Saturday 28 January 2012

 ਗੱਡੀ ਸੁਰੱਖਿਆ ਮੁਲਾਜ਼ਮਾਂ ਨੂੰ ਦਰੜਦੀ ਹੋਈ ਨਹਿਰ ’ਚ ਡਿੱਗੀ
ਇਕ ਪੁਲੀਸ ਕਰਮੀ ਹਲਾਕ, ਦੂਜਾ ਜ਼ਖ਼ਮੀ
ਡੱਬਵਾਲੀ, 28 ਜਨਵਰੀ-ਡੱਬਵਾਲੀ-ਸੰਗਰੀਆ ਸੜਕ ’ਤੇ ਪੈਂਦੇ ਪਿੰਡ ਅਬੂਬ ਸ਼ਹਿਰ ਦੇ ਨਜ਼ਦੀਕ ਅੱਜ ਸਵੇਰੇ ਇਕ ਐਂਡਏਵਰ ਗੱਡੀ ਨਾਕੇ ’ਤੇ ਤਾਇਨਾਤ ਪੁਲੀਸ ਕਰਮਚਾਰੀਆਂ ਨੂੰ ਦਰੜਦੀ ਹੋਈ ਭਾਖੜਾ ਨਹਿਰ ਵਿਚ ਜਾ ਡਿੱਗੀ। ਇਸ ਹਾਦਸੇ ਵਿਚ ਇੱਕ ਪੁਲੀਸ ਕਰਮਚਾਰੀ ਦੀ ਮੌਤ ਹੋ ਗਈ, ਜਦੋਂ ਕਿ ਇਕ ਸਬ ਇੰਸਪੈਕਟਰ ਵੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਗੱਡੀ ਦੇ ਡਰਾਈਵਰ ਨੂੰ ਨਹਿਰ ਵਿਚੋਂ ਸੁਰੱਖਿਅਤ ਬਾਹਰ ਕੱਢ ਕੇ ਉਸ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਅਬੂਬ ਸ਼ਹਿਰ ਵਿਖੇ ਅੱਜ ਸਵੇਰੇ ਐਚ.ਏ.ਪੀ. ਦੀ ਤੀਜੀ ਬਟਾਲੀਅਨ ਦੇ ਪੁਲੀਸ ਕਰਮਚਾਰੀ ਸੰਜੇ ਕੁਮਾਰ ਭਾਖੜਾ ਨਹਿਰ ਦੇ       ਕੋਲ ਹੋਰਨਾਂ ਪੁਲਿਸ ਕਰਮਚਾਰੀਆਂ ਦੇ ਨਾਲ ਡਿਊਟੀ ’ਤੇ ਤਾਇਨਾਤ ਸੀ ਕਿ ਉਸੇ ਦੌਰਾਨ ਸਾਹਮਣਿਓਂ ਆਉਂਦੀ ਇੱਕ ਤੇਜ਼ ਰਫ਼ਤਾਰ ਐਂਡਏਵਰ ਗੱਡੀ ਪੁਲੀਸ ਕਰਮਚਾਰੀ ਸੰਜੈ ਕੁਮਾਰ ਨੂੰ ਦਰੜਦੀ ਹੋਈ ਭਾਖੜਾ ਨਹਿਰ ’ਚ ਜਾ ਡਿੱਗੀ। ਸੰਜੇ ਕੁਮਾਰ ਦੇ ਨਾਲ ਅੱਗ ਸੇਕ ਰਹੇ ਏ.ਐਸ.ਆਈ. ਮਹਿੰਦਰ ਸਿੰਘ ਜ਼ਖਮੀ ਹੋ ਗਿਆ। ਡਿਊਟੀ ’ਤੇ ਤਾਇਨਾਤ ਹੋਰ ਪੁਲੀਸ ਕਰਮਚਾਰੀਆਂ ਨੇ ਗੱਡੀ ਦੇ ਡਰਾਈਵਰ ਤੁਸ਼ਾਰ ਕੁਮਾਰ ਨੂੰ ਸਹੀ ਸਲਾਮਤ ਨਹਿਰ ਤੋਂ ਬਾਹਰ ਕੱਢ ਲਿਆ। ਗੱਡੀ ਦੀ ਲਪੇਟ ’ਚ ਆਉਣ ਕਰਕੇ ਨਹਿਰ ’ਚ ਡਿੱਗੇ ਪੁਲੀਸ ਕਰਮਚਾਰੀ ਸੰਜੇ ਕੁਮਾਰ ਦੀ ਨਹਿਰ ਵਿਚ ਡੁੱਬਣ ਨਾਲ ਮੌਤ ਹੋ ਗਈ। ਗੱਡੀ ਨੂੰ ਕ੍ਰੇਨ ਦੀ ਮਦਦ ਨਾਲ ਨਹਿਰ ਵਿੱਚੋਂ ਕੱਢਿਆ ਗਿਆ। ਹਾਦਸੇ ਦੀ ਸੂਚਨਾ ਮਿਲਣ ’ਤੇ ਜ਼ਿਲ੍ਹਾ ਸਿਰਸਾ ਦੇ ਪੁਲੀਸ ਮੁਖੀ ਦਵਿੰਦਰ ਯਾਦਵ ਅਤੇ ਡੱਬਵਾਲੀ ਦੇ ਡੀ. ਐਸ. ਪੀ. ਬਾਬੂ ਲਾਲ ਪੁਲੀਸ ਬਟਾਲੀਅਨ ਅਤੇ ਗੋਤਾਖੋਰਾਂ ਨਾਲ ਮੌਕੇ ’ਤੇ ਪਹੰੁਚ ਗਏ। ਪਿੰਡ  ਵਾਸੀਆਂ ਦੇ ਸਹਿਯੋਗ ਨਾਲ ਸੰਜੇ ਕੁਮਾਰ ਦੀ ਲਾਸ਼ ਨੂੰ 6 ਘੰਟੇ ਦੀ ਸਖਤ ਮਸ਼ੱਕਤ ਤੋਂ ਬਾਅਦ ਨਹਿਰ ਤੋਂ ਬਾਹਰ ਕੱਢਿਆ ਜਾ ਸਕਿਆ। ਡੀ.ਐਸ.ਪੀ.ਬਾਬੂ ਲਾਲ ਦੇ ਅਨੁਸਾਰ ਏ.ਐਸ.ਆਈ. ਮਹਿੰਦਰ ਸਿੰਘ ਦੇ ਬਿਆਨ ’ਤੇ ਚਾਲਕ ਤੁਸ਼ਾਰ ਨਿਵਾਸੀ ਗੰਗਾਨਗਰ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਸੰਜੇ ਦੀ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਉਸ ਦੇ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ।
 ਪ੍ਰੇਮੀ ਨਾਲ ਮਿਲਣ ਲਈ ਦਿੱਤੀਆਂ ਨੀਂਦ ਦੀਆਂ ਗੋਲੀਆਂ
ਮੇਰਠ, 28 ਜਨਵਰੀ— ਪ੍ਰੇਮ 'ਚ ਦੀਵਾਨੀ, ਨੌਵੀਂ ਜਮਾਤ ਦੀ ਇਕ ਵਿਦਿਆਰਥਣ ਨੇ ਆਪਣੇ ਪ੍ਰੇਮੀ ਨਾਲ ਮਿਲਣ ਦੀ ਇੱਛਾ 'ਚ ਆਪਣੇ ਪਰਿਵਾਰ ਵਾਲਿਆਂ ਨੂੰ ਦੁੱਧ 'ਚ ਨਸ਼ੀਲੀ ਗੋਲੀਆਂ ਖਿਲਾ ਦਿੱਤੀਆਂ। ਇਸ ਮਾਮਲੇ 'ਚ ਪੁਲਸ ਨੇ ਵਿਦਿਆਰਥਣ ਦੇ ਪ੍ਰੇਮੀ ਤੇ ਉਸ ਦੇ ਇਕ ਦੋਸਤ ਨੂੰ ਗ੍ਰਿਫਤਾਰ ਕਰ ਜੇਲ ਭੇਜ ਦਿੱਤਾ।
ਨਗਰ ਪੁਲਸ ਪ੍ਰਬੰਧਕ ਬੀਪੀ ਅਸ਼ੋਕ ਨੇ ਦੱਸਿਆ ਕਿ ਸ਼ਹਿਰ ਦੇ ਅਜੰਤਾ ਕਾਲੋਨੀ 'ਚ ਨੌਵੀਂ ਦੀ ਇਕ ਵਿਦਿਆਰਥਣ ਦਾ ਆਪਣੇ ਗੁਆਂਢੀ ਦੇ 12ਵੀਂ ਜਮਾਤ ਦੇ ਵਿਦਿਆਰਥੀ ਸੋਨੂ ਨਾਲ ਪ੍ਰੇਮ ਪ੍ਰਸੰਗ ਚਲ ਰਿਹਾ ਸੀ। ਵੀਰਵਾਰ ਨੂੰ ਆਪਣੇ ਪ੍ਰੇਮੀ ਨਾਲ ਮਿਲਣ ਦੀ ਇੱਛਾ ਨੇ ਆਪਣੇ ਘਰ ਵਾਲਿਆਂ ਨੂੰ ਦੁੱਧ 'ਚ ਨਸ਼ੀਲੀ ਗੋਲੀਆਂ ਮਿਲਾ ਕੇ ਪਿਲਾ ਦਿੱਤੀਆਂ, ਜਿਸ ਨਾਲ ਉਹ ਬੇਹੋਸ਼ ਹੋ ਗਏ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਦਾ ਪ੍ਰੇਮੀ ਰਾਤ ਨੂੰ ਆਪਣੇ ਦੋਸਤ ਨਾਲ ਉਸ ਦੇ ਘਰ ਪਹੁੰਚਿਆ ਪਰ ਵਿਦਿਆਰਥਣ ਦੀ ਦਾਦੀ ਨੇ ਦੁੱਧ ਨਹੀਂ ਪੀਤਾ ਸੀ। ਇਸ ਲਈ ਸ਼ੋਰ ਸੁਣ ਕੇ ਦਾਦੀ ਦੀ ਅੱਖ ਖੁਲ ਗਈ। ਪੋਤੀ ਨਾਲ ਉਸ ਦੇ ਪ੍ਰੇਮੀ ਨੂੰ ਦੇਖ ਕੇ ਦਾਦੀ ਨੇ ਸ਼ੋਰ ਮਚਾਇਆ ਜਿਸ ਨਾਲ ਗੁਆਂਢ ਵੀ ਮੌਕੇ 'ਤੇ ਪਹੁੰਚ ਗਏ। ਲੋਕਾਂ ਨੇ ਸੋਨੂ ਨੂੰ ਤਾਂ ਫੜ ਲਿਆ  ਪਰ ਉਸ ਦਾ ਦੋਸਤ ਆਸਿਫ ਭੱਜ ਗਿਆ।
 ਬਾਬਾ ਰਾਮਦੇਵ ਮਰਿਯਾਦਾ ਭੁਲਿਆ, ਖੁਦ ਦੀ ਤੁਲਨਾ ਭਗਵਾਨ ਨਾਲ ਕੀਤੀ
ਨਵੀਂ ਦਿੱਲੀ : ਯੋਗ ਗੁਰੂ ਬਾਬਾ ਰਾਮਦੇਵ ਨੇ ਖੁਦ ਦੀ ਤੁਲਨਾ ਦੇਵਤਾਵਾਂ ਨਾਲ ਕੀਤੀ ਹੈ। ਯੋਗ ਦੇ ਜ਼ਰੀਏ ਜਨਤਾ 'ਚ ਪੈਂਠ ਬਣਾਉਣ ਵਾਲੇ ਬਾਬੇ ਦਾ ਇਸਨੂੰ ਬੜਬੋਲਾਪਨ ਕਿਹਾ ਜਾਵੇ ਜਾਂ ਰਾਮਲੀਲਾ ਮੈਦਾਨ 'ਚ ਅੰਦੋਲਨ  ਦੌਰਾਨ ਹੋਈ ਫਜ਼ੀਹਤ ਦੇ ਬਾਅਦ ਬਦਲੇ ਦੀ ਭਾਵਨਾ ਦਾ ਮਾਰਦਾ ਜੋਰ। ਵਿਧਾਨਸਭਾ ਚੋਣਾ ਦੌਰਾਨ ਬਾਬਾ ਸ਼ਬਦਾਂ ਦੀ ਮਰਿਯਾਦਾ ਭੁਲਣ ਲੱਗੇ ਹਨ। ਭ੍ਰਸ਼ਟਾਚਾਰ ਤੇ ਕਾਲੇਧਨ ਨੂੰ ਮੁੱਦਾ ਬਣਾਉਣ ਵਾਲਾ ਬਾਬਾ ਸ਼ਾਇਦ ਇਹ ਭੁਲ ਚੁੱਕਿਆ ਹੈ ਕਿ ਕਿਸੇ ਭਗਵਾਨ ਨੇ ਕਦੇ ਕਿਸੇ ਤਰ੍ਹਾਂ ਦੀ ਦੁਕਾਨ ਨਹੀਂ ਚਲਾਈ।
ਬਾਬਾ ਰਾਮਦੇਵ ਨੇ ਆਪਣੇ ਬਿਆਨ 'ਚ ਕਿਹਾ ਕਿ ਭਗਵਾਨ ਰਾਮ, ਕ੍ਰਿਸ਼ਨ ਤੇ ਗੁਰੂ ਗੋਬਿੰਦ ਸਿੰਘ ਨੇ ਭ੍ਰਿਸ਼ਟ ਅਤੇ ਬਈਮਾਨਾ ਨਾਲ ਪੰਗਾ ਲਿਆ ਸੀ। ਇਸ ਲਈ ਭਾਈ ਜੇਕਰ ਰਾਮ,ਕ੍ਰਿਸ਼ਨ,ਗੁਰੂ ਨਾਨਕ ਅਤੇ ਹਨੂਮਾਨ ਸੱਭ ਠੀਕ ਸਨ ਤਾਂ ਬਾਬਾ ਵੀ ਠੀਕ ਹੈ। ਜੋ ਉਨ੍ਹਾਂ ਨੂੰ ਠੀਕ ਨਹੀਂ ਮੰਨਦਾ ਉਹ ਬਾਬਾ ਨੂੰ ਵੀ ਗਲਤ ਮੰਨ ਲਵੇ।
ਅਸਲ 'ਚ ਇੰਨ੍ਹੀ ਦਿਨੀ 5 ਰਾਜਾਂ 'ਚ ਚੋਣਾ ਹੋਣ ਵਾਲੀਆਂ ਹਨ। ਬਾਬਾ ਚਹੁੰਦਾ ਹੈ ਕਿ ਇਨ੍ਹਾਂ ਚੋਣਾ 'ਚ ਇਕ ਖਾਸ ਪਾਰਟੀ ਦੀ ਹਾਰ ਹੋਵੇ। ਹਾਲਾਂਕਿ ਸਿੱਧ-ਸਿੱਧੇ ਉਹ ਕਿਸੇ ਪਾਰਟੀ ਦੇ ਨਾ ਤਾਂ ਪੱਖ 'ਚ ਹਨ ਅਤੇ ਨਾ ਹੀ ਵਿਰੋਧ 'ਚ ਬੋਲ ਰਿਹੇ ਹਨ। ਜਿਸ ਪਾਰਟੀ ਵਲੋਂ ਉਸ ਨੂੰ ਬਾਰ-ਬਾਰ ਨਿਸ਼ਾਨਾ ਬਣਾਇਆ ਜਾਂਦਾ ਹੈ ਉਸ ਦੇ ਸਬੰਧ 'ਚ ਉਹ ਆਪਣੇ ਇਰਾਦੇ ਦੱਸਣ 'ਚ ਉਹ ਮੌਕਾ ਨਹੀਂ ਗਵਾਉਂਦੇ।
ਬਾਬਾ ਨੇ ਕਿਹਾ ਕਿ ਉਸ ਪਾਰਟੀ ਨੇ ਸਵਿਧਾਨ ਅਤੇ ਲੋਕਤੰਤਰ ਦੀ ਹੱਤਿਆ ਕਰ ਦਿੱਤੀ ਹੈ। ਲੋਕਤੰਤਰ ਅਤੇ ਸਵਿਧਾਨ ਦੀ ਹੱਤਿਆ ਕਰਨ ਵਾਲੀਆਂ ਜੋ ਪਾਰਟੀਆਂ ਹਨ ਉਨ੍ਹਾਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ।
ਅਸਲ 'ਚ ਇਨ੍ਹਾਂ ਬਿਆਨਾ ਦੇ ਪਿੱਛੇ ਬਾਬਾ ਰਾਮਦੇਵ ਦਾ ਦਰਦ ਲੁਕਿਆ ਹੈ। ਦਿੱਲੀ ਦੇ ਰਾਮਲੀਲਾ ਮੈਦਾਨ 'ਚ ਜਿਸ ਤਰ੍ਹਾਂ ਦਾ ਸਲੂਕ ਕੀਤਾ ਗਿਆ। ਜਿਸ ਤਰ੍ਹਾਂ ਉਨ੍ਹਾਂ ਨੂੰ ਔਰਤਾਂ ਦੇ ਕੱਪੜੇ ਪਾ ਕੇ ਭੱਜਣ ਲਈ ਮਜਬੂਰ ਕੀਤਾ ਗਿਆ। ਉਸ ਚੀਸ ਨੂੰ ਬਾਬਾ ਭੁਲ ਨਹੀਂ ਸਕੇ।  ਭਗਵਾਨ ਨਾਲ ਖੁਦ ਦੀ ਤੁਲਨਾ ਕਰਨ ਵਾਲਿਆਂ ਦੀ ਇਸ ਸੰਸਾਰ 'ਚ ਕੀ ਦੁਰਗਤੀ ਹੋਈ, ਸ਼ਾਇਦ ਬਾਬਾ ਇਸ ਨੂੰ ਭੁਲ ਚੁੱਕੇ ਹਨ। ਚੰਗੀ ਨੀਤ ਨਾਲ ਨੇਕ ਕੰਮ ਕਰਨ ਲਈ ਮਰਿਯਾਦਾ ਦੀ ਹੱਦ ਨੂੰ ਸਮਝਣਾ ਜਰੂਰੀ ਹੈ।
 ਚੋਣ ਤਿਆਰੀ ਉਮੀਦਵਾਰਾਂ ਦੀਆਂ ਗੋਗੜਾਂ ’ਤੇ ਪੈ ਰਹੀ ਹੈ ਭਾਰੀ
ਗੁਰਪ੍ਰੀਤ ਕਾਂਗੜ ਦਾ 5 ਅਤੇ ਸਰੂਪ ਚੰਦ ਸਿੰਗਲਾ ਦਾ 5.50 ਕਿਲੋ ਭਾਰ ਘਟਿਆ
ਬਠਿੰਡਾ,28 ਜਨਵਰੀ-ਪੰਜਾਬ ਵਿਧਾਨ ਸਭਾ ਚੋਣਾਂ ਦੇ ਬੋਝ ਕਾਰਨ ਉਮੀਦਵਾਰਾਂ ਦਾ ਭਾਰ ਘੱਟ ਰਿਹਾ ਹੈ। ਉਮੀਦਵਾਰ ਜਿੱਤ ਲਈ ਹੁਣ ਆਪਣੀ ਸਿਹਤ ਦੀ ਵੀ ਪ੍ਰਵਾਹ ਨਹੀਂ ਕਰ ਰਹੇ। ਕੁਰਸੀ ਹਾਸਲ ਕਰਨ ਲਈ ਸਾਰੇ ਉਮੀਦਵਾਰ ਤਰਲੋਮੱਛੀ ਹੋ ਰਹੇ ਹਨ। ਨਿੱਤ ਕਸਰਤਾਂ ਕਰਨ ਵਾਲੇ ਉਮੀਦਵਾਰ ਹੁਣ ਸਭ ਕੁਝ ਭੁੱਲ ਗਏ ਹਨ। ਕੋਈ ਯੋਗਾ ਕਰਨਾ ਭੁੱਲ ਗਿਆ ਹੈ ਤੇ ਕੋਈ ਜੌਗਿੰਗ। ਦਿਨ ਰਾਤ ਦੀ ਦੌੜ-ਭੱਜ ਕਾਰਨ ਉਮੀਦਵਾਰਾਂ ਦਾ ਭਾਰ ਘੱਟ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਰਾਮਪੁਰਾ ਫੂਲ ਤੋਂ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ ਦਾ ਚੋਣ ਪ੍ਰਚਾਰ ਦੌਰਾਨ ਪੰਜ ਕਿਲੋ ਭਾਰ ਘੱਟ ਗਿਆ ਹੈ। ਉਨ੍ਹਾਂ ਦੱਸਿਆ ਕਿ ਉਹ ਜਿਸ ਦਿਨ ਘਰੋ ਘਰੀ ਮੁਹਿੰਮ ’ਤੇ ਨਿਕਲਦੇ ਹਨ ਉਸ ਦਿਨ 15 ਕਿਲੋਮੀਟਰ ਪੈਦਲ ਸਫਰ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਚੋਣਾਂ ਤੋਂ ਪਹਿਲਾਂ ਉਹ ਰੋਜ਼ਾਨਾ ਸਵੇਰੇ 4 ਤੋਂ 6 ਵਜੇ ਤੱਕ ਸੈਰ ਕਰਦੇ ਸਨ ਪਰ ਹੁਣ ਰੋਜ਼ਾਨਾ ਉਂਝ ਹੀ ਪੈਦਲ ਸਫਰ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਚੋਣਾਂ ਤੋਂ ਪਹਿਲਾਂ ਤਾਂ ਉਹ ਰੋਜ਼ਾਨਾ ਸਾਈਕਲ ਵੀ ਚਲਾਉਂਦੇ ਸਨ। ਦੱਸਣਯੋਗ ਹੈ ਕਿ ਹਲਕਾ ਰਾਮਪੁਰਾ ਫੂਲ ’ਚ ਅਕਾਲੀ ਉਮੀਦਵਾਰ ਸਿਕੰਦਰ ਸਿੰਘ ਮਲੂਕਾ ਅਤੇ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ ਦਰਮਿਆਨ ਮੁਕਾਬਲਾ ਸਖਤ ਹੈ। ਬਠਿੰਡਾ ਸ਼ਹਿਰੀ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਦਾ 5.50 ਕਿਲੋ ਭਾਰ ਘੱਟ ਗਿਆ ਹੈ। ਉਨ੍ਹਾਂ ਦਾ ਸਰੀਰਕ ਭਾਰ ਪਹਿਲਾਂ 77 ਕਿਲੋ ਸੀ ਜੋ ਹੁਣ 71.5 ਕਿਲੋ ਰਹਿ ਗਿਆ ਹੈ। ਸ੍ਰੀ ਸਿੰਗਲਾ ਨੇ ਦਸਿਆ ਕਿ ਉਹ ਸਵੇਰੇ ਸੇਬ ਅਤੇ ਦੋ ਫੁਲਕੇ ਖਾਂਦੇ ਹਨ। ਉਨ੍ਹਾਂ ਦੱਸਿਆ ਕਿ ਚੋਣਾਂ ਕਰਕੇ ਉਨ੍ਹਾਂ ਦੇ ਸਵੇਰ ਵਕਤ ਦੇ ਕਸਰਤ ਅਤੇ ਯੋਗਾ ਦੇ ਪ੍ਰ੍ਰੋਗਰਾਮ ਵਿੱਚ ਵਿਘਨ ਪਿਆ ਹੈ। ਬਠਿੰਡਾ ਹਲਕੇ ਤੋਂ ਹੀ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦਾ ਵੀ ਚਾਰ ਕਿਲੋ ਭਾਰ ਘੱਟ ਗਿਆ ਹੈ। ਉਨ੍ਹਾਂ ਦੇ ਕਰੀਬੀ ਇਕਬਾਲ ਸਿੰਘ ਢਿੱਲੋਂ ਉਰਫ਼ ਬਬਲੀ ਨੇ ਦੱਸਿਆ ਕਿ ਸ੍ਰੀ ਜੱਸੀ ਦਾ ਭਾਰ ਹੁਣ 100 ਕਿਲੋ ਦੇ ਨੇੜੇ ਹੈ।
ਹਲਕਾ ਭੁੱਚੋ ਤੋਂ ਕਾਂਗਰਸੀ ਉਮੀਦਵਾਰ ਅਜਾਇਬ ਸਿੰਘ ਭੱਟੀ ਦਾ ਭਾਰ ਹੁਣ 80 ਕਿਲੋ ਹੈ। ਉਨ੍ਹਾਂ ਕਿਹਾ ਕਿ ਉਹ ਕਸਰਤ ਵਗੈਰਾ ਤਾਂ ਨਹੀਂ ਕਰ ਰਹੇ ਹਨ ਕਿਉਂਕਿ ਚੋਣਾਂ ਦਾ ਭਾਰ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਭਾਰ ਇਸ ਕਰਕੇ ਨਹੀਂ ਘਟਿਆ ਕਿਉਂਕਿ ਉਹ ਰੋਜ਼ਾਨਾ ਚਾਹ ਜ਼ਿਆਦਾ ਪੀ ਲੈਂਦੇ ਹਨ। ਇਸੇ ਤਰ੍ਹਾਂ ਹਲਕਾ ਤਲਵੰਡੀ ਸਾਬੋ ਤੋਂ ਕਾਂਗਰਸੀ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਉਹ ਮਠਿਆਈ ਬਹੁਤ ਖਾਂਦੇ ਹਨ ਜਿਸ ਕਰਕੇ ਉਨ੍ਹਾਂ ਦਾ ਭਾਰ ਵਧਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਭਾਰ 82 ਕਿਲੋ ਤੋਂ 84 ਕਿਲੋ ਹੋ ਗਿਆ ਹੈ। ਭਦੌੜ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਮੁਹੰਮਦ ਸਦੀਕ ਦਾ ਭਾਰ ਘੱਟ ਗਿਆ ਹੈ ਕਿਉਂਕਿ ਟਿਕਟ ਦੇ ਐਲਾਨ ਵਿੱਚ ਦੇਰੀ ਹੋਣ ਕਰਕੇ ਉਨ੍ਹਾਂ ਨੂੰ ਇੱਕਦਮ ਚੋਣ ਪ੍ਰਚਾਰ ਵਿੱਚ ਭੱਜ ਨੱਠ ਕਰਨੀ ਪਈ ਹੈ। ਦੱਸਣਯੋਗ ਹੈ ਕਿ ਇਸ ਹਲਕੇ ਤੋਂ ਕਾਂਗਰਸੀ ਉਮੀਦਵਾਰ ਦਾ ਭਾਰ ਜ਼ਿਆਦਾ ਘਟਿਆ ਹੈ ਜਦੋਂ ਕਿ ਕਈ ਨਵੇਂ ਅਕਾਲੀ ਉਮੀਦਵਾਰਾਂ ਦੀ ਸਿਹਤ ’ਤੇ ਵੀ ਅਸਰ ਪਿਆ ਹੈ।
ਨਾਗਰਿਕ ਚੇਤਨਾ ਮੰਚ ਦੇ ਮੈਂਬਰ ਜਗਮੋਹਨ ਕੌਸ਼ਲ ਨੇ ਕਿਹਾ ਕਿ ਕੁਰਸੀ ਖਾਤਰ ਸਾਰੇ ਉਮੀਦਵਾਰ ਹੁਣ ਦੌੜ-ਭੱਜ ਕਰ ਰਹੇ ਹਨ। ਚਾਰ ਦਿਨਾਂ ਮਗਰੋਂ ਇਹ ਸਾਰੇ ਉਮੀਦਵਾਰ ਭਾਰ ਵਧਾਉਣ ’ਤੇ ਹੀ ਹਨ ਅਤੇ ਬਾਅਦ ’ਚ ਇਨ੍ਹਾਂ ਨੇ ਹੀ ਆਮ ਲੋਕਾਂ ’ਤੇ ਭਾਰ ਬਣਨਾ ਹੈ।
 ਰਾਣਾ ਗੁਰਜੀਤ ਦੀ 7000 ਪੇਟੀਆਂ ਸ਼ਰਾਬ ਬਰਾਮਦ
ਚੰਡੀਗੜ੍ਹ,-ਪੰਜਾਬ ਦੇ ਵਿਸ਼ੇਸ਼ ਮੁੱਖ ਚੋਣ ਅਧਿਕਾਰੀ ਊਸ਼ਾ ਆਰ. ਸ਼ਰਮਾ ਨੇ ਦੱਸਿਆ ਕਿ ਕਾਂਗਰਸ ਦੇ ਕਪੂਰਥਲਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ 7000 ਪੇਟੀਆਂ ਸ਼ਰਾਬ ਜਲੰਧਰ ਦੇ ਇੱਕ ਗੋਦਾਮ ’ਚੋਂ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ ਜਲੰਧਰ ਵਿਖੇ ਹੀ 300 ਪੇਟੀਆਂ ਸ਼ਰਾਬ ਹੋਰ ਬਰਾਮਦ ਕੀਤੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਵਿੱਚ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਹੁਣ ਤੱਕ ਛੇ ਲੱਖ ਬੋਤਲਾਂ ਸ਼ਰਾਬ  ਫੜੀ ਜਾ ਚੁੱਕੀ ਹੈ।
ਜਲੰਧਰ ਕੇਂਦਰੀ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਰਾਜਿੰਦਰ ਬੇਰੀ ਵਿਰੁੱਧ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਸ਼ਰਾਬ ਵੰਡਣ ਦੇ ਮਾਮਲੇ ’ਚ ਉਨ੍ਹਾਂ ਵਿਰੁੱਧ ਪੁਲੀਸ ਸਟੇਸ਼ਨ ਡਵੀਜ਼ਨ ਨੰਬਰ -4 ਜਲੰਧਰ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ। ਰਾਜਨੀਤਕ ਸਰਗਰਮੀਆਂ ’ਚ ਭਾਗ ਲੈਣ ਕਰਕੇ ਮੁੱਖ ਚੋਣ ਅਧਿਕਾਰੀ ਨੇ ਨਾਭਾ ਦੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਅਕਬਰ ਅਲੀ ਨੂੰ ਰਾਜਪੁਰਾ ਬਦਲਕੇ ਨਾਭਾ ਦਾ ਵਾਧੂ ਚਾਰਜ ਦਿੱਤਾ ਹੈ ਜਦਕਿ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਮਾਨਸਾ ਪਰਮਪਾਲ ਕੌਰ ਨੂੰ ਮੁੱਖ ਦਫਤਰ ਮੁਹਾਲੀ ਵਿਖੇ ਤਬਦੀਲ ਕਰ ਦਿੱਤਾ ਹੈ।   ਅਜਮੇਰ ਸਿੰਘ ਪੰਚਾਇਤ ਸਕੱਤਰ ਮੋਗਾ-2 ਨੂੰ ਜਲਾਲਾਬਾਦ ਤੇ ਲੈਕਚਰਾਰ ਸੰਸਕ੍ਰਿਤ ਹਰਸ਼ ਮਹਿਤਾ ਸੀਨੀਅਰ ਸੈਕੰਡਰੀ ਸਕੂਲ ਤਲਵਾੜਾ ਨੂੰ ਜ਼ੀਰਾ ਵਿਖੇ ਬਦਲ ਦਿੱਤਾ ਗਿਆ ਹੈ।  ਉਨ੍ਹਾਂ ਦੱਸਿਆ ਕਿ ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਹੁਣ ਤੱਕ ਕੁੱਲ 2700 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ ਜਿਨ੍ਹਾਂ ’ਚੋਂ 1850   ਦਾ ਨਿਬੇੜਾ ਕੀਤਾ ਜਾ ਚੁੱਕਾ ਹੈ। ਚੋਣ ਖਰਚਾ ਨਿਗਰਾਨ ਟੀਮਾਂ ਵੱਲੋਂ ਹੁਣ ਤੱਕ ਕੁੱਲ 32 ਕਰੋੜ 97 ਲੱਖ 72 ਹਜ਼ਾਰ 679 ਰੁਪਏ ਬਰਾਮਦ ਕਰਕੇ ਆਮਦਨ ਕਰ ਵਿਭਾਗ ਨੂੰ ਭੇਜੇ ਗਏ ਹਨ। ਇਸ ਤੋਂ ਇਲਾਵਾ 2636 ਕਿਲੋ ਭੁੱਕੀ, 10489  ਗਰਾਮ ਅਫੀਮ ਰਾਜ ਦੇ ਵੱਖ-ਵੱਖ ਭਾਗਾਂ ਤੋਂ ਬਰਾਮਦ ਕੀਤੀ ਗਈ ਹੈ। 2 ਲੱਖ 9 ਹਜ਼ਾਰ 686 ਲਾਇਸੈਂਸੀ ਹਥਿਆਰ ਜਮ੍ਹਾਂ ਕਰਵਾਏ ਗਏ ਹਨ ਤੇ 68 ਨਜਾਇਜ਼ ਹਥਿਆਰ ਤੇ 248 ਕਾਰਤੂਸ ਬਰਾਮਦ ਕੀਤੇ ਗਏ ਹਨ। ਚੋਣ ਸਰਗਰਮੀਆਂ ’ਚ ਭਾਗ ਲੈਣ ਕਰਕੇ ਮੁੱਖ ਅਧਿਆਪਕਾ ਸੁਰਿੰਦਰ ਕੌਰ ਨੂੰ ਸਰਕਾਰੀ ਹਾਈ ਸਕੂਲ ਹਠੂਰ ਜ਼ਿਲ੍ਹਾ ਲੁਧਿਆਣਾ ਤੋਂ ਸਰਕਾਰੀ ਹਾਈ ਸਕੂਲ ਗੁੰਮਟੀ ਕਲਾਂ ਬਠਿੰਡਾ ਵਿਖੇ ਤੇ ਰਿਸ਼ੀਪਾਲ ਸਿੰਘ ਸਿਹਤ ਵਿਭਾਗ ਲੁਧਿਆਣਾ ਨੂੰ ਮੁੱਖ ਦਫਤਰ ਵਿਖੇ ਬਦਲ ਦਿੱਤਾ ਗਿਆ ਹੈ।
ਸਾਂਝਾ ਮੋਰਚਾ ਪੰਜਾਬ ਦੀ ਤਸਵੀਰ ਬਦਲ ਕੇ ਰੱਖ ਦੇਵੇਗਾ-ਮਨਪ੍ਰੀਤ

ਨਵਾਂਸ਼ਹਿਰ, ਬਲਾਚੌਰ,ਭੱਦੀ, 28 ਜਨਵਰੀ -ਸ. ਮਨਪ੍ਰੀਤ ਸਿੰਘ ਬਾਦਲ ਚੇਅਰਮੈਨ ਸਾਂਝਾ ਮੋਰਚਾ ਅਤੇ ਪ੍ਰਧਾਨ ਪੀਪਲਜ਼ ਪਾਰਟੀ ਆਫ਼ ਪੰਜਾਬ ਨੇ ਅੱਜ ਦਾਣਾ ਮੰਡੀ ਬਲਾਚੌਰ ਵਿਖੇ ਇੱਕ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦਿਆਂ ਸਾਂਝੇ ਮੋਰਚੇ ਦੇ ਉਮੀਦਵਾਰ ਚੌਧਰੀ ਦਰਸ਼ਨ ਲਾਲ ਮੰਗੂ ਪੁਰ ਨੂੰ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ। ਸ. ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਸ਼ਹੀਦ-ਏ-ਆਜ਼ਮ ਦੀ ਧਰਤੀ ਤੋਂ ਚੁੱਕੀ ਹੋਈ ਸਹੁੰ ਤੋਂ ਉਹ ਭਟਕ ਨਹੀਂ ਹਟ ਸਕਦਾ। ਅੱਜ ਸਮਾਜ ਵਿਚ ਸਿਫ਼ਤੀਂ ਤਬਦੀਲੀ ਲਈ ਸਾਂਝਾ ਮੋਰਚਾ 100 ਸਾਲ ਪਹਿਲਾਂ ਆਪਣੇ ਪੁਰਖਿਆਂ ਵੱਲੋਂ ਆਜ਼ਾਦੀ ਦੀ ਲੜਾਈ ਵੇਲੇ ਵਾਲੀ ਨਵੀਂ ਸੋਚ ਲੈ ਕੇ, ਨਵੀਂ ਲੀਹ ਪਾਣ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮਨਪ੍ਰੀਤ ਨੂੰ ਪਾਣੀ ਦਾ ਬੁਲਬਲਾ, ਪੰਜਾਬ ਦੇ ਮੁੱਖ ਮੰਤਰੀ ਵਾਵਰੋਲਾ ਆਖਦੇ ਸਨ। ਮੈਂ ਉਨ੍ਹਾਂ ਨੂੰ ਦਸ ਦੇਣਾ ਚਾਹੁੰਦਾ ਹਾਂ ਕਿ ਇਹ ਵਾਵਰੋਲਾ, ਸਾਂਝਾ ਮੋਰਚੇ ਦੇ ਰੂਪ ਵਿਚ ਅੱਜ ਹਨ੍ਹੇਰੀ ਦਾ ਰੂਪ ਧਾਰਨ ਕਰ ਚੁੱਕਿਆ ਹੈ। ਲੋਕਾਂ ਦੀ ਹੋਈ ਇਹ ਨਵੀਂ ਲਾਮਬੰਦੀ ਹੁਣ ਹਨ੍ਹੇਰੀ ਦੇ ਰੂਪ ਵਿਚ ਬਹੁਤ ਕੁੱਝ ਬਦਲ ਦੇਵੇਗੀ। ਉਨ੍ਹਾਂ ਕਿਹਾ ਕਿ ਉਹ ਕੋਈ ਸਬਜ਼ ਬਾਗ਼ ਨਹੀਂ ਦਿਖਾ ਰਿਹਾ, ਲਾਰੇ ਲਾਉਣ ਨਹੀਂ ਆਇਆ। ਲੋਕ ਸਾਥ ਦੇਣ ਉਹ ਪੰਜ ਸਾਲਾਂ ਵਿਚ ਨਹੀਂ ਸਿਰਫ਼ ਪੰਜ ਹਫ਼ਤਿਆਂ ਵਿਚ ਪੰਜਾਬ ਦੀ ਤਸਵੀਰ ਬਦਲ ਕੇ ਰੱਖ ਦੇਵੇਗਾ। ਰਿਸ਼ਵਤ ਸਬੰਧੀ ਬੋਲਦਿਆਂ ਉਨ੍ਹਾਂ ਕਿਹਾ ਕਿ ਇਹ ਉੱਪਰੋਂ ਚੱਲਦੀ ਹੈ। ਉਨ੍ਹਾਂ ਕੁਨਬਾਪਰਵਰੀ, ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਸੂਬੇ ਦੇ ਦੋ ਦਰਜਨ ਦੇ ਕਰੀਬ ਵਿਭਾਗਾਂ ਵਿਚੋਂ ਕੁੱਝ ਦੇ ਨਾਂ ਲੈ ਕੇ ਕਿਹਾ ਕਿ ਉਹ ਇਨ੍ਹਾਂ ਦੇ ਉੱਚ ਅਧਿਕਾਰੀਆਂ ਨੂੰ ਕਾਬੂ ਕਰਨਗੇ। ਮੌਜੂਦਾ ਸਰਕਾਰ ਵੱਲੋਂ ਕਬੱਡੀ ਕੱਪਾਂ ਤੇ ਕੀਤੀਆਂ ਗਈਆਂ ਫ਼ਜ਼ੂਲ ਖ਼ਰਚਿਆਂ ਵਲ ਇਸ਼ਾਰਾ ਕਰਦਿਆਂ ਕਿਹਾ ਕਿ ਅਜਿਹੇ ਪੈਸੇ ਦੇਸ ਦੇ ਬਚਿਆਂ ਲਈ ਸਕੂਲ ਖੋਲ੍ਹਣ, ਰੁਜ਼ਗਾਰ ਦੇ ਮੌਕੇ ਪੈਦਾ ਕਰਨ ਤੇ ਖ਼ਰਚ ਕੀਤੇ ਜਾਣਗੇ। ਲੋਕਾਂ ਦਾ ਇੱਕ ਇੱਕ ਪੈਸਾ ਬਚਾ ਕੇ ਇੱਥੇ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ। ਤਾਂ ਕਿ ਅਗਲੇ ਦਸਾਂ ਸਾਲਾਂ ਪਿੱਛੋਂ ਮੇਰੇ ਲੋਕ ਵਿਦੇਸ਼ਾਂ ਵਿਚ ਗ਼ੈਰਾਂ ਅੱਗੇ ਕੰਮ ਲਈ ਹੱਥ ਅੱਡਣ ਦੀ ਥਾਂ ਆਪਣੇ ਘਰ/ਪਰਿਵਾਰ ਵਿਚ ਰਹਿੰਦਿਆਂ ਹੀ ਕਿਰਤ ਕਰ ਕੇ ਸੁੱਖ ਦੀ ਰੋਟੀ ਖਾ ਸਕਣ। ਉਨ੍ਹਾਂ ਸਾਂਝੇ ਮੋਰਚੇ ਦੇ ਚੋਣ ਨਿਸ਼ਾਨ ਬਾਰੇ ਕਿਹਾ ਕਿ ਸੂਬੇ ਦੀ ਹਾਕਮ ਧਿਰ ਨੇ ਹਰ ਪਾਸੇ, ਰੇਤ, ਟਰਾਂਸਪੋਰਟ ਆਦਿ ਤੱਕ ਤੇ ਨਿੱਜੀ ਕਬਜ਼ਾ ਕਰ ਰੱਖਿਆ ਹੈ ਸਿਰਫ਼ ਹਵਾ ਹੀ ਰਹਿ ਗਈ ਸੀ ਜਿਸ ਤੇ ਉਹ ਕਬਜ਼ਾ ਨਹੀਂ ਕਰ ਸਕਦੇ ਸਨ, ਇਸ ਲਈ ਮੋਰਚੇ ਦੇ ਚੋਣ ਨਿਸ਼ਾਨ ਵਜੋਂ ਪਤੰਗ ਦੀ ਚੋਣ ਕੀਤੀ ਹੈ। ਇਸ ਮੌਕੇ ਹਲਕਾ ਬਲਾਚੌਰ ਤੋਂ ਸਾਂਝੇ ਮੋਰਚੇ ਦੇ ਉਮੀਦਵਾਰ ਚੌਧਰੀ ਦਰਸ਼ਨ ਲਾਲ ਮੰਗੂਪੁਰ, ਬਲਵੀਰ ਸਿੰਘ ਢਿੱਲੋਂ, ਸਤਵਿੰਦਰ ਸਿੰਘ ਸੂਬਾ, ਤਿਰਲੋਚਣ ਸਿੰਘ ਦੁਪਾਲਪੁਰੀ, ਬਾਬਾ ਬਿਕਰਮ ਸਿੰਘ ਸੋਢੀ, ਮਹਾ ਸਿੰਘ ਰੌੜੀਂ, ਵਿਮਲ ਚੌਧਰੀ,ਰਾਣਾ ਕਰਨ ਸਿੰਘ, ਤਰਸੇਮ ਲਾਲ ਚੰਨਿਆਣੀ, ਦੁਰਗੇਸ਼ ਜੰਡੀ, ਓਮ ਪ੍ਰਕਾਸ਼ ਉਧਨੋਵਾਲ, ਸੰਮਤੀ ਮੈਂਬਰ ਪਵਨ ਕੁਮਾਰ ਢਾਂਡ, ਜਗਪਾਲ ਸਿੰਘ ਢਿੱਲੋਂ, ਬਲਵੀਰ ਸਿੰਘ ਟੱਪਰੀਆਂ, ਸੋਹਣ ਸਿੰਘ ਖੰਡੂਪੁਰ, ਦੁਰਗੇਸ਼ ਜੰਡੀ, ਦਲਜੀਤ ਮਾਣੇਵਾਲ, ਹੇਮ ਰਾਜ ਧਕਤਾਣਾ, ਬਲਵੰਤ ਸਿੰਘ ਚਾਂਦਪੁਰੀ, ਰਾਮ ਜੀ ਦਾਸ ਚੇਅਰਮੈਨ ਐਮ.ਆਰ.ਸਿਟੀ, ਕਸ਼ਮੀਰ ਕੌਰ ਸੂਬਾ ਨੇ ਵੀ ਸੰਬੋਧਨ ਕੀਤਾ।
ਪੁਲਿਸ ਵੱਲੋਂ 42 ਹਜ਼ਾਰ ਬੋਤਲਾਂ ਸ਼ਰਾਬ ਬਰਾਮਦ

ਖੂਈਆਂ ਸਰਵਰ, 28 ਜਨਵਰੀ -ਚੋਣਾਂ ਮੌਕੇ ਪੰਜਾਬ 'ਚ ਸ਼ਰਾਬ ਦਾ ਛੇਵਾਂ ਦਰਿਆ ਵਹਿਣ ਦੇ ਡਰੋਂ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਥਾਣਾ ਖੂਈਆਂ ਸਰਵਰ ਦੇ ਮੁਖੀ ਇੰਸਪੈਕਟਰ ਰਾਮ ਸਿੰਘ ਨੇ ਜ਼ਿਲ੍ਹਾ ਪੁਲਿਸ ਮੁਖੀ ਅਸ਼ੋਕ ਬਾਠ ਦੀਆਂ ਹਦਾਇਤਾਂ 'ਤੇ ਗੁਪਤ ਸੂਚਨਾ ਦੇ ਆਧਾਰ 'ਤੇ ਸਥਾਨਕ ਮੰਡੀ 'ਚ ਬਣੇ ਗੈਰ ਮਨਜ਼ੂਰਸ਼ੁਦਾ ਦੋ ਗੋਦਾਮਾਂ 'ਚੋਂ ਈ.ਟੀ.ਓ. ਅਬੋਹਰ ਬਲਵਿੰਦਰ ਸਿੰਘ ਦੀ ਹਾਜ਼ਰੀ 'ਚ ਛਾਪਾ ਮਾਰ ਕੇ 42 ਹਜ਼ਾਰ 84 ਅੰਗ੍ਰੇਜ਼ੀ ਅਤੇ ਦੇਸੀ ਸ਼ਰਾਬ ਦੀਆਂ ਬੋਤਲਾਂ ਜਿਨ੍ਹਾਂ ਦੀ ਕੀਮਤ ਪੰਜਾਹ ਲੱਖ ਤੋਂ ਉੱਪਰ ਹੈ ਬਰਾਮਦ ਕੀਤੀਆਂ ਹਨ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਦੋਸ਼ੀ ਰਾਜਿੰਦਰ ਪਾਲ ਮਹਾਜਨ ਖੂਈਆਂ ਸਰਵਰ ਅਤੇ ਨਵਦੀਪ ਕੁਮਾਰ ਧੂੜੀਆ ਵਾਸੀ ਫ਼ਾਜ਼ਿਲਕਾ ਤੇ ਐਕਸਾਈਜ਼ ਐਕਟ ਦੀ ਧਾਰਾ 61 ਏ ਦੇ ਤਹਿਤ ਮਾਮਲਾ ਦਰਜ ਕਰਕੇ ਉਕਤ ਦੋਸ਼ੀਆਂ ਨੂੰ ਜ਼ਮਾਲਤ 'ਤੇ ਛੱਡ ਦਿੱਤਾ ਹੈ। ਉੱਧਰ ਠੇਕੇਦਾਰ ਦੇ ਕਰਿੰਦਿਆਂ ਮੁਤਾਬਕ ਸ਼ਰਾਬ ਮਨਜ਼ੂਰਸ਼ੁਦਾ ਠੇਕੇ 'ਤੇ ਵੇਚਣ ਲਈ ਰੱਖੀ ਸੀ।
ਇਕ ਲੱਖ ਨਾ ਮਿਲਣ 'ਤੇ ਵਿਆਹੁਤਾ ਦੀ ਹੱਤਿਆ ਕੀਤੀ
ਗੋਨਿਆਣਾ, 28 ਜਨਵਰੀ -ਦਾਜ ਰੂਪੀ ਦੈਂਤਾਂ ਨੂੰ ਇਕ ਲੱਖ ਰੁਪਏ ਦੀ ਰਕਮ ਨਾ ਮਿਲਣ 'ਤੇ ਵਿਆਹੁਤਾ ਦੀ ਗਲ 'ਚ ਰੱਸਾ ਪਾ ਕੇ ਉਸ ਦੀ ਹੱਤਿਆ ਕਰ ਦਿੱਤੀ। ਪੁਲਿਸ ਸਟੇਸ਼ਨ ਨੇਹੀਆਂ ਵਾਲਾ ਦੀ ਪੁਲਿਸ ਨੇ ਮ੍ਰਿਤਕਾਂ ਦੇ ਪਿਤਾ ਦੇ ਬਿਆਨਾਂ ਤੇ ਸ਼ਿਕਾਇਤ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾਂ ਆਪਣੇ ਪਿੱਛੇ ਇਕ ਲੜਕਾ ਛੱਡ ਗਈ। ਹੱਤਿਆ ਤੋਂ ਬਾਅਦ ਸਹੁਰੇ ਪਰਿਵਾਰ ਦੇ ਮੈਂਬਰ ਫ਼ਰਾਰ ਹੋ ਗਏ ਹਨ। ਤਪਾ ਮੰਡੀ ਦੇ ਜ਼ੋਰਾ ਸਿੰਘ ਦੀ ਲੜਕੀ ਹਰਜਿੰਦਰ ਕੌਰ ਦਾ ਵਿਆਹ ਅੱਜ ਤੋਂ ਕਰੀਬ 15ਕੁ ਸਾਲ ਪਹਿਲਾਂ ਹਰਜਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਕੋਠੇ ਨਾਥੀਆਣਾ ਪੁਲਿਸ ਸਟੇਸ਼ਨ ਨੇਹੀਆਂ ਵਾਲਾ (ਬਠਿੰਡਾ) ਵਿਖੇ ਰੀਤੀ ਰਿਵਾਜਾਂ ਅਨੁਸਾਰ ਹੋਇਆ ਸੀ, ਵਿਆਹ ਦੌਰਾਨ ਪਰਿਵਾਰਿਕ ਮੈਂਬਰਾਂ ਨੇ 6 ਕੁ ਲੱਲਖ ਰੁਪਏ ਤੋਂ ਵੱਧ ਖਰਚ ਕੀਤਾ ਸੀ, ਲੜਕੀ ਦੇ ਸਹੁਰੇ ਪਰਿਵਾਰ ਦੇ ਕੁਝ ਮੈਂਬਰ ਹੋਰ ਰਕਮ ਲਿਆਉਣ ਲਈ ਤੰਗ ਪ੍ਰੇਸ਼ਾਨ ਕਰਦੇ ਰਹਿੰਦੇ ਸਨ। ਲੜਕੀ ਦਾ ਪਿਤਾ ਜ਼ੋਰਾ ਸਿੰਘ ਗਰੀਬ ਹੋਣ ਕਰਕੇ ਸਹੁਰੇ ਪਰਿਵਾਰ ਵੱਲੋਂ ਮੰਗੀ ਜਾਂਦੀ ਇਕ ਲੱਖ ਰੁਪੲੈ ਦੀ ਰਕਮ ਦੇਣ ਤੋਂ ਨਾਕਾਮ ਚਲਦਾ ਆ ਰਿਹਾ ਸੀ, ਪਰ ਸਹੁਰੇ ਪਰਿਵਾਰ ਦੇ ਮੈਂਬਰ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਦੇ ਰਹਿੰਦੇ ਤੇ ਕੁੱਟਮਾਰ ਵੀ ਕਰਦੇ ਰਹਿੰਦੇ ਸੀ, ਲੜਕੀ ਦੇ ਪਿਤਾ ਜ਼ੋਰਾ ਸਿੰਘ ਨੇ ਦੱਸਿਆ ਕਿ ਉਹ ਕਈ ਵਾਰੀ ਲੜਕੀ ਦੇ ਸਹੁਰੇ ਪਿੰਡ ਕੋਠੇ ਨਾਥੀਆਣਾ ਵਿਖੇ ਸਹੁਰੇ ਪਰਿਵਾਰ ਨੂੰ ਸਮਝਾਉਣ ਲਈ ਆਉਂਦੇ ਰਹੇ ਪਰ ਉਨ੍ਹਾਂ ਦੇ ਇਕ ਨਾ ਸਰਕੀ। ਲੜਕੀ ਹਰਜਿੰਦਰ ਕੌਰ ਨੇ ਇਕ ਲੜਕੇ ਨੂੰ ਜਨਮ ਵੀ ਦਿੱਤਾ ਪਰ ਸ;ਹੁਰੇ ਪਰਿਵਾਰ 'ਚੋਂ ਸਹੁਰੇ ਗੁਰਚਰਨ ਸਿੰਘ ਤੇ ਪਤੀ ਹਰਜਿੰਦਰ ਸਿੰਘ ਵੱਲੋਂ ਇਕ ਲੱਖ ਦੀ ਮੰਗ ਵਧਦੀ ਗਈ। ਉਕਤ ਦੋਨੋਂ ਮੈਂਬਰਾਂ ਨੇ ਬੀਤੀ ਰਾਤ ਹਰਜਿੰਦਰ ਕੌਰ ਦੇ ਗਲ 'ਚ ਰੱਸਾ ਪਾ ਕੇ ਮੌਤ ਦੇ ਘਾਟ ਉਤਾਰ ਦਿੱਤਾ। ਜਿਸਦੀ ਮੌਕੇ 'ਤੇ ਮੌਤ ਹੋ ਗਈ। ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰ ਤੇ ਥਾਣਾ ਨੇਹੀਆਂ ਵਾਲਾ ਦੀ ਪੁਲਿਸ ਵੀ ਪਹੁੰਚ ਗਈ ਜਦੋਂਕਿ ਇਸ ਘਟਨਾ ਤੋਂ ਬਾਅਦ ਮ੍ਰਿਤਕਾਂ ਹਰਜਿੰਦਰ ਕੌਰ ਦੇ ਪਤੀ ਹਰਜਿੰਦਰ ਸਿੰਘ ਤੇ ਸਹੁਰਾ ਗੁਰਚਰਨ ਸਿੰਘ ਇਸ ਘਟਨਾ ਤੋਂ ਬਾਅਦ ਫ਼ਰਾਰ ਹੋ ਗਏ ਸਨ। ਪੁਲਿਸ ਥਾਣਾ ਨੇਹੀਆਂ ਵਾਲਾ ਨੇ ਮ੍ਰਿਤਕਾਂ ਦੇ ਪਿਤਾ ਜ਼ੋਰਾ ਸਿਘੰ ਦੇ ਬਿਆਨਾਂ ਆਧਾਰਿਤ ਸ਼ਿਕਾਇਤ ਦਰਜ ਕਰਕੇ ਮ੍ਰਿਤਕਾਂ ਦੀ ਲਾਸ਼ ਕਬਜ਼ੇ 'ਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤੀ । ਪੁਲਿਸ ਥਾਣਾ ਨੇਹੀਆਂ ਵਾਲਾ ਦੇ ਮੁੱਖ ਅਫ਼ਸਰ ਅੰਗਰੇਜ਼ ਸਿੰਘ ਨੇ ਦੱਸਿਆ ਕਿ ਉਕਤ ਕੇਸ ਪ੍ਰਤੀ ਮ੍ਰਿਤਕਾਂ ਹਰਜਿੰਦਰ ਕੌਰ ਦੇ ਪਿਤਾ ਦੇ ਬਿਆਨਾਂ ਆਧਾਰਿਤ ਪਤੀ ਹਰਜਿੰਦਰ ਸਿੰਘ ਤੇ ਸਹੁਰੇ ਗੁਰਚਰਨ ਸਿੰਘ ਖਿਲਾਫ਼ ਧਾਰਾ 302 ਅਧੀਨ ਕੇਸ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਡੇਰਾ ਸਿਰਸਾ ਦੇ ਰਾਜਸੀ ਵਿੰਗ ਵੱਲੋਂ ਵਿਚਾਰਾਂ ਜਾਰੀ
ਬਠਿੰਡਾ, 28 ਜਨਵਰੀ - ਪ੍ਰਾਪਤ ਜਾਣਕਾਰੀ ਅਨੁਸਾਰ ਡੇਰਾ ਸਿਰਸਾ ਦੇ ਰਾਜਸੀ ਵਿੰਗ ਦੇ ਇਸ ਸਮੇਂ ਸਿਰਸਾ ਡੇਰਾ ਵਿਖੇ ਮਹੱਤਵਪੂਰਨ ਮੀਟਿੰਗ ਚੱਲ ਰਹੀ ਹੈ, ਜਿਸ ਵਿੱਚ ਹਰੇਕ ਹਲਕੇ ਦੇ ਉਮੀਦਵਾਰਾਂ ਸਬੰਧੀ ਵਿਚਾਰਾਂ ਹੋ ਰਹੀਆਂ ਹਨ। ਡੇਰਾ ਰਾਜਸੀ ਵਿੰਗ ਦੇ ਮੈਂਬਰਾਂ ਦੇ ਮੋਬਾਇਲ ਫੋਨ ਬੰਦ ਆ ਰਹੇ ਹਨ। ਪਤਾ ਲੱਗਾ ਹੈ ਕਿ ਡੇਰਾ ਸਿਰਸਾ ਐਲਾਨੀਆਂ ਰੂਪ ਵਿਚ ਕਿਸੇ ਪਾਰਟੀ ਨੂੰ ਹਮਾਇਤ ਨਹੀਂ ਦੇ ਰਿਹਾ, ਜਦੋਂ ਕਿ ਹਰ ਜ਼ਿਲ੍ਹੇ ਦੀ ਕਮੇਟੀ, ਬਲਾਕ ਕਮੇਟੀਆਂ ਦੇ ਮੈਂਬਰਾਂ ਅਤੇ ਪਿੰਡ ਪੱਧਰ ਦੀ ਇਕਾਈ ਦੇ ਮੁੱਖ਼ੀ ਨੂੰ ਫੈਸਲਾ ਨੂੰ ਜਾਣੂ ਕਰਾਇਆ ਜਾਵੇਗਾ, ਜੋ ਕਿ ਅੱਗੋ ਡੇਰਾ ਸਿਰਸਾ ਦੇ ਸ਼ਰਧਾਲੂਆਂ ਦੀ ਵੋਟ ਭਗਤਾਉਣ ਦਾ ਪ੍ਰਬੰਧ ਕਰਨਗੇ। ਜਾਣਕਾਰੀ ਅਨੁਸਾਰ ਡੇਰਾ ਰਾਜਸੀ ਵਿੰਗ ਵੱਲੋਂ ਜ਼ਿਆਦਾ ਕਰਕੇ ਕਾਂਗਰਸੀ ਉਮੀਦਵਾਰਾਂ ਦੀ ਹਿਮਾਇਤ ਦਿੱਤੇ ਜਾਣ ਦੀ ਸੰਭਾਵਨਾ ਹੈ। ਸ੍ਰੋਮਣੀ ਅਕਾਲੀ ਦਲ ਅਤੇ ਪੀਪਲਜ਼ ਪਾਰਟੀ ਦੇ ਕੁੱਝ ਚੰਗਾ ਅਕਸ ਰੱਖਣ ਵਾਲੇ ਕੁੱਝ ਉਮੀਦਵਾਰਾਂ ਨੂੰ ਹਿਮਾਇਤ ਦਿੱਤੀ ਜਾ ਸਕਦੀ ਹੈ ਤਾਂ ਜੋ ਡੇਰਾ ਦਾ ਨਿਰਪੱਖ ਪੱਖ ਵੀ ਕਾਇਮ ਰਹੇ।

ਹਾਰ ਨੂੰ ਵੇਖਦਿਆਂ ਦਿਮਾਗੀ ਸੰਤੁਲਨ ਗੁਆ ਬੈਠਾ ਹੈ ਕੈਪਟਨ-ਬਾਦਲ


ਜ਼ੀਰਾ, 28 ਜਨਵਰੀ-ਹੁੰਦੀ ਹਾਰ ਨੂੂੰ ਦੇਖਦਿਆਂ ਕੈਪਟਨ ਅਮਰਿੰਦਰ ਸਿੰਘ ਆਪਣਾ ਦਿਮਾਗੀ ਸੰਤੁਲਨ ਗੁਆ ਬੈਠਾ ਹੈ ਜਿਸ ਕਰਕੇ ਚੋਣ ਰੈਲੀਆਂ ਦੌਰਾਨ ਸੰਬੋਧਨ ਕਰਦਿਆਂ ਉਹ ਕਦੇਂ ਬਾਗੀ ਕਾਂਗਰਸੀਆਂ ਨੂੰ ਕਤਲ ਕਰਨ ਦੀ ਗੱਲ ਕਰਦਾ ਹੈ ਅਤੇ ਕਦੇ ਬੁਖਲਾਹਟ ਵਿਚ ਅਕਾਲੀਆਂ ਦੀਆਂ ਖੂੰਡੇ ਨਾਲ ਲੱਤਾਂ ਤੋੜਨ ਦੀ ਜਦੋਂ ਕਿ ਉਸਨੂੰ ਇਹ ਨਹੀਂ ਪਤਾ ਕਿ ਅਕਾਲੀ ਵਰਕਰਾਂ ਨੇ ਕਿਹੜਾ ਚੂੜੀਆਂ ਪਾਈਆਂ ਹਨ ਜੋ ਉਹ ਕਾਂਗਰਸੀਆਂ ਦੀ ਏਨੀ ਧੱਕੇਸ਼ਾਹੀ ਬਰਦਾਸ਼ਤ ਕਰ ਲੈਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦਾਣਾ ਮੰਡੀ ਜ਼ੀਰਾ ਵਿਖੇ ਹਰੀ ਸਿੰਘ ਜ਼ੀਰਾ ਦੇ ਹੱਕ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਰੈਲੀ ਨੂੰ ਡਾ: ਰਤਨ ਸਿੰਘ ਅਜਨਾਲਾ ਮੈਂਬਰ ਪਾਰਲੀ ਮੈਂਟ ਹਲਕਾ ਖਡੂਰ ਸਾਹਿਬ, ਜਥੇ: ਹਰੀ ਸਿੰਘ ਜ਼ੀਰਾ ਸਾਬਕਾ ਮੰਤਰੀ ਪੰਜਾਬ ਅਤੇ ਊਮੀਦਵਾਰ, ਅਜਮੇਰ ਸਿੰਘ ਲੱਖੋਵਾਲ ਚੇਅਰਮੈਨ ਮੰਡੀ ਬੋਰਡ ਅਤੇ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ, ਬਲਵੀਰ ਸਿੰਘ ਰਾਜੋਵਾਲ, ਅਵਤਾਰ ਸਿੰਘ ਜ਼ੀਰਾ ਚੇਅਰਮੈਨ ਸਹਿਕਾਰੀ ਬੈਂਕ, ਭਾਗ ਸਿੰਘ ਢੰਡੀਆਂ ਮੈਂਬਰ ਜਰਨਲ ਕੌਂਸਲ ਸ਼੍ਰੋਮਣੀ ਅਕਾਲੀ ਦਲ ਪੰਜਾਬ ਆਦਿ ਨੇ ਵੀ ਸੰਬੋਧਨ ਕੀਤਾ। ਸ: ਬਾਦਲ ਨੇ ਅੱਗੇ ਕਿਹਾ ਕਿ ਕੇਂਦਰ ਦੀ ਕਾਂਗਰਸ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਸੂਬਾ ਪੰਜਾਬ 'ਤੇ ਪੰਜਾਬੀ ਲੋਕ ਕਰਜਾਈ ਹਨ। ਜਦੋਂ ਕਿ ਸਾਡੇ ਵੱਲੋਂ ਟੈਕਸ ਦੇ ਰੂਪ ਵਿਚ ਭੇਜੀ ਗਈ ਰਾਸ਼ੀ ਵਿਚੋਂ ਕੇਂਦਰ ਸਾਨੂੰ ਕਰੀਬ ਇੱਕ ਫੀਸਦੀ ਹੀ ਵਾਪਸ ਕਰਦਾ ਹੈ। ਕਾਂਗਰਸ ਨੇ ਵਾਰ ਵਾਰ ਤੇਲ ਖਾਦ-ਘਰੇਲੂ ਗੈਸ ਆਦਿ ਦੀਆਂ ਕੀਮਤਾਂ ਵਿਚ ਵਾਧਾ ਕਰਕੇ ਲੋਕਾਂ 'ਤੇ ਮਹਿੰਗਾਈ ਦੀ ਮਾਰ ਪਾਈ ਹੈ ਅਤੇ ਆਪਣੇ-ਆਪ ਨੂੰ ਅਰਥਸ਼ਾਸ਼ਤਰੀ ਅਖਵਾਉਣ ਵਾਲੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਮੈਡਮ ਸੋਨੀਆਂ ਗਾਂਧੀ ਦੇ ਇਸ਼ਾਰਿਆਂ 'ਤੇ ਮਹਿੰਗਾਈ ਵਧਾ ਰਹੇ ਹਨ। ਇਸ ਮੌਕੇ ਬਲਵੰਤ ਸਿੰਘ ਢਿੱਲੋਂ ਪ੍ਰਧਾਨ ਨਗਰ ਕੌਂਸਲ ਜ਼ੀਰਾ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਕੁਲਵਿੰਦਰ ਸਿੰਘ ਸੋਢੀਵਾਲਾ, ਕੈਪਟਨ ਸਵਰਨ ਸਿੰਘ, ਕੁਲਦੀਪ ਸਿੰਘ ਵਿਰਕ ਉਪ ਚੇਅਰਮੈਨ ਬਲਾਕ ਸੰਮਤੀ, ਰਣਜੀਤ ਸਿੰਘ ਕੋਹਾਲਾ ਚੇਅਰਮੈਨ ਬਲਾਕ ਸੰਮਤੀ, ਕਾਰਜ ਸਿੰਘ ਆਹਲਾ ਚੇਅਰਮੈਨ ਮਾਰਕੀਟ ਕਮੇਟੀ ਮਖੂ, ਸੁਖਦੇਵ ਸਿੰਘ ਲੋਹਕਾ ਚੇਅਰਮੈਨ ਮਾਰਕੀਟ ਕਮੇਟੀ ਮੱਲਾਂਵਾਲਾ, ਮਹਿੰਦਰ ਸਿੰਘ ਲਹਿਰਾ ਚੇਅਰਮੈਨ ਲੈਡਮਾਰਗੇਜ ਬੈਂਕ, ਸੁਖਪਾਲ ਸਿੰਘ ਬੁੱਟਰ ਜ਼ਿਲ੍ਹਾ ਪ੍ਰਧਾਨ ਬੀਕੇ ਯੂ, ਅਮਰਜੀਤ ਸਿੰਘ ਘੁੰਮਣ ਕੌਮੀ ਮੀਤ ਪ੍ਰਧਾਨ ਯੂਥ ਅਕਾਲੀ ਦਲ, ਸ਼ਮਿੰਦਰ ਸਿੰਘ ਖਿੰਡਾਂ ਯੂਥ ਅਕਾਲੀ ਆਗੂ, ਸਲਵਿੰਦਰ ਸਿੰਘ ਕਾਲਾ ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ,ਰਜਿੰਦਰ ਬਜਾਜ਼, ਡਾ: ਨਿਰਵੈਰ ਸਿੰਘ ਉੱਪਲ ਪ੍ਰਧਾਨ ਫੈਡਰੇਸ਼ਨ ਗਰੇਵਾਲ, ਦਰਸ਼ਨ ਸਿੰਘ ਬਲਾਕ ਪ੍ਰਧਾਨ ਬੀਕੇਯੂ, ਅਮਰੀਕ ਸਿੰਘ ਵਿਰਕ ਐਡਵੋਕੇਟ, ਸਵਰਨ ਸਿੰਘ ਸੰਧੂ ਐਡਵੋਕੇਟ, ਸੁਖਵਿੰਦਰ ਸਿੰਘ ਸੰਧੂ ਕੌਮੀ ਮੀਤ ਪ੍ਰਧਾਨ ਫੈਡਰੇਸ਼ਨ ਮਹਿਤਾ, ਜੰਗੀਰ ਸਿੰਘ ਪ੍ਰਧਾਨ ਫੈਡਰੇਸ਼ਨ ਮਹਿਤਾ, ਗੁਰਤਰਸੇਮ ਸਿੰਘ ਜੋੜਾ, ਅੰਗਰੇਜ ਸਿੰਘ ਸਰਪੰਚ, ਸਾਰਜ ਸਿੰਘ ਬੰਬ, ਰਣਜੀਤ ਸਿੰਘ ਕੋਹਾਲਾ ,ਬੱਬਣ ਜ਼ੀਰਾ, ਪ੍ਰੀਤਮ ਸਿੰਘ, ਫਰਮਾਨ ਸਿੰਘ ਠੇਕੇਦਾਰ,ਬਲਰਾਜ ਸਿੰਘ ਬੋਤੀਆਂ ਵਾਲਾ, ਗੁਰਵਿੰਦਰ ਸਿੰਘ ਸੇਖਵਾਂ ਸੀਨੀਅਰ ਅਕਾਲੀ ਆਗੂ , ਦਰਸ਼ਨ ਸਿੰਘ ਗਾਦੜੀਵਾਲਾ ਉਪ ਚੇਅਰਮੈਨ, ਧਰਮਪਾਲ ਚੁੱਘ ਪ੍ਰਧਾਨ ਆੜਤੀਆਂ ਐਸੋਸੀਏਸ਼ਨ, ਅਮਰੀਕ ਸਿੰਘ ਅਹੂਜਾ, ਹਰਪਾਲ ਸਿੰਘ ਦਰਗਨ, ਵਰਿੰਦਰ ਠੁਕਰਾਲ ਸਾਬਕਾ ਪ੍ਰਧਾਨ, ਬਲਾਕ ਸੰਮਤੀ ਮੈਂਬਰ ਹਰਜਿੰਦਰ ਸਿੰਘ ਤਲਵੰਡੀ ਮੰਗੇਖਾਂ, ਨਰਿੰਦਰਪਾਲ ਸਿੰਘ ਲੌਗੋਦੇਵਾ, ਗਿਆਨੀ ਸੁੰਦਰ ਸਿੰਘ, ਕਰਮਜੀਤ ਸਿੰਘ ਸਨ੍ਹੇਰ,ਜਗੀਰ ਸਿੰਘ ਭੁੱਲਰ, ਬਲਦੇਵ ਸਿੰਘ ਵਾੜਾ, ਗੁਰਤੇਜ ਸਿੰਘ ਮੀਹਾਂ ਸਿੰਘ ਵਾਲਾ, ਅਮਰਜੀਤ ਸਿੰਘ ਕੱਸੋਆਣਾ ਸਾਰੇ ਬਲਾਕ ਸੰਮਤੀ ਮੈਂਬਰ, ਅਜੈਬ ਸਿੰਘ ਮੀਤ ਪ੍ਰਧਾਨ ਨਗਰ ਕੌਂਸਲ, ਐਮ.ਸੀ ਤਿਲਕਰਾਜ ਨਰੂਲਾ, ਸੁਖਦੇਵ ਸਿੰਘ ਵਿਜ, ਅਮਰ ਸਿੰਘ, ਤਰਸੇਮ ਸਿੰਘ ਰੂਪ, ਅਮਰੀਕ ਸਿੰਘ, ਗੁਲਸ਼ਨ ਸ਼ਰਮਾ, ਜਗਦੀਸ਼ ਸਿੰਘ, ਜਗਦੀਪ ਸਿੰਘ, ਮਲਕੀਤ ਸਿੰਘ ਸਾਰੇ ਕੌਂਸਲਰ, ਜਸਵਿੰਦਰ ਸਿੰਘ ਪ੍ਰਧਾਨ ਸਹਿਕਾਰੀ ਸਭਾ ਸੇਖਵਾ, ਸੁਖਦੇਵ ਸਿੰਘ ਸਰਪੰਚ, ਛਿੰਦਰਪਾਲ ਸਿੰਘ ਸਰਪੰਚ, ਸੰਪੂਰਨ ਸਿੰਘ ਸਰਪੰਚ ਧੰਨਾ ਸ਼ਹੀਦ, ਰਛਪਾਲ ਸਿੰਘ ਸਰਪੰਚ, ਬੋਹੜ ਸਿੰਘ ਸੇਖਵਾਂ, ਗੁਰਦਾਸ ਸਿੰਘ ਆਦਿ ਹਾਜਰ ਸਨ। ਇਸ ਮੌਕੇ ਸਟੇਜ਼ ਸਕੱਤਰ ਦੀ ਭੂਮਿਕਾ ਮਹਿੰਦਰ ਸਿੰਘ ਲਹਿਰਾ ਵੱਲੋਂ ਨਿਭਾਈ ਗਈ।