤੇ ਉਸ ਦੇ ਭਰਾ ਕਲਾਨਿਧੀ ਵਿਰੁੱਧ ਕੇਸ ਵੀ ਦਰਜ ਕੀਤਾ ਹੈ। ਇਥੇ ਵਰਨਣਯੋਗ ਹੈ ਕਿ 2 ਜੀ ਮਾਮਲੇ ਵਿਚ 17 ਦੋਸ਼ੀਆਂ ਵਿਰੁੱਧ ਸੁਣਵਾਈ ਹੋ ਰਹੀ ਹੈ, ਜਿਨ੍ਹਾਂ ਵਿਚ ਸਾਬਕਾ ਟੈਲੀਕਾਮ ਮੰਤਰੀ ਏ.ਰਾਜਾ ਤੋਂ ਇਲਾਵਾ 3 ਕੰਪਨੀਆਂ ਰਿਲਾਇੰਸ ਟੈਲੀਕਾਮ ਲਿਮਟਿਡ, ਸਵਾਨ ਟੈਲੀਕਾਮ ਤੇ ਯੂਨੀਟੈਕ ਲਿਮਟਿਡ ਵੀ ਸ਼ਾਮਿਲ ਹਨ।

ਨਵੀਂ ਦਿੱਲੀ, 22 ਫਰਵਰੀ-ਦਿੱਲੀ ਪੁਲਿਸ ਨੇ ਇਕ ਵੱਡੀ ਸਫਲਤਾ ਪ੍ਰਾਪਤ ਕਰਦਿਆਂ ਅੱਤਵਾਦੀ ਸੰਗਠਨ ਇੰਡੀਅਨ ਮੁਜਾਹਦੀਨ ਦੇ ਸਰਗਰਮ ਅੱਤਵਾਦੀ ਨੂੰ ਬਿਹਾਰ ਤੋਂ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ 50 ਸਾਲਾ ਵਿਅਕਤੀ ਦੀ ਪਛਾਣ ਕਾਫ਼ੀਲ ਵਜੋਂ ਹੋਈ ਹੈ। ਇਸ ਮਹੀਨੇ ਦੀ ਸ਼ੁਰੂਆਤ 'ਚ ਮੁਹੰਮਦ ਤਰੀਕ ਅੰਜੂਮਨ ਨੂੰ ਪਟਨਾ ਸ਼ਹਿਰ ਕੋਲੋਂ ਗ੍ਰਿਫ਼ਤਾਰ ਕੀਤਾ ਸੀ ਜਿਸ ਨੇ ਇੰਡੀਅਨ ਮੁਜਾਹਦੀਨ ਦਾ ਸੰਸਥਾਪਕ ਮੈਂਬਰ ਹੋਣ ਦਾ ਦਾਅਵਾ ਕੀਤਾ ਸੀ।

ਨਵੀਂ ਦਿੱਲੀ, 22 ਫਰਵਰੀ - ਸੁਪਰੀਮ ਕੋਰਟ ਵੱਲੋਂ ਮੁੰਬਈ ਬੰਬ ਧਮਾਕਿਆਂ ਦੇ ਦੋਸ਼ੀ ਅਬੂ ਸਲੇਮ ਵਿਰੁੱਧ 2 ਮਾਮਲਿਆਂ 'ਚ ਟਾਡਾ ਕਾਰਵਾਈ ਉੱਪਰ ਰੋਕ ਲਾਉਣ ਤੋਂ ਬਾਅਦ ਅਜਿਹਾ ਲੱਗਦਾ ਹੈ ਕਿ ਕੇਂਦਰ ਸਰਕਾਰ ਨੇ ਉਸ ਵਿਰੁੱਧ ਮਾਮਲੇ ਵਾਪਿਸ ਲੈਣ ਦਾ ਮੰਨ ਬਣਾ ਲਿਆ ਹੈ। ਸੂਤਰਾਂ ਨੇ ਦੱਸਿਆ ਕਿ ਕੇਂਦਰ ਨੇ ਇਕ ਉੱਚ ਪੱਧਰੀ ਮੀਟਿੰਗ ਤੋਂ ਬਾਅਦ ਟਾਡਾ ਮਾਮਲੇ ਵਾਪਿਸ ਲੈਣ ਦਾ ਨਿਰਨਾ ਲਿਆ ਹੈ ਜਦ ਕਿ ਅਬੂ ਸਲੇਮ ਦੀ ਪੁਰਤਗਾਲ ਨੂੰ ਹਵਾਲਗੀ ਦਾ ਵਿਰੋਧ ਜਾਰੀ ਰੱਖਿਆ ਜਾਵੇਗਾ। ਇਥੇ ਵਰਨਣਯੋਗ ਹੈ ਕਿ ਲਿਸਬਨ ਦੀ ਇਕ ਅਦਾਲਤ ਨੇ ਅਬੂ ਸਲੇਮ ਨੂੰ ਭਾਰਤ ਦੇ ਹਵਾਲੇ ਕਰਨ ਦਾ ਫੈਸਲਾ ਰੱਦ ਕਰ ਦਿੱਤਾ ਸੀ। ਸੁਪਰੀਮ ਕੋਰਟ ਨੇ ਅਬੂ ਸਲੇਮ ਵਿਰੁੱਧ ਟਾਡਾ ਕਾਰਵਾਈ ਉਪਰ ਰੋਕ ਲਾਉਂਦਿਆਂ ਕਿਹਾ ਸੀ ਕਿ ਪੁਰਤਗਾਲ ਦੀ ਅਦਾਲਤ ਦੇ ਫੈਸਲੇ ਦਾ ਸਨਮਾਨ ਕਰਨਾ ਪਵੇਗਾ। ਇਨ੍ਹਾਂ ਦੋ ਟਾਡਾ ਮਾਮਲਿਆਂ ਵਿਚੋਂ ਇਕ ਦਾ ਸਬੰਧ 1993 ਵਿਚ ਹੋਏ ਮੁੰਬਈ ਬੰਬ ਧਮਾਕਿਆਂ ਨਾਲ ਹੈ।
ਨਵੀਂ ਦਿੱਲੀ, 22 ਫਰਵਰੀ-ਕਿੰਗਫਿਸ਼ਰ ਏਅਰਲਾਈਨਜ਼ ਨੂੰ ਰਾਹਤ ਪੈਕੇਜ ਦੇਣ ਲਈ ਇਕ ਵਾਰ ਫਿਰ ਐਸ. ਬੀ. ਆਈ. ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਭਾਰਤੀ ਸਟੇਟ ਬੈਂਕ 1680 ਕਰੋੜ ਰੁਪਏ ਦਾ ਰਾਹਤ ਪੈਕੇਜ ਦੇ ਸਕਦਾ ਹੈ। ਸ਼ਹਿਰੀ ਹਵਾਵਾਜ਼ੀ ਮੰਤਰੀ ਅਜੀਤ ਸਿੰਘ ਨੇ ਵੀ ਇਸ ਪੈਕੇਜ 'ਤੇ ਕਿਸੇ ਤਰਾਂ ਦੇ ਇਤਰਾਜ਼ ਤੋਂ ਇਨਕਾਰ ਕੀਤਾ ਹੈ। ਇਸ ਦਰਮਿਆਨ ਡੀ ਜੀ ਸੀ ਓ ਦੇ ਅਧਿਕਾਰੀਆਂ ਨੇ ਹਵਾਵਾਜ਼ੀ ਮੰਤਰੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਕੰਪਨੀ ਦੀਆਂ ਯੋਜਨਾਵਾਂ ਦੀ ਜਾਣਕਾਰੀ ਦਿੱਤੀ ਹੈ। ਹਵਾਵਾਜ਼ੀ ਮੰਤਰੀ ਅਜੀਤ ਸਿੰਘ ਨੇ ਕਿਹਾ ਕਿ ਜੇਕਰ ਬੈਂਕ ਨੂੰ ਲਗਦਾ ਹੈ ਕਿ ਕਿੰਗਫਿਸ਼ਰ ਨੂੰ ਰਾਹਤ ਪੈਕੇਜ ਦੇਣਾ ਉਨ੍ਹਾਂ ਲਈ ਫਾਇਦੇ ਦਾ ਸੌਦਾ ਹੈ ਤਾਂ ਉਹ ਅਜਿਹਾ ਕਰ ਸਕਦਾ ਹੈ। ਇਸ ਵਿਚ ਸਰਕਾਰ ਨੂੰ ਕੋਈ ਇਤਰਾਜ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿੰਗਫਿਸ਼ਰ 'ਤੇ ਬੈਂਕਾਂ ਦਾ ਕਈ ਹਜ਼ਾਰ ਕਰੋੜ ਰੁਪਇਆ ਬਕਾਇਆ ਹੈ, ਅਜਿਹੇ 'ਚ ਬੈਂਕ ਨੂੰ ਹੀ ਫ਼ੈਸਲਾ ਲੈਣਾ ਹੋਵੇਗਾ ਕਿ ਉਹ ਕਿਹੜਾ ਕਦਮ ਚੁੱਕੇ।
ਲਖਨਊ, 22 ਫਰਵਰੀ-ਯੂ. ਪੀ. ਦੇ ਲੋਕ ਨਿਰਮਾਣ, ਕਰ ਤੇ ਆਬਾਕਾਰੀ ਮੰਤਰੀ ਨਸੀਮੂਦੀਨ ਸਿੱਦੀਕੀ ਨੇ ਲੋਕਆਯੁਕਤ ਦੇ ਉਨ੍ਹਾਂ ਸਾਰੇ ਦੋਸ਼ਾਂ ਦਾ ਖੰਡਨ ਕੀਤਾ ਹੈ, ਜਿਨ੍ਹਾਂ ਵਿਚ ਪੌਂਟੀ ਚੱਢਾ ਦੀ ਕੰਪਨੀ ਨੂੰ ਰਾਜ ਵਿਚ ਸ਼ਰਾਬ ਦੇ ਸਾਰੇ ਠੇਕੇ ਦੇਣ ਦੀ ਗੱਲ ਕਹੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਕੈਬਨਿਟ ਵੱਲੋਂ ਲਿਆ ਗਿਆ ਸੀ, ਨਾ ਕਿ ਮੇਰੇ ਵੱਲੋਂ। ਇਹ ਜਵਾਬ ਨਸੀਮੂਦੀਨ ਵੱਲੋਂ ਸੂਬਾ ਲੋਕਆਯੁਕਤ ਨੂੰ ਵਿਨੇ ਮਿਸ਼ਰਾ ਨਾਂਅ ਦੇ ਵਿਅਕਤੀ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਜਵਾਬ ਵਿਚ ਦਿੱਤਾ ਗਿਆ ਹੈ। ਮਿਸ਼ਰਾ ਨੇ ਸ਼ਿਕਾਇਤ ਕੀਤੀ ਸੀ ਕਿ ਨਸੀਮੂਦੀਨ ਨੇ ਉੱਤਰ ਪ੍ਰਦੇਸ਼ ਵਿਚ ਸ਼ਰਾਬ ਦੇ ਠੇਕੇ ਇਕੱਲੇ ਪੌਂਟੀ ਚੱਢਾ ਨੂੰ ਦੇ ਕੇ ਉਸ ਨੇ ਸਰਕਾਰੀ ਖ਼ਜ਼ਾਨੇ ਦਾ ਵੱਡਾ ਨੁਕਸਾਨ ਕੀਤਾ ਹੈ।

ਨਵੀਂ ਦਿੱਲੀ, 22 ਫਰਵਰੀ -ਸਰਕਾਰੀ ਵਕੀਲਾਂ ਨੇ ਅੱਜ ਸੁਪਰੀਮ ਕੋਰਟ ਵਿਚ ਸਪਸ਼ਟ ਕੀਤਾ ਕਿ 26 ਨਵੰਬਰ 2009 ਨੂੰ ਭਾਰਤ ਦੀ ਆਰਥਿਕ ਰਾਜਧਾਨੀ 'ਤੇ ਕੀਤਾ ਗਿਆ ਅੱਤਵਾਦੀ ਹਮਲਾ ਪੂਰੀ ਤਰਾਂ ਨਾਲ ਯੋਜਨਾਬੱਧ ਸੀ ਅਤੇ ਇਸ ਦੀ ਸਾਜਿਸ਼ ਪਾਕਿਸਤਾਨ 'ਚ ਰਚੀ ਗਈ ਸੀ। ਜਸਟਿਸ ਆਫਤਾਬ ਆਲਮ ਅਤੇ ਜਸਟਿਸ ਸੀ ਕੇ ਪ੍ਰਸਾਦ ਦੀ ਵਿਸ਼ੇਸ਼ ਅਦਾਲਤ 'ਚ ਸਰਕਾਰੀ ਵਕੀਲ ਉਜਲ ਨਿਕੰਮ ਅਥੇ ਸਾਬਕਾ ਸੋਲਿਸਟਰ ਜਨਰਲ ਗੋਪਾਲ ਕ੍ਰਿਸਨ ਨੇ ਦੱਸਿਆ ਕਿ ਹਮਲੇ ਤੋਂ ਪਹਿਲਾਂ ਕਸਾਬ ਅਤੇ ਉਸਦੇ ਸਾਧੀਆਂ ਦੀ ਪਾਕਿਸਤਾਨ ਵਿਖੇ ਸਥਿਤ ਆਪਣੇ ਬਾਕੀ ਸਾਥੀਆਂ ਨਾਲ ਫੋਨ 'ਤੇ ਲੰਬੀ ਗੱਲਬਾਤ ਹੋਈ। ਉਨ੍ਹਾਂ ਅੱਗੇ ਦੱਸਿਆ ਕਿ ਕਸਾਬ ਵੱਲੋਂ ਦੋਸ਼ ਕਬੂਲਣ ਤੇ ਮੁੰਬਈ ਪੁਲਿਸ ਵੱਲੋਂ ਟੈਲੀਫ਼ੋਨ 'ਤੇ ਗੱਲਬਾਤ ਦੀ ਰਿਕਾਰਡਿਗ ਸਬੂਤ ਹੈ ਕਿ ਮੰਬਈ ਧਮਾਕੇ ਦੇ ਮੁਖ ਸਾਜ਼ਿਸ਼ਕਾਰ ਅਤੇ 10 ਅੱਤਵਾਦੀਆਂ ਵਿਚਕਾਰ ਹਮਲੇ ਤੋਂ ਪਹਿਲਾਂ ਲੰਬੀ ਮੀਟਿੰਗ ਹੋਈ ਸੀ।

ਨਵੀਂ ਦਿੱਲੀ, 22 ਫਰਵਰੀ-ਪੰਜਾਬ ਚਾਵਲ ਦੇ ਕੁੱਲ 2,50, 24, 200 ਟਨ ਉਤਪਾਦਨ ਵਿਚੋਂ 77,31,325 ਟਨ ਦਾ ਉਤਪਾਦਨ ਕਰਕੇ ਸਭ ਤੋਂ ਵਧੇਰੇ ਚਾਵਲ ਦਾ ਉਤਪਾਦਨ ਕਰਨ ਵਾਲਾ ਦੇਸ਼ ਦਾ ਮੋਹਰੀ ਸੂਬਾ ਬਣ ਗਿਆ ਹੈ। ਸਰਕਾਰੀ ਸੂਤਰਾਂ ਨੇ ਖੁਰਾਕ ਮੰਤਰਾਲੇ ਦੇ ਹਵਾਲੇ ਨਾਲ ਦੱਸਿਆ ਕਿ ਪਿਛਲੇ ਸਾਲ ਦੇ 1,75,517 ਟਨ ਦੇ ਟੀਚੇ ਨਾਲੋਂ ਇਸ ਵਾਰ ਚਾਵਲਾਂ ਦਾ ਉਤਪਾਦਨ 250 ਲੱਖ ਟਨ ਨੂੰ ਪਾਰ ਕਰ ਗਿਆ। ਪੰਜਾਬ ਤੋਂ ਬਾਅਦ 40,54, 679 ਟਨ ਦੇ ਉਤਪਾਦਨ ਨਾਲ ਛੱਤੀਸਗੜ੍ਹ ਦੂਜੇ ਨੰਬਰ,ਆਂਧਰਾ ਪ੍ਰਦੇਸ਼ 36,87,335 ਟਨ ਦੇ ਉਤਪਾਦਨ ਨਾਲ ਤੀਜੇ ਅਤੇ ਹਰਿਆਣਾ 19,73,875 ਟਨ ਦਾ ਉਤਪਾਦਨ ਕਰਕੇ ਚੌਥੇ ਨੰਬਰ 'ਤੇ ਰਿਹਾ ਹੈ।


ਨਵੀਂ ਦਿੱਲੀ, 22 ਫਰਵਰੀ -ਨਿਗਮ ਚੋਣਾਂ ਵਿਚ ਪਾਰਟੀ ਦੀ ਸਥਿਤੀ ਮਾੜੀ ਰਹਿਣ 'ਤੇ ਮੁੰਬਈ ਕਾਂਗਰਸ ਦੇ ਪ੍ਰਧਾਨ ਕ੍ਰਿਪਾਸ਼ੰਕਰ ਸਿੰਘ ਵੱਲੋਂ ਅੱਜ ਅਸਤੀਫ਼ਾ ਦੇ ਦਿੱਤਾ ਗਿਆ। ਮਹਾਰਾਸ਼ਟਰ ਦੇ ਇੰਚਾਰਜ ਮੋਹਨ ਪ੍ਰਕਾਸ਼ ਨੇ ਪੁਸ਼ਟੀ ਕੀਤੀ ਕਿ ਕ੍ਰਿਪਾਸ਼ੰਕਰ ਸਿੰਘ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਗਿਆ ਹੈ। ਦੂਜੇ ਪਾਸੇ ਬੰਬੇ ਹਾਈ ਕੋਰਟ ਵੱਲੋਂ ਅੱਜ ਕ੍ਰਿਪਾਸ਼ੰਕਰ ਸਿੰਘ ਖ਼ਿਲਾਫ਼ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਮੁੰਬਈ ਪੁਲਿਸ ਨੂੰ ਐੱਫ. ਆਈ. ਆਰ ਦਰਜ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ। ਅਦਾਲਤ ਨੇ ਹੁਕਮ ਜਾਰੀ ਕੀਤੇ ਹਨ ਕਿ ਰਿਪੋਰਟ ਦੇ ਨਾਲ ਕ੍ਰਿਪਾਸ਼ੰਕਰ ਸਿੰਘ ਦੇ ਪਰਿਵਾਰ ਦੀ ਜਾਇਦਾਦ ਦੇ ਪੂਰੇ ਵੇਰਵੇ ਨੱਥੀ ਕੀਤੇ ਜਾਣ। ਮਾਮਲੇ ਦੀ ਜਾਂਚ ਰਿਪੋਰਟ 10 ਅਪ੍ਰੈਲ ਤਕ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਹਨ।