Sunday 22 January 2012

ਤਾਲਿਬਾਨ ਨੇ ਫੌਜੀਆਂ ਦੇ ਕਤਲੇਆਮ ਬਾਰੇ ਵੀਡੀਓ ਕੀਤਾ ਜਾਰੀ

ਤਾਲਿਬਾਨ ਨੇ ਫੌਜੀਆਂ ਦੇ ਕਤਲੇਆਮ ਬਾਰੇ ਵੀਡੀਓ ਕੀਤਾ ਜਾਰੀ
ਡੇਰਾ ਇਸਮਾਈਲ ਖਾਂ (ਪਾਕਿਸਤਾਨ), 22 ਜਨਵਰੀ -ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨੇ ਇਕ ਵੀਡੀਓ ਜਾਰੀ ਕੀਤਾ ਹੈ ਜਿਸ ਵਿਚ ਪੰਦਰਾਂ  ਪਾਕਿਸਤਾਨੀ ਫੌਜੀਆਂ ਨੂੰ ਮੌਤ ਦੇ ਘਾਟ ਉਤਾਰਦਿਆਂ ਦਿਖਾਇਆ ਗਿਆ ਹੈ।  ਨਾਲ ਹੀ ਪਾਕਿਸਤਾਨ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਜੇ ਉਸ ਨੇ ਤਾਲਿਬਾਨ ਵਿਰੁੱਧ ਕਾਰਵਾਈ ਬੰਦ ਨਾ ਕੀਤੀ ਤਾਂ ਸਭ ਦਾ ਹਾਲ ਇਹੀ ਹੋਵੇਗਾ। ਤਾਲਿਬਾਨ ਨੇ ਉਸ ਵਿਰੁੱਧ ਫੌਜੀ ਮੁਹਿੰਮ ਦਾ ਬਦਲਾ ਲੈਣ ਲਈ ਬੀਤੀ 23 ਦਸੰਬਰ ਨੂੰ ਦੇਸ਼ ਦੇ ਕਬਾਇਲੀ ਖੇਤਰ 'ਚੋਂ ਨੀਮ ਸੁਰੱਖਿਆ ਫੋਰਸਾਂ ਦੇ ਜਵਾਨਾਂ ਨੂੰ ਅਗਵਾ

ਪੰਜਾਬ ਦੇ ਪੈਸੇ ਨਾਲ ਚਲ ਰਹੀ ਹੈ ਕੇਂਦਰ ਸਰਕਾਰ : ਸੁਖਬੀਰ ਬਾਦਲ

ਪੰਜਾਬ ਦੇ ਪੈਸੇ ਨਾਲ ਚਲ ਰਹੀ ਹੈ ਕੇਂਦਰ ਸਰਕਾਰ : ਸੁਖਬੀਰ ਬਾਦਲ
ਲੁਧਿਆਣਾ, 22 ਜਨਵਰੀ -ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਦੀ ਰਾਸ਼ਟਰੀ ਪ੍ਰਧਾਨ ਸੋਨੀਆ ਗਾਂਧੀ ਤੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ 'ਤੇ ਪਲਟਵਾਰ ਕਰਦੇ ਹੋਏ ਕਿਹਾ ਹੈ ਕਿ ਪੰਜਾਬ ਸਰਕਾਰ ਕੇਂਦਰ ਦੇ ਸਹਾਰੇ ਨਹੀਂ, ਬਲਕਿ ਕੇਂਦਰ ਸਰਕਾਰ ਪੰਜਾਬ ਦੇ ਪੈਸੇ ਨਾਲ ਚਲ ਰਹੀ ਹੈ। ਪੰਜਾਬ ਤੋਂ ਜੋ ਟੈਕਸ ਦੇ ਰੂਪ 'ਚ ਪੈਸਾ ਕੇਂਦਰ ਕੋਲ ਜਾਂਦਾ ਹੈ ਉਸ 'ਚੋਂ ਨਾਮਾਤਰ ਪੈਸਾ ਹੀ ਰਾਜ ਨੂੰ ਮਿਲਦਾ ਹੈ। ਉਨ੍ਹਾਂ ਕਿਹਾ ਕਿ 100 ਰੁਪਏ 'ਚੋਂ ਕੇਵਲ 1 ਰੁਪਇਆ 38 ਪੈਸੇ ਹੀ ਰਾਜ ਨੂੰ ਵਾਪਸ ਮਿਲਦੇ ਹਨ। ਇਸ ਦੇ ਇਲਾਵਾ ਪੰਜਾਬ ਸਾਰੇ ਦੇਸ਼ ਨੂੰ ਅਨਾਜ ਪੈਦਾ ਕਰਕੇ ਦਿੰਦਾ ਹੈ। ਸੁਖਬੀਰ ਨੇ ਕਿਹਾ ਕਿ ਸੋਨੀਆ ਗਾਂਧੀ ਤੇ ਮਨਮੋਹਨ ਸਿੰਘ ਜੋ ਕਹਿ ਰਹੇ ਹਨ ਕਿ ਕੇਂਦਰ ਦੀਆਂ ਸਕੀਮਾਂ ਦੇ ਸਹਾਰੇ ਹੀ ਪੰਜਾਬ ਦੀ ਸਰਕਾਰ ਚੱਲੀ ਹੈ, ਉਹ ਬੇਬੁਨਿਆਦ ਹੈ। ਅਸਲੀਅਤ ਤਾਂ ਇਹ ਹੈ ਕਿ ਕੇਂਦਰ ਰਾਜਾਂ ਤੋਂ ਹੀ ਪੈਸਾ ਲੈ ਕੇ ਉਨ੍ਹਾਂ ਨੂੰ ਵੱਖ-ਵੱਖ ਸਕੀਮਾਂ ਲਈ ਪੈਸਾ ਦਿੰਦਾ ਹੈ। ਸੁਖਬੀਰ ਨੇ ਕਿਹਾ ਕਿ ਪੰਜਾਬ 'ਚ ਸੋਨੀਆ ਗਾਂਧੀ ਤੇ ਮਨਮੋਹਨ ਸਿੰਘ ਦੀਆਂ ਰੈਲੀਆਂ ਬੁਰੀ ਤਰਾਂ ਫਲਾਪ ਹੋਈਆਂ ਹਨ। ਸੋਨੀਆ ਗਾਂਧੀ ਨੇ ਮੋਗਾ ਰੈਲੀ ਦਾ ਦੌਰਾ ਇਸ ਲਈ ਰੱਦ ਕਰ ਦਿੱਤਾ ਕਿਉਂਕਿ ਉਸ ਨੇ ਹੈਲੀਕਾਪਟਰ ਦੇ ਜ਼ਰੀਏ ਖਾਲੀ ਕੁਰਸੀਆਂ ਦੇਖ ਲਈਆਂ ਸਨ। ਇਸ ਲਈ ਮੌਸਮ ਦਾ ਬਹਾਨਾ ਬਣਾ ਕੇ ਰੈਲੀ ਦਾ ਪ੍ਰੋਗਰਾਮ ਰੱਦ ਕਰ ਦਿੱਤਾ, ਜਦਕਿ ਕਪੂਰਥਲਾ ਰੈਲੀ 'ਚ ਕੁਰਸੀਆਂ ਖਾਲੀ ਰਹੀਆਂ। ਇਸ ਦੇ ਇਲਾਵਾ ਪ੍ਰਧਾਨ ਮੰਤਰੀ ਦੀ ਰੈਲੀ 'ਚ 60 ਫੀਸਦੀ ਕੁਰਸੀਆਂ ਖਾਲੀ ਰਹੀਆਂ ਸਨ ਜਿਸ ਤੋਂ ਸਪਸ਼ਟ ਹੈ ਕਿ ਲੋਕ ਹੁਣ ਕਾਂਗਰਸ ਤੋਂ ਅੱਕ ਚੁੱਕੇ ਹਨ। ਕੈਪਟਨ ਅਮਰਿੰਦਰ ਸਿੰਘ 'ਤੇ ਪ੍ਰਤੀਕਿਰਿਆ ਵਿਅਕਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਹ ਬੁਖਲਾਹਟ 'ਚ ਆ ਗਏ ਹਨ। ਇਸ ਲਈ ਕਤਲੇਆਮ ਵਰਗੀ ਬਿਆਨਬਾਜ਼ੀ ਕਰ ਰਹੇ ਹਨ, ਜਦਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਲਈ ਵਿਕਾਸ ਹੀ ਮੁੱਖ ਮੁੱਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਆਪਣੀ ਹਾਰ ਦੇਖ ਕੇ ਘਬਰਾ ਗਈ ਹੈ। ਇਸ ਲਈ ਹੁਣ ਅਜਿਹੇ ਬਿਆਨ ਦਾਗਣੇ ਸ਼ੁਰੂ ਕਰ ਦਿੱਤੇ ਹਨ। ਸੁਖਬੀਰ ਨੇ ਦਾਅਵਾ ਕੀਤਾ ਕਿ ਅਕਾਲੀ-ਭਾਜਪਾ ਸਰਕਾਰ ਹੀ ਸੱਤਾ 'ਚ ਆਏਗੀ। ਉਨ੍ਹਾਂ ਕਿਹਾ ਕਿ ਰਾਜ 'ਚ ਵਿੱਤੀ ਸਾਧਨ ਜੁਟਾਉਣ 'ਚ ਅਕਾਲੀ-ਭਾਜਪਾ ਸਰਕਾਰ ਦੀ ਭੂਮਿਕਾ ਅਹਿਮ ਰਹੀ। ਅਮਰਿੰਦਰ ਦੇ ਕਾਰਜਕਾਲ ਦੌਰਾਨ ਮਾਲੀਆ ਪ੍ਰਾਪਤੀਆਂ 35 ਹਜ਼ਾਰ ਕਰੋੜ ਸਨ, ਜਦਕਿ ਅਕਾਲੀ-ਭਾਜਪਾ ਸਰਕਾਰ 'ਚ ਇਹ ਵਧ ਕੇ 76 ਹਜ਼ਾਰ ਕਰੋੜ ਹੋ ਗਈਆਂ, ਅਗਲੇ 5 ਸਾਲਾਂ 'ਚ ਇਹ ਪ੍ਰਾਪਤੀਆਂ 1 ਲੱਖ 70 ਹਜ਼ਾਰ ਕਰੋੜ ਹੋ ਜਾਣਗੀਆਂ। ਜਦ ਸੁਖਬੀਰ ਤੋਂ ਪੁੱਛਿਆ ਗਿਆ ਕਿ ਕੁਝ ਸਮਾਜ ਸੇਵੀ ਸੰਸਥਾਵਾਂ ਮੰਗ ਕਰ ਰਹੀਆਂ ਹਨ ਕਿ ਚੋਣ ਮੈਨੀਫੈਸਟੋ ਦਾ ਕਾਨੂੰਨੀ ਦਸਤਾਵੇਜ ਹੋਣਾ ਚਾਹੀਦਾ ਹੈ ਤਾਂ ਇਸ 'ਤੇ ਸੁਖਬੀਰ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਤਾਂ ਸਭ ਵਾਅਦੇ ਪੂਰੇ ਕੀਤੇ ਹਨ ਤੇ ਭਵਿੱਖ 'ਚ ਵੀ ਸਭ ਵਾਅਦੇ ਪੂਰੇ ਕੀਤੇ ਜਾਣਗੇ। ਸੁਖਬੀਰ ਨੇ ਕਿਹਾ ਕਿ ਚੋਣ ਮੈਨੀਫੈਸਟੋ ਨੂੰ ਕਾਨੂੰਨੀ ਦਸਤਾਵੇਜ਼ ਦਾ ਦਰਜਾ ਤਾਂ ਕੇਂਦਰ ਸਰਕਾਰ ਦੇਵੇ, ਤਾਂ ਕਿ ਸਭ ਪਾਰਟੀਆਂ 'ਤੇ ਇਹ ਨਿਯਮ ਲਾਗੂ ਹੋ ਸਕੇ।
ਫੈਡਰਲ ਢਾਂਚੇ ਲਈ ਲੜਾਈ ਲੜਾਂਗੇ:  ਢੀਂਡਸਾ¸ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਹੁਣ ਫੈਡਰਲ ਢਾਂਚੇ ਲਈ ਲੜਾਈ ਲੜੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਰਹੇਗੀ ਕਿ ਦੂਜੀਆਂ ਪਾਰਟੀਆਂ ਨੂੰ ਵੀ ਇਸ 'ਚ ਸ਼ਾਮਲ ਕੀਤਾ ਜਾਵੇ, ਕਿਉਂਕਿ ਕੇਂਦਰ ਸਰਕਾਰ ਰਾਜਾਂ ਦੇ ਨਾਲ ਹਮੇਸ਼ਾ ਧੱਕਾ ਕਰਦੀ ਹੈ।

ਪਹਿਲਾਂ 80 ਕਿੱਲੇ ਥਾਂ ਸੀ, ਹੁਣ ਬਾਦਲ ਕੋਲ 2000 ਕਰੋੜ ਦੇ ਹੋਟਲ ਕਿਥੋਂ ਆਏ : ਅਮਰਿੰਦਰ ਸਿੰਘ

ਪਹਿਲਾਂ 80 ਕਿੱਲੇ ਥਾਂ ਸੀ, ਹੁਣ ਬਾਦਲ ਕੋਲ 2000 ਕਰੋੜ ਦੇ ਹੋਟਲ ਕਿਥੋਂ ਆਏ : ਅਮਰਿੰਦਰ ਸਿੰਘ

ਜੈਤੋ, 22 ਜਨਵਰੀ -ਰਾਮ ਲੀਲਾ ਗਰਾਊਂਡ ਜੈਤੋਂ ਵਿਖੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਵਿਸ਼ਾਲ ਜਨ ਸਮੂਹ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ 'ਚ ਜਿਹੜਾ ਵਿਕਾਸ ਕੀਤਾ ਜਾ ਰਿਹਾ ਹੈ, ਸਾਰਾ ਕੇਂਦਰ ਸਰਕਾਰ ਦੀਆਂ ਸਕੀਮਾਂ ਅਧੀਨ ਹੀ ਕੀਤਾ ਜਾ ਰਿਹਾ ਹੈ। ਅਕਾਲੀ ਦਲ ਵਲੋਂ ਜਾਰੀ ਕੀਤਾ ਹੋਇਆ ਚੋਣ ਮੈਨੀਫੈਸਟੋ ਵੀ ਪਹਿਲਾਂ ਵਾਲਾ ਹੀ ਹੈ, ਜਿਸ ਵਿਚ ਸਾਰੀਆਂ ਹੀ ਗੱਲਾਂ ਪੁਰਾਣੀਆਂ ਹਨ। ਅਜੇ ਪੰਜਾਬ ਔਖੀ ਘੜੀ ਵਿਚੋਂ ਲੰਘ ਰਿਹਾ ਹੈ। ਬਿਜਲੀ 24 ਘੰਟੇ ਦੇਣ ਦੇ ਵਾਅਦੇ ਖੋਖਲੇ ਨਿਕਲੇ, ਹੁਣ ਬਿਜਲੀ ਗਾਇਬ ਹੀ ਰਹਿੰਦੀ ਹੈ। ਸ਼ੁਰੂ ਵਿਚ ਜਦ ਪ੍ਰਕਾਸ਼ ਸਿੰਘ ਬਾਦਲ ਰਾਜਨੀਤੀ 'ਚ ਆਏ ਸਨ ਉਸ ਸਮੇਂ ਉਨ੍ਹਾਂ ਕੋਲ ਸਿਰਫ 80 ਕਿੱਲੇ ਜ਼ਮੀਨ ਸੀ, ਜਦ ਕਿ ਹੁਣ ਉਨ੍ਹਾਂ ਕੋਲ 2000 ਕਰੋੜ ਦੇ ਹੋਟਲ ਹੀ ਹਨ। ਇਹ ਸਭ ਕਿਥੋਂ ਆਏ? ਪੰਜਾਬ 'ਚ ਕੇਬਲ, ਸ਼ਰਾਬ ਅਤੇ ਰੇਤੇ ਆਦਿ 'ਤੇ ਵੀ ਉਨ੍ਹਾਂ ਵਲੋਂ ਕਬਜ਼ੇ ਕਰਕੇ ਚੰਗੀ ਕੁਰੱਪਸ਼ਨ ਕੀਤੀ ਜਾ ਰਹੀ ਹੈ।
ਉਨ੍ਹਾਂ ਨੇ ਸੁਖਬੀਰ ਬਾਦਲ ਨੂੰ ਵੀ ਦੁਬੰਗਾ ਜਿਹਾ ਮੁੰਡਾ ਕਹਿ ਕੇ ਸੰਬੋਧਨ ਕੀਤਾ। ਕੈਪਟਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਉਣ 'ਤੇ ਪੰਜਾਬ ਵਿਚੋਂ ਬੇਰੋਜ਼ਗਾਰੀ ਦੂਰ ਕਰਨ ਦੇ ਹਰ ਯਤਨ ਕੀਤੇ ਜਾਣਗੇ। ਸਕੀਮਾਂ ਜਿਹੜੀਆਂ ਪੰਜਾਬ 'ਚ ਚਲ ਰਹੀਆਂ ਹਨ ਜਿਵੇਂ ਬੁਢਾਪਾ ਪੈਨਸ਼ਨ, ਸ਼ਗਨ ਸਕੀਮਾਂ, ਵਿਧਵਾ ਪੈਨਸ਼ਨ ਜਾਂ ਹੋਰ ਲਾਭਦਾਇਕ ਸਕੀਮਾਂ ਨੂੰ ਦੋ ਗੁਣਾ ਕਰ ਦਿੱਤਾ ਜਾਵੇਗਾ। ਪੰਜਾਬ 'ਚ ਪਾਣੀ ਦਾ ਸਿਸਟਮ ਠੀਕ ਕੀਤਾ ਜਾਵੇਗਾ। ਕਿਸਾਨਾਂ ਦੇ ਹੱਕ 'ਚ ਵਧੀਆ ਫੈਸਲੇ ਲਏ ਜਾਣਗੇ। ਬਿਜਲੀ ਮਾਫ ਕਰਨ ਦੀ ਸਕੀਮ ਫਿਰ ਤੋਂ ਲਾਗੂ ਕੀਤੀ ਜਾਵੇਗੀ। ਅੱਜ ਪੰਜਾਬ ਦੀ ਸਥਿਤੀ ਤੋਂ ਸਾਰੇ ਲੋਕਾਂ ਨੂੰ ਭਲੀਭਾਂਤ ਜਾਣੂ ਕਰਵਾਇਆ ਜਾ ਰਿਹਾ ਹੈ। ਡਿਵੈਲਪਮੈਂਟ ਲਈ ਆਏ ਹੋਏ ਫੰਡ ਗਲਤ ਕੰਮਾਂ ਲਈ ਵਰਤੇ ਗਏ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਦੀਆਂ ਹੋਰ ਵੀ ਕਾਫੀ ਊਣਤਾਈਆਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ ਅਤੇ ਕਾਂਗਰਸ ਨੂੰ ਪੰਜਾਬ 'ਚ ਲਿਆਉਣ ਬਾਰੇ ਬੇਨਤੀ ਕੀਤੀ। ਇਸ ਮੌਕੇ 'ਤੇ ਕਾਂਗਰਸੀ ਆਗੂ ਸੁਰਿੰਦਰ ਗੁਪਤਾ, ਪਵਨ ਗੋਇਲ, ਨਿਰਮਲ ਸਿੰਘ ਮੌੜ, ਗੁਰਦਨ ਸਿੰਘ, ਸਤਪਾਲ ਡੋਡ, ਪੱਪੂ ਕੋਚਰ, ਭੂਸ਼ਨ ਰੋਮਾਣਾ, ਉਮੀਦਵਾਰ ਜੋਗਿੰਦਰ ਸਿੰਘ, ਕਰਮ ਮਿੱਤਲ ਆਦਿ ਵੀ ਮੌਜੂਦ ਸਨ।

ਜਦੋਂ ਕੈਪਟਨ ਨੂੰ ਵੀ ਹੈਲੀਪੈਡ 'ਤੇ ਦੇਣੀ ਪਈ ਤਲਾਸ਼ੀ

ਜਦੋਂ ਕੈਪਟਨ ਨੂੰ ਵੀ ਹੈਲੀਪੈਡ 'ਤੇ ਦੇਣੀ ਪਈ ਤਲਾਸ਼ੀ
ਜਲੰਧਰ, 22 ਜਨਵਰੀ-ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ਵਿਚ ਚੋਣ ਕਮਿਸ਼ਨ ਵਲੋਂ ਕੀਤੀ ਗਈ ਸਖਤੀ ਹੁਣ ਚੋਣ ਮੈਦਾਨ ਵਿਚ ਉਤਰੀਆਂ ਸਿਆਸੀ ਪਾਰਟੀਆਂ ਦੇ ਸਟਾਰ ਕੰਪੇਨਰਾਂ ਨੂੰ ਵੀ ਸਹਿਣੀ ਪੈ ਰਹੀ ਹੈ। ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਸ਼ਨੀਵਾਰ ਜਦੋਂ ਜਲੰਧਰ ਦੀ ਪੀ.ਏ.ਪੀ. ਗਰਾਊਂਡ ਵਿਚ ਬਣੇ ਹੈਲੀਪੈਡ ਤੋਂ ਅੰਮ੍ਰਿਤਸਰ ਲਈ ਰਵਾਨਾ ਹੋਣ ਲੱਗੇ ਤਾਂ ਉਥੇ ਮੌਜੂਦ ਸੁਰੱਖਿਆ ਅਧਿਕਾਰੀਆਂ ਨੇ ਕੁਝ ਮਿੰਟ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਰੋਕ ਲਿਆ। ਉਨ੍ਹਾਂ ਪਹਿਲਾਂ ਤਾਂ ਕੈਪਟਨ ਨੂੰ ਸਲਿਊਟ ਮਾਰਿਆ ਅਤੇ ਫਿਰ ਕਿਹਾ ਕਿ ਚੋਣ ਕਮਿਸ਼ਨ ਦੇ ਹੁਕਮਾਂ ਨੂੰ ਦੇਖਦਿਆਂ ਉਨ੍ਹਾਂ ਨੂੰ ਉਨ੍ਹਾਂ ਦੀ ਤਲਾਸ਼ੀ ਲੈਣੀ ਹੋਵੇਗੀ। ਕੈਪਟਨ ਨੇ ਇਸ 'ਤੇ ਕੋਈ ਇਤਰਾਜ਼ ਨਹੀਂ ਕੀਤਾ ਅਤੇ ਸੁਰੱਖਿਆ ਡਿਊਟੀ 'ਤੇ ਮੌਜੂਦ ਇਕ ਪੁਲਸ ਅਧਿਕਾਰੀ ਨੇ ਕੈਪਟਨ ਦੇ ਕੋਟ ਦੀ ਤਲਾਸ਼ੀ ਲਈ।  ਉਸ ਪਿੱਛੋਂ ਕੈਪਟਨ ਅਮਰਿੰਦਰ ਸਿੰਘ ਹੈਲੀਕਾਪਟਰ ਵਿਚ ਬੈਠ ਕੇ ਅੰਮ੍ਰਿਤਸਰ  ਰਵਾਨਾ ਹੋ ਗਏ। ਇਸ ਗੱਲ ਦੀ ਸਿਆਸੀ ਹਲਕਿਆਂ ਵਿਚ ਬਹੁਤ ਚਰਚਾ ਰਹੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਹੋਈਆਂ ਅਸੈਂਬਲੀ ਚੋਣਾਂ ਵਿਚ ਹੈਲੀਕਾਪਟਰ ਵਿਚ ਸਟਾਰ ਕੰਪੇਨਰਾਂ 'ਤੇ ਜਾਣ 'ਤੇ ਕਿਸੇ ਵੀ ਪ੍ਰਮੁੱਖ ਸਿਆਸਤਦਾਨ ਨੂੰ ਨਾ ਤਾਂ ਰੋਕਿਆ ਜਾਂਦਾ ਸੀ ਅਤੇ ਨਾ ਹੀ ਉਨ੍ਹਾਂ ਦੀ ਤਲਾਸ਼ੀ ਲਈ ਜਾਂਦੀ ਸੀ। ਚੋਣ ਕਮਿਸ਼ਨ ਨੇ ਇਹ ਕਦਮ ਇਸ ਲਈ ਚੁੱਕਿਆ ਤਾਂ ਜੋ ਹੈਲੀਕਾਪਟਰ ਵਿਚ ਕੋਈ ਵੀ ਸਿਆਸਤਦਾਨ ਆਪਣੇ ਨਾਲ ਨਕਦੀ ਨਾ ਲਿਜਾ ਸਕੇ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਮਨੋਰਥ ਪੱਤਰ ਜਾਰੀ
ਪੰਜਾਬ ਦੇ ਭਵਿੱਖ ਨੂੰ ਸੁਨਹਿਰੀ ਬਣਾਵਾਂਗੇ-ਸੁਖਬੀਰ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਲੁਧਿਆਣਾ ਵਿਖੇ ਸ਼੍ਰੋਮਣੀ ਅਕਾਲੀ ਦਲ ਦਾ ਚੋਣ ਮਨੋਰਥ ਪੱਤਰ ਜਾਰੀ ਕਰਦੇ ਹੋਏ। ਉਨ੍ਹਾਂ ਨਾਲ (ਖੱਬੇ) ਸ: ਸੁਖਦੇਵ ਸਿੰਘ ਢੀਂਡਸਾ, ਹਰਚਰਨ ਬੈਂਸ, ਹੀਰਾ ਸਿੰਘ ਗਾਬੜੀਆ ਅਤੇ (ਸੱਜੇ) ਨਰੇਸ਼ ਗੁਜਰਾਲ, ਮਹੇਸ਼ਇੰਦਰ ਸਿੰਘ ਗਰੇਵਾਲ, ਪਰਮਜੀਤ ਸਿੰਘ ਖਾਲਸਾ, ਜਥੇਦਾਰ ਪ੍ਰੀਤਮ ਸਿੰਘ ਭਰੋਵਾਲ ਅਤੇ ਜਤਿੰਦਰਪਾਲ ਸਿੰਘ ਸਲੂਜਾ ਆਦਿ ਨਜ਼ਰ ਆ ਰਹੇ ਹਨ।
: ਕਿਸਾਨਾਂ ਲਈ ਪ੍ਰਾਵੀਡੈਂਟ ਫੰਡ ਯੋਜਨਾ : 10 ਲੱਖ ਬੇਰੁਜ਼ਗਾਰ ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ
: 11ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੂੰ ਮੁਫ਼ਤ ਲੈਪਟਾਪ
: ਕਿਸਾਨਾਂ ਨੂੰ ਮਿਲਦੀ ਰਹੇਗੀ ਮੁਫ਼ਤ ਬਿਜਲੀ
: 16 ਲੱਖ ਨੀਲੇ ਕਾਰਡ ਧਾਰਕਾਂ ਨੂੰ ਮਿਲੇਗਾ 1 ਰੁਪਿਆ ਕਿਲੋ ਆਟਾ


ਲੁਧਿਆਣਾ, 22 ਜਨਵਰੀ-ਸ਼੍ਰੋਮਣੀ ਅਕਾਲੀ ਦਲ ਵੱਲੋਂ ਜਾਰੀ ਚੋਣ ਮਨੋਰਥ ਪੱਤਰ ਵਿਚ ਹਰ ਵਰਗ ਦੇ ਲੋਕਾਂ ਨੂੰ ਵਿਸ਼ੇਸ਼ ਰਾਹਤਾਂ ਅਤੇ ਰਿਆਇਤਾਂ ਦਾ ਐਲਾਨ ਕਰਦਿਆਂ ਮੌਜੂਦਾ ਅਕਾਲੀ-ਭਾਜਪਾ ਸਰਕਾਰ ਵੱਲੋਂ ਸ਼ੁਰੂ ਕੀਤੀ ਪ੍ਰਸ਼ਾਸਨਿਕ ਸੁਧਾਰਾਂ ਦੀ ਲੜੀ ਨੂੰ ਜਾਰੀ ਰੱਖਣ, ਲੋਕਾਂ ਨੂੰ ਭ੍ਰਿਸ਼ਟਾਚਾਰ ਰਹਿਤ ਪ੍ਰਸ਼ਾਸਨ ਦੇਣ, ਦੇਸ਼-ਵਿਆਪੀ ਮਹਿੰਗਾਈ ਦੀ ਮਾਰ ਝੱਲ ਰਹੇ ਗਰੀਬ ਅਤੇ ਪਛੜੇ ਵਰਗਾਂ ਦੇ ਲੋਕਾਂ ਨੂੰ ਰਾਹਤ ਦੇਣ ਲਈ ਸਮਾਜਿਕ ਕਲਿਆਣ ਦੀਆਂ ਨੀਤੀਆਂ ਨੂੰ ਅੱਗੇ ਵਧਾਉਂਦੇ ਹੋਏ ਮੁਕੰਮਲ ਬੁਨਿਆਦੀ ਢਾਂਚਾ ਉਸਾਰਨ, ਸਿਹਤ, ਸਿੱਖਿਆ, ਖੇਤੀਬਾੜੀ ਅਤੇ ਰੁਜ਼ਗਾਰ ਦੇ ਖੇਤਰਾਂ ਵਿਚ ਕ੍ਰਾਂਤੀਕਾਰੀ ਕਦਮ ਚੁੱਕ ਕੇ ਪੰਜਾਬ ਦੇ ਭਵਿੱਖ ਨੂੰ ਸੁਨਹਿਰੀ ਬਣਾਉਣ ਦਾ ਵਾਅਦਾ ਕੀਤਾ ਗਿਆ ਹੈ।
ਅੱਜ ਇਥੇ ਪਾਰਟੀ ਦਾ ਚੋਣ ਮਨੋਰਥ ਪੱਤਰ ਜਾਰੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੇ ਚੋਣ ਮਨੋਰਥ ਪੱਤਰ ਨੂੰ ਪੰਜਾਬ ਵਾਸੀਆਂ ਦੀਆਂ ਭਵਿੱਖੀ ਲੋੜਾਂ ਨੂੰ ਪੂਰੀਆਂ ਕਰਨ ਵਾਲੀਆਂ ਨਵੀਆਂ ਯੋਜਨਾਵਾਂ ਦਾ ਦਸਤਾਵੇਜ਼ ਦੱਸਿਆ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਪਿਛਲੇ ਸਮੇਂ ਦੌਰਾਨ ਜਨਤਾ ਨਾਲ ਜੋ ਵਾਅਦੇ ਕੀਤੇ, ਉਨ੍ਹਾਂ ਨੂੰ ਪੂਰਾ ਕਰ ਵਿਖਾਇਆ। ਉਨ੍ਹਾਂ ਕਿਹਾ ਕਿ ਇਹ ਚੋਣ ਮਨੋਰਥ ਪੱਤਰ ਕੋਈ ਰਾਜਨੀਤਕ ਬਿਆਨ ਨਹੀਂ ਹੈ, ਸਗੋਂ ਭਵਿੱਖ ਦੀਆਂ ਯੋਜਨਾਵਾਂ ਉਪਰ ਅਮਲ ਦਾ ਸੰਕਲਪ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਭਲੀ-ਭਾਂਤ ਜਾਣਦੇ ਹਨ ਕਿ ਸਾਡੀ ਸਰਕਾਰ ਨੇ ਜੋ ਵਾਅਦੇ ਕੀਤੇ, ਉਨ੍ਹਾਂ ਨੂੰ ਪੂਰਾ ਵੀ ਕੀਤਾ। ਉਨ੍ਹਾਂ ਕਿਹਾ ਕਿ ਸਾਡੇ ਵਿਰੋਧੀ ਹੁਣ ਤਕ ਇਹੀ ਪ੍ਰਚਾਰ ਕਰਦੇ ਰਹੇ ਹਨ ਕਿ ਅਸੀਂ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇਣ, ਗਰੀਬਾਂ ਨੂੰ ਆਟਾ-ਦਾਲ ਸਕੀਮ ਦਾ ਲਾਭ ਦੇਣ, ਦਲਿਤ ਪਰਿਵਾਰਾਂ ਨੂੰ ਸ਼ਗਨ ਸਕੀਮ ਅਤੇ ਬਜ਼ੁਰਗਾਂ ਨੂੰ ਪੈਨਸ਼ਨ ਦੇਣ ਦੇ ਵਾਅਦੇ ਪੂਰੇ ਨਹੀਂ ਕਰਾਂਗੇ, ਪਰ ਅਸੀਂ ਨਾ ਸਿਰਫ ਇਹ ਸਕੀਮਾਂ ਜਾਰੀ ਰੱਖ ਕੇ ਆਪਣੇ ਵਾਅਦੇ ਪੂਰੇ ਕੀਤੇ ਸਗੋਂ ਇਸਦੇ ਨਾਲ ਹੀ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਉਸਾਰਨ ਅਤੇ ਫਲਾਈਓਵਰਾਂ, ਪੁਲਾਂ ਅਤੇ ਬਾਈਪਾਸਾਂ ਦੀ ਉਸਾਰੀ ਸੂਬੇ ਵਿਚ ਅੰਤਰਰਾਸ਼ਟਰੀ ਅਤੇ ਘਰੇਲੂ ਉਡਾਣਾਂ ਲਈ ਹਵਾਈ ਅੱਡੇ ਲਿਆਉਣ, 20 ਹਜ਼ਾਰ ਕਰੋੜ ਰੁਪਏ ਦੀ ਲਾਗਤ ਵਾਲੀ ਬਠਿੰਡਾ ਰਿਫਾਈਨਰੀ ਸ਼ੁਰੂ ਕਰਨ ਅਤੇ ਥਰਮਲ ਪਲਾਂਟ ਲਗਾਉਣ ਦੇ ਨਾਲ-ਨਾਲ ਆਪਣੀਆਂ ਧੀਆਂ-ਭੈਣਾਂ ਨੂੰ ਮੁਫ਼ਤ ਸਾਈਕਲ ਦੇਣ ਵਰਗੀਆਂ ਯੋਜਨਾਵਾਂ ਨੂੰ ਪੂਰਾ ਕਰਨ ਵਿਚ ਵੀ ਕਾਮਯਾਬ ਹੋਏ ਹਾਂ। ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਸੀਂ ਇਸ ਤੋਂ ਅੱਗੇ ਜਾਣ ਅਤੇ ਇਹ ਵਿਖਾਉਣ ਲਈ ਵਚਨਬੱਧ ਹਾਂ ਕਿ ਅਸੀਂ ਨਾ ਸਿਰਫ ਵਾਅਦੇ ਕਰਦੇ ਹਾਂ, ਸਗੋਂ ਉਨ੍ਹਾਂ ਨੂੰ ਪੂਰਾ ਵੀ ਕਰਦੇ ਹਾਂ। ਚੋਣ ਮਨੋਰਥ ਪੱਤਰ ਜਾਰੀ ਕਰਨ ਸਮੇਂ ਮੈਨੀਫੈਸਟੋ ਤਿਆਰ ਕਰਨ ਵਾਲੀ ਕਮੇਟੀ ਦੇ ਮੁਖੀ ਸ: ਸੁਖਦੇਵ ਸਿੰਘ ਢੀਂਡਸਾ, ਸ੍ਰੀ ਨਰੇਸ਼ ਗੁਜਰਾਲ, ਸ: ਮਹੇਸ਼ਇੰਦਰ ਸਿੰਘ ਗਰੇਵਾਲ, ਜਥੇਦਾਰ ਹੀਰਾ ਸਿੰਘ ਗਾਬੜੀਆ ਤੇ ਸ੍ਰੀ ਹਰਚਰਨ ਬੈਂਸ ਵੀ ਹਾਜ਼ਰ ਸਨ।
ਸ਼੍ਰੋਮਣੀ ਅਕਾਲੀ ਦਲ ਦੇ ਚੋਣ ਮਨੋਰਥ ਪੱਤਰ ਵਿਚ ਪੱਛਮੀ ਦੇਸ਼ਾਂ ਵਿਚ ਚੱਲਦੀਆਂ ਸਮਾਜਿਕ ਸੁਰੱਖਿਆ ਦੀਆਂ ਯੋਜਨਾਵਾਂ ਦੀ ਤਰ੍ਹਾਂ ਬੇਰੁਜ਼ਗਾਰੀ ਭੱਤਾ ਦੇਣ ਦਾ ਵਾਅਦਾ ਕੀਤਾ ਗਿਆ ਹੈ। ਇਸ ਯੋਜਨਾ ਅਧੀਨ 30 ਸਾਲ ਤੋਂ ਘੱਟ ਉਮਰ ਦੇ ਅਤੇ ਰੁਜ਼ਗਾਰ ਦਫ਼ਤਰਾਂ ਵਿਚ ਪੰਜੀਕ੍ਰਿਤ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਦੇ ਨੌਜਵਾਨਾਂ ਨੂੰ ਉਚੇਰੀ ਸਿੱਖਿਆ ਅਤੇ ਹੁਨਰ ਨੂੰ ਅਪਗ੍ਰੇਡ ਕਰਨ ਲਈ ਤਿੰਨ ਸਾਲ ਤੱਕ 1000 ਰੁਪਏ ਪ੍ਰਤੀ ਮਹੀਨਾ ਭੱਤਾ ਦਿੱਤਾ ਜਾਵੇਗਾ। ਨੌਜਵਾਨਾਂ ਲਈ 10 ਲੱਖ ਨੌਕਰੀਆਂ ਦੇ ਅਵਸਰ ਪੈਦਾ ਕਰਨ, ਇਨ੍ਹਾਂ ਵਿਚੋਂ 2 ਲੱਖ ਨੌਕਰੀਆਂ ਸਰਕਾਰੀ ਖੇਤਰ ਵਿਚ, ਮੁਹਾਲੀ ਅਤੇ ਅੰਮ੍ਰਿਤਸਰ ਦੀਆਂ ਆਈ. ਟੀ. ਹੱਬ ਵਿਚ ਦੋ-ਦੋ ਲੱਖ ਨੌਕਰੀਆਂ ਅਤੇ ਦੋ ਲੱਖ ਨੌਕਰੀਆਂ ਦਾ ਪ੍ਰਬੰਧ ਉਦਯੋਗਿਕ ਖੇਤਰ ਵਿਚ ਕੀਤਾ ਜਾਵੇਗਾ।
ਚੋਣ ਮੈਨੀਫੈਸਟੋ ਵਿਚ ਪਾਰਟੀ ਵੱਲੋਂ ਜੋ ਮੁੱਖ ਐਲਾਨ ਕੀਤੇ ਗਏ ਹਨ, ਉਨ੍ਹਾਂ ਵਿਚ 5 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਨੂੰ ਟਿਊਬਵੈੱਲ ਕੁਨੈਕਸ਼ਨ ਤੁਰੰਤ ਦੇਣ ਦੀ ਵਿਵਸਥਾ ਕਰਨ ਅਤੇ ਆਉਂਦੇ ਇਕ-ਡੇਢ ਸਾਲ ਵਿਚ ਟਿਊਬਵੈੱਲ ਕੁਨੈਕਸ਼ਨ ਲਈ ਦਿੱਤੀਆਂ ਪਿਛਲੀਆਂ ਸਾਰੀਆਂ ਅਰਜ਼ੀਆਂ ਤਹਿਤ ਕੁਨੈਕਸ਼ਨ ਦੇਣ ਦਾ ਪ੍ਰਬੰਧ ਕਰਨ ਬਾਰੇ ਕਿਹਾ ਗਿਆ ਹੈ ਕਿਉਂਕਿ ਸ: ਸੁਖਬੀਰ ਸਿੰਘ ਬਾਦਲ ਅਨੁਸਾਰ ਉਦੋਂ ਤੱਕ ਪੰਜਾਬ ਵਾਧੂ ਬਿਜਲੀ ਉਤਪਾਦਨ ਵਾਲਾ ਸੂਬਾ ਬਣ ਚੁੱਕਾ ਹੋਵੇਗਾ।
ਸੂਬੇ ਦੇ ਸਾਰੇ 16 ਲੱਖ ਨੀਲੇ ਕਾਰਡ ਧਾਰਕ ਲਾਭਪਾਤਰੀਆਂ ਲਈ ਮੁਫਤ ਸਿਹਤ ਸੰਭਾਲ ਸਕੀਮ ਦਾ ਵਾਅਦਾ ਕੀਤਾ ਗਿਆ ਹੈ। ਇਸ ਦਾ ਲਾਭ ਵਿਧਵਾਵਾਂ, ਬਜ਼ੁਰਗ ਪੈਨਸ਼ਨਭੋਗੀਆਂ ਅਤੇ 5 ਏਕੜ ਤੋਂ ਘੱਟ ਜ਼ਮੀਨ ਦੇ ਮਾਲਿਕ ਸਾਰੇ ਕਿਸਾਨਾਂ ਨੂੰ ਮਿਲੇਗਾ। ਇਸ ਯੋਜਨਾ ਵਿਚ ਸਰਕਾਰੀ ਅਤੇ ਸਰਕਾਰ ਵੱਲੋਂ ਨਿਰਧਾਰਿਤ ਪ੍ਰਾਈਵੇਟ ਹਸਪਤਾਲਾਂ ਵਿਚ ਪ੍ਰਤੀ ਮਰੀਜ਼ ਦੋ ਲੱਖ ਰੁਪਏ ਤੱਕ ਦਾ ਇਲਾਜ ਮੁਫ਼ਤ ਹੋਵੇਗਾ। ਸਾਰੇ ਜ਼ਿਲ੍ਹਿਆਂ ਵਿਚ ਪੀ. ਜੀ. ਆਈ. ਵਰਗੀਆਂ ਸਹੂਲਤਾਂ ਵਾਲੇ ਐਮਰਜੈਂਸੀ/ਟਰੌਮਾ ਸੈਂਟਰ ਖੋਲ੍ਹੇ ਜਾਣਗੇ।
ਸੜਕ ਹਾਦਸਿਆਂ ਜਾਂ ਹੋਰ ਕਿਸੇ ਵੀ ਤਰ੍ਹਾਂ ਦੇ ਹਾਦਸਿਆਂ ਦਾ ਸ਼ਿਕਾਰ ਲੋਕਾਂ ਲਈ ਮੁਫ਼ਤ ਮੁਢਲੇ ਇਲਾਜ ਦੀ ਵਿਵਸਥਾ ਹੋਵੇਗੀ, ਜਦੋਂ ਤੱਕ ਕਿ ਮਰੀਜ਼ ਠੀਕ ਨਹੀਂ ਹੋ ਜਾਂਦਾ। ਐਮਰਜੈਂਸੀ ਹਾਦਸਿਆਂ ਦੇ ਮਾਮਲੇ ਵਿਚ ਹਸਪਤਾਲ ਦਾ ਕੋਈ ਖਰਚਾ ਮਰੀਜ਼ ਪਾਸੋਂ ਨਹੀਂ ਲਿਆ ਜਾਵੇਗਾ। ਸਰਕਾਰ ਵੱਲੋਂ ਕੈਂਸਰ ਰੋਗ ਦੇ ਖਾਤਮੇ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ।
ਬਾਰ੍ਹਵੀਂ ਜਮਾਤ ਤੱਕ ਦੀਆਂ ਲੜਕੀਆਂ ਨੂੰ ਦਿੱਤੀ ਜਾਂਦੀ ਮੁਫ਼ਤ ਵਿਦਿਆ ਦੀ ਸਹੂਲਤ ਬੀ. ਏ. ਪੱਧਰ ਤੱਕ ਕੀਤੀ ਜਾਵੇਗੀ। ਮਾਈ ਭਾਗੋ ਸਕੀਮ ਤੱਕ ਵਿਦਿਆਰਥਣਾਂ ਨੂੰ ਮਿਲਣ ਵਾਲੀ ਮੁਫ਼ਤ ਸਾਈਕਲਾਂ ਦੀ ਯੋਜਨਾ ਹੁਣ ਨੌਵੀਂ ਜਮਾਤ ਤੱਕ ਦੀਆਂ ਵਿਦਿਆਰਥਣਾਂ ਨੂੰ ਵੀ ਮਿਲੇਗੀ।
ਪੰਜਾਬ ਦੇ ਲੋਕਾਂ ਨੂੰ ਮਿਲਣ ਵਾਲੀਆਂ ਸਾਰੀਆਂ ਸੇਵਾਵਾਂ ਨੂੰ ਭ੍ਰਿਸ਼ਟਾਚਾਰ ਰਹਿਤ ਮੁਹੱਈਆ ਕਰਵਾਉਣ ਲਈ ਰਾਈਟ ਟੂ ਸਰਵਿਸ ਕਮਿਸ਼ਨ ਨੂੰ ਸਖਤ ਕਾਰਵਾਈ ਕਰਨ ਦੇ ਅਧਿਕਾਰ ਦਿੱਤੇ ਜਾਣਗੇ। ਪੰਜਾਬ ਭਰ ਵਿਚ ਬਿਜਲੀ, ਪਾਣੀ, ਟੈਲੀਫੋਨ ਦੇ ਬਿੱਲ, ਟਰੈਫਿਕ ਚਲਾਨ ਅਤੇ ਹਥਿਆਰਾਂ ਦੇ ਲਾਈਸੈਂਸ, ਰਾਸ਼ਨ ਕਾਰਨ, ਵੋਟਰ ਪਹਿਚਾਣ ਪੱਤਰ, ਨਵੇਂ ਬਿਜਲੀ ਕੁਨੈਕਸ਼ਨ, ਗੈਸ ਸਿਲੰਡਰ ਬੁੱਕ ਕਰਵਾਉਣ ਆਦਿ ਸੇਵਾਵਾਂ ਵਾਸਤੇ ਸਬ-ਡਵੀਜ਼ਨ ਪੱਧਰ 'ਤੇ ਈ-ਸੇਵਾ ਕੇਂਦਰ ਸਥਾਪਿਤ ਕੀਤੇ ਜਾਣਗੇ।
ਪੰਜਾਬ ਨੂੰ 2013-14 ਤੱਕ ਵਾਧੂ ਬਿਜਲੀ ਵਾਲਾ ਸੂਬਾ ਬਣਾਉਣ ਅਤੇ ਵਾਧੂ ਬਿਜਲੀ ਦੂਜੇ ਸੂਬਿਆਂ ਨੂੰ ਵੇਚ ਕੇ ਪ੍ਰਾਪਤ ਹੋਣ ਵਾਲੇ ਮਾਲੀਏ ਨੂੰ ਸ਼ਹਿਰੀ ਅਤੇ ਦਿਹਾਤੀ ਖੇਤਰ ਵਿਚ ਸਸਤੇ ਦਰਾਂ 'ਤੇ ਬਿਜਲੀ ਦਿੱਤੀ ਜਾਵੇਗੀ।
ਪੰਜਾਬ ਵਿਚਲੇ ਹਵਾਈ ਅੱਡਿਆਂ ਦੇ ਵਿਕਾਸ ਦੀ ਗੱਲ ਕਰਦਿਆਂ ਚੋਣ ਮੈਨੀਫੈਸਟੋ ਵਿਚ ਕਿਹਾ ਗਿਆ ਕਿ ਮੋਹਾਲੀ ਕੌਮਾਂਤਰੀ ਹਵਾਈ ਅੱਡਾ ਆਉਂਦੇ ਢਾਈ ਸਾਲਾਂ ਵਿਚ, ਮਾਛੀਵਾੜਾ ਵਿਖੇ ਗਰੀਨਫੀਲਡ ਅੰਤਰਰਾਸ਼ਟਰੀ ਹਵਾਈ ਅੱਡਾ 2-3 ਸਾਲਾਂ ਵਿਚ ਮੁਕੰਮਲ ਕਰ ਲਿਆ ਜਾਵੇਗਾ। ਸਾਹਨੇਵਾਲ ਹਵਾਈ ਅੱਡੇ ਉਪਰ ਮਾਲ ਢੁਆਈ ਅਤੇ ਮੁਸਾਫ਼ਰਾਂ ਦੀ ਆਵਾਜਾਈ ਆਉਂਦੇ ਡੇਢ ਸਾਲ ਵਿਚ ਸ਼ੁਰੂ ਹੋ ਜਾਵੇਗੀ। ਬਠਿੰਡਾ ਸਿਵਲ ਟਰਮੀਨਲ ਤੋਂ ਉਡਾਣਾਂ ਇਸੇ ਸਾਲ ਸ਼ੁਰੂ ਹੋ ਜਾਣਗੀਆਂ। ਅੰਮ੍ਰਿਤਸਰ ਅਤੇ ਪਠਾਨਕੋਟ ਹਵਾਈ ਅੱਡਿਆਂ ਨੂੰ ਹੋਰ ਅਪਗ੍ਰੇਡ ਕੀਤਾ ਜਾਵੇਗਾ। ਟੋਰਾਂਟੋ ਨੂੰ ਸਿੱਧੀਆਂ ਉਡਾਣਾਂ ਲਈ ਹਵਾਬਾਜ਼ੀ ਮੰਤਰਾਲੇ ਤੋਂ ਪ੍ਰਵਾਨਗੀ ਮੰਗੀ ਜਾਵੇਗੀ।
ਸੜਕੀ ਟਰਾਂਸਪੋਰਟ ਨੈੱਟਵਰਕ ਵਧਾਉਣ ਦਾ ਵਾਅਦਾ ਵੀ ਚੋਣ ਮਨੋਰਥ ਪੱਤਰ ਵਿਚ ਕੀਤਾ ਗਿਆ ਹੈ। ਚੰਡੀਗੜ੍ਹ-ਪਟਿਆਲਾ-ਬਠਿੰਡਾ ਚਹੁੰ ਮਾਰਗੀ ਐਕਸਪ੍ਰੈੱਸ ਵੇਅ, ਚੰਡੀਗੜ੍ਹ-ਰੋਪੜ-ਨਵਾਂ ਸ਼ਹਿਰ-ਜਲੰਧਰ-ਅੰਮ੍ਰਿਤਸਰ, ਜਲੰਧਰ-ਪਠਾਨਕੋਟ, ਅੰਮ੍ਰਿਤਸਰ-ਤਰਨਤਾਰਨ-ਫਿਰੋਜ਼ਪੁਰ, ਅੰਮ੍ਰਿਤਸਰ-ਗੁਰਦਾਸਪੁਰ-ਪਠਾਨਕੋਟ, ਚੰਡੀਗੜ੍ਹ-ਲੁਧਿਆਣਾ-ਫਿਰੋਜ਼ਪੁਰ, ਲੁਧਿਆਣਾ-ਬਰਨਾਲਾ-ਬਠਿੰਡਾ, ਲੁਧਿਆਣਾ-ਮੋਗਾ-ਫਿਰੋਜ਼ਪੁਰ, ਲੁਧਿਆਣਾ-ਮੋਗਾ-ਫਰੀਦਕੋਟ ਚਾਰ ਮਾਰਗੀ ਅਤੇ ਛੇ-ਮਾਰਗੀ ਸੜਕਾਂ ਜਲਦੀ ਮੁਕੰਮਲ ਹੋਣਗੀਆਂ।
ਸਾਰੇ ਪ੍ਰਮੁੱਖ ਰੇਲਵੇ ਕਰਾਸਿੰਗ ਉਪਰ ਫਲਾਈਓਵਰ ਬਣਾਉਣ, ਸੂਬੇ ਵਿਚ ਪੁਲਾਂ, ਓਵਰਬ੍ਰਿਜ, ਫਲਾਈਓਵਰਾਂ ਦਾ ਨੈਟਵਰਕ ਮਜ਼ਬੂਤ ਕਰਨ ਉਪਰ ਜ਼ੋਰ ਦਿੱਤਾ ਜਾਵੇਗਾ। ਚੋਣ ਮੈਨੀਫੈਸਟੋ ਵਿਚ ਲੁਧਿਆਣਾ ਨੂੰ ਪੰਜ ਸਾਲ ਵਿਚ ਮੈਟਰੋ ਬਣਾਉਣ ਦੀ ਗੱਲ ਕਹੀ ਗਈ ਹੈ।
ਪੰਜਾਬ ਦੀਆਂ ਸਾਰੀਆਂ ਨਗਰ ਨਿਗਮਾਂ ਵਿਚ ਇਕ ਸਾਲ ਦੇ ਅੰਦਰ ਸਿਟੀ ਬੱਸ ਸਰਵਿਸ ਸ਼ੁਰੂ ਕਰਨ ਦੀ ਵਿਵਸਥਾ ਹੋਵੇਗੀ।
ਪੀ. ਆਰ. ਟੀ. ਸੀ. ਅਤੇ ਪਨਬਸ ਸਮੇਤ ਰਾਜ ਦੀ ਸਮੁੱਚੀ ਟਰਾਂਸਪੋਰਟ ਨੂੰ ਮੁਕੰਮਲ ਵਾਤਾਨੁਕੂਲਿਤ ਕੀਤਾ ਜਾਵੇਗਾ। ਰਾਜ ਦੇ ਸਾਰੇ ਬੱਸ ਅੱਡਿਆਂ ਨੂੰ ਕਾਰਪੋਰੇਟ ਦਿੱਖ ਦਿੱਤੀ ਜਾਵੇਗੀ ਅਤੇ ਪੂਰੀ ਤਰ੍ਹਾਂ ਵਾਤਾਨੁਕੂਲਿਤ ਬਣਾਇਆ ਜਾਵੇਗਾ।
ਸ਼ਹਿਰੀ ਵਿਕਾਸ ਦੀ ਯੋਜਨਾ ਤਹਿਤ ਸਾਰੀਆਂ ਨਗਰ ਨਿਗਮਾਂ/ਨਗਰ ਪਾਲਿਕਾਵਾਂ ਵਿਚ ਨਾਗਰਿਕਾਂ ਨੂੰ 100 ਫੀਸਦੀ ਜਲ ਸਪਲਾਈ ਅਤੇ ਸੀਵਰੇਜ ਦੀ ਸਹੂਲਤ ਮਿਲੇਗੀ।
ਅੱਠ ਕਲੱਸਟਰਾਂ ਵਿਚ ਸਾਲਿਡ ਵੇਸਟ ਮੈਨੇਜਮੈਂਟ ਜਲਦੀ ਸ਼ੁਰੂ ਹੋਵੇਗੀ। ਕੰਢੀ ਖੇਤਰ ਨੂੰ ਵਿਸ਼ੇਸ਼ ਪੈਕੇਜ ਦੇ ਕੇ ਉਦਯੋਗਿਕ ਜ਼ੋਨ ਐਲਾਨਿਆ ਜਾਵੇਗਾ। ਲੁਧਿਆਣਾ ਨੂੰ ਮਨੋਰੰਜਨ ਹੱਬ ਬਣਾ ਕੇ ਇਥੇ ਇਕ ਰੇਸ ਕੋਰਸ ਬਣੇਗਾ। ਅੰਮ੍ਰਿਤਸਰ ਨੂੰ ਗਲੋਬਲ ਟੂਰਿਜ਼ਮ ਕੇਂਦਰ ਬਣਾ ਕੇ ਉੱਤਮ ਸੈਰ-ਸਪਾਟਾ ਢਾਂਚਾ ਪ੍ਰਦਾਨ ਕੀਤਾ ਜਾਵੇਗਾ। ਮਾਲਵਾ ਖੇਤਰ ਨੂੰ ਦੇਸ਼ ਦੀ ਟੈਕਸਟਾਈਲ ਹੱਬ ਅਤੇ ਜਲੰਧਰ ਨੂੰ ਭਾਰਤ ਦੀ ਖੇਡ ਰਾਜਧਾਨੀ ਬਣਾਇਆ ਜਾਵੇਗਾ। ਲੁਧਿਆਣਾ ਨੂੰ ਦੇਸ਼ ਦੀ ਆਟੋਮੋਬਾਈਲ, ਹੈਂਡਟੂਲਜ਼ ਅਤੇ ਹੌਜ਼ਰੀ ਹੱਬ ਬਣਾਇਆ ਜਾਵੇਗਾ। ਇੰਸਪੈਕਟਰੀ ਰਾਜ ਦਾ ਮੁਕੰਮਲ ਖਾਤਮਾ ਹੋਵੇਗਾ ਅਤੇ ਪ੍ਰਸ਼ਾਸਨਿਕ ਸੁਧਾਰ ਸਖ਼ਤੀ ਨਾਲ ਲਾਗੂ ਕੀਤੇ ਜਾਣਗੇ। ਲੜਕੀ ਦੇ ਜਨਮ ਤੇ 5000 ਰੁਪਏ ਦੇਣ ਅਤੇ ਉਸਦੇ ਪੰਜਵੀਂ ਅਤੇ 10ਵੀਂ ਜਮਾਤ ਤੱਕ ਪੁੱਜਣ ਤੇ 15 ਹਜ਼ਾਰ ਰੁਪਏ 'ਫਿਕਸ ਡਿਪਾਜਟ' ਦੇ ਰੂਪ ਵਿਚ ਜਮ੍ਹਾਂ ਕਰਵਾਏ ਜਾਣਗੇ।
ਸਰਕਾਰੀ ਸਕੂਲਾਂ 'ਚ ਪੜ੍ਹਦੇ ਸਾਰੇ ਜਮ੍ਹਾਂ ਦੋ ਦੇ ਵਿਦਿਆਰਥੀਆਂ (ਲੜਕੇ-ਲੜਕੀਆਂ) ਨੂੰ ਮੁਫਤ ਲੈਪਟਾਪ ਦਿੱਤੇ ਜਾਣਗੇ, ਜਿਨ੍ਹਾਂ ਵਿਚ ਡਾਟਾ ਕਾਰਡ ਵੀ ਹੋਵੇਗਾ। ਪੂਰੇ ਸੂਬੇ ਨੂੰ 24 ਘੰਟੇ ਦੀ ਵਾਈ-ਫਾਈ ਬਰਾਡਬੈਂਡ ਕੁਨੈਕਟਿਵਿਟੀ ਪ੍ਰਦਾਨ ਕੀਤੀ ਜਾਵੇਗੀ। ਪੰਜਾਬ ਦਾ ਹਰ ਸ਼ਹਿਰ, ਕਸਬਾ ਅਤੇ ਪਿੰਡ ਬਰਾਡਬੈਂਡ ਇੰਟਰਨੈੱਟ ਕੁਨੈਕਟਿਵਿਟੀ ਨਾਲ ਜੋੜਿਆ ਜਾਵੇਗਾ। ਮੋਹਾਲੀ, ਲੁਧਿਆਣਾ ਅਤੇ ਅੰਮ੍ਰਿਤਸਰ ਨੂੰ ਆਈ. ਟੀ. ਹੱਬ ਵਜੋਂ ਵਿਕਸਿਤ ਕੀਤਾ ਜਾਵੇਗਾ। ਸਾਰੇ ਸਕੂਲੀ ਬੱਚਿਆਂ ਲਈ ਕੰਪਿਊਟਰ ਸਿੱਖਿਆ ਲਾਜ਼ਮੀ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦਾ ਟੀਚਾ ਅਗਲੇ ਦੋ ਸਾਲਾਂ ਵਿਚ ਦਰਿਆਵਾਂ ਦੇ ਪਾਣੀ ਨੂੰ ਸਾਫ਼ ਕਰਨਾ ਹੈ।
ਕੈਬਨਿਟ ਰੈਂਕ ਦੇ ਮੰਤਰੀ ਅਧੀਨ ਇਕ ਵੱਖਰਾ ਵਾਤਾਵਰਨ ਮੰਤਰਾਲਾ ਸਥਾਪਿਤ ਕੀਤਾ ਜਾਵੇਗਾ
ਘਰੇਲੂ ਸੋਲਰ ਹੀਟਰਾਂ ਉਪਰ ਸਬਸਿਡੀ ਵਧਾਈ ਜਾਵੇਗੀ ਵਿਸ਼ੇਸ਼ ਯੋਜਨਾਵਾਂ ਅਧੀਨ ਸੀ. ਐਲ. ਐਫ. ਬਲੱਬ ਮੁਫ਼ਤ ਦਿੱਤੇ ਜਾਣਗੇ।
ਰਾਜ ਮਿਸਤਰੀ, ਪਲੰਬਰ, ਤਰਖਾਣ ਅਤੇ ਹੋਰ ਕਾਰੀਗਰਾਂ ਮੁੱਢਲੇ ਹੁਨਰ ਵਿਚ ਸਿਵਲ ਇੰਜੀਨੀਅਰਿੰਗ ਦੇ ਵਿਸ਼ੇਸ਼ ਡਿਪਲੋਮੇ ਦੀ ਪੜ੍ਹਾਈ ਮੁਫਤ ਹੋਵੇਗੀ। ਪੰਜ ਨਵੇਂ ਵਿਸ਼ਵ ਪੱਧਰੀ ਸਟੇਡੀਅਮ ਬਣਾਉਣ ਤੋਂ ਇਲਾਵਾ ਰਾਜ ਦੇ ਹਰੇਕ ਜ਼ਿਲ੍ਹੇ ਵਿਚ ਇਕ ਖੇਡ ਸਟੇਡੀਅਮ ਉਸਾਰਿਆ ਜਾਵੇਗਾ।
ਅੰਤਰਰਾਸ਼ਟਰੀ ਪੱਧਰ 'ਤੇ ਖੇਡਾਂ ਵਿਚ ਪੁਰਸਕਾਰ ਜਿੱਤਣ ਵਾਲੇ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਦੇਣ ਦਾ ਯਤਨ ਕੀਤਾ ਜਾਵੇਗਾ।
ਕਬੱਡੀ ਨੂੰ ਬੜ੍ਹਾਵਾ ਦੇਣ ਲਈ ਚੁੱਕੇ ਕਦਮਾਂ ਨੂੰ ਅੱਗੇ ਵਧਾਉਂਦੇ ਹੋਏ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ 'ਤੇ ਕਬੱਡੀ ਦੇ ਸਿਖਲਾਈ ਅਤੇ ਪ੍ਰਮੋਸ਼ਨ ਸੈਂਟਰ ਕਾਇਮ ਕੀਤੇ ਜਾਣਗੇ। ਹਰ ਦੋ ਸਾਲ ਬਾਅਦ ਮਰਦਾਂ ਅਤੇ ਔਰਤਾਂ ਲਈ ਇੰਟਰਨੈਸ਼ਨਲ ਹਾਕੀ ਚੈਂਪੀਅਨਸ਼ਿਪ ਹੋਣਗੀਆਂ।
ਖੇਤੀਬਾੜੀ ਖੇਤਰ ਵਿਚ ਰਿਆਇਤਾਂ ਦਾ ਜ਼ਿਕਰ ਚੋਣ ਮਨੋਰਥ ਪੱਤਰ ਵਿਚ ਕਰਦਿਆਂ ਪਹਿਲੀ ਵਾਰ 5 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਲਈ ਪ੍ਰਾਵੀਡੈਂਟ ਫੰਡ ਸਕੀਮ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਯੋਜਨਾ ਵਿਚ ਕਿਸਾਨ ਨੂੰ 1000 ਰੁਪਏ ਪ੍ਰਤੀ ਸਾਲ ਮੈਚਿੰਗ ਗਰਾਂਟ ਦੇਣੀ ਹੋਵੇਗੀ ਅਤੇ 1000 ਰੁਪਏ ਸਰਕਾਰ ਦੇਵੇਗੀ। ਕਿਸਾਨ ਦੀ ਸੇਵਾਮੁਕਤੀ ਦੀ ਉਮਰ 65 ਸਾਲ ਮੰਨੀ ਜਾਵੇਗੀ ਅਤੇ ਉਹ ਆਪਣੇ ਪ੍ਰਾਵੀਡੈਂਟ ਫੰਡ ਵਿਚੋਂ ਕਰਜ਼ਾ ਵੀ ਲੈ ਸਕੇਗਾ।
ਬਜ਼ੁਰਗ ਨਾਗਰਿਕਾਂ ਲਈ ਮੁਫਤ ਸਿਹਤ ਬੀਮਾ ਯੋਜਨਾ ਦਾ ਲਾਭ 65 ਸਾਲ ਤੋਂ ਵੱਧ ਉਮਰ ਦੇ ਸਾਰੇ ਨਾਗਰਿਕਾਂ ਨੂੰ ਮਿਲੇਗਾ। ਵਿਧਵਾ ਪੈਨਸ਼ਨ ਦੀ ਰਾਸ਼ੀ 250 ਤੋਂ ਵੱਧ ਕੇ 600 ਰੁਪਏ ਕੀਤੀ ਗਈ ਹੈ ਅਤੇ ਸ਼ਗਨ ਸਕੀਮ ਦੀ ਰਾਸ਼ੀ 31 ਹਜ਼ਾਰ ਰੁਪਏ ਕੀਤੀ ਗਈ ਹੈ। ਕਿਸਾਨਾਂ ਨੂੰ ਮੁਫਤ ਬਿਜਲੀ ਅਤੇ ਸਿੰਜਾਈ ਸਹੂਲਤ ਅਤੇ ਹੋਰ ਲਾਭ ਅਤੇ ਸਬਸਿਡੀਆਂ ਜਾਰੀ ਰਹਿਣਗੇ। ਸਾਰਾ ਭੋਂ ਰਿਕਾਰਡ ਕੰਪਿਊਟਰੀਕ੍ਰਿਤ ਕੀਤਾ ਜਾਵੇਗਾ ਅਤੇ ਆਉਂਦੇ ਇਕ ਸਾਲ ਅੰਦਰ ਇਸ ਦੀ ਹਰੇਕ ਪਿੰਡ ਵਿਚ ਆਨ-ਲਾਈਨ ਸਹੂਲਤ ਉਪਲਬੱਧ ਹੋਵੇਗੀ। ਫ਼ਸਲ ਬੀਮਾ ਯੋਜਨਾ ਨੂੰ ਹੋਰ ਅਸਰਦਾਰ ਬਣਾਇਆ ਜਾਵੇਗਾ। ਚੋਣ ਮੈਨੀਫੈਸਟੋ ਵਿਚ ਵਿਰਾਸਤ, ਭਾਸ਼ਾ ਅਤੇ ਸੱਭਿਆਚਾਰ ਦੇ ਵਿਕਾਸ ਲਈ ਵੀ ਵਿਸ਼ੇਸ਼ ਜ਼ਿਕਰ ਹੈ। ਦੋਆਬਾ ਖੇਤਰ ਵਿਚ 400 ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਦੇ ਜੰਗੀ ਨਾਇਕਾਂ ਤੇ ਸ਼ਹੀਦਾਂ ਦੀ ਮਾਣਮੱਤੀ ਵਿਰਾਸਤ ਦਾ ਪ੍ਰਦਰਸ਼ਨ ਕਰਦੀ ਵਿਸ਼ਵ ਪੱਧਰੀ ਯਾਦਗਾਰ ਸਥਾਪਿਤ ਕੀਤੀ ਜਾਵੇਗੀ। ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪ੍ਰਚਾਰ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੀ ਪ੍ਰਤੀਬੱਧਤਾ ਪ੍ਰਗਟਾਉਂਦੇ ਹੋਏ ਪੰਜਾਬੀ ਨਾਟਕਕਾਰਾਂ, ਨਾਵਲਕਾਰਾਂ, ਕਵੀਆਂ ਅਤੇ ਪੱਤਰਕਾਰਾਂ ਨੂੰ ਵੱਡੇ ਪੁਰਸਕਾਰ ਦੇਣ ਦੀ ਯੋਜਨਾ ਦਾ ਜ਼ਿਕਰ ਕੀਤਾ ਗਿਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਫੈਡਰੇਸ਼ਨ (ਮਹਿਤਾ) ਦੇ ਪ੍ਰਧਾਨ ਸ: ਪਰਮਜੀਤ ਸਿੰਘ ਖਾਲਸਾ, ਮੇਜਰ ਸਿੰਘ ਖਾਲਸਾ, ਜਥੇਦਾਰ ਪ੍ਰੀਤਮ ਸਿੰਘ ਭਰੋਵਾਲ, ਜਥੇਦਾਰ ਅਮਰਜੀਤ ਸਿੰਘ ਭਾਟੀਆ, ਰਵਿੰਦਰ ਪਾਲ ਸਿੰਘ ਖਾਲਸਾ, ਜਤਿੰਦਰਪਾਲ ਸਿੰਘ ਸਲੂਜਾ, ਪ੍ਰਿੰਸੀਪਲ ਇਕਬਾਲ ਸਿੰਘ, ਨਰੇਸ਼ ਧੀਂਗਾਨ, ਕੰਵਲਜੀਤ ਸਿੰਘ ਦੂਆ, ਰਾਜ ਕੁਮਾਰ ਅਤਿਕਾਏ ਆਦਿ ਵੀ ਹਾਜ਼ਰ ਸਨ।
 
ਭ੍ਰਿਸ਼ਟਾਚਾਰ ਤੇ ਮਹਿੰਗਾਈ ਦੇ ਵਾਧੇ ਲਈ ਕੇਂਦਰ
ਸਰਕਾਰ ਜ਼ਿੰਮੇਵਾਰ-ਮਾਇਆਵਤੀ
ਸ੍ਰੀ ਮੁਕਤਸਰ ਸਾਹਿਬ 'ਚ ਬਸਪਾ ਨੇ ਕੀਤੀ ਮਹਾਂ ਰੈਲੀ
ਸ੍ਰੀ ਮੁਕਤਸਰ ਸਾਹਿਬ, 22 ਜਨਵਰੀ-ਦੇਸ਼ ਵਿਚ ਭ੍ਰਿਸ਼ਟਾਚਾਰ ਅਤੇ ਮਹਿੰਗਾਈ ਦੇ ਵਾਧੇ ਲਈ ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਜ਼ਿੰਮੇਵਾਰ ਹੈ। ਬਹੁਜਨ ਸਮਾਜ ਪਾਰਟੀ ਦੀ ਕੌਮੀ ਪ੍ਰਧਾਨ ਅਤੇ ਉਤਰ ਪ੍ਰਦੇਸ਼ ਦੀ ਮੁੱਖ ਮੰਤਰੀ ਕੁਮਾਰੀ ਮਾਇਆਵਤੀ ਨੇ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਸੱਤ ਜ਼ਿਲ੍ਹਿਆਂ ਦੇ ਵਿਧਾਨ ਸਭਾ ਹਲਕਿਆਂ ਦੇ ਉਮੀਦਵਾਰਾਂ ਦੇ ਹੱਕ ਵਿਚ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗ਼ਰੀਬੀ ਅਤੇ ਬੇਰੁਜ਼ਗਾਰੀ ਕਾਰਨ ਹੀ ਦੇਸ਼ ਦੇ ਕਈ ਸੂਬਿਆਂ ਵਿਚ ਅੱਤਵਾਦ ਫੈਲਿਆ। ਉਨ੍ਹਾਂ ਕਿਹਾ ਕਿ ਕੇਂਦਰ ਵਿਚ ਹੁਣ ਤੱਕ ਦੀਆਂ ਆਈਆਂ ਸਾਰੀਆਂ ਸਰਕਾਰਾਂ ਨੇ ਗ਼ਰੀਬੀ ਅਤੇ ਬੇਰੁਜ਼ਗਾਰੀ ਦੂਰ ਕਰਨ ਲਈ ਕੋਈ ਠੋਸ ਕਦਮ ਨਹੀਂ ਉਠਾਏ ਬਲਕਿ ਸਰਕਾਰੀ ਨੌਕਰੀਆਂ ਵਿਚ ਨਵੇਂ ਕਾਨੂੰਨ ਬਣਾ ਕੇ ਅਨੁਸੂਚਿਤ ਜਾਤੀਆਂ ਅਤੇ ਪਛੜੇ ਵਰਗਾਂ ਦੇ ਰਾਖਵੇਂਕਰਨ ਨੂੰ ਘੱਟ ਕੀਤਾ ਅਤੇ ਸੋਚੀ ਸਮਝੀ ਸਾਜਿਸ਼ ਤਹਿਤ ਕੋਟਾ ਘਟਾ ਕੇ ਹੋਰ ਜਾਤਾਂ ਨੂੰ ਸੂਚੀ ਵਿਚ ਜੋੜ ਦਿੱਤਾ। ਉਨ੍ਹਾਂ ਕਿਹਾ ਕਿ ਦੇਸ਼ ਅਜ਼ਾਦ ਹੋਏ ਨੂੰ 60 ਵਰ੍ਹਿਆਂ ਤੋਂ ਉਪਰ ਹੋ ਗਏ ਹਨ ਪਰ ਅਜੇ ਵੀ ਲੋਕ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਦੀਆਂ ਗਲਤ ਆਰਥਿਕ ਨੀਤੀਆਂ ਕਾਰਨ ਲੋਕ ਬੁਰੀ ਤਰ੍ਹਾਂ ਮਹਿੰਗਾਈ ਦੀ ਚੱਕੀ ਵਿਚ ਪਿਸ ਰਹੇ ਹਨ। ਉਨ੍ਹਾਂ ਪੰਜਾਬ ਦੀ ਗੱਲ ਕਰਦਿਆਂ ਕਿਹਾ ਕਿ ਇਸ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਸੱਤਾ ਤਬਦੀਲੀ ਜ਼ਰੂਰੀ ਹੈ ਕਿਉਂਕਿ ਅਕਾਲੀ ਭਾਜਪਾ ਅਤੇ ਕਾਂਗਰਸ ਦੇ ਰਾਜ ਨੂੰ ਲੋਕਾਂ ਨੇ ਵਾਰ-ਵਾਰ ਪਰਖਿਆ ਹੈ, ਪਰ ਲੋਕ ਅਜੇ ਵੀ ਸਹੂਲਤਾਂ ਤੋਂ ਸੱਖਣੇ ਹਨ ਅਤੇ ਗਲਤ ਨੀਤੀਆਂ ਕਾਰਨ ਸੂਬਾ ਹਰ ਪੱਖ ਤੋਂ ਪਛੜ ਰਿਹਾ ਹੈ । ਉਨ੍ਹਾਂ ਕਿਹਾ ਕਿ ਇਸ ਵਾਰ ਸੂਬੇ ਦੇ ਲੋਕ ਬਸਪਾ ਨੂੰ ਸੱਤਾ ਵਿਚ ਲਿਆਉਣ ਅਤੇ ਬਸਪਾ ਸੂਬੇ ਨੂੰ ਉਤਰ ਪ੍ਰਦੇਸ਼ ਵਾਂਗ ਤਰੱਕੀ ਦੀਆਂ ਲੀਹਾਂ 'ਤੇ ਲੈ ਕੇ ਜਾਵੇਗੀ। ਸਾਰੇ ਵਰਗਾਂ ਨੂੰ ਸਹੂਲਤਾਂ ਅਤੇ ਨਿਆਂ ਮਿਲੇਗਾ।

ਉਨ੍ਹਾਂ ਕਿਹਾ ਕਿ ਬਸਪਾ ਨੇ ਕਿਸੇ ਪਾਰਟੀ ਨਾਲ ਸਮਝੌਤਾ ਕਰਨ ਦੀ ਬਜਾਏ ਸਾਰੀਆਂ ਸੀਟਾਂ ਤੋਂ ਸਾਫ ਛਵੀ ਵਾਲੇ ਸਰਬ ਸਮਾਜ ਦੇ ਲੋਕਾਂ ਨੂੰ ਟਿਕਟਾਂ ਦਿੱਤੀਆਂ ਹਨ। ਉਨ੍ਹਾਂ ਵਿਸਥਾਰ ਨਾਲ ਉੱਤਰ ਪ੍ਰਦੇਸ਼ ਵਿਚ ਲੋਕਾਂ ਦੀ ਭਲਾਈ ਲਈ ਕੀਤੇ ਕੰਮਾਂ ਦਾ ਜ਼ਿਕਰ ਵੀ ਕੀਤਾ। ਰੈਲੀ ਨੂੰ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਬਸਪਾ ਦੇ ਮੁਕਤਸਰ ਤੋਂ ਉਮੀਦਵਾਰ ਡਾ: ਜੈਦੇਵ ਸਿੰਘ ਮਠਾੜੂ, ਜ਼ਿਲ੍ਹਾ ਪ੍ਰਧਾਨ ਬਿਹਾਰੀ ਲਾਲ, ਸੂਬਾ ਜਨਰਲ ਸਕੱਤਰ ਸੰਤਰਾਮ ਮੱਲੀਆ, ਜਨਰਲ ਸਕੱਤਰ ਮੰਦਰ ਸਿੰਘ, ਡਾ: ਗੁਰਚਰਨ ਸਿੰਘ ਲੱਖੇਵਾਲੀ ਹਲਕਾ ਮਲੋਟ, ਪ੍ਰਵੀਨ ਕੁਮਾਰੀ ਹਲਕਾ ਲੰਬੀ, ਸ਼ੀਲਾ ਰਾਣੀ ਹਲਕਾ ਗਿੱਦੜਬਾਹਾ, ਗੁਰਦੇਵ ਸਿੰਘ ਜੌਹਲ, ਮੱਖਣ ਸਿੰਘ ਰਹੂੜਿਆਂਵਾਲੀ, ਡਾ: ਮੋਹਨ ਸਿੰਘ ਫਲੀਆਂਵਾਲਾ, ਦਰਸ਼ਨ ਸਿੰਘ ਭੱਟੀ ਆਦਿ ਆਗੂ ਅਤੇ ਵਰਕਰਾਂ ਤੋਂ ਇਲਾਵਾ ਵੱਖ-ਵੱਖ ਹਲਕਿਆਂ ਦੇ ਉਮੀਦਵਾਰ ਹਾਜ਼ਰ ਸਨ।
 
ਉੱਤਰੀ ਭਾਰਤ ਅਜੇ ਵੀ ਠੰਢ ਦੀ ਜਕੜ 'ਚ
ਜੰਮੂ-ਸ੍ਰੀਨਗਰ ਸੜਕ 'ਤੇ ਆਵਾਜਾਈ ਖੁੱਲ੍ਹੀ

ਚੰਡੀਗੜ੍ਹ, 22 ਜਨਵਰੀ-ਉੱਤਰੀ ਭਾਰਤ ਦੇ ਲੋਕਾਂ ਨੂੰ ਠੰਢ ਤੋਂ ਕੋਈ ਰਾਹਤ ਨਹੀਂ ਮਿਲ ਰਹੀ। ਪੰਜਾਬ ਅਤੇ ਹਰਿਆਣਾ ਦੇ ਲੋਕ ਸਰਦ ਹਵਾਵਾਂ ਅਤੇ ਕੜਾਕੇ ਦੀ ਠੰਢ ਨਾਲ ਠਿਠੁਰ ਰਹੇ ਹਨ। ਚੰਡੀਗੜ੍ਹ 'ਚ ਅੱਜ ਬੇਸ਼ਕ ਸਾਰਾ ਦਿਨ ਧੁੱਪ ਰਹੀ ਪਰ ਫਿਰ ਵੀ ਰਾਤ ਦਾ ਤਾਪਮਾਨ 5.8 ਡਿਗਰੀ ਦਰਜ ਕੀਤਾ ਗਿਆ। ਅਮ੍ਰਿਤਸਰ ਦਾ ਪਾਰਾ 3.4 ਡਿਗਰੀ ਅਤੇ ਪਟਿਆਲੇ 5.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਹਰਿਆਣਾ ਦੇ ਨਾਰਨੌਲ 'ਚ ਕਾਫੀ ਠੰਢ ਰਹੀ ਅਤੇ ਇਥੇ ਤਾਪਮਾਨ ਆਮ ਨਾਲੋਂ ਕਰੀਬ ਤਿੰਨ ਡਿਗਰੀ ਘੱਟ ਰਿਹਾ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਨਾਰਨੌਲ ਦਾ ਤਾਪਮਾਨ 2.7 ਡਿਗਰੀ ਦਰਜ ਕੀਤਾ ਗਿਆ। ਭਿਵਾਨੀ ਅਤੇ ਹਿਸਾਰ ਵੀ ਕਾਫੀ ਸਰਦ ਰਹੇ। ਕਸ਼ਮੀਰ ਘਾਟੀ ਪਿਛਲੇ ਕਾਫੀ ਦਿਨਾਂ ਤੋਂ ਲਗਾਤਾਰ ਠੰਢ ਦੀ ਜਕੜ 'ਚ ਹੈ ਅਤੇ ਇਥੇ ਅੱਜ ਵੀ ਤਾਪਮਾਨ 'ਚ ਭਾਵੇਂ ਕੱਲ੍ਹ ਤੋਂ ਥੋੜਾ ਜਿਹਾ ਸੁਧਾਰ ਹੋਇਆ ਪਰ ਫਿਰ ਵੀ ਮਨਫੀ 4.2 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਲੱਦਾਖ ਦੇ ਲੇਹ 'ਚ ਬੀਤੀ ਰਾਤ ਬਹੁਤ ਹੀ ਸਰਦ ਸੀ ਅਤੇ ਇਥੇ ਪਾਰਾ ਮਨਫੀ 20 ਡਿਗਰੀ ਰਿਹਾ। ਗੁਲਮਰਗ ਦਾ ਪਾਰਾ ਵੀ ਮਨਫ਼ੀ 14.0 ਡਿਗਰੀ ਦਰਜ ਕੀਤਾ ਗਿਆ। ਇਥੇ ਬੀਤੀ ਰਾਤ ਬਰਫ਼ਬਾਰੀ ਵੀ ਹੁੰਦੀ ਰਹੀ।
ਉਧਰ ਜੰਮੂ ਤੋਂ ਕਸ਼ਮੀਰ ਤਕ ਦਾ 300 ਕਿਲੋਮੀਟਰ ਲੰਮਾ ਰਾਸ਼ਟਰੀ ਰਾਜ ਮਾਰਗ ਵਾਹਨਾਂ ਦੀ ਆਵਾਜਾਈ ਲਈ ਅੰਸ਼ਿਕ ਤੌਰ 'ਤੇ ਖੋਲ੍ਹ ਦਿੱਤਾ ਗਿਆ। ਆਵਾਜਾਈ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਮੀਰਬਜ਼ਾਰ ਤੋਂ ਕਾਜ਼ੀਗੰਡ ਤਕ ਪ੍ਰਦੇਸ਼ ਦੀਆਂ ਕਰੀਬ 50 ਸਰਕਾਰੀ ਬੱਸਾਂ ਨੂੰ ਅਤੇ ਦਰਜਨਾਂ ਟਰੱਕਾਂ ਨੂੰ ਜੰਮੂ ਵੱਲ ਨੂੰ ਜਾਣ ਦੀ ਇਜਾਜ਼ਤ ਦਿੱਤੀ ਗਈ। ਵੀਰਵਾਰ ਤੋਂ ਇਹ ਰਾਜਮਾਰਗ ਲਗਾਤਾਰ ਹੋ ਰਹੀ ਬਰਫ਼ਬਾਰੀ ਕਾਰਨ ਬੰਦ ਸੀ ਅਤੇ ਇਥੇ ਕਰੀਬ 3,000 ਵਾਹਨ ਫਸੇ ਹੋਏ ਸਨ। ਸੜਕ 'ਤੇ ਆਵਾਜਾਈ ਬਹਾਲ ਕਰਨ ਵਾਲੇ ਦਲ ਦੀ ਅਗਵਾਈ ਕਰ ਰਹੇ ਬ੍ਰਿਗੇਡੀਅਰ ਟੀ.ਪੀ.ਐਸ. ਅਗਰਵਾਲ ਨੇ ਕਿਹਾ ਕਿ ਜਿੰਨੀ ਦੇਰ ਇਥੇ ਫਸੇ ਵਾਹਨ ਪੂਰੀ ਤਰਾਂ ਨਹੀਂ ਨਿਕਲਦੇ ਉਨੀ ਦੇਰ ਦੋਵਾਂ ਪਾਸਿਆਂ ਤੋਂ ਵਾਹਨਾਂ ਨੂੰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਹਿਮਾਚਲ ਪ੍ਰਦੇਸ਼ ਦੇ ਤਾਪਮਾਨ 'ਚ ਥੋੜ੍ਹਾ ਜਿਹਾ ਵਾਧਾ ਦੇਖਣ ਨੂੰ ਮਿਲਿਆ। ਮੌਸਮ ਵਿਭਾਗ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਇਥੇ ਕਿਤੇ ਵੀ ਭਾਰੀ ਬਰਫ਼ਬਾਰੀ ਜਾਂ ਬਾਰਿਸ਼ ਨਹੀਂ ਹੋਈ। ਅੱਜ ਸਵੇਰੇ ਸ਼ਿਮਲਾ ਦਾ ਤਾਪਮਾਨ ਕੱਲ੍ਹ ਦੇ 1.2 ਡਿਗਰੀ ਦੇ ਮੁਕਾਬਲੇ 2.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮਨਾਲੀ ਦਾ ਤਾਪਮਾਨ ਮਨਫ਼ੀ 2 ਡਿਗਰੀ ਰਿਹਾ।
ਰਾਜਸਥਾਨ ਪੁਲਿਸ ਨੇ ਝੂਠ ਬੋਲਿਆ-ਰਸ਼ਦੀ


  
ਜੈਪੁਰ, 22 ਜਨਵਰੀ -ਵਿਵਾਦਪੂਰਨ ਲੇਖਕ ਸਲਮਾਨ ਰਸ਼ਦੀ ਨੇ ਅੱਜ ਰਾਜਸਥਾਨ ਪੁਲਿਸ 'ਤੇ ਉਨ੍ਹਾਂ ਨੂੰ ਜੈਪੁਰ ਸਾਹਿਤ ਸੰਮੇਲਨ ਤੋਂ ਦੂਰ ਰੱਖਣ ਦੀ ਸਾਜਿਸ਼ ਕਰਨ ਦਾ ਦੋਸ਼ ਲਗਾਇਆ ਰਸ਼ਦੀ ਨੇ ਕਿਹਾ ਕਿ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਮੁੰਬਈ ਦੇ ਅਪਰਾਧ ਜਗਤ ਤੋਂ ਫ਼ੋਨ ਆਇਆ ਹੈ ਕਿ ਜੇਕਰ ਉਹ ਸੰਮੇਲਨ 'ਚ ਸ਼ਾਮਿਲ ਹੋਏ ਤਾਂ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਜਾਵੇਗੀ। ਰਸ਼ਦੀ ਨੇ ਸੋਸ਼ਲ ਨੈੱਟਵਰਕਿੰਗ ਸਾਈਟ ਟਵਿੱਟਰ 'ਤੇ ਲਿਖਿਆ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਰਾਜਸਥਾਨ ਪੁਲਿਸ ਨੇ ਉਨ੍ਹਾਂ ਕੋਲ ਝੂਠ ਬੋਲਿਆ। ਉਹ ਬਹੁਤ ਗੁੱਸੇ 'ਚ ਹਨ। ਦੂਜੇ ਪਾਸੇ ਰਾਜਸਥਾਨ ਪੁਲਿਸ ਨੇ ਰਸ਼ਦੀ ਦੁਆਰਾ ਲਗਾਏ ਇਸ ਦੋਸ਼ 'ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਰਸ਼ਦੀ ਦੀ ਜਾਨ ਨੂੰ ਖ਼ਤਰੇ ਬਾਰੇ ਉਨ੍ਹਾਂ ਨੂੂੰ ਗੁਪਤ ਜਾਣਕਾਰੀ ਮਿਲੀ ਸੀ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸਲਮਾਨ ਰਸ਼ਦੀ ਦੁਆਰਾ ਰਾਜਸਥਾਨ ਪੁਲਿਸ 'ਤੇ ਲਗਾਏ ਦੋਸ਼ਾਂ ਦਾ ਖੰਡਨ ਕੀਤਾ ਹੈ। ਉਨ੍ਹਾਂ ਕਿਹਾ ਕਿ ਰਸ਼ਦੀ ਦੀ ਸੁਰੱਖਿਆ ਲਈ ਪੂਰੇ ਇੰਤਜ਼ਾਮ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਰਸ਼ਦੀ ਭਾਰਤੀ ਨਾਗਰਿਕ ਹਨ ਅਤੇ ਉਨ੍ਹਾਂ ਨੂੰ ਵਤਨ ਆਉਣ ਲਈ ਵੀਜ਼ੇ ਦੀ ਲੋੜ ਨਹੀਂ।
ਦੇਹਰਾਦੂਨ, 22 ਜਨਵਰੀ-ਚੋਣ ਕਮਿਸ਼ਨ ਨੇ ਦੇਸ਼ ਵਿਚ ਪੰਜ ਰਾਜਾਂ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੇ ਸਾਰੇ ਸਮੇਂ ਦੌਰਾਨ ਐਗਜ਼ਿਟ ਪੋਲ 'ਤੇ ਪਾਬੰਦੀ ਲਾ ਦਿੱਤੀ ਹੈ। ਇਕ ਬਿਆਨ ਵਿਚ ਉੱਤਰਾਖੰਡ ਦੀ ਮੁੱਖ ਚੋਣ ਅਧਿਕਾਰੀ ਰਾਧਾ ਰਾਤੁਰੀ ਨੇ ਦੱਸਿਆ ਕਿ ਲੋਕ ਪ੍ਰਤੀਨਿਧ ਕਾਨੂੰਨ 1951 ਦੀਆਂ ਯੋਗ ਧਰਾਵਾਂ ਤਹਿਤ ਭਾਰਤ ਦੇ ਚੋਣ ਕਮਿਸ਼ਨ ਵਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ 28 ਜਨਵਰੀ 2012 ਦੇ ਸਵੇਰੇ 7 ਵਜੇ ਤੋਂ ਲੈ ਕੇ 3 ਮਾਰਚ 2012 ਦੇ ਸ਼ਾਮ 5.30 ਵਜੇ ਤਕ ਦੇ ਸਮੇਂ ਦੌਰਾਨ ਐਗਜ਼ਿਟ ਪੋਲ 'ਤੇ ਪਾਬੰਦੀ ਰਹੇਗੀ। 28 ਜਨਵਰੀ ਨੂੰ ਪਹਿਲੇ ਦਿਨ ਚੋਣਾਂ ਮਨੀਪੁਰ ਵਿਚ ਹੋਣਗੀਆਂ ਜਦਕਿ 3 ਮਾਰਚ ਨੂੰ ਆਖਰੀ ਦਿਨ ਗੋਆ ਅਤੇ ਉੱਤਰ ਪ੍ਰਦੇਸ਼ ਵਿਚ ਹੋਣਗੀਆਂ।
ਨਵੀਂ ਦਿੱਲੀ, 22 ਜਨਵਰੀ - ਛੱਤੀਸਗੜ ਸਰਕਾਰ ਨੇ ਲਾਲੂ-ਰਾਬੜੀ ਦੀ ਬੇਨਾਮੀ ਸੰਪਤੀ ਨਾਲ ਸਬੰਧਤ ਮਾਮਲੇ ਦੇ ਫੈਸਲੇ ਬਾਰੇ ਦੁਬਾਰਾ ਵਿਚਾਰ ਕਰਨ ਲਈ ਸੁਪਰੀਮ ਕੋਰਟ 'ਚ ਅਪੀਲ ਦਾਇਰ ਕੀਤੀ ਹੈ। ਅਦਾਲਤ ਨੇ ਕਿਹਾ ਸੀ ਕਿ ਪ੍ਰਦੇਸ਼ ਸਰਕਾਰ ਅਦਾਲਤ ਦੇ ਫੈਸਲੇ ਨੂੰ ਕੋਈ ਚੁਣੌਤੀ ਨਹੀਂ ਦੇ ਸਕਦੀ ਜਿੰਨੀ ਦੇਰ ਮਾਮਲੇ ਦੀ ਸੁਣਵਾਈ ਸੀ.ਬੀ.ਆਈ. ਵੱਲੋਂ ਕੀਤੀ ਜਾ ਰਹੀ ਹੋਵੇ। ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਅਤੇ ਰਾਬੜੀ ਦੇਵੀ ਅਪ੍ਰੈਲ, 2010 'ਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਮੁਕਤ ਹੋ ਗਏ ਸਨ ਕਿਉਂਕਿ ਸੀ. ਬੀ. ਆਈ. ਨੇ ਉਨ੍ਹਾਂ ਵਿਰੁੱਧ ਅਪੀਲ ਦਾਇਰ ਕਰਨ ਤੋਂ ਮਨਾ ਕਰ ਦਿੱਤਾ ਸੀ। ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਬਿਹਾਰ ਸਰਕਾਰ ਦੀ ਅਪੀਲ ਇਹ ਕਹਿੰਦਿਆਂ ਠੁਕਰਾ ਦਿੱਤੀ ਸੀ ਕਿ ਸਿਰਫ ਸੀ.ਬੀ.ਆਈ. ਹੀ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦੇ ਸਕਦੀ ਹੈ।
ਇਸਲਾਮਾਬਾਦ, 22 ਜਨਵਰੀ -ਪਾਕਿ ਦੇ ਸਾਬਕਾ ਫ਼ੌਜੀ ਸ਼ਾਸਕ ਪ੍ਰਵੇਜ਼ ਮੁਸ਼ੱਰਫ ਨੇ ਕਿਹਾ ਕਿ ਉਹ ਵਤਨ ਵਾਪਸ ਲੋਕਾਂ ਦੀ ਹਮਾਇਤ ਨਾਲ ਆਉਣਗੇ ਨਾ ਕਿ ਫ਼ੌਜ ਅਤੇ ਆਈ. ਐਸ. ਆਈ. ਦੀ ਮਦਦ ਨਾਲ। ਵੀਡੀਓ ਸੰਪਰਕ ਰਾਹੀਂ ਸਾਬਕਾ ਸੈਨਿਕਾਂ ਨੂੰ ਸੰਬੋਧਨ ਕਰਦਿਆਂ ਮੁਸ਼ੱਰਫ ਨੇ ਮੰਗ ਕੀਤੀ ਕਿ ਫ਼ੌਜ ਦੀ ਨਿਗਰਾਨੀ ਹੇਠ ਆਜ਼ਾਦ ਤੇ ਨਿਰਪੱਖ ਚੋਣਾਂ ਕਰਵਾਈਆਂ ਜਾਣ। 68 ਸਾਲਾ ਮੁਸ਼ੱਰਫ ਜਿਹੜਾ ਹੁਣ ਆਲ ਪਾਕਿਸਤਾਨ ਮੁਸਲਿਮ ਲੀਗ ਦਾ ਪ੍ਰਧਾਨ ਹੈ ਨੇ ਸਰਕਾਰ ਵਲੋਂ ਇਹ ਕਹਿਣ ਪਿੱਛੋਂ ਪਿਛਲੇ ਹਫਤੇ ਆਪਣੀ 27 ਤੋਂ 30 ਜਨਵਰੀ ਤੱਕ ਵਤਨ ਵਾਪਸੀ ਦੀਆਂ ਯੋਜਨਾਵਾਂ ਅੱਗੇ ਪਾ ਦਿੱਤੀਆਂ ਕਿ ਉਸ ਨੂੰ ਇਥੇ ਪਹੁੰਚਣ 'ਤੇ ਗ੍ਰਿਫਤਾਰ ਕਰ ਲਿਆ ਜਾਵੇਗਾ। ਸਾਬਕਾ ਸੈਨਾ ਮੁਖੀ ਨੇ ਸੇਵਾਮੁਕਤ ਸੈਨਿਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਲੋਕਾਂ ਦੀ ਮਦਦ ਨਾਲ ਹੀ ਪਾਕਿਸਤਾਨ ਪਰਤਣਗੇ ਨਾ ਕਿ ਸੈਨਿਕਾਂ ਦੀ ਮਦਦ ਨਾਲ। ਉਨ੍ਹਾਂ ਕਿਹਾ ਕਿ ਉਸ ਦੇ ਖਿਲਾਫ ਸਾਰੇ ਮਾਮਲੇ ਰਾਜਨੀਤੀ ਅਤੇ ਨਿੱਜੀ ਦੁਸ਼ਮਣੀ ਤੋਂ ਪ੍ਰੇਰਿਤ ਹਨ, ਭਾਵੇਂ ਉਨ੍ਹਾਂ ਨੇ ਦੇਸ਼ ਅਤੇ ਹਥਿਆਰਬੰਦ ਸੈਨਾਵਾਂ ਲਈ ਬੇਦਾਗ ਸੇਵਾਵਾਂ ਦਿੱਤੀਆਂ ਹਨ। ਮੁਸ਼ੱਰਫ ਨੇ ਅੱਗੇ ਕਿਹਾ ਕਿ ਉਸ ਨਾਲ ਨਿਆਂ ਕੀਤਾ ਜਾਣਾ ਚਾਹੀਦਾ ਹੈ। ਕਲ੍ਹ ਸੇਵਾ ਮੁਕਤ ਸੈਨਿਕਾਂ ਨੇ ਗੈਰ ਸਿਆਸੀ ਦਬਾਉ ਗਰੁੱਪ ਪਾਕਿਸਤਾਨ ਫਸਟ ਗਰੁੱਪ ਦਾ ਗਠਨ ਕੀਤਾ। ਇਸ ਗਰੁੱਪ ਨੇ ਮੰਗ ਕੀਤੀ ਕਿ ਮੁਸ਼ੱਰਫ ਨੂੰ ਵਤਨ ਪਰਤਣ ਦੀ ਇਜਾਜ਼ਤ ਦਿੱਤੀ ਜਾਵੇ ਜਿਵੇਂ ਪਾਕਿਸਤਾਨ ਦੇ ਸਾਰੇ ਦੂਸਰੇ ਯਾਤਰੀਆਂ ਨੂੰ ਹੈ।
ਇਸਲਾਮਾਬਾਦ, 22 ਜਨਵਰੀ -ਪਾਕਿਸਤਾਨ ਦੀ ਸਮੁੰਦਰੀ ਸੁਰੱਖਿਆ ਏਜੰਸੀ ਨੇ ਕੱਲ੍ਹ 31 ਭਾਰਤੀ ਮਛੇਰਿਆਂ ਨੂੰ 14 ਕਿਸ਼ਤੀਆਂ ਸਮੇਤ ਸਮੁੰਦਰੀ ਸਰਹੱਦ ਦੀ ਉਲੰਘਣਾ ਕਰਨ ਦੇ ਦੋਸ਼ ਅਧੀਨ ਗ੍ਰਿਫ਼ਤਾਰ ਕੀਤਾ। ਸਮੁੰਦਰੀ ਸੁਰੱਖਿਆ ਏਜੰਸੀ ਦੇ ਇਕ ਬੁਲਾਰੇ ਨੇ ਕਿਹਾ ਕਿ ਭਾਰਤੀ ਮਛੇਰੇ ਲਗਾਤਾਰ ਪਾਕਿਸਤਾਨ ਦੇ ਸਿੰਧ ਡੈਲਟਾ ਖੇਤਰ 'ਚ ਦਾਖਲ ਹੋ ਰਹੇ ਹਨ। ਏਜੰਸੀ ਨੇ ਗ੍ਰਿਫ਼ਤਾਰ ਕੀਤੇ ਗਏ ਮਛੇਰਿਆਂ ਨੂੰ ਅਗਲੀ ਕਾਰਵਾਈ ਲਈ ਕਰਾਚੀ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।