Tuesday 10 April 2012


ਖੰਨਾ 'ਚ ਕਣਕ ਦੀ ਖਰੀਦ ਸ਼ੁਰੂ ਕੇਂਦਰ ਸਰਕਾਰ ਕਿਸਾਨਾਂ
ਨੂੰ ਘੱਟ ਮੁੱਲ ਦੇ ਕੇ
ਧੱਕਾ ਕਰ ਰਹੀ ਹੈ-ਲੱਖੋਵਾਲ

 ਖੰਨਾ ਮੰਡੀ ਵਿਚ ਕਣਕ ਦੀ ਖਰੀਦ ਸ਼ੁਰੂ ਕਰਵਾਉਣ ਸਮੇਂ ਮੰਡੀਕਰਨ ਬੋਰਡ ਦੇ ਚੇਅਰਮੈਨ ਸ: ਅਜਮੇਰ ਸਿੰਘ ਲੱਖੋਵਾਲ, ਸ: ਰਣਜੀਤ ਸਿੰਘ ਤਲਵੰਡੀ ਸਾਬਕ ਵਿਧਾਇਕ ਅਤੇ ਹੋਰ।  

ਖੰਨਾ. 10 ਅਪ੍ਰੈਲ -ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਚ ਅੱਜ ਤੋਂ ਕਣਕ ਦੀ ਨਵੀਂ ਫ਼ਸਲ ਦੀ ਸਰਕਾਰੀ ਖ਼ਰੀਦ ਸ਼ੁਰੂ ਹੋ ਗਈ ਹੈ। ਅੱਜ ਮੰਡੀਕਰਨ ਬੋਰਡ ਦੇ ਚੇਅਰਮੈਨ ਸ: ਅਜਮੇਰ ਸਿੰਘ ਲੱਖੋਵਾਲ ਅਤੇ ਖੰਨਾ ਹਲਕੇ ਦੇ ਇੰਚਾਰਜ ਸਾਬਕ ਵਿਧਾਇਕ ਸ: ਰਣਜੀਤ ਸਿੰਘ ਤਲਵੰਡੀ ਨੇ ਕਣਕ ਦੀ ਖਰੀਦ ਦੀ ਸ਼ੁਰੂਆਤ ਕੀਤੀ।
ਅੱਜ ਖੰਨਾ ਦੀ ਅਨਾਜ ਮੰਡੀ ਵਿਚ 180 ਕੁਇੰਟਲ ਕਣਕ ਦੀ ਖ਼ਰੀਦ ਸਰਕਾਰੀ ਏਜੰਸੀਆਂ ਨੇ ਕੀਤੀ। ਜਿਸ 'ਚੋਂ 120 ਕੁਇੰਟਲ ਕਣਕ ਵੇਅਰ ਹਾਊਸ ਕਾਰਪੋਰੇਸ਼ਨ ਅਤੇ 60 ਕੁਇੰਟਲ ਕਣਕ ਪੰਜਾਬ ਐਗਰੋ ਨੇ ਖਰੀਦੀ। ਇਹ ਕਣਕ ਸਰਕਾਰੀ ਖ਼ਰੀਦ ਕੀਮਤ 1285 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕੀ।
ਇਸ ਮੌਕੇ ਸ: ਅਜਮੇਰ ਸਿੰਘ ਲੱਖੋਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ। ਕਿਸਾਨਾਂ ਨੂੰ ਘੱਟੋ ਘੱਟ 500 ਰੁਪਏ ਪ੍ਰਤੀ ਕੁਇੰਟਲ ਹੋਰ ਮਿਲਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਵਾਮੀਨਾਥਨ ਰਿਪੋਰਟ ਅਨੁਸਾਰ ਕਿਸਾਨਾਂ ਨੂੰ ਉਨ੍ਹਾਂ ਦੀ ਲਾਗਤ ਕੀਮਤ ਵੀ ਨਹੀਂ ਦਿੱਤੀ ਜਾਂਦੀ। ਇਸ ਮੌਕੇ ਜਥੇ: ਰਣਜੀਤ ਸਿੰਘ ਤਲਵੰਡੀ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਪੇਸ਼ ਨਹੀਂ ਆਉਣ ਦੇਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਕੌਂਸਲ ਪ੍ਰਧਾਨ ਇਕਬਾਲ ਸਿੰਘ ਚੰਨੀ, ਮਾਰਕੀਟ ਕਮੇਟੀ ਦੇ ਉਪ ਚੇਅਰਮੈਨ ਅਮ੍ਰਿਤ ਲਾਲ ਲਟਾਵਾ, ਯਾਦਵਿੰਦਰ ਸਿੰਘ ਯਾਦੂ, ਸੰਜੀਵ ਧਮੀਜਾ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਜੇਸ਼ ਡਾਲੀ, ਅਵਤਾਰ ਸਿੰਘ ਮੇਹਲੋਂ, ਦਵਿੰਦਰ ਸਿੰਘ ਖੱਟੜਾ, ਰਾਜਿੰਦਰ ਸਿੰਘ ਜੀਤ, ਰਣਜੀਤ ਸਿੰਘ ਹੀਰਾ, ਹਰਬੰਸ ਸਿੰਘ ਰੋਸ਼ਾ, ਕਮਲਜੀਤ ਸਿੰਘ ਕੰਮਾ ਗਿੱਲ, ਬਿਕਰਮਜੀਤ ਸਿੰਘ ਚੀਮਾ ਆਦਿ ਵੀ ਹਾਜ਼ਰ ਸਨ।

ਏਕਨੂਰ ਖ਼ਾਲਸਾ ਫ਼ੌਜ ਦੇ ਮੁਖੀ ਦੀ ਅਗਲੀ ਪੇਸ਼ੀ 12 ਨੂੰ

 ਸਰਦੂਲਗੜ੍ਹ ਵਿਖੇ ਪੇਸ਼ੀ ਮੌਕੇ ਏਕਨੂਰ ਖ਼ਾਲਸਾ ਫ਼ੌਜ ਦੇ ਮੁਖੀ ਬਲਜਿੰਦਰ ਸਿੰਘ।
ਸਰਦੂਲਗੜ੍ਹ 10 ਅਪ੍ਰੈਲ  ਪਿਛਲੇ ਦਿਨੀਂ ਗ੍ਰਿਫ਼ਤਾਰ ਕੀਤੇ ਗਏ ਏਕਨੂਰ ਖ਼ਾਲਸਾ ਫ਼ੌਜ ਦੇ ਮੁਖੀ ਬਲਜਿੰਦਰ ਸਿੰਘ ਨੂੰ ਅੱਜ ਮੁੜ ਸਥਾਨਕ ਉਪ ਮੰਡਲ ਮੈਜਿਸਟ੍ਰੇਟ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਦੌਰਾਨ ਪੇਸ਼ੀ ਦੀ ਅਗਲੀ ਤਰੀਕ 12 ਅਪ੍ਰੈਲ ਰੱਖੀ ਗਈ।
ਇਸ ਮੌਕੇ ਇਕੱਤਰ ਹੋਏ ਸਿੰਘਾਂ ਹਰਨੇਕ ਸਿੰਘ ਚੋਟੀਆ, ਦਰਸ਼ਨ ਸਿੰਘ ਜਗਾ ਰਾਮ ਤੀਰਥ, ਜਗਸੀਰ ਸਿੰਘ, ਨੈਬ ਸਿੰਘ ਨੇ ਗਿਲਾ ਕਰਦਿਆਂ ਕਿਹਾ ਕਿ ਸਿੰਘਾਂ ਨੂੰ ਜੇਲ੍ਹਾਂ ਵਿਚ ਡੱਕ ਕੇ ਸਰਕਾਰ ਬਿਨਾਂ ਵਜ੍ਹਾ ਪ੍ਰੇਸ਼ਾਨ ਕਰ ਰਹੀ ਹੈ ਅਤੇ ਨਾਲ ਗ੍ਰਿਫ਼ਤਾਰ ਕੀਤੇ ਸਿੰਘਾਂ ਨੂੰ ਵਿਸਾਖੀ ਦਾ ਦਿਹਾੜਾ ਮਨਾਉਣ ਤੋਂ ਵੀ ਵਾਂਝੇ ਰੱਖਿਆ ਜਾ ਰਿਹਾ ਹੈ।
ਬੱਸ ਹੇਠਾਂ ਆਉਣ ਨਾਲ ਔਰਤ ਦੀ ਮੌਤ
ਕੋਟਫ਼ਤੂਹੀ10 ਅਪ੍ਰੈਲ  ਸਵੇਰੇ ਸਵਾ ਦਸ ਕੁ ਵਜੇ ਦੇ ਕਰੀਬ ਨਹਿਰ ਵਾਲੇ ਪੁਲ ਤੋਂ ਥੋੜ੍ਹਾ ਅੱਗੇ ਇਕ 50 ਕੁ ਸਾਲਾਂ ਔਰਤ ਦੇ ਇਕ ਨਿੱਜੀ ਬੱਸ ਦੇ ਪਿਛਲੇ ਟਾਇਰ ਹੇਠਾਂ ਆਉਣ ਨਾਲ ਉਸ ਦੀ ਮੌਕੇ 'ਤੇ ਮੌਤ ਹੋ ਗਈ। ਜਾਣਕਾਰੀ ਅਨੁਸਾਰ ਵਾਲੀਆ ਬੱਸ ਪੀ. ਬੀ. 08 ਐੱਸ. 9871 ਜੋ ਫਗਵਾੜਾ ਤੋਂ ਮਾਹਿਲਪੁਰ ਵੱਲ ਨੂੰ ਜਾ ਰਹੀ ਸੀ ਜਦੋਂ ਇਹ ਬੱਸ ਅੱਡਾ ਕੋਟਫ਼ਤੂਹੀ ਦੇ ਨਹਿਰ ਦੇ ਪੁਲ 'ਤੋਂ ਸਵਾਰੀਆਂ ਚੁੱਕ ਕੇ ਬਾਜ਼ਾਰ ਵਿਚ ਦੀ ਲੰਘਦੀ ਹੋਈ, ਜਦੋਂ ਪੀ.ਐਨ.ਬੀ. ਬੈਂਕ ਦੇ ਸਾਹਮਣੇ ਬਣੇ ਬੱਸ ਅੱਡੇ ਤੋਂ ਸਵਾਰੀਆਂ ਚੁੱਕਣ ਲਈ ਜਾ ਰਹੀ ਸੀ ਤਾਂ ਬਾਜ਼ਾਰ ਵਿਚ ਜਾ ਰਹੀ 50 ਸਾਲਾਂ ਕ੍ਰਿਸ਼ਨਾ ਦੇਵੀ ਪਤਨੀ ਕੇਵਲ ਰਾਮ ਵਾਸੀ ਠੀਡਾਂ ਦੇ ਅਚਾਨਕ ਬੱਸ ਦੇ ਪਿਛਲੇ ਟਾਇਰ ਹੇਠਾਂ ਆਉਣ ਨਾਲ ਮੌਕੇ 'ਤੇ ਮੌਤ ਹੋ ਗਈ। ਮੌਕੇ ਤੋਂ ਬੱਸ ਚਾਲਕ ਸੁਖਦੇਵ ਸਿੰਘ ਉਥੋਂ ਖਿਸਕ ਗਿਆ।
ਨਵਜੋਤ ਕੌਰ ਸਿੱਧੂ ਨੇ ਵਿਧਾਇਕਾ ਵਜੋਂ ਸਹੁੰ ਚੁੱਕੀ

 ਪੰਜਾਬ ਵਿਧਾਨ ਸਭਾ ਦੇ ਸਪੀਕਰ ਸ: ਚਰਨਜੀਤ ਸਿੰਘ ਅਟਵਾਲ ਭਾਜਪਾ ਦੀ ਵਿਧਾਇਕਾ ਬੀਬੀ ਨਵਜੋਤ ਕੌਰ ਸਿੱਧੂ ਨੂੰ ਅਹੁਦੇ ਦੀ ਸਹੁੰ ਚੁਕਾਉਂਦੇ ਹੋਏ।
ਚੰਡੀਗੜ੍ਹ 10 ਅਪ੍ਰੈਲ - ਭਾਰਤੀ ਜਨਤਾ ਪਾਰਟੀ ਦੀ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਵਿਧਾਇਕਾ ਸ੍ਰੀਮਤੀ ਨਵਜੋਤ ਕੌਰ ਸਿੱਧੂ ਨੂੰ ਅੱਜ ਇਥੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ: ਚਰਨਜੀਤ ਸਿੰਘ ਅਟਵਾਲ ਦੇ ਚੈਂਬਰ ਵਿਚ ਸਹੁੰ ਚੁੱਕੀ। ਇਸ ਮੌਕੇ ਸ੍ਰੀਮਤੀ ਸਿੱਧੂ ਦੇ ਪਤੀ ਮੈਂਬਰ ਲੋਕ ਸਭਾ ਸ: ਨਵਜੋਤ ਸਿੰਘ ਸਿੱਧੂ ਉਨ੍ਹਾਂ ਦੇ ਨਾਲ ਸਨ।
ਇਥੇ ਇਹ ਗੱਲ ਵਿਸ਼ੇਸ਼ ਤੌਰ 'ਤੇ ਵਰਨਣਯੋਗ ਹੈ ਕਿ ਸ੍ਰੀਮਤੀ ਸਿੱਧੂ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ ਜਿਸ ਕਾਰਨ ਉਹ ਬਾਕੀ ਵਿਧਾਇਕਾਂ ਨਾਲ 19 ਮਾਰਚ ਵਾਲੇ ਦਿਨ ਸਹੁੰ ਨਹੀਂ ਸਨ ਚੁੱਕ ਸਕੇ। ਅੱਜ ਇਕ ਵਿਧਾਇਕ ਦੇ ਤੌਰ 'ਤੇ ਸ੍ਰੀਮਤੀ ਸਿੱਧੂ ਵੱਲੋਂ ਸਹੁੰ ਚੁੱਕਣਾ ਇਸ ਲਈ ਵੀ ਜ਼ਰੂਰੀ ਸੀ ਕਿਉਂਕਿ ਉਨ੍ਹਾਂ ਨੂੰ ਕੱਲ੍ਹ 10 ਅਪ੍ਰੈਲ ਨੂੰ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਮੁੱਖ ਸੰਸਦੀ ਸਕੱਤਰ ਵਜੋਂ ਸਹੁੰ ਚੁਕਾਉਣਗੇ।
ਖਾਲਸੇ ਦਾ ਜਨਮ ਦਿਹਾੜਾ ਮਨਾਉਣ ਲਈ ਜਥਾ ਪਾਕਿਸਤਾਨ ਰਵਾਨਾ
ਫ਼ਿਰੋਜ਼ਪੁਰ.10 ਅਪ੍ਰੈਲ - ਖਾਲਸੇ ਦਾ ਜਨਮ ਦਿਹਾੜਾ ਵਿਸਾਖੀ ਮਨਾਉਣ ਲਈ ਵਿਸ਼ਵ ਭਾਈ ਮਰਦਾਨਾ ਕੀਰਤਨ ਦਰਬਾਰ ਸੁਸਾਇਟੀ ਦਾ ਜਥਾ ਅੱਜ ਪਾਕਿਸਤਾਨ ਲਈ ਰਵਾਨਾ ਹੋ ਗਿਆ। ਜਥੇ ਵਿਚ 150 ਦੇ ਕਰੀਬ ਮੈਂਬਰ ਸ਼ਾਮਿਲ ਸਨ। ਸੁਸਾਇਟੀ ਵੱਲੋਂ ਉਕਤ ਜਥੇ ਦੀ ਅਗਵਾਈ ਵਜੋਂ ਅਨੋਖ ਸਿੰਘ ਨਿੱਝਰ ਨੂੰ ਲੀਡਰ ਅਤੇ ਸੀਨੀਅਰ ਅਕਾਲੀ ਆਗੂ ਸੰਪੂਰਨ ਸਿੰਘ ਜੋਸਨ ਨੂੰ ਡਿਪਟੀ ਲੀਡਰ ਵਜੋਂ ਸੌਂਪੀ ਗਈ। ਨਨਕਾਣਾ ਸਾਹਿਬ ਧਾਰਮਿਕ ਯਾਤਰਾ 'ਤੇ ਜਾਣ ਲਈ ਸਿੱਖ ਯਾਤਰੂਆਂ ਨੂੰ ਘੱਟ ਵੀਜੇ ਦਿੱਤੇ ਜਾਣ 'ਤੇ ਰੋਸ ਜਾਹਿਰ ਕਰਦਿਆਂ ਸੋਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਭੁੱਲਰ, ਸੰਤੋਖ ਸਿੰਘ ਸੰਧੂ, ਸਰਬਜੀਤ ਸਿੰਘ ਛਾਬੜਾ, ਹਰਜੀਤ ਸਿੰਘ, ਕ੍ਰਿਸ਼ਨ ਸਿੰਘ ਖਾਲਸਾ ਆਦਿ ਆਗੂਆਂ ਨੇ ਕਿਹਾ ਕਿ ਸਿੱਖਾਂ ਨੂੰ ਘੱਟ ਵੀਜ਼ੇ ਮਿਲਣ ਸਬੰਧੀ ਪਾਕਿ ਸਰਕਾਰ ਕੋਲ ਮਾਮਲਾ ਉਠਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜਥਾ 19 ਅਪ੍ਰੈਲ ਨੂੰ ਭਾਰਤ ਵਾਪਸ ਪੁੱਜੇਗਾ।

ਉਪ ਪੁਲਿਸ ਕਪਤਾਨ ਕਤਲ ਕਾਂਡ
ਗ੍ਰਿਫ਼ਤਾਰ ਕੀਤੇ ਦੋਸ਼ੀਆਂ 'ਚੋਂ ਤਿੰਨ ਦੇ ਰਿਮਾਂਡ ਵਿਚ 2 ਦਿਨ ਦਾ ਵਾਧਾ
ਲੁਧਿਆਣਾ.10 ਅਪ੍ਰੈਲ - ਲੁਧਿਆਣਾ ਦੇ ਬਹੁਚਰਚਿਤ ਉਪ ਪੁਲਿਸ ਕਪਤਾਨ ਕਤਲ ਕਾਂਡ ਵਿਚ ਗ੍ਰਿਫ਼ਤਾਰ ਕੀਤੇ 6 ਕਥਿਤ ਦੋਸ਼ੀਆਂ ਵਿਚ ਤਿੰਨ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਮਾਨਯੋਗ ਜੱਜ ਨੇ ਇਨ੍ਹਾਂ ਦੇ ਪੁਲਿਸ ਰਿਮਾਂਡ ਵਿਚ ਦੋ ਦਿਨ ਦਾ ਵਾਧਾ ਕਰਦਿਆਂ 11 ਅਪ੍ਰੈਲ ਨੂੰ ਮੁੜ ਪੇਸ਼ ਕਰਨ ਦਾ ਹੁਕਮ ਦਿੱਤਾ।
ਜਾਣਕਾਰੀ ਅਨੁਸਾਰ ਜਿਨ੍ਹਾਂ ਕਥਿਤ ਦੋਸ਼ੀਆਂ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ ਉਨ੍ਹਾਂ 'ਚ ਪ੍ਰਿਤਪਾਲ ਸਿੰਘ ਲੱਡੂ, ਹਰਵਿੰਦਰ ਸਿੰਘ ਬਿੰਦਰ ਅਤੇ ਉਮੇਸ਼ ਕੁਮਾਰ ਸ਼ਾਮਿਲ ਹਨ। ਪੁਲਿਸ ਨੇ ਇਨ੍ਹਾਂ ਤਿੰਨਾਂ ਦਾ ਅੱਜ ਸਿਵਲ ਹਸਪਤਾਲ ਵਿਚ ਮੈਡੀਕਲ ਵੀ ਕਰਵਾਇਆ। ਪੁਲਿਸ ਵੱਲੋਂ ਅੱਜ ਪਿੰਡ ਤਲਵਾੜਾ ਵਿਚ ਛਾਪੇਮਾਰੀ ਕਰਕੇ ਇਨ੍ਹਾਂ ਕਥਿਤ ਦੋਸ਼ੀਆਂ ਦੇ ਬੂਟ ਬਰਾਮਦ ਕੀਤੇ ਹਨ ਅਤੇ ਇਨ੍ਹਾਂ ਬੂਟਾਂ ਨੂੰ ਫਾਰਸਿਕ ਜਾਂਚ ਲਈ ਭੇਜਿਆ ਜਾ ਰਿਹਾ ਹੈ।
ਡੀ.ਸੀ.ਪੀ. ਆਸ਼ੀਸ਼ ਚੌਧਰੀ ਨੇ ਦੱਸਿਆ ਕਿ ਉਕਤ ਕਥਿਤ ਦੋਸ਼ੀਆਂ ਖਿਲਾਫ਼ ਪੁਲਿਸ ਨੂੰ ਚੋਰੀ ਦਾ ਇਕ ਹੋਰ ਮਾਮਲਾ ਦਰਜ ਕੀਤਾ ਹੈ, ਜਿਸ ਵਿਚ ਇਨ੍ਰਾਂ ਤਿੰਨਾਂ ਤੋਂ ਇਲਾਵਾ ਜੰਗ ਸਿੰਘ ਪੁੱਤਰ ਕੁਲਵੰਤ ਸਿੰਘ ਨੇ ਨਾਜ਼ਮਦ ਕੀਤਾ ਗਿਆ ਹੈ। ਪੁਲਿਸ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਸ੍ਰੀ ਚੌਧਰੀ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਨੇ ਫਾਰਮ ਹਾਊਸ ਦੀ ਕਾਲੋਨੀ ਗੋਲਫ਼ ਲਿੰਕ ਵਿਚ ਸਥਿਤ ਕੁਝ ਪ੍ਰਾਪਰਟੀ ਡੀਲਰਾਂ ਦੇ ਦਫ਼ਤਰਾਂ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਦਾ ਸਾਮਾਨ ਚੋਰੀ ਕੀਤਾ ਸੀ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ 'ਚੋਂ ਜਰਨੇਟਰ, ਐਲ.ਸੀ.ਡੀ., ਦੋ ਮੋਟਰਸਾਈਕਲ ਅਤੇ ਇਕ ਕੰਪਿਊਟਰ ਬਰਾਮਦ ਕੀਤਾ ਹੈ।
ਕਤਲ ਇੱਜ਼ਤ ਖਾਤਰ ਕੀਤਾ ਗਿਆ-ਸਫ਼ਾਈ ਪੱਖ
ਅਦਾਲਤ ਵਿਚ ਇਸ ਮਾਮਲੇ ਦੀ ਪੇਸ਼ੀ ਦੌਰਾਨ ਸਥਿਤੀ ਉਸ ਸਮੇਂ ਅਜੀਬੋ ਗਰੀਬ ਬਣ ਗਈ ਜਦੋਂ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਕਥਿਤ ਦੋਸ਼ੀਆਂ ਦੇ ਵਕੀਲ ਨੇ ਦੱਸਿਆ ਕਿ ਉਪ ਪੁਲਿਸ ਕਪਤਾਨ ਬਲਰਾਜ ਸਿੰਘ ਗਿੱਲ ਅਤੇ ਮੋਨਿਕਾ ਕਪਿਲਾ ਦਾ ਕਤਲ ਉਨ੍ਹਾਂ ਦੇ ਮੁਵਕਿਲਾਂ ਵੱਲੋਂ ਨਹੀਂ ਕੀਤਾ ਗਿਆ, ਬਲਕਿ ਇਹ ਦੋਵੇਂ ਕਤਲ ਇੱਜ਼ਤ ਖਾਤਰ ਕੀਤੇ ਗਏ ਹਨ। ਕਥਿਤ ਦੋਸ਼ੀਆਂ ਦੇ ਵਕੀਲ ਸ: ਬੀ. ਪੀ. ਸਿੰਘ ਗਿੱਲ ਨੇ ਦੱਸਿਆ ਕਿ ਕੀ ਉਨ੍ਹਾਂ ਦੇ ਮੁਵਕਿਲਾਂ ਨੂੰ ਝੂਠੇ ਮਾਮਲੇ ਵਿਚ ਪੁਲਿਸ ਵੱਲੋਂ ਫਸਾਇਆ ਗਿਆ ਹੈ ਤਾਂ ਜੋ ਪੁਲਿਸ ਦੀ ਇੱਜ਼ਤ ਆਮ ਲੋਕਾਂ ਵਿਚ ਖਰਾਬ ਨਾ ਹੋਵੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਨੂੰ ਪੁਲਿਸ ਲਗਾਤਾਰ 10 ਦਿਨ ਤੋਂ ਨਾਜਾਇਜ਼ ਹਿਰਾਸਤ ਵਿਚ ਰੱਖ ਕੇ ਤਸ਼ੱਦਦ ਕਰ ਰਹੀ ਹੈ। ਦੂਜੇ ਪਾਸੇ ਅਦਾਲਤ ਵਿਚ ਹਾਜ਼ਰ ਮ੍ਰਿਤਕ ਡੀ. ਐਸ. ਪੀ. ਦੇ ਪਿਤਾ ਕਸ਼ਮੀਰ ਸਿੰਘ ਨੇ ਪੁਲਿਸ ਦੀ ਹੁਣ ਤੱਕ ਦੀ ਜਾਂਚ ਤੋਂ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਹੈ।
ਜਥੇ: ਬਲੀਏਵਾਲ, ਗੋਸ਼ਾ ਅਤੇ ਭਾਈ ਬਿੱਟੂ ਦੀ ਅਗਲੀ ਪੇਸ਼ੀ 16 ਨੂੰ
ਲੁਧਿਆਣਾ10 ਅਪ੍ਰੈਲ -ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਨੂੰ ਰੁਕਵਾਉਣ ਲਈ 28 ਮਾਰਚ ਨੂੰ ਪੰਜਾਬ ਬੰਦ ਦੌਰਾਨ ਹਿਰਾਸਤ ਵਿਚ ਲਏ ਗਏ ਪੰਥਕ ਆਗੂਆਂ, ਜਿੰਨ੍ਹਾਂ 'ਚ ਜਸਵਿੰਦਰ ਸਿੰਘ ਬਲੀਏਵਾਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ, ਗੁਰਦੀਪ ਸਿੰਘ ਗੋਸ਼ਾ ਪ੍ਰਧਾਨ ਯੂਥ ਅਕਾਲੀ ਦਲ ਦਿੱਲੀ, ਭਾਈ ਦਲਜੀਤ ਸਿੰਘ ਬਿੱਟੂ ਪ੍ਰਧਾਨ ਅਕਾਲੀ ਦਲ ਪੰਚ ਪ੍ਰਧਾਨੀ ਆਦਿ ਨੂੰ ਅੱਜ ਫਿਰ ਤੋਂ ਸੁਖਪਾਲ ਸਿੰਘ ਬਰਾੜ, ਏ.ਡੀ.ਸੀ.ਪੀ. ਦੇ ਅੱਗੇ ਵੀਡੀਓ ਕਾਨਫਰੰਸਿੰਗ ਰਾਹੀਂ ਸੈਂਟਰਲ ਜੇਲ ਲੁਧਿਆਣਾ ਤੋਂ ਪੇਸ਼ ਕਰਵਾਇਆ ਗਿਆ।
ਸ੍ਰੀ ਬਰਾੜ ਨੇ ਇਹਨਾਂ ਆਗੂਆਂ ਨੂੰ 16 ਅਪ੍ਰੈਲ ਤੱਕ ਹੋਰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਇਹਨਾਂ ਆਗੂਆਂ 'ਤੇ ਧਾਰਾ 107 ਅਤੇ 151 ਸੀ.ਆਰ.ਪੀ.ਸੀ. ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਇਨ੍ਹਾਂ ਆਗੂਆਂ ਨੂੰ 2 ਅਪ੍ਰੈਲ ਅਤੇ 9 ਅਪ੍ਰੈਲ ਤੱਕ ਨਿਆਇਕ ਹਿਰਾਸਤ ਵਿੱਚ ਭੇਜਿਆ ਗਿਆ ਸੀ। ਇਨ੍ਹਾਂ ਪੰਥਕ ਆਗੂਆਂ ਦੇ ਨਾਲ ਬੰਦ ਇਕ ਹੋਰ ਆਗੂ ਬਲਜਿੰਦਰ ਸਿੰਘ ਜਿੰਦੂ ਨੂੰ 8 ਅਪ੍ਰੈਲ ਨੂੰ ਪੁਲਿਸ ਪ੍ਰਸ਼ਾਸਨ ਨੇ ਕੇਸ ਵਾਪਸ ਲੈ ਕੇ ਛੱਡ ਦਿੱਤਾ ਗਿਆ ਹੈ।
ਅਧਿਆਪਕਾਂ ਦੀਆਂ ਬਦਲੀਆਂ ਜ਼ਿਲ੍ਹਾ ਅਧਿਕਾਰੀ
ਕਰਨਗੇ-ਸਿਕੰਦਰ ਸਿੰਘ ਮਲੂਕਾ
ਬਠਿੰਡਾ, 10 ਅਪ੍ਰੈਲ -ਸਰਕਾਰੀ ਅਧਿਆਪਕਾਵਾਂ ਦੀਆਂ ਬਦਲੀਆਂ ਸਬੰਧੀ ਨਵੀਂ ਨੀਤੀ ਬਾਰੇ ਇਥੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਿੱਖਿਆ ਤੇ ਉਚ ਸਿੱਖਿਆ ਬਾਰੇ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਸਮਾਂ ਤੇ ਫਜੂਲੀ ਖਰਚੀ ਰੋਕਣ ਲਈ ਹੁਣ ਜ਼ਿਲ੍ਹਿਆਂ ਅੰਦਰ ਅਧਿਆਪਕਾਵਾਂ ਦੀਆਂ ਬਦਲੀਆਂ ਕਰਨ ਦੇ ਅਧਿਕਾਰ ਜ਼ਿਲ੍ਹਾ ਸਿੱਖਿਆ ਅਕਿਧਾਰੀਆਂ ਪਾਸ ਹੋਣਗੇ, ਜਦੋਂਕਿ ਅੰਤਰ ਜ਼ਿਲ੍ਹਾ ਬਦਲੀ ਸਿੱਖਿਆ ਵਿਭਾਗ ਦੇ ਚੰਡੀਗੜ੍ਹ ਮੁੱਖ ਦਫ਼ਤਰ ਵੱਲੋਂ ਕੀਤੀ ਜਾਵੇਗੀ। ਸ. ਮਲੂਕਾ ਨੇ ਕਿਹਾ ਕਿ ਬਦਲੀਆਂ ਦਾ ਕੰਮ 15 ਮਈ ਤੱਕ ਪੂਰਾ ਕੀਤਾ ਜਾਵੇਗਾ, ਇਸ ਤੋਂ ਬਾਅਦ ਬਹੁਤ ਖ਼ਾਸ ਹਾਲਤਾਂ ਨੂੰ ਛੱਡ ਕੇ ਬਦਲੀ ਦੀ ਕਿਸੇ ਦਰਖ਼ਾਸਤ 'ਤੇ ਕੋਈ ਗੌਰ ਨਹੀਂ ਕੀਤਾ ਜਾਵੇਗਾ। ਸ. ਮਲੂਕਾ ਨੇ ਕਿਹਾ ਬਦਲੀਆਂ ਕੇਵਲ ਖਾਲੀ ਥਾਵਾਂ 'ਤੇ ਹੋਣਗੀਆਂ, ਆਪਸੀ ਸਹਿਮਤੀ ਵਾਲੀਆਂ ਅਰਜੀਆਂ 'ਤੇ ਗੌਰ ਹੋ ਸਕੇਗੀ। ਉਨ੍ਹਾਂ ਕਿਹਾ ਵਿਧਵਾਵਾਂ, ਅੰਗਹੀਣਾਂ, ਸੇਵਾ ਮੁਕਤੀ ਦੇ ਨੇੜੇ ਅਧਿਆਪਕਾਵਾਂ, ਅਣ ਵਿਆਹੀ ਮਹਿਲਾ ਅਧਿਆਪਕਾਂ, ਕਪਿਲ ਕੇਸਾਂ ਸੰਬੰਧੀ ਬਦਲੀਆਂ ਨੂੰ ਤਰਜ਼ੀਹ ਦਿੱਤੀ ਜਾਵੇਗੀ। ਭਵਿੱਖ ਵਿਚ ਹਰੇਕ ਅਧਿਆਪਕ ਨੂੰ ਇਕ ਥਾਂ ਤੇ ਘੱਟੋ-ਘੱਟ ਤਿੰਨ ਸਾਲ ਸੇਵਾ ਕਰਨੀ ਹੋਵੇਗੀ, ਇਸ ਦੌਰਾਨ ਉਸਦੀ ਬਦਲੀ ਨਹੀਂ ਕੀਤੀ ਜਾਵੇਗੀ। ਉਨ੍ਹਾਂ ਐਲਾਨ ਕੀਤਾ ਕਿ ਜਿਸ ਸਕੂਲ ਵਿਚ ਲੋੜ ਤੋਂ ਵੱਧ ਅਧਿਆਪਕ ਹਨ, ਉਥੋਂ ਲੋੜਵੰਦ ਸਕੂਲਾਂ ਵਿਚ ਅਧਿਆਪਕ ਭੇਜ ਕੇ ਖਾਲੀ ਅਸਾਮੀਆਂ ਪੂਰੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਾਰੇ ਡੈਪੂਟੇਸ਼ਨ ਰੱਦ ਕੀਤੇ ਜਾਣਗੇ, ਸਾਰੇ ਅਧਿਆਪਕਾਂ ਨੂੰ ਅਪਣੀ ਅਸਲੀ ਸਟੇਸ਼ਨ ਤੇ ਡਿਊਟੀ ਦੇਣੀ ਪਵੇਗੀ।

No comments:

Post a Comment