Thursday 16 February 2012

 ਦਲਿਤ ਨੇ ਛੂਇਆ ਤੇ ਕੱਟ ਦਿੱਤਾ ਹੱਥ
ਹਿਸਾਰ : ਹਰਿਆਣਾ ਦੇ ਹਿਸਾਰ ਦੇ ਦੌਲਤਪੁਰ ਪਿੰਡ 'ਚ ਇਕ ਸਨਸਨੀਖੇਜ ਮਾਮਾਲਾ ਸਾਹਮਣੇ ਆਇਆ ਹੈ। ਪਿੰਡ ਦੇ ਇਕ ਕਿਸਾਨ ਦੇ ਲੜਕੇ ਨੇ ਆਪਣੇ ਖੇਤ 'ਚ ਰੱਖੇ ਘੜੇ 'ਚੋਂ ਪਾਣੀ ਪੀਣ 'ਤੇ ਇਕ ਦਲਿਤ ਨੌਜਵਾਨ ਦਾ ਦਾਤਰੀ ਨਾਲ ਹੱਥ ਕੱਟ ਦਿੱਤਾ। ਦਲਿਤ ਨੌਜਵਾਨ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਉਸ ਨੂੰ ਸ਼ਹਿਰ ਦੇ ਇਕ ਹਸਪਤਾਲ  'ਚ ਭਰਤੀ ਕਰਾਇਆ ਗਿਆ ਹੈ।
ਫਿਲਹਾਲ ਇਸ ਮਾਮਲੇ 'ਚ ਲਿਖਿਤ ਸ਼ਿਕਾਇਤ ਦੇ ਬਾਵਜੂਦ ਕੇਸ ਦਰਜ ਨਹੀਂ ਕੀਤਾ ਗਿਆ। ਰਾਜੇਸ਼ ਨਾਂ ਦਾ ਇਹ ਦਲਿਤ ਨੌਜਵਾਨ ਗੁਆਂਢੀ ਜ਼ਿਲ੍ਹੇ ਫਤਿਹਾਬਾਦ ਦੇ ਪਿੰਡ ਸਨਿਆਣਾ ਦਾ ਰਹਿਣ ਵਾਲਾ ਹੈ।
ਉਸ ਦੇ ਚਾਚੇ ਨੇ ਦੱਸਿਆ ਕਿ ਰਾਜੇਸ਼ ਪਿੰਡ ਦੇ ਹੀ ਇਕ ਠੇਕੇਦਾਰ ਦੇ ਕੋਲ਼ ਕਪਾਹ ਦੀਆਂ ਲੱਕੜੀਆਂ ਕੱਟਣ ਦਾ ਕੰਮ ਕਰਦਾ ਹੈ। ਬੀਤੀ ਕੱਲ ਸਵੇਰੇ ਨੌ ਵਜੇ ਉਹ ਦੌਲਤਪੁਰ ਪਿੰਡ 'ਚ ਕੰਮ ਕਰਨ ਗਿਆ ਸੀ। ਰਾਜੂ ਨੇ ਦੱਸਿਆ ਕਿ ਸਵੇਰੇ ਦੱਸ ਵਜੇ ਕੰਮ ਕਰਦਿਆਂ ਉਹ ਨੇੜੇ ਹੀ ਇਕ ਖੇਤ 'ਚ ਰੱਖੇ ਘੜੇ 'ਚੋਂ ਪਾਣੀ ਪੀਣ ਚਲਾ ਗਿਆ। ਇਸੇ ਦੌਰਾਨ ਇਕ ਨੌਜਵਾਨ ਉਸ ਕੋਲ਼ ਆਇਆ। ਦੋਸ਼ ਹੈ ਕਿ ਉਸ ਨੌਜਵਾਨ ਨੇ ਰਾਜੇਸ਼ ਦੀ ਜਾਤ ਪੁੱਛੀ ਅਤੇ ਉਸ ਦੇ ਇਹ ਦੱਸਣ 'ਤੇ ਕਿ ਉਹ ਹਰੀਜਨ ਹੈ, ਨੌਜਵਾਨ ਨੇ ਦਾਤਰੀ ਨਾਲ ਉਸ ਦਾ ਹੱਥ ਕੱਟ ਦਿੱਤਾ।
 ਪੰਜਾਬੀ ਗਾਇਕ ਗੈਰੀ ਸੰਧੂ ਲੰਡਨ 'ਚ ਗ੍ਰਿਫਤਾਰ
ਲੰਡਨ, 16 ਫਰਵਰੀ- ਬ੍ਰਿਟੇਨ ਦੇ ਕਸਟਮ ਅਧਿਕਾਰੀਆਂ ਵਲੋਂ ਕੀਤੀ ਗਈ ਸਿਲਸਿਲੇਵਾਰ ਕਾਰਵਾਈ 'ਚ ਦੇਸ਼ 'ਚ ਗੈਰਕਾਨੂੰਨੀ ਪ੍ਰਵੇਸ਼ ਦੇ ਦੋਸ਼ 'ਚ ਪੰਜਾਬ ਦੇ ਇਕ ਭੰਗੜਾ ਗਾਇਕ ਸਣੇ 16 ਭਾਰਤੀਆਂ ਨੂੰ ਗ੍ਰਿਫਤਾਰ ਕੀਤਾ। ਭੰਗੜਾ ਗਾਇਕ ਗੈਰੀ ਸੰਧੂ (29) ਨੂੰ ਇਕ ਵਾਰ ਪਹਿਲਾਂ ਵੀ ਭਾਰਤ ਡਿਪੋਰਟ ਕੀਤਾ ਜਾ ਚੁੱਕਾ ਹੈ। ਇਨ੍ਹਾਂ 'ਤੇ ਇਹ ਦੋਸ਼ ਵੀ ਹੈ ਕਿ ਇਨ੍ਹਾਂ ਲੋਕਾਂ ਨੇ ਬ੍ਰਿਟੇਨ 'ਚ ਸਥਾਈ ਨਿਵਾਸ ਲਈ ਯੂਰੋਪੀਅਨ ਸੰਘ ਦੇ ਨਾਗਰਿਕਾਂ ਨਾਲ ਮਿਲ ਕੇ ਫਰਜ਼ੀ ਵਿਆਹ ਦਾ ਰਜਿਸਟ੍ਰੇਸ਼ਨ ਕਰਾਉਣ ਦੀ ਸਾਜਿਸ਼ ਰਚੀ ਸੀ। ਅਧਿਕਾਰਤ ਸੂਤਰਾਂ ਅਨੁਸਾਰ ਬ੍ਰਿਟੇਨ ਦੇ ਵੱਖ-ਵੱਖ ਸਥਨਾਂ 'ਤੇ ਹਾਲ ਹੀ 'ਚ ਇਹ ਮੁਹਿੰਮ ਚਲਾਈ ਗਈ ਹੈ। ਇਨ੍ਹਾਂ 'ਚ ਕੁਝ ਅਜਿਹੀਆਂ ਕੰਪਨੀਆਂ ਵੀ ਸ਼ਾਮਲ ਹੈ ਜਿਨ੍ਹਾਂ 'ਚ ਫੜੇ ਗਏ ਲੋਕ ਨਾਜਾਇਜ਼ ਢੰਗ ਨਾਲ ਕੰਮ ਕਰ ਰਹੇ ਸਨ। ਪੰਜਾਬ ਦੇ ਸੰਧੂ ਨੂੰ ਉਭਰਦਾ ਭੰਗੜਾ ਸਟਾਰ ਦੱਸਿਆ ਗਿਆ ਹੈ। ਪਹਿਲਾਂ ਉਹ ਦੂਜੇ ਨਾਂ ਨਾਲ ਬ੍ਰਿਟੇਨ ਪਹੁੰਚਿਆ ਅਤੇ ਉਸ ਤੋਂ ਬਾਅਦ ਸ਼ਰਨ ਦਾ ਉਸਨੇ ਬੇਨਤੀ ਕੀਤੀ ਜਿਸ ਨੂੰ ਬ੍ਰਿਟੇਨ ਦੀ ਸਰਹੱਦੀ ਏਜੰਸੀ ਨੇ ਨਕਾਰ ਦਿੱਤਾ। ਉਸ ਨੂੰ ਕਸਟਮ ਜ਼ਮਾਨਤ 'ਚ ਰੱਖਿਆ ਗਿਆ ਪਰ ਉਹ ਉਥੋਂ ਭੱਜ ਗਿਆ ਸੀ।
ਬੈਲ ਗੱਡੀਆਂ ਦੌੜਾਉਣ ਵਾਲੇ ਬਲਦਾਂ 'ਤੇ
ਕੀਤਾ ਜਾਂਦਾ ਹੈ ਭਾਰੀ ਤਸ਼ੱਦਦ

ਸੌ ਫੀਸਦੀ ਬਲਦ ਹੋ ਚੁੱਕੇ ਨੇ ਅਤਿ ਨਸ਼ਈ
ਸੰਦੌੜ,-ਪੰਜਾਬ ਭਰ ਵਿਚ ਸਭਿਆਚਾਰ ਦੇ ਨਾਂ 'ਤੇ ਕਰਵਾਏ ਜਾਂਦੇ ਪੇਂਡੂ ਖੇਡ ਮੇਲਿਆਂ ਵਿਚ ਬੈਲ ਗੱਡੀਆਂ ਵੀ ਖਿੱਚ ਦਾ ਕੇਂਦਰ ਹੁੰਦੀਆਂ ਸਨ ਪਰ ਭਵਿੱਖ ਵਿਚ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਬੈਲ ਗੱਡੀਆਂ ਦੀਆਂ ਦੌੜਾਂ 'ਤੇ ਰੋਕ ਲਗਾ ਦਿੱਤੀ ਹੈ, ਅੱਜ ਦੇ ਪਦਾਰਥਵਾਦੀ ਯੁੱਗ ਵਿਚ ਜਿਥੇ ਮਨੁੱਖ ਆਪਣੀ ਤਰੱਕੀ ਕਰਨ ਲਈ ਅਨੇਕਾਂ ਹੱਥਕੰਡੇ ਵਰਤਦਾ ਹੈ, ਉਥੇ ਆਪਣਾ ਨਾਂ ਜਾਂ ਸ਼ੌਹਰਤ ਖੱਟਣ ਲਈ ਕਈ ਵਾਰ ਬੇਜ਼ਬਾਨੇ ਪਸ਼ੂਆਂ 'ਤੇ ਅਜਿਹਾ ਅੱਤਿਆਚਾਰ ਅਤੇ ਮਾਨਸਿਕ ਤਸ਼ੱਦਦ ਕਰਦਾ ਹੈ ਕਿ ਆਮ ਵਿਅਕਤੀ ਦੀ ਇਸ ਨੂੰ ਵੇਖ ਕੇ ਜਾਂ ਸੁਣ ਕੇ ਰੂਹ ਕੰਬ ਉਠਦੀ ਹੈ ਤੇ ਪੈਰਾਂ ਹੇਠੋਂ ਜ਼ਮੀਨ ਖਿਸਕਣ ਲੱਗ ਜਾਵੇਗੀ। ਜੀ ਹਾਂ ਅਜਿਹਾ ਹੀ ਅੱਤਿਆਚਾਰ ਹੁੰਦਾ ਹੈ, ਪੇਂਡੂ ਖੇਡ ਮੇਲਿਆਂ ਵਿਚ ਠੋਕਰਾਂ (ਬੈਲ ਗੱਡੀਆਂ) ਭਜਾਉਣ ਵਾਲੇ ਬਲਦਾਂ ਨਾਲ। ਜਿਥੇ ਵੀ ਬੈਲ ਗੱਡੀਆਂ ਦੀ ਦੌੜ ਹੋਵੇ ਉਸ ਵਿਚ ਆਪਣੇ ਬਲਦਾਂ ਨੂੰ ਸ਼ਾਮਿਲ ਕਰਨ ਤੋਂ ਇਕ ਦਿਨ ਪਹਿਲਾਂ (ਭਾਵ 24 ਘੰਟੇ) ਇਕ ਬਲਦ ਦੇ ਦੋ ਟੀਕੇ 'ਡੈਕਾਡੂਰਾਵੋਲੀਨ' ਸੌ ਮਿਲੀਗਰਾਮ, ਦੋ ਟੀਕੇ ਟੈਸਟਾਵੋਰੇਨ ਅਤੇ ਇਕ ਟੀਕਾ ਪਰੈਡਨੀਸੋਲ ਦਸ ਮਿਲੀਲੀਟਰ ਲਗਾ ਦਿੱਤਾ ਜਾਂਦਾ ਹੈ, ਪ੍ਰੰਤੂ ਏਥੇ ਹੀ ਬੱਸ ਨਹੀਂ ਜਦੋਂ ਖੇਡ ਮੇਲੇ 'ਤੇ ਬਲਦ ਪਹੁੰਚ ਜਾਂਦੇ ਹਨ ਤਾਂ ਇਕ ਬਲਦ ਨੂੰ ਉਚ ਮਿਆਰੀ ਅੰਗਰੇਜ਼ੀ ਸ਼ਰਾਬ ਦਾ ਇਕ ਅਧੀਆ ਜਾਂ ਘਰ ਦੀ ਕੱਢੀ ਵੀ ਪਿਲਾਈ ਜਾਂਦੀ ਹੈ, ਉਸ ਉਪਰੰਤ ਇਕ ਬਲਦ ਨੂੰ ਬਲੱਡ ਪ੍ਰੈਸ਼ਰ ਵਧਾਉਣ ਵਾਲਾ ਅਤਿ ਖਤਰਨਾਕ ਟੀਕਾ (ਟਰਮਿਨ 10 ਐਮ.ਐਲ) ਲਗਾਇਆ ਜਾਂਦਾ ਹੈ, ਜਿਸ ਨਾਲ ਬਲਦ ਵਿਚ ਅੰਨ੍ਹਾ ਨਸ਼ਾ ਹੋ ਜਾਣ ਕਾਰਨ ਜ਼ੋਰ ਨਾਲ ਭੱਜਣ ਲਈ ਤਿਆਰ ਕੀਤਾ ਜਾਂਦਾ ਹੈ, ਇਥੇ ਹੀ ਬਸ ਨਹੀਂ ਇਕ ਬਲਦ ਨੂੰ ਖਤਰਨਾਕ ਤੇ  ਪਾਬੰਦੀਸ਼ੁਦਾ ਟੀਕੇ ਜਿਵੇਂ ਫੌਰਟਵਿਨ, ਨੌਰਫਿਨ ਅਤੇ ਸ਼ੀਕਲ ਟੀਕੇ ਲਗਾਏ ਜਾਂਦੇ ਹਨ ਇਸ ਤੋਂ ਇਲਾਵਾ ਕਈ ਬਲਦ ਮਾਲਕ ਤਾਂ ਬਲਦਾਂ ਨੂੰ ਭੰਗ ਵੀ ਪਿਲਾ ਦਿੰਦੇ ਹਨ। .... ਬੱਸ ਫਿਰ ਸ਼ੁਰੂ ਹੁੰਦਾ ਹੈ ਨਸ਼ੇ 'ਚ ਧੁੱਤ ਗੱਡੀ ਦੇ ਚਾਲਕ ਦਾ ਬਲਦਾਂ 'ਤੇ ਇਕ ਹੋਰ ਤਸ਼ੱਦਦ, ਉਹ ਇਹ ਹੈ ਕਿ ਚਾਲਕ ਦੇ ਹੱਥ ਵਿਚ ਸ਼ਰ੍ਹੇਆਮ ਫੜੀ ਹੁੰਦੀ ਇਕ ਤੋਂ ਡੇਢ ਇੰਚ ਫਿੱਟ ਕੀਤੀ ਮੇਖ (ਆਰਵਾਲੀ) ਸੋਟੀ, ਜਿਉਂ ਜਿਉਂ ਬਲਦ ਅੱਗੇ ਦੌੜਦਾ ਹੈ ਤਿਉਂ ਤਿਉਂ ਇਸ ਮੇਖ (ਆਰਵਾਲੀ ਸੋਟੀ) ਦਾ ਵਾਰ ਵੀ ਤੇਜ਼ ਹੁੰਦਾ ਹੈ ਅਤੇ ਦੌੜ ਦਾ ਰਸਤਾ ਪੂਰਾ ਹੋਣ ਤੱਕ ਕਈ ਵਾਰ ਤਾਂ ਬਲਦ ਲਹੂ ਲੁਹਾਣ ਵੀ ਹੋ ਜਾਂਦਾ ਹੈ। ਇਸ ਦੀ ਸਾਬਤ ਸੂਰਤ ਮਿਸਾਲ ਦੇਖਣ ਨੂੰ ਵੀ ਮਿਲਦੀ ਹੈ ਜਦੋਂ ਬਲਦ ਭਜਾਉਣ ਵਾਲਾ ਮਾਲਕ ਬਲਦਾਂ ਦੇ ਨਾਲ ਨਾਲ ਖੇਡ ਮੇਲੇ ਵਿਚ ਲਗਪਗ ਇਕ ਦਰਜਨ ਵਿਅਕਤੀਆਂ ਨੂੰ ਨਾਲ ਲੈ ਕੇ ਆਉਂਦਾ ਹੈ ਜੋ ਬਲਦ ਭਜਾਉਣ ਸਮੇਂ ਬਲਦਾਂ ਨੂੰ ਕਾਬੂ ਵਿਚ ਮਸਾਂ ਹੀ ਰੱਖਦੇ ਹਨ, ਕਿਉਂਕਿ ਇਸ ਸਮੇਂ ਬਲਦ ਨਸ਼ੇ ਵਿਚ ਏਨੇ ਧੁੱਤ ਹੁੰਦੇ ਹਨ ਕਿ ਇਸ ਸਮੇਂ ਕੋਈ ਵੀ ਅਣਸੁਖਾਵੀਂ ਘਟਨਾ ਵਾਪਰਨ ਦਾ ਡਰ ਹੁੰਦਾ ਹੈ ਅਤੇ ਕਈ ਵਾਰ ਘਟਨਾ ਵਾਪਰ ਵੀ ਜਾਂਦੀ ਹੈ। ਕਿਉਂਕਿ ਜ਼ਿਆਦਾਤਰ ਪਿੰਡ ਵਿਚ ਕਰਵਾਏ ਜਾਂਦੇ ਖੇਡ ਮੇਲਿਆਂ ਵਿਚ ਬੈਲ ਗੱਡੀਆਂ ਖੇਡਾਂ ਨੂੰ ਜਾਂਦੇ ਅਤੇ ਆਪਣੀ ਹੀ ਤਰਾਸਦੀ ਨੂੰ ਰੌਂਦੇ ਰਸਤਿਆਂ ਉਪਰ ਭਜਾਈਆਂ ਜਾਂਦੀਆਂ ਅਤੇ ਖੇਤਾਂ ਵਿਚ ਫਸਲਾਂ ਖੜ੍ਹੀਆਂ ਹੋਣ ਕਰ ਕੇ ਆਮ ਹੀ ਰਸ਼ਕ ਰਸਤਿਆਂ ਦੇ ਕਿਨਾਰਿਆਂ ਉਪਰ ਖੜ੍ਹੇ ਨਜ਼ਰ ਆਉਂਦੇ ਹਨ ਅਤੇ ਇਹ ਨਸ਼ੇ ਵਿਚ ਟੱਲੀ ਬਲਦ ਪਤਾ ਹੀ ਨਹੀਂ ਲਗਦਾ ਕਿ ਕਦੋਂ, ਕਿੱਧਰ ਨੂੰ ਦੌੜ ਪੈਣ। ਖੇਡ ਮੇਲਿਆਂ ਵਿਚ ਮਨੋਰੰਜਨ ਲਈ ਖੇਡ ਮੇਲਿਆਂ ਦਾ ਸ਼ਿੰਗਾਰ ਮੰਨੀਆਂ ਜਾਣ ਵਾਲੀਆਂ ਬੈਲ ਗੱਡੀਆਂ ਨੂੰ ਜੋੜੇ ਬਲਦਾਂ 'ਤੇ ਹੋ ਰਹੇ ਘਿਨਾਉਣੇ ਤਰੀਕੇ ਦੇ ਅੱਤਿਆਚਾਰ ਤੇ ਉਨ੍ਹਾਂ ਨੂੰ ਦਿੱਤੇ ਜਾਂਦੇ ਮਾਨਸਿਕ ਤਸ਼ੱਦਦ ਕਾਰਨ ਇਹ ਰੋਕ ਲਗਾਉਣਾ ਸਹੀ ਸਮੇਂ 'ਤੇ ਚੁੱਕਿਆ ਸ਼ਲਾਘਾਯੋਗ ਕਦਮ ਮੰਨਿਆ ਜਾ ਰਿਹਾ ਹੈ। ਪਸ਼ੂਆਂ ਨੂੰ ਰਤੀ ਭਰ ਵੀ ਪਿਆਰ ਕਰਨ ਵਾਲਾ ਮਨੁੱਖ ਜੇਕਰ ਬਲਦਾਂ ਦੀ ਦੌੜ ਨੂੰ ਨੇੜੇ ਤੋਂ ਅੱਖੀਂ ਵੇਖ ਲਵੇ ਤਾਂ ਉਹ ਭੁੱਬੀਂ ਰੋਂਦਾ ਹੋਇਆ ਇਹੀ ਕਹੇਗਾ ਕਿ ਇਹ ਰੋਕ ਕਦੇ ਵੀ ਨਾ ਹਟੇ। ਬੈਲ ਗੱਡੀਆਂ ਦੇ ਮਾਲਕਾਂ ਵੱਲੋਂ ਲਗਪਗ ਇਕ ਸਦੀ ਪਹਿਲਾਂ 'ਪਹਿਲਾ' ਇਨਾਮ ਜਿੱਤਣ ਲਈ ਜਿਥੇ ਬਲਦਾਂ ਨੂੰ ਇਕ-ਇਕ ਹਫਤਾ ਪਹਿਲਾਂ ਹੀ ਦੇਸੀ ਘਿਉ ਕਿਸੇ ਵੀ ਰੂਪ ਵਿਚ ਦਿੱਤਾ ਜਾਂਦਾ ਸੀ ਪ੍ਰੰਤੂ ਅੱਜ ਉਸ ਦੇ ਉਲਟ ਬੈਲ ਗੱਡੀ ਦੇ ਮਾਲਕ ਵੱਲੋਂ ਇਕ ਅਜਿਹੇ ਚਾਲਕ ਦੀ ਚੋਣ ਕੀਤੀ ਜਾਂਦੀ ਹੈ ਜੋ ਮਾਡਰਨ ਤਰੀਕੇ ਨਾਲ ਨਵੇਂ ਤੋਂ ਨਵੇਂ ਨਸ਼ੇ ਦੇ ਕੇ ਬਲਦ ਨੂੰ ਭਜਾਉਣ ਲਈ ਤਿਆਰ ਕਰ ਸਕਦਾ ਹੋਵੇ ਪ੍ਰੰਤੂ ਇਕ ਸਦੀ ਪਹਿਲਾਂ ਬਲਦਾਂ ਵੱਲੋਂ ਪ੍ਰਾਪਤ ਕੀਤਾ ਜਾਣ ਵਾਲਾ 'ਪਹਿਲਾ ਇਨਾਮ' ਦੀ ਰਾਸ਼ੀ ਬਲਦਾਂ ਦੇ ਪਾਲਣ ਪੌਸ਼ਣ 'ਤੇ ਲਗਾ ਦਿੱਤੀ ਜਾਂਦੀ ਸੀ ਪਰੂ ਅੱਜ ਬਲਦਾਂ ਵੱਲੋਂ ਜਿੱਤੇ ਇਨਾਮਾਂ ਦੀ ਰਾਸ਼ੀ ਤਾਂ ਆਪਣੇ ਨਸ਼ਿਆਂ ਅਤੇ ਬਲਦਾਂ ਦੇ ਨਸ਼ਿਆਂ 'ਤੇ ਹੀ ਲਗਾ ਦਿੱਤੀ ਜਾਂਦੀ ਹੈ। ਇਹੀ ਕਾਰਨ ਹੈ ਕਿ ਜਿਥੇ ਪੰਜਾਬ ਅੰਦਰ ਨੌਜਵਾਨੀ ਨਸ਼ਿਆਂ ਵਿਚ ਡੁੱਬ ਚੁੱਕੀ ਉਥੇ ਬੇਜ਼ੁਬਾਨ ਪਸ਼ੂਆਂ ਨੂੰ ਵੀ ਨਸ਼ਿਆਂ ਵਿਚ ਡੋਬਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ ਪਰ ਜੇਕਰ ਇਹ ਰੁਝਾਨ ਨਾ ਰੋਕਿਆ ਤਾਂ ਭਵਿੱਖ ਵਿਚ ਬਲਦ ਮਾਲਕ ਵੀ ਇਸ ਖਤਰਨਾਕ ਵਤੀਰੇ ਲਈ ਸੋਚਣ ਨੂੰ ਮਜ਼ਬੂਰ ਹੋ ਜਾਣਗੇ। ਪੰਜਾਬ ਭਰ ਵਿਚ ਸੌ ਫੀਸਦੀ ਬਲਦਾਂ ਦਾ ਨਸ਼ਈ ਹੋਣਾ ਜਿਥੇ ਸਾਡੇ ਮੱਥੇ 'ਤੇ ਲੱਗਿਆ ਕਲੰਕ ਹੈ, ਉਥੇ ਪੰਜਾਬ ਦੇ ਸਭਿਆਚਾਰ ਦੇ ਨਾਂ 'ਤੇ ਹੁੰਦੀਆਂ ਖੇਡਾਂ ਵਿਚ ਬੈਲ ਗੱਡੀਆਂ ਦੀ ਰੋਕ ਲੱਗਣੀ ਵੀ ਇਤਿਹਾਸ ਵਿਚ ਲਿਖਿਆ ਅਹਿਮ ਪੰਨਾ ਬਣ ਗਿਆ ਹੈ। ਇਹੀ ਕਾਰਨ ਹੈ ਕਿ ਖੇਡ ਮੇਲਿਆਂ ਵਿਚ ਨਸ਼ੇ ਦੇ ਤਸਕਰ ਖੇਡ ਮੇਲਿਆਂ ਵਿਚ ਤਸਕਰੀ ਕਰਦੇ ਵੀ ਆਮ ਵੇਖੇ ਜਾ ਸਕਦੇ ਹਨ। ਜੋ ਪਾਬੰਦੀਸ਼ੁਦਾ ਟੀਕੇ ਆਮ ਵੇਚੇ ਜਾਂਦੇ ਹਨ। ਵਰਨਣਯੋਗ ਹੈ ਕਿ ਕਈ ਲੋਕ ਜਿਥੇ ਅਦਾਲਤ ਵੱਲੋਂ ਲਾਈ ਰੋਕ ਦਾ ਵਿਰੋਧ ਕਰ ਰਹੇ ਹਨ ਉਥੇ ਵੱਡੀ ਤਾਦਾਦ ਵਿਚ ਲੋਕ ਅਦਾਲਤ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਹੋਏ ਕਹਿ ਰਹੇ ਹਨ ਕਿ ਇਹ ਸਹੀ ਅਤੇ ਸ਼ਲਾਘਾਯੋਗ ਕਦਮ ਹੈ।
1
1.96 ਕਰੋੜ ਰੁਪਏ ਦੀ ਘਪਲੇਬਾਜ਼ੀ-ਦੋ ਦੋਸ਼ੀ ਗ੍ਰਿਫ਼ਤਾਰ
ਮਾਮਲਾ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਜਨਮ ਸ਼ਤਾਬਦੀ ਸਮਾਰੋਹਾਂ ਦਾ
ਸ਼ਹੀਦ ਭਗਤ ਸਿੰਘ ਨਗਰ-ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਸ਼ਤਾਬਦੀ ਸਮਾਰੋਹ ਜੋ ਕਿ 27 ਸਤੰਬਰ 2008 ਨੂੰ ਖਟਕੜ ਕਲਾਂ ਵਿਖੇ ਹੋਏ ਸਨ, ਦੌਰਾਨ ਕੀਤੇ ਖ਼ਰਚਿਆਂ ਵਿਚ ਹੋਏ ਵੱਡੇ1 ਕਰੋੜ 96 ਲੱਖ ਰੁਪਏ ਦੇ ਘਪਲੇ ਦੇ ਸਬੰਧ ਵਿਚ ਦੋਸ਼ੀ ਪਾਏ ਗਏ ਚਾਰ ਵਿਅਕਤੀਆਂ ਵਿਚੋਂ ਦੋ ਨੂੰ ਅੱਜ ਵਿਜੀਲੈਂਸ ਬਿਊਰੋ ਪੰਜਾਬ ਦੇ ਦਫ਼ਤਰ ਸ਼ਹੀਦ ਭਗਤ ਸਿੰਘ ਨਗਰ ਦੀ ਟੀਮ ਨੇ ਫਰੀਦਾਬਾਦ ਤੋਂ ਕਾਬੂ ਕਰ ਲਿਆ ਹੈ। ਡੀ. ਐੱਸ. ਪੀ. ਵਿਜੀਲੈਂਸ ਸ੍ਰੀ ਰਾਮ ਪ੍ਰਕਾਸ਼ ਨੇ ਦੱਸਿਆ ਕਿ 'ਹਿਊਮਨ ਇੰਪਾਵਰਮੈਂਟ ਲੀਗ ਆਫ਼' ਪੰਜਾਬ (ਹੈਲਪ) ਵੱਲੋਂ ਵਿਭਾਗ ਨੂੰ ਸ਼ਿਕਾਇਤ ਪ੍ਰਾਪਤ ਹੋਈ ਸੀ ਕਿ ਇਸ ਸਮਾਗਮ 'ਤੇ ਕੀਤੇ ਗਏ ਖ਼ਰਚਿਆਂ ਵਿਚ ਵੱਡੀ ਪੱਧਰ 'ਤੇ ਘਪਲੇਬਾਜ਼ੀ ਕੀਤੀ ਗਈ ਹੈ। ਜਿਸ ਦੀ ਜਾਂਚ ਤੋਂ ਬਾਅਦ ਸਾਹਮਣੇ ਆਏ ਤੱਥਾਂ ਦੇ ਆਧਾਰ 'ਤੇ ਚਾਰ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ 26/03/2011 ਨੂੰ 420, 467, 468, 471, 120-ਬੀ ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਗਿਆ ਸੀ, ਜਿਨ੍ਹਾਂ ਵਿਚ ਉਸ ਸਮੇਂ ਦੇ ਪੰਜਾਬ ਸਰਕਾਰ ਦੇ ਪ੍ਰਿੰਸੀਪਲ ਸੈਕਟਰੀ ਸਭਿਆਚਾਰਕ ਮਾਮਲੇ ਵਿਭਾਗ ਸ੍ਰੀ ਸਵਰਨ ਸਿੰਘ, ਸਤਵੀਰ ਬਾਜਵਾ 'ਦੀ ਪ੍ਰੋਫੈਸ਼ਨਲ ਚੰਡੀਗੜ੍ਹ', ਸੰਜੇ ਗੇਰਾ ਅਤੇ ਵਿਕਾਸ ਮਹਿਰਾ 'ਜੀ ਐੱਮ ਇੰਟਰਟੇਨਮੈਂਟ ਫ਼ਰੀਦਾਬਾਦ' ਵਾਸੀ ਫਰੀਦਾਬਾਦ ਦੇ ਨਾਂਅ ਸ਼ਾਮਲ ਹਨ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਅੱਜ ਵਿਕਾਸ ਮਹਿਰਾ ਪੁੱਤਰ ਸਵਰਗੀ ਸੁਦਰਸ਼ਨ ਲਾਲ , ਸੰਜੇ ਗੇਰਾ ਪੁੱਤਰ ਸ੍ਰੀ ਮਨੋਹਰ ਲਾਲ ਵਾਸੀ ਨੀਲਮ ਚੌਂਕ ਐੱਨ. ਆਈ. ਟੀ. ਫਰੀਦਾਬਾਦ ਨੂੰ ਫ਼ਰੀਦਾਬਾਦ ਤੋਂ ਸਬ ਇੰਸਪੈਕਟਰ ਬਾਜ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਗ੍ਰਿਫ਼ਤਾਰ ਕਰ ਕੇ ਵਧੀਕ ਸੈਸ਼ਨ ਜੱਜ ਸਰਦਾਰ ਅਵਤਾਰ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ, ਜਿਥੋਂ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਇਸ ਮੌਕੇ ਹੈਲਪ ਦੇ ਸ੍ਰੀ ਪਰਵਿੰਦਰ ਸਿੰਘ ਕਿਤਨਾ ਨੇ ਅਜੀਤ ਨੂੰ ਦੱਸਿਆ ਕਿ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਸਾਲ ਭਰ ਚਲੇ ਜਨਮ ਸ਼ਤਾਬਦੀ ਸਮਾਰੋਹਾਂ ਤੇ ਕੀਤੇ ਗਏ ਵੱਖ ਵੱਖ ਸਮਾਗਮਾਂ ਵਿਚ ਵੱਡੇ ਪੱਧਰ 'ਤੇ ਦਿਖਾਏ ਗਏ ਖ਼ਰਚੇ ਉਸ ਸਮੇਂ ਸਾਹਮਣੇ ਆਏ, ਜਦੋਂ ਉਨ੍ਹਾਂ ਵੱਲੋਂ ਸੂਚਨਾ ਅਧਿਕਾਰ ਤਹਿਤ ਇਸ ਸਬੰਧੀ ਸੂਚਨਾ ਪ੍ਰਾਪਤ ਕੀਤੀ ਗਈ ਸੀ। ਸਿਰਫ਼ ਇਕ ਦਿਨ ਦੇ ਸਮਾਗਮ, ਜਿਹੜਾ ਕਿ 27 ਸਤੰਬਰ 2008 ਨੂੰ ਖਟਕੜ ਕਲਾਂ ਵਿਖੇ ਕੀਤਾ ਗਿਆ ਸੀ, ਵਾਸਤੇ ਸਟੇਜ ਤਿਆਰ ਕਰਨ, ਲਾਈਟ ਐਂਡ ਸਾਊਂਡ, ਬਿਜਲੀ ਸਪਲਾਈ, ਜਨਤਾ ਦੇ ਬੈਠਣ ਅਤੇ ਸੁਰੱਖਿਆ ਲਈ ਢੁਕਵਾਂ ਪ੍ਰਬੰਧ , ਕਾਰਡਾਂ ਅਤੇ ਬ੍ਰਾਸ਼ਰਾਂ ਦੀ ਛਪਾਈ ਆਦਿ 'ਤੇ ਹੀ 1,49,88,145 (ਇਕ ਕਰੋੜ ਉਣੰਜਾ ਲੱਖ ਅਠਾਸੀ ਹਜ਼ਾਰ ਇਕ ਸੌ ਪੰਤਾਲ਼ੀ) ਰੁਪਏ ਕਲਾਕਾਰਾਂ,ਗਾਇਕਾਂ ਤੇ ਸੰਗੀਤਕਾਰਾਂ ਦੀ ਫ਼ੀਸ, ਆਉਣ ਜਾਣ, ਠਹਿਰਨ ਅਤੇ ਖਾਣ ਪੀਣ 'ਤੇ 1,12,73,640(ਇਕ ਕਰੋੜ ਬਾਰਾਂ ਲੱਖ ਤਿਹੱਤਰ ਹਜ਼ਾਰ ਛੇ ਸੌ ਚਾਲੀ) ਰੁਪਏ ਟੈਲੀਵਿਜ਼ਨ/ ਵੀਡੀਓ ਪ੍ਰਕਾਸ਼ਨ 'ਤੇ 18,53,940 ਰੁਪਏ,ਅਖ਼ਬਾਰਾਂ ਵਿਚ ਇਸ਼ਤਿਹਾਰ ਬੈਨਰ ਲਈ 11,42,531 ਰੁਪਏ, ਮਹਿਮਾਨ ਨਿਵਾਜੀ/ ਆਓ ਭਗਤ ਲਈ 02,52,263 ਰੁਪਏ, ਟਰਾਂਸਪੋਰਟ ਚਾਰਜਿਜ਼ 4,56,752 ਰੁਪਏ, ਅਤੇ ਫੁਟਕਲ ਖਰਚੇ 5,34,243 ਰੁਪਏ, ਕੁਲ ਖ਼ਰਚ 3,05,01,514 ਰੁਪਏ (ਤਿੰਨ ਕਰੋੜ ਪੰਜ ਲੱਖ ਇਕ ਹਜ਼ਾਰ ਪੰਜ ਸੌ ਚੌਦਾਂ) ਦਰਸਾਏ ਗਏ ਸਨ ।

ਡੀ. ਐੱਸ. ਪੀ. ਵਿਜੀਲੈਂਸ ਸ੍ਰੀ ਰਾਮ ਕੁਮਾਰ ਸ਼ਰਮਾ ਅਤੇ ਹੈਲਪ ਦੇ ਸ੍ਰੀ ਪਰਵਿੰਦਰ ਸਿੰਘ ਕਿਤਨਾ ਜਾਣਕਾਰੀ ਦਿੰਦੇ ਹੋਏ।
 ਪੰਜਾਬ ਕਲਾ ਪ੍ਰੀਸ਼ਦ ਅਨੁਸਾਰ ਕੇਂਦਰ ਸਰਕਾਰ ਵੱਲੋਂ ਇਸ ਦਿਨ ਦੇ ਸਮਾਗਮ ਲਈ 3 ਕਰੋੜ 15 ਲੱਖ ਰੁਪਏ ਦੇਣ ਦੀ ਸਹਿਮਤੀ ਦਿੱਤੀ ਗਈ ਸੀ ਅਤੇ 2 ਕਰੋੜ 36 ਲੱਖ 25 ਹਜ਼ਾਰ ਰੁਪਏ ਜਾਰੀ ਕਰ ਦਿੱਤੇ ਗਏ ਸਨ। ਬਾਕੀ ਦੀ ਰਕਮ ਪਹਿਲਾਂ ਕੀਤੇ ਗਏ ਖਰਚੇ ਦਾ ਵੇਰਵਾ ਭੇਜੇ ਜਾਣ 'ਤੇ ਜਾਰੀ ਕੀਤੀ ਜਾਣੀ ਦੱਸਿਆ ਸੀ। ਵਰਣਨਯੋਗ ਹੈ ਕਿ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਨੂੰ 10 ਲੱਖ ਰੁਪਏ ਦੀ ਰਾਸ਼ੀ ਪ੍ਰਬੰਧਾਂ ਲਈ ਦਿੱਤੀ ਗਈ ਸੀ, ਜਿਸ ਵਿਚੋਂ ਉਨ੍ਹਾਂ ਸਿਰਫ਼ 5 ਲੱਖ 22 ਹਜ਼ਾਰ 938 ਰੁਪਏ ਖ਼ਰਚ ਕੇ ਬਾਕੀ ਦੀ ਰਾਸ਼ੀ ਪੰਜਾਬ ਕਲਾ ਪ੍ਰੀਸ਼ਦ ਨੂੰ ਵਾਪਿਸ ਕਰ ਦਿੱਤੀ ਸੀ। ਸ੍ਰੀ ਕਿਤਨਾ ਨੇ ਦੱਸਿਆ ਕਿ ਇਸ ਕੀਤੇ ਗਏ ਖਰਚੇ ਦੀ ਡੂੰਘਾਈ ਵਿਚ ਪੜਤਾਲ ਕਰਨ 'ਤੇ ਇਕ ਕਰੋੜ ਛਿਆਨਵੇਂ ਲੱਖ ਰੁਪਏ ਦੀ ਘਪਲੇਬਾਜ਼ੀ ਪ੍ਰਤੱਖ ਰੂਪ ਵਿਚ ਸਾਹਮਣੇ ਆ ਗਈ ਸੀ।
ਈਰਾਨ ਨੇ ਦਿਖਾਈ ਪ੍ਰਮਾਣੂ ਤਾਕਤ
ਯੂਰਪ ਦੇ 6 ਦੇਸ਼ਾਂ ਨੂੰ ਤੇਲ ਸਪਲਾਈ ਬੰਦ
ਤਹਿਰਾਨ, -ਈਰਾਨ ਅਤੇ ਪੱਛਮੀ ਦੇਸ਼ਾਂ ਵਿਚਾਲੇ ਤਣਾਅ ਨੇ ਅੱਜ ਨਵਾਂ ਮੋੜ ਲੈ ਲਿਆ ਹੈ ਅਤੇ ਈਰਾਨ ਨੇ ਯੂਰਪੀਨ ਯੂਨੀਅਨ ਦੇ 6 ਦੇਸ਼ਾਂ ਨੂੰ ਤੇਲ ਦੀ ਸਪਲਾਈ ਬੰਦ ਕਰ ਦਿੱਤੀ ਹੈ। ਈਰਾਨ ਦੇ ਸਰਕਾਰੀ ਟੈਲੀਵਿਜ਼ਨ ਨੇ ਦਾਅਵਾ ਕੀਤਾ ਹੈ ਕਿ ਤਹਿਰਾਨ ਨੇ ਯੂਰੇਨੀਅਮ ਨਾਲ ਬਣੇ ਸੈਂਟਰੀਫਿਊਜ਼ ਅਤੇ ਪ੍ਰਮਾਣੂ ਪ੍ਰੋਗਰਾਮ ਲਈ ਬਾਲਣ ਦੀ ਪਲੇਟ ਬਣਾ ਲਈ ਹੈ। ਇਸ ਖਬਰ ਤੋਂ ਨਾਰਾਜ਼ ਅਮਰੀਕਾ ਨੇ ਸਾਰਿਆਂ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਈਰਾਨ ਨਾਲ ਕਿਸੇ ਤਰ੍ਹਾਂ ਦਾ ਸਹਿਯੋਗ ਨਾ ਕਰੇ। ਇਸ ਦੇ ਜਵਾਬ ਵਿਚ ਈਰਾਨ ਨੇ ਕਿਹਾ ਹੈ ਕਿ ਅਮਰੀਕਾ ਵਿਚ ਜ਼ਿਆਦਾ ਦਮ ਨਹੀਂ ਅਤੇ ਜੇ ਕਰ ਜ਼ਰੂਰਤ ਪਈ ਤਾਂ ਈਰਾਨ ਉਸ ਨੂੰ ਸਬਕ ਸਿਖਾ ਸਕਦਾ ਹੈ। ਇਸੇ ਦੌਰਾਨ ਈਰਾਨ ਨੇ ਰਾਸ਼ਟਰਪਤੀ ਮਹਿਮੂਦ ਅਹਿਮਦੀਨੇਜ਼ਾਦ ਨੇ ਕਿਹਾ ਹੈ ਕਿ ਉਹ ਪ੍ਰਮਾਣੂ ਪ੍ਰੋਗਰਾਮ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਯੂਰਪੀਨ ਦੇਸ਼ ਸਾਨੂੰ ਪ੍ਰਮਾਣੂ ਤਾਕਤ ਬਣਨ ਤੋਂ ਰੋਕ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕੋਲ ਪ੍ਰਮਾਣੂ ਹਥਿਆਰ ਹਨ ਉਹੀ ਸਾਡੇ ਪ੍ਰਮਾਣੂ ਪ੍ਰੋਗਰਾਮ ਵਿਰੁੱਧ ਹਨ। ਇਸੇ ਦੌਰਾਨ ਈਰਾਨ ਦੇ ਤੇਲ ਮੰਤਰਾਲੇ ਨੇ ਕਿਹਾ ਹੈ ਕਿ ਯੂਰਪੀਨ ਦੇਸ਼ਾਂ ਨੂੰ ਤੇਲ ਦੀ ਸਪਲਾਈ ਬੰਦ ਨਹੀਂ ਕੀਤੀ ਜਾ ਰਹੀ। ਇਸ ਤੋਂ ਪਹਿਲਾਂ ਟੀ. ਵੀ. ਰਿਪੋਰਟ ਵਿਚ ਕਿਹਾ ਗਿਆ ਸੀ ਕਿ ਈਰਾਨ ਨੇ ਫਰਾਂਸ, ਪੁਰਤਗਾਲ, ਇਟਲੀ, ਗਰੀਸ, ਨੀਂਦਰਲੈਂਡ ਅਤੇ ਸਪੇਨ ਨੂੰ ਤੇਲ ਦੀ ਸਪਲਾਈ ਰੋਕ ਦਿੱਤੀ ਹੈ।

ਖੇਤੀਬਾੜੀ ਉਤਪਾਦਨ ਵਧਾਉਣ ਦੀ ਲੋੜ-ਮਨਮੋਹਨ ਸਿੰਘ
ਮੀਂਹ 'ਤੇ ਨਿਰਭਰ ਖੇਤਰਾਂ ਵੱਲ ਵਿਸ਼ੇਸ਼ ਧਿਆਨ ਦੇਣ 'ਤੇ ਜ਼ੋਰ
ਨਵੀਂ ਦਿੱਲੀ - ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਅਨਾਜ ਉਤਪਾਦਨ ਵਧਾਉਣ ਦੀ ਲੋੜ ਉਪਰ ਜ਼ੋਰ ਦਿੰਦਿਆਂ ਕਿਹਾ ਕਿ ਬਾਗਬਾਨੀ ਤੇ ਪਸ਼ੂ ਉਤਪਾਦਨਾਂ ਦੀ ਵਧ ਰਹੀ ਮੰਗ ਦੇ ਮੱਦੇਨਜ਼ਰ ਫਸਲੀ ਵਿਭਿੰਨਤਾ ਜ਼ਰੂਰੀ ਹੈ। ਉਨ੍ਹਾਂ ਨੇ ਟੀਚੇ ਦੀ ਪ੍ਰਾਪਤੀ ਲਈ ਖੋਜ ਤੇ ਵਿਕਾਸ ਵੱਲ ਵਿਸ਼ੇਸ਼ ਤਵਜੋਂ ਦੇਣ ਦੀ ਲੋੜ ਉਪਰ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਇਥੇ ਰਾਸ਼ਟਰਪਤੀ ਭਵਨ ਵਿਖੇ ਖੇਤੀਬਾੜੀ ਬਾਰੇ ਹੋਈ ਇਕ ਵਰਕਸ਼ਾਪ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ 2020-2021 ਵਿਚ ਅਨਾਜ਼ ਦੀ ਮੰਗ ਦੀ ਪੂਰਤੀ ਲਈ ਖੇਤੀਬਾੜੀ ਉਤਪਾਦਨ ਵਿਚ ਪ੍ਰਤੀ ਸਾਲ ਘਟੋ ਘੱਟ 2% ਵਾਧਾ ਕਰਨ ਦੀ ਲੋੜ ਹੈ ਪਰੰਤੂ 1995-96 ਤੋਂ 2004-05 ਤੱਕ 10 ਸਾਲਾਂ ਵਿਚ ਔਸਤ ਵਾਧਾ ਕੇਵਲ 1% ਸਾਲਾਨਾ ਹੀ ਰਿਹਾ ਹੈ। ਉਨ੍ਹਾਂ ਕਿਹਾ ਹਾਲਾਂ ਕਿ ਪਿੱਛਲੇ ਸਾਲਾਂ ਦੌਰਾਨ ਅਨਾਜ ਉਤਪਾਦਨ ਨੇ ਰਫਤਾਰ ਫੜੀ ਹੈ ਪਰ ਬਾਗਬਾਨੀ ਤੇ ਪਸ਼ੂ ਉਤਪਾਦਨਾਂ ਦੀ ਬਹੁਤ ਤੇਜੀ ਨਾਲ ਵਧ ਰਹੀ ਮੰਗ ਨੂੰ ਮੁੱਖ ਰਖਦਿਆਂ ਇਸ ਵਾਧੇ 'ਤੇ ਸੰਤਸ਼ੁਟੀ ਨਹੀਂ ਕੀਤੀ ਜਾ ਸਕਦੀ। ਇਸ ਲਈ ਅਨਾਜ ਉਤਪਾਦਨ ਹੇਠਲੇ ਰਕਬੇ ਨੂੰ ਹੋਰ ਫਸਲਾਂ ਦੇ ਉਤਪਾਦਨ ਹੇਠ ਤਬਦੀਲ ਕਰਨ ਦੀ ਲੋੜ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹੱਤਵਪੂਰਨ ਗੱਲ ਇਹ ਹੈ ਕਿ ਸਾਡੇ ਖੇਤੀਬਾੜੀ ਉਤਪਾਦਨ ਦਾ ਕਾਫੀ ਹਿੱਸਾ ਖੋਜਾਂ ਤੇ ਵਿਕਾਸ ਕੋਸ਼ਿਸ਼ਾਂ ਰਾਹੀਂ ਪੈਦਾ ਹੋਵੇਗਾ ਜਿਸ ਲਈ ਨਵੀਆਂ ਤਕਨੀਕਾਂ ਤੇ ਉਤਪਾਦਨ ਪ੍ਰਾਸੈਸ ਬਾਰੇ ਨਵੀਆਂ ਖੋਜਾਂ ਨੂੰ ਅਮਲ ਵਿਚ ਲਿਆਉਣ ਦੀ ਲੋੜ ਹੈ। ਪ੍ਰਧਾਨ ਮੰਤਰੀ ਨੇ ਮੀਂਹ 'ਤੇ ਨਿਰਭਰ ਖੇਤਰਾਂ ਜਿਥੇ ਲਗਾਤਾਰ ਉਤਪਾਦਨ ਘੱਟ ਰਹਿ ਰਿਹਾ ਹੈ, ਵੱਲ ਵਿਸ਼ੇਸ਼ ਧਿਆਨ ਦੇਣ ਉਪਰ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਮੀਂਹ ਉਪਰ ਨਿਰਭਰ ਖੇਤਰਾਂ ਵਿਚ ਖੇਤੀ ਨਿਰੰਤਰ ਇਕ ਜੂਆ ਬਣੀ ਹੋਈ ਹੈ ਤੇ ਇਨ੍ਹਾਂ ਖੇਤਰਾਂ ਵਿਚ ਉਤਪਾਦਨ ਹਰ ਹਾਲਤ ਵਿਚ ਵਧਾਇਆ ਜਾਣਾ ਚਾਹੀਦਾ ਹੈ। ਦੇਸ਼ ਦੇ ਕੁਲ ਖੇਤੀ ਰਕਬੇ ਦਾ 60% ਦੇ ਆਸਪਾਸ ਖੇਤਰ ਮੀਂਹ 'ਤੇ ਨਿਰਭਰ ਹੈ ਤੇ ਇਹ ਖੇਤਰ ਤੇਲੀ ਫਸਲਾਂ ਤੇ ਦਾਲਾਂ ਦੇ ਉਤਪਾਦਨ ਵਿਚ 80% ਤੋਂ ਵਧ ਹਿੱਸਾ ਪਾਉਂਦਾ ਹੈ। ਪ੍ਰਧਾਨ ਮੰਤਰੀ ਦਫਤਰ ਵੱਲੋਂ ਖੇਤੀਬਾੜੀ ਨਾਲ ਸਬੰਧਤ ਮੁੱਦਿਆਂ ਦੇ ਹੱਲ ਲਈ ਗਠਿਤ ਕੀਤੀਆਂ 3 ਕੋਰ ਕਮੇਟੀਆਂ ਵੱਲੋਂ ਦਿੱਤੇ ਗਏ ਸੁਝਾਵਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਕਮੇਟੀਆਂ ਨੇ ਆਪਣੀਆਂ ਰਿਪੋਰਟਾਂ ਸੌਂਪ ਦਿੱਤੀਆਂ ਹਨ ਤੇ ਖੁਰਾਕ ਤੇ ਖੇਤੀਬਾੜੀ ਮੰਤਰਾਲੇ ਵੱਲੋਂ ਇਨ੍ਹਾਂ ਦਾ ਨਰੀਖਣ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਵਿਚੋਂ ਜ਼ਿਆਦਾਤਰ ਸਿਫਾਰਿਸ਼ਾਂ ਪ੍ਰਵਾਨ ਕਰਨ ਯੋਗ ਹਨ ਤੇ ਇਸ ਸਬੰਧੀ ਕਾਰਵਾਈ ਜਾਂ ਤਾਂ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ ਜਾਂ ਫਿਰ ਹੋ ਰਹੀ ਹੈ।

ਸੰਗਰੂਰ/ ਧੂਰੀ,-ਇਥੋਂ ਨੇੜਲੇ ਪਿੰਡ ਬੇਨੜਾ ਲਾਗੇ ਇਕ ਮਾਨਵ ਰਹਿਤ ਰੇਲਵੇ ਫਾਟਕ ਉਤੇ ਹੋਏ ਹਾਦਸੇ ਦੌਰਾਨ 5 ਔਰਤਾਂ ਸਮੇਤ 6 ਵਿਅਕਤੀਆਂ ਦੀ ਮੌਤ ਹੋਣ ਦਾ ਸਮਾਚਾਰ ਹੈ। ਰੇਲਵੇ ਪੁਲਿਸ ਧੂਰੀ ਦੇ ਇੰਚਾਰਜ ਸ੍ਰੀ ਗੁਰਚਰਨ ਸਿੰਘ ਨੇ ਦੱਸਿਆ ਕਿ ਜਾਖਲ ਤੋਂ ਸ਼ਾਮੀਂ 5 ਵਜੇ ਦੇ ਕਰੀਬ ਯਾਤਰੂ ਰੇਲ ਗੱਡੀ ਜਿਉਂ ਹੀ ਪਿੰਡ ਦੇ ਮਾਨਵ ਰਹਿਤ ਫਾਟਕ ਪਾਸ ਪੁੱਜੀ ਤਾਂ ਪਿੰਡ ਸਾਰੋਂ ਲਾਗਲੇ ਕੈਨੇਡਾ ਫਾਰਮ ਹਾਊਸ ਵਿਚ ਵਿਆਹ ਤੋਂ ਵਾਪਸ ਪਰਤ ਰਹੇ 7 ਬਰਾਤੀਆਂ ਵਾਲੀ ਇੰਡੀਕਾ ਕਾਰ ਰੇਲ ਗੱਡੀ ਦੀ ਲਪੇਟ ਵਿਚ ਆ ਗਈ। ਮ੍ਰਿਤਕ ਪਿੰਡ ਕਾਉਂਕੇ ਕਲਾਂ (ਜਗਰਾਓਂ) ਦੇ ਵਸਨੀਕ ਦੱਸੇ ਗਏ ਹਨ। ਇਹ ਕਾਰ ਸਵਾਰ ਪਿੰਡ ਧੂਰਾ ਦੇ ਬਲਵਿੰਦਰ ਸਿੰਘ ਦੀ ਲੜਕੀ ਨੂੰ ਵਿਆਹ ਕੇ ਵਾਪਸ ਪਰਤ ਰਹੇ ਸਨ। ਸੂਚਨਾ ਮਿਲਦਿਆਂ ਹੀ ਐਸ.ਡੀ.ਐਮ. ਧੂਰੀ ਸ੍ਰੀ ਭੁਪਿੰਦਰ ਮੋਹਨ ਸਿੰਘ, ਡੀ.ਐਸ.ਪੀ ਸ੍ਰੀ ਕੰਵਲਪ੍ਰੀਤ ਸਿੰਘ ਚਹਿਲ, ਐਸ.ਐਚ.ਓ. ਸਿਟੀ ਸ੍ਰੀ ਸਤਪਾਲ ਸ਼ਰਮਾ, ਸ੍ਰੀ ਸੂਰਤ ਸਿੰਘ ਇੰਚਾਰਜ ਰੇਲਵੇ ਪੁਲਿਸ ਫੋਰਸ ਅਤੇ ਹੋਰ ਅਧਿਕਾਰੀਆਂ ਨੇ ਮ੍ਰਿਤਕਾਂ ਨੂੰ ਸੰਭਾਲਣ ਲਈ ਫੁਰਤੀ ਵਿਖਾਈ। ਮ੍ਰਿਤਕਾਂ ਵਿਚ ਲਾੜੇ ਸੁਰਜੀਤ ਸਿੰਘ ਦੀ ਮਾਂ ਸੁਰਿੰਦਰ ਕੌਰ ਕਰਤਾਰੋ, ਲਾੜੇ ਦੀ ਭੈਣ ਮਨਦੀਪ ਕੌਰ ਮੋਨਾ, ਦੋ ਚਚੇਰੀਆਂ ਭੈਣਾਂ ਗੁਰਦੀਪ ਕੌਰ ਅਤੇ ਅਮਨਦੀਪ ਕੌਰ, ਇਕ ਤਾਈ ਅਤੇ ਕਾਰ ਚਾਲਕ ਸਾਧੂ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦ ਕਿ ਇਕ ਚਚੇਰੀ ਭੈਣ ਹਰਪਿੰਦਰ ਕੌਰ ਪਿੰਡ ਝੰਡਾ ਵਾਲਾ (ਮੋਗਾ) ਨੂੰ ਗੰਭੀਰ ਹਾਲਤ ਵਿਚ ਪਟਿਆਲਾ ਭੇਜ ਦਿੱਤਾ ਗਿਆ। ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਨੂੰ ਅਗਲੀ ਕਾਰਵਾਈ ਲਈ ਧੂਰੀ ਦੇ ਸਿਵਲ ਹਸਪਤਾਲ ਵਿਚ ਲਿਆਂਦਾ ਗਿਆ ਹੈ। ਇਹ ਪਰਿਵਾਰ ਭਾਵੇਂ ਦਿੱਲੀ ਵਿਚ ਰਹਿੰਦਾ ਹੈ ਪਰ ਉਹ ਵਿਆਹ ਲਈ ਆਪਣੇ ਪਿਤਰੀ ਪਿੰਡ ਕਾਉਂਕੇ ਵਿਖੇ ਆਇਆ ਹੋਇਆ ਸੀ। ਉਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਹੁਣ ਤੱਕ ਇਸ ਮਾਨਵ ਰਹਿਤ ਰੇਲਵੇ ਫਾਟਕ ਉਤੇ ਦਰਜਨਾਂ ਹਾਦਸੇ ਵਾਪਰ ਚੁੱਕੇ ਹਨ। ਲੋਕਾਂ ਦੀ ਵਾਰ ਵਾਰ ਮੰਗ ਉਤੇ ਰੇਲਵੇ ਵੱਲੋਂ ਹੁਣ ਇਥੇ ਫਾਟਕ ਲਗਾਉਣ ਦੀ ਪ੍ਰੀਕ੍ਰਿਆ ਆਰੰਭੀ ਹੋਈ ਹੈ। ਗੇਟਮੈਨ ਲਈ ਕਮਰਾ ਬਣਾਏ ਨੂੰ ਕਈ ਮਹੀਨੇ ਬੀਤ ਚੁੱਕੇ ਹਨ ਪਰ ਅਜੇ ਤੱਕ ਇਥੇ ਫਾਟਕ ਨਹੀਂ ਲਗਾਏ ਗਏ। ਰੇਲਵੇ ਦੇ ਸਟੇਸ਼ਨ ਸੁਪਰਡੈਂਟ ਸ੍ਰੀ ਪਟੇਲ ਨੇ ਦੱਸਿਆ ਕਿ ਘਟਨਾ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ। 

ਨਵੀਂ ਦਿੱਲੀ- ਦਿੱਲੀ ਹਾਈਕੋਰਟ 'ਚ ਪੇਸ਼ ਕੀਤੀ ਗਈ ਡੀ. ਐੱਨ. ਏ. ਦੀ ਰਿਪੋਰਟ 'ਚ ਖੁਲਾਸਾ ਹੋਇਆ ਹੈ ਕਿ ਰੋਹਿਤ ਸ਼ੇਖਰ ਦੀ ਮਾਂ ਦਾ ਪਤੀ ਬੀ. ਪੀ. ਸ਼ਰਮਾ ਰੋਹਿਤ ਦਾ ਅਸਲੀ ਪਿਤਾ ਨਹੀਂ ਹੈ। ਦੱਸਣਯੋਗ ਹੈ ਕਿ ਰੋਹਿਤ ਨੇ ਦਾਅਵਾ ਕੀਤਾ ਹੈ ਕਿ ਇਹ ਕਾਂਗਰਸ ਦੇ ਬਜ਼ੁਰਗ ਨੇਤਾ ਐੱਨ. ਕੇ. ਤਿਵਾੜੀ ਦਾ ਪੁੱਤਰ ਹੈ। ਅਦਾਲਤ ਦੇ ਕਹਿਣ 'ਤੇ ਹੈਦਰਾਬਾਦ ਪ੍ਰਯੋਗਸ਼ਾਲਾ ਵੱਲੋਂ ਕੀਤੀ ਗਈ ਜਾਂਚ ਰਿਪੋਰਟ 'ਚ 31 ਸਾਲਾ ਰੋਹਿਤ ਦੀ ਮਾਂ ਤਾਂ ਉਜਵਲਾ ਹੀ ਹੈ ਪਰ ਪਿਤਾ ਨਾਲ ਉਸ ਦਾ ਡੀ. ਐੱਨ. ਏ. ਮੇਲ ਨਹੀਂ ਖਾਧਾ। ਇਸ ਰਿਪੋਰਟ ਨਾਲ ਰੋਹਿਤ ਦੇ ਉਸ ਦਾਅਵੇ ਨੂੰ ਬਲ ਮਿਲਿਆ ਹੈ ਜਿਸ 'ਚ ਉਸ ਨੇ ਆਪਣਾ ਪਿਤਾ ਐੱਨ. ਡੀ.ਤਿਵਾੜੀ ਨੂੰ ਦੱਸਿਆ ਸੀ। 

ਭਿੱਖੀਵਿੰਡ,-ਇਥੇ ਪਾਮ ਗਾਰਡਨ ਵਿਚ ਚੱਲ ਰਹੇ ਵਿਆਹ ਸਮਾਗਮ ਵਿਚ ਬਰਾਤ ਵਿਚ ਆਏ ਇਕ ਪੁਲਿਸ ਦੇ ਥਾਣੇਦਾਰ ਵੱਲੋਂ ਚਲਾਈ ਗੋਲੀ ਨਾਲ ਆਰਕੈਸਟਰਾ ਦੇ ਅਨਾਊਂਸਰ ਦੀ ਮੌਤ ਹੋ ਗਈ। ਘਟਨਾ ਸਥਾਨ 'ਤੇ ਮੌਜੂਦ ਸਬ-ਡਵੀਜ਼ਨ ਭਿੱਖੀਵਿੰਡ ਦੇ ਡੀ.ਐੱਸ.ਪੀ. ਸ: ਗੁਰਚਰਨ ਸਿੰਘ ਨੇ ਦੱਸਿਆ ਕਿ ਜੈਮਲ ਸਿੰਘ ਪੁੱਤਰ ਕੇਹਰ ਸਿੰਘ ਵਾਸੀ ਬੱਠੇ ਭੈਣੀ ਥਾਣਾ ਪੱਟੀ ਦੀ ਬਰਾਤ ਆਈ ਸੀ, ਜਿਥੇ ਮੁੰਡੇ ਵਾਲਿਆਂ ਵੱਲੋਂ ਫਰੈਂਡਜ਼ ਆਰਕੈਸਟਰਾ ਤੇ ਡੀ. ਜੇ ਸਿਸਟਮ ਨਕੋਦਰ ਨੂੰ ਪ੍ਰੋਗਰਾਮ ਪੇਸ਼ ਕਰਨ ਲਈ ਸੱਦਿਆ ਸੀ, ਚੱਲ ਰਹੇ ਗਾਣੇ ਦੌਰਾਨ ਵਿਆਹ ਸਮਾਗਮ ਵਿਚ ਮੌਜੂਦ ਪੰਜਾਬ ਪੁਲਿਸ ਦੇ ਥਾਣੇਦਾਰ ਕੁਲਵਿੰਦਰ ਸਿੰਘ ਵਾਸੀ ਬੱਠੇ ਭੈਣੀ ਹਾਲ ਵਾਸੀ ਤਰਨ ਤਾਰਨ ਨੇ ਪਿਸਤੌਲ ਨਾਲ ਤਿੰਨ ਚਾਰ ਫਾਇਰ ਕੀਤੇ, ਜਿੰਨਾਂ ਵਿਚੋਂ ਇਕ ਗੋਲੀ ਆਰਕੈਸਟਰਾ ਦੇ ਅਨਾਊਂਸਰ ਬਲਵੀਰ ਕੁਮਾਰ ਦੀ ਧੌਣ ਦੇ ਪਿਛਲੇ ਪਾਸੇ ਲੱਗੀ ਜੋ ਗੋਲੀ ਵੱਜਦਿਆਂ ਹੀ ਡਿੱਗ ਪਿਆ, ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਸੁਰ ਸਿੰਘ ਵਿਖੇ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਡੀ.ਐੱਸ.ਪੀ. ਭਿੱਖੀਵਿੰਡ ਨੇ ਦੱਸਿਆ ਕਿ ਗੁਰਿੰਦਰਜੀਤ ਸਿੰਘ ਪੁੱਤਰ ਗਿਆਨ ਸਿੰਘ ਦੇ ਬਿਆਨਾਂ 'ਤੇ ਥਾਣੇਦਾਰ ਕੁਲਵਿੰਦਰ ਸਿੰਘ ਖਿਲਾਫ ਕੇਸ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ, ਜੋ ਮੌਕੇ ਤੋਂ ਫਰਾਰ ਹੋ ਗਿਆ ਸੀ। ਦੋਸ਼ੀ ਨੇ ਜਦੋਂ ਗੋਲੀ ਚਲਾਈ, ਉਸ ਸਮੇਂ ਆਰਕੈਸਟਰਾ ਦਾ ਪ੍ਰੋਗਰਾਮ ਖਤਮ ਹੋ ਚੁੱਕਾ ਸੀ ਤੇ ਵਿਆਹ ਵਾਲਾ ਮੁੰਡਾ ਤੇ ਕੁੜੀ ਇਕੱਲੇ ਹੀ ਸਟੇਜ ਦੇ ਬਿਲਕੁਲ ਸਾਹਮਣੇ 'ਅੱਜ ਤੋਂ ਮੈਂ ਹੋ ਗਈ ਤੇਰੀ ਵੇ ਸੋਹਣਿਆ' 'ਤੇ ਨੱਚ ਰਹੇ ਸਨ ਤੇ ਜੇ ਗੋਲੀ ਅਨਾਊਂਸਰ ਦੇ ਨਾ ਲੱਗਦੀ ਤਾਂ ਵਿਆਹ ਵਾਲਾ ਮੁੰਡਾ ਜਾਂ ਕੁੜੀ ਗੋਲੀ ਦੀ ਲਪੇਟ ਵਿਚ ਆ ਸਕਦੇ ਸਨ। ਗੋਲੀ ਚਲਾਉਣ ਵਾਲਾ ਵਿਆਹ ਵਾਲੇ ਮੁੰਡੇ ਦੇ ਸ਼ਰੀਕੇ ਵਿਚੋਂ ਰਿਸ਼ਤੇਦਾਰ ਸੀ।

1984 ਸਿੱਖ ਕਤਲੇਆਮ ਦੇ ਦੋਸ਼ੀ ਕਿਸ਼ੋਰੀ ਲਾਲ
ਦੀ ਰਿਹਾਈ ਦੇ ਅਮਲ 'ਤੇ ਰੋਕ

ਸਿੱਖਿਆ ਮੰਤਰੀ ਦੀ ਅਗਵਾਈ 'ਚ ਦਿੱਲੀ ਕਮੇਟੀ ਦੇ ਵਫ਼ਦ
ਵੱਲੋਂ ਉਪ-ਰਾਜਪਾਲ ਨਾਲ ਮੁਲਾਕਾਤ
ਨਵੀਂ ਦਿੱਲੀ, 15 ਫਰਵਰੀ (ਜਗਤਾਰ ਸਿੰਘ)-ਨਵੰਬਰ '84 ਦੇ ਦੌਰਾਨ ਹੋਏ ਸਿੱਖਾਂ ਦੇ ਕਤਲਾਂ ਲਈ ਜ਼ਿੰਮੇਵਾਰ ਦੋਸ਼ੀ ਕਿਸ਼ੋਰੀ ਲਾਲ, ਜਿਸ ਨੂੰ ਦਿੱਲੀ ਹਾਈਕੋਰਟ ਵੱਲੋਂ ਸੱਤ ਵਾਰ ਫਾਂਸੀ ਦਿੱਤੇ ਜਾਣ ਦੀ ਸਜ਼ਾ ਸੁਣਾਈ ਗਈ ਅਤੇ ਸੁਪਰੀਮ ਕੋਰਟ ਨੇ ਉਸ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਬਦਲ ਦਿੱਤੀ ਸੀ, ਨੂੰ ਦਿੱਲੀ ਦੇ ਉਪ-ਰਾਜਪਾਲ ਵੱਲੋਂ ਰਿਹਾਅ ਕਰ ਦਿੱਤੇ ਜਾਣ ਦੇ ਆਦੇਸ਼ ਜਾਰੀ ਕਰਨ ਦੀ ਖ਼ਬਰ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਪਰਮਜੀਤ ਸਿੰਘ ਸਰਨਾ, ਸੀਨੀਅਰ ਮੀਤ ਪ੍ਰਧਾਨ ਭਜਨ ਸਿੰਘ ਵਾਲੀਆ, ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ, ਸਕੱਤਰ ਕਰਤਾਰ ਸਿੰਘ ਕੋਛੜ, ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਅਤੇ ਮਨਜੀਤ ਸਿੰਘ ਸਰਨਾ 'ਤੇ ਅਧਾਰਿਤ ਇੱਕ ਪ੍ਰਤੀਨਿਧੀ ਮੰਡਲ ਨੇ ਦਿੱਲੀ ਦੇ ਟਰਾਂਸਪੋਰਟ ਅਤੇ ਸਿੱਖਿਆ ਮੰਤਰੀ ਸ: ਅਰਵਿੰਦਰ ਸਿੰਘ ਲਵਲੀ ਦੀ ਅਗਵਾਈ ਵਿੱਚ ਦਿੱਲੀ ਦੇ ਉਪ-ਰਾਜਪਾਲ ਸ੍ਰੀ ਤੇਜਿੰਦਰ ਖੰਨਾ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਸ: ਸਰਨਾ ਨੇ ਜਾਣਕਾਰੀ ਦਿੱਤੀ ਕਿ ਪ੍ਰਤੀਨਿਧੀ ਮੰਡਲ ਨੇ ਸ੍ਰੀ ਤੇਜਿੰਦਰ ਖੰਨਾ ਨੂੰ ਦੱਸਿਆ ਕਿ ਕਈ ਸਿੱਖਾਂ ਦੇ ਕਾਤਲ ਕਿਸ਼ੋਰੀ ਨੂੰ ਰਿਹਾਅ ਕਰਨ ਦੇ ਕੀਤੇ ਗਏ ਫੈਸਲੇ ਕਾਰਣ ਸਿੱਖਾਂ ਵਿੱਚ ਭਾਰੀ ਰੋਸ ਹੈ ਜੋ ਸੜਕਾਂ 'ਤੇ ਵੀ ਆ ਸਕਦਾ ਹੈ। ਪ੍ਰਤੀਨਿਧੀ ਮੰਡਲ ਵੱਲੋਂ ਸ: ਸਰਨਾ ਨੇ ਉਪ-ਰਾਜਪਾਲ ਨੂੰ ਦੱਸਿਆ ਕਿ ਇੱਕ ਤਾਂ ਉਸ ਦੀਆਂ ਸੱਤ ਫਾਂਸੀ ਦੀਆਂ ਸਜ਼ਾਵਾਂ ਉਮਰ ਕੈਦ ਵਿੱਚ ਬਦਲ ਦਿੱਤੀਆਂ ਗਈਆਂ, ਜਦਕਿ ਉਸ ਦੇ ਵਿਰੁੱਧ ਅਨੇਕਾਂ ਸਿੱਖਾਂ ਦਾ ਕਤਲ ਕਰਨ ਦਾ ਦੋਸ਼ ਹੈ। ਫਿਰ ਹੁਣ ਉਸ ਨੂੰ ਰਿਹਾਅ ਕਰਕੇ ਸਿੱਖਾਂ ਦੀਆਂ ਭਾਵਨਾਵਾਂ 'ਤੇ ਸੱਟ ਮਾਰੀ ਜਾ ਰਹੀ ਹੈ। ਸ: ਸਰਨਾ ਨੇ ਦੱਸਿਆ ਕਿ ਉਪ-ਰਾਜਪਾਲ ਸ੍ਰੀ ਤੇਜਿੰਦਰ ਖੰਨਾ ਨੇ ਉਨ੍ਹਾਂ ਦੀ ਗੱਲ ਨੂੰ ਬਹੁਤ ਧਿਆਨ ਤੇ ਗੰਭੀਰਤਾ ਨਾਲ ਸੁਣਿਆ ਤੇ ਸਵੀਕਾਰ ਕੀਤਾ ਕਿ ਸਰਕਾਰ ਪਾਸੋਂ ਇਹ ਗਲਤੀ ਹੋਈ ਹੈ, ਜਿਸ ਨੂੰ ਤੁਰੰਤ ਹੀ ਸੁਧਾਰਿਆ ਜਾਏਗਾ। ਉਨ੍ਹਾਂ ਦੱਸਿਆ ਕਿ ਉਪ-ਰਾਜਪਾਲ ਨੇ ਉਨ੍ਹਾਂ ਦੇ ਸਾਹਮਣੇ ਹੀ ਜੇਲ੍ਹ ਅਧਿਕਾਰੀਆਂ ਨੂੰ ਫੋਨ ਕਰਕੇ ਹਿਦਾਇਤ ਕੀਤੀ ਕਿ ਕਿਸ਼ੋਰੀ ਦੀ ਰਿਹਾਈ ਬਾਰੇ ਦਿੱਤੇ ਗਏ ਆਦੇਸ਼ 'ਤੇ ਅਮਲ ਨਾ ਕੀਤਾ ਜਾਏ ਕਿਉਂਕਿ ਇਹ ਆਦੇਸ਼ ਵਾਪਸ ਲਿਆ ਜਾ ਰਿਹਾ ਹੈ। ਸ੍ਰੀ ਖੰਨਾ ਨੇ ਪ੍ਰਤੀਨਿਧੀ ਮੰਡਲ ਨੂੰ ਭਰੋਸਾ ਦੁਆਇਆ ਕਿ ਉਹਨਾਂ ਦੇ ਵਿਚਾਰਾਂ ਅਤੇ ਸਿੱਖਾਂ ਦੀਆਂ ਭਾਵਨਾਵਾਂ ਦਾ ਪੂਰਾ-ਪੂਰਾ ਧਿਆਨ ਰੱਖਿਆ ਜਾਏਗਾ ਤੇ ਉਨ੍ਹਾਂ ਦਾ ਸਨਮਾਨ ਕੀਤਾ ਜਾਏਗਾ।

ਇਸਲਾਮਾਬਾਦ, 15 ਫਰਵਰੀ (ਏਜੰਸੀ)-ਪਾਕਿਸਤਾਨ ਸਰਕਾਰ ਭਾਰਤ ਨਾਲ ਨਾਂਹਪੱਖੀ ਸੂਚੀ ਵਪਾਰ ਪ੍ਰਬੰਧ ਬਾਰੇ ਆਉਣ ਵਾਲੇ 15 ਦਿਨਾਂ 'ਚ ਨਿਰਣਾਕਾਰੀ ਫੈਸਲਾ ਲੈ ਸਕਦੀ ਹੈ। ਅੱਜ ਦੋਵਾਂ ਦੇਸ਼ਾਂ ਵੱਲੋਂ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਤਿੰਨ ਅਹਿਮ ਸਮਝੌਤਿਆਂ 'ਤੇ ਦਸਤਖ਼ਤ ਕੀਤੇ ਗਏ। ਭਾਰਤੀ ਵਪਾਰ ਮੰਤਰੀ ਅਨੰਦ ਕੁਮਾਰ ਸ਼ਰਮਾ ਅਤੇ ਪਾਕਿਸਤਾਨ ਦੇ ਵਪਾਰ ਮੰਤਰੀ ਆਮੀਨ ਫਾਹਿਮ ਵੱਲੋਂ ਆਯਾਤ ਕਰ 'ਚ ਸਹਿਯੋਗ, ਵਪਾਰਕ ਔਕੜਾਂ ਨੂੰ ਦੂਰ ਕਰਨਾ ਤੇ ਵਪਾਰ ਦੇ ਮਿਆਰ ਦੇ ਪੱਧਰ ਨੂੰ ਉੱਚਾ ਚੁੱਕਣ ਵਰਗੇ ਸਮਝੌਤਿਆਂ 'ਤੇ ਦਸਤਖ਼ਤ ਕੀਤੇ ਗਏ। 120 ਕਾਰੋਬਾਰੀਆਂ ਨੂੰ ਨਾਲ ਲੈ ਕੇ ਪਾਕਿਸਤਾਨ ਗਏ ਮੰਤਰੀ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੇ ਪਾਕਿ ਗ੍ਰਹਿ ਮੰਤਰੀ ਨਾਲ ਵੀਜ਼ੇ ਦੇ ਮੁੱਦੇ 'ਤੇ ਵੀ ਵਿਚਾਰ ਵਟਾਂਦਰਾ ਕੀਤਾ। ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੋਵਾਂ ਦੇਸ਼ਾਂ ਵੱਲੋਂ 1974 'ਚ ਵੀਜ਼ੇ ਦੇ ਨਿਯਮਾਂ ਬਾਰੇ ਦਸਤਖ਼ਤ ਕੀਤੇ ਗਏ ਸਮਝੌਤੇ 'ਚ ਸੁਧਾਰ ਕੀਤਾ ਜਾਵੇਗਾ ਅਤੇ ਇਸ ਬਾਰੇ ਪਾਕਿ ਗ੍ਰਹਿ ਮੰਤਰੀ ਨਾਲ ਗੱਲਬਾਤ ਹੋ ਚੁੱਕੀ ਹੈ। 

ਨਵੀਂ ਦਿੱਲੀ,-ਅੰਤਰਰਾਸ਼ਟਰੀ ਹਵਾਈ ਅੱਡਾ ਕੌਂਸਲ ਦੇ ਹਵਾਈ ਅੱਡਾ ਦਰਜਾਬੰਦੀ ਵਿਭਾਗ ਨੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਵਿਸ਼ਵ ਦੇ ਦੂਸਰੇ ਸਭ ਤੋਂ ਬਿਹਤਰੀਨ ਹਵਾਈ ਅੱਡੇ ਦਾ ਦਰਜਾ ਦਿੱਤਾ ਹੈ। ਇੰਦਰਾ ਗਾਂਧੀ ਅੰਤਰਤਾਸ਼ਟਰੀ ਹਵਾਈ ਅੱਡੇ ਨੂੰ 2011 'ਚ 6ਵੀਂ ਦਰਜਾਬੰਦੀ ਮਿਲੀ ਸੀ ਅਤੇ 2007 'ਚ ਇਹ ਹਵਾਈ ਅੱਡਾ ਵਿਸ਼ਵ ਦੇ ਬਿਹਤਰੀਨ 100 'ਚ ਵੀ ਜਗ੍ਹਾ ਨਹੀਂ ਬਣਾ ਸਕਿਆ ਸੀ। ਇਹ ਹਵਾਈ ਅੱਡਾ ਹੁਣ ਸਾਲਾਨਾ 6 ਕਰੋੜ ਯਾਤਰੀਆਂ ਨੂੰ ਸੰਭਾਲਣ ਦੀ ਸਮਰੱਥਾ ਰੱਖਦਾ ਹੈ।

ਨਵੀਂ ਦਿੱਲੀ, -ਸੁਪਰੀਮ ਕੋਰਟ ਨੇ ਅੱਜ ਵਿਸ਼ੇਸ਼ ਜੱਜ ਓ ਪੀ ਸੈਣੀ ਦੀ ਅਦਾਲਤ ਵਿਚ ਸੁਣਵਾਈ ਅਧੀਨ 2-ਜੀ ਸਪੈਕਟਰਮ ਘੁਟਾਲੇ ਦੇ ਮਾਮਲੇ 'ਚ ਐਸਾਰ ਤੇ ਲੂਪ ਕੰਪਨੀ ਵਿਰੁੱਧ ਕਾਰਵਾਈ 'ਤੇ ਰੋਕ ਲਾਉਣ ਤੋਂ ਨਾਂਹ ਕਰ ਦਿੱਤੀ ਹੈ ਹਾਲਾਂ ਕਿ ਜੱਜ ਜੀ. ਐਸ ਸਿੰਘਵੀ ਦੀ ਅਗਵਾਈ ਵਾਲੇ ਬੈਂਚ ਨੇ ਵਿਸ਼ੇਸ਼ ਜੱਜ ਪਟਿਆਲਾ ਹਾਊਸ ਅਦਾਲਤ ਨਵੀਂ ਦਿੱਲੀ ਦੇ ਅਦਾਲਤੀ ਖੇਤਰ 'ਤੇ ਸਮਰਥਾ ਨੂੰ ਚੁਣੌਤੀ ਦਿੰਦੀ ਪਟੀਸ਼ਨ 'ਤੇ ਸੀ.ਬੀ.ਆਈ ਨੂੰ ਨੋਟਿਸ ਜਾਰੀ ਕਰ ਦਿੱਤਾ। ਉਕਤ ਦੋਨਾਂ ਕੰਪਨੀਆਂ ਨੇ ਦਲੀਲ ਦਿੱਤੀ ਹੈ ਕਿ ਉਨ੍ਹਾਂ ਦਾ ਮਾਮਲਾ ਮਜਿਸਟ੍ਰੇਟ ਦੀ ਅਦਾਲਤ ਵਿਚ ਤਬਦੀਲ ਕੀਤਾ ਜਾਵੇ ਕਿਉਂਕਿ ਉਨ੍ਹਾਂ ਵਿਰੁੱਧ ਲਾਏ ਦੋਸ਼ਾਂ ਤਹਿਤ ਮਾਮਲਾ ਇਕ ਜੁਡੀਸ਼ੀਅਲ ਮਜਿਸਟ੍ਰੇਟ ਦੀ ਅਦਾਲਤ ਹੀ ਸੁਣ ਸਕਦੀ ਹੈ।

ਗੁਜਰਾਤ ਹਾਈ ਕੋਰਟ ਵੱਲੋਂ ਮੋਦੀ ਸਰਕਾਰ
ਨੂੰ ਮਾਣਹਾਨੀ ਦਾ ਨੋਟਿਸ

ਗੁਰਬਰਗ ਕੇਸ : ਜ਼ਾਕੀਆ ਨੂੰ ਸੌਂਪੀ ਜਾਵੇਗੀ ਜਾਂਚ ਰਿਪੋਰਟ
ਅਹਿਮਦਾਬਾਦ-ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਸੂਬਾਈ ਹਾਈ ਕੋਰਟ ਨੇ ਸਾਲ 2002 ਵਿਚ ਹੋਏ ਫਿਰਕੂ ਦੰਗਿਆਂ ਦੌਰਾਨ 56 ਵਿਅਕਤੀਆਂ ਜਿਨ੍ਹਾਂ ਦੀਆਂ ਦੁਕਾਨਾਂ ਤਬਾਹ ਹੋ ਗਈਆਂ ਸਨ, ਨੂੰ ਮੁਆਵਜ਼ਾ ਦੇਣ ਵਿਚ ਦੇਰੀ ਕਰਨ ਦੇ ਮਾਮਲੇ ਵਿਚ ਮੋਦੀ ਸਰਕਾਰ ਨੂੰ ਅਦਾਲਤੀ ਅਵੱਗਿਆ ਲਈ ਨੋਟਿਸ ਜਾਰੀ ਕੀਤਾ ਹੈ। ਮਿਲੀਆਂ ਰਿਪੋਰਟਾਂ ਅਨੁਸਾਰ ਹਾਈ ਕੋਰਟ ਨੇ ਭਾਜਪਾ ਸਰਕਾਰ ਦੀ ਇਸ ਗੱਲ ਤੋਂ ਖਿਚਾਈ ਕੀਤੀ ਕਿ ਇਕ ਸਾਲ ਪਹਿਲਾਂ ਅਦਾਲਤੀ ਆਦੇਸ਼ ਜਾਰੀ ਹੋਣ ਦੇ ਬਾਵਜੂਦ ਪੀੜਤ ਲੋਕਾਂ ਨੂੰ ਮੁਆਵਜ਼ਾ ਦੇਣ ਲਈ ਸਰਕਾਰ ਨੇ ਕੋਈ ਕਦਮ ਨਹੀਂ ਚੁੱਕਿਆ। ਹਾਈ ਕੋਰਟ ਨੇ ਮੋਦੀ ਸਰਕਾਰ ਨੂੰ ਪੁੱਛਿਆ ਕਿ ਇਹ ਦੱਸਿਆ ਜਾਵੇ ਕਿ ਹੁਣ ਤੱਕ ਪੀੜਤਾਂ ਨੂੰ ਮੁਆਵਜ਼ਾ ਕਿਉਂ ਨਹੀਂ ਦਿੱਤਾ ਗਿਆ। ਪਿਛਲੇ ਹਫ਼ਤੇ ਹਾਈ ਕੋਰਟ ਨੇ ਸੂਬਾ ਸਰਕਾਰ ਨੂੰ ਆਦੇਸ਼ ਦਿੱਤੇ ਸਨ ਕਿ ਦੰਗਿਆਂ ਦੌਰਾਨ ਨਿਸ਼ਾਨਾ ਬਣਾਏ ਗਏ ਕਰੀਬ 600 ਧਾਰਮਿਕ ਅਸਥਾਨਾਂ ਦੀ ਮੁਰੰਮਤ ਲਈ ਫੰਡ ਮੁਹੱਈਆ ਕਰਵਾਏ ਜਾਣ।
ਗੁਲਬਰਗ ਮਾਮਲਾ
ਗੁਲਬਰਗਾ ਕੇਸ ਵਿਚ ਅਹਿਮਦਾਬਾਦ ਅਦਾਲਤ ਨੇ ਵਿਸ਼ੇਸ਼ ਜਾਂਚ ਰਿਪੋਰਟ (ਐਸ. ਆਈ. ਟੀ.) ਰਿਪੋਰਟ 'ਤੇ ਆਪਣਾ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਪਟੀਸ਼ਨ ਦੇਣ ਵਾਲੇ ਜ਼ਾਕੀਆ ਜਾਫ਼ਰੀ ਨੂੰ ਜਾਂਚ ਰਿਪੋਰਟ ਦੀ ਨਕਲ ਸੌਂਪੀ ਜਾਵੇਗੀ। ਰਿਪੋਰਟ ਦੀ ਨਕਲ ਇਕ ਮਹੀਨੇ ਬਾਅਦ ਦਿੱਤੀ ਜਾਵੇਗੀ। ਅਦਾਲਤ ਨੇ ਸਪੱਸ਼ਟ ਕੀਤਾ ਕਿ ਇਹ ਨਕਲ ਕੇਵਲ ਜ਼ਾਕੀਆ ਨੂੰ ਹੀ ਸੌਂਪੀ ਜਾਵੇਗੀ। ਪਿਛਲੇ ਹਫ਼ਤੇ ਮੀਡੀਆ ਵਿਚ ਆਈ ਨਰਿੰਦਰ ਮੋਦੀ ਨੂੰ ਕਲੀਨ ਚਿੱਟ ਦੀ ਖ਼ਬਰ ਦੇ ਨਾਲ ਐਸ.ਆਈ. ਟੀ. ਨੇ ਪੱਲਾ ਝਾੜ ਲਿਆ ਸੀ। ਉਦੋਂ ਤੋਂ ਹੀ ਇਸ ਮਾਮਲੇ ਨੂੰ ਲੈ ਕੇ ਕਿਆਸ ਅਰਾਈਆਂ ਲੱਗ ਰਹੀਆਂ ਹਨ। ਵਿਸ਼ੇਸ਼ ਜਾਂਚ ਟੀਮ ਨੇ ਗੁਲਬਰਗ ਸੁਸਾਇਟੀ ਹੱਤਿਆ ਕਾਂਡ ਨਾਲ ਸਬੰਧਿਤ ਰਿਪੋਰਟ ਨੂੰ ਦੋ ਹਫ਼ਤੇ ਪਹਿਲਾਂ ਹੀ ਹਾਈ ਕੋਰਟ ਨੂੰ ਸੌਂਪ ਦਿੱਤਾ ਸੀ। ਹੁਣ ਇਸ ਫ਼ੈਸਲੇ ਨੂੰ ਲੈ ਕੇ ਸਾਰਿਆਂ ਦੀਆਂ ਅੱਖਾਂ ਅੱਜ ਦੇ ਅਦਾਲਤੀ ਫ਼ੈਸਲੇ 'ਤੇ ਟਿਕੀਆਂ ਸਨ। ਇਸ ਤੋਂ ਪਹਿਲਾਂ ਮੈਟਰੋਪਾਲੀਟਨ ਮਜਿਸਟਰੇਟ ਅਹਿਮਦਾਬਾਦ ਦੀ ਅਦਾਲਤ ਵਿਚ ਸੋਮਵਾਰ ਨੂੰ ਜਾਂਚ ਟੀਮ ਦੀ ਦੰਗਾ ਮਾਮਲਿਆਂ ਨਾਲ ਜੁੜੇ ਵੱਖ-ਵੱਖ ਪੱਖਾਂ ਨੂੰ ਲੈ ਕੇ ਬਹਿਸ ਹੋਈ।
ਤਹਿਰਾਨ, -ਇਰਾਨ ਨੇ ਬੈਂਕਾਕ 'ਚ ਹੋਏ ਧਮਾਕਿਆਂ ਦੀ ਆਲੋਚਨਾ ਕੀਤੀ। ਇਨ੍ਹਾਂ ਧਮਾਕਿਆਂ 'ਚ ਪੰਜ ਵਿਅਕਤੀ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ 'ਚ ਇਕ ਇਰਾਨੀ ਵੀ ਹੈ। ਖ਼ਬਰ ਏਜੰਸੀ ਸਿਨਹੂਆ ਅਨੁਸਾਰ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਮੀਨ ਮਹਿਮਾਨ-ਪਰਸਤ ਨੇ ਇਜ਼ਰਾਈਲ ਵੱਲੋਂ ਇਰਾਨ 'ਤੇ ਲਗਾਏ ਗਏ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਅਤੇ ਮੰਗਲਵਾਰ ਨੂੰ ਬੈਂਕਾਕ 'ਚ ਹੋਏ ਧਮਾਕਿਆਂ ਨਾਲ ਕਿਸੇ ਤਰ੍ਹਾਂ ਦਾ ਸਬੰਧ ਹੋਣ ਤੋਂ ਇਨਕਾਰ ਕੀਤਾ। ਯਾਦ ਰਹੇ ਕਿ ਨਵੀਂ ਦਿੱਲੀ 'ਚ ਸੋਮਵਾਰ ਨੂੰ ਇਜ਼ਰਾਈਲੀ ਦੂਤਘਰ ਦੀ ਇਕ ਕਾਰ 'ਤੇ ਹੋਏ ਅੱਤਵਾਦੀ ਹਮਲੇ 'ਚ ਇਕ ਇਜ਼ਰਾਇਲੀ ਰਾਜਦੂਤ ਦੀ ਪਤਨੀ ਸਮੇਤ ਚਾਰ ਵਿਅਕਤੀ ਜ਼ਖਮੀ ਹੋ ਗਏ ਸਨ। ਉਸੇ ਦਿਨ ਜਾਰਜੀਆ ਦੀ ਰਾਜਧਾਨੀ ਤਬਲਿਸੀ 'ਚ ਇਕ ਹਮਲੇ ਨੂੰ ਉਸ ਸਮੇਂ ਅਸਫਲ ਕਰ ਦਿੱਤਾ ਗਿਆ ਸੀ ਜਦੋਂ ਇਜ਼ਰਾਇਲੀ ਦੂਤ ਘਰ ਦੇ ਇਕ ਜਾਗਰੂਕ ਕਰਮਚਾਰੀ ਨੇ ਆਪਣੀ ਕਾਰ ਦੇ ਥੱਲੇ ਇਕ ਬੰਬ ਲੱਗਿਆ ਹੋਇਆ ਦੇਖਿਆ। ਇਸ ਤੋਂ ਇਕ ਦਿਨ ਬਾਅਦ ਬੈਂਕਾਕ 'ਚ ਤਿੰਨ ਧਮਾਕੇ ਹੋਏ ਅਤੇ ਇਕ ਇਰਾਨੀ ਸਮੇਤ ਪੰਜ ਵਿਅਕਤੀ ਜ਼ਖਮੀ ਹੋ ਗਏ। ਜ਼ਖਮੀ ਇਰਾਨੀ ਨੇ ਇਕ ਬੰਬ ਸੁੱਟਿਆ ਸੀ ਜੋ ਇਕ ਦਰੱਖਤ ਨਾਲ ਟਕਰਾ ਕੇ ਉਸ ਦੇ ਕੋਲ ਆ ਕੇ ਫਟ ਗਿਆ। ਇਸ ਘਟਨਾ 'ਚ ਉਸ ਦੇ ਦੋਵੇਂ ਪੈਰ ਉੱਡ ਗਏ।

ਚੰਡੀਗੜ੍ਹ,-ਕਸ਼ਮੀਰ ਅਤੇ ਪਹਾੜੀ ਇਲਾਕਿਆਂ ਵਿਚ ਬਰਫਬਾਰੀ ਕਾਰਨ ਪੰਜਾਬ ਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਵਿਚ ਠੰਡ ਦਾ ਜ਼ੋਰ ਅਜੇ ਜਾਰੀ ਹੈ। ਅਮ੍ਰਿਤਸਰ ਵਿਚ ਘਟੋ ਘੱਟ ਤਾਪਮਾਨ 1.6 ਡਿਗਰੀ ਦਰਜ ਹੋਇਆ। ਮੌਸਮ ਵਿਭਾਗ ਅਨੁਸਾਰ ਅੰਮ੍ਰਿਤਸਰ ਦੋਨਾਂ ਰਾਜਾਂ ਵਿਚ ਸਭ ਤੋਂ ਵਧ ਠੰਡਾ ਰਿਹਾ ਤੇ ਇਥੇ ਘਟੋ ਘੱਟ ਤਾਪਮਾਨ ਸਧਾਰਨ ਤਾਪਮਾਨ ਨਾਲੋਂ 5 ਡਿਗਰੀ ਹੇਠਾਂ ਰਿਹਾ। ਪਟਿਆਲਾ ਵਿਚ ਘਟੋ ਘੱਟ ਤਾਪਮਾਨ 5.6 ਡਿਗਰੀ ਰਿਹਾ ਜੋ ਸਧਾਰਨ ਤਾਪਮਾਨ ਦੀ ਤੁਲਨਾ ਵਿਚ 4 ਡਿਗਰੀ ਘੱਟ ਹੈ ਜਦ ਕਿ ਲੁਧਿਆਣਾ ਵਿਚ ਘਟੋ ਘੱਟ ਤਾਪਮਾਨ ਆਮ ਤਾਪਮਾਨ ਨਾਲੋਂ 5 ਡਿਗਰੀ ਹੇਠਾਂ ਰਿਹਾ ਤੇ ਇਹ 5 ਡਿਗਰੀ ਸੈਲਸੀਅਸ ਦਰਜ ਹੋਇਆ। ਚੰਡੀਗੜ੍ਹ ਵਿਚ ਘਟੋ ਘੱਟ ਤਾਪਮਾਨ 7.6 ਡਿਗਰੀ ਸੈਲਸੀਅਸ ਰਿਹਾ ਜੋ ਆਮ ਨਾਲੋਂ 1 ਡਿਗਰੀ ਘੱਟ ਹੈ।

ਸ੍ਰੀਨਗਰ-ਇਲਾਕੇ 'ਚ ਤਾਜ਼ਾ ਬਰਫ਼ਬਾਰੀ ਅਤੇ ਮੀਂਹ ਦੇ ਕਾਰਨ ਘੱਟੋ-ਘੱਟ ਤਾਪਮਾਨ ਦੇ ਜੰਮ ਜਾਣ ਵਾਲੇ ਬਿੰਦੂ ਤੋਂ ਕਈ ਡਿਗਰੀ ਹੇਠਾਂ ਚਲੇ ਜਾਣ ਦੇ ਕਾਰਨ ਕਸ਼ਮੀਰ ਇਕ ਵਾਰ ਫੇਰ ਤੋਂ ਠੰਡ ਦੀ ਜਕੜ 'ਚ ਆ ਗਿਆ ਹੈ। ਮੌਸਮ ਵਿਭਾਗ ਦੇ ਦੱਸਿਆ ਕਿ ਸ੍ਰੀਨਗਰ ਸ਼ਹਿਰ 'ਚ ਦੋ ਇੰਚ ਬਰਫ਼ਬਾਰੀ ਅਤੇ 4.6 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ ਜਿਸ ਤੋਂ ਪਾਰਾ ਡਿੱਗ ਕੇ ਸਿਫ਼ਰ ਤੋਂ 1.2 ਡਿਗਰੀ ਹੇਠਾਂ ਚਲਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਉੱਤਰੀ ਕਸ਼ਮੀਰ ਦੇ ਗੁਲਮਰਗ 'ਚ ਤਿੰਨ ਸੈਂਟੀਮੀਟਰ ਤਾਜ਼ਾ ਬਰਫ਼ਬਾਰੀ ਹੋਈ ਹੈ ਜਿਸ ਨਾਲ ਤਾਪਮਾਨ ਡਿੱਗ ਕੇ ਸਿਫ਼ਰ ਤੋਂ 14.6 ਡਿਗਰੀ ਸੈਲਸਿਅਸ ਹੇਠਾਂ ਚਲਾ ਗਿਆ। ਉਨ੍ਹਾਂ ਨੇ ਦੱਸਿਆ ਕਿ ਦੱਖਣੀ ਕਸ਼ਮੀਰ ਦੇ ਪਹਿਲਗਾਮ 'ਚ 17 ਸੈਂਟੀਮੀਟਰ ਬਰਫ਼ਬਾਰੀ ਅਤੇ 46.6 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ।

ਲਖਨਊ, 15 ਫਰਵਰੀ-ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ ਉੱਤਰ ਪ੍ਰਦੇਸ਼ ਦੇ ਸਾਬਕਾ ਪਰਿਵਾਰ ਕਲਿਆਣ ਮੰਤਰੀ ਬਾਬੂ ਸਿੰਘ ਕੁਸ਼ਵਾਹਾ ਦੀ ਤਰਫ ਤੋਂ ਆਪਣਾ ਨਾਂਅ ਬਦਲੇ ਜਾਣ ਵਿਰੁੱਧ ਕਾਰਵਾਈ ਦੇ ਹੁਕਮ ਦੇਣ ਦੀ ਬੇਨਤੀ ਸਬੰਧੀ ਜਨ ਹਿੱਤ ਅਪੀਲ ਨੂੰ ਅੱਜ ਖਾਰਜ ਕਰ ਦਿੱਤਾ। ਜੱਜ ਇਮਤਿਆਜ ਮੁਰਤਜਾ ਅਤੇ ਜੱਜ ਦੇਵੇਂਦਰ ਕੁਮਾਰ ਉਪਾਧਿਆਇ ਦੀ ਬੈਂਚ ਨੇ ਸਭਾਜੀਤ ਸਿੰਘ ਨਾਮਕ ਵਿਅਕਤੀ ਦੀ ਤਰਫ ਤੋਂ ਦਾਖਲ ਇਸ ਅਪੀਲ ਨੂੰ ਇਹ ਕਹਿੰਦੇ ਹੋਏ ਖਾਰਜ ਕਰ ਦਿੱਤਾ ਕਿ ਅਦਾਲਤ ਇਸ ਪੂਰੇ ਨਤੀਜੇ 'ਤੇ ਪਹੁੰਚਦੀ ਹੈ ਕਿ ਮੌਜੂਦਾ ਅਪੀਲ ਵਿਆਪਕ ਜਨ ਹਿੱਤ ਦਾ ਕੋਈ ਅਜਿਹਾ ਸਵਾਲ ਨਹੀਂ ਉਠਾਉਂਦੀ ਹੈ ਜਿਸ ਨਾਲ ਅਦਾਲਤ ਦੇ ਦਖਲ ਦੀ ਜ਼ਰੂਰਤ ਹੋਵੇ।
ਮਾਮਲਾ ਪ੍ਰੇਮੀ ਲਿੱਲੀ ਕਤਲ ਕਾਂਡ ਦਾ
ਖਾੜਕੂ ਭੂਤਨਾ, ਭਾਈ ਬਿੱਟੂ ਤੇ ਹੋਰਨਾਂ ਦੀ ਪੇਸ਼ੀ ਹੁਣ 9 ਨੂੰ

ਮਾਨਸਾ- 15 ਫਰਵਰੀ ਸਥਾਨਕ ਅਦਾਲਤ ਨੇ ਡੇਰਾ ਸਿਰਸਾ ਪ੍ਰੇਮੀ ਲਿੱਲੀ ਕੁਮਾਰ ਕਤਲ ਕਾਂਡ 'ਚ ਬੱਬਰ ਖ਼ਾਲਸਾ ਦੇ ਖਾੜਕੂ ਭਾਈ ਬਲਵੀਰ ਸਿੰਘ ਭੂਤਨਾ, ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਪ੍ਰਧਾਨ ਦਲਜੀਤ ਸਿੰਘ ਬਿੱਟੂ ਸਮੇਤ ਹੋਰ ਸਿੱਖ ਨੌਜਵਾਨਾਂ ਦੀ ਮੁੜ ਪੇਸ਼ੀ 9 ਮਾਰਚ 'ਤੇ ਪਾ ਦਿੱਤੀ ਹੈ।
ਉਪਰੋਕਤ ਤੋਂ ਇਲਾਵਾ ਸਿੱਖ ਨੌਜਵਾਨ ਗਮਦੂਰ ਸਿੰਘ ਝੰਡੂਕੇ, ਰਾਜਪਾਲ ਸਿੰਘ ਕੋਟਧਰਮੂ, ਮੱਖਣ ਸਿੰਘ ਸਮਾਉਂ, ਗੁਰਵੀਰ ਸਿੰਘ, ਅੰਮ੍ਰਿਤਪਾਲ ਸਿੰਘ ਕੋਟਧਰਮੂ, ਕਰਨ ਸਿੰਘ ਝੰਡੂਕੇ, ਗੁਰਦੀਪ ਸਿੰਘ ਰਾਜੂ ਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਮਨਧੀਰ ਸਿੰਘ ਆਦਿ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਵਧੀਕ ਸੈਸ਼ਨ ਜੱਜ ਬਲਦੇਵ ਸਿੰਘ ਸੋਢੀ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਕੇਸ ਗਵਾਹੀਆਂ 'ਤੇ ਲੱਗਿਆ ਹੋਇਆ ਹੈ ਪ੍ਰੰਤੂ ਮੁੱਖ ਗਵਾਹ ਤੇ ਮ੍ਰਿਤਕ ਦੇ ਭਰਾ ਬਲੀ ਕੁਮਾਰ ਸਮੇਤ ਹੋਰ ਹਾਜ਼ਰ ਨਹੀਂ ਹੋਏ। ਅੱਜ ਮਾਣਯੋਗ ਅਦਾਲਤ ਨੇ ਜ਼ਿਲ੍ਹਾ ਪੁਲਿਸ ਮੁਖੀ ਤੇ ਪੈਰਵਾਈ ਅਫ਼ਸਰ ਨੂੰ ਸਖ਼ਤੀ ਨਾਲ ਹਦਾਇਤ ਕੀਤੀ ਕਿ ਉਹ ਅਗਲੀ ਪੇਸ਼ੀ 'ਤੇ ਸਾਰੇ ਗਵਾਹਾਂ ਨੂੰ ਹਰ ਹਾਲਤ 'ਚ ਪੇਸ਼ ਕਰਨ।
ਇਸ ਮਾਮਲੇ 'ਚ ਦਲਜੀਤ ਸਿੰਘ ਟੈਣੀ, ਡਾ. ਛਿੰਦਾ ਤੇ ਮਿੱਠੂ ਸਿੰਘ ਆਲਮਪੁਰ ਮੰਦਰਾਂ ਨੂੰ ਵੀ ਵੱਖਰੇ ਤੌਰ 'ਤੇ ਪੇਸ਼ ਕੀਤਾ ਗਿਆ। ਸਿੱਖ ਨੌਜਵਾਨਾਂ ਦੀ ਤਰਫ਼ੋਂ ਪੇਸ਼ ਹੋਏ ਵਕੀਲ ਅਜੀਤ ਸਿੰਘ ਭੰਗੂ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਜਾਣ ਬੁੱਝ ਕੇ ਕੇਸ ਨੂੰ ਲਟਕਾ ਰਿਹਾ ਹੈ ਤੇ ਬਿਨਾਂ ਕਿਸੇ ਕਾਰਨ ਗਵਾਹ ਪੇਸ਼ ਨਹੀਂ ਕੀਤੇ ਜਾ ਰਹੇ। ਉਨ੍ਹਾਂ ਦੱਸਿਆ ਕਿ ਅਗਲੀ ਪੇਸ਼ੀ 'ਤੇ ਕੇਸ ਦਾ ਨਿਪਟਾਰਾ ਹੋਣ ਦੀ ਸੰਭਾਵਨਾ ਹੈ। ਪੇਸ਼ੀ ਮੌਕੇ ਏਕਨੂਰ ਖ਼ਾਲਸਾ ਫ਼ੌਜ ਦੇ ਮੁਖੀ ਭਾਈ ਬਲਜਿੰਦਰ ਸਿੰਘ ਖ਼ਾਲਸਾ, ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਤੇ ਹੋਰ ਆਗੂ ਹਾਜ਼ਰ ਸਨ। 

ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੇ ਮਾਮਲੇ 'ਚ
ਸਿੱਖ ਸੰਗਤਾਂ ਨੇ ਡੱਬਵਾਲੀ ਸਦਰ ਥਾਣਾ ਘੇਰਿਆ


ਡੱਬਵਾਲੀ. - 15 ਫਰਵਰੀ ૿ ਤੇਜਾ ਖੇੜਾ ਮਾਈਨਰ 'ਚ ਕੱਲ੍ਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਚਾਰ ਬੀੜਾਂ ਮਿਲਣ ਦੇ ਮਾਮਲੇ 'ਚ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਤੋਂ ਪੁੱਛਗਿਛ ਨਾ ਕੀਤੇ ਜਾਣ ਕਾਰਨ ਭੜਕੀ ਸਿੱਖ ਸੰਗਤ ਨੇ ਅੱਜ ਦੇਰ ਸ਼ਾਮ ਡੱਬਵਾਲੀ ਪਿੰਡ ਸਦਰ ਥਾਣੇ ਦਾ ਘਿਰਾਓ ਕਰਕੇ ਧਰਨਾ ਦਿੱਤਾ। ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਧਰਨੇ 'ਤੇ ਬੈਠੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਦੇ ਵੱਡੀ ਗਿਣਤੀ ਕਾਰਕੁੰਨ ਪੁਲਿਸ ਵੱਲੋਂ ਰਾਜਸਥਾਨ ਦੇ ਕਸਬੇ ਪੀਲੀਬੰਗਾ ਤੋਂ ਗ੍ਰਿਫ਼ਤਾਰ ਕੀਤੇ ਮੁਲਜ਼ਮ ਸਾਧ ਸੂਰਜਮਣੀ ਤੋਂ ਖੁਦ ਪੁੱਛਗਿਛ ਕਰਨ ਦੀ ਮੰਗ ਨੂੰ ਲੈ ਕੇ ਥਾਣਾ ਦੀ ਇਮਾਰਤ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਲੱਗੇ।
ਥਾਣਾ ਮੁਖੀ ਦਲੀਪ ਸਿੰਘ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਦੇ ਸੂਬਾ ਪ੍ਰਧਾਨ ਭਾਈ ਸੁਖਵਿੰਦਰ ਸਿੰਘ ਖਾਲਸਾ ਨੇ ਭਾਰੀ ਮਸ਼ੱਕਤ ਉਪਰੰਤ ਰੋਹ 'ਚ ਆਈ ਸਿੱਖ ਸੰਗਤ ਨੂੰ ਸ਼ਾਂਤ ਕੀਤਾ। ਕਰੀਬ ਇੱਕ ਘੰਟੇ ਤੱਕ ਇਸ ਮਾਮਲੇ ਨੂੰ ਲੈ ਕੇ ਸਦਰ ਥਾਣਾ ਦੇ ਮਾਹੌਲ ਭਖਿਆ ਰਿਹਾ। ਇਸੇ ਦੌਰਾਨ ਡੱਬਵਾਲੀ ਦੇ ਡੀ.ਐਸ.ਪੀ. ਬਾਬੂ ਲਾਲ ਨੇ ਥਾਣਾ ਸਦਰ ਪਹੁੰਚ ਕੇ ਸਿੱਖ ਸੰਗਠਨਾਂ ਦੇ ਆਗੂਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀ ਪੰਜ ਮੈਂਬਰੀ ਕਮੇਟੀ ਦੇ ਸਾਹਮਣੇ ਮੁਲਜ਼ਮ ਤੋਂ ਪੁੱਛਗਿੱਛ ਕੀਤੇ ਜਾਣ ਦਾ ਭਰੋਸਾ ਕਰਕੇ ਉਨ੍ਹਾਂ ਨੂੰ ਸ਼ਾਂਤ ਕੀਤਾ। ਤਣਾਅ ਦੇ ਮੱਦੇਨਜ਼ਰ ਨੇੜਲੇ ਥਾਣਿਆਂ ਤੋਂ ਵੀ ਪੁਲਿਸ ਨੂੰ ਬੁਲਾਉਣਾ ਪਿਆ।
ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਦੇ ਸੂਬਾ ਪ੍ਰਧਾਨ ਭਾਈ ਸੁਖਵਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਮਾਈਨਰ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਸੁੱਟ ਕੇ ਬੇਅਦਬੀ ਕੀਤੇ ਜਾਣ ਦੀ ਘਟਨਾ ਕਾਰਨ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ। ਉਨ੍ਹਾਂ ਦੱਸਿਆ ਕਿ ਕੱਲ੍ਹ ਰਾਤ ਨੂੰ ਹੀ ਇਸ ਮਾਮਲੇ 'ਚ ਕੜੀ ਜੋੜਦੇ ਹੋਏ ਪੁਲਿਸ ਵੱਲੋਂ ਰਾਜਸਥਾਨ ਦੇ ਪੀਲੀਬੰਗਾਂ ਕਸਬੇ ਦੇ ਇਕ ਸਾਧੂ ਸੂਰਜਮਨੀ ਨੂੰ ਗ੍ਰਿਫ਼ਤਾਰ ਕੀਤੇ 24 ਘੰਟੇ ਬੀਤਣ ਵਾਲੇ ਹਨ, ਪਰ ਪੁਲਿਸ ਨੇ ਨਾ ਤਾਂ ਉਸਦਾ ਰਿਮਾਂਡ ਲਿਆ ਹੈ ਤੇ ਨਾ ਹੀ ਉਸ ਤੋਂ ਪੁੱਛਗਿੱਛ ਕਰਕੇ ਇਸ ਘਟਨਾ ਦੇ ਪਿੱਛੇ ਦਾ ਮਕਸਦ ਤੇ ਇਸ 'ਚ ਸ਼ਾਮਿਲ ਹੋਰ ਦੋਸ਼ੀਆਂ ਦਾ ਖੁਲਾਸਾ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਡੀ.ਐਸ.ਪੀ. ਬਾਬੂ ਲਾਲ ਨਾਲ ਗੱਲਬਾਤ ਤੋਂ ਬਾਅਦ ਬਾਬਾ ਅਮਰੀਕ ਸਿੰਘ ਅਜਨਾਲਾ, ਅਮਰਜੀਤ ਸਿੰਘ ਕਨਕਕਾਲ, ਬਾਬਾ ਗੁਰਮੀਤ ਸਿੰਘ ਤ੍ਰਿਲੋਕੇਵਾਲਾ ਮੈਂਬਰ ਸ਼੍ਰੋਮਣੀ ਕਮੇਟੀ, ਸੁਖਵਿੰਦਰ ਸਿੰਘ ਖਾਲਸਾ ਤੇ ਬਾਬਾ ਪ੍ਰੇਮ ਸਿੰਘ ਜੋਗੇਵਾਲਾ 'ਤੇ ਆਧਾਰਿਤ ਪੰਜ ਮੈਂਬਰੀ ਬਣਾਈ ਗਈ ਕਮੇਟੀ ਦੇ ਸਾਹਮਣੇ ਪੁਲਿਸ ਮੁਲਜਮ ਤੋਂ ਪੁੱਛਗਿੱਛ ਕਰੇਗੀ। ਥਾਣਾ ਸਦਰ ਦੇ ਮੁਖੀ ਦਲੀਪ ਸਿੰਘ ਨੇ ਦੱਸਿਆ ਕਿ ਸਾਧੂ ਸੂਰਜਮਣੀ ਡੇਰੇ ਤੋਂ ਗੁਰੂ ਗ੍ਰੰਥ ਸਾਹਿਬ ਦੀਆਂ ਚਾਰ ਬੀੜਾਂ ਚੋਰੀ ਹੋਣ ਦੀ ਗੱਲ ਕਹਿ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਸਾਧੂ ਸੂਰਜਮਣੀ ਤੋਂ ਪੁੱਛਗਿੱਛ ਤੋਂ ਬਾਅਦ ਹੀ ਇਸ ਪੂਰੀ ਘਟਨਾ ਤੋਂ ਪਰਦਾ ਉੱਠ ਸਕੇਗਾ। ਸਦਰ ਪੁਲਿਸ ਨੇ ਇਸ ਮਾਮਲੇ 'ਚ ਅਣਪਛਾਤੇ ਵਿਅਕਤੀਆਂ ਖਿਲਾਫ਼ ਧਾਰਾ 153 ਤੇ 295 ਦੇ ਤਹਿਤ ਮਾਮਲਾ ਦਰਜ ਕਰ ਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ। 

ਪੰਜ ਸਿੰਘਾਂ ਦਾ ਦੂਸਰਾ ਜਥਾ ਪੁੱਜਾ ਯੂਨੀਵਰਸਿਟੀ

ਫ਼ਤਹਿਗੜ੍ਹ ਸਾਹਿਬ- 15 ਫਰਵਰੀ ૿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਅਹੁਦੇ 'ਤੇ ਡਾ: ਜਸਵੀਰ ਸਿੰਘ ਆਹਲੂਵਾਲੀਆ ਦੀ ਕੀਤੀ ਗਈ ਨਿਯੁਕਤੀ ਵਿਰੁੱਧ 14 ਫਰਵਰੀ ਤੋਂ ਰੋਜ਼ਾਨਾ ਸ਼੍ਰੀ ਦਰਬਾਰ ਸਾਹਿਬ ਫ਼ਤਹਿਗੜ੍ਹ ਸਾਹਿਬ ਤੋਂ ਅਰਦਾਸ ਕਰਕੇ ਭੇਜੇ ਜਾ ਰਹੇ ਪੰਜ ਸਿੰਘਾਂ ਦੇ ਜਥੇ ਦੇ ਪ੍ਰੋਗਰਾਮ ਦੇ ਦੂਸਰੇ ਦਿਨ ਵੀ ਸ: ਮਾਨ ਨੇ ਖ਼ੁਦ ਅਰਦਾਸ ਕਰਕੇ ਸ਼ਿੰਗਾਰਾ ਸਿੰਘ ਬੱਡਲਾ ਜ਼ਿਲ੍ਹਾ ਪ੍ਰਧਾਨ ਫ਼ਤਹਿਗੜ੍ਹ ਸਾਹਿਬ ਦੀ ਅਗਵਾਈ ਹੇਠ ਜਥੇ ਨੂੰ ਜੈਕਾਰਿਆਂ ਦੇ ਰੂਪ 'ਚ ਜਾਪ ਕਰਦੇ ਹੋਏ ਯੂਨੀਵਰਸਿਟੀ ਵੱਲ ਤੋਰਿਆ।
ਇਸ ਜਥੇ 'ਚ ਦੂਸਰੇ ਮੈਂਬਰ ਤਰਸੇਮ ਸਿੰਘ, ਲਖਵੀਰ ਸਿੰਘ, ਚਰਨਜੀਤ ਸਿੰਘ ਤੇ ਗੁਰਚਰਨ ਸਿੰਘ ਸਾਰੇ ਹੀ ਬਡਲਾ ਪਿੰਡ ਦੇ ਨਿਵਾਸੀ ਤੇ ਪਾਰਟੀ ਦੇ ਸਰਗਰਮ ਮੈਂਬਰ ਹਨ। ਪ੍ਰਭਾਵਸ਼ਾਲੀ ਅਤੇ ਦਿਲਚਸਪ ਗੱਲ ਇਹ ਹੈ ਕਿ ਪੰਜਾਂ ਸਿੰਘਾਂ ਦੇ ਹੱਥਾਂ 'ਚ ''ਆਹਲੂਵਾਲੀਆ ਹਟਾਓ ਪੰਥ ਦੀ ਇੱਜ਼ਤ ਬਚਾਓ", ਦੇ ਮਾਟੋ ਫੜੀ ਇਹ ਪੰਜੇ ਸਿੰਘ ਰੋਸ ਮਾਰਚ ਦੀ ਅਗਵਾਈ ਕਰ ਰਹੇ ਸਨ ਤੇ ਉਨ੍ਹਾਂ ਦੇ ਪਿੱਛੇ ਸਿਮਰਨਜੀਤ ਸਿੰਘ ਮਾਨ, ਇਕਬਾਲ ਸਿੰਘ ਟਿਵਾਣਾ, ਪ੍ਰੋ: ਮਹਿੰਦਰਪਾਲ ਸਿੰਘ, ਰਣਦੇਵ ਸਿੰਘ ਦੇਬੀ, ਜੋਗਿੰਦਰ ਸਿੰਘ ਸੈਪਲੀ ਆਦਿ ਸੀਨੀਅਰ ਆਗੂਆਂ ਨਾਲ ਵੱਡੀ ਗਿਣਤੀ 'ਚ ਵਰਕਰ ਜਾਪ ਕਰਦੇ ਹੋਏ ਯੂਨੀਵਰਸਿਟੀ ਵੱਲ ਅਮਨਮਈ ਤਰੀਕੇ ਨਾਲ ਵੱਧ ਰਹੇ ਸਨ। ਯੂਨੀਵਰਸਿਟੀ ਦੇ ਗੇਟ 'ਤੇ ਇਕੱਤਰ ਹੋਏ ਪਾਰਟੀ ਹਮਦਰਦਾਂ ਦੇ ਇਕੱਠ ਨੂੰ ਇਕਬਾਲ ਸਿੰਘ ਟਿਵਾਣਾ ਸਿਆਸੀ ਤੇ ਮੀਡੀਆ ਸਲਾਹਕਾਰ ਤੇ ਮੁੱਖ ਬੁਲਾਰਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੰਬੋਧਨ ਕੀਤਾ।
ਅੱਜ ਦੇ ਇਕੱਠ 'ਚ ਉਪਰੋਕਤ ਆਗੂਆਂ ਤੋਂ ਇਲਾਵਾ ਜੋਗਿੰਦਰ ਸਿੰਘ ਸੈਪਲੀ, ਰਣਦੇਵ ਸਿੰਘ ਦੇਬੀ, ਬਲਜਿੰਦਰ ਸਿੰਘ, ਧਰਮ ਸਿੰਘ ਕਲੌੜ, ਰਣਜੀਤ ਸਿੰਘ ਸੰਤੋਖਗੜ੍ਹ, ਸੁਰਿੰਦਰ ਸਿੰਘ ਬੋਰਾਂ, ਕੁਲਦੀਪ ਸਿੰਘ ਦਭਾਲੀ, ਗੁਰਮੁੱਖ ਸਿੰਘ ਸੋਸਪੁਰ, ਕਿਰਪਾਲ ਸਿੰਘ ਖਮਾਣੋਂ, ਲਖਵਿੰਦਰ ਸਿੰਘ ਗੋਪਾਲੋ ਕੋਟਲਾ ਆਦਿ ਆਗੂ ਹਾਜ਼ਰ ਸਨ।


ਪਾਵਨ ਸਰੂਪ ਨਹਿਰ 'ਚ ਸੁੱਟਣ ਦਾ ਤਖ਼ਤ ਸ੍ਰੀ
ਦਮਦਮਾ ਸਾਹਿਬ ਨੇ ਲਿਆ ਗੰਭੀਰ ਨੋਟਿਸ
ਤਲਵੰਡੀ ਸਾਬੋ- 15 ਫਰਵਰੀ ૿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਪਾਵਨ ਸਰੂਪ ਜੋ ਸਿਰਫਿਰੇ ਵਿਅਕਤੀਆਂ ਵਲੋਂ ਨਹਿਰ 'ਚ ਸੁੱਟ ਕੇ ਘੋਰ ਅਪਰਾਧ ਕੀਤਾ ਹੈ, ਦੀ ਮੰਦਭਾਗੀ ਘਟਨਾ ਦਾ ਤਖ਼ਤ ਸ੍ਰੀ ਦਮਦਮਾ ਸਾਹਿਬ ਨੇ ਗੰਭੀਰ ਨੋਟਿਸ ਲੈਦਿਆਂ ਜਿਥੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਸਬੰਧਤ ਸਰਕਾਰਾਂ ਤੋਂ ਕੀਤੀ ਜਾ ਰਹੀ ਹੈ ਉਥੇ ਬੇ-ਅਦਬ ਕੀਤੇ ਸਰੂਪਾਂ ਦੀ ਸਾਂਭ ਸੰਭਾਲ ਲਈ ਸਿੰਘ ਸਾਹਿਬ ਤੇ ਹੋਰ ਪੰਥਕ ਜਥੇਬੰਦੀਆਂ ਦੇ ਆਗੂ ਹਰਿਆਣਾ ਵਿਖੇ ਸਿੱਖਾਂ ਦੀ ਢਾਣੀ ਵਿਖੇ ਠਹਿਰ ਕੇ ਸਮੁੱਚੀ ਕਾਰਵਾਈ ਨੂੰ ਅੰਜਾਮ ਦੇਣ ਵਿਚ ਰੁੱਝੇ ਹੋਏ ਹਨ ਜਦਕਿ ਸਿਰਸਾ ਹਰਿਆਣਾ ਦੀ ਪੁਲਿਸ ਨੇ ਕਾਰਾ ਕਰਨ ਵਾਲੇ ਕਥਿਤ ਮੁਜ਼ਰਮ ਸੂਰਜ ਮਨੀ ਨੂੰ ਗ੍ਰਿਫ਼ਤਾਰ ਕਰਕੇ ਉਸ ਖਿਲਾਫ਼ ਵੱਖ-ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ।
ਸਿੰਘ ਸਾਹਿਬ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੇ ਕਿਹਾ ਕਿ ਬਹੁਤੇ ਡੇਰਾਵਾਦੀ ਲੋਕ ਜਿਨ੍ਹਾਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਉਕਾ ਹੀ ਲਗਾਓ ਜਾਂ ਸਬੰਧ ਨਹੀਂ ਹੁੰਦਾ ਆਪਣੇ ਡੇਰਿਆਂ ਅੰਦਰ ਪਾਵਨ ਸਰੂਪ ਰੱਖ ਕੇ ਉਨ੍ਹਾਂ ਦੀ ਬੇ-ਅਦਬੀ ਕੀਤੀ ਜਾ ਰਹੀ ਹੈ ਜੋਕਿ ਬਹੁਤ ਹੀ ਮੰਦਭਾਗਾ ਰੁਝਾਨ ਹੈ ਉਨ੍ਹਾਂ ਕਿਹਾ ਕਿ ਉਕਤ ਘਟਨਾ ਨੂੰ ਅੰਜਾਮ ਦੇਣ ਵਾਲਾ ਵੀ ਇਕ ਅਪਰਾਧੀ ਕਿਸਮ ਦਾ ਸਾਧ ਸੂਰਜ ਮੁਨੀ ਹੈ।
ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਹਰਿਆਣਾ ਨਾਲ ਸਬੰਧਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ, ਭਾਈ ਭਰਪੂਰ ਸਿੰਘ, ਭਾਈ ਬਲਜਿੰਦਰ ਸਿੰਘ, ਭਾਈ ਸੁਖਵਿੰਦਰ ਸਿੰਘ, ਭਾਈ ਜਸਵੀਰ ਸਿੰਘ, ਦਮਦਮੀ ਟਕਸਾਲ ਤੇ ਭਾਈ ਅਮਰਜੀਤ ਸਿੰਘ ਤੇ ਹੋਰ ਪੰਥਕ ਆਗੂ ਪੂਰਨ ਸਹਿਯੋਗ ਦੇ ਰਹੇ ਹਨ। 

ਵਿਸ਼ਵ ਪੰਜਾਬੀ ਕਾਨਫਰੰਸ ਸਫ਼ਲਤਾ ਪੂਰਵਕ ਸਮਾਪਤ
ਇੰਦੌਰ ਨਾਲ ਪੰਜਾਬੀ ਯੂਨੀਵਰਸਿਟੀ ਦੀ ਰਿਸ਼ਤੇਦਾਰੀ
ਹੋਰ ਮਜ਼ਬੂਤ ਹੋਵੇਗੀ : ਡਾ: ਜਸਪਾਲ ਸਿੰਘ





ਇੰਦੌਰ, 15 ਫਰਵਰੀ-ਪੰਜਾਬ ਤੋਂ ਬਾਹਰ ਬੈਠੇ ਪੰਜਾਬੀਆਂ ਨੂੰ ਆਪਣੀ ਅਮੀਰ ਵਿਰਾਸਤ ਤੋਂ ਜਾਣੂ ਕਰਵਾਉਣ ਲਈ ਸਥਾਨਕ ਪੰਜਾਬੀ ਸਭਾ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਇੰਦੌਰ ਵਿਖੇ ਪਹਿਲੀ ਵਾਰ ਪੰਜਾਬੀ ਕਾਨਫਰੰਸ ਸਫਲਤਾ ਪੂਰਵਕ ਸੱਭਿਆਚਾਰਕ ਪ੍ਰੋਗਰਾਮ ਦੇ ਨਾਲ ਸਮਾਪਤ ਹੋਈ, ਜਿਸ ਵਿਚ ਪਟਿਆਲਾ ਤੋਂ ਆਏ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਜਸਪਾਲ ਸਿੰਘ, ਡਾ: ਜੋਧ ਸਿੰਘ ਸਹਿਤ ਕਈ ਵਿਦਵਾਨ ਤੇ ਸੱਭਿਆਚਾਰਕ ਟੀਮ ਦੇ ਮੈਂਬਰਾਂ ਦੀ ਹੌਂਸਲਾ ਅਫਜਾਈ ਨਾਲ ਇਥੇ ਇਕ ਨਿਵਕੇਲੇ ਅਧਿਆਏ ਦੀ ਸ਼ੁਰੂਆਤ ਹੋਈ। ਕਾਨਫਰੰਸ ਦਾ ਉਦਘਾਟਨ ਮੱਧ ਪ੍ਰਦੇਸ਼ ਦੇ ਵਣ ਮੰਤਰੀ ਸ: ਸਰਤਾਰ ਸਿੰਘ ਨੇ ਕੀਤਾ, ਪਦਮ ਭੂਸ਼ਣ ਡਾ: ਪ੍ਰਿਥੀਪਾਲ ਸਿੰਘ ਮੈਨੀ ਮੁੱਖ ਮਹਿਮਾਨ ਦੇ ਤੌਰ 'ਤੇ ਹਾਜ਼ਰ ਸਨ। ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਜਸਪਾਲ ਸਿੰਘ, ਦੇਵੀ ਅਹਿਲੀਆ ਯੂਨੀਵਰਸਿਟੀ ਦੇ ਵੀ. ਸੀ. ਡਾ: ਰਾਜਕਮਲ, ਮੱਧ ਪ੍ਰਦੇਸ਼ ਘੱਟ-ਗਿਣਤੀ ਦੇ ਮੈਂਬਰ ਸ: ਤ੍ਰਿਲੋਚਨ ਸਿੰਘ ਵਾਸੂ ਤੇ ਮੱਧ ਪ੍ਰਦੇਸ਼ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਸ: ਗੁਰਦੀਪ ਸਿੰਘ ਭਾਟੀਆ ਹਾਜ਼ਰ ਸਨ। ਉਦਘਾਟਨੀ ਸੈਸ਼ਨ ਗੁਰੂ ਨਾਨਕ ਦੇਵ ਜੀ ਦੀ ਉਚਾਰਣ ਕੀਤੀ ਆਰਤੀ ਨਾਲ ਕੀਤਾ ਗਿਆ ਜਿਸ ਦੀ ਵਿਆਖਿਆ ਸ: ਮਨਮੋਹਨ ਸਿੰਘ ਟੁਟੇਜਾ ਨੇ ਕੀਤੀ। ਸਭ ਤੋਂ ਪਹਿਲਾਂ ਯੂਨੀਵਰਸਿਟੀ ਦੀ ਧੁਨੀ (ਥੀਮ ਸ਼ਬਦ ਵਿਦਿਆ ਵੀਚਾਰੀ...) ਪੇਸ਼ ਕੀਤੀ ਗਈ। ਮਹਿਮਾਨਾਂ ਦੇ ਰਸਮੀ ਸਵਾਗਤ ਤੋਂ ਬਾਅਦ ਡਾ: ਸਤੀਸ਼ ਕੁਮਾਰ ਵਰਮਾ (ਡਾਇਰੈਕਟਰ, ਯੁਵਕ ਭਲਾਈ ਪੰਜਾਬੀ ਯੂਨੀਵਰਸਿਟੀ ਪਟਿਆਲਾ) ਨੇ ਪੰਜਾਬ ਤੋਂ ਬਾਹਰਲੇ ਪ੍ਰਾਂਤਾਂ ਵਿਚ ਪੰਜਾਬੀ ਭਾਸ਼ਾ ਦਾ ਅਧਿਐਨ ਤੇ ਅਧਿਆਪਨ ਵਿਸ਼ੇ 'ਤੇ ਕੁੰਜੀਬੱਧ ਭਾਸ਼ਣ ਦਿੱਤਾ ਜੋ ਕਿ ਬਹੁਤ ਹੀ ਪ੍ਰਭਾਵਸ਼ਾਲੀ ਰਿਹਾ। ਡਾ: ਵਰਮਾ ਨੇ ਇਹ ਗੱਲ ਜ਼ੋਰ ਦੇ ਕੇ ਕਹੀ ਕਿ ਹੋਰ ਭਾਸ਼ਾਵਾਂ ਮਾਸੀਆਂ ਤਾਂ ਹੋ ਸਕਦੀਆਂ ਹਨ ਪਰ ਮਾਂ ਭਾਸ਼ਾ ਸਿਰਫ ਪੰਜਾਬੀ ਭਾਸ਼ਾ ਹੀ ਹੈ, ਇਸ ਤੋਂ ਮੁਨਕਰ ਨਹੀਂ ਹੋਇਆ ਜਾਣਾ ਚਾਹੀਦਾ ਹੈ। ਇਸ ਮੌਕੇ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਸੋਵੀਨਰ ਵੀ ਰਿਲੀਜ਼ ਕੀਤਾ ਗਿਆ। ਪੰਜਾਬ ਤੋਂ ਬਾਹਰ ਪੰਜਾਬੀਅਤ ਲਈ ਯੋਗਦਾਨ ਪਾਉਣ ਬਦਲੇ ਡਾ: ਚਰਨਜੀਤ ਸਿੰਘ ਚੱਢਾ, ਸ੍ਰੀਮਤੀ ਵੀਨਾ ਸਾਹਨੀ, ਸ੍ਰੀ ਪ੍ਰੀਤਮ ਲਾਲ ਦੂਆ ਤੇ ਸ: ਈਸ਼ਰ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ। ਦੁਪਹਿਰ ਵਾਲੇ ਸੈਸ਼ਨ ਦੇ ਦੌਰਾਨ ਡਾ: ਜੋਧ ਸਿੰਘ ਨੇ ਕਿਹਾ ਕਿ ਵੇਦਾਂ ਵਿਚ ਦਿੱਤੇ ਗਏ ਮੰਤਰਾਂ ਦੀ ਵਿਆਖਿਆ, ਪੰਡਿਤਾਂ ਵੱਲੋਂ ਗਲਤ ਕੀਤੀ ਗਈ ਹੈ, ਜਿਸ ਨਾਲ ਜਾਤ-ਪਾਤ ਦਾ ਝਗੜਾ ਵਧਿਆ ਹੈ।
ਇਸ ਕਾਨਫਰੰਸ ਵਿਚ ਪੰਜਾਬ ਦਾ ਪੂਰਾ ਇਤਿਹਾਸ, ਵਿਸ਼ਵ ਭਰ ਵਿਚ ਪੰਜਾਬੀਆਂ ਵੱਲੋਂ ਮਾਰੀਆਂ ਗਈਆਂ ਮੱਲ੍ਹਾਂ ਤੇ ਵੱਖ-ਵੱਖ ਖੇਤਰਾਂ ਦੇ ਪ੍ਰਸਿੱਧ ਪੰਜਾਬੀਆਂ ਬਾਰੇ ਇਕ ਪ੍ਰਦਰਸ਼ਨੀ ਵੀ ਲਾਈ ਗਈ ਸੀ। 44 ਮੈਂਬਰਾਂ ਦੀ ਭੰਗੜਾ/ਗਿੱਧਾ ਟੀਮ ਜੋ ਵਿਸ਼ੇਸ਼ ਤੌਰ 'ਤੇ ਪਟਿਆਲੇ ਤੋਂ ਆਈ ਸੀ, ਵੱਲੋਂ ਸ਼ਮਸ਼ੇਰ ਕੌਰ ਚਹਿਲ ਤੇ ਬਲਕਰਨ ਦੇ ਨਿਰਦੇਸ਼ਨ ਵਿਚ ਮਨ ਟੁੰਬਵਾਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਉਨ੍ਹਾਂ ਨੇ ਪੁਰਾਤਨ ਲੋਕ ਗੀਤ, ਲੋਕ ਧਾਰਾ, ਲੋਕ ਸਾਜ਼ਾਂ ਰਾਹੀਂ ਲੋਕ ਨਾਚਾਂ ਦੀਆਂ ਕਈ ਵੰਨਗੀਆਂ ਜਿਵੇਂ ਮਲਵਈ ਗਿੱਧਾ, ਝੂਮਰ, ਕਿਕਲੀ ਪੇਸ਼ ਕਰਕੇ ਖੂਬ ਵਾਹ-ਵਾਹ ਲੁੱਟੀ। ਆਪਣੇ ਸੰਬੋਧਨ ਵਿਚ ਵੀ. ਸੀ. ਡਾ: ਜਸਪਾਲ ਸਿੰਘ ਨੇ ਕਿਹਾ ਕਿ ਦੁਨੀਆ ਵਿਚ ਭਾਸ਼ਾ ਦੇ ਨਾਂਅ 'ਤੇ ਸਿਰਫ ਦੋ ਹੀ ਯੂਨੀਵਰਸਿਟੀਆਂ ਹਨ ਇਕ ਹੀਥਰੋ ਯੂਨੀਵਰਸਿਟੀ ਇਜਰਾਈਲ ਦੀ ਤੇ ਦੂਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ। ਇਥੋਂ ਦੇ ਪੰਜਾਬੀਆਂ ਦਾ ਪ੍ਰੇਮ ਦੇਖ ਕੇ ਸਾਡੀ ਪੂਰੀ ਟੀਮ ਨੂੰ ਬੜਾ ਵਧਿਆ ਨਵਾਂ ਅਨੁਭਵ ਪ੍ਰਾਪਤ ਹੋਇਆ ਹੈ। ਇਸ ਕਾਨਫਰੰਸ ਰਾਹੀਂ ਅਸੀਂ ਇਥੇ ਰਿਸ਼ਤੇਦਾਰੀ ਪਾ ਚੱਲੇ ਹਾਂ, ਆਸ ਹੈ ਇੰਦੌਰ ਵਾਲੇ ਖਰੇ ਉਤਰਨਗੇ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾ: ਜੋਗਾ ਸਿੰਘ, ਡਾ: ਰਜਿੰਦਰ ਪਾਲ ਸਿੰਘ ਬਰਾੜ, ਡਾ: ਦਵਿੰਦਰ ਸਿੰਘ, ਡਾ: ਦੀਪਕ ਮਨਮੋਹਨ ਸਿੰਘ, ਡਾ: ਪਰਮਵੀਰ ਸਿੰਘ, ਸ: ਰਜਿੰਦਰ ਸਿੰਘ ਚਹਿਲ ਤੇ ਡਾ: ਬਲਦੇਵ ਸਿੰਘ ਚੀਮਾ ਨੇ ਵੱਖ-ਵੱਖ ਚਰਚਾਵਾਂ ਰਾਹੀਂ ੰਪੰਜਾਬੀ ਭਾਸ਼ਾ ਤੇ ਸਾਹਿਤ ਨੂੰ ਅਪਨਾਉਣ 'ਤੇ ਜ਼ੋਰ ਦਿੱਤਾ। ਸਟੇਜ ਦਾ ਸੰਚਾਲਨ ਡਾ: ਜੋਧ ਸਿੰਘ ਨੇ ਕੀਤਾ ਤੇ ਕਾਨਫਰੰਸ ਦੇ ਕਨਵੀਨਰ ਸ: ਅਜੀਤ ਸ਼ੇਰ ਇੰਦਰ ਸਿੰਘ ਪਾਲ ਨੇ ਸਾਰਿਆਂ ਦਾ ਧੰਨਵਾਦ ਕੀਤਾ।


ਨੇਕ-ਚਲਨੀ 'ਤੇ ਰਿਹਾਅ ਹੋਏ ਪੁਲਿਸ ਅਫ਼ਸਰਾਂ
ਵਿਰੁੱਧ ਕਾਰਵਾਈ ਦੇ ਹੁਕਮ
ਚੰਡੀਗੜ੍ਹ, 15 ਫਰਵਰੀ -'ਅਜੇ ਵੀ ਤਾਇਨਾਤ ਹਨ ਅਹਿਮ ਅਹੁਦਿਆਂ 'ਤੇ ਪੰਜਾਬ ਪੁਲਿਸ ਦੇ 'ਦਾਗ਼ੀ ਅਫ਼ਸਰ' ਜੋ ਕਿ ਸਜ਼ਾ ਜਾਫ਼ਤਾ ਹਨ ਤੇ ਅਦਾਲਤ ਵੱਲੋਂ ਨੇਕ-ਚਲਨੀ 'ਤੇ ਰਿਹਾਅ ਕੀਤੇ ਗਏ ਹਨ ਅਹਿਮ ਪਰ ਅਹੁਦਿਆਂ ਦਾ ਨਿੱਘ ਮਾਣ ਰਹੇ ਹਨ।' ਅਜਿਹਾ ਪ੍ਰਗਟਾਵਾ ਏ.ਆਈ.ਜੀ. ਭਲਾਈ ਤੇ ਲਿਟੀਗੇਸ਼ਨ ਐਮ.ਐਮ. ਛੀਨਾ ਵੱਲੋਂ 27 ਜਨਵਰੀ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਦਾਇਰ ਕੀਤੇ ਆਪਣੇ ਹਲਫ਼ਨਾਮੇ 'ਚ ਕੀਤਾ ਗਿਆ ਹੈ। ਜਨਹਿਤ ਪਟੀਸ਼ਨ ਦਾਇਰ ਕਰਨ ਵਾਲੇ ਵਕੀਲ ਐਚ.ਸੀ. ਅਰੋੜਾ ਵੱਲੋਂ ਸਿਪਾਹੀ ਲਾਲ ਚੰਦ 686 ਫ਼ਿਰੋਜ਼ਪੁਰ, ਹੌਲਦਾਰ ਗੁਰਲਾਭ ਸਿੰਘ 732 ਸੰਗਰੂਰ ਤੇ ਸਿਪਾਹੀ ਸ਼ੇਰ ਸਿੰਘ ਤੇ ਥਾਣੇਦਾਰ ਰਮੇਸ਼ ਚੰਦਰ ਦਾ ਜ਼ਿਕਰ ਕੀਤਾ ਗਿਆ ਜਿਸ ਦੇ ਜਵਾਬ 'ਚ ਪੰਜਾਬ ਸਰਕਾਰ ਦੇ ਵਕੀਲ ਨੇ ਕਿਹਾ ਕਿ ਇਨ੍ਹਾਂ ਵਿਰੁੱਧ ਕਾਰਵਾਈ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ। ਅਦਾਲਤ ਨੇ ਇਨ੍ਹਾਂ ਅਫ਼ਸਰਾਂ ਵਿਰੁੱਧ 4 ਹਫ਼ਤਿਆਂ 'ਚ ਕਾਰਵਾਈ ਕਰਕੇ ਸਥਿਤੀ ਰਿਪੋਰਟ 28 ਮਾਰਚ ਤੱਕ ਅਦਾਲਤ ਨੂੰ ਸੌਂਪਣ ਲਈ ਕਿਹਾ।

ਨੌਜਵਾਨਾਂ ਨੂੰ ਗੁਰਮਤਿ ਨਾਲ ਜੋੜਨ ਦੇ ਉਪਰਾਲੇ
ਕੀਤੇ-ਭਾਈ ਪਰਮਜੀਤ ਸਿੰਘ ਖ਼ਾਲਸਾ


ਅੰਮ੍ਰਿਤਸਰ, 15 ਫਰਵਰੀ -ਸਿੱਖ ਕੌਮ ਦੇ ਹਰਿਆਵਲ ਦਸਤੇ ਤੇ ਨੌਜਵਾਨਾਂ ਦੀ ਸਿਰਮੌਰ ਜਥੇਬੰਦੀ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦੀ ਜ਼ਿਲ੍ਹਾ ਅੰਮ੍ਰਿਤਸਰ (ਸ਼ਹਿਰੀ) ਦੇ ਢਾਂਚੇ ਦਾ ਐਲਾਨ ਅੱਜ ਪ੍ਰਭਾਵਸ਼ਾਲੀ ਸਮਾਗਮ 'ਚ ਕੀਤਾ ਗਿਆ। ਜਿਸ ਵਿਚ ਫੈਡਰੇਸ਼ਨ ਦੇ ਸਰਪ੍ਰਸਤ ਭਾਈ ਰਜਿੰਦਰ ਸਿੰਘ ਮਹਿਤਾ ਮੈਂਬਰ ਸ਼੍ਰੋਮਣੀ ਕਮੇਟੀ ਤੇ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਪਰਮਜੀਤ ਸਿੰਘ ਖ਼ਾਲਸਾ, ਉਪਕਾਰ ਸਿੰਘ ਸੰਧੂ, ਭਾਈ ਹਰਜਾਪ ਸਿੰਘ, ਭਾਈ ਬਾਵਾ ਸਿੰਘ ਗੁਮਾਨਪੁਰਾ ਨੇ ਸ਼ਿਰਕਤ ਕੀਤੀ। 243 ਅਹੁਦੇਦਾਰਾਂ ਦੀ ਪਹਿਲੀ ਸੂਚੀ ਜਾਰੀ ਕਰਦਿਆਂ ਤੇ ਫੈਡਰੇਸ਼ਨ ਦੇ ਅੰਮ੍ਰਿਤਸਰ ਸ਼ਹਿਰ ਦੇ ਪ੍ਰਧਾਨ ਅਮਰਬੀਰ ਸਿੰਘ ਢੋਟ ਦੀ ਭਾਈ ਮਹਿਤਾ ਨੇ ਸ਼ਲਾਘਾ ਕੀਤੀ। ਭਾਈ ਪਰਮਜੀਤ ਸਿੰਘ ਖ਼ਾਲਸਾ ਨੇ ਵੀ ਸੰਬੋਧਨ ਕੀਤਾ। ਅਖੀਰ 'ਚ ਭਾਈ ਅਮਰਬੀਰ ਸਿੰਘ ਢੋਟ ਨੇ ਫੈਡਰੇਸ਼ਨ ਦੇ ਸ਼ਹਿਰੀ ਢਾਂਚੇ ਦੀ ਪਹਿਲੀ ਸੂਚੀ 243 ਅਹੁਦੇਦਾਰਾਂ ਦੀ ਜਾਰੀ ਕੀਤੀ ਗਈ ਹੈ ਤੇ ਬਾਕੀ ਅਹੁਦੇਦਾਰਾਂ ਤੇ ਸਰਕਲ ਪ੍ਰਧਾਨਾਂ ਦੀ ਸੂਚੀ 10 ਦਿਨਾਂ ਅੰਦਰ ਜਾਰੀ ਹੋਵੇਗੀ। ਇਸ ਮੌਕੇ ਫੈਡਰੇਸ਼ਨ ਦੇ ਸਕੱਤਰ ਜਨਰਲ ਮੇਜਰ ਸਿੰਘ ਲੁਧਿਆਣਾ, ਸੀਨੀਅਰ ਮੀਤ ਪ੍ਰਧਾਨ ਸ਼ੀਸ਼ਪਾਲ ਸਿੰਘ ਮੀਰਾਂ ਕੋਟ, ਸੀਨੀਅਰ ਮੀਤ ਪ੍ਰਧਾਨ ਰਛਪਾਲ ਸਿੰਘ ਲੋਹਾਰਕਾ, ਜਨਰਲ ਸਕੱਤਰ ਕੁਲਦੀਪ ਸਿੰਘ ਪੰਡੋਰੀ, ਪ੍ਰਚਾਰ ਸਕੱਤਰ ਗੁਰਦੀਪ ਸਿੰਘ ਸੁਰ ਸਿੰਘ, ਦਿਹਾਤੀ ਪ੍ਰਧਾਨ ਮਨਜੀਤ ਸਿੰਘ, ਬਲਜੀਤ ਸਿੰਘ ਬੀਤਾ, ਜਸਪਾਲ ਸਿੰਘ ਇਸਲਾਮ ਗੰਜ ਹਾਜ਼ਰ ਹੋਏ।
ਸ਼ਹਿਰੀ ਇਕਾਈ ਦੇ 243 ਅਹੁਦੇਦਾਰਾਂ ਦੀ ਪਹਿਲੀ ਸੂਚੀ : ਜ਼ਿਲ੍ਹਾ ਅਹੁਦੇਦਾਰਾਂ ਦੀ ਸੂਚੀ 'ਚ ਸੀਨੀਅਰ ਮੀਤ ਪ੍ਰਧਾਨ 13, ਮੀਤ ਪ੍ਰਧਾਨ 40, ਜਨਰਲ ਸਕੱਤਰ 39, ਸਕੱਤਰ 47, ਮੀਤ ਸਕੱਤਰ 29, ਜਥੇਬੰਦਕ ਸਕੱਤਰ 36, ਸੰਯੁਕਤ ਸਕੱਤਰ 25, ਪ੍ਰਚਾਰ ਸਕੱਤਰ 03, ਸਲਾਹਕਾਰ 03, ਕਾਨੂੰਨੀ ਸਲਾਹਕਾਰ 03, ਮੁੱਖ ਬੁਲਾਰਾ 01, ਬੁਲਾਰਾ 02, ਪ੍ਰੈਸ ਸਕੱਤਰ 01, ਖਜ਼ਾਨਚੀ 01 ਚੁਣੇ ਗਏ ਹਨ। ਭਾਈ ਅਮਰਬੀਰ ਸਿੰਘ ਢੋਟ ਨੂੰ ਛੇਵੀਂ ਵਾਰ ਪ੍ਰਧਾਨ ਚੁਣਿਆ ਗਿਆ