ਬਾਦਲ ਦੇ ਨਜ਼ਦੀਕੀ ਸਾਬਕਾ ਐੱਸ.ਜੀ.ਪੀ.ਸੀ. ਮੈਂਬਰ ਦੇ ਘਰ ਛਾਪਾ
ਮੁਕਤਸਰ : ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਬੇਹਦ ਖਾਸ ਮੰਨੇ ਜਾਣ ਵਾਲੇ ਐੱਸ.ਜੀ.ਪੀ.ਸੀ. ਦੇ ਸਾਬਕਾ ਮੈਂਬਰ ਦਿਆਲ ਸਿੰਘ ਕੋਲਿਆਂਵਾਲੀ ਦੇ ਘਰ 'ਤੇ ਚੋਣ ਕਮਿਸ਼ਨ ਅਤੇ ਅਮਦਨ ਕਰ ਵਿਭਾਗ ਨੇ ਮਿਲਕੇ ਛਾਪਾ ਮਾਰਿਆ ਹੈ। ਇਹ ਖਬਰ ਸੀ.ਐੱਨ.ਐੱਨ./ਆਈ.ਬੀ.ਐੱਨ.-7 ਨਿਊਜ਼ ਚੈਨਲ ਦੇ ਹਵਾਲੇ ਨਾਲ ਲਿਖੀ ਜਾ ਰਹੀ ਹੈ। ਦਿਆਲ ਸਿੰਘ ਦਾ ਘਰ ਪੰਜਾਬ ਦੇ ਮੁਕਤਸਰ ਦੇ ਕੋਲਿਆਂਵਾਲੀ ਪਿੰਡ 'ਚ ਹੈ। ਇਹ ਪਿੰਡ ਲੰਬੀ ਵਿਧਾਨਸਭਾ ਸੀਟ ਦੇ ਅੰਦਰ ਆਉਂਦਾ ਹੈ। ਇਥੋਂ ਹੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਚੋਣ ਲੜ ਰਿਹੇ ਹਨ। ਦਿਆਲ ਸਿੰਘ ਨੂੰ ਬਾਦਲ ਦਾ ਸੱਜਾ ਹੱਥ ਮੰਨਿਆ ਜਾਂਦਾ ਹੈ। ਪਾਰਟੀ ਅਤੇ ਸਰਕਾਰ 'ਚ ਉਸ ਦਾ ਕਾਫੀ ਰੁਤਬਾ ਹੈ।
ਛਾਪੇ ਸਬੰਧੀ ਸਪਸ਼ਟੀਕਰਨ ਦਿੰਦੇ ਹੋਏ ਦਿਆਲ ਸਿੰਘ ਨੇ ਕਿਹਾ ਕਿ ਕੇਂਦਰ ਦੀ ਕਾਂਗਰਸ ਸਰਕਾਰ ਪੰਜਾਬ ਕਾਂਗਰਸ ਪ੍ਰਧਾਨ ਦੇ ਇਸ਼ਾਰੇ 'ਤੇ ਸਾਨੂੰ ਬੇਵਜ੍ਹਾ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਪਤਾ ਲੱਗ ਚੁੱਕਾ ਹੈ ਕਿ ਉਨ੍ਹਾਂ ਦੀ ਪੰਜਾਬ ਵਿਚ ਬੜੀ ਬੁਰੀ ਤਰ੍ਹਾਂ ਹਾਰ ਹੋਣੀ ਹੈ, ਜਿਸ ਕਰਕੇ ਕੇਂਦਰ ਦੀ ਮਦਦ ਨਾਲ ਸਾਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਫਿਲਹਾਲ ਮੌਕੇ 'ਤੇ ਭਾਰੀ ਪੁਲਸ ਤੈਨਾਤ ਕਰ ਦਿੱਤੀ ਗਈ ਹੈ। ਆਮਦਨ ਕਰ ਵਿਭਾਗ ਦੀ ਟੀਮ ਮਾਮਲੇ ਦੀ ਬਰੀਕੀ ਨਾਲ ਛਾਣਬੀਣ ਕਰ ਰਹੀ ਹੈ।